ਸੈਕਸਟੌਰਸ਼ਨ ਕੀ ਹੈ, ਜਿਸ ਦੇ ਸ਼ਿਕਾਰ ਪੰਜਾਬ ਸਣੇ ਵੱਖ-ਵੱਖ ਸੂਬਿਆਂ ਦੇ ਲੋਕ ਹੋ ਰਹੇ ਹਨ

ਸੈਕਸਟੋਰਸ਼ਨ

ਤਸਵੀਰ ਸਰੋਤ, GETTY/PAYPHOTO

    • ਲੇਖਕ, ਤਨੀਸ਼ਾ ਚੌਹਾਨ
    • ਰੋਲ, ਬੀਬੀਸੀ ਪੱਤਰਕਾਰ

ਸਾਵਧਾਨੀ ਹਟੀ ਤਾਂ ਦੁਰਘਟਨਾ ਘਟੀ। ਸੁਚੇਤ ਰਹੋ, ਸਾਵਧਾਨ ਰਹੋ। ਟ੍ਰੈਫਿਕ ਨਿਯਮਾਂ ਸਬੰਧੀ ਇਹ ਸਭ ਤੁਸੀਂ ਕਈ ਵਾਰ ਸੁਣਿਆ ਹੋਵੇਗਾ। ਪਰ ਹੁਣ ਸੋਸ਼ਲ ਮੀਡੀਆ ਜਾਂ ਕਿਸੇ ਵੀ ਤਰ੍ਹਾਂ ਦੇ ਮੈਸੇਂਜਰ ਐਪ ’ਤੇ ਤੁਸੀਂ ਹੋ ਤਾਂ ਇਹ ਤੁਹਾਡੇ ਲਈ ਵੀ ਸਟੀਕ ਹੈ।

ਫਰਜ਼ ਕਰੋ ਕਿ ਤੁਹਾਡੇ ਵਟਸਐਪ 'ਤੇ ਇੱਕ ਅਣਜਾਣ ਨੰਬਰ ਤੋਂ ਵੀਡੀਓ ਕਾਲ ਆਉਂਦੀ ਹੈ, ਕਾਲ ਕਰਨ ਵਾਲਾ ਇਤਰਾਜ਼ਯੋਗ ਹਾਲਤ ਵਿਚ ਹੁੰਦਾ ਹੈ, ਜਿਵੇਂ ਹੀ ਤੁਸੀਂ ਫੋਨ ਚੁੱਕਦੇ ਹੋ ਸਾਹਮਣੇ ਵਾਲਾ ਕਾਲ ਨੂੰ ਰਿਕਾਰਡ ਲੈਂਦਾ ਹੈ ਤੇ ਤੁਹਾਨੂੰ ਵੱਡੀ ਰਕਮ ਟਰਾਂਸਫਰ ਕਰਨ ਲਈ ਬਲੈਕਮੇਲ ਕਰਦਾ ਹੈ।

ਤਾਂ ਜ਼ਾਹਰ ਜਿਹੀ ਗੱਲ ਹੈ ਕਿ ਤੁਸੀਂ ਘਬਰਾ ਜਾਓਗੇ। ਹੜਬੜਾਹਟ ’ਚ ਸ਼ਾਇਦ ਤੁਹਾਨੂੰ ਸਮਝ ਵੀ ਨਾ ਆਵੇ ਕਿ ਹੁਣ ਕਰਨਾ ਕੀ ਹੈ।

ਦਰਅਸਲ ਇੱਹ ਇੱਕ ਨਵੇਂ ਕਿਸਮ ਦਾ ਆਨਲਾਈਨ ਘੁਟਾਲਾ ਹੈ ਜਿਸ ਨੂੰ ‘ਸੈਕਸਟੌਰਸ਼ਨ’ ਕਿਹਾ ਜਾਂਦਾ ਹੈ।

ਪਿਛਲੇ ਕੁਝ ਸਾਲਾਂ ਵਿੱਚ ਭਾਰਤ ਵਿੱਚ ਸੈਕਸਟੌਰਸ਼ਨ ਦੇ ਮਾਮਲੇ ਵਧੇ ਹਨ, ਪੰਜਾਬ, ਗੁਜਰਾਤ ਸਮੇਤ ਦੇਸ਼ ਦੇ ਕਈ ਸੂਬਿਆਂ ਦੇ ਲੋਕ ਇਸ ਦਾ ਸ਼ਿਕਾਰ ਹੋਏ ਹਨ।

ਇਸ ਰਿਪੋਰਟ ਵਿੱਚ ਅਸੀਂ ਦੱਸਾਂਗੇ ਕਿ ਆਖ਼ਰ ਇਹ ‘ਸੈਕਸਟੌਰਸ਼ਨ’ ਕੀ ਹੈ ਤੇ ਇਸ ਵਿਚ ਸਰਗਰਮ ਗਿਰੋਹਾਂ ਦਾ ਜੁਰਮ ਕਰਨ ਦਾ ਤਰੀਕਾ ਕੀ ਹੈ ਤੇ ਤੁਸੀਂ ਕਿਵੇਂ ਖ਼ੁਦ ਨੂੰ ਬਚਾ ਸਕਦੇ ਹੋ।

ਸੈਕਸਟੋਰਸ਼ਨ

ਤਸਵੀਰ ਸਰੋਤ, Getty Images

ਸੈਕਸਟੌਰਸ਼ਨ ਕੀ ਹੈ?

ਇੰਟਰਨੈਟ ਦੀ ਦੁਨੀਆਂ ’ਚ ਇੱਕ ਨਵੀਂ ਤਰ੍ਹਾਂ ਦਾ ਅਪਰਾਧ ਜਨਮ ਲੈ ਚੁਕਿਆ ਹੈ। ਇਸ ਦਾ ਨਾਮ ਹੈ ਸੈਕਸਟੌਰਸ਼ਨ ਯਾਨਿ ਸੈਕਸ ਦੇ ਨਾਮ ’ਤੇ ਉਗਰਾਹੀ ਕਰਨਾ।

ਸੈਕਸਟੋਰਸ਼ਨ ਇੱਕ ਕਿਸਮ ਦਾ ਬਲੈਕਮੇਲ ਹੀ ਹੈ। ਪਹਿਲਾਂ ਸੋਸ਼ਲ ਮੀਡੀਆ ਰਾਹੀਂ ਫਰੈਂਡ ਰਿਕਵੈਸਟ ਭੇਜੀ ਜਾਂਦੀ ਹੈ। ਇਹ ਲੋਕ ਦੋਸਤੀ ਕਰਕੇ ਹੌਲੀ-ਹੌਲੀ ਤੁਹਾਡਾ ਭਰੋਸਾ ਜਿੱਤਦੇ ਹਨ ਅਤੇ ਵੈੱਬਚੈਟ ਕਰਨ ਲਈ ਉਕਸਾਉਂਦੇ ਹਨ।

ਇਸ ਵਿਚ ਸ਼ਾਮਲ ਅਪਰਾਧੀ ਕਾਲ ਸ਼ੁਰੂ ਹੋਣ ‘ਤੇ ਵੈਬਕੈਮ ਦੇ ਸਾਹਮਣੇ ਆਪਣੇ ਕੱਪੜੇ ਲਾਹੁੰਦੇ ਹਨ ਜਾਂ ਸਾਹਮਣੇ ਵਾਲੇ ਨੂੰ ਕਿਸੇ ਜਿਨਸੀ ਕਿਰਿਆ ਲਈ ਮਨਾਉਂਦੇ ਹਨ। ਇਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਬਲੈਕਮੇਲਿੰਗ ਦਾ ਸਿਲਸਿਲਾ।

ਇਹ ਗਿਰੋਹ ਸ਼ਿਕਾਰ ਹੋਏ ਲੋਕਾਂ ਦੀਆਂ ਨਿੱਜੀ ਤਸਵੀਰਾਂ ਜਾਂ ਵੀਡਿਓ ਡਾਊਨਲੋਡ ਕਰਨ ਤੋਂ ਬਾਅਦ ਡਰਾਉਣ ਲੱਗਦੇ ਹਨ।

ਸੈਕਸਟੋਰਸ਼ਨ

ਤਸਵੀਰ ਸਰੋਤ, Getty Images

ਫੇਰ ਸਾਹਮਣੇ ਵਾਲੇ ਤੋਂ ਭਾਰੀ ਰਕਮ ਮੰਗੀ ਜਾਂਦੀ ਹੈ ਤੇ ਇਹ ਧਮਕੀ ਦਿੱਤੀ ਜਾਂਦੀ ਹੈ ਕਿ ਤੁਹਾਡੀ ਤਸਵੀਰ ਤੁਹਾਡੇ ਪਰਿਵਾਰ ਨੂੰ ਭੇਜ ਦਿੱਤੀ ਜਾਵੇਗੀ ਜਾਂ ਜਨਤਕ ਕਰ ਦਿੱਤੀ ਜਾਵੇਗੀ।

ਹਿੰਦੁਸਤਾਨ ਟਾਈਮਜ਼ ਅਖ਼ਬਾਰ ਵਿੱਚ ਮਈ 2023 ਵਿੱਚ ਛਪੀ ਰਿਪੋਰਟ ਮੁਤਾਬਕ 2023 ਦੇ ਪਹਿਲੇ ਚਾਰ ਮਹੀਨਿਆਂ ਵਿੱਚ ਹੀ ਚੰਡੀਗੜ੍ਹ ਪੁਲਿਸ ਕੋਲ ਸੈਕਸਟੋਰਸ਼ਨ ਦੀਆਂ 429 ਸ਼ਿਕਾਇਤਾਂ ਪਹੁੰਚੀਆਂ ਸਨ।

ਸ਼ਿਕਾਇਤ ਕਰਨ ਵਾਲੇ ਲੋਕਾਂ ਨੂੰ ਕਿਸੇ ਅਣਜਾਣ ਨੰਬਰ ਤੋਂ ਫੋਨ ਆਉਂਦਾ ਹੈ ਜਿੱਥੇ ਦੂਜੇ ਪਾਸੇ ਕੋਈ ਸ਼ਖਸ ਇਤਰਾਜ਼ਯੋਗ ਹਾਲਤ ਵਿੱਚ ਹੁੰਦਾ ਹੈ, ਅਪਰਾਧੀ ਇਸ ਕਾਲ ਦਾ ਸਕਰੀਨਸ਼ੌਟ ਲੈ ਕੇ ਜਾਂ ਵੀਡੀਓ ਬਣਾ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦੇ ਹਨ।

ਅਜਿਹੇ ਗਿਰੋਹ ਜ਼ਿਆਦਾਤਰ 21 ਤੋਂ 30 ਸਾਲ ਦੇ ਲੋਕਾਂ ਨੂੰ ਜ਼ਿਆਦਾ ਟਾਰਗੇਟ ਕਰਦੇ ਹਨ।

ਹਾਲਾਂਕਿ, 60 ਸਾਲਾਂ ਤੋਂ ਵੱਧ ਉਮਰ ਦੇ ਬਜ਼ੁਰਗ, ਜੋ ਇਨ੍ਹਾਂ ਗਿਰੋਹਾਂ ਦਾ ਸ਼ਿਕਾਰ ਹੋਏ ਹਨ, ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ। ਇਨ੍ਹਾਂ ਪੀੜਤਾਂ ਵਿੱਚ ਰਿਕਸ਼ਾਚਾਲਕਾਂ, ਵਿਦਿਆਰਥੀਆਂ ਤੋਂ ਲੈ ਕੇ ਵੱਡੀ ਬਿਜ਼ਨੇਸ ਟਾਇਕੂਨਜ਼ ਦਾ ਵੀ ਨਾਮ ਸਾਮਲ ਹੈ।

ਬੀਬੀਸੀ

ਚਰਚਿਤ ਹੋਇਆ ਸੀ ਅਹਿਮਦਾਬਾਦ ਸੈਕਸਟੋਰਸ਼ਨ ਦਾ ਮਾਮਲਾ

ਅਹਿਮਦਾਬਾਦ ਦੇ ਰਹਿਣ ਵਾਲੇ ਇਕ ਬਜ਼ੁਰਗ ਜੋ ਅਜਿਹੇ ਗਿਰੋਹ ਦਾ ਸ਼ਿਕਾਰ ਹੋਏ, ਉਨ੍ਹਾਂ ਨੂੰ ਇੱਕ ਕੁੜੀ ਨੇ ਕੈਮਰੇ ਦੇ ਸਾਹਮਣੇ ਨਗਨ ਹੋ ਕੇ ‘ਵਰਚੂਅਲ ਸੈਕਸ ਕਰਨ ਦਾ ਲਾਲਚ ਦਿੱਤਾ ਸੀ।

ਉਹ ਇਸ ਜਾਲ ਵਿਚ ਫਸ ਗਏ ਤੇ ਬਲੈਕਮੇਲਰਾਂ ਨੇ ਉਨ੍ਹਾਂ ਨੂੰ ਧਮਕਾ ਕੇ 2 ਕਰੋੜ ਰੁਪਏ ਲੈ ਲਏ।

ਇਸ ਤੋਂ ਬਾਅਦ ਉਹ ਬਜ਼ੁਰਗ ਹਿੰਮਤ ਕਰਕੇ ਪੁਲਿਸ ਕੋਲ ਗਏ ਅਤੇ ਫਿਰ ਪੁਲਿਸ ਵਲੋਂ ਗਿਰੋਹ ‘ਚ ਸ਼ਾਮਲ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਸੈਕਸਟੋਰਸ਼ਨ

ਤਸਵੀਰ ਸਰੋਤ, Getty Images

ਭਾਰਤ ਵਿੱਚ ਸੈਕਸਟੋਰਸ਼ਨ ਦੇ ਕੇਂਦਰ

ਪੁਲਿਸ ਰਿਪੋਰਟਾਂ ਦੇ ਮੁਤਾਬਕ ਝਾਰਖੰਡ ਦਾ ਜਮਤਾਰਾ ਇਲਾਕਾ, ਰਾਜਸਥਾਨ ਵਿੱਚ ਭਰਤਪੁਰ, ਹਰਿਆਣਾ ਦਾ ਮੇਵਾਤ ਅਤੇ ਉੱਤਰ-ਪ੍ਰਦੇਸ਼ ਦਾ ਮਥੁਰਾ ਜ਼ਿਲ੍ਹਾ ਸਾਈਬਰ ਧੋਖਾਧੜੀ ਅਤੇ ਸੈਕਸਟੋਰਸ਼ਨ ਗਿਰੋਹਾਂ ਦੇ ਕੇਂਦਰ ਵਜੋਂ ਉਭਰੇ ਹਨ।

ਇੱਥੋਂ ਦੇ ਠੱਗ ਲਖਨਊ, ਨੋਇਡਾ, ਮਥੁਰਾ ਅਤੇ ਦਿੱਲੀ ਦੇ ਅਮੀਰ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਂਦੇ ਹਨ, ਇੱਥੋਂ ਤੱਕ ਕਿ ਇਸ ਗਿਰੋਹ 'ਚ ਸ਼ਾਮਲ ਲੋਕ ਚੰਗੀ ਅੰਗਰੇਜ਼ੀ ਵੀ ਬੋਲਦੇ ਹਨ।

ਪੰਜਾਬ ’ਚ ਸਾਈਬਰ ਕ੍ਰਾਈਮ ਵਿਭਾਗ ਦੇ ਏਡੀਜੀਪੀ ਪ੍ਰਵੀਨ ਸਿਨਹਾ ਦੱਸਦੇ ਹਨ ਕਿ ਪੰਜਾਬ ’ਚ ਵੀ ਇਹ ਮਾਮਲੇ ਲਗਾਤਾਰ ਵੱਧ ਰਹੇ ਹਨ।

ਪਰ ਖ਼ਾਸ ਗੱਲ ਇਹ ਹੈ ਕਿ ਪੰਜਾਬ ’ਚ ਸੈਕਸਟੌਰਸ਼ਨ ਦੇ ਪੀੜਤ ਬਹੁਤ ਹਨ ਪਰ ਪੰਜਾਬ ਅਜਿਹੇ ਅਪਰਾਧੀਆਂ ਦਾ ਕੇਂਦਰ ਨਹੀਂ ਹੈ। ਉੱਤਰੀ ਭਾਰਤ ਵਿੱਚ ਸੈਕਸਟੌਰਸ਼ਨ ਦੇ ਅਪਰਾਧੀਆਂ ਦਾ ਕੇਂਦਰ ਨੂੰਹ ਅਤੇ ਭਗਲਪੁਰ ਹੈ।

ਬੀਬੀਸੀ

ਇਹ ਗਿਰੋਹ ਕਿਵੇਂ ਤੁਹਾਡੇ ਤੱਕ ਪਹੁੰਚ ਕਰਦਾ ਹੈ?

ਪੁਲਿਸ ਦੀ ਇੰਫੋਰਮੇਸ਼ਨ ਸਿਕਿਉਰਿਟੀ ਅਵੇਅਰਨੈਸ ਸਾਈਟ ਮੁਤਾਬਕ, ਇਹ ਗਿਰੋਹ ਖ਼ਾਸ ਤੌਰ ’ਤੇ ਚਾਰ ਪਲੈਟਫਾਰਮਜ਼ ਰਾਹੀਂ ਤੁਹਾਡੇ ਤੱਕ ਪਹੁੰਚ ਕਰਦਾ ਹੈ।

  • ਮੈਸੇਜਿੰਗ ਐਪਸ
  • ਡੇਟਿੰਗ ਐਪਸ
  • ਸੋਸ਼ਲ ਮੀਡੀਆ ਪਲੈਟਫਾਰਮਜ਼
  • ਪੋਰਨ ਸਾਈਟਸ
ਬੀਬੀਸੀ

ਸੈਕਸਟੋਰਸ਼ਨ ਤੋਂ ਬਚਣ ਲਈ ਕੀ ਕੀਤਾ ਜਾਵੇ?

ਸਾਈਬਰ ਐਕਸਪਰਟ ਪਵਨ ਦੁੱਗਲ ਕਹਿੰਦੇ ਹਨ ਕਿ ਜੇਕਰ ਤੁਸੀਂ ਸੈਕਸਟੌਰਸ਼ਨ ਦਾ ਸ਼ਿਕਾਰ ਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਖ਼ਾਸਾ ਧਿਆਨ ਰੱਖੋ –

  • ਸਭ ਤੋਂ ਪਹਿਲਾਂ ਘਬਰਾਓ ਨਹੀਂ ਅਤੇ ਨਾ ਹੀ ਚੁੱਪ ਰਹੋ
  • ਤੁਰੰਤ ਇਸ ਦੀ ਇਤਲਾਹ ਪੁਲਿਸ ਨੂੰ ਕਰੋ
  • ਮੁਲਜ਼ਮ ਨਾਲ ਕਿਸੇ ਵੀ ਤਰ੍ਹਾਂ ਦਾ ਸੰਪਰਕ ਨਾ ਰੱਖੋ ਅਤੇ ਕੁਝ ਵੀ ਡਿਲੀਟ ਨਾ ਕਰੋ
  • ਸਰਕਾਰ ਇਸ ਬਾਬਤ ਤੁਹਾਨੂੰ ਕਈ ਸੁਵਿਧਾਵਾਂ ਦਿੰਦੀ ਹੈ। ਤੁਹਾਡੀ ਨਾਮ ਵੀ ਗੁਪਤ ਰੱਖਿਆ ਜਾ ਸਕਦਾ ਹੈ।
  • ਨੈਸ਼ਨਲ ਸਾਈਬਰ ਕ੍ਰਾਈਮ ਹੈਲਪਾਈਨ ਨੰਬਰ 1930 ’ਤੇ ਤੁਸੀਂ ਕਾਲ ਕਰਕੇ ਇਸ ਦੀ ਜਾਣਕਾਰੀ ਦੇ ਸਕਦੇ ਹੋ।
  • ਪਰ ਅਜਿਹਾ ਤੁਹਾਡੇ ਨਾਲ ਹੋਵੇ ਹੀ ਨਾ, ਉਸ ਨਹੀਂ ਕੁਝ ਖ਼ਾਸ ਟਿਪਸ ਜੋ ਤੁਸੀਂ ਖ਼ੁਦ ਵੀ ਜਾਣੋ ਅਤੇ ਆਪਣੇ ਕਰੀਬੀਆਂ ਨਾਲ ਵੀ ਸਾਂਝੇ ਕਰ ਸਕਦੇ ਹੋ।
  • ਕਦੇ ਵੀ ਆਪਣੀਆਂ ਇਤਰਾਜ਼ਯੋਗ ਤਸਵੀਰਾਂ ਜਾਂ ਵੀਡੀਓ ਸੋਸ਼ਲ ਮੀਡੀਆ ’ਤੇ ਜਾਂ ਕਿਸੇ ਦੇ ਨਿਜੀ ਨੰਬਰ ’ਤੇ ਸਾਂਝੀਆਂ ਨਾ ਕਰੋ। ਕਿਉਂਕਿ ਡਿਲੀਟ ਕਰਨ ਦੇ ਬਾਵਜੂਦ ਹਮੇਸ਼ਾ ਤੁਹਾਡਾ ਡਾਟਾ ਇੰਟਰਨੈੱਟ ’ਤੇ ਮੌਜੂਦ ਰਹਿੰਦਾ ਹੈ।
  • ਸੋਸ਼ਲ ਮੀਡੀਆ ਪਲੈਟਫਾਰਮਜ਼ ’ਤੇ ਅਣਜਾਣ ਵਿਅਕਤੀਆਂ ਦੀ ਫਰੈਂਡ ਰਿਕਵੈਸਟ ਐਕਸੈਪਟ ਕਰਨ ਤੋਂ ਗੁਰੇਜ਼ ਹੀ ਕਰੋ।
  • ਸੋਸ਼ਲ ਮੀਡੀਆ ਅਕਾਉਂਟਸ ਬਾਰੇ ਕਦੇ ਵੀ ਕੁਝ ਅਜਿਹਾ ਮਹਿਸੂਸ ਹੋਵੇ ਤਾਂ ‘ਰਿਪੋਰਟ ਯੂਜ਼ਰ’ ਜ਼ਰੂਰ ਕਰੋ।
  • ਜਿਹੜੇ ਨੰਬਰ ਅਣਜਾਣ ਹਨ, ਉਨ੍ਹਾਂ ਦੀ ਕਦੇ ਵੀ ਵੀਡੀਓ ਕਾਲ ਨਾ ਚੁੱਕੋ।
  • ਕੁਝ ਵੀ ਤੁਹਾਡੇ ਨਾਲ ਗ਼ਲਤ ਹੁੰਦਾ ਹੈ ਤਾਂ ਪੁਲਿਸ ਨੂੰ ਰਿਪੋਰਟ ਕਰਨ ਤੋਂ ਨਾ ਝਿਜਕੋ। ਕਦੇ ਵੀ ਡਰ ਕੇ ਪੈਸੇ ਨਾ ਦੇਵੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)