ਮਰਦਾਂ ਦੇ ਮੁਕਾਬਲੇ ਔਰਤਾਂ ਅੰਗਦਾਨ ਲਈ ਮੁਹਰੀ ਕਿਉਂ

ਤਸਵੀਰ ਸਰੋਤ, Getty Images
- ਲੇਖਕ, ਮੌਲੀ ਕੈਂਡ੍ਰਿਕ
- ਰੋਲ, ਬੀਬੀਸੀ ਪੱਤਰਕਾਰ
2016 ਸ਼ੁਰੂ ਹੋਣ ਤੋਂ ਪਹਿਲਾਂ ਮੇਰੀ ਮਾਂ ਦੇ ਗੁਰਦੇ ਨੇ ਇੱਕ ਵਾਰ ਫਿਰ ਕੰਮ ਕਰਨਾ ਬੰਦ ਕਰ ਦਿੱਤਾ ਸੀ। ਉਨ੍ਹਾਂ ਦਾ ਪਹਿਲਾ ਗੁਰਦਾ ਇੱਕ ਲਾਸ਼ ਤੋਂ ਮਿਲੇ ਗੁਰਦੇ ਨਾਲ ਬਦਲਿਆ ਗਿਆ ਸੀ ਜਿਸ ਲਈ ਵੀ ਉਨ੍ਹਾਂ ਨੂੰ ਲੰਬਾ ਇੰਤਜ਼ਾਰ ਕਰਨਾ ਪਿਆ ਸੀ। ਇਸ ਵਾਰ ਜਦੋਂ ਉਨ੍ਹਾਂ ਦੀ ਤਕਲੀਫ਼ ਵਧੀ, ਉਦੋਂ ਤੋਂ ਹੀ ਮੇਰੀ ਸਭ ਤੋਂ ਛੋਟੀ ਮਾਸੀ ਉਨ੍ਹਾਂ ਨੂੰ ਆਪਣਾ ਗੁਰਦਾ ਦੇਣ ਲਈ ਤਿਆਰ ਸੀ।
ਅਸੀਂ ਅਕਸਰ ਦੇਖਦੇ ਹਾਂ ਕਿ ਕੋਈ ਔਰਤ ਆਪਣੇ ਕਰੀਬੀ ਦੇ ਲਈ ਅੰਗਦਾਨ ਕਰਨ ਨੂੰ ਤਿਆਰ ਹੋ ਜਾਂਦੀ ਹੈ। ਗੁਰਦਿਆਂ ਦੇ ਟਰਾਂਸਪਲਾਂਟ ਵਿੱਚ ਤਾਂ ਇਹ ਇੱਕ ਆਮ ਗੱਲ ਹੈ।
ਅਮਰੀਕਾ ਵਿੱਚ ਗੁਰਦਾ ਦਾਨੀਆਂ ਵਿੱਚ 60 ਫ਼ੀਸਦ ਔਰਤਾਂ ਹੁੰਦੀਆਂ ਹਨ। ਦੂਜੇ ਦੇਸਾਂ ਵਿੱਚ ਵੀ ਗੁਰਦੇ ਦਾਨ ਕਰਨ ਵਾਲੀਆਂ ਔਰਤਾਂ ਅਤੇ ਪੁਰਸ਼ਾਂ ਦਾ ਅਨੁਪਾਤ ਲਗਭਗ ਇਹੀ ਰਹਿੰਦਾ ਹੈ।
ਇਹ ਵੀ ਪੜ੍ਹੋ:
ਪਰ, ਹੁਣ ਤਾਂ ਪੂਰੀ ਦੁਨੀਆਂ ਵਿੱਚ ਅੰਗਦਾਨ ਕਰਨ ਵਾਲੇ ਪੁਰਸ਼ਾਂ ਦੀ ਗਿਣਤੀ ਹੋਰ ਵੀ ਘੱਟ ਹੋ ਰਹੀ ਹੈ। ਯਾਨਿ ਔਰਤਾਂ, ਅੱਜ ਵੀ ਮਰਦਾਂ ਦੀ ਤੁਲਨਾ ਵਧੇਰੇ ਅੰਗਦਾਨ ਕਰ ਰਹੀਆਂ ਹਨ।
ਦਿਲਚਸਪ ਗੱਲ ਇਹ ਹੈ ਕਿ ਔਰਤਾਂ ਤੋਂ ਅੰਗ ਦਾਨ ਵਿੱਚ ਲੈਣ ਵਾਲੇ 59 ਫ਼ੀਸਦ ਮਰੀਜ਼ ਪੁਰਸ਼ ਹਨ।

ਤਸਵੀਰ ਸਰੋਤ, Getty Images
ਅੱਜ ਵੱਧ ਪੁਰਸ਼ਾਂ ਨੂੰ ਗੁਰਦੇ ਦੀ ਲੋੜ ਹੈ, ਉੱਥੇ ਹੀ ਉਨ੍ਹਾਂ ਨੂੰ ਅੰਗ ਦਾਨ ਕਰਨ ਵਾਲੀ ਵੱਧ ਗਿਣਤੀ ਔਰਤਾਂ ਦੀ ਹੈ।
ਇਸ ਕਰਕੇ ਨਾ ਸਿਰਫ਼ ਔਰਤਾਂ ਉੱਪਰ ਅੰਗ ਦਾਨ ਦਾ ਬੋਝ ਵੱਧ ਰਿਹਾ ਹੈ ਸਗੋਂ ਮਰਦਾਂ ਦੀ ਸਿਹਤ ਲਈ ਵੀ ਇਹ ਵੱਡੀ ਚੁਣੌਤੀ ਹੈ।
ਮਰਦਾਂ ਦੇ ਮੁਕਾਬਲੇ ਛੋਟੇ ਹੁੰਦੇ ਹਨ ਔਰਤਾਂ ਦੇ ਅੰਗ
ਅਕਸਰ, ਮਰਦਾਂ ਦਾ ਸਰੀਰ, ਔਰਤਾਂ ਦੇ ਗੁਰਦੇ ਨੂੰ ਸਵੀਕਾਰ ਕਰਨ ਤੋਂ ਇਨਕਾਰੀ ਹੋ ਜਾਂਦਾ ਹੈ। ਅਮਰੀਕਾ ਵਿੱਚ ਸਾਲ 1998 ਤੋਂ 2012 ਦੌਰਾਨ ਹੋਏ 2 ਲੱਖ 30 ਹਜ਼ਾਰ ਤੋਂ ਵੱਧ ਅੰਗਦਾਨ ਦੇ ਮਾਮਲਿਆਂ ਵਿੱਚ ਸਾਹਮਣੇ ਆਇਆ ਕਿ ਜੇਕਰ ਔਰਤਾਂ ਦਾ ਗੁਰਦਾ ਪੁਰਸ਼ਾਂ ਨੂੰ ਲਾਇਆ ਗਿਆ, ਤਾਂ ਅਸਫਲਤਾ ਦੀ ਸੰਭਾਵਨਾ ਜ਼ਿਆਦਾ ਹੈ।
ਇਹੀ ਹਾਲ ਦਿਲ ਦੇ ਟਰਾਂਸਪਲਾਂਟ ਦਾ ਦਿਖਿਆ ਗਿਆ। ਔਰਤਾਂ ਦੇ ਦਿਲ ਜੇ ਮਰਦਾਂ ਵਿੱਚ ਲਾਏ ਗਏ, ਤਾਂ ਮਰੀਜ਼ ਦੀ ਅਗਲੇ ਪੰਜ ਸਾਲ ਵਿੱਚ ਮੌਤ ਦੀ ਸੰਭਾਵਨਾ 15 ਫ਼ੀਸਦੀ ਤੱਕ ਵਧ ਦੇਖੀ ਗਈ।
ਇਹ ਵੀ ਪੜ੍ਹੋ:
ਅੰਗਦਾਨ ਵਿੱਚ ਇਸ ਅਸਫਲਤਾ ਦਾ ਵੱਡਾ ਕਾਰਨ, ਔਰਤਾਂ ਅਤੇ ਪੁਰਸ਼ਾਂ ਦੇ ਅੰਗਾਂ ਵਿੱਚ ਫ਼ਰਕ ਦੱਸਿਆ ਜਾਂਦਾ ਹੈ। ਆਮ ਤੌਰ 'ਤੇ ਔਰਤਾਂ ਦੇ ਅੰਗ, ਮਰਦਾਂ ਦੇ ਮੁਕਾਬਲੇ ਛੋਟੇ ਹੁੰਦੇ ਹਨ।
ਟਰਾਂਸਪਲਾਂਟ ਬਾਰੇ ਅਮਰੀਕੀ ਮਾਹਿਰ ਰੌਲਫ਼ ਬਾਰਥ, ਮੈਰੀਲੈਂਡ ਯੂਨੀਵਰਸਟੀ ਦੇ ਮੈਡੀਕਲ ਸੈਂਟਰ ਨਾਲ ਜੁੜੇ ਹਨ। ਉਹ ਮੁਤਾਬਕ ਲੰਬੇ-ਚੌੜੇ ਸ਼ਖ਼ਸ ਨੂੰ ਜੇਕਰ ਛੋਟੇ ਕੱਦ ਵਾਲੀ ਔਰਤ ਦਾ ਗੁਰਦਾ ਲਾ ਦਿੱਤਾ ਜਾਵੇ, ਤਾਂ ਉਹ ਭਾਰੇ ਸਰੀਰ ਦਾ ਭਾਰ ਨਹੀਂ ਚੁੱਕ ਸਕਦੀ। ਗੁਰਦਾ ਬਦਲਾਵਾਉਣ ਵਾਲੇ ਇੱਕ 1.15 ਲੱਖ ਲੋਕਾਂ ਉੱਪਰ ਹੋਏ ਇੱਕ ਸਰਵੇਖਣ ਤੋਂ ਪਤਾ ਲੱਗਿਆ ਹੈ ਕਿ ਅੰਗ ਦਾਨ ਕਰਨ ਵਾਲੇ ਅਤੇ ਲੈਣ ਵਾਲੇ ਦੇ ਸਰੀਰ ਵਿੱਚ 30 ਕਿੱਲੋ ਭਾਰ ਦਾ ਫ਼ਰਕ ਹੈ, ਤਾਂ ਇਸ ਟਰਾਂਸਪਲਾਂਟ ਦੇ ਨਾਕਾਮ ਰਹਿਣ ਦਾ ਡਰ ਵਧ ਜਾਂਦਾ ਹੈ।

ਤਸਵੀਰ ਸਰੋਤ, Getty Images
ਇਸ ਦੇ ਉਲਟ ਜੇ ਅੰਗ ਦੇਣ ਵਾਲੀ ਔਰਤ ਅਤੇ ਅੰਗ ਲੈਣ ਵਾਲੇ ਪੁਰਸ਼ ਦਾ ਭਾਰ ਬਰਾਬਰ ਵੀ ਹੈ, ਤਾਂ ਵੀ ਔਰਤਾਂ ਦੇ ਅੰਗ ਮਰਦਾਂ ਦੇ ਮੁਕਾਬਲੇ ਛੋਟੇ ਹੁੰਦੇ ਹਨ।
ਜਾਣਕਾਰ ਕਹਿੰਦੇ ਹਨ ਕਿ ਅਕਸਰ ਟਰਾਂਸਪਲਾਂਟ ਵੇਲੇ ਸਿਰਫ਼ ਸਰੀਰ ਦੇ ਭਾਰ ਦੇ ਨਜ਼ਰੀਏ ਨਾਲ ਹੀ ਅੰਗਾਂ ਦਾ ਮੇਲ ਕੀਤਾ ਜਾਂਦਾ ਹੈ, ਪਰ ਗੱਲ ਇੰਨੇ ਨਾਲ ਹੀ ਨਹੀਂ ਬਣਨ ਵਾਲੀ।
ਜੇਕਰ ਅੰਗ ਦਾਨ ਕਰਨ ਵਾਲੀ ਔਰਤ ਹੈ ਅਤੇ ਇਸ ਨੂੰ ਲੈਣ ਵਾਲਾ ਇੱਕ ਮਰਦ ਹੈ ਅਤੇ ਦੋਵਾਂ ਦੇ ਭਾਰ ਵਿੱਚ 10 ਤੋਂ 30 ਕਿੱਲੋ ਦਾ ਹੀ ਫ਼ਰਕ ਹੈ, ਤਾਂ ਵੀ ਟਰਾਂਸਪਲਾਂਟ ਅਸਫ਼ਲ ਹੋਣ ਦਾ ਖਤਰਾ ਕਾਇਮ ਰਹਿੰਦਾ ਹੈ।
ਦਿਲ ਦਾ ਮਾਮਲਾ
ਦਿਲ ਦੇ ਟਰਾਂਸਪਲਾਂਟ ਵਿੱਚ ਦੂਜੇ ਪੈਮਾਨੇ ਨੂੰ ਅਪਣਾ ਕੇ, ਡਾਕਟਰ ਇਸ ਖ਼ਤਰੇ ਨੂੰ ਘਟਾ ਲੈਂਦੇ ਹਨ।
ਅੰਗਾਂ ਦੇ ਆਕਾਰ ਤੋਂ ਇਲਾਵਾ, ਪੁਰਸ਼ਾਂ ਅਤੇ ਔਰਤਾਂ ਦੇ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਵਾਲੇ ਐਂਟੀਜੇਨ ਵੀ ਵੱਖ-ਵੱਖ ਹੁੰਦੇ ਹਨ। ਹਾਲਾਂਕਿ ਸਾਇੰਸ ਦੀ ਤਰੱਕੀ ਨਾਲ ਇਸ ਮੈਡੀਕਲ ਚੁਣੌਤੀ ਕਾਫ਼ੀ ਹੱਦ ਤੱਕ ਕਾਬੂ ਕਰ ਲਈ ਗਈ ਹੈ।

ਤਸਵੀਰ ਸਰੋਤ, Getty Images
ਅੱਜ ਟਰਾਂਸਪਲਾਂਟ ਦੇ ਦੌਰਾਨ, ਸਰੀਰ ਦੇ ਇਮਊਨ ਸਿਸਟਮ ਨੂੰ ਸੁੰਨ ਕਰਨ ਲਈ ਨਵੀਆਂ ਦਵਾਈਆਂ ਆ ਗਈਆਂ ਹਨ, ਤਾਂ ਜੋ ਅੰਗਦਾਨ ਲੈਣ ਵਾਲੇ ਦਾ ਸਰੀਰ ਨਵੇਂ ਅੰਗ ਨੂੰ ਸਵੀਕਾਰ ਕਰ ਸਕੇ।
ਹਾਲਾਂਕਿ, ਅੰਗਦਾਨ ਨੂੰ ਲੈ ਕੇ ਲਿੰਗਭੇਦ ਦੇ ਦੂਜੇ ਮੋਰਚੇ ਵੀ ਹਨ। ਅਮਰੀਕਾ ਵਿੱਚ ਅਸ਼ਵੇਤ (ਕਾਲੀਆਂ) ਔਰਤਾਂ 'ਤੇ ਹੋਈ ਰਿਸਰਚ ਤੋਂ ਪਤਾ ਲੱਗਿਆ ਹੈ ਕਿ ਮਰਦਾਂ ਦੇ ਮੁਕਾਬਲੇ ਉਨ੍ਹਾਂ ਲਈ ਅੰਗਦਾਨ ਦੀ ਲੋੜ ਘੱਟ ਸਮਝੀ ਜਾਂਦੀ ਹੈ।
ਜਦਕਿ ਉਨ੍ਹਾਂ ਲਈ ਅੰਗ ਦੇਣ ਨੂੰ ਵੱਧ ਲੋਕ ਤਿਆਰ ਰਹਿੰਦੇ ਹਨ। ਹਾਲਾਂਕਿ ਵੱਧ ਭਾਰ ਵਾਲੀਆਂ ਔਰਤਾਂ ਨੂੰ ਘੱਟ ਹੀ ਅੰਗ ਦਾਨ ਵਿੱਚ ਮਿਲਦੇ ਹਨ।
ਔਰਤਾਂ ਵੱਧ ਜਜ਼ਬਾਤੀ
ਮਰਦਾਂ ਦੇ ਮੁਕਾਬਲੇ ਔਰਤਾਂ ਵੱਲੋਂ ਵੱਧ ਅੰਗਦਾਨ ਕਰਨ ਦੇ ਕਈ ਕਾਰਨ ਹਨ।
ਪਹਿਲਾ ਤਾਂ ਇਹ ਹੈ ਕਿ ਔਰਤਾਂ, ਪੁਰਸ਼ਾਂ ਦੇ ਮੁਕਾਬਲੇ ਵੱਧ ਭਾਵੁਕ ਹੁੰਦੀਆਂ ਹਨ। ਉਨ੍ਹਾਂ ਨੂੰ ਆਪਣੇ ਰਿਸ਼ਤੇਦਾਰਾਂ ਨਾਲ ਵੱਧ ਹਮਦਰਦੀ ਹੁੰਦੀ ਹੈ। ਫਿਰ ਪੁਰਸ਼ਾਂ ਦਾ ਗੁਰਦਾ ਫੇਲ੍ਹ ਹੋਣ ਅਤੇ ਟਰਾਂਸਪਲਾਂਟ ਦੇ ਨਾਕਾਮ ਰਹਿਣ ਦੀ ਸੰਭਾਵਨਾ ਵੱਧ ਹੁੰਦੀ ਹੈ।
ਸਵਿਟਜ਼ਰਲੈਂਡ ਵਿੱਚ ਹੋਏ 631 ਗੁਰਦੇ ਬਦਲਣ ਦੇ ਅਪਰੇਸ਼ਨਾਂ ਵਿੱਚੋਂ 22 ਫ਼ੀਸਦ ਕੇਸਾਂ ਵਿੱਚ ਔਰਤਾਂ ਨੇ ਆਪਣੇ ਪੁਰਸ਼ ਜੀਵਨਸਾਥੀ ਨੂੰ ਆਪਣੇ ਗੁਰਦੇ ਦਿੱਤੇ ਜਦਕਿ ਪੁਰਸ਼ਾਂ ਦੀ ਤਾਦਾਦ ਸਿਰਫ਼ 8 ਫ਼ੀਸਦ ਸੀ।

ਤਸਵੀਰ ਸਰੋਤ, Getty Images
ਸਿਰਫ਼ ਜੀਵਨਸਾਥੀ ਦੇ ਲਈ ਹੀ ਨਹੀਂ, ਔਰਤਾਂ ਆਪਣੇ ਬੱਚਿਆਂ, ਭਰਾ-ਭੈਣਾਂ ਜਾਂ ਦੂਜੇ ਰਿਸ਼ਤੇਦਾਰਾਂ ਨੂੰ ਵੀ ਖੁੱਲ੍ਹੇ ਦਿਲ ਨਾਲ ਅੰਗ ਦਾਨ ਕਰਦੀਆਂ ਹਨ।
ਇਸਦਾ ਵੱਡਾ ਕਾਰਨ ਆਰਥਿਕ ਦੱਸਿਆ ਜਾਂਦਾ ਹੈ। ਅਮਰੀਕਾ ਹੋਵੇ ਜਾਂ ਕੋਈ ਹੋਰ ਦੇਸ ਹਰ ਥਾਂ ਘਰ ਚਲਾਉਣ ਦਾ ਬੋਝ ਅਕਸਰ ਮਰਦਾਂ 'ਤੇ ਹੀ ਹੁੰਦਾ ਹੈ।
ਬਿਮਾਰੀ ਜਾਂ ਟਰਾਂਸਪਲਾਂਟ ਦੇ ਦੌਰਾਨ, ਦਾਨ ਦੇਣ ਵਾਲੇ ਨੂੰ ਅਕਸਰ ਮਹੀਨੇ-ਦੋ ਮਹੀਨੇ ਲਈ ਘਰ ਬੈਠਣਾ ਪੈਂਦਾ ਹੈ। ਇਸ ਨਾਲ ਦੂਹਰਾ ਆਰਥਿਕ ਨੁਕਸਾਨ ਹੁੰਦਾ ਹੈ।
ਇਸ ਲਈ ਅਕਸਰ ਔਰਤਾਂ ਨੂੰ ਇਹ ਲਗਦਾ ਹੈ ਕਿ ਅੰਗ ਦਾਨ ਕਰਕੇ ਉਹ ਘਰ ਨੂੰ ਹੋਣ ਵਾਲਾ ਆਰਥਿਕ ਨੁਕਸਾਨ ਘੱਟ ਕਰ ਸਕਦੀਆਂ ਹਨ।
ਸਵਿਟਜ਼ਰਲੈਂਡ ਵਰਗੇ ਦੇਸ ਜਿੱਥੇ, ਅੰਗ ਦਾਨ ਕਰਨ ਵਾਲਿਆਂ ਨੂੰ ਹੋਣ ਵਾਲੇ ਆਰਥਿਕ ਨੁਕਸਾਨ ਦੀ ਭਰਪਾਈ ਸਰਕਾਰ ਪੈਸੇ ਨਾਲ ਕਰ ਦਿੰਦੀ ਹੈ, ਉੱਥੇ ਵੀ ਅੰਗਦਾਨ ਕਰਨ ਦਾ ਬੋਝ ਅਕਸਰ ਔਰਤਾਂ ਹੀ ਚੁੱਕਦੀਆਂ ਹਨ।
ਇਹ ਵੀ ਪੜ੍ਹੋ:
ਹਾਲਾਂਕਿ ਸਾਰੇ ਲੋਕ ਔਰਤਾਂ ਦੇ ਅੰਗ ਦਾਨ ਦਾ ਕਾਰਨ ਆਰਥਿਕ ਨਹੀਂ ਮੰਨਦੇ।
ਮੈਰੀਲੈਂਡ ਮੈਡੀਕਲ ਸੈਂਟਰ ਦੀ ਕੈਥੀ ਕਲੀਨ-ਗਲੋਵਰ ਕਹਿੰਦੀ ਹੈ ਕਿ ਔਰਤਾਂ ਆਮ ਤੌਰ 'ਤੇ ਦੂਜਿਆਂ ਦਾ ਧਿਆਨ ਰੱਖਦੀਆਂ ਹਨ।
ਬੱਚਿਆਂ ਦਾ ਪਾਲਣ-ਪੋਸ਼ਣ ਹੋਵੇ ਜਾਂ ਘਰ ਦੀ ਸੰਭਾਲ ਕਰਨੀ ਹੋਵੇ, ਇਹ ਕੰਮ ਔਰਤਾਂ ਸਦੀਆਂ ਤੋਂ ਕਰਦੀਆਂ ਆਈਆਂ ਹਨ।
ਅਕਸਰ ਘਰ ਦੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ ਔਰਤਾਂ ਵੱਲ ਉਮੀਦ ਦੀ ਨਜ਼ਰ ਨਾਲ ਦੇਖਿਆ ਜਾਂਦਾ ਹਨ।
ਤਾਂ, ਜਦੋਂ ਕਿਸੇ ਨੂੰ ਅੰਗ ਦਾਨ ਦੀ ਲੋੜ ਪੈਂਦੀ ਹੈ, ਤਾਂ ਉਸਦੇ ਲਈ ਔਰਤ ਤੋਂ ਹੀ ਉਮੀਦ ਕੀਤੀ ਜਾਂਦੀ ਹੈ।
ਇਹ ਕਹਾਣੀ ਬੀਬੀਸੀ ਫਿਊਚਰ ਤੇ ਪੜ੍ਹਨ ਲਈ ਇੱਥੇ ਕੱਲਿਕ ਕਰੋ।












