ਬਿਹਾਰ 'ਚ ਨਰਕੰਕਾਲਾਂ ਦੀ ਤਸਕਰੀ ਦਾ ਸੱਚ ਆਖ਼ਿਰ ਕੀ ਹੈ

ਤਸਵੀਰ ਸਰੋਤ, PTI
- ਲੇਖਕ, ਨੀਰਜ ਪ੍ਰਿਆਦਰਸ਼ੀ
- ਰੋਲ, ਬੀਬੀਸੀ ਲਈ
"ਇਨਸਾਨ ਚਾਹੇ ਜਿਸ ਵੀ ਜਾਤ-ਧਰਮ ਦਾ ਹੋਵੇ। ਸਭ ਦੇ ਜੀਵਨ ਦੇ ਅੰਤ ਵਿੱਚ ਇੱਕ ਸੰਸਕਾਰ ਹੁੰਦਾ ਹੈ, ਜਿਸ ਨਾਲ ਆਤਮਾ ਨੂੰ ਮੁਕਤੀ ਮਿਲਦੀ ਹੈ। ਮਨੁੱਖੀ ਸਰੀਰ ਮਿੱਟੀ ਵਿੱਚ ਮਿਲ ਜਾਣਾ ਹੈ-ਚਾਹੇ ਉਹ ਕਿਸੇ ਵੀ ਕਬਰ 'ਚ ਦਫ਼ਨ ਹੋ ਕੇ ਮਿੱਟੀ ਬਣੇ ਜਾਂ ਅੱਗ 'ਚ ਖਾਕ ਹੋ ਜਾਵੇ। ਇਨ੍ਹਾਂ ਲੋਕਾਂ ਨੇ ਉਹ ਨਹੀਂ ਹੋਣ ਦਿੱਤਾ। ਇਸ ਲਈ ਇਹ ਮਾਮਲਾ ਵਧੇਰੇ ਸੰਵੇਦਨਸ਼ੀਲ ਹੈ।"
ਇਹ ਕਹਿਣਾ ਹੈ ਬਿਹਾਰ ਦੇ ਛਪਰਾ ਦੇ ਰੇਲਵੇ 'ਚ ਤਾਇਨਾਤ ਡੀਐਸਪੀ ਤਨਵੀਰ ਅਹਿਮਦ ਦਾ, ਜੋ ਮੋਤੀਹਾਰੀ ਦੇ ਸੰਜੇ ਪ੍ਰਸਾਦ ਅਤੇ ਬਲੀਆ ਦੇ ਅਮਰ ਕੁਮਾਰ ਵੱਲ ਇਸ਼ਾਰਾ ਕਰ ਰਹੇ ਹਨ।
ਸੰਜੇ ਪ੍ਰਸਾਦ ਨੂੰ ਛਪਰਾ ਰੇਲਵੇ ਸਟੇਸ਼ਨ 'ਤੇ ਸੋਮਵਾਰ ਨੂੰ ਪੁੱਛਗਿੱਛ ਕਾਉਂਟਰ ਦੇ ਕੋਲ ਇੱਕ ਬੈਗ਼ 'ਚ ਰੱਖੇ 50 ਨਰਕੰਕਾਲਾਂ (16 ਨਰ ਖੋਪੜੀਆਂ ਅਤੇ 34 ਕੰਕਾਲ) ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ।
ਸੰਜੇ ਦੀ ਨਿਸ਼ਾਨਦੇਹੀ 'ਤੇ ਛਾਪੇਮਾਰੀ ਕਰ ਬਲੀਆ ਦੇ ਅਮਰ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਰ ਕੋਲੋਂ ਸੰਜੇ ਨਰਕੰਕਾਲਾਂ ਨੂੰ ਖਰੀਦ ਕੇ ਲੈ ਕੇ ਜਾ ਰਹੇ ਸਨ।
ਇਹ ਵੀ ਪੜ੍ਹੋ-
ਸੰਜੇ ਕੋਲੋਂ ਪੁੱਛਗਿੱਛ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਇਨ੍ਹਾਂ ਨਰਕੰਕਾਲਾਂ ਨੂੰ ਸੜਕ ਰਾਹੀਂ ਨੇਪਾਲ ਅਤੇ ਭੂਟਾਨ ਲੈ ਕੇ ਜਾਣ ਦੀ ਯੋਜਨਾ ਸੀ।
ਸੰਜੇ ਕੋਲੋਂ ਮੋਬਾਈਲ, 2400 ਰੁਪਏ, ਦੋ ਏਟੀਐਮ ਕਾਰਡ, ਤਿੰਨ ਵੱਖ-ਵੱਖ ਪਛਾਣ ਪੱਤਰ ਅਤੇ ਨੇਪਾਲ ਅਤੇ ਭੂਟਾਨ ਦੀ ਕਰੰਸੀ ਮਿਲੀ ਹੈ।

ਤਸਵੀਰ ਸਰੋਤ, Neeraj Priyadarshy/BBC
ਪੁਲਿਸ ਦਾ ਕਹਿਣਾ ਹੈ ਕਿ ਸੰਜੇ ਦੇ ਮੋਬਾਈਲ ਦੀ ਜਾਂਚ ਤੋਂ ਇੱਕ ਗਿਰੋਹ ਦਾ ਪਤਾ ਲੱਗਾ ਹੈ ਅਤੇ ਉਸ ਦੇ ਕੌਮਾਂਤਰੀ ਕੁਨੈਕਸ਼ਨ ਹੋਣ ਦੇ ਵੀ ਸੁਰਾਗ ਮਿਲੇ ਹਨ।
ਮੁਜ਼ੱਫਰਪੁਰ ਜ਼ੋਨ ਦੇ ਰੇਲ ਐਸਪੀ ਸੰਜੇ ਕੁਮਾਰ ਨੇ ਬੀਬੀਸੀ ਨੂੰ ਦੱਸਿਆ, "ਜੀਆਰਪੀ ਦੀਆਂ ਸਪੈਸ਼ਲ ਟੀਮਾਂ ਨੇਪਾਲ ਅਤੇ ਭੂਟਾਨ ਵੀ ਜਾਂਚ ਲਈ ਜਾਣਗੀਆਂ।"
ਇੱਕ ਸਪੈਸ਼ਲ ਸੈਲ ਮੰਗਲਵਾਰ ਨੂੰ ਜਲਪਾਈਗੁੜੀ ਲਈ ਰਵਾਨਾ ਹੋਇਆ ਹੈ, ਜਿੱਥੇ ਸੰਜੇ ਦਾ ਪਰਿਵਾਰ ਰਹਿੰਦਾ ਹੈ। ਇਸ ਤੋਂ ਇਲਾਵਾ ਮੋਤੀਹਾਰੀ ਵਿੱਚ ਉਸ ਦੇ ਜੱਦੀ ਘਰ 'ਤੇ ਵੀ ਰੇਲ ਪੁਲਿਸ ਨੇ ਛਾਪੇਮਾਰੀ ਕੀਤੀ ਹੈ।
ਜਿੱਥੋਂ ਸੰਜੇ ਦੇ ਚਾਚੇ ਸੱਤਿਆਨਾਰਾਇਣ ਸਾਓ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ।
ਇਸ ਤੋਂ ਪਹਿਲਾਂ 19 ਅਕਤੂਬਰ ਨੂੰ ਵੀ ਮੁਜ਼ੱਫਰਪੁਰ ਰੇਲਵੇ ਸਟੇਸ਼ਨ 'ਤੇ ਲਾਵਾਰਿਸ ਹਾਲਤ 'ਚ ਰੱਖੇ ਬੈਗ਼ 'ਚ ਨਰਕੰਕਾਲ ਮਿਲੇ ਸਨ।
ਰੇਲਵੇ ਪੁਲਿਸ ਪਹਿਲਾਂ ਹੀ ਇਸ ਮਾਮਲੇ ਵਿੱਚ ਜਾਂਚ ਕਰ ਰਹੀ ਸੀ। ਇਸ ਵਿਚਾਲੇ ਛਪਰਾ ਤੋਂ ਨਰਕੰਕਾਲਾਂ ਦੀ ਬਰਾਮਦਗੀ ਨੇ ਸਭ ਨੂੰ ਹੈਰਾਨ ਕਰ ਦਿੱਤਾ।
ਹਾਲਾਂਕਿ ਪੁਲਿਸ ਨੇ ਇਸ ਵਾਰ ਬੈਗ਼ ਦੇ ਨਾਲ ਤਸਕਰ ਸੰਜੇ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਤਨਵੀਰ ਅਹਿਮਦ ਮੁਤਾਬਕ, ਸੰਜੇ ਦੇ ਮੋਬਾਈਲ 'ਚੋਂ ਮਿਲੀ ਡਿਟੇਲ ਦੇ ਆਧਾਰ 'ਤੇ ਇਸ ਤਸਕਰੀ 'ਚ ਪਹਿਲਾ ਕੁਨੈਕਸ਼ਨ ਬਲੀਆ ਦਾ ਮਿਲਿਆ।
ਪੁੱਛਗਿੱਛ ਦੌਰਾਨ ਸੰਜੇ ਨੇ ਦੱਸਿਆ ਕਿ ਉਹ ਬਲੀਆ-ਸਿਆਲਦਹ ਐਕਸਪ੍ਰੈਸ ਰਾਹੀਂ ਛਪਰਾ ਤੱਕ ਆਏ ਸਨ।
ਪੁੱਛਗਿੱਛ ਦੇ ਆਧਾਰ 'ਤੇ ਪੁਲਿਸ ਨੇ ਬਲੀਆ ਤੋਂ ਅਮਰ ਕੁਮਾਰ ਨੂੰ ਵੀ ਮੰਗਲਵਾਰ ਗ੍ਰਿਫ਼ਤਾਰ ਕੀਤਾ। ਅਮਰ ਲਾਸ਼ਾਂ ਦੇ ਅੰਤਮ ਸੰਸਕਾਰ ਦਾ ਕੰਮ ਕਰਦੇ ਹਨ।

ਤਨਵੀਰ ਅਹਿਮਦ ਨੇ ਕਿਹਾ, "ਪੁੱਛਗਿੱਛ 'ਚ ਅਮਰ ਨੇ ਮੰਨਿਆ ਹੈ ਕਿ ਉਹ ਬਲੀਆ, ਬਕਸਰ, ਛਪਰਾ 'ਚ ਗੰਗਾ ਦੇ ਕੰਢਿਓ ਸੜੇ-ਗਲੇ ਜਾਂ ਅਧਸੜੀਆਂ ਲਾਸ਼ਾਂ 'ਤੋਂ ਨਰਕੰਕਾਲ ਕੱਢ ਕੇ ਸੰਜੇ ਨੂੰ ਵੇਚਦਾ ਸੀ।"
ਇੱਕ ਮਨੁੱਖੀ ਖੋਪੜੀ ਦੀ ਕੀਮਤ 200 ਰੁਪਏ
ਤਨਵੀਰ ਨੇ ਕਿਹਾ ਕਿ ਅਮਰ ਅਤੇ ਸੰਜੇ ਕੋਲੋਂ ਮਿਲੀ ਜਾਣਕਾਰੀ ਮੁਤਾਬਕ, "ਇੱਕ ਇਨਸਾਨੀ ਖੋਪੜੀ ਦੀ ਕੀਮਤ 200 ਰੁਪਏ ਸੀ। ਇਸੇ ਤਰ੍ਹਾਂ ਕੰਕਾਲਾਂ ਦੇ ਵੱਖ-ਵੱਖ ਮੁੱਲ ਤੈਅ ਸਨ। ਸੰਜੇ ਜਿਸ ਮੁੱਲ 'ਤੇ ਅਮਰ ਕੋਲੋਂ ਨਰਕੰਕਾਲ ਖਰੀਦਦਾ ਸੀ, ਉਸ ਤੋਂ 6-7 ਗੁਣਾ ਵੱਧ ਦਰਾਂ 'ਤੇ ਵੇਚਦਾ ਸੀ।"
ਰੇਲਵੇ ਪੁਲਿਸ ਟੀਮ ਨੇ ਮੰਗਲਵਾਰ ਨੂੰ ਬਲੀਆ, ਬਕਸਰ ਅਤੇ ਛਪਰਾ ਦੇ ਗੰਗਾ ਕੰਢੇ ਵਾਲੇ ਇਲਾਕੇ ਦੇ ਸ਼ਮਸ਼ਾਮ ਘਾਟਾਂ ਅਤੇ ਕਬਰਿਸਤਾਨਾਂ ਨੂੰ ਵੀ ਛਾਣਿਆ।
ਤਨਵੀਰ ਕਹਿੰਦੇ ਹਨ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਲੋਕ ਉਨ੍ਹਾਂ ਲਾਸ਼ਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਂਦੇ ਹੋਣਗੇ, ਜੋ ਕਬਰ 'ਚ ਦਫ਼ਨਾਈਆਂ ਗਈਆਂ ਹਨ। ਹਾਲਾਂਕਿ ਪੁਲਿਸ ਨੂੰ ਅਜੇ ਅਜਿਹਾ ਕੋਈ ਮਾਮਲਾ ਨਹੀਂ ਮਿਲਿਆ ਹੈ।

ਤਸਵੀਰ ਸਰੋਤ, PTI
ਪੁੱਛਗਿੱਛ 'ਚ ਅਮਰ ਨੇ ਕਿਹਾ ਹੈ ਕਿ ਉਹ ਉਨ੍ਹਾਂ ਲਾਸ਼ਾਂ 'ਚੋਂ ਕੰਕਾਲ ਅਤੇ ਮਨੁੱਖੀ ਖੋਪੜੀ ਕੱਢ ਲਿਆਉਂਦਾ ਸੀ, ਜੋ ਨਦੀ ਵਿੱਚ ਸੁੱਟ ਦਿੱਤੀਆਂ ਜਾਂਦੀਆਂ ਸਨ। ਪਰ ਅਜਿਹੀਆਂ ਲਾਸ਼ਾਂ 'ਚੋਂ ਸਹੀ ਸਲਾਮਤ ਕੰਕਾਲ ਕੱਢਣ ਕੀ ਪ੍ਰਕਿਰਿਆ ਔਖੀ ਹੈ।
ਜੱਦੀ-ਪੁਰਖੀ ਕੰਮ
ਪੁਲਿਸ ਲਈ ਇਸ ਦਾ ਪਤਾ ਲਗਾਉਣਾ ਬੇਹੱਦ ਔਖਾ ਹੈ ਕਿ ਕੰਕਾਲ ਕਿਹੜੀਆਂ ਲਾਸ਼ਾਂ 'ਚੋਂ ਕੱਢੇ ਜਾਂਦੇ ਹਨ ਕਿਉਂਕਿ ਪੁੱਛਗਿੱਛ 'ਚ ਦੋਹਾਂ ਨੇ ਇਹੀ ਕਿਹਾ ਹੈ ਕਿ ਸੜੀਆਂ-ਗਲੀਆਂ ਲਾਸ਼ਾਂ ਦੇ ਕੰਕਾਲ ਕੱਢੇ ਜਾਂਦੇ ਹਨ।
ਰੇਲਵੇ ਐਸਪੀ ਸੰਜੇ ਕੁਮਾਰ ਕਹਿੰਦੇ ਹਨ, "ਸੰਜੇ ਅਤੇ ਉਸ ਦੇ ਪੱਛਮੀ ਚੰਪਾਰਣ ਵਾਲੇ ਜੱਦੀ ਪਿੰਡ ਦੇ ਲੋਕਾਂ ਕੋਲੋਂ ਜੋ ਜਾਣਕਾਰੀ ਮਿਲੀ ਹੈ, ਉਸ ਮੁਤਾਬਕ ਇਹ ਉਸ ਦਾ ਜੱਦੀ-ਪੁਰਖੀ ਕੰਮ ਸੀ। ਇਸ ਦੇ ਪਿਤਾ ਬਾਬੂਲਾਲ ਸਾਓ ਅਤੇ ਮਾਸੜ ਵੀ ਇਹੀ ਕੰਮ ਕਰਦੇ ਰਹੇ ਸਨ।"
ਸੰਜੇ ਦੇ ਚਾਚਾ ਸੱਤਿਆਨਾਰਾਇਣ ਦੱਸਦੇ ਹਨ, "ਬਹੁਤ ਪਹਿਲਾਂ ਤੋਂ ਹੀ ਇਸ ਦੇ ਪਿਤਾ ਇਹ ਕੰਮ ਕਰਦੇ ਆ ਰਹੇ ਹਨ। ਜਦੋਂ ਸਾਨੂੰ ਪਹਿਲੀ ਵਾਰ ਪਤਾ ਲੱਗਾ ਤਾਂ ਇੰਨਾ ਘਟੀਆ ਕੰਮ ਕਰਨ ਕਾਰਨ ਅਸੀਂ ਉਨ੍ਹਾਂ ਨੂੰ ਸਮਾਜ ਤੋਂ ਕੱਢ ਦਿੱਤਾ ਸੀ। ਇਸ ਗੱਲ ਨੂੰ 14-15 ਸਾਲ ਹੋ ਗਏ। ਇਹ ਲੋਕ ਉਦੋਂ ਜਲਪਾਈਗੁੜੀ ਹੀ ਰਹਿੰਦੇ ਹਨ। ਸਾਲ ਵਿੱਚ ਇੱਕ-ਅੱਧੀ ਵਾਰ ਆਉਂਦੇ ਹਨ।"
ਅੱਧ ਸੜੀਆਂ ਲਾਸ਼ਾਂ 'ਚੋਂ ਕਿਵੇਂ ਨਿਕਲਦੇ ਹਨ ਕੰਕਾਲ?
ਇਹ ਪੁੱਛਣ 'ਤੇ ਕਿ ਕੀ ਸੰਜੇ ਨੇ ਕਦੇ ਸੱਤਿਆਨਾਰਾਇਣ ਸਾਓ ਨਾਲ ਇਸ ਮਸਲੇ 'ਤੇ ਕਦੇ ਕੋਈ ਗੱਲ ਕੀਤੀ ਹੈ?
ਜਵਾਬ 'ਚ ਸੱਤਿਆਨਾਰਾਇਣ ਕਹਿੰਦੇ ਹਨ, "ਹਾਂ, ਭਤੀਜਾ ਹੀ ਹੈ ਤਾਂ ਗੱਲ ਕਿਉਂ ਨਹੀਂ ਹੋਵੇਗੀ। ਕਈ ਵਾਰ ਅਸੀਂ ਉਸ ਨੂੰ ਸਮਝਾਇਆ ਹੈ। ਉਸ ਦੇ ਪਿਤਾ ਨੂੰ ਵੀ ਸਮਝਾਇਆ ਸੀ ਕਿ ਇਹ ਕੰਮ ਨਾ ਕਰੋ ਪਰ ਇਹ ਲੋਕ ਮੰਨਣ ਤਾਂ ਨਾ।"

ਉਹ ਕਹਿੰਦੇ ਹਨ, ਉਸ ਦੀ ਪਤਨੀ ਹੈ। ਦੋ ਬਾਲ-ਬੱਚੇ ਹਨ। ਛੋਟੇ ਭੈਣ-ਭਰਾ ਹਨ, ਦੋਵਾਂ ਦਾ ਵਿਆਹ ਹੋਣਾ ਹੈ ਅਜੇ, ਕਈ ਵਾਰ ਅਸੀਂ ਕਿਹਾ ਕਿ ਅਜਿਹੇ ਵਿੱਚ ਕੌਣ ਇਨ੍ਹਾਂ ਨਾਲ ਵਿਆਹ ਕਰਵਾਏਗਾ।"
ਸੱਤਿਆਨਾਰਾਇਣ ਦੱਸਦੇ ਹਨ, "ਸੰਜੇ ਕੋਲੋਂ ਇੱਕ ਵਾਰ ਮੈਂ ਪੁੱਛਿਆ ਸੀ ਤਾਂ ਉਸ ਨੇ ਦੱਸਿਆ ਸੀ ਕਿ ਨਦੀ ਵਿੱਚ ਸੁੱਟੀਆਂ ਗਈਆਂ ਲਾਸ਼ਾਂ ਦੇ ਹੱਥ ਬੰਨ੍ਹੇ ਹੁੰਦੇ ਹਨ। ਪਾਣੀ ਦੇ ਜੀਵਜੰਤੂ ਸਾਰਾ ਮਾਸ ਖਾ ਜਾਂਦੇ ਹਨ। ਫਿਰ ਜੇਠ-ਵਿਸਾਖ 'ਚ ਨਦੀ ਦਾ ਪਾਣੀ ਸੁੱਕਣ ਲਗਦਾ ਹੈ ਤਾਂ ਕੰਕਾਲ ਕੱਢਿਆ ਜਾਂਦਾ ਹੈ। ਇਸ ਤੋਂ ਬਾਅਦ ਵੀ ਜੇਕਰ ਕਿਸੇ ਕੰਕਾਲ ਨਾਲ ਮਾਸ ਠੀਕ ਤਰ੍ਹਾਂ ਨਹੀਂ ਨਿਕਲਿਆ ਹੋਵੇ ਤਾਂ ਉਸ ਨੂੰ ਗਰਮ ਪਾਣੀ 'ਚ ਸਾਫ਼ ਕੀਤਾ ਜਾਂਦਾ ਹੈ।"
ਇਨ੍ਹਾਂ ਨਰਕੰਕਾਲਾਂ ਦਾ ਕੀ ਹੁੰਦਾ ਹੈ?
ਪੁਲਿਸ ਦੀ ਜਾਂਚ 'ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਨ੍ਹਾਂ ਕੰਕਾਲਾਂ ਨੂੰ ਨੇਪਾਲ ਅਤੇ ਭੂਟਾਨ 'ਚ ਲਿਜਾ ਕੇ ਵੇਚਿਆਂ ਜਾਂਦਾ ਹੈ ਅਤੇ ਇਸ ਦੇ ਪਿੱਛੇ ਕਿਸੇ ਵੱਡੇ ਗਿਰੋਹ ਦਾ ਹੱਥ ਹੈ।
ਸੰਜੇ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ ਪੂਰਬ-ਉੱਤਰ ਸੂਬਿਆਂ ਅਤੇ ਨੇਪਾਲ-ਭੂਟਾਨ ਦੇ ਤਾਂਤਰਿਕ ਗਿਰੋਹਾਂ ਦੇ ਸੰਪਰਕ 'ਚ ਸੀ ਅਤੇ ਉਹ ਪਹਿਲਾਂ ਵੀ ਕਈ ਵਾਰ ਉੱਥੇ ਨਰਕੰਕਾਲਾਂ ਦੀ ਸਪਲਾਈ ਕਰ ਚੁੱਕਿਆ ਹੈ।
ਤਨਵੀਰ ਅਹਿਮਦ ਕਹਿੰਦੇ ਹਨ, "ਸੰਜੇ ਨੇ ਪੁੱਛਗਿੱਛ 'ਚ ਸਵੀਕਾਰ ਕੀਤਾ ਹੈ ਕਿ ਉਸ ਨੇ ਹੁਣ ਤੱਕ ਹਜ਼ਾਰਾਂ ਮਨੁੱਖੀ ਖੋਪੜੀਆਂ ਅਤੇ ਕੰਕਾਲ ਵੇਚੇ ਹੋਣਗੇ। ਇੱਥੋਂ ਤੱਕ ਕਿ ਹਾਲ 'ਚ ਮੁਜ਼ੱਫਰਪੁਰ ਰੇਲਵੇ ਸਟੇਸ਼ਨ 'ਤੇ ਮਿਲੇ ਨਰਕੰਕਾਲ ਵੀ ਉਸੇ ਦੇ ਸਨ। ਪੁਲਿਸ ਦੇ ਡਰ ਕਾਰਨ ਉਹ ਉੱਥੇ ਨਰ ਕੰਕਾਲਾਂ ਛੱਡ ਕੇ ਭੱਜ ਗਿਆ ਸੀ।"

ਤਸਵੀਰ ਸਰੋਤ, Chhapra Railway police
ਪੁਲਿਸ ਨੂੰ ਸੰਜੇ ਦੇ ਕੋਲ ਭੂਟਾਨ ਅਤੇ ਨੇਪਾਲ ਦੇ ਬਣੇ ਵੋਟਰ ਆਈ ਮਿਲੇ ਹਨ।
ਸੰਜੇ ਦੇ ਮੋਬਾਈਲ ਦੀ ਕੌਲ ਡਿਟੇਲ ਰਿਕਾਰਡਜ਼ (ਸੀਡੀਆਰ) ਦੇ ਆਧਾਰ 'ਤੇ ਹੁਣ ਪੁਲਿਸ ਕੋਲੋਂ ਇਹ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸੰਜੇ ਕਿਹੜੇ ਲੋਕਾਂ ਨੂੰ ਨਰਕੰਕਾਲ ਸਪਲਾਈ ਕਰਦਾ ਸੀ ਅਤੇ ਇਸ ਦਾ ਇਸਤੇਮਾਲ ਹੁੰਦਾ ਹੈ।
ਨਰਕੰਕਾਲਾਂ ਦੀ ਸਪਲਾਈ
ਮਾਮਲੇ ਦੀ ਜਾਂਚ ਕਰ ਰਹੀ ਰੇਲਵੇ ਪੁਲਿਸ ਦਾ ਕਹਿਣਾ ਹੈ ਕਿ ਨਰਕੰਕਾਲਾਂ ਦੀ ਸਪਲਾਈ ਸੜਕ ਰਾਹੀਂ ਨੇਪਾਲ ਅਤੇ ਭੂਟਾਨ 'ਚ ਕੀਤੀ ਜਾਂਦੀ ਹੈ।
ਗ੍ਰਿਫ਼ਤਾਰ ਤਸਕਰ ਨੇ ਵੀ ਪੁੱਛਗਿੱਛ 'ਚ ਇਸ ਗੱਲ ਨੂੰ ਸਵੀਕਾਰਿਆ ਹੈ। ਉਸ ਦੇ ਸੀਡੀਆਰ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਵੀ ਇਸ ਵੱਲ ਇਸ਼ਾਰਾ ਕਰ ਰਹੇ ਹਨ।
ਇਸ ਤੋਂ ਪਹਿਲਾਂ ਗੋਰਖਪੁਰ ਤੋਂ ਸਾਲ 2015 'ਚ ਅਤੇ ਬਕਸਰ ਤੋਂ ਇਸੇ ਸਾਲ ਫਰਵਰੀ ਵਿੱਚ ਵੱਡੀ ਮਾਤਰਾ 'ਚ ਨਰਕੰਕਾਲਾਂ ਦੀ ਬਰਾਮਦਗੀ ਹੋ ਚੁੱਕੀ ਹੈ।

ਤਸਵੀਰ ਸਰੋਤ, Chhapra Railway police
ਇਸ ਤੋਂ ਇਲਾਵਾ ਦਿਘਵਰਾ ਅਤੇ ਮੁਜ਼ੱਫਰਪੁਰ 'ਚ ਵੀ ਨਰਕੰਕਾਲ ਮਿਲੇ ਹਨ। ਪੁਲਿਸ ਨੂੰ ਸ਼ੱਕ ਹੈ ਕਿ ਇਨ੍ਹਾਂ ਸਾਰੇ ਮਾਮਲਿਆਂ 'ਚ ਸੰਜੇ ਅਤੇ ਉਸ ਦੇ ਗਿਰੋਹ ਦੇ ਲੋਕਾਂ ਦੀ ਸ਼ਮੂਲੀਅਤ ਹੋ ਸਕਦੀ ਹੈ।
ਛਪਰਾ ਰੇਲਵੇ ਪੁਲਿਸ ਦਾ ਕਹਿਣਾ ਹੈ ਕਿ ਸੰਜੇ ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਨਰਕੰਕਾਲ ਚੁੱਕਦਾ ਸੀ। ਰੇਲਗੱਡੀ ਰਾਹੀਂ ਜਲਪਾਈਗੁੜੀ ਵਿੱਚ ਆਪਣੇ ਘਰ ਲੈ ਜਾਂਦਾ ਸੀ। ਫਿਰ ਸੜਕ ਰਾਹੀਂ ਨੇਪਾਲ ਅਤੇ ਭੂਟਾਨ 'ਚ ਸਪਲਾਈ ਕਰਦਾ ਸੀ।
ਤਸਕਰ ਸੰਜੇ ਦੇ ਕੋਲ ਬਰਾਮਦ ਆਧਾਰ ਕਾਰਡ 'ਤੇ ਜਲਪਾਈਗੁੜੀ ਦਾ ਹੀ ਪਤਾ ਲਿਖਿਆ ਹੋਇਆ ਹੈ। ਰੇਲਵੇ ਪੁਲਿਸ ਦੀ ਇੱਕ ਟੀਮ ਜਾਂਚ ਲਈ ਜਲਪਾਈਗੁੜੀ ਪਹੁੰਚ ਗਈ ਹੈ।
ਪਰ ਉੱਥੋਂ ਐਸਪੀ ਅਮਿਤਾਭ ਮੈਤੀ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ, "ਅਜਿਹਾ ਮਾਮਲਾ ਇਸ ਤੋਂ ਪਹਿਲਾਂ ਕਦੇ ਨਹੀਂ ਆਇਆ। ਜੇਕਰ ਸੱਚਮੁੱਚ ਛਪਰਾ ਰੇਲਵੇ ਪੁਲਿਸ ਨੂੰ ਅਜਿਹੇ ਲੀਡਜ਼ ਮਿਲੇ ਹਨ ਤਾਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਮੈਨੂੰ ਅਜੇ ਤੱਕ ਇਸ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਸੀ। ਛਪਰਾ ਰੇਲਵੇ ਪੁਲਿਸ ਕੋਲੋਂ ਅਪਡੇਟ ਲੈ ਕੇ ਅਸੀਂ ਇਸ ਦਾ ਪਤਾ ਕਰਾਂਗੇ।"

ਤਸਵੀਰ ਸਰੋਤ, Chhapra Railway police
ਉੱਧਰ ਜਲਪਾਈਗੁੜੀ ਪਹੁੰਚੀ ਰੇਲਵੇ ਪੁਲਿਸ ਦੀ ਇੱਕ ਟੀਮ ਨੇ ਪਤਾ ਲਗਾਇਆ ਹੈ ਕਿ ਉੱਥੇ ਵੀ ਪਿਛਲੇ ਸਾਲ ਜੈਰਾਓਂ ਥਾਣੇ 'ਚ ਨਰਕੰਕਾਲ ਮਿਲਣ ਦਾ ਮਾਮਲਾ ਦਰਜ ਹੋਇਆ ਸੀ ਪਰ ਉਦੋਂ ਪੁਲਿਸ ਦੀ ਓਨੀਂ ਪਕੜ ਨਹੀਂ ਬਣ ਸਕੀ ਸੀ ਅਤੇ ਅੱਗੇ ਜਾਂਚ ਨਹੀਂ ਹੋਈ।
ਮੁਜ਼ੱਫਰਪੁਰ ਦੇ ਰੇਲਵੇ ਐਸਪੀ ਸੰਜੇ ਕਹਿੰਦੇ ਹਨ, "ਤਸਕਰ ਨੇ ਖ਼ੁਦ ਹੀ ਸਭ ਕੁਝ ਸਵੀਕਾਰ ਕੀਤਾ ਹੈ। ਅਸੀਂ ਵੀ ਪਤਾ ਲਗਾ ਲਿਆ ਹੈ ਕਿ ਉਥੇ ਜੈਗਾਓਂ ਵਿੱਚ ਅਜਿਹਾ ਮਾਮਲਾ ਸਾਹਮਣੇ ਆਇਆ ਸੀ, ਹਾਲਾਂਕਿ ਪੁਲਿਸ ਨੇ ਓਨੀਂ ਜਾਂਚ ਨਹੀਂ ਕੀਤੀ ਅਤੇ ਮਾਮਲਾ ਦਬ ਗਿਆ। ਸਾਡੀ ਜਾਂਚ 'ਚ ਸੰਜੇ ਨਾਲ ਵੀ ਜੁੜੇ ਹੋਏ ਮਿਲਦੇ ਹਨ।"
ਨਰਕੰਕਾਲਾਂ ਦਾ ਹੁੰਦਾ ਕੀ ਸੀ?
ਇਸ ਦੇ ਜਵਾਬ ਵਿੱਚ ਰੇਲਵੇ ਐਸਪੀ ਕਹਿੰਦੇ ਹਨ, "ਸਾਡੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਨਰਕੰਕਾਲਾਂ ਦਾ ਇਸਤੇਮਾਲ ਉਨ੍ਹਾਂ ਦੇਸਾਂ ਵਿੱਚ ਧਾਰਮਿਕ ਕਾਰਜਾਂ, ਮਾਨਤਾਵਾਂ 'ਚ ਕੀਤਾ ਜਾਂਦਾ ਹੈ। ਨੇਪਾਲ ਅਤੇ ਭੂਟਾਨ ਵਰਗੇ ਦੇਸਾਂ ਵਿੱਚ ਲਾਸ਼ਾਂ ਨੂੰ ਪੂਰੀ ਤਰ੍ਹਾਂ ਸਾੜਨ ਦੀ ਪ੍ਰਥਾ ਹੈ। ਉੱਥੇ ਅਸਥੀਆਂ ਅਤੇ ਕੰਕਾਲ ਵਰਗਾ ਕੁਝ ਵੀ ਨਹੀਂ ਬਚਦਾ। ਇਸ ਲਈ ਉੱਥੇ ਰਵਾਇਤਾਂ 'ਚ ਇਹ ਨਰਕੰਕਾਲ ਕਾਫੀ ਮਹੱਤਵਪੂਰਨ ਹਨ।"
ਉਹ ਕਹਿੰਦੇ ਹਨ, "ਉੱਥੋਂ ਦੇ ਲੋਕਾਂ ਲਈ ਇਹ ਪੂਜਾਯੋਗ ਹਨ। ਤਸਕਰ ਦੇ ਸੀਡੀਆਰ ਲਿੰਕ ਤੋਂ ਵੀ ਜੋ ਕਨੈਕਸ਼ਨ ਮਿਲੇ ਹਨ ਉਹ ਇਹੀ ਕਹਿੰਦੇ ਹਨ ਕਿ ਇਨ੍ਹਾਂ ਮਨੁੱਖੀ ਖੋਪੜੀਆਂ ਅਤੇ ਕੰਕਾਲਾਂ ਦੀ ਸਪਲਾਈ ਤਾਂਤਰਿਕ ਕਿਰਿਆਵਾਂ ਲਈ ਹੋਣੀ ਸੀ।"
ਇਹ ਵੀ ਪੜ੍ਹੋ-
ਇਹ ਵੀਡੀਓ ਵੀ ਦੇਖੋ-
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












