ਸਿੱਧੂ ਮੂਸੇਵਾਲਾ ਵੱਲੋਂ 'ਐੱਸਵਾਈਐੱਲ' ਗਾਣੇ ਵਿੱਚ ਪਾਣੀਆਂ ਦਾ ਮੁੱਦਾ ਚੁੱਕਣ ਦੇ ਕੀ ਮਾਅਨੇ ਹਨ

ਤਸਵੀਰ ਸਰੋਤ, SIDHU MOOSEWALA/TWITTER
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ 24 ਜੂਨ ਨੂੰ ਉਨ੍ਹਾਂ ਦਾ ਗਾਣਾ ਐੱਸਵਾਈਐੱਲ ਰਿਲੀਜ਼ ਹੋਇਆ ਹੈ।
ਯੂਟਿਊਬ ਉੱਪਰ ਇਸ ਗਾਣੇ ਨੂੰ ਦੋ ਕਰੋੜ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ ਗਾਣੇ ਵਿੱਚ ਐੱਸਵਾਈਐੱਲ, ਸਿੱਖ ਕੈਦੀਆਂ ਦੀ ਰਿਹਾਈ ਸਣੇ ਕਈ ਮੁੱਦਿਆਂ ਬਾਰੇ ਜ਼ਿਕਰ ਕੀਤਾ ਗਿਆ ਹੈ।
ਇਸ ਗਾਣੇ ਵਿੱਚ ਚੁੱਕੇ ਗਏ ਮੁੱਦਿਆਂ ਬਾਰੇ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਉਹ ਕਿੰਨੇ ਮਹੱਤਵਪੂਰਨ ਹਨ, ਇਸ ਬਾਰੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨਾਲ ਗੱਲਬਾਤ ਕੀਤੀ।
ਸਵਾਲ- ਸਿੱਧੂ ਮੂਸੇਵਾਲਾ ਚੋਣਾਂ ਤੋਂ ਕੁਝ ਦੇਰ ਪਹਿਲਾਂ ਕਾਂਗਰਸ ਵਿੱਚ ਸ਼ਾਮਲ ਹੋ ਗਏ ਸੀ। ਇੱਕ ਕਾਂਗਰਸੀ ਆਗੂ ਦਾ ਇਹ ਮੁੱਦੇ ਚੁੱਕਣਾ ਤੁਸੀਂ ਕਿਵੇਂ ਵੇਖਦੇ ਹੋ ਤੇ ਕੀ ਇਸ ਨੂੰ ਸਹੀ ਜਾਂ ਗ਼ਲਤ ਠਹਿਰਾਉਣ ਵਿੱਚ ਕਾਂਗਰਸ ਨੂੰ ਮੁਸ਼ਕਲ ਹੋ ਸਕਦੀ ਹੈ
ਜਵਾਬ-ਇਹ ਕਾਂਗਰਸ ਜਾਂ ਅਕਾਲੀ ਦਲ ਜਾਂ ਭਾਜਪਾ ਦਾ ਮਸਲਾ ਨਹੀਂ ਹੈ। ਇਹ ਸੂਬੇ ਦਾ ਮਸਲਾ ਹੈ। ਜੇ ਕਾਂਗਰਸ ਇਸ ਦਾ ਵਿਰੋਧ ਕਰੇਗੀ ਤਾਂ ਉਹ ਬਿਲਕੁਲ ਹੀ ਖ਼ਤਮ ਹੋ ਜਾਵੇਗੀ।
ਗੱਲ ਪੰਜਾਬ ਦੇ ਹੱਕਾਂ ਦੀ ਹੈ। ਮੂਸੇਵਾਲਾ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਾਣੀਆਂ ਲਈ ਵੱਡਾ ਕਦਮ ਚੁੱਕਿਆ ਸੀ।
ਇਸ ਲਈ ਉਹਨਾਂ ਨੂੰ ਇਸ ਦੀ ਕੀਮਤ ਵੀ ਚੁਕਾਉਣੀ ਪਈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਬੁਲਾ ਕੇ ਝਾੜਿਆ ਸੀ। ਸਾਲ 2007 ਦੀਆਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਮੁੱਖ ਮੰਤਰੀ ਉਮੀਦਵਾਰ ਨਹੀਂ ਐਲਾਨਿਆ ਗਿਆ ਸੀ।
ਜਿਸ ਨੇ ਇਤਿਹਾਸ ਬਣਾਉਣਾ ਹੋਵੇ ਉਸ ਨੂੰ ਆਪਣੇ ਸੂਬੇ ਲਈ ਸਟੈਂਡ ਲੈਣਾ ਪੈਂਦਾ ਹੈ ਜਿਹੜੇ ਨਹੀਂ ਲੈਂਦੇ ਉਹ ਮਿੱਟੀ ਵਿੱਚ ਮਿਲ ਜਾਂਦੇ ਹਨ।

ਤਸਵੀਰ ਸਰੋਤ, The Tribune
ਸਵਾਲ- ਇਸ ਗਾਣੇ ਦਾ ਤੁਸੀਂ ਸਮਾਜਿਕ ਤੇ ਰਾਜਨੀਤਿਕ ਕੀ ਸੰਦੇਸ਼ ਵੇਖਦੇ ਹੋ?
ਜਵਾਬ- ਜਿਹੜੀ ਗੱਲ ਹੁਣ ਤੱਕ ਰਾਜਨੀਤਿਕ ਆਗੂ ਆਮ ਲੋਕਾਂ ਨੂੰ ਨਹੀਂ ਸਮਝਾ ਸਕੇ ਅਤੇ ਅੱਜ ਦੀ ਪੀੜੀ ਨੂੰ ਨਹੀਂ ਪਤਾ ਸੀ ਕਿ ਐੱਸਵਾਈਐੱਲ ਦਾ ਮਸਲਾ ਕੀ ਹੈ, ਹੁਣ ਇਹ ਦੁਬਾਰਾ ਚਰਚਾ ਦੇ ਵਿੱਚ ਆ ਗਿਆ ਹੈ।
ਕਿਸਾਨ ਅੰਦੋਲਨ ਨੇ ਜਿਵੇਂ ਨੌਜਵਾਨਾਂ ਨੂੰ ਇਕੱਠਾ ਕੀਤਾ ਸੀ, ਜਿਹੜੇ ਨੌਜਵਾਨਾਂ ਨੂੰ ਨਸ਼ੇੜੀ ਵਗ਼ੈਰਾ ਕਿਹਾ ਗਿਆ ਸੀ ਉਨ੍ਹਾਂ ਨੇ ਵਿਖਾ ਦਿੱਤਾ ਸੀ ਕਿ ਉਹ ਕੀ ਕਰ ਸਕਦੇ ਹਨ। ਉਸੇ ਤਰੀਕੇ ਨਾਲ ਸਿੱਧੂ ਮੁਸੇਵਾਲਾ ਦੇ ਗਾਣੇ ਨੇ ਰਾਤੋਂ ਰਾਤ ਆਮ ਲੋਕਾਂ ਨੂੰ ਇਹ ਗੱਲ ਪਹੁੰਚਾ ਦਿੱਤੀ ਕਿ ਪੰਜਾਬ ਪਹਿਲਾਂ ਵੀ ਲੜਦਾ ਰਿਹਾ ਹੈ ਤੇ ਇੱਥੋਂ ਦੇ ਕੀ ਮਸਲੇ ਹਨ।

ਤਸਵੀਰ ਸਰੋਤ, BBC
ਸਵਾਲ-ਸਿੱਧੂ ਮੂਸੇਵਾਲਾ ਇੱਕ ਰੈਪ ਗਾਇਕ ਹਨ ਤੇ ਵਿਵਾਦਾਂ ਵਿੱਚ ਵੀ ਰਹੇ। ਕਈ ਲੋਕਾਂ ਨੇ ਉਹਨਾ ਦੀ ਨਿਖੇਧੀ ਵੀ ਕੀਤੀ ਕਿ ਉਹ ਤਾਂ ਹਿੰਸਾ ਬਾਰੇ ਤੇ ਹਥਿਆਰਾਂ ਬਾਰੇ ਗਾਣੇ ਬਣਾਉਂਦੇ ਹਨ। ਇਸ ਅਹਿਮ ਮੁੱਦੇ ਨੂੰ ਚੁੱਕਣਾ ਅਤੇ ਇਸ ਬਾਰੇ ਲਿਖਣ ਦੇ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ?
ਜਵਾਬ-ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰ ਰਹੇ ਹਨ। ਜੋ ਅਜਿਹਾ ਕਰੇਗਾ ਉਹ ਹੀਰੋ ਬਣੇਗਾ। ਨਹੀਂ ਤਾਂ ਵਿਲੇਣ ਬਣੇਗਾ।
ਇਹ ਲੜਾਈ ਪੰਜਾਬ ਦੀ ਹੀ ਹੈ। ਕਿਸੇ ਸੂਬੇ ਦਾ ਪਾਣੀ ਇਸ ਤਰੀਕੇ ਨਾਲ ਬਾਹਰ ਨਹੀਂ ਦਿੱਤਾ ਗਿਆ। ਕਿਸੇ ਦੀ ਰਾਜਧਾਨੀ ਇਸ ਤਰੀਕੇ ਨਾਲ ਨਹੀਂ ਲਈ ਗਈ। ਇਹ ਲੜਾਈ ਪੰਜਾਬ ਦੇ ਲੋਕਾਂ ਦੀ ਹੈ ਤੇ ਪੰਜਾਬ ਵਿੱਚ ਹੀ ਲੜੀ ਜਾ ਰਹੀ ਹੈ।
ਸਵਾਲ-ਕੀ ਇਹ ਮੁੱਦੇ ਯਾਨੀ ਪਾਣੀਆਂ ਤੇ ਬੰਦੀ ਸਿੰਘਾਂ ਦੇ, ਜੋ ਸਿੱਧੂ ਮੂਸੇਵਾਲਾ ਨੇ ਚੁੱਕੇ ਹਨ ਉਹ ਪੰਜਾਬ ਦੇ ਵਿੱਚ ਵੀ ਹਨ ਜਾਂ ਇਸ ਗਾਣੇ ਤੋਂ ਬਾਅਦ ਹੀ ਚਰਚਾ ਵਿੱਚ ਆਏ ਹਨ?
ਜਵਾਬ-ਜਦੋਂ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਹੋਣੀ ਸੀ ਉਸ ਵੇਲੇ ਪੰਜਾਬ ਵਿੱਚ ਹਿੰਸਾ ਵੇਖਣ ਨੂੰ ਮਿਲੀ। ਲੋਕ ਗੁੱਸੇ ਵਿੱਚ ਸਨ।
ਇਹ ਵੀ ਪੜ੍ਹੋ:
ਬੰਦੀ ਸਿੰਘਾਂ ਦੀ ਗੱਲ ਪਹਿਲੀ ਵਾਰ ਨਹੀਂ ਕੀਤੀ ਗਈ। ਅਕਾਲੀ ਦਲ ਨੂੰ ਆਪਣੀ ਸਰਕਾਰ ਵੇਲੇ ਇਸ ਮੁੱਦੇ ਦਾ ਨਿਪਟਾਰਾ ਕਰਨਾ ਚਾਹੀਦਾ ਸੀ। ਉਹਨਾਂ ਨੇ ਸਿੱਖਾਂ ਦੇ ਸੈਂਟੀਮੈਂਟ ਦੇ ਖ਼ਿਲਾਫ਼ ਜਾ ਕੇ ਸਰਕਾਰ ਚਲਾਈ ਅਤੇ ਸੁਮੇਧ ਸੈਣੀ ਨੂੰ ਆਪਣਾ ਪੁਲਿਸ ਮੁਖੀ ਲਗਾਇਆ।
ਬੰਦੀ ਸਿੰਘਾਂ ਦਾ ਮਸਲਾ ਕੋਈ ਨਵਾਂ ਨਹੀਂ ਹੈ। ਜਥੇਦਾਰ ਭਾਈ ਰਣਜੀਤ ਸਿੰਘ ਨੂੰ ਗੁਰਚਰਨ ਸਿੰਘ ਟੌਹੜਾ ਨੇ ਛੁੜਾਇਆ ਸੀ।

ਤਸਵੀਰ ਸਰੋਤ, Getty Images/Fb
ਸਵਾਲ-ਸਿੱਧੂ ਮੂਸੇਵਾਲਾ ਕਈ ਵਾਰੀ ਅੰਗਰੇਜ਼ੀ ਸ਼ਬਦਾਂ ਦਾ ਇਸਤੇਮਾਲ ਕਰਦੇ ਹਨ। ਗਾਣੇ ਵਿੱਚ ਵੀ ਅੰਗਰੇਜ਼ੀ ਸ਼ਬਦ ਸੌਵਰੈਨਿਟੀ ਦਾ ਇਸਤੇਮਾਲ ਕੀਤਾ ਹੈ ਤੇ ਕਿਹਾ ਹੈ ਕਿ ਜਦੋਂ ਤੱਕ ਤੁਸੀਂ ਸਾਨੂੰ ਸੌਵਰੈਨਿਟੀ ਦੀ ਰਾਹ ਨਹੀਂ ਦਿੰਦੇ ਪਾਣੀ ਤਾਂ ਛੱਡੋ ਇੱਕ ਤੁਪਕਾ ਨਹੀਂ ਦਿੰਦੇ,ਕਿਵੇਂ ਵੇਖਦੇ ਹੋ?
ਜਵਾਬ- ਸੌਵਰੈਨਿਟੀ ਤਾਂ ਆਮ ਸ਼ਬਦ ਹੈ। ਪੰਜਾਬ ਤਾਂ ਸ਼ੁਰੂ ਤੋਂ ਹੀ ਸੌਵਰਨ (ਪ੍ਰਭੂਸੱਤਾ ਸੰਪਨ) ਰਿਹਾ ਹੈ। ਗੱਲ ਤਾਂ ਪੰਜਾਬ ਦੇ ਹੱਕਾਂ ਦੀ ਹੈ। ਇਸ ਲਈ ਸ਼ਬਦ ਕਿਹੜੇ ਵਰਤੇ ਜਾਂਦੇ ਹਨ ਉਹ ਦੂਜੀ ਗੱਲ ਹੈ। ਇਸ ਦਾ ਮਤਲਬ ਹੈ ਕਿ ਫੈਡਰਲ ਸਟੇਟ। ਚੰਡੀਗੜ ਦੀ ਰਾਜਧਾਨੀ ਸੂਬੇ ਨਾਲ ਕਿਉਂ ਨਹੀਂ। ਬਾਕੀਆਂ ਸੂਬਿਆ ਕੋਲ ਵੀ ਤਾਂ ਹੈ। ਚੰਡੀਗੜ੍ਹ ਤਾਂ ਬਣਿਆ ਹੀ ਪੰਜਾਬ ਲਈ ਸੀ।
ਪੰਜਾਬ ਵਿੱਚ ਤਿੰਨ ਦਰਿਆ ਵਗਦੇ ਹਨ ਪਰ ਇਨ੍ਹਾਂ ਤਿੰਨ ਦਰਿਆ ਦਾ 75% ਪਾਣੀ ਗੁਆਂਢੀ ਸੂਬਿਆਂ ਰਾਜਸਥਾਨ ਦਿੱਲੀ ਤੇ ਹਰਿਆਣੇ ਨੂੰ ਜਾਂਦਾ ਹੈ। ਪੰਜਾਬ ਨੂੰ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਹੈ ਅਤੇ ਇੱਥੇ 70 ਫ਼ੀਸਦ ਸਿੰਚਾਈ ਟਿਊਬਵੈੱਲ ਰਾਹੀਂ ਹੁੰਦੀ ਹੈ ਯਾਨੀ ਸਿਰਫ਼ 30 ਫ਼ੀਸਦੀ ਹੀ ਨਹਿਰ ਦਾ ਪਾਣੀ ਲੱਗਦਾ।
ਪੰਜਾਬ ਦਾ ਪਾਣੀ ਤਾਂ ਥੱਲੇ ਚਲਾ ਗਿਆ। ਇਹ ਇੱਥੋਂ ਦੀ ਸਮੱਸਿਆ ਹੈ।

ਤਸਵੀਰ ਸਰੋਤ, JAGTAR SINGH
ਸਵਾਲ- ਗਾਣੇ ਵਿੱਚ ਬਲਵਿੰਦਰ ਜਟਾਣਾ ਦਾ ਵੀ ਜ਼ਿਕਰ ਹੈ।
ਜਵਾਬ-ਬਲਵਿੰਦਰ ਜਟਾਣਾ ਬੱਬਰ ਖ਼ਾਲਸਾ ਦੇ ਸੀ ਜਿਸ 'ਤੇ ਹੁਣ ਪਾਬੰਦੀ ਹੈ। ਉਨ੍ਹਾਂ ਨੇ ਜੋ ਇਸ ਵੇਲੇ ਐਕਸ਼ਨ ਕੀਤੇ ਉਹ ਕਿਸਾਨੀ ਨਾਲ ਸਬੰਧਿਤ ਸੀ।
ਮੈਂ ਹਿੰਸਾ ਦਾ ਸਮਰਥਨ ਨਹੀਂ ਕਰਦਾ ਪਰ ਸਿੱਖੀ ਵਿੱਚ ਸ਼ਸਤਰ ਤੇ ਸ਼ਾਸਤਰ ਦੋਵੇਂ ਇਕੱਠੇ ਚਲਦੇ ਹਨ।
ਜਦੋਂ ਬਲਵਿੰਦਰ ਜਟਾਣਾ ਨੇ ਐਕਸ਼ਨ ਕੀਤਾ ਹੈ - ਜੋ ਚੀਫ਼ ਇੰਜੀਨੀਅਰ ਤੇ ਉਨ੍ਹਾਂ ਦੇ ਸਾਥੀ ਦੀ ਮੌਤ ਹੋਈ - ਉਹ ਕੋਈ ਨਿੱਜੀ ਐਕਸ਼ਨ ਨਹੀਂ ਸੀ, ਰਾਜਨੀਤਿਕ ਸੀ।
ਜਦੋਂ ਸੰਘਰਸ਼ ਚਲਦਾ ਹੈ ਤਾਂ ਉਸ ਦੇ ਵਿੱਚ ਨੁਕਸਾਨ ਵੀ ਹੁੰਦਾ ਹੈ ਪਰ ਸਾਲ 1990 ਦੇ ਉਸ ਐਕਸ਼ਨ ਤੋਂ ਬਾਦ ਨਹਿਰ ਦੀ ਅੱਜ ਤੱਕ ਇੱਕ ਵੀ ਇੱਟ ਨਹੀਂ ਲੱਗੀ।

ਤਸਵੀਰ ਸਰੋਤ, ARVIND AULAKH
ਇਸ ਦੇ ਵਿੱਚ ਪਾਣੀ ਕਦੇ ਨਹੀਂ ਚੱਲਿਆ ਨਾ ਹੀ ਮੈਨੂੰ ਲੱਗਦਾ ਹੈ ਕਿ ਇਹ ਕਦੇ ਚੱਲੇਗਾ। ਇਸ ਦੇ ਵਿੱਚ ਖ਼ੂਨ ਹੀ ਡੁੱਲ੍ਹਿਆ ਹੈ।
ਸਿਆਸੀ ਪਾਰਟੀਆਂ ਨੇ ਇਸ ਨਹਿਰ ਦੇ ਮੁੱਦੇ ਦਾ ਫ਼ਾਇਦਾ ਚੁੱਕਣ ਦੀ ਕੋਸ਼ਿਸ਼ ਹੀ ਕੀਤੀ ਹੈ। ਉਹ ਗ਼ਲਤ ਕੀਤਾ ਹੈ।
ਇਹ ਠੀਕ ਹੈ ਕਿ ਬਾਅਦ ਦੇ ਵਿੱਚ ਸਾਲ 2004 ਵਿੱਚ ਕੈਪਟਨ ਅਮਰਿੰਦਰ ਸਿੰਘ ਜਿਹਨਾਂ ਨੂੰ ਪਾਣੀਆਂ ਦਾ ਰਾਖਾ ਵੀ ਕਿਹਾ ਗਿਆ ਹੈ ਨੇ 2004 ਵਿੱਚ ਵਿਧਾਨ ਸਭਾ ਸੈਸ਼ਨ ਬੁਲਾ ਕੇ ਪੰਜਾਬ 'ਟਰਮੀਨੇਸ਼ਨ ਆਫ਼ ਐਗਰੀਮੈਂਟ ਐਕਟ' ਨੂੰ ਮਨਜ਼ੂਰੀ ਦਿੱਤੀ। ਇਸ ਵੇਲੇ ਉਹ ਪੰਜਾਬ ਦੇ ਮੁੱਖ ਮੰਤਰੀ ਸਨ।
ਬਾਅਦ ਵਿੱਚ ਬਾਦਲ ਸਰਕਾਰ ਨੂੰ ਵੀ ਐਕਸ਼ਨ ਕਰਨਾ ਪਿਆ।
ਜਦੋਂ ਸੁਪਰੀਮ ਕੋਰਟ ਨੇ ਫਿਰ ਕਿਹਾ ਕਿ ਨਹਿਰ ਨੂੰ ਬਣਾਇਆ ਜਾਵੇ ਤਾਂ ਬਾਦਲ ਸਰਕਾਰ ਨੇ ਸਾਰੀ ਜ਼ਮੀਨ ਡੀਨੋਟੀਫਾਈ ਕਰ ਦਿੱਤੀ।
ਸੋ ਮੁੱਦਾ ਇਹ ਨਹੀਂ ਹੈ ਜੋ ਬਲਵਿੰਦਰ ਜਟਾਣਾ ਨੇ ਕੀ ਕੀਤਾ ਉਹ ਠੀਕ ਕੀਤਾ ਹੈ ਨਹੀਂ। ਮੁੱਦਾ ਇਹ ਹੈ ਕਿ ਉਹ ਸੂਬਾ ਜਿਸ ਦੇ ਕੋਲ ਏਨਾ ਪਾਣੀ ਨਹੀਂ ਹੈ, ਕੀ ਉਸ ਦਾ ਪਾਣੀ ਬਾਹਰ ਜਾਣਾ ਚਾਹੀਦਾ ਹੈ?
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













