ਸਾਡੇ ਮਰਨ ਤੋਂ ਬਾਅਦ ਸੋਸ਼ਲ ਮੀਡੀਆ ਖਾਤਿਆਂ ਦਾ ਕੀ ਹੁੰਦਾ ਹੈ, ਡਿਜੀਟਲ ਵਸੀਅਤ ਕੀ ਹੈ?

ਮੋਬਾਈਲ ਫੋਨ ਵਿੱਚ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਲੋਗੋ

ਤਸਵੀਰ ਸਰੋਤ, Getty Imagese

ਤਸਵੀਰ ਕੈਪਸ਼ਨ, ਸੋਸ਼ਲ ਮੀਡੀਆ ਖਾਤੇ ਉਦੋਂ ਤੱਕ ਐਕਟਿਵ ਰਹਿੰਦੇ ਹਨ ਜਦੋਂ ਤੱਕ ਕੋਈ ਪਰਿਵਾਰਕ ਮੈਂਬਰ ਜਾਂ ਰਿਸ਼ੇਤਦਾਰ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਉਸ ਵਿਅਕਤੀ ਦੀ ਮੌਤ ਬਾਰੇ ਇਹ ਸੂਚਿਤ ਨਹੀਂ ਕਰਦਾ।
    • ਲੇਖਕ, ਸਿਲੀਅਨ ਗਰਿਟ ਅਤੇ ਕਰੁਗਾਸੀਆ ਐਂਟਰਿਕ
    • ਰੋਲ, ਬੀਬੀਸੀ ਪੱਤਰਕਾਰ

ਦੁਨੀਆਂ ਭਰ ਵਿੱਚ ਅਰਬਾਂ ਲੋਕ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰ ਰਹੇ ਹਨ। ਮੌਤ ਤੋਂ ਬਾਅਦ ਕਿਸੇ ਦੀ ਆਨਲਾਈਨ ਮੌਜੂਦਗੀ ਦਾ ਕੀ ਹੋਵੇਗਾ, ਇਹ ਇੱਕ ਵੱਡਾ ਸਵਾਲ ਬਣ ਗਿਆ ਹੈ।

“ਕੁਝ ਲੋਕ ਇਹ ਨਹੀਂ ਜਾਣਦੇ ਕਿ ਮੈਥਿਊ ਦਾ ਦੇਹਾਂਤ ਹੋ ਗਿਆ ਹੈ, ਉਹ ਅਜੇ ਵੀ ਆਨਲਾਈਨ ਉਸ ਦਾ ਜਨਮ ਦਿਨ ਦੇਖਦੇ ਹਨ ਅਤੇ ਉਸ ਦੀ ਵਾਲ ’ਤੇ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਲਿਖਦੇ ਹਨ। ਇਹ ਦੇਖਣਾ ਸੌਖਾ ਨਹੀਂ ।’’

ਹੇਲੀ ਸਮਿਥ ਦੇ ਪਤੀ ਮੈਥਿਊ ਦੀ ਮੌਤ ਦੋ ਸਾਲ ਪਹਿਲਾਂ 33 ਸਾਲ ਦੀ ਉਮਰ ਵਿੱਚ ਕੈਂਸਰ ਨਾਲ ਹੋ ਗਈ ਸੀ। ਉਹ ਅਜੇ ਵੀ ਇਸ ਗੱਲ ਨਾਲ ਜੂਝ ਰਹੇ ਹੈ ਕਿ ਉਨ੍ਹਾਂ ਦੇ ਪਤੀ ਦੇ ਸੋਸ਼ਲ ਮੀਡੀਆ ਖਾਤਿਆਂ ਦਾ ਕੀ ਕੀਤਾ ਜਾਵੇ।

ਹੇਲੀ ਇੱਕ ਚੈਰਿਟੀ ਵਰਕਰ ਹਨ ਤੇ ਯੂਕੇ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਕਿਹਾ, ‘‘ਮੈਂ ਮੈਥਿਊ ਦੇ ਫੇਸਬੁਕ ਅਕਾਊਂਟ ਨੂੰ ਇੱਕ ਯਾਦਗਾਰੀ ਪੰਨੇ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਫੇਸਬੁੱਕ ਨੇ ਉਨ੍ਹਾਂ ਦੀ ਮੌਤ ਦਾ ਸਰਟੀਫਿਕੇਟ ਅਪਲੋਡ ਕਰਨ ਲਈ ਕਿਹਾ।’’

“ਵੀਹ ਵਾਰ ਅਜਿਹਾ ਕਰਨ ਤੋਂ ਫੇਸਬੁਕ ਨੇ ਇਹ ਨਹੀਂ ਲਿਆ। ਕੁਝ ਵੀ ਨਹੀਂ ਬਦਲਿਆ। ਮੇਰੇ ਵਿੱਚ ਇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨ ਲਈ ਫੇਸਬੁੱਕ ਨਾਲ ਸੰਪਰਕ ਕਰਨ ਦੀ ਹਿੰਮਤ ਨਹੀਂ ਹੈ।’’

ਯਾਦਗਾਰੀ ਪੰਨਾ ਕੀ ਹੈ?

ਫੇਸਬੁਕ ਯਾਦਗਾਰੀ ਪੰਨੇ

ਤਸਵੀਰ ਸਰੋਤ, META

ਤਸਵੀਰ ਕੈਪਸ਼ਨ, ਫੇਸਬੁਕ ਯਾਦਗਾਰੀ ਪੰਨੇ

ਸੋਸ਼ਲ ਮੀਡੀਆ ਖਾਤੇ ਉਦੋਂ ਤੱਕ ਐਕਟਿਵ ਰਹਿੰਦੇ ਹਨ ਜਦੋਂ ਤੱਕ ਕੋਈ ਪਰਿਵਾਰਕ ਮੈਂਬਰ ਜਾਂ ਰਿਸ਼ੇਤਦਾਰ ਸੋਸ਼ਲ ਮੀਡੀਆ ਪਲੈਟਫਾਰਮ ਨੂੰ ਉਸ ਵਿਅਕਤੀ ਦੀ ਮੌਤ ਬਾਰੇ ਇਹ ਸੂਚਿਤ ਨਹੀਂ ਕਰਦਾ।

ਕੁਝ ਸੋਸ਼ਲ ਪਲੈਟਫਾਰਮ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਇਨਸਾਨ ਦੀ ਮੌਤ ਦੀ ਸੂਚਨਾ ਦੇਣ ਤੋਂ ਬਾਅਦ ਪ੍ਰੋਫਾਈਲ ਨੂੰ ਬੰਦ ਕਰਨ ਦਾ ਵਿਕਲਪ ਦਿੰਦੇ ਹਨ, ਜਦ ਕਿ ਕੁਝ ਹੋਰ ਵਿਕਲਪ ਪ੍ਰਦਾਨ ਕਰਦੇ ਹਨ।

ਉਦਾਹਰਨ ਲਈ ਜਦੋਂ ਮੇਟਾ-ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਮਾਲਕੀ ਵਾਲੀ ਕੰਪਨੀ ਨੂੰ ਮੌਤ ਦਾ ਸਰਟੀਫਿਕੇਟ ਦੇ ਕੇ ਜਾਂ ਤਾਂ ਮਰਹੂਮ ਦਾ ਖਾਤਾ ਹਟਾਇਆ ਜਾ ਸਕਦਾ ਹੈ ਜਾਂ ‘ਯਾਦਗਾਰੀ ਪੰਨਾ’ ਬਣ ਸਕਦਾ ਹੈ।

ਯਾਦਗਾਰੀ ਪੰਨੇ ਦਾ ਅਰਥ ਹੈ ਕਿ ਖਾਤੇ ਨੂੰ ਸਮੇਂ ਦੇ ਨਾਲ ਡਿਸੇਬਲ ਕਰ ਕੇ ਇੱਕ ਪੰਨੇ ਵਿੱਚ ਬਦਲ ਦਿੱਤਾ ਜਾਵੇਗਾ। ਇਹ ਵਰਤੋਂਕਾਰ ਨੂੰ ਯਾਦ ਰੱਖਦਾ ਹੈ ਅਤੇ ਲੋਕਾਂ ਨੂੰ ਉਸ ਦੀਆਂ ਤਸਵੀਰਾਂ ਅਤੇ ਯਾਦਾਂ ਪੋਸਟ ਕਰਨ ਦੀ ਆਗਿਆ ਦਿੰਦਾ ਹੈ।

ਵਰਤੋਂਕਾਰ ਦੇ ਨਾਮ ਦੇ ਨਾਲ ‘ਇਨ ਮੈਮੋਰਿਅਮ’ ਲਿਖਿਆ ਦਿਖਾਈ ਦਿੰਦਾ ਹੈ।

ਜੇਕਰ ਮੂਲ ਵਰਤੋਂਕਾਰ ਨੇ ਖਾਤੇ ਦੇ ਚਲਾਉਣ ਲਈ ਕਿਸੇ ਦਾ ਵੀ ਅਲਟਰਨੇਟ ਨੰਬਰ ਦਿੱਤਾ ਹੋਵੇਗਾ ਤਾਂ ਹੀ ਉਹ ਵਿਅਕਤੀ ਉਸ ਦੀ ਦੇਖਰੇਖ ਕਰ ਸਕੇਗਾ।

ਮੋਬਾਈਨਲ ਸਕਰੀਨ ਉੱਤੇ ਗੂੂਗਲ ਦਾ ਲੋਗੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੇ ਕਿਸੇ ਖਾਤੇ ਵਿੱਚ ਤੈਅ ਸਮੇਂ ਤੱਕ ਕੋਈ ਸਰਗਰਮੀ ਨਹੀਂ ਹੁੰਦੀ ਤਾਂ ਗੂਗਲ ਦੀ ਹਦਾਇਤ ਹੈ ਕਿ ਖਾਤਾ ਬੰਦ ਕਰ ਦਿੱਤਾ ਜਾਵੇ

ਗੂਗਲ, ਯੂਟਿਊਬ, ਜੀਮੇਲ ਅਤੇ ਗੂਗਲ ਫੋਟੋਜ਼ ਦੀ ਮਾਲਕ ਕੰਪਨੀ ਹੈ। ਉਹ ਵੀ ਆਪਣੇ ਗਾਹਕਾਂ ਨੂੰ ਅਜਿਹੇ ਹੀ ਵਿਕਲਪ ਦਿੰਦੀ ਹੈ।

ਇਸ ਮੁਤਾਬਕ ਜੇਕਰ ਕੋਈ ਖਾਤਾ ਇੱਕ ਤੈਅ ਸਮੇਂ ਲਈ ਇਨਐਕਟਿਵ ਰਹਿੰਦਾ ਹੈ ਤਾਂ ਉਹ ਇਨਐਕਟਿਵ ਕਰ ਦਿੱਤਾ ਜਾਂਦਾ ਹੈ

ਐਕਸ (ਪਹਿਲਾਂ ਟਵਿੱਟਰ) ਮਰਹੂਮ ਦੀਆਂ ਯਾਦਾਂ ਨੂੰ ਸੰਭਾਲਣ ਦਾ ਵਿਕਲਪ ਨਹੀਂ ਦਿੰਦਾ ਹੈ ਅਤੇ ਖਾਤੇ ਨੂੰ ਸਿਰਫ਼ ਖਾਤੇ ਨੂੰ ਡੀਐਕਟੀਵੇਟ ਹੀ ਕੀਤਾ ਜਾ ਸਕਦਾ ਹੈ।

ਬੀਬੀਸੀ ਵਰਲਡ ਸਰਵਿਸ ਦੇ ਟੈਕਨਾਲੋਜੀ ਪੱਤਰਕਾਰ ਜੋਅ ਟਿਡੀ ਕਹਿੰਦੇ ਹਨ, ‘‘ਇਸ ਸਬੰਧੀ ਵੱਖ-ਵੱਖ ਤਰੀਕੇ ਹਨ, ਪਰ ਸਾਰੀਆਂ ਕੰਪਨੀਆਂ ਮਰਹੂਮ ਦੀ ਨਿੱਜਤਾ ਨੂੰ ਤਰਜੀਹ ਦਿੰਦੀਆਂ ਹਨ।’’

‘‘ਕੋਈ ਲਾਗਇਨ ਵੇਰਵੇ ਸਾਂਝੇ ਨਹੀਂ ਕੀਤੇ ਜਾਣਗੇ, ਅਤੇ ਤੁਸੀਂ ਕੁਝ ਤਸਵੀਰਾਂ ਅਤੇ ਵੀਡੀਓਜ਼ ਵਰਗਾ ਕੁਝ ਡੇਟਾ ਹੀ ਵਰਤ ਸਕੋਗੇ, ਕਈ ਵਾਰ ਅਦਾਲਤੀ ਹੁਕਮਾਂ ਦੀ ਵੀ ਲੋੜ ਹੁੰਦੀ ਹੈ।’’

ਉਹ ਅੱਗੇ ਕਹਿੰਦੇ ਹਨ ਕਿ ਟਿੱਕਟੌਕ ਅਤੇ ਸਨੈਪਚੈਟ ਵਰਗੇ ਪਲੈਟਫਾਰਮਾਂ ਉੱਤੇ ਅਜਿਹੀ ਕੋਈ ਵਿਵਸਥਾ ਨਹੀਂ ਹੈ।

ਡਿਜੀਟਲ ਵਸੀਅਤ

ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਲੋਗੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਿਜੀਟਲ ਵਿਰਾਸਤ ਇੱਕ ਵੱਡਾ ਵਿਸ਼ਾ ਹੈ

ਸਾਈਬਰ-ਅਪਰਾਧ ਮਾਹਿਰ ਅਤੇ ਸਰਬੀਆ ਦੇ ਗ੍ਰਹਿ ਮੰਤਰਾਲੇ ਦੇ ਹਾਈ-ਟੈੱਕ ਅਪਰਾਧ ਵਿਭਾਗ ਦੇ ਸਾਬਕਾ ਮੁਖੀ ਸਾਸਾ ਜ਼ਿਵਾਨੋਵਿਕ ਨੇ ਚਿਤਾਵਨੀ ਦਿੱਤੀ ਕਿ ਡੇਟਾ, ਫੋਟੋਆਂ ਜਾਂ ਹੋਰ ਸਮੱਗਰੀ ਗਲਤ ਹੱਥਾਂ ਵਿੱਚ ਜਾ ਸਕਦੀ ਹੈ।

ਇਸ ਨਾਲ ਤੁਸੀਂ ਪ੍ਰੋਫਾਈਲ ਦੇ ਕੁਝ ਡੇਟਾ ਨੂੰ ਡਾਊਨਲੋਡ ਕਰਕੇ, ਪੂਰੇ ਖਾਤੇ ਦਾ ਕੰਟਰੋਲ ਹਾਸਲ ਕਰ ਸਕਦੇ ਹੋ।

ਉਹ ਕਹਿੰਦੇ ਹਨ, ‘‘ਫੋਟੋਗ੍ਰਾਫ਼, ਡੇਟਾ ਵਗੈਰਾ ਦੀ ਵਰਤੋਂ ਫਰਜ਼ੀ ਖਾਤੇ ਬਣਾਉਣ, ਦੋਸਤਾਂ ਤੋਂ ਪੈਸੇ ਵਸੂਲਣ ਲਈ ਕੀਤੀ ਜਾ ਸਕਦੀ ਹੈ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਬੰਧਿਤ ਵਿਅਕਤੀ ਦੀ ਮੌਤ ਹੋ ਗਈ ਹੈ।’’

ਮੋਬਾਈਨਲ ਸਕਰੀਨ ਉੱਤੇ ਫੇਸਬੁਕ ਦਾ ਲੋਗੋ

ਤਸਵੀਰ ਸਰੋਤ, Getty Images

ਯੂਕੇ ਦੀ ਡਿਜੀਟਲ ਲਿਗੇਸੀ ਐਸੋਸੀਏਸ਼ਨ ਦੇ ਪ੍ਰਧਾਨ ਜੇਮਸ ਨੌਰਿਸ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਹਰ ਕਿਸੇ ਲਈ ਉਸ ਸਮੱਗਰੀ ਬਾਰੇ ਸੋਚਣਾ ਮਹੱਤਵਪੂਰਨ ਹੈ ਕਿ ਅਸੀਂ ਕੀ ਸੋਸ਼ਲ ਨੈੱਟਵਰਕ ’ਤੇ ਅਪਲੋਡ ਕਰ ਰਹੇ ਹਾਂ ਅਤੇ ਜਦੋਂ ਵੀ ਸੰਭਵ ਹੋਵੇ ਉਸ ਦਾ ਬੈਕਅੱਪ ਲੈਣਾ ਚਾਹੀਦਾ ਹੈ।

ਉਹ ਦੱਸਦੇ ਹਨ ਕਿ ਉਦਾਹਰਨ ਲਈ ਫੇਸਬੁਕ 'ਤੇ ਤੁਸੀਂ ਆਪਣੀਆਂ ਫੋਟੋਆਂ ਅਤੇ ਵੀਡੀਓਜ਼ ਦਾ ਪੂਰਾ ਆਰਕਾਈਵ ਡਾਊਨਲੋਡ ਕਰ ਸਕਦੇ ਹੋ ਅਤੇ ਇਸ ਨੂੰ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਦੇ ਸਕਦੇ ਹੋ।

ਉਹ ਕਹਿੰਦੇ ਹਨ, “ਮੈਨੂੰ ਕੋਈ ਲਾਇਲਾਜ ਬਿਮਾਰੀ ਦਾ ਪਤਾ ਲੱਗਿਆ ਅਤੇ ਮੇਰਾ ਇੱਕ ਛੋਟਾ ਬੱਚਾ ਹੈ।ਮੈਂ ਫੇਸਬੁੱਕ ਤੋਂ ਆਪਣੀਆਂ ਪਸੰਦੀਦਾ ਤਸਵੀਰਾਂ ਡਾਊਨਲੋਡ ਕਰਕੇ ਸਾਂਭ ਸਕਦੀ ਹਾਂ ਤਾਂ ਜੋ ਮੇਰਾ ਬੱਚਾ ਮੇਰੇ ਬਾਰੇ ਸਿੱਖਦਾ ਹੋਇਆ ਵੱਡਾ ਹੋਵੇ। ਇਸੇ ਤਰ੍ਹਾਂ ਮੈਂ ਆਪਣੇ ਨਿੱਜੀ ਸੁਨੇਹੇ ਮਿਟਾ ਸਕਦੀ ਹਾਂ ਜੋ ਮੈਂ ਨਹੀਂ ਚਾਹੁੰਦੀ ਕਿ ਮੇਰਾ ਬੱਚਾ ਉਨ੍ਹਾਂ ਨੂੰ ਪੜ੍ਹੇ।’’

ਉਨ੍ਹਾਂ ਦਾ ਮੰਨਣਾ ਹੈ ਕਿ ਤੁਸੀਂ ਆਪਣੀ ਮੌਤ ਤੋਂ ਬਾਅਦ ਆਪਣੇ ਸੋਸ਼ਲ ਮੀਡੀਆ ਖਾਤਿਆਂ ਨਾਲ ਕੀ ਕਰਨਾ ਚਾਹੁੰਦੇ ਹੋ। ਉਹ ਇਸ ਬਾਰੇ ਡਿਜੀਟਲ ਵਿਰਾਸਤੀ ਵਸੀਅਤ ਤਿਆਰ ਕਰਨ ਦੀ ਸਲਾਹ ਦਿੰਦੇ ਹਨ।

ਉਹ ਕਹਿੰਦੇ ਹਨ, ‘‘ਆਖਰਕਾਰ, ਸੋਸ਼ਲ ਨੈੱਟਵਰਕਿੰਗ ਇੱਕ ਕਾਰੋਬਾਰ ਹੈ। ਇਹ ਪਲੈਟਫਾਰਮ ਤੁਹਾਡੀ ਡਿਜੀਟਲ ਵਿਰਾਸਤ ਦੇ ਸਰਪ੍ਰਸਤ ਨਹੀਂ ਹਨ। ਆਪਣੀ ਡਿਜੀਟਲ ਵਿਰਾਸਤ ਦੇ ਸਰਪ੍ਰਸਤ ਅਸੀਂ ਖ਼ੁਦ ਹਾਂ।’’

ਫਿਰ ਵੀ ਉਨ੍ਹਾਂ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਪਲੈਟਫਾਰਮਾਂ ਨੂੰ ਦੁਖੀ ਪਰਿਵਾਰਾਂ ਲਈ ਪ੍ਰਕਿਰਿਆ ਨੂੰ ਸੁਖਾਲਾ ਬਣਾ ਸਕਦੇ ਹਨ।

ਉਹ ਕਹਿੰਦੇ ਹਨ, ‘‘ਪਲੈਟਫਾਰਮ ਕਿਹੋ ਜਿਹੀਆਂ ਸੇਵਾਵਾਂ ਦਿੰਦਾ ਹੈ, ਕਿਹੜੇ ਟੂਲ ਉਪਲੱਬਧ ਹਨ, ਇਸ ਬਾਰੇ ਜਾਨਣਾ ਮਹੱਤਵਪੂਰਨ ਹੈ ਕਿਉਂਕਿ ਹਰ ਕੋਈ ਇਸ ਬਾਰੇ ਨਹੀਂ ਜਾਣਦਾ।’’

‘ਡਿਜੀਟਲ ਵਿਰਾਸਤ ਸਿਰਫ ਸੋਸ਼ਲ ਮੀਡੀਆ ਬਾਰੇ ਨਹੀਂ ਹੈ’

ਮੋਬਾਈਲ ਗੇਮ ਖੇਡ ਰਹੇ ਹੱਥ ਦਿਖਾਏ ਹਨ, ਮੋਬਾਈਲ ਦੀ ਸਕਰੀਨ ਉੱਤੇ ਗੇਮ ਦੇ ਵੀਜ਼ੁਅਲ ਚੱਲ ਰਹੇ ਹਨ

ਤਸਵੀਰ ਸਰੋਤ, getty Images

ਤਸਵੀਰ ਕੈਪਸ਼ਨ, ਅਜੋਕੇ ਸਮੇਂ ਵਿੱਚ ਅਸੀਂ ਸਭ ਕੁਝ ਡਿਜੀਟਲੀ ਕਰਦੇ ਹਾਂ- ਉਹ ਭਾਵੇਂ ਤਸਵੀਰਾਂ ਹੋਣ, ਵੀਡੀਓ ਹੋਣ, ਬੈਂਕਿੰਗ, ਸੰਗੀਤ, ਗੇਮਿੰਗ ਲਗਭਗ ਸਭ ਕੁਝ।

ਯੂਕੇ ਸਥਿਤ ਚੈਰਿਟੀ ਮੈਰੀ ਕਿਊਰੀ ਦੀ ਰਿਸਰਚ ਨਰਸ ਸਾਰਾ ਅਡੁਨਲੀ ਜੋ ਲਾਇਲਾਜ ਬਿਮਾਰੀ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਅਜ਼ੀਜ਼ਾਂ ਦੀ ਦੇਖਭਾਲ ਕਰਦੇ ਹਨ। ਉਹ ਕਹਿੰਦੇ ਹਨ, “ਡਿਜੀਟਲ ਵਿਰਾਸਤ ਇੱਕ ਵੱਡਾ ਵਿਸ਼ਾ ਹੈ।”

ਉਹ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਲੋਕਾਂ ਨੂੰ ਸਿਰਫ਼ ਆਪਣੇ ਸੋਸ਼ਲ ਮੀਡੀਆ ਖਾਤਿਆਂ ਬਾਰੇ ਹੀ ਸੋਚਣ ਦੀ ਜ਼ਰੂਰਤ ਨਹੀਂ ਹੈ, ਸਗੋਂ ਡਿਜੀਟਲੀ ਰੂਪ ਨਾਲ ਉਨ੍ਹਾਂ ਕੋਲ ਮੌਜੂਦ ਹਰ ਚੀਜ਼ ਬਾਰੇ ਵੀ ਸੋਚਣ ਦੀ ਲੋੜ ਹੈ ਅਤੇ ਮੌਤ ਦੀ ਸਥਿਤੀ ਵਿੱਚ ਉਨ੍ਹਾਂ ਦਾ ਕੀ ਕਰਨਾ ਹੈ।

ਉਹ ਕਹਿੰਦੇ ਹਨ, “ਅਜੋਕੇ ਸਮੇਂ ਵਿੱਚ ਅਸੀਂ ਸਭ ਕੁਝ ਡਿਜੀਟਲੀ ਕਰਦੇ ਹਾਂ- ਉਹ ਭਾਵੇਂ ਤਸਵੀਰਾਂ ਹੋਣ, ਵੀਡੀਓ ਹੋਣ, ਬੈਂਕਿੰਗ, ਸੰਗੀਤ, ਗੇਮਿੰਗ ਲਗਭਗ ਸਭ ਕੁਝ।’’

‘‘ਇਸ ਲਈ, ਡਿਜੀਟਲ ਵਿਰਾਸਤ ਸਿਰਫ਼ ਸੋਸ਼ਲ ਮੀਡੀਆ ਤੱਕ ਸੀਮਤ ਨਹੀਂ ਹੈ।’’

ਉਹ ਇਸ ਗੱਲ ਨਾਲ ਸਹਿਮਤ ਹਨ ਕਿ ਸਾਨੂੰ ਇਹ ਸੋਚਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਕਿ ਜੋ ਕੁਝ ਅਸੀਂ ਡਿਜੀਟਲ ਦੁਨੀਆਂ ਵਿੱਚ ਕਰ ਰਹੇ ਹਾਂ ਉਸ ਨਾਲ ਕੀ ਕਰਨਾ ਹੈ।

“ਕੀ ਅਸੀਂ ਚਾਹੁੰਦੇ ਹਾਂ ਕਿ ਕੋਈ ਸਾਡੇ ਸੋਸ਼ਲ ਮੀਡੀਆ ਖਾਤਿਆਂ ਦੀ ਵਰਤੋਂ ਕਰੇ ਅਤੇ ਸਾਡੀ ਮੌਤ ਮਗਰੋਂ ਉਨ੍ਹਾਂ ਦੀ ਯਾਦਗਾਰ ਬਣਾ ਦੇਵੇ? ਅਸੀਂ ਆਪਣੇ ਬੱਚਿਆਂ ਨੂੰ ਡਿਜੀਟਲ ਫੋਟੋਆਂ ਦੀ ਐਲਬਮ ਦੇਣਾ ਚਾਹੁੰਦੇ ਹਾਂ?’’

‘‘ਜਾਂ ਕੀ ਅਸੀਂ ਇਸ ਨੂੰ ਪ੍ਰਿੰਟ ਕਰਨਾ ਚਾਹੁੰਦੇ ਹਾਂ ਜਿਵੇਂ ਕਿ ਲੋਕ ਪਹਿਲਾਂ ਕਰਦੇ ਸਨ ਅਤੇ ਇਸ ਨੂੰ ਵਧੀਆ, ਪ੍ਰਿੰਟ ਕੀਤੀ ਫੋਟੋ ਐਲਬਮ ਦੀ ਤਰ੍ਹਾਂ ਰੱਖਣਾ ਚਾਹੁੰਦੇ ਹਾਂ ਜਿਸ ਨੂੰ ਅਸੀਂ ਮਰਨ ਤੋਂ ਬਾਅਦ ਕਿਸੇ ਨੂੰ ਦੇ ਸਕੀਏ? ਡਿਜੀਟਲ ਵਿਰਾਸਤ ਯਕੀਨੀ ਤੌਰ ’ਤੇ ਅਜਿਹੀ ਚੀਜ਼ ਹੈ ਜਿਸ ਬਾਰੇ ਸੋਚਣ ਅਤੇ ਗੱਲ ਕਰਨ ਦੀ ਜ਼ਰੂਰਤ ਹੈ।’’

ਹਾਲਾਂਕਿ ਹੇਲੀ ਅਤੇ ਮੈਥਿਊ ਲਈ ਇਸ ਵਿਸ਼ੇ ਉੱਤੇ ਚਰਚਾ ਕਰਨਾ ਸੌਖਾ ਨਹੀਂ ਸੀ।

ਉਹ ਕਹਿੰਦੇ ਹਨ,‘‘ਜਦੋਂ ਮੈਥਿਊ ਮਰਨ ਵਾਲੇ ਸੀ ਤਾਂ ਮੈਂ ਉਸ ਨਾਲ ਇਸ ਬਾਰੇ ਗੱਲ ਨਹੀਂ ਕੀਤੀ, ਕਿਉਂਕਿ ਉਹ ਮਰਨ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ ਸੀ।’’

‘‘ਉਹ ਜਿੰਨਾ ਚਿਰ ਜੀਅ ਸਕਦੇ ਸੀ, ਜਿਉਣਾ ਚਾਹੁੰਦੇ ਸੀ, ਪਰ ਫਿਰ ਉਹ ਗੰਭੀਰ ਬਿਮਾਰ ਹੋ ਗਏ। ਇਸ ਲਈ, ਉਹ ਮੇਰੇ ਸਵਾਲਾਂ ਦਾ ਜਵਾਬ ਨਹੀਂ ਦੇ ਸਕੇ।’’

ਡੀਜੀਟਲ ਗਰਾਫਿਕਸ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੂਗਲ, ਯੂਟਿਊਬ, ਜੀਮੇਲ ਅਤੇ ਗੂਗਲ ਫੋਟੋਜ਼ ਦੀ ਮਾਲਕ ਕੰਪਨੀ ਹੈ। ਉਹ ਵੀ ਆਪਣੇ ਗਾਹਕਾਂ ਨੂੰ ਅਜਿਹੇ ਹੀ ਵਿਕਲਪ ਦਿੰਦੀ ਹੈ।

ਉਨ੍ਹਾਂ ਦੇ ਵਿਆਹ ਨੂੰ ਅਜੇ ਇੱਕ ਸਾਲ ਹੀ ਹੋਇਆ ਸੀ ਜਦੋਂ ਜੁਲਾਈ 2016 ਵਿੱਚ 28 ਸਾਲ ਦੀ ਉਮਰ ਵਿੱਚ ਮੈਥਿਊ ਨੂੰ ਸਟੇਜ 4 ਗਿਲਓਬਲਾਸਟੋਮਾ ਦਾ ਪਤਾ ਲੱਗਿਆ ਸੀ।

ਡਾਕਟਰ ਨੇ ਕਿਹਾ, ਕਿ ਮੈਥਿਊ ਨੂੰ ਬ੍ਰੇਨ ਟਿਊਮਰ ਹੈ ਅਤੇ ਉਨ੍ਹਾਂ ਨੂੰ ਫੌਰੀ ਸਰਜਰੀ ਦੀ ਲੋੜ ਹੈ ਅਤੇ ‘‘ਤੁਹਾਡਾ ਜੀਵਨ ਹਮੇਸ਼ਾ ਲਈ ਬਦਲਣ ਵਾਲਾ ਹੈ।’’

ਹਾਲਾਂਕਿ ਸਰਜਰੀ ਅਤੇ ਉਸ ਤੋਂ ਬਾਅਦ ਕੀਮੋਥੈਰੇਪੀ ਠੀਕ ਰਹੀ, ਪਰ ਸਮੇਂ ਦੇ ਨਾਲ ਟਿਊਮਰ ਫਿਰ ਤੋਂ ਵਧ ਗਿਆ ਅਤੇ ਡਾਕਟਰਾਂ ਨੇ ਦੱਸਿਆ ਕਿ ਮੈਥਿਊ ਕੋਲ ਜਿਉਣ ਲਈ ਸਿਰਫ਼ ਇੱਕ ਸਾਲ ਬਚਿਆ ਹੈ।

ਹੇਲੀ ਕਹਿੰਦੇ ਹਨ, ‘‘ਉਨ੍ਹਾਂ ਦਾ ਨਾਮ ਘਰੇਲੂ ਬਿਲਾਂ ਤੋਂ ਲੈ ਕੇ ਮੇਰੇ ਕੋਲ ਮੌਜੂਦ ਹਰ ਚੀਜ਼ ਉੱਤੇ ਸੀ।’’

‘‘ਇਸ ਲਈ, ਮੈਨੂੰ ਸਭ ਕੁਝ ਬਦਲਣਾ ਪਿਆ ਅਤੇ ਇਹ ਬਹੁਤ ਮੁਸ਼ਕਲ ਸੀ। ਮੈਨੂੰ ਇਸ ਵਿੱਚ ਲਗਭਗ ਡੇਢ ਸਾਲ ਲੱਗ ਗਿਆ।’’

ਉਹ ਕਹਿੰਦੇ ਹਨ ਕਿ ਉਹ ਅਜੇ ਵੀ ਮੈਥਿਊ ਦੇ ਫੇਸਬੁੱਕ ਪੇਜ ਨੂੰ ਯਾਦਗਾਰ ਬਣਾਉਣਾ ਚਾਹੁੰਦੇ ਹਨ, ਪਰ ਇਸ ਸਮੇਂ ਉਹ ਇਸ ਡਿਜੀਟਲ ਮੁੱਦੇ ਨਾਲ ਲੜਨਾ ਨਹੀਂ ਚਾਹੁੰਦੇ।

‘‘ਮੈਨੂੰ ਲੱਗਦਾ ਹੈ ਕਿ ਮੌਤ ਦੇ ਸਰਟੀਫਿਕੇਟ ਵਰਗੇ ਦਸਤਾਵੇਜ਼ ਨੂੰ ਲਗਾਤਾਰ ਦੇਖਦੇ ਰਹਿਣਾ ਅਸਲ ਵਿੱਚ ਬਹੁਤ ਦੁੱਖਦਾਈ ਹੈ। ਇਸ ਲਈ ਮੈਂ ਅਜਿਹਾ ਕਰਨ ਤੋਂ ਬਚਦੀ ਰਹਿੰਦੀ ਹਾਂ ਕਿਉਂਕਿ ਕਾਗਜ਼ ਦਾ ਇਹ ਇੱਕ ਛੋਟਾ ਜਿਹਾ ਟੁਕੜਾ, ਬਹੁਤ ਡਰਾਉਣ ਹੈ।’’

‘‘ਮੈਨੂੰ ਲੱਗਦਾ ਹੈ ਕਿ ਇਹ ਵਾਕਈ ਬਹੁਤ ਜ਼ਿਆਦਾ ਗੁੰਝਲਦਾਰ ਪ੍ਰਕਿਰਿਆ ਹੈ ਅਤੇ ਕੰਪਨੀਆਂ ਨੂੰ ਦੁਖੀ ਲੋਕਾਂ ਲਈ ਇਸ ਨੂੰ ਸੁਖਾਲਾ ਬਣਾਉਣਾ ਚਾਹੀਦਾ ਹੈ।’’