ਐੱਨਸੀਈਆਰਟੀ ਨੇ ਕਿਤਾਬਾਂ 'ਚੋਂ ਮੁਗਲ ਇਤਿਹਾਸ ਤੇ ਗਾਂਧੀ ਦੇ ਕਤਲ ਨਾਲ ਸਬੰਧਿਤ ਕੁਝ ਹਵਾਲੇ ਹਟਾਏ, ਛਿੜਿਆ ਵਿਵਾਦ

ਇਤਿਹਾਰ ਦੀਆਂ ਕਿਤਾਬਾਂ

ਤਸਵੀਰ ਸਰੋਤ, Getty Images

ਨੈਸ਼ਨਲ ਕਾਉਂਸਿਲ ਫ਼ਾਰ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (ਐੱਨਸੀਈਆਰਟੀ) ਵੱਲੋਂ 12ਵੀਂ ਜਮਾਤ ਦੀ ਰਾਜਨੀਤੀ ਸ਼ਾਸਤਰ ਦੀ ਕਿਤਾਬ ਵਿੱਚੋਂ ਮੁਗਲ ਇਤਿਹਾਸ, ਗੁਜਰਾਤ ਦੰਗੇ ਤੇ ਮਹਾਤਮਾ ਗਾਂਧੀ ਦੇ ਕਤਲ ਨਾਲ ਸਬੰਧਿਤ ਕੁਝ ਹਿੱਸੇ ਹਟਾ ਦਿੱਤੇ ਜਾਣ ਤੋਂ ਬਾਅਦ ਵਿਵਾਦ ਛਿੜ ਗਿਆ ਹੈ।

ਬੀਤੇ 15 ਸਾਲਾਂ ਤੋਂ ਇਹ ਕਿਤਾਬ ਦਾ ਹਿੱਸਾ ਸਨ ਪਰ ਹੁਣ ਨਵੀਂ ਛਪੀਆਂ ਕਿਤਾਬਾਂ ਵਿੱਚੋਂ ਇਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ।

ਕਿਤਾਬਾਂ ਵਿੱਚ ਇਤਿਹਾਸ ਦੇ ਪੰਨ੍ਹਿਆਂ ਨੂੰ ਹਟਾਉਣ ਨਾਲ ਵਿਵਾਦ ਪੈਦਾ ਹੋ ਗਿਆ ਹੈ।

ਅਕਾਦਮਿਕ ਅਲੋਚਕਾਂ ਦਾ ਕਹਿਣਾ ਹੈ ਕਿ ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਅੱਧੇ ਇਤਿਹਾਸ ਨੂੰ ਹੀ ਜਾਣ ਸਕਣਗੀਆਂ ਤੇ ਬਹੁਤ ਕੁਝ ਜਾਣਨ ਤੋਂ ਵਾਂਝੀਆਂ ਰਹਿ ਜਾਣਗੀਆਂ।

ਇਤਿਹਾਸ

ਤਸਵੀਰ ਸਰੋਤ, Getty Images

ਮਹਾਮਤਾ ਗਾਂਧੀ ਨਾਲ ਸਬੰਧਿਤ ਪਾਠਕ੍ਰਮ

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਇਤਿਹਾਸ ਦੀ ਕਿਤਾਬ ਦੇ ਉਹ ਹਿੱਸੇ ਜਿਸ ਵਿੱਚ ਗਾਂਧੀ ਦਾ ਕਤਲ ਕਰਨ ਵਾਲੇ ਨੱਥੂਰਾਮ ਗੌਡਸੇ ਨੂੰ 'ਪੁਣੇ ਦਾ ਇੱਕ ਬ੍ਰਾਹਮਣ' ਦੱਸਿਆ ਗਿਆ ਸੀ ਅਤੇ ਉਸ ਦੀ ਪਛਾਣ ਇੱਕ ਕੱਟੜਪੰਥੀ ਹਿੰਦੂ ਅਖ਼ਬਾਰ ਦੇ ਸੰਪਾਦਕ ਵਜੋਂ ਦੱਸੀ ਗਈ ਸੀ ਨੂੰ ਹਟਾ ਦਿੱਤਾ ਗਿਆ ਹੈ।

ਕੁਝ ਹੋਰ ਹਟਾਈਆਂ ਗਈਆਂ ਲਾਈਨਾਂ ਵਿੱਚ ਇਹ ਲਿਖਿਆ ਸੀ, 'ਜਿਹੜੇ ਲੋਕ ਇਹ ਮੰਨਦੇ ਸਨ ਕਿ ਭਾਰਤ ਹਿੰਦੂ ਧਰਮ ਦੇ ਲੋਕਾਂ ਦਾ ਦੇਸ਼ ਹੋਣਾ ਚਾਹੀਦਾ ਹੈ ਅਤੇ ਭਾਰਤ ਨੂੰ ਬਦਲਾ ਲੈਣਾ ਚਾਹੀਦਾ ਹੈ, ਉਹ ਮੋਹਨਦਾਸ ਕਰਮਚੰਦ ਗਾਂਧੀ ਨੂੰ ਨਾਪਸੰਦ ਕਰਦੇ ਸਨ।'

“ਗਾਂਧੀ ਦੀ ਮੌਤ ਦਾ ਦੇਸ਼ ਦੀ ਫ਼ਿਰਕੂ ਸਥਿਤੀ 'ਤੇ ਵੱਡਾ ਪ੍ਰਭਾਵ ਪਿਆ। ਸਰਕਾਰ ਨੇ ਫ਼ਿਰਕੂ ਤਣਾਅ ਫ਼ੈਲਾਉਣ ਵਾਲੇ ਸੰਗਠਨਾਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਵਰਗੀਆਂ ਸੰਸਥਾਵਾਂ 'ਤੇ ਕੁਝ ਸਮੇਂ ਲਈ ਪਾਬੰਦੀ ਲਗਾ ਦਿੱਤੀ ਗਈ।”

ਆਰਐੱਸਐੱਸ ’ਤੇ ਪਾਬੰਦੀ ਲਗਾਏ ਜਾਣ ਵਾਲੇ ਹਿੱਸੇ ਨੂੰ ਕੱਢੇ ਜਾਣ ’ਤੇ ਵੀ ਅਲੋਚਕ ਸਵਾਲ ਖੜੇ ਕਰ ਰਹੇ ਹਨ।

ਐਕਸਪ੍ਰੈਸ ਮੁਤਾਬਕ ਨਵੀਆਂ ਕਿਤਾਬਾਂ ਵਿੱਚੋਂ ਮੁਕੰਮਲ ਪਾਠ ਨਹੀਂ ਹਟਾਏ ਗਏ ਬਲਕਿ ਕੁਝ ਚੁਣੇ ਹੋਏ ਵਾਕਾਂ ਤੇ ਹਵਾਲਿਆਂ ਨੂੰ ਸਿਲੇਬਸ ਤੋਂ ਬਾਹਰ ਕੀਤਾ ਗਿਆ ਹੈ।

ਇਤਿਹਾਸ

ਤਸਵੀਰ ਸਰੋਤ, BSIP/UNIVERSAL IMAGES GROUP VIA GETTY IMAGES

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਗੁਜਰਾਤ ਦੰਗਿਆਂ ਤੇ ਮੁਗ਼ਲਾਂ ਨਾਲ ਸਬੰਧਿਤ ਕੁਝ ਹਵਾਲੇ ਵੀ ਹਟਾਏ ਗਏ

ਗੁਜਰਾਤ ਦੰਗੇ - ਕਿਤਾਬ ਵਿੱਚ ਪਹਿਲਾਂ ਗੁਜਰਾਤ ਦੰਗਿਆਂ ਬਾਰੇ ਇੱਕ ਪੂਰ੍ਹਾ ਪੈਰਾਗ੍ਰਾਫ਼ ਸੀ ਜੋ ਇਸ ਬਾਰੇ ਗੱਲ ਕਰਦਾ ਹੈ ਕਿ ਕਿਵੇਂ ਰਿਹਾਇਸ਼ੀ ਇਲਾਕੇ ਧਰਮ, ਜਾਤ ਅਤੇ ਨਸਲ ਦੇ ਆਧਾਰ 'ਤੇ ਵੰਡੇ ਹੋਏ ਸਨ ਤੇ 2002 ਦੇ ਗੁਜਰਾਤ ਦੰਗਿਆਂ ਤੋਂ ਬਾਅਦ ਇਸ ਸਥਿਤੀ ਵਿੱਚ ਹੋਏ ਵਾਧੇ ਬਾਰੇ ਦੱਸਿਆ ਗਿਆ ਸੀ।

ਇਨ੍ਹਾਂ ਹਵਾਲਿਆਂ ਨੂੰ ਕਿਤਾਬ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ।

ਮੁਗਲਾਂ ਬਾਰੇ ਪਾਠ - ਮੁਗਲਾਂ ਅਤੇ ਜਾਤੀ ਪ੍ਰਣਾਲੀ ਨਾਲ ਸਬੰਧਤ ਭਾਗਾਂ ਨੂੰ ਵੀ ਐੱਨਸੀਈਆਰਟੀ ਦੀਆਂ ਨਵੀਆਂ ਕਿਤਾਬਾਂ ਵਿੱਚੋਂ ਹਟਾ ਦਿੱਤਾ ਗਿਆ ਹੈ।

ਦਿੱਲੀ ਸਲਤਨਤ ਦੇ ਸ਼ਾਸਕਾਂ ਤੁਗ਼ਲਕ, ਖਿਲਜੀ, ਲੋਧੀ ਅਤੇ ਮੁਗ਼ਲ ਨਾਲ ਸਬੰਧਤ ਭਾਗਾਂ ਨੂੰ 7ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਵਿੱਚੋਂ ਹਟਾ ਦਿੱਤਾ ਗਿਆ ਹੈ।

ਦੋ ਪੰਨਿਆਂ ਦੀ ਇੱਕ ਸਾਰਣੀ ਕੱਢੀ ਗਈ ਹੈ ਜਿਸ ਵਿੱਚ ਹਿਮਾਯੂੰ, ਸ਼ਾਹਜਹਾਂ, ਬਾਬਰ, ਅਕਬਰ, ਜਹਾਂਗੀਰ ਅਤੇ ਔਰੰਗਜ਼ੇਬ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਗਈ ਸੀ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ 12ਵੀਂ ਜਮਾਤ ਦੀ ਪਾਠ ਪੁਸਤਕ ਵਿੱਚੋਂ ਅਧਿਆਏ 'ਕਿੰਗਜ਼ ਐਂਡ ਕ੍ਰੋਨਿਕਲਜ਼: ਦਿ ਮੁਗਲ ਕੋਰਟ' ਨੂੰ ਹਟਾ ਦਿੱਤਾ ਗਿਆ ਹੈ।

ਇਤਿਹਾਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਪਿਛਲੇ ਸਾਲ ਵੀ ਸਿਲੇਬਸ ਘਟਾਇਆ ਗਿਆ ਸੀ

ਬੀਤੇ ਵਰ੍ਹੇ ਕੋਵਿਡ ਮਹਾਮਾਰੀ ਤੋਂ ਬਾਅਦ ਜਦੋਂ ਸਕੂਲ ਖੋਲ੍ਹੇ ਗਏ ਸਨ ਉਸ ਸਮੇਂ ਵੀ ਐੱਨਸੀਈਆਰਟੀ ਨੇ ਸਿਲੇਬਸ ਦੇ ਕੁਝ ਹਿੱਸੇ ਹਟਾ ਦਿੱਤੇ ਸਨ ਤਾਂ ਜੋ ਬੱਚਿਆਂ 'ਤੇ ਸਿਲੇਬਸ ਦਾ ਜ਼ਿਆਦਾ ਦਬਾਅ ਨਾ ਪਵੇ।

ਇਨ੍ਹਾਂ ਬਦਲਾਵਾਂ ਬਾਰੇ ਸਕੂਲਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਨਾਲ ਹੀ ਵਿਭਾਗ ਦੀ ਅਧਿਕਾਰਤ ਵੈੱਬਸਾਈਟ 'ਤੇ ਵੀ ਜਾਣਕਾਰੀ ਦਿੱਤੀ ਗਈ ਸੀ।

ਪਿਛਲੇ ਸਾਲ ਸਮੇਂ ਦੀ ਘਾਟ ਕਾਰਨ ਨਵੀਆਂ ਕਿਤਾਬਾਂ ਦੀ ਛਪਾਈ ਦਾ ਕੰਮ ਨਹੀਂ ਹੋ ਸਕਿਆ ਸੀ। ਸਾਲ 2023-24 ਲਈ ਇਹ ਨਵੀਆਂ ਕਿਤਾਬਾਂ ਹੁਣ ਛਪ ਕੇ ਬਾਜ਼ਾਰ ਵਿੱਚ ਆਈਆਂ ਹਨ।

ਐੱਨਸੀਈਆਰਟੀ ਨੇ ਕੀ ਕਿਹਾ

ਏਐੱਨਆਈ ਦੀ ਖ਼ਬਰ ਮੁਤਾਬਕ ਐੱਨਸੀਈਆਰਟੀ ਦੇ ਨਿਰਦੇਸ਼ਕ ਦਿਨੇਸ਼ ਪ੍ਰਸਾਦ ਸਕਲਾਨੀ ਨੇ 12ਵੀਂ ਦੀਆਂ ਕਿਤਾਬਾਂ ਵਿੱਚ ਕੁਝ ਹਿੱਸੇ ਹਟਾਏ ਜਾਣ ਦੀ ਗੱਲ ਨੂੰ ਝੂਠ ਦੱਸਿਆ ਹੈ। ਉਨ੍ਹਾਂ ਕਿਹਾ, “ਇਹ ਝੂਠ ਹੈ ਕਿ ਮੁਗਲਾਂ ਬਾਰੇ ਪਾਠਾਂ ਨੂੰ ਸਿਲੇਬਸ ਤੋਂ ਹਟਾ ਦਿੱਤਾ ਗਿਆ ਹੈ।”

ਪਿਛਲੇ ਸਾਲ ਕੋਵਿਡ ਦੇ ਚਲਦਿਆਂ ਬੱਚਿਆਂ ’ਤੇ ਵੱਧ ਰਹੇ ਬੋਝ ਨਾਲ ਨਜਿੱਠਣ ਲਈ ਸਿਲੇਬਸ ਵਿੱਚ ਰੈਸ਼ਨੇਲਾਈਜ਼ੇਸ਼ਨ ਜ਼ਰੀਏ ਕੁਝ ਬਦਲਾਅ ਕੀਤੇ ਗਏ ਸਨ।

ਉਨ੍ਹਾਂ ਕਿਹਾ ਹੈ ਕਿ "ਹੋ ਸਕਦਾ ਹੈ ਕਿ ਕੁਝ ਹਿੱਸੇ ਹਟਾ ਦਿੱਤੇ ਗਏ ਹੋਣ, ਪਰ ਜੋ ਹੋਇਆ ਹੈ ਉਹ ਪਿਛਲੇ ਸਾਲ ਵਾਲਾ ਹੀ ਹੋਇਆ ਹੈ।"

ਇਤਿਹਾਰ ਦੀਆਂ ਕਿਤਾਬਾਂ

ਤਸਵੀਰ ਸਰੋਤ, NCERT

ਸਿਆਸੀ ਪਾਰਟੀਆਂ ਦਾ ਪ੍ਰਤੀਕਰਮ

ਨਵੇਂ ਸਿਲੇਬਸ ਬਾਰੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪੋ-ਆਪਣੀ ਟਿੱਪਣੀਆਂ ਦਿੱਤੀਆਂ ਹਨ।

ਭਾਜਪਾ ਆਗੂ ਕਪਿਲ ਮਿਸ਼ਰਾ ਨੇ ਇੱਕ ਟਵੀਕ ਕਰਕੇ ਕਿਹਾ, “ਐੱਨਸੀਈਆਰਟੀ ਵਿੱਚੋਂ ਮੁਗ਼ਲਾਂ ਦਾ ਝੂਠਾ ਇਤਿਹਾਸ ਹਟਾਉਣਾ ਇੱਕ ਸ਼ਾਨਦਾਰ ਫ਼ੈਸਲਾ ਹੈ।”

“ਚੋਰ, ਜੇਬਕਤਰੇ ਤੇ ਦੋ ਕੌੜੀ ਦੇ ਸੜਕ ਛਾਪ ਲੋਕਾਂ ਨੂੰ ਮੁਗ਼ਲ ਸਲਤਨਤ ਤੇ ਭਾਰਤ ਦਾ ਬਾਦਸ਼ਾਹ ਦੱਸਿਆ ਜਾਂਦਾ ਸੀ।”

ਇਤਿਹਾਸ

ਤਸਵੀਰ ਸਰੋਤ, Kapil Mishra

ਕਪਿਲ ਸਿਬਲ ਨੇ ਵੀ ਇਸ ਬਾਰੇ ਇੱਕ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ, “ਐੱਨਸੀਈਆਰਟੀ ਕਿਤਬਾਂ 'ਚੋਂ ਇਹ ਕੱਢਿਆ ਗਿਆ ਹੈ:

1. ਗਾਂਧੀ ਦੀ ਹਿੰਦੂ ਮੁਸਲਿਮ ਏਕੇ ਦੀ ਕੋਸ਼ਿਸ਼

2.ਆਰਐੱਸਐੱਸ ’ਤੇ ਪਾਬੰਦੀ

3. ਗੁਜਰਾਤ ਦੰਗਿਆਂ ਦੇ ਸਾਰੇ ਹਵਾਲੇ

4. ਭਾਰਤ ਵਿੱਚ ਵਿਰੋਧ ਪ੍ਰਦਰਸ਼ਨ ਜਿਹੜੇ ਸਮਾਜਿਕ ਮੁਹਿੰਮਾ ਬਣ ਗਏ

ਸਭ ਮੋਦੀ ਦੇ ਭਾਰਤ ਨਾਲ ਇਕਸਾਰ ਜੋ 2014 ਵਿੱਚ ਸ਼ੁਰੂ ਹੋਇਆ”

ਇਤਿਹਾਸ

ਤਸਵੀਰ ਸਰੋਤ, Kalip Sibal/Twitter

ਏਆਈਐੱਮਆਈਐੱਮ ਦੇ ਸੰਸਦ ਅਸਦੁਦੀਨ ਓਵੈਸੀ ਨੇ ਵੀ ਇਸ ’ਤੇ ਪ੍ਰਤੀਕ੍ਰਿਆ ਦਿੰਦਾ ਕਿਹਾ ਕਿ, “ਭਾਜਪਾ ਨਫ਼ਰਤ ਸਿਖਾ ਰਹੀ ਹੈ। ਜੇ ਮੁਗ਼ਲਾਂ ਨੂੰ ਇਤਿਹਾਸ ਦੀ ਕਿਤਾਬ ਵਿੱਚੋਂ ਕੱਢ ਦਿੱਤਾ ਜਾਵੇ ਤਾਂ ਬਚੇਗਾ ਕੀ?

ਓਵੈਸੀ ਨੇ ਕਿਹਾ, "ਭਾਜਪਾ ਇਸ ਦੇਸ਼ 'ਚ ਕੀ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਗੁਜਰਾਤ ਦੇ ਦੰਗਿਆਂ ਨੂੰ ਵੀ ਹਟਾ ਦਿੱਤਾ। ਭਾਜਪਾ ਕੀ ਸਿਖਾਉਣਾ ਚਾਹੁੰਦੀ ਹੈ? 2002 ਦੇ ਦੰਗਿਆਂ ਬਾਰੇ ਕਿਹਾ ਜਾਵੇਗਾ ਕਿ ਇਹ ਇਨ੍ਹਾਂ ਨੂੰ ਸਬਕ ਸਿਖਾਉਣ ਲਈ ਕੀਤਾ ਗਿਆ ਸੀ। ਭਾਜਪਾ ਇਸ ਦੇਸ਼ ਨੂੰ ਫਾਸੀਵਾਦ ਵੱਲ ਲਿਜਾ ਰਹੀ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)