ਕਿਡਨੀ ਕਾਂਡ: ਪੈਸਿਆਂ ਦੇ ਲਾਲਚ ਵਿੱਚ ਫ਼ਰਜ਼ੀ ਪੁੱਤਰ ਬਣ ਕੇ ਨੌਜਵਾਨ ਨੇ ਪਹਿਲਾਂ ਗੁਆਈ ਕਿਡਨੀ, ਫਿਰ ਪਾਇਆ ਰੌਲਾ

ਅੰਗਦਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਵਿੱਚ ਅੰਗ ਦਾਨ ਨਾਲ ਜੁੜਿਆ ਕਾਨੂੰਨ, ਟਰਾਂਸਪਲਾਂਟੇਸ਼ਨ ਆਫ ਹਿਊਮਨ ਔਰਗਨਜ਼ ਐਕਟ ਸਾਲ 1994 ਵਿੱਚ ਪਾਸ ਕੀਤਾ ਗਿਆ
    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਕਸਬੇ ਡੇਰਾਬੱਸੀ ਵਿਖੇ ਇੱਕ ਇੰਡਸ ਇੰਟਰਨੈਸ਼ਨਲ ਹਸਪਤਾਲ ਵਿੱਚ ਫ਼ਰਜ਼ੀ ਪੁੱਤਰ ਬਣ ਕੇ ਕਿਡਨੀ ਟਰਾਂਸਪਲਾਂਟ ( ਗੁਰਦਾ ਬਦਲਣ) ਦਾ ਮਾਮਲਾ ਸਾਹਮਣੇ ਆਇਆ ਹੈ।

ਹੁਣ ਤੱਕ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਹਾਲੀ ਪੁਲਿਸ ਮੁਤਾਬਕ, ਇਹ ਗਿਰੋਹ ਆਮ ਲੋਕਾਂ ਨੂੰ ਪੈਸੇ ਦੇ ਲਾਲਚ ਵਿੱਚ ਫਸਾ ਕੇ ਗ਼ਲਤ ਦਸਤਾਵੇਜ਼ ਤਿਆਰ ਕਰ ਕੇ ਨਜਾਇਜ਼ ਢੰਗ ਨਾਲ ਗੁਰਦਿਆਂ ਦਾ ਸੌਦਾ ਕਰਦੇ ਸਨ।

ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਇਸ ਵਿੱਚ ਆਉਣ ਵਾਲੇ ਦਿਨਾਂ ਵਿੱਚ ਵੱਡੇ ਖ਼ੁਲਾਸੇ ਹੋਣ ਦੀ ਆਸ ਹੈ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਹਸਪਤਾਲ ਦਾ ਇੱਕ ਕਰਮੀ ਵੀ ਸ਼ਾਮਲ ਹੈ। ਫ਼ਿਲਹਾਲ ਹਸਪਤਾਲ ਦਾ ਕਿਡਨੀ ਟਰਾਂਸਪਲਾਂਟ (ਗੁਰਦਾ ਬਦਲਣ) ਲਈ ਲੋੜੀਂਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ।

ਬੀਬੀਸੀ

ਮੁੱਖ ਬਿੰਦੂ

  • ਡੇਰਾਬੱਸੀ ਵਿਖੇ ਇੱਕ ਇੰਡਸ ਇੰਟਰਨੈਸ਼ਨਲ ਹਸਪਤਾਲ ਵਿੱਚ ਫ਼ਰਜ਼ੀ ਪੁੱਤਰ ਬਣ ਕੇ ਕਿਡਨੀ ਟਰਾਂਸਪਲਾਂਟ ਦਾ ਮਾਮਲਾ ਸਾਹਮਣੇ ਆਇਆ ਹੈ।
  • ਗਿਰੋਹ ਗ਼ਲਤ ਦਸਤਾਵੇਜ਼ ਤਿਆਰ ਕਰ ਕੇ ਨਜਾਇਜ਼ ਢੰਗ ਨਾਲ ਗੁਰਦਿਆਂ ਦੀ ਖ਼ਰੀਦੋ ਫ਼ਰੋਖ਼ਤ ਦਾ ਕੰਮ ਕਰਦਾ ਹੈ।
  • ਪੁਲਿਸ ਨੇ ਇਸ ਮਾਮਲੇ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
  • ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਹਸਪਤਾਲ ਦਾ ਇੱਕ ਕਰਮੀ ਵੀ ਸ਼ਾਮਲ ਹੈ।
  • ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਇਸ ਵਿੱਚ ਆਉਣ ਵਾਲੇ ਦਿਨਾਂ ਵਿੱਚ ਵੱਡੇ ਖ਼ੁਲਾਸੇ ਹੋਣ ਦੀ ਆਸ ਹੈ।
  • ਫ਼ਿਲਹਾਲ ਹਸਪਤਾਲ ਦਾ ਕਿਡਨੀ ਟਰਾਂਸਪਲਾਂਟ ਲਈ ਲੋੜੀਂਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ।
ਬੀਬੀਸੀ

ਕੀ ਹੈ ਪੂਰਾ ਮਾਮਲਾ

ਹਸਪਤਾਲ ਦੇ ਰਿਕਾਰਡ ਮੁਤਾਬਕ, ਹਰਿਆਣਾ ਦਾ 53 ਸਾਲਾ ਸਤੀਸ਼ ਤਾਇਲ ਨਾਮ ਦਾ ਇੱਕ ਸ਼ਖ਼ਸ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸੀ।

ਉਸ ਨੇ ਡੇਰਾਬਸੀ ਦੇ ਨਿੱਜੀ ਹਸਪਤਾਲ ਵਿੱਚ 18 ਮਾਰਚ ਨੂੰ ਆਪਣਾ ਕਿਡਨੀ ਟਰਾਂਸਪਲਾਂਟ ਕਰਵਾਇਆ ਜਿਸ ਵਿੱਚ ਉਸ ਦੇ ਪੁੱਤਰ ਅਮਨ ਤਾਇਲ ਵੱਲੋਂ ਸਵੈ-ਇੱਛਾ ਦੇ ਨਾਲ ਆਪਣੀ ਇੱਕ ਕਿਡਨੀ ਪਿਤਾ ਨੂੰ ਦਾਨ ਕਰ ਕੀਤੀ ਗਈ।

ਆਪਰੇਸ਼ਨ ਤੋਂ ਪਹਿਲਾਂ ਹਸਪਤਾਲ ਵਿੱਚ ਬਕਾਇਦਾ ਅਮਨ ਤਾਇਲ ਅਤੇ ਸਤੀਸ਼ ਤਾਇਲ ਵੱਲੋਂ ਆਪਸ ਵਿੱਚ ਪਿਉ ਪੁੱਤਰ ਹੋਣ ਦੇ ਦਸਤਾਵੇਜ਼ ਅਤੇ ਪਰਿਵਾਰਕ ਫ਼ੋਟੋਆਂ ਵੀ ਜਮਾਂ ਕਰਵਾਈਆਂ ਗਈਆਂ।

ਦਸਤਾਵੇਜ਼ਾਂ ਵਿੱਚ ਆਧਾਰ ਕਾਰਡ, ਪੈੱਨ ਕਾਰਡ, ਪਿੰਡ ਦੇ ਸਰਪੰਚ ਦਾ ਤਸਦੀਕਸ਼ੁਦਾ ਪੱਤਰ ਅਤੇ ਤਹਿਸੀਲਦਾਰ ਵੱਲੋਂ ਤਸਦੀਕ ਕੀਤੇ ਗਏ ਕਾਗ਼ਜ਼ ਸ਼ਾਮਲ ਹਨ।

ਇਸ ਤੋਂ ਇਲਾਵਾ ਸਤੀਸ਼ ਤਾਇਲ ਦੀ ਪਤਨੀ ਅਨੀਤਾ ਤਾਇਲ ਵੱਲੋਂ ਪਿਉ ਪੁੱਤਰ ਦੇ ਰਿਸ਼ਤੇ ਨੂੰ ਤਸਦੀਕ ਕਰਦਾ ਹਲਫ਼ਨਾਮਾ ਵੀ ਜਮਾਂ ਕਰਵਾਇਆ ਗਿਆ ਸੀ।

ਇਸ ਤੋਂ ਬਾਅਦ 18 ਮਾਰਚ ਨੂੰ ਸਤੀਸ਼ ਤਾਇਲ ਦਾ ਆਪਰੇਸ਼ਨ ਡੇਰਾਬੇਸੀ ਦੇ ਨਿੱਜੀ ਹਸਪਤਾਲ ਵੱਲੋਂ ਕਰ ਦਿੱਤਾ ਗਿਆ। ਪਰ ਹੁਣ ਕਿਡਨੀ ਦਾਨ ਕਰਨ ਵਾਲੇ ਸ਼ਖ਼ਸ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਵਿੱਚ ਵੱਡਾ ਫਰਜ਼ੀਵਾੜਾ ਹੋਇਆ ਹੈ।

ਉਸ ਦਾ ਕਹਿਣਾ ਹੈ ਕਿ ਉਹ ਸਤੀਸ਼ ਦਾ ਬੇਟਾ ਨਹੀਂ ਸਗੋਂ ਹਰਿਆਣਾ ਦੇ ਸਿਰਸਾ ਦਾ ਰਹਿਣ ਵਾਲਾ ਕਪਿਲ ਹੈ। ਉਸ ਮੁਤਾਬਕ ਕਿਡਨੀ ਲਈ ਉਸ ਨੂੰ ਜਾਅਲੀ ਕਾਗ਼ਜ਼ਾਤ ਦੇ ਸਹਾਰੇ ਸਤੀਸ਼ ਦਾ ਪੁੱਤਰ ਦਿਖਾਇਆ ਗਿਆ।

ਅੰਗਦਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅੰਗਦਾਨ ਕਰਨ ਲਈ ਨਿਯਮਾਂ ਦੀ ਬਕਾਇਦਾ ਪਾਲਣਾ ਕਰਨੀ ਪੈਂਦੀ ਹੈ

ਕਿਵੇਂ ਖੁੱਲ੍ਹਿਆ ਭੇਤ

ਇਸ ਮਾਮਲੇ ਵਿੱਚ ਭੇਤ ਕਿਸੇ ਹੋਰ ਨੇ ਨਹੀਂ, ਬਲਕਿ ਕਿਡਨੀ ਦੇਣ ਵਾਲੇ ਕਪਿਲ ਨੇ ਹੀ ਖੋਲ੍ਹਿਆ ਹੈ। ਅਸਲ ਵਿੱਚ ਕਪਿਲ ਨੂੰ ਕਿਡਨੀ ਦੇਣ ਦੇ ਬਦਲੇ ਜੋ ਪੈਸੇ ਦਿੱਤੇ ਗਏ ਸਨ, ਉਹ ਉਸ ਨੇ ਇੱਕ ਆਨ ਲਾਇਨ ਗੇਮ ਵਿੱਚ ਉਡਾ ਦਿੱਤੇ। ਇਸ ਤੋਂ ਬਾਅਦ ਕਪਿਲ ਜਦੋਂ ਹੋਰ ਪੈਸਿਆਂ ਦੀ ਮੰਗ ਕਰਨ ਲੱਗਾ ਤਾਂ ਰੌਲਾ ਪੈ ਗਿਆ।

ਕਪਿਲ ਦਾ ਕਹਿਣਾ ਹੈ ਕਿ ਉਹ ਪੈਸਿਆਂ ਦੇ ਲਾਲਚ ਵਿੱਚ ਗਿਰੋਹ ਦੇ ਸੰਪਰਕ ਵਿੱਚ ਆਇਆ ਅਤੇ ਕਿਡਨੀ ਵੇਚ ਦਿੱਤੀ ਸੀ। ਇਸ ਪ੍ਰੀਕ੍ਰਿਆ ਵਿੱਚ ਉਸ ਦੇ ਸਾਰੇ ਨਕਲੀ ਦਸਤਾਵੇਜ਼ ਗਿਰੋਹ ਵਿਚਲੇ ਲੋਕਾਂ ਨੇ ਹੀ ਤਿਆਰ ਕੀਤੇ ਸਨ।

ਕਿਵੇਂ ਬਣਾਇਆ ਕਪਿਲ ਨੂੰ ਫ਼ਰਜ਼ੀ ਪੁੱਤਰ?

ਪੁਲਿਸ ਨੂੰ ਜਾਂਚ ਵਿੱਚ ਪਤਾ ਲੱਗਾ ਕਿ ਕਪਿਲ ਨੂੰ ਸਤੀਸ਼ ਤਾਇਲ ਦਾ ਅਸਲੀ ਪੁੱਤਰ ਦਿਖਾਉਣ ਦੇ ਲਈ ਬਹੁਤ ਸਾਰੇ ਫ਼ਰਜ਼ੀ ਦਸਤਾਵੇਜ਼ ਤਿਆਰ ਕੀਤੇ ਗਏ ਸਨ।

ਸਤੀਸ਼ ਤਾਇਲ ਦੇ ਪਰਿਵਾਰ ਨਾਲ ਕਪਿਲ ਦੀਆਂ ਵੱਖ ਵੱਖ ਫ਼ੋਟੋਆਂ ਖਿਚਵਾਈਆਂ ਗਈਆਂ।

ਸਰਕਾਰੀ ਰਿਕਾਰਡ ਵਿੱਚ ਵੀ ਹੇਰਾਫੇਰੀ ਕੀਤੀ ਗਈ ਜਿਸ ਵਿੱਚ ਆਧਾਰ ਕਾਰਡ, ਵੋਟਰ ਅਤੇ ਪੈੱਨ ਕਾਰਡ (ਸਾਰੇ ਦਸਤਾਵੇਜ਼ਾਂ ਦੀ ਬੀਬੀਸੀ ਕੋਲ ਕਾਪੀ ਹੈ) ਸ਼ਾਮਲ ਹਨ। ਫਿਰ ਆਧਾਰ ਕਾਰਡ ਦੇ ਸਹਾਰੇ ਉਸ ਦਾ ਕਿਡਨੀ ਦਾਨ ਕਰਨ ਸਬੰਧੀ ਹਲਫ਼ਨਾਮਾ ਤਿਆਰ ਕੀਤਾ ਗਿਆ। ਇੱਥੋਂ ਤੱਕ ਪਿਉ ਪੁੱਤਰ ਦਰਸਾਉਣ ਲਈ ਡੀਐੱਨਏ ਦੀ ਜਾਅਲੀ ਰਿਪੋਰਟ ਵਿੱਚ ਵੀ ਗੜਬੜੀ ਕੀਤੀ ਗਈ ਸੀ।

ਦਸਤਾਵੇਜ਼
ਤਸਵੀਰ ਕੈਪਸ਼ਨ, ਦਾਨ ਕਰਨ ਵਾਲੇ ਦੇ ਫਰਜ਼ੀ ਦਸਤਾਵੇਜ਼ ਤਿਆਰ ਕਰਨ ਲਈ ਪਰਿਵਾਰ ਨਾਲ ਤਸਵੀਰਾਂ ਵੀ ਖਿਚਵਾਈਆਂ ਗਈਆਂ ਸਨ

ਕੀ ਹੈ ਕਿਡਨੀ ਦਾਨ ਕਰਨ ਦਾ ਨਿਯਮ

ਅੰਗ ਦਾਨ ਕਰਨ ਨੂੰ ਲੈ ਕੇ ਬਕਾਇਦਾ ਨਿਯਮ ਹਨ ਅਤੇ ਇਹ ਨਿਯਮ ਮਨੁੱਖੀ ਅੰਗ ਟਰਾਂਸਪਲਾਂਟ ਐਕਟ 1994 ਦੇ ਤਹਿਤ ਆਉਂਦੇ ਹਨ। ਇਸ ਐਕਟ ਦੇ ਤਹਿਤ ਕਿਸੇ ਵੀ ਤਰ੍ਹਾਂ ਦੇ ਮਨੁੱਖੀ ਅੰਗ ਦੀ ਖ਼ਰੀਦੋ ਫਰਖੋਤ ਗ਼ੈਰਕਾਨੂੰਨੀ ਹੈ।

ਕਾਨੂੰਨ ਮੁਤਾਬਕ ਕਿਡਨੀ ਦਾਨ ਕੀਤੀ ਜਾ ਸਕਦੀ ਹੈ। ਪਰ ਨੇੜਲੇ ਰਿਸ਼ਤਿਆਂ ਵਿੱਚ ਹੀ ਜਿਵੇਂ ਕਿ ਕਿਸੇ ਬਿਮਾਰ ਵਿਅਕਤੀ ਦੇ ਨਜ਼ਦੀਕੀ ਰਿਸ਼ਤੇਦਾਰ ਜਿਵੇਂ ਮਾਂ-ਬਾਪ, ਬੇਟਾ-ਬੇਟੀ, ਭਰਾ-ਭੈਣ ਆਪਣੀ ਮਰਜ਼ੀ ਨਾਲ ਕਿਡਨੀ ਦਾਨ ਕਰ ਸਕਦੇ ਹਨ।

ਜੋ ਵਿਅਕਤੀ ਕਿਡਨੀ ਦਾਨ ਕਰਨਾ ਚਾਹੁੰਦਾ ਹੈ, ਉਸ ਦੀ ਬਕਾਇਦਾ ਹਸਪਤਾਲ ਵਿੱਚ ਗਠਿਤ ਕੀਤੀ ਗਈ ਕਮੇਟੀ ਵੱਲੋਂ ਇੰਟਰਵਿਊ ਲਈ ਜਾਂਦੀ ਹੈ। ਪੂਰੀ ਜਾਂਚ ਕਰਨ ਤੋਂ ਬਾਅਦ ਕਿਡਨੀ ਟਰਾਂਸਪਲਾਂਟ ਲਈ ਪ੍ਰਵਾਨਗੀ ਦਿੱਤੀ ਜਾਂਦੀ ਹੈ।

ਨਿਯਮਾਂ ਮੁਤਾਬਕ ਜਿਸ ਵੀ ਹਸਪਤਾਲ ਵਿੱਚ ਕਿਡਨੀ ਟਰਾਂਸਪਲਾਂਟ ਦੀ ਸੁਵਿਧਾ ਹੈ, ਉਸ ਨੂੰ ਪਹਿਲਾਂ ਸੂਬਾ ਪੱਧਰ ਉੱਤੇ ਡਾਇਰੈਕਟੋਰੇਟ ਆਫ਼ ਰਿਸਰਚ ਐਂਡ ਮੈਡੀਕਲ ਐਜੂਕੇਸ਼ਨ ਵਿਭਾਗ (ਡੀਆਰਐੱਮਈ) ਤੋਂ ਲਾਇਸੰਸ ਲੈਣਾ ਹੁੰਦਾ ਹੈ।

ਡੀਆਰਐੱਮਈ ਵੱਲੋਂ ਬਕਾਇਦਾ ਮਨਜ਼ੂਰਸ਼ੁਦਾ ਹਸਪਤਾਲ ਨੂੰ ਕਿਡਨੀ ਟਰਾਂਸਪਲਾਂਟ ਕਰਨ ਸਬੰਧੀ ਲੋੜੀਂਦੇ ਦਸਤਾਵੇਜ਼ਾਂ ਦੀ ਸੂਚੀ ਦਿੱਤੀ ਜਾਂਦੀ ਹੈ। ਇਸ ਸੂਚੀ ਵਿੱਚ ਦਿੱਤੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਹੀ ਕਿਡਨੀ ਟਰਾਂਸਪਲਾਂਟ ਕੀਤੀ ਜਾ ਸਕਦੀ ਹੈ।

ਅੰਗਦਾਨ
ਤਸਵੀਰ ਕੈਪਸ਼ਨ, ਜਾਅਲੀ ਪੁੱਤ ਨੂੰ ਅਸਲੀ ਬਣਾਉਣ ਲਈ ਪਿੰਡ ਦੀ ਪੰਚਾਇਤ ਨੇ ਤਸਦੀਕ ਵੀ ਕੀਤਾ ਸੀ

ਪੁਲਿਸ ਦਾ ਕੀ ਹੈ ਪੱਖ

ਮੁਹਾਲੀ ਪੁਲਿਸ ਨੇ ਇਸ ਮਾਮਲੇ ਦੇ ਸਬੰਧ ਵਿੱਚ ਕਾਗ਼ਜ਼ਾਂ ਨਾਲ ਫਰਜ਼ੀਵਾੜਾ ਕਰਨ ਅਤੇ ਹਿਊਮਨ ਆਰਗੇਨ ਐਕਟ, 1994 ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਇਸ ਸਬੰਧੀ ਡੇਰਾਬਸੀ ਦੀ ਏਐੱਸੀਪੀ ਡਾਕਟਰ ਦਰਪਣ ਆਹਲੂਵਾਲੀਆ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਫ਼ਿਲਹਾਲ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਉਨ੍ਹਾਂ ਆਖਿਆ, "ਉਪਰੋਕਤ ਮਾਮਲੇ ਵਿੱਚ ਕਾਗ਼ਜ਼ਾਂ ਵਿੱਚ ਫਰਜ਼ੀਵਾੜਾ ਕਰ ਕੇ ਨਜ਼ਦੀਕੀ ਰਿਸ਼ਤੇਦਾਰ ਦਿਖਾਇਆ ਗਿਆ ਅਤੇ ਪੈਸਿਆਂ ਦਾ ਲਾਲਚ ਦੇ ਕੇ ਕਿਡਨੀ ਲਈ ਗਈ।"

ਇਸ ਮਾਮਲੇ ਵਿੱਚ ਦਾਨ ਕਰਨ ਵਾਲੇ ਕਪਿਲ ਦੇ ਬਾਰੇ ਡਾਕਟਰ ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਫ਼ਿਲਹਾਲ ਉਹ ਪੁਲਿਸ ਦੀ ਹਿਰਾਸਤ ਵਿੱਚ ਨਹੀਂ ਹੈ, ਪਰ ਕੇਸ ਦਾ ਹਿੱਸਾ ਹੈ।

ਪੁਲਿਸ ਨੇ ਹੁਣ ਤੱਕ ਇਸ ਮਾਮਲੇ ਵਿੱਚ ਯੂਪੀ ਵਾਸੀ ਰਾਜ ਨਰਾਇਣ ਅਤੇ ਹਸਪਤਾਲ ਦੇ ਕਿਡਨੀ ਟਰਾਂਸਪਲਾਂਟ ਵਿਭਾਗ ਵਿੱਚ ਕੋਆਰਡੀਨੇਟਰ ਵਜੋਂ ਕੰਮ ਕਰਨ ਵਾਲੇ ਅਭਿਸ਼ੇਕ ਨਾਮਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਡਾਕਟਰ ਦਰਪਣ ਆਹਲੂਵਾਲੀਆ ਨੇ ਦੱਸਿਆ, "ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਸ ਵਿੱਚ ਮਾਮਲੇ ਵਿੱਚ 25 ਲੱਖ ਰੁਪਏ ਵਿੱਚ ਸੌਦਾ ਤੈਅ ਹੋਇਆ ਸੀ ਜਿਸ ਵਿੱਚ ਹਸਪਤਾਲ ਦਾ ਬਿੱਲ ਅਤੇ ਡੋਨਰ ਦੀ ਰਾਸ਼ੀ ਸ਼ਾਮਲ ਸੀ।"

ਮਾਮਲੇ ਦੀ ਜਾਂਚ ਲਈ ਐੱਸਪੀ (ਦਿਹਾਤੀ) ਨਵਰੀਤ ਸਿੰਘ ਵਿਰਕ ਦੀ ਅਗਵਾਈ ਹੇਠ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ ਗਈ ਹੈ। ਇਸ ਵਿੱਚ ਡੇਰਾਬਸੀ ਦੇ ਏਐੱਸਪੀ ਡਾ.ਦਰਪਣ ਆਹਲੂਵਾਲੀਆ ਅਤੇ ਥਾਣਾ ਡੇਰਾਬਸੀ ਦੇ ਪ੍ਰਧਾਨ ਜਸਕੰਵਲ ਸਿੰਘ ਸੇਖੋਂ ਵੀ ਸ਼ਾਮਲ ਹਨ।

ਅੰਗਦਾਨ

ਕਈ ਹੋਰ ਮਾਮਲੇ ਵੀ ਸ਼ੱਕ ਦੇ ਘੇਰੇ ਵਿੱਚ

ਡਾਕਟਰ ਦਰਪਣ ਆਹਲੂਵਾਲੀਆ ਨੇ ਦੱਸਿਆ, "ਹਸਪਤਾਲ ਵਿੱਚ ਪਿਛਲੇ ਤਿੰਨ ਸਾਲਾਂ ਦੌਰਾਨ 35 ਟਰਾਂਸਪਲਾਂਟ ਹੋਏ ਅਤੇ ਇਨ੍ਹਾਂ ਸਾਰਿਆਂ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਵਿੱਚ ਨਿਯਮਾਂ ਦੀ ਪਾਲਨਾ ਕੀਤੀ ਗਈ ਹੈ ਜਾਂ ਨਹੀਂ।"

ਉਨ੍ਹਾਂ ਮੁਤਾਬਕ 2021 ਵਿੱਚ 11, 2022 ਵਿੱਚ 17 ਅਤੇ 2023 ਵਿੱਚ ਸੱਤ ਟਰਾਂਸਪਲਾਂਟ ਕੀਤੇ ਗਏ।

ਉਨ੍ਹਾਂ ਦੱਸਿਆ ਕਿ ਕਪਿਲ ਦੇ ਕੇਸ ਤੋਂ ਇਲਾਵਾ ਇੱਕ ਹੋਰ ਮਾਮਲਾ ਸ਼ੱਕ ਦੇ ਘੇਰੇ ਵਿੱਚ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।

ਆਹਲੂਵਾਲੀਆ ਨੇ ਦੱਸਿਆ ਕਿ ਮੌਜੂਦਾ ਹਸਪਤਾਲ ਵੱਲੋਂ ਕਿਸੇ ਵੀ ਮਾਮਲੇ ਵਿੱਚ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਵਾਈ ਗਈ ਹੈ।

ਅੰਗਦਾਨ

ਤਸਵੀਰ ਸਰੋਤ, Getty Images

ਕੀ ਕਹਿਣਾ ਹੈ ਹਸਪਤਾਲ ਦੇ ਪ੍ਰਬੰਧਕਾਂ ਦਾ

ਮੌਜੂਦਾ ਵਿਵਾਦ ਉੱਤੇ ਬੀਬੀਸੀ ਪੰਜਾਬੀ ਨੇ ਮੁਹਾਲੀ ਜ਼ਿਲ੍ਹੇ ਵਿੱਚ ਪੈਂਦੇ ਕਸਬਾ ਡੇਰਾਬਸੀ ਸਥਿਤ ਨਿੱਜੀ ਹਸਪਤਾਲ ਇੰਡਸ ਇੰਟਰਨੈਂਸਨਲ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਪੱਖ ਜਾਣਿਆ।

ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਰਮਨਦੀਪ ਸਿੰਘ ਨੇ ਆਖਿਆ ਹੈ ਕਿ ਕਾਨੂੰਨ ਦੇ ਮੁਤਾਬਕ, ਕਿਡਨੀ ਟਰਾਂਸਪਲਾਂਟ ਲਈ ਜਿਨ੍ਹਾਂ ਕਾਗ਼ਜ਼ਾਂ ਦੀ ਜ਼ਰੂਰਤ ਹੁੰਦੀ ਹੈ, ਉਹ ਮਰੀਜ਼ ਵੱਲੋਂ ਜਮਾਂ ਕਰਵਾਏ ਗਏ ਸਨ।

ਉਨ੍ਹਾਂ ਦੱਸਿਆ, "ਕਿਡਨੀ ਡੋਨਰ ਨੇ ਆਪਣੇ ਆਪ ਨੂੰ ਮਰੀਜ਼ ਦਾ ਬੇਟਾ ਦੱਸਿਆ ਅਤੇ ਇਸ ਲਈ ਲੋੜੀਂਦੇ ਦਸਤਾਵੇਜ਼ ਜਿਵੇਂ ਆਧਾਰ ਕਾਰਡ, ਪਿੰਡ ਦੇ ਸਰਪੰਚ ਅਤੇ ਲੰਬੜਦਾਰ ਦਾ ਤਸਦੀਕਸ਼ੁਦਾ ਪੱਤਰ, ਇਸ ਤੋਂ ਇਲਾਵਾ ਸੋਨੀਪਤ ਦੇ ਤਹਿਸੀਲਦਾਰ ਵੱਲੋਂ ਬਕਾਇਦਾ ਤਸਦੀਕਸ਼ੁਦਾ ਪੱਤਰ ਜਾਰੀ ਕੀਤਾ ਗਿਆ ਸੀ।"

ਇਸ ਤੋਂ ਇਲਾਵਾ ਮਰੀਜ਼ ਅਤੇ ਡੋਨਰ ਦੀ ਡੀਐੱਨਏ ਰਿਪੋਰਟ ਵੀ ਜਮ੍ਹਾਂ ਕਰਵਾਈ ਗਈ, ਉਸ ਮੁਤਾਬਕ ਵੀ ਦੋਵੇਂ ਰਿਸ਼ਤੇ ਵਿੱਚ ਪਿਉ-ਪੁੱਤਰ ਹਨ। ਪੁਲਿਸ ਦੇ ਮੁਤਾਬਕ ਇਹ ਡੀਐੱਨੇਏ ਰਿਪੋਰਟ ਜਾਅਲੀ ਹੈ।

ਡਾਕਟਰ ਰਮਨਦੀਪ ਸਿੰਘ ਨੇ ਦੱਸਿਆ, "ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਅਭਿਸ਼ੇਕ ਨਾਮਕ ਵਿਅਕਤੀ ਹਸਪਤਾਲ ਦੇ ਕਿਡਨੀ ਵਿਭਾਗ ਵਿੱਚ ਕੋਆਰਡੀਨੇਟਰ ਵਜੋਂ ਕੰਮ ਕਰਦਾ ਹੈ ਅਤੇ ਉਹ ਗਿਰੋਹ ਦੇ ਲੋਕਾਂ ਨਾਲ ਮਿਲਿਆ ਹੋਇਆ ਸੀ।"

ਅੰਗਦਾਨ

ਤਸਵੀਰ ਸਰੋਤ, Getty Images

ਉਨ੍ਹਾਂ ਦੱਸਿਆ ਕਿ ਹਸਪਤਾਲ ਤਾਂ ਆਪ ਇਸ ਮਾਮਲੇ ਵਿੱਚ ਪੀੜਤ ਹੈ। ਕਿਡਨੀ ਟਰਾਂਸਪਲਾਂਟ ਕਰਨ ਤੋਂ ਪਹਿਲਾਂ ਪੁਲਿਸ ਵੈਰੀਫਿਕੇਸ਼ਨ ਕਿਉਂ ਨਹੀਂ ਕਰਵਾਈ, ਇਸ ਦੇ ਜਵਾਬ ਵਿੱਚ ਡਾਕਟਰ ਰਮਨਦੀਪ ਸਿੰਘ ਨੇ ਆਖਿਆ ਕਿਉਂਕਿ ਦੋਵਾਂ ਨੇ ਰਿਸ਼ਤੇ ਵਿੱਚ ਆਪਣੇ ਆਪ ਨੂੰ ਪਿਉ-ਪੁੱਤਰ ਦਰਸਾਇਆ, ਇਸ ਕਰ ਕੇ ਇਸ ਮਾਮਲੇ ਵਿੱਚ ਪੁਲਿਸ ਵੈਰੀਕੇਸ਼ਨ ਦੀ ਲੋੜ ਨਹੀਂ ਹੁੰਦੀ।

ਉਨ੍ਹਾਂ ਦੱਸਿਆ, "ਪੁਲਿਸ ਵੈਰੀਫਿਕੇਸ਼ਨ ਦੀ ਲੋੜ ਉਦੋਂ ਪੈਂਦੀ ਹੈ ਜਦੋਂ ਮਰੀਜ਼ ਅਤੇ ਡੋਨਰ ਦਾ ਆਪਸ ਵਿੱਚ ਖ਼ੂਨ ਦਾ ਰਿਸ਼ਤਾ ਨਾ ਹੋਵੇ। ਇਸ ਮਾਮਲੇ ਵਿੱਚ ਪਿਆਰ ਅਤੇ ਸਨੇਹ ਦੇ ਹਵਾਲੇ ਨਾਲ ਕਿਡਨੀ ਦਾਨ ਕੀਤੀ ਜਾ ਸਕਦੀ ਹੈ।"

"ਪਰ ਇਸ ਦਾ ਫ਼ੈਸਲਾ ਹਸਪਤਾਲ ਦੀ ਅੰਦਰੂਨੀ ਕਮੇਟੀ ਨਹੀਂ ਬਲਕਿ ਸਰਕਾਰ ਵੱਲੋਂ ਗਠਿਤ ਕੀਤੀ ਗਈ ਕਮੇਟੀ ਕਰਦੀ ਹੈ ਅਤੇ ਇਸ ਵਿੱਚ ਪੁਲਿਸ ਵੈਰੀਫਿਕੇਸ਼ਨ ਦੀ ਲੋੜ ਵੀ ਪੈਂਦੀ ਹੈ।"

ਇਸ ਤੋਂ ਇਲਾਵਾ ਡਾਕਟਰ ਰਮਨਦੀਪ ਸਿੰਘ ਨੇ ਦੱਸਿਆ ਪੁਲਿਸ ਵੱਲੋਂ ਗਠਿਤ ਕੀਤੀ ਗਈ ਐੱਸਆਈਟੀ ਦੇ ਸਾਹਮਣੇ ਹਸਪਤਾਲ ਦੇ ਪ੍ਰਬੰਧਕ ਡਾਕਟਰ ਐੱਸਪੀਐੱਸ ਬੇਦੀ ਪੇਸ਼ ਹੋ ਚੁੱਕੇ ਹਨ।

ਡਾਕਟਰ ਰਮਨਦੀਪ ਸਿੰਘ ਮੁਤਾਬਕ ਕਿਡਨੀ ਟਰਾਂਸਪਲਾਂਟ ਕਰਨ ਸਬੰਧੀ ਹਸਪਤਾਲ ਦੇ ਵਿੰਗ ਦੇ ਹੈੱਡ ਡਾਕਟਰ ਐੱਸਪੀਐੱਸ ਬੇਦੀ ਹਨ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)