ਤੁਹਾਡਾ ਬੱਚਾ ਜੇ ਕਹੇ, ‘ਕੋਈ ਮੈਨੂੰ ਪ੍ਰੇਸ਼ਾਨ ਕਰ ਰਿਹਾ ਹੈ’ ਤਾਂ ਉਸ ਦੀ ਗੱਲ ਸੁਣਨੀ ਕਿਉਂ ਜ਼ਰੂਰੀ ਹੈ

ਬੁਲਿੰਗ

ਤਸਵੀਰ ਸਰੋਤ, Getty Images

    • ਲੇਖਕ, ਰਵੀ ਪ੍ਰਕਾਸ਼
    • ਰੋਲ, ਬੀਬੀਸੀ ਲਈ

ਸਾਲ 2022 ਵਿੱਚ ਦਿੱਲੀ ਦੇ ਨਾਲ ਲੱਗਦੇ ਫਰੀਦਾਬਾਦ ਵਿੱਚ ਇੱਕ ਵਿਦਿਆਰਥੀ ਦੀ ਖ਼ੁਦਕੁਸ਼ੀ ਦੇ ਮਾਮਲੇ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ।

ਇਸ ਬੱਚੇ ਦੀ ਮਾਂ ਆਰਤੀ ਮਲਹੋਤਰਾ ਨੇ ਉਸ ਸਮੇਂ ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੇ ਬੱਚੇ ਨਾਲ ਜੈਂਡਰ ਨੂੰ ਲੈ ਕੇ ਬੁਲਿੰਗ ਹੁੰਦੀ ਸੀ, ਮਤਬਲ ਬੱਚੇ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਸੀ।

ਸਾਡੇ ਆਲੇ-ਦੁਆਲੇ ਸਕੂਲਾਂ ਜਾਂ ਕਾਲਜਾਂ ਵਿੱਚ ਆਏ ਦਿਨ ਬੱਚਿਆਂ ਨੂੰ ਬੁਲੀ (ਧਮਕਾਉਣ ਜਾਂ ਸਤਾਉਣ) ਕਰਨ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।

ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਅਤੇ ਵਿਕਾਸ ਮੰਤਰਾਲੇ ਨੇ ਵੀ ਸੀਬੀਐੱਸਈ(ਕੇਂਦਰੀ ਮਾਧਿਅਮਿਕ ਸਿੱਖਿਆ ਬੋਰਡ) ਨੂੰ ਬੁਲਿੰਗ ਰੋਕਣ ਲਈ ਸਖ਼ਤ ਕਾਰਵਾਈ ਕਰਨ ਅਤੇ ਬੁਲਿੰਗ ਦੇ ਦੋਸ਼ੀ ਸਾਬਤ ਹੋਣ ਵਾਲੇ ਵਿਦਿਆਰਥੀਆਂ ਨੂੰ ਸਕੂਲੋਂ ਕੱਢਣ ਤੱਕ ਦੀ ਗੱਲ ਕਹੀ ਸੀ।

ਜਾਣਕਾਰਾਂ ਦੀ ਮੰਨੀਏ ਤਾਂ ਬੁਲਿੰਗ ਬੱਚਿਆਂ ਦੇ ਦਿਮਾਗ ਅਤੇ ਮਨ ਉੱਤੇ ਡੂੰਘਾ ਪ੍ਰਭਾਵ ਛੱਡਦੀ ਹੈ ਅਤੇ ਜਵਾਨ ਹੋਣ ‘ਤੇ ਵੀ ਇਸ ਦੀ ਛਾਪ ਦਿਮਾਗ ਉੱਤੇ ਰਹਿੰਦੀ ਹੈ।

ਵੱਡੀਆਂ ਹਸਤੀਆਂ ਵੀ ਸ਼ਿਕਾਰ ਹੋਈਆਂ

ਬੁਲਿੰਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੁਲਿੰਗ ਦੇ ਮਾਨਸਿਕ ਅਤੇ ਸਰੀਰਕ ਪ੍ਰਭਾਵਾਂ ਉੱਤੇ ਵੀ ਕਈ ਖੋਜਾਂ ਹੋ ਚੁੱਕੀਆਂ ਹਨ।

ਦੁਨੀਆਂ ਦੀਆਂ ਨਾਮਵਰ ਹਸਤੀਆਂ ਨੂੰ ਵੀ ਆਪਣੀ ਜ਼ਿੰਦਗੀ ਵਿੱਚ ਇਸ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਪ੍ਰਸਿੱਧ ਹੋਣ ਤੋਂ ਬਾਅਦ ਵੀ ਇਨ੍ਹਾਂ ਮਾੜੀਆਂ ਯਾਦਾਂ ਨੂੰ ਭੁਲਾ ਨਹੀਂ ਸਕੇ।

ਬੁਲਿੰਗ ਦੇ ਬਾਰੇ ਵਿੱਚ ਅਮਰੀਕੀ ਗਾਇਕਾ ਲੇਡੀ ਗਾਗਾ, ਕੈਨੇਡਾ ਦੇ ਗਾਇਕ ਸ਼ਾਅਨ ਮੇਂਡੇਸ, ਅਮਰੀਕੀ ਅਦਾਕਾਰ ਬਲੈਕ ਲਿਵਲੀ, ਅਮਰੀਕੀ ਅਦਾਕਾਰਾ ਕਰੇਨ ਏਲਨ, ਬ੍ਰਿਟਿਸ਼ ਰਾਜਕੁਮਾਰੀ ਕੇਟ ਮਿਡਲਟਨ, ਅਮਰੀਕੀ ਫਿਲਮ ਨਿਰਦੇਸ਼ਕ ਮਾਈਕ ਨਿਕੋਲਸ ਅਤੇ ਅਮਰੀਕੀ ਰੈਪਰ ਏਮੀਨਮ ਵੀ ਗੱਲ ਕਰ ਚੁੱਕੇ ਹਨ।

ਇਨ੍ਹਾਂ ਨਾਮਵਰ ਸ਼ਖਸੀਅਤਾਂ ਨੇ ਆਪਣੇ ਨਾਲ ਸਕੂਲ ਦੇ ਦਿਨਾਂ ਵਿੱਚ ਹੋਈ ਬੁਲਿੰਗ ਦੀ ਗੱਲ ਜਨਤਕ ਮੰਚਾਂ ਉੱਤੇ ਕੀਤਾ ਹੈ।

ਨਾਲ ਹੀ ਇਨ੍ਹਾਂ ਨੇ ਇਸ ਗੱਲ ਨੂੰ ਸਾਂਝਾ ਕੀਤਾ ਕਿ ਸਕੂਲ ਦੇ ਦਿਨਾਂ ਵਿੱਚ ਹੋਈ ਬੁਲਿੰਗ ਨੇ ਉਨ੍ਹਾਂ ਦੇ ਬਾਅਦ ਦੇ ਜੀਵਨ ਨੂੰ ਵੀ ਕਈ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ।

ਬੁਲਿੰਗ ਦੇ ਮਾਨਸਿਕ ਅਤੇ ਸਰੀਰਕ ਪ੍ਰਭਾਵਾਂ ਉੱਤੇ ਵੀ ਕਈ ਖੋਜਾਂ ਹੋ ਚੁੱਕੀਆਂ ਹਨ।

ਕਿੰਗਜ਼ ਕਾਲਜ ਲੰਡਨ ਵਿੱਚ ਡਵੈਲਪਮੈਂਟ ਸਾਈਕੋਲਜੀ ਦੀ ਪ੍ਰੋਫੈਸਰ ਲੁਈਸ ਆਰਸੇਨਾਲਟ ਦਾ ਕਹਿਣਾ ਹੈ, “ਲੋਕਾਂ ਨੂੰ ਲੱਗਦਾ ਸੀ ਕਿ ਬੁਲਿੰਗ ਇੱਕ ਸਾਧਾਰਨ ਵਿਵਹਾਰ ਹੈ ਅਤੇ ਇਹ ਚੰਗਾ ਵੀ ਹੈ ਕਿਉਂਕਿ ਇਹ ਤੁਹਾਡੀ ਸ਼ਖਸੀਅਤ ਨੂੰ ਬਣਾਉਣ ਵਿੱਚ ਸਹਾਇਤਾ ਕਰਦਾ ਹੈ ਪਰ ਖੋਜਾਰਥੀਆਂ ਨੂੰ ਇਹ ਸਮਝਣ ਵਿੱਚ ਲੰਬਾ ਸਮਾਂ ਲੱਗਾ ਕਿ ਇਹ ਇੱਕ ਅਜਿਹਾ ਵਿਵਹਾਰ ਹੈ ਜੋ ਨੁਕਸਾਨਦੇਹ ਹੋ ਸਕਦਾ ਹੈ।”

ਨਾਲ ਹੀ ਉਹ ਦੱਸਦੇ ਹਨ, “ਪਹਿਲਾਂ ਤਾਂ ਅਸੀਂ ਇਹ ਮੰਨਦੇ ਹੀ ਨਹੀਂ ਸੀ ਕਿ ਬੁਲਿੰਗ ਕੋਈ ਬਿਮਾਰੀ ਹੈ, ਸਾਨੂੰ ਇਹ ਸਮਝਣ ਵਿੱਚ ਬਹੁਤ ਸਮਾਂ ਲੱਗਾ ਕਿ ਬੁਲਿੰਗ ਦੇ ਕਾਰਣ ਲੋਕ ਬਿਮਾਰ ਹੋ ਰਹੇ ਹਨ ਅਤੇ ਬੁਲਿੰਗ ਦੀ ਆਦਤ ਵੀ ਇੱਕ ਤਰ੍ਹਾਂ ਦੀ ਮਾਨਸਿਕ ਬਿਮਾਰੀ ਹੀ ਹੈ।”

ਬੁਲਿੰਗ

ਬੁਲਿੰਗ ਜਾਂ ਸਤਾਉਣ ਬਾਰੇ ਮਹੱਤਵਪੂਰਨ ਗੱਲਾਂ:

  • ਬੁਲਿੰਗ ਬੱਚਿਆਂ ਦੇ ਦਿਮਾਗ ਤੇ ਮਨ ਉੱਤੇ ਡੂੰਘਾ ਪ੍ਰਭਾਵ ਛੱਡਦੀ ਹੈ
  • ਖੋਜ ਕਹਿੰਦੀ ਹੈ ਕਿ ਬੁਲਿੰਗ ਲੋਕਾਂ ਨੂੰ ਮਾਨਸਿਕ ਤੇ ਸਰੀਰਕ ਤੌਰ ‘ਤੇ ਬਿਮਾਰ ਬਣਾ ਸਕਦੀ ਹੈ
  • ਬਚਪਨ ਵਿੱਚ ਹੋਈ ਬੁਲਿੰਗ ਦਾ ਪ੍ਰਭਾਵ ਦਹਾਕਿਆਂ ਤੱਕ ਰਹਿੰਦਾ ਹੈ
  • ਇਸ ਨਾਲ ਲੋਕਾਂ ਦੀ ਮਾਨਸਿਕ ਸਿਹਤ ਉੱਤੇ ਬਹੁਤ ਡੂੰਘਾ ਅਸਰ ਪੈਂਦਾ ਹੈ
  • ਮਾਹਿਰਾਂ ਮੁਤਾਬਕ ਬੱਚੇ ਨਾਲ ਇਸ ਬਾਰੇ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ
  • ਜਾਣਕਾਰਾਂ ਅਨੁਸਾਰ ਬੁਲਿੰਗ ਨੂੰ ਲੈ ਕੇ ਭਾਰਤ ਵਿੱਚ ਅਜੇ ਲੋੜੀਂਦੀ ਜਾਗਰੁਕਤਾ ਨਹੀਂ ਹੈ
  • ਭਾਰਤ ਵਿੱਚ ਬੁਲਿੰਗ ਨੂੰ ਰੋਕਣ ਲਈ ਕੋਈ ਅਲੱਗ ਕਨੂੰਨ ਨਹੀਂ ਹੈ
ਬੁਲਿੰਗ

ਖੋਜ ਕੀ ਕਹਿੰਦੀ ਹੈ?

ਹਾਲ ਹੀ ਵਿੱਚ ਹੋਈ ਖੋਜ ਇਹ ਕਹਿੰਦੀ ਹੈ ਕਿ ਬੁਲਿੰਗ ਲੋਕਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਬਿਮਾਰ ਬਣਾ ਸਕਦੀ ਹੈ।

ਬਚਪਨ ਵਿੱਚ ਬੁਲਿੰਗ ਦਾ ਸ਼ਿਕਾਰ ਹੋਏ ਕਈ ਲੋਕ ਆਪਣੀ ਜਵਾਨੀ ਵਿੱਚ ਵੀ ਇਸ ਕਰਕੇ ਸਿਹਤਮੰਦ ਮਹਿਸੂਸ ਨਹੀਂ ਕਰਦੇ। ਉਨ੍ਹਾਂ ਨੂੰ ਇਲਾਜ ਦੇ ਲਈ ਡਾਕਟਰ ਦੇ ਕੋਲ ਜਾਣਾ ਪੈਂਦਾ ਹੈ।

ਪ੍ਰੋਫੈਸਰ ਲੁਈਸ ਆਰਸੇਨਾਲਟ ਨੇ ਆਪਣੀ ਰਿਸਰਚ ਵਿੱਚ ਇਹ ਦੇਖਿਆ ਕਿ ਇਸ ਦੇ ਨਾਲ ਬੱਚਿਆਂ ਦੀ ਮਾਨਸਿਕ ਸਿਹਤ ਉੱਤੇ ਗਹਿਰਾ ਅਸਰ ਪੈਂਦਾ ਹੈ।

ਉਹ ਦੱਸਦੇ ਹਨ ਕਿ 7 ਤੋਂ 12 ਦੀ ਉਮਰ ਵਿੱਚ ਬੁਲਿੰਗ ਦੇ ਸ਼ਿਕਾਰ ਬੱਚਿਆਂ ਵਿੱਚ ਇਹ ਅਸਰ ਉਨ੍ਹਾਂ ਦੀ ਉਮਰ ਦੇ 45ਵੇਂ ਸਾਲ ਤੱਕ ਬਰਕਰਾਰ ਰਹਿ ਸਕਦਾ ਹੈ।

‘ਹਾਰਵਰਡ ਰਿਵਿਊ ਆਫ ਸਾਇਕਿਯਾਟ੍ਰਿਕ’ ਵਿੱਚ ਪ੍ਰਕਾਸ਼ਤ ਉਨ੍ਹਾਂ ਦੇ ਖੋਜ ਪਰਚੇ ਵਿੱਚ ਕਈ ਉਦਾਹਰਨਾਂ ਦੇ ਨਾਲ ਬੁਲਿੰਗ ਦੇ ਖਤਰਿਆਂ ਦੀ ਵਿਆਖਿਆ ਕੀਤੀ ਗਈ ਹੈ।

ਉਨ੍ਹਾਂ ਲਿਖਿਆ ਹੈ ਕਿ ਬਚਪਨ ਵਿੱਚ ਹੋਈ ਬੁਲਿੰਗ ਦਾ ਪ੍ਰਭਾਵ ਦਹਾਕਿਆਂ ਤੱਕ ਰਹਿੰਦਾ ਹੈ। ਇਸ ਨਾਲ ਲੋਕਾਂ ਦੀ ਮਾਨਸਿਕ ਸਿਹਤ ਉੱਤੇ ਬਹੁਤ ਡੂੰਘਾ ਅਸਰ ਪੈਂਦਾ ਹੈ।

ਇਸ ਨਾਲ ‘ਪੈਨਿਕ ਡਿਸਆਰਡਰ’ ਵੀ ਹੋ ਸਕਦਾ ਹੈ। ਕਈ ਲੋਕ ਬਾਅਦ ਦੇ ਦਿਨਾਂ ਵਿੱਚ ਵੀ ਦੋਸਤ ਨਹੀਂ ਬਣਾ ਪਾਉਂਦੇ ਅਤੇ ਉਨ੍ਹਾਂ ਨੂੰ ਦੂਜਿਆਂ ਉੱਤੇ ਭਰੋਸਾ ਕਰਨ ਵਿੱਚ ਵੀ ਮੁਸ਼ਕਲ ਹੁੰਦੀ ਹੈ।

ਇਸਦਾ ਅਸਰ ਉਨ੍ਹਾਂ ਦੀਆਂ ਵਿਦਿਅਕ ਪ੍ਰਾਪਤੀਆਂ ਉੱਤੇ ਵੀ ਪੈਂਦਾ ਹੈ ਅਤੇ ਇਸ ਕਾਰਨ ਉਨ੍ਹਾਂ ਨੂੰ ਬਾਅਦ ਦੇ ਦਿਨਾਂ ਵਿੱਚ ਆਰਥਿਕ ਮੁਸ਼ਕਲਾਂ ਵੀ ਝੱਲਣੀਆਂ ਪੈਂਦੀਆਂ ਹਨ।

ਆਰਤੀ ਮਲਹੋਤਰਾ ਨੇ ਵੀ ਆਪਣੇ ਬੱਚੇ ਆਰਵੇ ਦੇ ਬਾਰੇ ਵਿੱਚ ਦੱਸਿਆ ਸੀ ਕਿ ਉਹ ਵੀ ਡਿਪਰੈਸ਼ਨ ਵਿੱਚ ਚਲਾ ਗਿਆ ਸੀ ਅਤੇ ਉਸਦਾ ਇਲਾਜ ਵੀ ਚੱਲਿਆ ਸੀ।

ਪਰ ਸਥਿਤੀ ਏਨੀ ਖਰਾਬ ਹੋ ਗਈ ਸੀ ਕਿ ਕਿ ਉਨ੍ਹਾਂ ਨੇ ਖ਼ੁਦਕੁਸ਼ੀ ਕਰਨ ਵਰਗਾ ਕਦਮ ਚੁੱਕ ਲਿਆ।

ਪਰ ਜੇਕਰ ਕਿਸੇ ਕੁੜੀ ਨਾਲ ਬਚਪਨ ਵਿੱਚ ਬੁਲਿੰਗ ਹੁੰਦੀ ਹੈ ਤਾਂ ਇਸ ਖੋਜ ਦੇ ਮੁਤਾਬਕ ਉਸ ਨੂੰ ਜਵਾਨੀ ਵਿੱਚ ਘਬਰਾਹਟ ਜਾਂ ਇਸ ਨਾਲ ਸੰਬੰਧਤ ਬਿਮਾਰੀ ਹੋਣ ਦੀ ਸ਼ੰਕਾ 27 ਗੁਣਾ ਵੱਧ ਹੁੰਦੀ ਹੈ ਅਤੇ ਉੱਥੇ ਮਰਦਾਂ ਵਿੱਚ ਇਹ ਔਸਤ 18 ਗੁਣਾ ਵੱਧ ਹੁੰਦੀ ਹੈ।

ਬੁਲਿੰਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾ ਮੁੰਡਾ ਮੰਨਦੇ ਹਨ ਕਿ ਬੁਲਿੰਗ ਨੂੰ ਲੈ ਕੇ ਭਾਰਤ ਵਿੱਚ ਅਜੇ ਲੋੜੀਂਦੀ ਜਾਗਰੁਕਤਾ ਨਹੀਂ ਹੈ।

ਮਨੋਵਿਗਿਆਨੀਆਂ ਦੀ ਰਾਏ

ਸੈਂਟਰਲ ਇੰਟੀਟਊਟ ਆਫ਼ ਸਾਏਕਿਯਾਟ੍ਰੀ ਵਿੱਚ ਅਸੋਸੀਏਟ ਪ੍ਰੋਫੈਸਰ ਡਾ ਸੰਜੇ ਮੁੰਡਾ ਕਹਿੰਦੇ ਹਨ ਕਿ ਬੁਲਿੰਗ ਨੂੰ ਕਈ ਲੋਕ ਦਰਕਿਨਾਰ ਕਰ ਦਿੰਦੇ ਹਨ, ਜੋ ਬਿਲਕੁਲ ਵੀ ਸਹੀ ਨਹੀਂ ਹੈ।

ਡਾ ਸੰਜੇ ਮੁੰਡਾ ਬੀਬੀਸੀ ਨਾਲ ਗੱਲਬਾਤ ਵਿੱਚ ਦੱਸਦੇ ਹਨ, “ਬੁਲਿੰਗ ਦੇ ਸ਼ਿਕਾਰ ਬੱਚੇ ਪੂਰੀ ਉਮਰ ਇਹ ਗੱਲਾਂ ਨਹੀਂ ਭੁੱਲ ਪਾਉਂਦੇ, ਉਹ ਹਮੇਸ਼ਾ ਦੁਬਿਧਾ ਵਿੱਚ ਰਹਿੰਦੇ ਹਨ।”

ਉਹ ਇਸ ਬਾਰੇ ਮਾਪਿਆਂ ਨੂੰ ਸਲਾਹ ਦਿੰਦੇ ਹਨ, “ਜੇਕਰ ਬੱਚਾ ਇਹੋ ਜਿਹੀ ਕਿਸੇ ਮੁਸ਼ਕਲ ਨਾਲ ਉਨ੍ਹਾਂ ਦੇ ਕੋਲ ਆਉਂਦਾ ਹੈ ਤਾਂ ਉਹਨਾਂ ਨੂੰ ਇਸ ਬਾਰੇ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ, ਉਹ ਬੱਚਿਆਂ ਦੇ ਵਿਵਹਾਰ ਵਿੱਚ ਜੋ ਤਬਦੀਲੀ ਦੇਖਦੇ ਹਨ ਉਸ ਨੂੰ ਖਾਰਿਜ ਨਾ ਕਰਨ।”

ਉਹ ਕਹਿੰਦੇ ਹਨ ਕਿ ਜੇਕਰ ਮਾਤਾ-ਪਿਤਾ ਇਸ ਬਾਰੇ ਸੁਚੇਤ ਰਹਿੰਦੇ ਹਨ, ਤਾਂ ਸਮਾਂ ਰਹਿੰਦੇ ਬੁਲਿੰਗ ਦੇ ਪ੍ਰਭਾਵਾਂ ਨੂੰ ਘੱਟ ਕਰਨ ਵਿੱਚ ਆਸਾਨੀ ਹੋਵੇਗੀ।

ਡਾ ਮੁੰਡਾ ਮੰਨਦੇ ਹਨ ਕਿ ਬੁਲਿੰਗ ਨੂੰ ਲੈ ਕੇ ਭਾਰਤ ਵਿੱਚ ਅਜੇ ਲੋੜੀਂਦੀ ਜਾਗਰੁਕਤਾ ਨਹੀਂ ਹੈ।

ਉਹ ਇੱਕ ਮਾਮਲਾ ਸਾਂਝਾ ਕਰਦੇ ਹੋਏ ਦੱਸਦੇ ਹਨ ਕਿ ਹਾਲ ਹੀ ਵਿੱਚ ਉਹਨਾਂ ਦੇ ਕੋਲ ਇੱਕ 11 ਸਾਲ ਦੇ ਬੱਚੇ ਦਾ ਮਾਮਲਾ ਆਇਆ ਸੀ।

ਇਸ ਬੱਚੇ ਨੂੰ ਉਸਦੇ ਦੋਸਤ ਤੰਗ ਕਰਦੇ ਸੀ, ਇਸ ਲਈ ਉਹ ਸਕੂਲ ਨਹੀਂ ਜਾਣਾ ਚਾਹੁੰਦਾ ਸੀ, ਪਰ ਉਸ ਦੀ ਕਾਊਂਸਲਿੰਗ ਤੋਂ ਬਾਅਦ ਹੁਣ ਉਹ ਪਹਿਲਾਂ ਵਾਂਗ ਸਕੂਲ ਜਾਂਦਾ ਹੈ।

ਇਸ ਦੌਰਾਨ ਮਾਪਿਆਂ ਨੂੰ ਘਬਰਾਉਣ ਦੀ ਜਗ੍ਹਾ ਮਨੋਵਿਗਿਆਨੀਆਂ ਦੀ ਸਲਾਹ ਲੈਣੀ ਚਾਹੀਦੀ ਹੈ।

ਬੁਲਿੰਗ

ਤਸਵੀਰ ਸਰੋਤ, Getty Images

ਬੁਲਿੰਗ ਨੂੰ ਰੋਕਣ ਦੇ ਕਾਨੂੰਨ

ਭਾਰਤ ਵਿੱਚ ਬੁਲਿੰਗ ਨੂੰ ਰੋਕਣ ਲਈ ਕੋਈ ਅਲੱਗ ਕਨੂੰਨ ਨਹੀਂ ਹੈ।

ਉੱਘੇ ਵਕੀਲ ਦੀਪਕ ਭਾਰਤੀ ਕਹਿੰਦੇ ਹਨ ਕਿ ਵੈਸੇ ਤਾਂ ਬੁਲਿੰਗ ਦੇ ਲਈ ਕੋਈ ਵਿਸ਼ੇਸ਼ ਕਨੂੰਨ ਨਹੀਂ ਹੈ ਪਰ ਆਈਪੀਸੀ ਦੀਆਂ ਕਈ ਧਾਰਾਵਾਂ ਇਸ ‘ਤੇ ਲਾਗੂ ਕੀਤੀਆਂ ਜਾ ਸਕਦੀਆਂ ਹਨ।

ਉਹ ਕਹਿੰਦੇ ਹਨ, “ਜੇਕਰ ਬੁਲਿੰਗ ਦੇ ਕਾਰਨ ਕਿਸੇ ਨੇ ਖੁਦਕੁਸ਼ੀ ਕਰ ਲਈ, ਤਾਂ ਉਸਦੇ ਨਾਲ ਪ੍ਰੇਸ਼ਾਨ ਕਰਨ ਵਾਲੇ ਲੋਕਾਂ ਦੇ ਖ਼ਿਲਾਫ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ (ਆਈਪੀਸੀ ਦੀ ਧਾਰਾ 306 ਅਧੀਨ) ਦਰਜ ਕਰਵਾਇਆ ਜਾ ਸਕਦਾ ਹੈ। ਇਸ ਵਿੱਚ ਦੋਸ਼ ਸਾਬਤ ਹੋਣ ਉੱਤੇ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ।”

ਗੱਲ ਜੇਕਰ ਮਾਰ-ਕੁੱਟ, ਗਾਲ੍ਹਾਂ ਜਾਂ ਸਰੀਰਕ ਨੁਕਸਾਨ ਦੀ ਹੋਵੇਗੀ ਤਾਂ ਇਸਦੇ ਲਈ ਵੀ ਭਾਰਤੀ ਦੰਡਾਵਲੀ ਵਿੱਚ ਵਿਵਸਥਾ ਕੀਤੀ ਗਈ ਹੈ, ਇਸ ਲਈ ਇਹ ਸਮਝਣਾ ਕਿ ਬੁਲਿੰਗ ਕਰਕੇ ਕੋਈ ਬਚ ਜਾਏਗਾ ਇਹ ਗਲਤ ਗੱਲ ਹੈ, ਉਸ ਨੂੰ ਕਨੂੰਨ ਦੇ ਮੁਤਾਬਕ ਸਜ਼ਾ ਮਿਲਣੀ ਹੀ ਹੈ।”

ਬੁਲਿੰਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਪਿਆਂ ਨੂੰ ਆਪ ਪਹਿਲ ਕਰਕੇ ਬੱਚਿਆਂ ਨਾਲ ਗੱਲ ਕਰਨੀ ਚਾਹੀਦੀ ਹੈ।

ਮਾਪੇ ਕਿਵੇਂ ਸਹਾਇਤਾ ਕਰ ਸਕਦੇ ਹਨ

ਅਮਰੀਕਾ ਦੇ ਸਾਊਥ ਕੈਰੋਲੀਨਾ ਸੂਬੇ ਦੀ ਕਲੇਮਸਨ ਯੂਨੀਵਰਸਿਟੀ ਵਿੱਚ ਡਵੈਲਪਮੇਂਟਲ ਸਾਇਕਾਲਾਜੀ ਦੀ ਪ੍ਰੋਫੈਸਰ ਸੁਸ਼ਾਨ ਲਿੰਬਰ ਕਹਿੰਦੀ ਹੈ ਕਿ ਬੱਚਿਆਂ ਦੇ ਮਾਪਿਆਂ ਨੂੰ ਅਜਿਹੇ ਮਾਮਲਿਆਂ ਦੇ ਸਾਹਮਣੇ ਆਉਣ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ।

ਉਨ੍ਹਾਂ ਦੇ ਅਨੁਸਾਰ ਮਾਪਿਆਂ ਨੂੰ ਆਪ ਪਹਿਲ ਕਰਕੇ ਬੱਚਿਆਂ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਇਹ ਜਾਣਨ ਦੀ ਕੋਸ਼ਿਸ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਨੂੰ ਆਪਣੇ ਦੋਸਤਾਂ ਤੋਂ ਕੋਈ ਪਰੇਸ਼ਾਨੀ ਤਾਂ ਨਹੀਂ ਹੈ।

ਉਹ ਦੱਸਦੇ ਹਨ, “ਵੱਡਿਆਂ ਨੂੰ ਬੱਚਿਆਂ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ, ਭਾਵੇਂ ਉਹ ਪਹਿਲੀ ਨਜ਼ਰੇ ਛੋਟੀਆਂ ਲੱਗਣ, ਚੰਗੀ ਤਰ੍ਹਾਂ ਨਾਲ ਉਨ੍ਹਾਂ ਦੀਆਂ ਗੱਲਾਂ ਸੁਣੋ ਅਤੇ ਸੁਣਦੇ ਸਮੇਂ ਆਪਣੀਆਂ ਭਾਵਨਾਵਾਂ ਨੂੰ ਵੀ ਕਾਬੂ ਵਿੱਚ ਰੱਖੋ, ਸੰਭਵ ਹੋਵੇ ਤਾਂ ਇਸ ਸੰਬੰਧ ਵਿੱਚ ਸਕੂਲ ਦੇ ਨਾਲ ਵੀ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ, ਤਾਂ ਕਿ ਬੱਚਾ ਸੁਰੱਖਿਅਤ ਮਹਿਸੂਸ ਕਰ ਸਕੇ।”

(ਖ਼ੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਿਕ ਅਤੇ ਸਮਾਜਿਕ ਸਮੱਸਿਆ ਹੈ। ਜੇਕਰ ਤੁਸੀ ਵੀ ਤਣਾਅ ਵਿੱਚੋਂ ਲੰਘ ਰਹੇ ਹੋ ਤਾਂ ਭਾਰਤ ਸਰਕਾਰ ਦੀ ਜੀਵਨਸਾਥੀ ਹੈਲਪਲਾਈਨ 18002333330 ਤੋਂ ਸਹਾਇਤਾ ਲੈ ਸਕਦੇ ਹੋ। ਤੁਹਾਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)