‘ਮੈਨੂੰ ਸੋਸ਼ਲ ਮੀਡੀਆ ਦੀ ਲਤ ਲੱਗ ਗਈ ਸੀ, ਹੁਣ ਮੈਂ ਫੇਸਬੁੱਕ, ਗੂਗਲ ਵਰਗੀਆਂ ਕੰਪਨੀਆਂ ’ਤੇ ਕੇਸ ਕਰ ਰਹੀ ਹਾਂ’

- ਲੇਖਕ, ਐਂਗਸ ਕ੍ਰਾਅਫੋਰਡ ਤੇ ਟੋਨੀ ਸਮਿੱਥ
- ਰੋਲ, ਬੀਬੀਸੀ ਨਿਊਜ਼
ਦੁਨੀਆ ਦੀਆਂ ਕੁਝ ਵੱਡੀਆਂ ਤਕਨੀਕੀ ਕੰਪਨੀਆਂ ਉੱਤੇ ਸੈਂਕੜੇ ਪਰਿਵਾਰਾਂ ਨੇ ਕੇਸ ਕਰ ਦਿੱਤੇ ਹਨ। ਪਰਿਵਾਰਾਂ ਮੁਤਾਬਕ ਜਾਣਦੇ ਹੋਏ ਵੀ ਇਹ ਕੰਪਨੀਆਂ ਬੱਚਿਆਂ ਨੂੰ ਨੁਕਸਾਨਦਾਇਕ ਉਤਪਾਦ ਦਿਖਾਉਂਦੀਆਂ ਹਨ। ਇੱਕ ਸ਼ਿਕਾਇਤਕਰਤਾ ਨੇ ਤਫ਼ਸੀਲ ਵਿੱਚ ਦੱਸਿਆ ਕਿ ਉਹ ਸਿਲੀਕੌਨ ਵੈਲੀ, ਅਮਰੀਕਾ (ਸੋਸ਼ਲ ਮੀਡੀਆ ਕੰਪਨੀਆਂ ਦਾ ਮੁੱਖ ਕੇਂਦਰ) ਉੱਤੇ ਕਾਰਵਾਈ ਕਿਉਂ ਕਰ ਰਹੇ ਹਨ।
ਟੇਲਰ ਲਿਟਲ ਨੇ ਕਿਹਾ, ‘‘ਮੈਂ 12 ਸਾਲ ਦੀ ਉਮਰ ਵਿੱਚ ਸਚਮੁੱਚ ਇਸ ਦੇ ਨਸ਼ੇ ਵਿੱਚ ਫਸ ਗਈ ਅਤੇ ਮੇਰੀ ਅੱਲ੍ਹੜ ਉਮਰ ਦੀ ਜ਼ਿੰਦਗੀ ਵਾਪਸ ਨਹੀਂ ਆਈ।"
ਟੇਲਰ ਨੂੰ ਸੋਸ਼ਲ ਮੀਡੀਆ ਦੀ ਲਤ ਸੀ, ਉਹ ਲਤ ਜੋ ਖ਼ੁਦਕੁਸ਼ੀ ਦੀਆਂ ਕੋਸ਼ਿਸ਼ਾਂ ਅਤੇ ਕਈ ਸਾਲਾਂ ਦੇ ਡਿਪਰੈਸ਼ਨ ਤੱਕ ਜਾ ਪਹੁੰਚੀ।
ਟੇਲਰ ਦੀ ਉਮਰ ਹੁਣ 21 ਸਾਲ ਹੈ ਅਤੇ ਉਹ ਵੱਡੀਆਂ ਤਕਨੀਕੀ ਕੰਪਨੀਆਂ ਨੂੰ ‘‘ਵੱਡੇ, ਬੁਰੇ ਦੈਂਤ’’ ਕਹਿੰਦੇ ਹਨ।
ਟੇਲਰ ਦਾ ਮੰਨਣਾ ਹੈ ਕਿ ਇਹ ਕੰਪਨੀਆਂ ਜਾਣਬੁੱਝ ਕੇ ਬੱਚਿਆਂ ਨੂੰ ਬਹੁਤ ਜ਼ਿਆਦਾ ਲਤ ਅਤੇ ਨੁਕਸਾਨ ਕਰਨ ਵਾਲੀ ਸਮੱਗਰੀ ਜਾਂ ਉਤਪਾਦ ਪਰੋਸਦੀਆਂ ਹਨ।
ਇਸੇ ਕਰਕੇ ਟੇਲਰ ਅਤੇ ਸੈਂਕੜੇ ਹੋਰ ਅਮਰੀਕੀ ਪਰਿਵਾਰਾਂ ਨੇ ਦੁਨੀਆ ਦੀਆਂ ਚਾਰ ਵੱਡੀਆਂ ਤਕਨੀਕੀ ਕੰਪਨੀਆਂ ਉੱਤੇ ਕੇਸ ਕੀਤਾ ਹੈ।
ਡਿਜ਼ਾਈਨ ਪੱਖੋਂ ਵੀ ਨੁਕਸਾਨਦੇਹ
ਮੇਟਾ (ਫੇਸਬੁੱਕ ਅਤੇ ਇੰਸਟਗ੍ਰਾਮ), ਟਿਕ ਟੌਕ, ਗੂਗਲ ਅਤੇ ਸਨੈਪਚੈਟ ਦੇ ਖਿਲਾਫ਼ ਮੁਕੱਦਮਾ, ਸਿਲੀਕੌਨ ਵੈਲੀ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਮੁਕੱਦਮੇ ਵਿੱਚੋਂ ਇੱਕ ਹੈ।
ਸ਼ਿਕਾਇਤ ਕਰਨ ਵਾਲਿਆਂ ਵਿੱਚ ਪੂਰੇ ਅਮਰੀਕਾ ਤੋਂ ਆਮ ਪਰਿਵਾਰ ਅਤੇ ਸਕੂਲੀ ਜ਼ਿਲ੍ਹੇ ਹਨ।
ਇਨ੍ਹਾਂ ਦਾ ਦਾਅਵਾ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ ਡਿਜ਼ਾਈਨ ਪੱਖੋਂ ਵੀ ਨੁਕਸਾਨਦੇਹ ਹਨ।
ਪਰਿਵਾਰਾਂ ਦੇ ਵਕੀਲਾਂ ਦਾ ਮੰਨਣਾ ਹੈ ਕਿ 14 ਸਾਲਾ ਬ੍ਰਿਟਿਸ਼ ਸਕੂਲੀ ਵਿਦਿਆਰਥਣ ਮੌਲੀ ਰਸਲ ਦਾ ਕੇਸ ਕਿਸ਼ੋਰਾਂ ਨੂੰ ਹੋਣ ਵਾਲੇ ਸੰਭਾਵੀ ਨੁਕਸਾਨਾਂ ਦੀ ਇੱਕ ਮਹੱਤਵਪੂਰਣ ਉਦਾਹਰਣ ਹੈ।
ਪਿਛਲੇ ਸਾਲ ਉਨ੍ਹਾਂ ਨੇ ਵਾਸ਼ਿੰਗਟਨ ਤੋਂ ਵੀਡੀਓ ਲਿੰਕ ਰਾਹੀਂ ਮੌਲੀ ਦੀ ਮੌਤ ਦੀ ਜਾਂਚ ਦੀ ਨਿਗਰਾਨੀ ਕੀਤੀ ਅਤੇ ਕਿਸੇ ਵੀ ਸਬੂਤ ਦੀ ਭਾਲ ਕੀਤੀ ਜਿਸ ਦੀ ਵਰਤੋਂ ਉਹ ਮੁਕੱਦਮੇ ਵਿੱਚ ਕਰ ਸਕਦੇ ਹਨ।

ਤਸਵੀਰ ਸਰੋਤ, RUSSELL FAMILY
ਕੈਲੀਫੋਰਨੀਆ ਦੀ ਅਦਾਲਤ ਵਿੱਚ ਪੇਸ਼ ਕੀਤੀ ਮੁੱਖ ਸ਼ਿਕਾਇਤ ਵਿੱਚ ਮੌਲੀ ਦੇ ਨਾਂ ਦਾ ਦਰਜਨਾਂ ਵਾਰ ਜ਼ਿਕਰ ਕੀਤਾ ਗਿਆ ਹੈ।
ਪਿਛਲੇ ਹਫਤੇ ਕੇਸ ਵਿੱਚ ਪਰਿਵਾਰਾਂ ਨੂੰ ਇੱਕ ਚੰਗਾ ਹੁੰਗਾਰਾ ਮਿਲਿਆ ਜਦੋਂ ਇੱਕ ਜੱਜ ਨੇ ਫੈਸਲਾ ਦਿੱਤਾ ਕਿ ਕੰਪਨੀਆਂ ਕਾਰਵਾਈ ਨੂੰ ਰੋਕਣ ਲਈ, ਪ੍ਰਗਟਾਵੇ ਦੀ ਆਜ਼ਾਦੀ ਦੀ ਰੱਖਿਆ ਕਰਨ ਵਾਲੇ ਅਮਰੀਕੀ ਸੰਵਿਧਾਨ ਦੀ ਪਹਿਲੀ ਸੋਧ ਦੀ ਵਰਤੋਂ ਨਹੀਂ ਕਰ ਸਕਦੀਆਂ।
ਜੱਜ ਗੋਂਜ਼ਾਲੇਜ਼ ਰੋਜਰਜ਼ ਨੇ ਇਹ ਵੀ ਫੈਸਲਾ ਸੁਣਾਇਆ ਕਿ ਕਮਿਊਨੀਕੇਸ਼ਨ ਡੀਸੈਂਸੀ ਐਕਟ ਦਾ ਸੇਕਸ਼ਨ 230 ਜੋ ਕਹਿੰਦਾ ਹੈ ਕਿ ਪਲੇਟਫਾਰਮ ਪ੍ਰਕਾਸ਼ਕ ਨਹੀਂ ਹਨ, ਇਹ ਐਕਟ ਕੰਪਨੀਆਂ ਨੂੰ ਬਲੈਂਕੇਟ ਸੁਰੱਖਿਆ ਨਹੀਂ ਦਿੰਦਾ।
ਜੱਜ ਨੇ ਫੈਸਲਾ ਸੁਣਾਇਆ ਕਿ ਮਿਸਾਲ ਦੇ ਤੌਰ ’ਤੇ "ਮਜ਼ਬੂਤ" ਉਮਰ ਦੀ ਤਸਦੀਕ ਦੀ ਘਾਟ ਅਤੇ ਮਾਪਿਆਂ ਦੇ ਮਾੜੇ ਕੰਟਰੋਲ ਬਾਰੇ ਜੋ ਦਲੀਲ ਪਰਿਵਾਰ, ਉਹ ਪ੍ਰਗਟਾਵੇ ਦੀ ਆਜ਼ਾਦੀ ਦੇ ਮੁੱਦੇ ਨਹੀਂ ਹਨ।
ਪਰਿਵਾਰਾਂ ਦੇ ਵਕੀਲਾਂ ਨੇ ਇਸ ਨੂੰ ‘‘ਅਹਿਮ ਜਿੱਤ’’ ਦੱਸਿਆ।
ਕੰਪਨੀਆਂ ਕਹਿੰਦੀਆਂ ਹਨ ਕਿ ਇਹ ਦਾਅਵੇ ਸੱਚੇ ਨਹੀਂ ਹਨ ਅਤੇ ਉਹ ਮਜ਼ਬੂਤੀ ਨਾਲ ਆਪਣਾ ਬਚਾਅ ਕਰਨਾ ਚਾਹੁੰਦੇ ਹਨ।
‘ਜਿਵੇਂ ਕੁਝ ਨਹੀਂ ਬਚਿਆ’

ਟੇਲਰ ਅਮਰੀਕਾ ਦੇ ਕੋਲੋਰਾਡੋ ਸੂਬੇ ਵਿੱਚ ਰਹਿੰਦੇ ਹਨ। ਉਹ ਦੱਸਦੇ ਹਨ ਕਿ ਪਹਿਲਾ ਸਮਾਰਟਫੋਨ ਮਿਲਣ ਤੋਂ ਪਹਿਲਾਂ ਉਹ ਖੇਡ ਦੀ ਫ਼ਿਤਰਤ ਵਾਲੇ ਅਤੇ ਬਾਹਰੀ ਗਤੀਵਿਧੀਆਂ ਵਾਲੇ ਸਨ, ਡਾਂਸ ਅਤੇ ਥੀਏਟਰ ਵਿੱਚ ਵੀ ਹਿੱਸਾ ਲੈਂਦੇ ਸਨ।
ਟੇਲਰ ਕਹਿੰਦੇ ਹਨ, ‘‘ਜੇ ਮੇਰਾ ਫ਼ੋਨ ਖੋਹ ਲਿਆ ਜਾਂਦਾ ਸੀ ਤਾਂ ਅਜਿਹਾ ਮਹਿਸੂਸ ਹੁੰਦਾ ਸੀ ਜਿਵੇਂ ਕੁਝ ਨਹੀਂ ਬਚਿਆ। ਇਹ ਅਸਹਿ ਸੀ। ਸਚਮੁੱਚ ਜਦੋਂ ਮੈਂ ਕਹਿੰਦੀ ਹਾਂ ਕਿ ਇਹ ਲਤ ਵਾਲਾ ਸੀ, ਮੇਰਾ ਮਤਲਬ ਇਹ ਨਹੀਂ ਹੈ ਕਿ ਇਹ ਆਦਤ ਸੀ। ਮੇਰਾ ਮਤਲਬ ਹੈ, ਮੇਰਾ ਸਰੀਰ ਅਤੇ ਦਿਮਾਗ ਇਸ ਨੂੰ ਤਰਸਦਾ ਸੀ।"
ਟੇਲਰ ਨੂੰ ਸਭ ਤੋਂ ਪਹਿਲੀ ਸੋਸ਼ਲ ਮੀਡੀਆ ਨੋਟੀਫਿਕੇਸ਼ਨ ਉੱਤੇ ਕਲਿੱਕ ਕਰਨ ਬਾਰੇ ਵੀ ਯਾਦ ਹੈ।
ਇਹ ਕਿਸੇ ਦਾ ਨਿੱਜੀ ਪੇਜ ਸੀ, ਜਿਸ ਉੱਤੇ ਪਰੇਸ਼ਾਨ ਕਰਦੀਆਂ ਜ਼ਖ਼ਮਾਂ ਅਤੇ ਕੱਟਾਂ ਦੀਆਂ ਤਸਵੀਰਾਂ ਸਨ।
‘’ਉਸ ਵੇਲੇ 11 ਸਾਲ ਦੀ ਸੀ ਤੇ ਮੈਂ ਪੇਜ ਉੱਤੇ ਕਲਿੱਕ ਕੀਤਾ ਤਾਂ ਇਹ ਬਿਨਾਂ ਚੇਤਾਵਨੀ ਦੇ ਦਿਖਿਆ। ਮੈਂ ਇਸ ਬਾਰੇ ਭਾਲ ਨਹੀਂ ਕੀਤੀ ਤੇ ਨਾ ਹੀ ਪੁੱਛਿਆ। ਮੈਂ ਹੁਣ 21 ਸਾਲ ਦੀ ਹਾਂ ਤੇ ਹਾਲੇ ਵੀ ਇਸ ਪੇਜ ਨੂੰ ਦੇਖ ਸਕਦੀ ਹਾਂ।’’
ਟੇਲਰ ਸਾਹਮਣੇ ਬਾਡੀ ਇਮੇਜ ਨਾਲ ਸਬੰਧਿਤ ਅਤੇ ਖਾਣ-ਪੀਣ ਦੇ ਵਿਗਾੜਾਂ ਦੇ ਆਲੇ ਦੁਆਲੇ ਸਮੱਗਰੀ ਵੀ ਆਈ।
ਇਸ ਬਾਰੇ ਉਹ ਕਹਿੰਦੇ ਹਨ, ‘‘ਇਹ ਮਾਨਸਿਕ ਤੌਰ ਉੱਤੇ ਪਰੇਸ਼ਾਨ ਕਰਨ ਵਾਲਾ ਸੀ। ਤੁਸੀਂ ਲਗਾਤਾਰ ਇੱਕ ਸਰੀਰ ਦੀਆਂ ਤਸਵੀਰਾਂ ਨਾਲ ਬੰਬਾਰੀ ਕਰ ਰਹੇ ਹੋ ਜੋ ਤੁਸੀਂ ਮਰੇ ਬਿਨਾਂ ਨਹੀਂ ਰੱਖ ਸਕਦੇ। ਤੁਸੀਂ ਇਸ ਤੋਂ ਬਚ ਨਹੀਂ ਸਕਦੇ।"
ਟੇਲਰ ਅਤੇ ਹੋਰਾਂ ਦੇ ਵਕੀਲਾਂ ਨੇ ਵਿਅਕਤੀਗਤ ਪੋਸਟਾਂ, ਟਿੱਪਣੀਆਂ ਜਾਂ ਤਸਵੀਰਾਂ ਦੀ ਥਾਂ ਪਲੇਟਫਾਰਮਾਂ ਦੇ ਡਿਜ਼ਾਈਨ 'ਤੇ ਧਿਆਨ ਕੇਂਦਰਿਤ ਕਰਦੇ ਹੋਏ, ਮੁਕੱਦਮੇ ਲਈ ਇੱਕ ਨਵਾਂ ਪਹੁੰਚ ਅਪਣਾਈ ਹੈ।
ਉਹ ਦਾਅਵਾ ਕਰਦੇ ਹਨ ਕਿ ਐਪਸ ਵਿੱਚ ਡਿਜ਼ਾਈਨ ਵਿਸ਼ੇਸ਼ਤਾਵਾਂ ਹਨ ਜੋ ਲਤ ਅਤੇ ਨੁਕਸਾਨ ਦਾ ਕਾਰਨ ਬਣਦੀਆਂ ਹਨ।
‘ਸੱਚ ਨਹੀਂ’

ਤਸਵੀਰ ਸਰੋਤ, Getty Images
ਮੇਟਾ ਕੰਪਨੀ ਨੇ ਇੱਕ ਬਿਆਨ ਜਾਰੀ ਕੀਤਾ ਹੈ – ‘‘ਸ਼ਿਕਾਇਤਾਂ ਵਿੱਚ ਪ੍ਰਤੀਨਿਧਤਾ ਕਰਨ ਵਾਲੇ ਪਰਿਵਾਰਾਂ ਨਾਲ ਸਾਡੀ ਹਮਦਰਦੀ ਹੈ।’’
‘‘ਅਸੀਂ ਹਰੇਕ ਮਾਤਾ-ਪਿਤਾ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਅਸੀਂ ਕਿਸ਼ੋਰਾਂ ਨੂੰ ਔਨਲਾਈਨ ਸੁਰੱਖਿਅਤ ਤੇ ਸਹਾਇਕ ਅਨੁਭਵ ਪ੍ਰਦਾਨ ਕਰਨ ਲਈ ਜੋ ਕੰਮ ਕਰ ਰਹੇ ਹਾਂ, ਉਸ ਵਿੱਚ ਸਾਡੇ ਦਿਲ ਵਿੱਚ ਉਨ੍ਹਾਂ ਦੇ ਹਿੱਤ ਹਨ।’’
ਟਿਕ ਟੌਕ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਗੂਗਲ ਨੇ ਸਾਨੂੰ ਦੱਸਿਆ – ‘‘ਇਹਨਾਂ ਸ਼ਿਕਾਇਤਾਂ ਵਿੱਚ ਲਗਾਏ ਗਏ ਇਲਜ਼ਾਮ ਸੱਚ ਨਹੀਂ ਹਨ। ਸਾਡੇ ਸਾਰੇ ਪਲੇਟਫਾਰਮਾਂ ਉੱਤੇ ਬੱਚਿਆਂ ਦੀ ਸੁਰੱਖਿਆ ਸਾਡੇ ਕੰਮ ਦਾ ਅਹਿਮ ਹਿੱਸਾ ਹੈ।’’
ਸਨੈਪਚੈਟ ਨੇ ਕਿਹਾ ਕਿ ਉਨ੍ਹਾਂ ਦਾ ਪਲੇਟਫਾਰਮ – ‘‘ਸੰਪੂਰਨ ਹੋਣ ਦੇ ਦਬਾਅ ਨੂੰ ਹਟਾਉਣ ਲਈ ਤਿਆਰ ਕੀਤਾ ਗਿਆ ਸੀ। ਅਸੀਂ ਕਿਸੇ ਵੀ ਨੁਕਸਾਨਦੇਹ ਚੀਜ਼ ਦੇ ਫੈਲਣ ਨੂੰ ਰੋਕਣ ਲਈ ਇੱਕ ਵੱਡੇ ਦਰਸ਼ਕਾਂ ਤੱਕ ਪਹੁੰਚਣ ਤੋਂ ਪਹਿਲਾਂ ਸਾਰੀ ਸਮੱਗਰੀ ਦੀ ਜਾਂਚ ਕਰਦੇ ਹਾਂ।’’
ਮੌਲੀ ਰਸਲ

ਤਸਵੀਰ ਸਰੋਤ, Getty Images
ਟੇਲਰ ਉੱਤਰ-ਪੱਛਮੀ ਲੰਡਨ ਦੀ ਮੌਲੀ ਰਸਲ ਦੀ ਕਹਾਣੀ ਬਾਰੇ ਸਭ ਕੁਝ ਜਾਣਦੇ ਹਨ, ਮੌਲੀ ਨੇ ਇੰਸਟਾਗ੍ਰਾਮ 'ਤੇ ਨਕਾਰਾਤਮਕ, ਨਿਰਾਸ਼ਾਜਨਕ ਸਮੱਗਰੀ ਦੇ ਸਾਹਮਣੇ ਆਉਣ ਤੋਂ ਬਾਅਦ ਆਪਣੀ ਜਾਨ ਲੈ ਲਈ ਸੀ।
ਜਾਂਚ ਵਿੱਚ ਇਹ ਸਾਹਮਣੇ ਆਇਆ ਕਿ "ਉਦਾਸੀ ਅਤੇ ਔਨਲਾਈਨ ਸਮੱਗਰੀ ਦੇ ਨਕਾਰਾਤਮਕ ਪ੍ਰਭਾਵਾਂ ਤੋਂ ਪੀੜਤ ਹੋਣ ਦੌਰਾਨ" ਮੌਲੀ ਦੀ ਮੌਤ ਹੋ ਗਈ।
ਟੇਲਰ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਕਹਾਣੀਆਂ ਬਹੁਤ ਮਿਲਦੀਆਂ-ਜੁਲਦੀਆਂ ਹਨ।
‘‘ਮੈਂ ਖ਼ੁਦ ਨੂੰ ਬਹੁਤ ਭਾਗਾਂ ਵਾਲੀ ਮੰਨਦੀ ਹਾਂ ਕਿ ਮੈਂ ਬੱਚ ਗਈ। ਤੇ ਮੇਰਾ ਦਿਲ ਅਜਿਹੇ ਤਰੀਕਿਆਂ ਨਾਲ ਟੁੱਟ ਗਿਆ ਹੈ ਕਿ ਮੈਂ ਮੌਲੀ ਵਰਗੇ ਲੋਕਾਂ ਲਈ ਸ਼ਬਦਾਂ ਵਿੱਚ ਨਹੀਂ ਦੱਸ ਸਕਦੀ।’’
"ਮੈਂ ਖੁਸ਼ ਹਾਂ, ਆਪਣੀ ਜ਼ਿੰਦਗੀ ਨੂੰ ਸਚਮੁੱਚ ਪਿਆਰ ਕਰਦੀ ਹਾਂ। ਮੈਂ ਅਜਿਹੀ ਥਾਂ 'ਤੇ ਹਾਂ ਜਿੱਥੇ ਮੈਂ ਸੋਚਿਆ ਵੀ ਨਹੀਂ ਸੀ ਕਿ ਮੈਂ ਉੱਥੇ ਰਹਾਂਗੀ।"
ਇਹ ਟੇਲਰ ਵੱਲੋਂ ਕਾਨੂੰਨੀ ਕਾਰਵਾਈ ਨੂੰ ਦੇਖਣ ਲਈ ਦ੍ਰਿੜ ਬਣਾਉਂਦਾ ਹੈ।
‘‘ਉਹ (ਕੰਪਨੀਆਂ) ਜਾਣਦੇ ਹਨ ਕਿ ਅਸੀਂ ਮਰ ਰਹੇ ਹਾਂ, ਉਨ੍ਹਾਂ ਨੂੰ ਕੋਈ ਫ਼ਿਕਰ ਨਹੀਂ ਹੈ। ਉਹ ਸਾਡੀ ਮੌਤ ਤੋਂ ਪੈਸਾ ਬਣਾਉਂਦੇ ਹਨ।’’
"ਮੇਰੇ ਕੋਲ ਬਿਹਤਰ ਸੋਸ਼ਲ ਮੀਡੀਆ ਦੀ ਉਮੀਦ ਪੂਰੀ ਤਰ੍ਹਾਂ ਸਾਡੇ ਜਿੱਤਣ ਅਤੇ ਉਨ੍ਹਾਂ ਨੂੰ ਇਸ ਨੂੰ ਬਿਹਤਰ ਬਣਾਉਣ ਲਈ ਮਜਬੂਰ ਕਰਨ 'ਤੇ ਨਿਰਭਰ ਕਰਦੀ ਹੈ, ਕਿਉਂਕਿ ਉਹ ਕਦੇ ਵੀ ਨਹੀਂ ਚੁਣਨਗੇ."












