ਪੰਜਾਬੀ ਯੂਟਿਊਬਰ ਜੋੜੇ ਦਾ ਨਿੱਜੀ ਵੀਡੀਓ ਵਾਇਰਲ- 'ਸਾਡੀ ਥਾਂ ਆ ਦੇਖੋ ਕਿ ਅਸੀਂ ਕਿਹੋ ਜਿਹੇ ਗੰਦੇ ਹਾਲਾਤਾਂ 'ਚੋਂ ਨਿਕਲ ਰਹੇ ਹਾਂ'

ਤਸਵੀਰ ਸਰੋਤ, Getty Images
ਪੰਜਾਬ ਦੇ ਜਲੰਧਰ ਨਾਲ ਸਬੰਧਤ ਇੱਕ ਮਸ਼ਹੂਰ ਯੂ-ਟਿਊਬਰ ਜੋੜੇ ਦਾ ਨਿੱਜੀ ਵੀਡੀਓ ਵਾਇਰਲ ਹੋਣ ਦਾ ਮਾਮਲਾ ਖਾਸਾ ਚਰਚਾ ਵਿੱਚ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਬਾਰੇ ਕਈ ਤਰ੍ਹਾਂ ਦੇ ਮੀਮਜ਼ ਵੀ ਸ਼ੇਅਰ ਕੀਤੀਆ ਜਾ ਰਹੀਆਂ ਹਨ।
ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਇਸ ਜੋੜੇ ਦੇ ਵੀਡੀਓ-ਤਸਵੀਰਾਂ ਸਾਂਝਾ ਕਰਕੇ ਉਨ੍ਹਾਂ ਦਾ ਮਖੌਲ ਬਣਾ ਰਹੇ ਹਨ ਅਤੇ ਕੁਝ ਅਜਿਹੇ ਵੀ ਲੋਕ ਹਨ, ਜੋ ਉਨ੍ਹਾਂ ਦੇ ਹੱਕ ਵਿੱਚ ਆਵਾਜ਼ ਚੁੱਕ ਰਹੇ ਹਨ।
ਐੱਨਡੀਟੀਵੀ ਦੀ ਜਾਣਕਾਰੀ ਮੁਤਾਬਕ, ਜੋੜੇ ਨੇ ਇਸ ਮਾਮਲੇ ਵਿੱਚ ਇੱਕ ਐਫਆਈਆਰ ਦਰਜ ਕਰਵਾ ਦਿੱਤੀ ਹੈ ਅਤੇ ਕਿਹਾ ਹੈ ਕਿ ਇਹ ਫੇਕ ਵੀਡੀਓ ਹੈ।
...ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵੀਡੀਓ ਨੂੰ ਡਿਲੀਟ ਕਰ ਦੇਣ।
ਇਸ ਪੂਰੇ ਮਾਮਲੇ ਨੇ ਇੱਕ ਵਾਰ ਮੁੜ ਤੋਂ ਸੋਸ਼ਲ ਮੀਡੀਆ, ਇਸ ਦੇ ਗਲਤ ਇਸਤੇਮਾਲ, ਵਿਅਕਤੀ ਦੀ ਨਿੱਜੀ ਸੁਰੱਖਿਆ ਆਦਿ ਮੁੱਦਿਆਂ ਨੂੰ ਲੈ ਕੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।
ਪਰ ਇਨ੍ਹਾਂ ਸਾਰੇ ਪੱਖਾਂ 'ਤੇ ਗੱਲ ਕਰਨ ਤੋਂ ਪਹਿਲਾਂ ਆਓ ਜਾਣ ਲੈਂਦੇ ਹਾਂ ਕਿ ਕਿ ਉਹ ਪੂਰਾ ਵਿਵਾਦ ਕੀ ਹੈ...
ਕੀ ਹੈ ਪੂਰਾ ਮਾਮਲਾ

ਤਸਵੀਰ ਸਰੋਤ, Getty Images
ਦਰਅਸਲ ਜਿਸ ਜੋੜੇ ਦਾ ਨਿੱਜੀ ਵੀਡੀਓ ਵਾਇਰਲ ਹੋਇਆ ਹੈ, ਉਹ ਯੂਟਿਊਬਰ ਜੋੜਾ ਪੰਜਾਬ ਦੇ ਜਲੰਧਰ ਵਿੱਚ ਇੱਕ ਫ਼ੂਡ ਸਟਾਲ ਚਲਾਉਂਦਾ ਹੈ।
ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਪਤਾ ਲੱਗਦਾ ਹੈ ਕਿ ਆਮ ਲੋਕ ਹੀ ਨਹੀਂ ਬਲਕਿ ਕਈ ਜਾਣੀਆਂ-ਪਛਾਣੀਆਂ ਹਸਤੀਆਂ ਵੀ ਉਨ੍ਹਾਂ ਦੇ ਖਾਣੇ ਦੀਆਂ ਸ਼ੌਕੀਨ ਹਨ।
ਜਾਣਕਾਰੀ ਮੁਤਾਬਕ, ਕਿਸੇ ਨੇ ਪਹਿਲਾਂ ਇਸ ਜੋੜੇ ਨੂੰ ਵੀਡੀਓ ਲੀਕ ਕਰਨ ਨੂੰ ਲੈ ਕੇ ਬਲੈਕਮੇਲ ਕੀਤਾ ਅਤੇ ਉਸ ਦੇ ਬਦਲੇ ਪੈਸੇ ਮੰਗੇ।
ਜਦੋਂ ਇਸ ਜੋੜੇ ਨੇ ਬੈਲਕਮੇਲ ਕਰਨ ਵਾਲੇ ਵਿਅਕਤੀ ਨੂੰ ਪੈਸੇ ਨਹੀਂ ਦਿੱਤੇ ਤਾਂ ਉਸ ਵਿਅਕਤੀ ਨੇ ਇਨ੍ਹਾਂ ਦਾ ਵੀਡੀਓ ਵਾਇਰਲ ਕਰ ਦਿੱਤਾ।
ਪੀੜਤ ਯੂ-ਟਿਊਬਰ ਨੇ ਕੀ ਦੱਸਿਆ

ਤਸਵੀਰ ਸਰੋਤ, Getty Images
ਇਸ ਫ਼ੂਡ ਸਟਾਲ ਦੇ ਮਾਲਕ ਨੇ ਐੱਨਡੀਟੀਵੀ ਨਾਲ ਗੱਲ ਕਰਦਿਆਂ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਦਾਅਵਾ ਕੀਤੀ ਕਿ ''ਸਾਡੇ ਨਾਮ ਤੋਂ ਇੱਕ ਵੀਡੀਓ ਵਾਇਰਲ ਹੁੰਦੀ ਦੇਖ ਰਹੇ ਹੋ, ਇਹ ਵੀਡੀਓ ਪੂਰੀ ਤਰ੍ਹਾਂ ਫੇਕ ਹੈ।''
ਉਨ੍ਹਾਂ ਕਿਹਾ ਕਿ 15 ਕੁ ਦਿਨ ਪਹਿਲਾਂ ਉਨ੍ਹਾਂ ਨੂੰ ਇੰਸਟਾਗ੍ਰਾਮ 'ਤੇ ਇਹ ਵਾਲੀ ਵੀਡੀਓ ਭੇਜ ਕੇ ਇੱਕ ਮੈਸੇਜ ਆਇਆ ਸੀ ਕਿ ''ਮੇਰੇ ਖਾਤੇ ਵਿੱਚ ਇੰਨੇ ਪੈਸੇ ਟਰਾਂਸਫਰ ਕਰ ਦਿੱਤੇ ਜਾਣ, ਨਹੀਂ ਤਾਂ ਇਹ ਵੀਡੀਓ ਮੈਂ ਵਾਇਰਲ ਕਰ ਦੇਵਾਂਗਾ।''
''ਅਸੀਂ ਉਸ ਨੂੰ ਕਿਸੇ ਪਾਸੇ ਪੈਸੇ ਦੇਣ ਦੀ ਬਜਾਇ, ਆ ਕੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੇ ਸ਼ਿਕਾਇਤ ਦੇ ਅਧਾਰ 'ਤੇ ਕੁਝ ਬੰਦੇ ਰਾਊਂਡ-ਅੱਪ ਵੀ ਕੀਤੇ। ਪਰ ਸਾਡੇ ਘਰ ਬੇਬੀ ਹੋਣ ਵਾਲਾ ਸੀ, ਅਸੀਂ 2-3 ਦਿਨ ਉੱਧਰ ਵਿਅਸਤ ਹੋ ਗਏ ਤੇ ਕੋਈ ਐਕਸ਼ਨ ਨਹੀਂ ਲੈ ਸਕੇ।''
ਉਹ ਕਹਿੰਦੇ ਹਨ ਕਿ ਅੱਜ ਕਲ੍ਹ ਏਆਈ ਦੇ ਨਾਲ ਬੜਾ ਕੁਝ ਹੋ ਜਾਂਦਾ ਹੈ, ਕਿਸੇ ਵੀ ਵੀਡੀਓ-ਫੋਟੋ 'ਤੇ ਕਿਸੇ ਦੇ ਚਿਹਰੇ ਲਗਾਏ ਜਾ ਸਕਦੇ ਹਨ। 'ਇਹ ਵੀਡੀਓ ਪੂਰੀ ਤਰ੍ਹਾਂ ਫੇਕ ਹੈ।''

''ਮੇਰੇ ਬੱਚੇ ਨੂੰ ਪੈਦਾ ਹੋਏ ਅਜੇ ਚਾਰ ਦਿਨ ਵੀ ਨਹੀਂ ਹੋਏ''
ਇੱਕ ਹੋਰ ਵਾਇਰਲ ਵੀਡੀਓ ਵਿੱਚ ਉਹ ਰੋਂਦੇ ਹੋਏ ਨਜ਼ਰ ਆ ਰਹੇ ਹਨ ਅਤੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰ ਰਹੇ ਹਨ ਕਿ ''ਤੁਸੀਂ ਵੀ ਪਰਿਵਾਰ ਵਾਲੇ ਹੋ, ਤੁਹਾਡੇ ਘਰ ਵੀ ਮਾਵਾਂ, ਧੀਆਂ, ਭੈਣਾਂ ਹਨ। ਅੱਜ ਜੋ ਇਹ ਮੇਰੇ ਨਾਲ ਹੋਇਆ ਹੈ, ਕੱਲ੍ਹ ਨੂੰ ਕਿਸੇ ਨਾਲ ਵੀ ਹੋ ਸਕਦਾ ਹੈ।''
''ਇੱਕ ਵਾਰ ਆਪਣੇ ਆਪ ਨੂੰ ਸਾਡੀ ਥਾਂ 'ਤੇ ਰੱਖ ਦੇ ਦੇਖੋ ਕਿ ਅਸੀਂ ਕਿਹੋ ਜਿਹੇ ਗੰਦੇ ਹਾਲਾਤਾਂ 'ਚੋਂ ਨਿਕਲ ਰਹੇ ਹਾਂ।''
''ਅਸੀਂ ਆਪਣੇ ਦਰਵਾਜ਼ੇ ਤੋਂ ਬਾਹਰ ਵੀ ਨਹੀਂ ਜਾ ਸਕਦੇ, ਅਸੀਂ ਤਾਂ ਕਿਸੇ ਪਾਸੇ ਜੋਗੇ ਨਹੀਂ ਰਹੇ।''
ਉਨ੍ਹਾਂ ਕਿਹਾ, ''ਮੇਰੇ ਬੱਚੇ ਨੂੰ ਪੈਦਾ ਹੋਏ ਅਜੇ ਚਾਰ ਦਿਨ ਵੀ ਨਹੀਂ ਹੋਏ, ਮੇਰੀ ਘਰਵਾਲੀ ਦੀ ਜੋ ਹਾਲਤ ਹੈ, ਅਸੀਂ ਉਸ ਨੂੰ ਬੜੀ ਮੁਸ਼ਕਲ ਨਾਲ ਸੰਭਾਲ ਰਹੇ ਹਾਂ।''

ਤਸਵੀਰ ਸਰੋਤ, Getty Images
ਸੋਸ਼ਲ ਮੀਡੀਆ ਅਤੇ ਅਪਰਾਧ
ਪਿਛਲੇ ਕੁਝ ਸਮੇਂ ਵਿੱਚ ਸੋਸ਼ਲ ਮੀਡੀਆ ਸਬੰਧੀ ਅਪਰਾਧਾਂ ਦੇ ਕਾਫ਼ੀ ਮਾਮਲੇ ਸੁਣਨ ਵਿੱਚ ਆਏ ਹਨ। ਸੈਕਟੋਰਸ਼ਨ ਵੀ ਅਜਿਹਾ ਹੀ ਇੱਕ ਅਪਰਾਧ ਹੈ, ਜਿਸ ਦਾ ਮਤਲਬ ਹੈ ਸੈਕਸ ਦੇ ਨਾਮ ’ਤੇ ਉਗਰਾਹੀ ਕਰਨਾ।
ਜਿਵੇਂ ਕਿ ਉਪਰੋਕਤ ਮਾਮਲੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਿਸੇ ਨੇ ਜੋੜੇ ਨੂੰ ਵੀਡੀਓ ਭੇਜ ਕੇ ਉਨ੍ਹਾਂ ਨੂੰ ਬਲੈਕਮੇਲ ਕੀਤਾ ਅਤੇ ਬਦਲੇ ਵਿੱਚ ਪੈਸੇ ਮੰਗੇ, ਉਸੇ ਤਰ੍ਹਾਂ ਸੈਕਸਟੋਰਸ਼ਨ ਵਿੱਚ ਵੀ ਬਲੈਕਮੇਲ ਕਰਕੇ ਪੈਸੇ ਮੰਗੇ ਜਾਂਦੇ ਹਨ।
ਫਰਕ ਸਿਰਫ਼ ਇਹ ਹੈ ਕਿ ਇਨ੍ਹਾਂ ਮਾਮਲਿਆਂ ਵਿੱਚ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਫਰੈਂਡ ਰਿਕਵੈਸਟ ਭੇਜੀ ਜਾਂਦੀ ਹੈ। ਇਹ ਲੋਕ ਦੋਸਤੀ ਕਰਕੇ ਹੌਲੀ-ਹੌਲੀ ਤੁਹਾਡਾ ਭਰੋਸਾ ਜਿੱਤਦੇ ਹਨ ਅਤੇ ਵੈੱਬਚੈਟ ਕਰਨ ਲਈ ਉਕਸਾਉਂਦੇ ਹਨ।
ਇਸ ਵਿਚ ਸ਼ਾਮਲ ਅਪਰਾਧੀ ਕਾਲ ਸ਼ੁਰੂ ਹੋਣ ‘ਤੇ ਵੈਬਕੈਮ ਦੇ ਸਾਹਮਣੇ ਆਪਣੇ ਕੱਪੜੇ ਲਾਹੁੰਦੇ ਹਨ ਜਾਂ ਸਾਹਮਣੇ ਵਾਲੇ ਨੂੰ ਕਿਸੇ ਜਿਨਸੀ ਕਿਰਿਆ ਲਈ ਮਨਾਉਂਦੇ ਹਨ। ਇਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਬਲੈਕਮੇਲਿੰਗ ਦਾ ਸਿਲਸਿਲਾ।
ਇਹ ਗਿਰੋਹ ਸ਼ਿਕਾਰ ਹੋਏ ਲੋਕਾਂ ਦੀਆਂ ਨਿੱਜੀ ਤਸਵੀਰਾਂ ਜਾਂ ਵੀਡਿਓ ਡਾਊਨਲੋਡ ਕਰਨ ਤੋਂ ਬਾਅਦ ਡਰਾਉਣ ਲੱਗਦੇ ਹਨ।
ਬੀਬੀਸੀ ਨੇ ਇਸੇ ਸਾਲ ਅਗਸਤ ਮਹੀਨੇ ਵਿੱਚ ਸੈਕਸਟੋਰਸ਼ਨ ਬਾਰੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ।
ਇਸ ਰਿਪੋਰਟ ਵਿੱਚ ਮਾਹਿਰਾਂ ਨਾਲ ਗੱਲਬਾਤ ਕਰਕੇ ਇਹ ਜਾਣਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਕਿ ਇੰਟਰਨੈੱਟ 'ਤੇ ਇਸ ਤਰ੍ਹਾਂ ਦੇ ਕਿਸੇ ਅਪਰਾਧ ਦਾ ਸ਼ਿਕਾਰ ਹੋਣ 'ਤੇ ਕੀ ਕੀਤਾ ਜਾਵੇ।
ਇੱਥੇ ਅਸੀਂ ਉਸੇ ਰਿਪੋਰਟ ਦਾ ਕੁਝ ਹਿੱਸਾ ਹੂਬਹੂ ਪ੍ਰਕਾਸ਼ਿਤ ਕਰ ਰਹੇ ਹਾਂ...

ਤਸਵੀਰ ਸਰੋਤ, Getty Images
ਅਜਿਹੇ ਗਿਰੋਹ ਤੁਹਾਡੇ ਤੱਕ ਪਹੁੰਚ ਕਿਵੇਂ ਕਰਦੇ ਹਨ?
ਪੁਲਿਸ ਦੀ ਇੰਫੋਰਮੇਸ਼ਨ ਸਕਿਊਰਿਟੀ ਅਵੇਅਰਨੈੱਸ ਸਾਈਟ ਮੁਤਾਬਕ, ਇਹ ਗਿਰੋਹ ਖ਼ਾਸ ਤੌਰ ’ਤੇ ਚਾਰ ਪਲੇਟਫਾਰਮਜ਼ ਰਾਹੀਂ ਤੁਹਾਡੇ ਤੱਕ ਪਹੁੰਚ ਕਰਦਾ ਜਾਂ ਕਰਦੇ ਹਨ:
- ਮੈਸੇਜਿੰਗ ਐਪਸ
- ਡੇਟਿੰਗ ਐਪਸ
- ਸੋਸ਼ਲ ਮੀਡੀਆ ਪਲੈਟਫਾਰਮਜ਼
- ਪੋਰਨ ਸਾਈਟਸ

ਤਸਵੀਰ ਸਰੋਤ, Getty Images
ਸੈਕਸਟੋਰਸ਼ਨ ਜਾਂ ਅਜਿਹੇ ਅਪਰਾਧਾਂ ਤੋਂ ਬਚਣ ਲਈ ਕੀ ਕੀਤਾ ਜਾਵੇ?
ਬੀਬੀਸੀ ਪੱਤਰਕਾਰ ਤਨੀਸ਼ਾ ਚੌਹਾਨ ਨਾਲ ਗੱਲਬਾਤ ਕਰਦਿਆਂ ਸਾਈਬਰ ਐਕਸਪਰਟ ਪਵਨ ਦੁੱਗਲ ਨੇ ਦੱਸਿਆ ਕਿ ਜੇਕਰ ਤੁਸੀਂ ਸੈਕਸਟੌਰਸ਼ਨ ਜਾਂ ਅਜਿਹੇ ਕਿਸੇ ਅਪਰਾਧ ਦਾ ਸ਼ਿਕਾਰ ਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਖ਼ਾਸਾ ਧਿਆਨ ਰੱਖੋ –
- ਸਭ ਤੋਂ ਪਹਿਲਾਂ ਘਬਰਾਓ ਨਹੀਂ ਅਤੇ ਨਾ ਹੀ ਚੁੱਪ ਰਹੋ
- ਤੁਰੰਤ ਇਸ ਦੀ ਇਤਲਾਹ ਪੁਲਿਸ ਨੂੰ ਕਰੋ
- ਮੁਲਜ਼ਮ ਨਾਲ ਕਿਸੇ ਵੀ ਤਰ੍ਹਾਂ ਦਾ ਸੰਪਰਕ ਨਾ ਰੱਖੋ ਅਤੇ ਕੁਝ ਵੀ ਡਿਲੀਟ ਨਾ ਕਰੋ
- ਸਰਕਾਰ ਇਸ ਬਾਬਤ ਤੁਹਾਨੂੰ ਕਈ ਸੁਵਿਧਾਵਾਂ ਦਿੰਦੀ ਹੈ। ਤੁਹਾਡੀ ਨਾਮ ਵੀ ਗੁਪਤ ਰੱਖਿਆ ਜਾ ਸਕਦਾ ਹੈ
- ਨੈਸ਼ਨਲ ਸਾਈਬਰ ਕ੍ਰਾਈਮ ਹੈਲਪਾਈਨ ਨੰਬਰ 1930 ’ਤੇ ਤੁਸੀਂ ਕਾਲ ਕਰਕੇ ਇਸ ਦੀ ਜਾਣਕਾਰੀ ਦੇ ਸਕਦੇ ਹੋ

ਤਸਵੀਰ ਸਰੋਤ, Getty Images
ਕੁਝ ਖ਼ਾਸ ਟਿਪਸ 'ਤੇ ਧਿਆਨ ਦੇਵੋ:
- ਕਦੇ ਵੀ ਆਪਣੀਆਂ ਇਤਰਾਜ਼ਯੋਗ ਤਸਵੀਰਾਂ ਜਾਂ ਵੀਡੀਓ ਸੋਸ਼ਲ ਮੀਡੀਆ ’ਤੇ ਜਾਂ ਕਿਸੇ ਦੇ ਨਿਜੀ ਨੰਬਰ ’ਤੇ ਸਾਂਝੀਆਂ ਨਾ ਕਰੋ। ਕਿਉਂਕਿ ਡਿਲੀਟ ਕਰਨ ਦੇ ਬਾਵਜੂਦ ਹਮੇਸ਼ਾ ਤੁਹਾਡਾ ਡਾਟਾ ਇੰਟਰਨੈੱਟ ’ਤੇ ਮੌਜੂਦ ਰਹਿੰਦਾ ਹੈ
- ਸੋਸ਼ਲ ਮੀਡੀਆ ਪਲੈਟਫਾਰਮਜ਼ ’ਤੇ ਅਣਜਾਣ ਵਿਅਕਤੀਆਂ ਦੀ ਫਰੈਂਡ ਰਿਕਵੈਸਟ ਐਕਸੈਪਟ ਕਰਨ ਤੋਂ ਗੁਰੇਜ਼ ਹੀ ਕਰੋ
- ਸੋਸ਼ਲ ਮੀਡੀਆ ਅਕਾਉਂਟਸ ਬਾਰੇ ਕਦੇ ਵੀ ਕੁਝ ਅਜਿਹਾ ਮਹਿਸੂਸ ਹੋਵੇ ਤਾਂ ‘ਰਿਪੋਰਟ ਯੂਜ਼ਰ’ ਜ਼ਰੂਰ ਕਰੋ
- ਜਿਹੜੇ ਨੰਬਰ ਅਣਜਾਣ ਹਨ, ਉਨ੍ਹਾਂ ਦੀ ਕਦੇ ਵੀ ਵੀਡੀਓ ਕਾਲ ਨਾ ਚੁੱਕੋ
- ਕੁਝ ਵੀ ਤੁਹਾਡੇ ਨਾਲ ਗ਼ਲਤ ਹੁੰਦਾ ਹੈ ਤਾਂ ਪੁਲਿਸ ਨੂੰ ਰਿਪੋਰਟ ਕਰਨ ਤੋਂ ਨਾ ਝਿਜਕੋ। ਕਦੇ ਵੀ ਡਰ ਕੇ ਪੈਸੇ ਨਾ ਦੇਵੋ













