ਸਿੱਧੂ ਮੂਸੇਵਾਲਾ ਦੀ ਮਾਂ ਨੇ ਮੁੜ ਦਿੱਤਾ ਪੁੱਤਰ ਨੂੰ ਜਨਮ, ਪਿਤਾ ਨੇ ਨਾਮ ਰੱਖਣ ਬਾਰੇ ਕੀ ਕਿਹਾ

ਤਸਵੀਰ ਸਰੋਤ, Balkaur Sidhu/insta
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਆਪਣੇ ਇੰਸਟਾਗ੍ਰਾਮ ਰਾਹੀਂ ਸਿੱਧੂ ਦੇ ਛੋਟੇ ਭਰਾ ਦੇ ਜਨਮ ਦੀ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਨੇ ਆਪਣੀ ਇੰਸਟਾ ਪੋਸਟ ਵਿੱਚ ਲਿਖਿਆ, ''ਸ਼ੁਭਦੀਪ ਨੂੰ ਚਾਹੁਣ ਵਾਲੀਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਵਿੱਚ ਸ਼ੁਭ ਦਾ ਛੋਟਾ ਵੀਰ ਪਾਇਆ ਹੈ।''
''ਵਾਹਿਗੁਰੂ ਦੀਆਂ ਬਖਸ਼ਿਸ਼ਾਂ ਸਦਕਾ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਸ਼ੁਭ-ਚਿੰਤਕਾਂ ਦੇ ਅਥਾਹ ਪਿਆਰ ਲਈ ਸ਼ੁਕਰਗੁਜ਼ਾਰ ਹਾਂ।"
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਆਈਵੀਐੱਫ ਤਕਨੀਕ ਦੀ ਮਦਦ ਨਾਲ ਇਸ ਬੱਚੇ ਨੂੰ ਜਨਮ ਦਿੱਤਾ ਹੈ। ਉਹ 58 ਸਾਲ ਦੇ ਹਨ।

ਤਸਵੀਰ ਸਰੋਤ, RajaBrar_INC/X
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੂਜੀ ਵਾਰ ਮਾਪੇ ਬਣੇ ਹਨ।
28 ਸਾਲਾ ਸਿੱਧੂ ਮੂਸੇਵਾਲਾ ਇੱਕ ਗਾਇਕ ਵਜੋਂ ਕੌਮਾਂਤਰੀ ਪੱਧਰ ਉੱਤੇ ਮਸ਼ਹੂਰ ਸਨ।
ਉਨ੍ਹਾਂ ਨੂੰ 29 ਮਈ 2022 ਨੂੰ ਦਿਨ-ਦਿਹਾੜੇ ਅਤਿਆਧੁਨਿਕ ਹਥਿਆਰਾਂ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਇਹ ਘਟਨਾ ਮਾਨਸਾ ਜ਼ਿਲ਼੍ਹੇ ਦੇ ਹੀ ਪਿੰਡ ਜਵਾਹਰਕੇ ਵਿੱਚ ਵਾਪਰੀ ਸੀ।
ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਣ ਲਈ ਹਜ਼ਾਰਾਂ ਲੋਕ ਪਹੁੰਚੇ ਹੋਏ ਸਨ। ਇਨ੍ਹਾਂ ਵਿੱਚ ਕਲਾ, ਸੰਗੀਤ ਅਤੇ ਫਿਲਮ ਜਗਤ ਦੀਆਂ ਕਈ ਵੱਡੀਆਂ ਹਸਤੀਆਂ ਵੀ ਸ਼ਾਮਲ ਸਨ।

ਤਸਵੀਰ ਸਰੋਤ, Sonia Mann/X
ਸਿੱਧੂ ਨੂੰ ਚਾਹੁਣ ਵਾਲੇ ਪੰਜਾਬ ਸਣੇ ਹੋਰਨਾਂ ਸੂਬਿਆਂ ਤੋਂ ਇਲਾਵਾ ਦੇਸ਼ਾਂ-ਵਿਦੇਸ਼ਾਂ ਤੋਂ ਵੀ ਪਹੁੰਚੇ ਸਨ।
ਸਿੱਧੂ ਦਾ ਸਸਕਾਰ ਉਨ੍ਹਾਂ ਦੇ ਖੇਤਾਂ ਵਿੱਚ ਹੀ ਕੀਤਾ ਗਿਆ, ਜਿੱਥੇ ਬਾਅਦ ਵਿੱਚ ਉਨ੍ਹਾਂ ਦੀ ਯਾਦਗਾਰ ਬਣਾਈ ਜਾ ਸਕੇ।
ਜਦੋਂ 5911 ਟਰੈਕਟਰ ਉੱਤੇ ਉਨ੍ਹਾਂ ਦੀ ਅੰਤਿਮ ਯਾਤਰਾ ਸਸਕਾਰ ਵਾਲੀ ਥਾਂ ਉੱਤੇ ਪਹੁੰਚੀ ਤਾਂ ਲੋਕਾਂ ਦਾ ਵੱਡਾ ਇਕੱਠ ਅਤੇ ਪੁੱਤ ਲਈ ਲੋਕਾਂ ਦਾ ਅਥਾਹ ਪਿਆਰ ਦੇਖ ਕਿ ਉਨ੍ਹਾਂ ਦੇ ਪਿਤਾ ਦੇ ਸਬਰ ਦਾ ਬੰਨ੍ਹ ਟੁੱਟ ਗਿਆ।
ਉਨ੍ਹਾਂ ਰੋਂਦੇ ਹੋਏ ਪੱਗ ਸਿਰ ਤੋਂ ਉਤਾਰ ਕਿ ਲੋਕਾਂ ਅੱਗੇ ਝੁਕਾਈ ਅਤੇ ਇਸ ਸੰਤਾਪ ਦੀ ਘੜੀ ਵਿੱਚ ਸਾਥ ਦੇਣ ਵਾਲਿਆਂ ਦਾ ਧੰਨਵਾਦ ਕੀਤਾ।

ਤਸਵੀਰ ਸਰੋਤ, Getty Images
ਇਹੀ ਨਹੀਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਪੁੱਤ ਦੇ ਸਟਾਈਲ ਵਿੱਚ ਟਰੈਕਟਰ ਤੋਂ ਥਾਪੀ ਮਾਰੀ। ਇਨ੍ਹਾਂ ਤਸਵੀਰਾਂ ਵਾਲਾ ਪਲ ਬਹੁਤ ਹੀ ਭਾਵੁਕ ਕਰਨ ਵਾਲਾ ਸੀ।
ਹੁਣ ਜਦੋਂ ਪਿਛਲੇ ਦਿਨਾਂ ਵਿੱਚ ਮੂਸੇਵਾਲਾ ਦੀ ਮਾਂ ਦੇ ਗਰਭਵਤੀ ਹੋਣ ਦੀ ਖ਼ਬਰ ਸਾਹਮਣੇ ਆਈ ਸੀ ਤਾਂ ਇਸ ਨੂੰ ਮੀਡੀਆ ਦੇ ਇੱਕ ਖ਼ਾਸ ਹਿੱਸੇ ਨੇ ਅਜੀਬੋ-ਗਰੀਬ ਢੰਗ ਨਾਲ ਪ੍ਰਕਾਸ਼ਿਤ ਕੀਤਾ ਗਿਆ ਸੀ।
ਬਾਅਦ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਕਿਹਾ ਗਿਆ ਕਿ ਇਹ ਉਨ੍ਹਾਂ ਦਾ ਨਿੱਜੀ ਮਸਲਾ ਹੈ ਅਤੇ ਮੀਡੀਆ ਨੂੰ ਇਸ ਵਿੱਚ ਝਾਕਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਪਿੰਡ ਦੇ ਲੋਕਾਂ ਵਿੱਚ ਖੁਸ਼ੀ

ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਦੇ ਵਸਨੀਕਾਂ ਵੱਲੋਂ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਦੂਜੇ ਬੱਚੇ ਨੂੰ ਜਨਮ ਦੇਣ ਉੱਤੇ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ।
ਸਿੱਧੂ ਮੂਸੇਵਾਲਾ ਦੇ ਪਿੰਡ ਵਿੱਚ ਉਨ੍ਹਾਂ ਦੀ ਯਾਦਗਾਰ ਨੇੜੇ ਵੀ ਆਲੇ ਦੁਆਲੇ ਦੇ ਲੋਕਾਂ ਵੱਲੋਂ ਲੱਡੂ ਵੰਡੇ ਜਾ ਰਹੇ ਹਨ।
ਇਸ ਵੇਲੇ ਕੁਝ ਲੋਕ ਭਾਵੁਕ ਵੀ ਨਜ਼ਰ ਆਏ।
ਮੂਸਾ ਪਿੰਡ ਦੇ ਨੇੜਲੇ ਪਿੰਡ ਵਿੱਚ ਰਹਿਣ ਵਾਲੇ ਭੁਪਿੰਦਰ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ ਵੀ ਮੂਸੇਵਾਲਾ ਦੇ ਪਰਿਵਾਰ ਨੂੰ ਵਧਾਈ ਦੇਣ ਲਈ ਸ਼ੁਭਦੀਪ ਸਿੰਘ ਦੇ ਪਿੰਡ ਪਹੁੰਚਿਆ।
ਉਨ੍ਹਾਂ ਨੇ ਕਿਹਾ ਕਿ ਉਹ ਪਰਿਵਾਰ ਦੀ ਇਸ ਖ਼ੁਸ਼ੀ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ।
ਉਨ੍ਹਾਂ ਨੇ ਕਿਹਾ ਕਿ ਜਿੱਥੇ ਉਨ੍ਹਾਂ ਨੂੰ ਇਸ ਦੀ ਖੁਸ਼ੀ ਹੈ ਉੱਥੇ ਹੀ ਉਹ ਮਰਹੂਮ ਗਾਇਕ ਨੂੰ ਵੀ ਯਾਦ ਕਰ ਰਹੇ ਹਨ।
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਬਠਿੰਡਾ ਦੇ ਹਸਪਤਾਲ ਵਿੱਚ ਪਹੁੰਚ ਕੇ ਪਰਿਵਾਰ ਵਾਲਿਆਂ ਨੂੰ ਵਧਾਈ ਦਿੱਤੀ।
ਨਵਜੰਮੇ ਬੱਚੇ ਦੇ ਨਾਮ ਬਾਰੇ ਪਿਤਾ ਨੇ ਕੀ ਕਿਹਾ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿ ਰੱਬ ਨੇ ਉਨ੍ਹਾਂ ਦੇ ਰਿਸਦੇ ਜ਼ਖ਼ਮਾਂ ਉੱਤੇ ਮਲ੍ਹਮ ਲਾਈ ਹੈ।
ਉਨ੍ਹਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਪੁੱਤਰ ਦੀ ਮੌਤ ਹੋਈ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਸ਼ੁਭਦੀਪ ਸਿੰਘ ਨੂੰ ਇੰਨੇ ਲੋਕ ਪਿਆਰ ਕਰਦੇ ਸਨ।
ਨਵਜੰਮੇ ਬੱਚੇ ਦੇ ਨਾਮ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, "ਇਹ ਮੇਰੇ ਲਈ ਸ਼ੁਭਦੀਪ ਹੀ ਹੈ, ਚਿਹਰਾ ਮੋਹਰਾ ਇੱਕੋ ਜਿਹਾ ਹੀ ਹੈ।"
ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਹੋਈ ਕਾਨੂੰਨੀ ਕਾਰਵਾਈ ਤੋਂ ਨਿਰਾਸ਼ਾ ਜ਼ਾਹਰ ਕੀਤੀ।

ਤਸਵੀਰ ਸਰੋਤ, SIDHU MOOSE WALA/YT
ਸਿੱਧੂ ਮੂਸੇ ਵਾਲਾ ਨੇ 15 ਮਈ 2020 ਨੂੰ ਆਪਣੀ ਮਾਂ ਨੂੰ ਸਮਰਪਿਤ ਆਪਣਾ ਗੀਤ ਵੀ ਰਿਲੀਜ਼ ਕੀਤਾ ਸੀ। ਇਸ ਗੀਤ ਦਾ ਨਾਮ 'ਡੀਅਰ ਮਮਾ' ਸੀ।
ਇਹ ਗੀਤ ਉਨ੍ਹਾਂ ਨੇ ਆਪਣੀ ਮਾਤਾ ਦੇ ਜਨਮ ਦਿਨ ਮੌਕੇ ਰਿਲੀਜ਼ ਕੀਤਾ ਸੀ।
ਇਸ ਦੀ ਵੀਡੀਓ ਵਿੱਚ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਅਤੇ ਉਨ੍ਹਾਂ ਦੇ ਪਿਤਾ ਵੀ ਨਜ਼ਰ ਆਏ ਸਨ।
ਇਸ ਗੀਤ ਦੇ ਬੋਲ ਸਨ, 'ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆਂ'। ਇਸ ਗੀਤ ਨੂੰ ਯੂਟਿਊਬ ਉੱਤੇ ਹੁਣ ਤੱਕ 143 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ।
ਆਈਵੀਐੱਫ ਤਕਨੀਕ ਕੀ ਹੈ?

ਤਸਵੀਰ ਸਰੋਤ, amarinder singh raja warring
ਆਈਵੀਐੱਫ ਦੀ ਵਰਤੋਂ ਉਦੋਂ ਹੁੰਦੀ ਹੈ ਜਦੋਂ ਜਾਂ ਤਾਂ ਕੁਦਰਤੀ ਢੰਗ ਨਾਲ ਗਰਭਧਾਰਨ ਨਹੀਂ ਹੁੰਦਾ ਜਾਂ ਗਰਭਧਾਰਨ ਦੇ ਹੋਰ ਸਾਰੇ ਤਰੀਕਿਆਂ ਵਿੱਚ ਸਫ਼ਲਤਾ ਹਾਸਲ ਨਹੀਂ ਹੁੰਦੀ।
ਆਈਵੀਐੱਫ ਤਕਨੀਕ ਅਤੇ ਇਸ ਦੀ ਸ਼ੁਰੂਆਤ ਬਾਰੇ ਡਾਕਟਰ ਨਯਨਾ ਪਟੇਲ ਨੇ ਬੀਬੀਸੀ ਨੂੰ ਦੱਸਿਆਂ ਸੀ ਕਿ ਇਸ ਦੀ ਸ਼ੁਰੂਆਤ 1978 'ਚ ਹੋਈ ਸੀ।
ਗੁਜਰਾਤ ਦੇ ਆਨੰਦ ਵਿੱਚ ਆਕਾਂਕਸ਼ਾ ਹਸਪਤਾਲ ਅਤੇ ਖੋਜ ਸੰਸਥਾਨ ਦੇ ਮੈਡੀਕਲ ਡਾਇਰੈਕਟਰ ਡਾ. ਪਟੇਲ ਨੇ ਦੱਸਿਆ ਸੀ, "ਆਈਵੀਐੱਫ ਦੀ ਵਰਤੋਂ ਉਨ੍ਹਾਂ ਔਰਤਾਂ ਦੇ ਮਾਮਲੇ ਵਿੱਚ ਕੀਤੀ ਜਾਂਦੀ ਹੈ, ਜਿਨ੍ਹਾਂ ਦੀਆਂ ਟਿਊਬਾਂ ਇਨਫੈਕਸ਼ਨ ਜਾਂ ਕਿਸੇ ਹੋਰ ਕਾਰਨ ਕਰਕੇ ਖਰਾਬ ਹੋ ਜਾਂਦੀਆਂ ਹਨ।"
ਉਨ੍ਹਾਂ ਦੱਸਿਆ ਸੀ ਕਿ ਇਸ ਦੌਰਾਨ ਲੈਬ ਵਿੱਚ ਅੰਡੇ ਅਤੇ ਸ਼ੁਕਰਾਣੂਆਂ ਨੂੰ ਰੱਖਿਆ ਜਾਂਦਾ ਹੈ ਜਿਸ ਤੋਂ ਭਰੂਣ ਤਿਆਰ ਹੁੰਦਾ ਹੈ।
ਉਨ੍ਹਾਂ ਦੱਸਿਆ ਸੀ ਕਿ ਜਦੋਂ ਭਰੂਣ ਤਿਆਰ ਹੋ ਜਾਂਦਾ ਹੈ ਤਾਂ ਇਸ ਨੂੰ ਔਰਤ ਦੀ ਬੱਚੇਦਾਨੀ ਵਿੱਚ ਰੱਖਿਆ ਹੈ।
ਉਹ ਕਹਿੰਦੇ ਹਨ ਕਿ ਇਸ ਤਕਨੀਕ ਨੇ ਬਹੁਤ ਸਾਰੇ ਜੋੜਿਆਂ ਨੂੰ ਮਾਤਾ-ਪਿਤਾ ਬਣਨ ਦੀ ਖੁਸ਼ੀ ਦਿੱਤੀ ਹੈ ਅਤੇ ਔਰਤਾਂ ਤੋਂ ਬਾਂਝਪਨ ਦਾ ਕਲੰਕ ਦੂਰ ਕੀਤਾ ਹੈ।
ਕੀ ਇਹ ਸਫਲਤਾ ਦੀ ਗਾਰੰਟੀ ਹੈ?
ਇਸ 'ਤੇ ਡਾ. ਨਯਨਾ ਪਟੇਲ ਨੇ ਬੀਬੀਸੀ ਨੂੰ ਦੱਸਿਆ ਸੀ ਕਿ 35 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਦੇ ਮਾਮਲੇ 'ਚ 80 ਫੀਸਦੀ ਸਫਲਤਾ ਮਿਲਦੀ ਹੈ।
ਜੇਕਰ ਔਰਤਾਂ ਦੀ ਉਮਰ 35 ਤੋਂ 40 ਸਾਲ ਦੇ ਵਿਚਕਾਰ ਹੋਵੇ ਤਾਂ ਬੱਚਾ ਹੋਣ ਦੀ ਸੰਭਾਵਨਾ 60 ਫੀਸਦੀ ਤੱਕ ਹੁੰਦੀ ਹੈ।
ਜੇਕਰ ਉਮਰ 40 ਸਾਲ ਤੋਂ ਉੱਪਰ ਹੈ ਤਾਂ 18 ਤੋਂ 20 ਫ਼ੀਸਦੀ ਮਾਮਲਿਆਂ ਵਿੱਚ ਹੀ ਸਫ਼ਲਤਾ ਮਿਲਦੀ ਹੈ।













