ਹਫ਼ਤੇ ਵਿੱਚ ਸਿਰਫ਼ ਦੋ ਘੰਟੇ ਦੀ ਕਸਰਤ ਤੁਹਾਡੇ 'ਚ ਇਹ ਬਦਲਾਅ ਲਿਆ ਸਕਦੀ ਹੈ

ਤਸਵੀਰ ਸਰੋਤ, Getty Images
- ਲੇਖਕ, ਪੀਟਰ ਸਵੋਬੋਡਾ
ਬਹੁਤ ਸਾਰੇ ਲੋਕਾਂ ਲਈ ਹਰ ਹਫ਼ਤੇ ਸਿਫ਼ਾਰਸ਼ ਕੀਤੇ ਸਮੇਂ ਅਨੁਸਾਰ ਕਸਰਤ ਕਰਨਾ ਮੁਸ਼ਕਲ ਹੁੰਦਾ ਹੈ। ਪਰ ਖੋਜ ਦੱਸਦੀ ਹੈ ਕਿ ਥੋੜ੍ਹੀ ਜਿਹੀ ਕਸਰਤ ਵੀ ਸਿਹਤ 'ਤੇ ਵੱਡਾ ਅਸਰ ਪਾ ਸਕਦੀ ਹੈ।
ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਕਸਰਤ ਦਿਲ ਲਈ ਲਾਹੇਵੰਦ ਹੈ। ਲਗਾਤਾਰ ਕਸਰਤ ਕਰਨ ਨਾਲ ਬਲੱਡ ਪ੍ਰੈਸ਼ਰ ਅਤੇ ਕੋਲੇਸਟ੍ਰੋਲ ਘਟਦਾ ਹੈ ਅਤੇ ਦਿਲ ਦੇ ਦੌਰੇ ਜਾਂ ਸਟ੍ਰੋਕ ਦਾ ਖ਼ਤਰਾ ਵੀ ਘੱਟ ਹੁੰਦਾ ਹੈ।
ਪਰ ਕਈ ਵਾਰ ਲੋਕਾਂ ਲਈ ਕਸਰਤ ਲਈ ਸਮਾਂ (ਅਤੇ ਉਤਸ਼ਾਹ) ਕੱਢਣਾ ਔਖਾ ਹੋ ਜਾਂਦਾ ਹੈ। ਅਜਿਹੇ 'ਚ ਸਵਾਲ ਇਹ ਹੈ ਕਿ ਘੱਟੋ-ਘੱਟ ਕਿੰਨੀ ਕਸਰਤ ਕਰਕੇ ਵੀ ਇਹ ਫ਼ਾਇਦੇ ਮਿਲ ਸਕਦੇ ਹਨ। ਇਸਦਾ ਜਵਾਬ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਸ਼ੁਰੂ ਵਿੱਚ ਤੁਸੀਂ ਕਿੰਨੇ ਸਿਹਤਮੰਦ ਹੋ।
ਇੱਥੇ ਇੱਕ ਚੰਗੀ ਖ਼ਬਰ ਹੈ। ਫਿਟਨੈੱਸ ਦੇ ਮਾਮਲੇ ਵਿੱਚ ਜਿੰਨਾ ਘੱਟ ਤੁਹਾਡਾ ਸ਼ੁਰੂਆਤੀ ਪੱਧਰ ਹੁੰਦਾ ਹੈ, ਓਨੀ ਹੀ ਘੱਟ ਕਸਰਤ ਨਾਲ ਤੁਹਾਨੂੰ ਫ਼ਾਇਦਾ ਨਜ਼ਰ ਆਉਣ ਲੱਗ ਪੈਂਦਾ ਹੈ।
ਇਸ ਲਈ ਜੇ ਕੋਈ ਵਿਅਕਤੀ ਬਿਲਕੁਲ ਹੀ ਸੁਸਤ ਜੀਵਨਸ਼ੈਲੀ ਜੀਅ ਰਿਹਾ ਹੈ ਤਾਂ ਅਜਿਹੇ ਵਿੱਚ ਦਿਲ ਨਾਲ ਜੁੜੇ ਖ਼ਤਰੇ ਨੂੰ ਘਟਾਉਣ ਲਈ ਥੋੜ੍ਹੀ ਜਿਹੀ ਕਸਰਤ ਵੀ ਕਾਫ਼ੀ ਹੋ ਸਕਦੀ ਹੈ।
ਹਫ਼ਤੇ ਵਿੱਚ ਇੱਕ ਜਾਂ ਦੋ ਘੰਟੇ ਦੀ ਕਸਰਤ ਵੀ ਫਾਇਦੇਮੰਦ

ਤਸਵੀਰ ਸਰੋਤ, Getty Images
ਲਗਭਗ ਬਿਲਕੁਲ ਵੀ ਕਸਰਤ ਨਾ ਕਰਨ ਵਾਲੇ ਵਿਅਕਤੀ ਲਈ ਹਫ਼ਤੇ ਵਿੱਚ ਇੱਕ ਜਾਂ ਦੋ ਘੰਟੇ ਆਰਾਮ ਨਾਲ ਸਾਈਕਲ ਚਲਾਉਣਾ ਜਾਂ ਤੇਜ਼ ਤੁਰਨਾ, ਦਿਲ ਦੀ ਬਿਮਾਰੀ ਕਾਰਨ ਮੌਤ ਦੇ ਖ਼ਤਰੇ ਨੂੰ ਲਗਭਗ 20 ਫ਼ੀਸਦੀ ਤੱਕ ਘਟਾ ਸਕਦਾ ਹੈ।
ਪਰ ਜਿਵੇਂ-ਜਿਵੇਂ ਕੋਈ ਵਿਅਕਤੀ ਵਧੇਰੇ ਸਿਹਤਮੰਦ ਹੁੰਦਾ ਹੈ ਅਤੇ ਕਸਰਤ ਵਧਾਉਂਦਾ ਹੈ, ਤਾਂ ਦਿਲ ਦੀ ਸਿਹਤ ਨਾਲ ਜੁੜੇ ਫ਼ਾਇਦੇ ਘਟਣ ਲੱਗਦੇ ਹਨ ਅਤੇ ਇੱਕ ਸਮੇਂ ਬਾਅਦ ਠਹਿਰਾਅ 'ਤੇ ਪਹੁੰਚ ਜਾਂਦੇ ਹਨ।
ਇੱਕ ਸੁਸਤ ਵਿਅਕਤੀ ਜਦੋਂ ਬਿਲਕੁਲ ਵੀ ਕਸਰਤ ਨਾ ਕਰਨ ਦੇ ਮੁਕਾਬਲੇ ਹਫ਼ਤੇ ਵਿੱਚ ਦੋ ਘੰਟੇ ਕਸਰਤ ਕਰਨ ਲੱਗਦਾ ਹੈ, ਤਾਂ ਇਸ ਦੌਰਾਨ ਦਿਲ ਨਾਲ ਜੁੜੇ ਖ਼ਤਰੇ ਵਿੱਚ ਸਭ ਤੋਂ ਵੱਡੀ ਕਮੀ ਦੇਖਣ ਨੂੰ ਮਿਲਦੀ ਹੈ।
ਜੇ ਉਹ ਕਸਰਤ ਦਾ ਸਮਾਂ ਵਧਾ ਕੇ ਹਫ਼ਤੇ ਵਿੱਚ ਚਾਰ ਘੰਟੇ ਕਰ ਦੇਵੇ ਤਾਂ ਜੋਖ਼ਮ ਵਿੱਚ ਹੋਰ ਵੀ ਕਮੀ ਆਵੇਗੀ ਹੈ, ਹਾਲਾਂਕਿ ਇਹ ਕਮੀ ਥੋੜ੍ਹੀ ਜਿਹੀ ਹੋਵੇਗੀ ਲਗਭਗ 10 ਫ਼ੀਸਦੀ।
ਦਿਲ ਨਾਲ ਜੁੜੀ ਸਿਹਤ (ਕਾਰਡੀਓਵਸਕੂਲਰ) ਦੇ ਫਾਇਦੇ ਹਫ਼ਤੇ ਵਿੱਚ ਚਾਰ ਤੋਂ ਛੇ ਘੰਟੇ ਦੀ ਕਸਰਤ ਤੋਂ ਜ਼ਿਆਦਾ ਨਹੀਂ ਹੁੰਦੇ, ਇਸ ਤੋਂ ਬਾਅਦ ਕਿਸੇ ਲਈ ਵੀ ਕੋਈ ਵਾਧੂ ਫਾਇਦਾ ਨਹੀਂ ਹੁੰਦਾ।
ਹਾਲਾਂਕਿ ਇੱਕ ਅਧਿਐਨ, ਜਿਸ ਵਿੱਚ ਸੁਸਤ ਜੀਵਨਸ਼ੈਲੀ ਵਾਲੇ ਲੋਕਾਂ ਨੂੰ ਮੈਰਾਥਾਨ ਵਰਗੇ ਸਹਿਨਸ਼ੀਲਤਾ ਵਾਲੇ ਮੁਕਾਬਲੇ ਲਈ ਟ੍ਰੇਨਿੰਗ ਦਿੱਤੀ ਗਈ, ਉਸ ਵਿੱਚ ਇਹ ਸਾਹਮਣੇ ਆਇਆ ਕਿ ਜਦੋਂ ਭਾਗੀਦਾਰਾਂ ਨੇ ਹਫ਼ਤੇ ਵਿੱਚ ਸੱਤ ਤੋਂ ਨੌਂ ਘੰਟੇ ਟ੍ਰੇਨਿੰਗ ਕਰਨ ਲੱਗ ਪਏ, ਤਾਂ ਉਨ੍ਹਾਂ ਦੇ ਦਿਲ ਦੀ ਬਣਤਰ ਵਿੱਚ ਧਿਆਨ ਦੇਣ ਲਾਇਕ ਬਦਲਾਅ ਆਉਣ ਲੱਗ ਪਏ।
ਇਸ ਪੱਧਰ ਦੀ ਟ੍ਰੇਨਿੰਗ ਨਾਲ ਦਿਲ ਦੀ ਬਿਮਾਰੀ ਨਾਲ ਜੁੜੇ ਖ਼ਤਰੇ ਵਿੱਚ ਉਹੀ ਕਮੀ ਆਉਂਦੀ ਹੈ ਜੋ ਹਫ਼ਤੇ ਵਿੱਚ ਚਾਰ ਤੋਂ ਛੇ ਘੰਟੇ ਕਸਰਤ ਕਰਨ ਨਾਲ ਆਉਂਦੀ ਹੈ।

ਤਸਵੀਰ ਸਰੋਤ, Getty Images
ਪਰ ਭਾਗੀਦਾਰਾਂ ਵਿੱਚ ਦਿਲ ਦੀ ਮਾਸਪੇਸ਼ੀ ਦੀ ਮਾਤਰਾ ਵਧ ਗਈ ਅਤੇ ਨਾਲ ਹੀ ਕਾਰਡੀਆਕ ਫੈਲਾਅ ਵੀ ਹੋਇਆ। ਦਿਲ ਵੀ ਦੂਜੀਆਂ ਮਾਸਪੇਸ਼ੀਆਂ ਵਾਂਗ ਹੀ ਹੁੰਦਾ ਹੈ। ਜੇ ਇਸ ਨੂੰ ਕਾਫ਼ੀ ਟ੍ਰੇਨਿੰਗ ਦਿੱਤੀ ਜਾਵੇ, ਤਾਂ ਇਹ ਵੱਡਾ ਹੋ ਜਾਂਦਾ ਹੈ। ਇਹ ਬਦਲਾਅ ਕਸਰਤ ਸ਼ੁਰੂ ਕਰਨ ਤੋਂ ਸਿਰਫ਼ ਤਿੰਨ ਮਹੀਨੇ ਬਾਅਦ ਹੀ ਦਿਖਾਈ ਦੇਣ ਲੱਗੇ ਸਨ।
ਇਸ ਲਈ ਭਾਵੇਂ ਵਧੇਰੇ ਘੰਟਿਆਂ ਦੀ ਕਸਰਤ ਦਿਲ ਦੀ ਬਿਮਾਰੀ ਦੇ ਖ਼ਤਰੇ ਨੂੰ ਹੋਰ ਘਟਾਉਣ ਵਿੱਚ ਵਾਧੂ ਲਾਭ ਨਹੀਂ ਦਿੰਦੀ, ਪਰ ਦਿਲ ਦੀ ਬਣਤਰ ਵਿੱਚ ਆਏ ਇਹ ਬਦਲਾਅ ਫਿਟਨੈੱਸ ਵਿੱਚ ਸੁਧਾਰ ਲਿਆਉਂਦੇ ਹਨ ਅਤੇ ਮੈਰਾਥਾਨ ਹੋਰ ਤੇਜ਼ੀ ਨਾਲ ਦੌੜੇ ਜਾਣ ਦੀ ਉਮੀਦ ਕੀਤੀ ਜਾ ਸਕਦੀ ਹੈ।
ਇਸ ਤਰ੍ਹਾਂ ਦੇ ਬਦਲਾਅ ਪਹਿਲਾਂ ਸਿਰਫ਼ ਚੋਟੀ ਦੇ ਖਿਡਾਰੀਆਂ ਵਿੱਚ ਹੀ ਸੰਭਵ ਮੰਨੇ ਜਾਂਦੇ ਸਨ। ਪਰ ਇਹ ਅਧਿਐਨ ਸਾਬਤ ਕਰਦਾ ਹੈ ਕਿ ਜੇ ਅਸੀਂ ਪੂਰੀ ਤਰ੍ਹਾਂ ਠਾਣ ਲਈਏ ਤਾਂ ਅਸੀਂ ਨਾ ਸਿਰਫ਼ ਦਿਲ ਦੀ ਸਿਹਤ ਦੇ ਫ਼ਾਇਦੇ ਲੈ ਸਕਦੇ ਹਾਂ, ਸਗੋਂ ਆਪਣੇ ਦਿਲ ਨੂੰ ਇੱਕ ਖਿਡਾਰੀ ਵਰਗਾ ਵੀ ਬਣਾ ਸਕਦੇ ਹਾਂ।
ਜਦੋਂ ਤੁਸੀਂ ਦਿਲ ਦੀ ਸਿਹਤ ਸੁਧਾਰਣ ਲਈ ਹਫ਼ਤੇ ਵਿੱਚ ਇੱਕ ਜਾਂ ਦੋ ਘੰਟੇ ਕਸਰਤ ਕਰਨੀ ਸ਼ੁਰੂ ਕਰਦੇ ਹੋ, ਤਾਂ ਸ਼ਾਇਦ ਤੁਸੀਂ ਓਨੀ ਆਸ ਨਹੀਂ ਰੱਖਦੇ। ਫਿਰ ਤੁਹਾਨੂੰ ਕਸਰਤ ਕਰਨੀ ਪਸੰਦ ਆਉਣ ਲੱਗ ਸਕਦੀ ਹੈ। ਹਫ਼ਤੇ ਵਿੱਚ ਚਾਰ ਘੰਟੇ ਕਸਰਤ ਉਹ ਪੱਧਰ ਹੈ ਜਿਸ ਨਾਲ ਦਿਲ ਦੀ ਬਿਮਾਰੀ ਦੇ ਖ਼ਤਰੇ ਵਿੱਚ ਸਭ ਤੋਂ ਵੱਡੀ ਕਮੀ ਆਉਂਦੀ ਹੈ।
ਪਰ ਜੇ ਤੁਹਾਨੂੰ ਟ੍ਰੇਨਿੰਗ ਪਸੰਦ ਹੈ ਜਾਂ ਤੁਹਾਨੂੰ ਕੋਈ ਖੇਡ ਚੰਗੀ ਲੱਗਦੀ ਹੈ, ਤਾਂ ਇਸ ਕਾਰਨ ਹੋਰ ਜ਼ਿਆਦਾ ਕਸਰਤ ਕਰਨ ਤੋਂ ਆਪਣੇ ਆਪ ਨੂੰ ਨਾ ਰੋਕੋ।
ਇੰਟੈਂਸਿਟੀ ਵਧਾਓ
ਬਿਲਕੁਲ ਕਸਰਤ ਨਾ ਕਰਨ ਤੋਂ ਹਫ਼ਤੇ ਵਿੱਚ ਚਾਰ ਘੰਟੇ ਕਸਰਤ ਕਰਨ ਦਾ ਵਿਚਾਰ ਮੁਸ਼ਕਿਲ ਲੱਗ ਸਕਦਾ ਹੈ - ਖਾਸ ਕਰਕੇ ਜੇਕਰ ਤੁਹਾਡੇ ਕੋਲ ਜ਼ਿਆਦਾ ਖਾਲੀ ਸਮਾਂ ਨਹੀਂ ਹੈ। ਅਜਿਹੇ ਵਿੱਚ ਹੀ ਤੁਹਾਡੀ ਕਸਰਤ ਦੀ ਇੰਟੈਂਸਿਟੀ ਜ਼ਰੂਰੀ ਹੋ ਜਾਂਦੀ ਹੈ।
ਜੇਕਰ ਤੁਸੀਂ ਦਿਲ ਦੇ ਦੌਰੇ ਦੇ ਜੋਖਮ ਨੂੰ ਘਟਾਉਣ ਦੇ ਮਾਮਲੇ ਵਿੱਚ ਸਭ ਤੋਂ ਵੱਧ ਫਾਇਦਾ ਚਾਹੁੰਦੇ ਹੋ ਤਾਂ ਤੁਹਾਨੂੰ ਪਸੀਨਾ ਵਹਾਉਣ ਦੀ ਲੋੜ ਹੈ। ਹਾਈ ਇੰਟੈਂਸਿਟੀ ਇੰਟਰਵਲ ਟ੍ਰੇਨਿੰਗ (HIIT) ਕਸਰਤ ਦੇ ਮੁਕਾਬਲੇ ਵੱਧ ਤੋਂ ਵੱਧ ਸਮਾਂ ਬਚਾਉਣ ਦਾ ਇੱਕ ਚੰਗਾ ਤਰੀਕਾ ਹੈ। ਇਹ ਆਮ ਤੌਰ 'ਤੇ 20-ਮਿੰਟ ਦੀ ਕਸਰਤ ਹੁੰਦੀ ਹੈ ਜਿਸ ਵਿੱਚ 30 ਤੋਂ 60-ਸਕਿੰਟ ਦੀ ਇੰਟੈਂਸ ਕਸਰਤ ਦੇ ਛੋਟੇ-ਛੋਟੇ ਸੈਸ਼ਨ ਹੁੰਦੇ ਹਨ, ਜਿਨ੍ਹਾਂ ਵਿਚਕਾਰ ਥੋੜ੍ਹਾ ਆਰਾਮ ਵੀ ਹੁੰਦਾ ਹੈ।
ਜੇਕਰ ਹਫ਼ਤੇ ਵਿੱਚ ਕਸਰਤ ਕਰਨ ਲਈ ਸਮਾਂ ਕੱਢਣਾ ਔਖਾ ਹੈ ਅਤੇ ਤੁਸੀਂ ਸਿਰਫ ਵੀਕਐਂਡ 'ਤੇ ਹੀ ਕਸਰਤ ਕਰ ਪਾਉਂਦੇ ਹੋ, ਤਾਂ ਨਿਸ਼ਚਿੰਤ ਰਹੋ ਕਿਉਂਕਿ ਇਹ ਅਜੇ ਵੀ ਲਾਭਦਾਇਕ ਹੈ।
ਇਹ ਕਸਰਤਾਂ ਛੋਟੀਆਂ ਹੋਣ ਦੇ ਬਾਵਜੂਦ, ਉਨ੍ਹਾਂ ਦੀ ਇੰਟੈਂਸਿਟੀ ਦਾ ਮਤਲਬ ਹੈ ਕਿ HIIT ਕਰਨ ਦੇ ਕਈ ਹਫ਼ਤਿਆਂ ਬਾਅਦ ਸ਼ਾਇਦ ਤੁਹਾਨੂੰ ਬਹੁਤ ਸਾਰੇ ਫਾਇਦੇ ਨਜ਼ਰ ਆਉਣ, ਜਿਨ੍ਹਾਂ ਵਿੱਚ - ਬਲੱਡ ਪ੍ਰੈਸ਼ਰ ਕੰਟਰੋਲ ਅਤੇ ਕੋਲੈਸਟ੍ਰੋਲ ਦਾ ਘਟਣਾ ਸ਼ਾਮਲ ਹੈ। ਹਾਲਾਂਕਿ, HIIT ਨਾਲ ਸਬੰਧਿਤ ਜ਼ਿਆਦਾਤਰ ਅਧਿਐਨ ਇਹ ਮਾਪਣ ਲਈ ਬਹੁਤ ਛੋਟੇ ਰਹੇ ਹਨ ਕਿ ਕੀ ਸਮੁੱਚੇ ਦਿਲ ਦੇ ਦੌਰੇ ਦੇ ਜੋਖਮ 'ਤੇ ਇਨ੍ਹਾਂ ਦਾ ਕੋਈ ਪ੍ਰਭਾਵ ਪੈਂਦਾ ਹੈ।

ਤਸਵੀਰ ਸਰੋਤ, Getty Images
ਜੇਕਰ ਤੁਹਾਨੂੰ ਦਿਲ ਦੀ ਬਿਮਾਰੀ ਹੈ ਤਾਂ ਸਾਵਧਾਨੀ ਵਰਤਣ ਦੀ ਲੋੜ ਹੈ। ਕਈ ਸਥਿਤੀਆਂ ਹਨ ਜਿਨ੍ਹਾਂ ਵਿੱਚ ਸਖ਼ਤ ਕਸਰਤ ਕਰਨ ਦੀ ਸਲਾਹ ਨਹੀਂ ਦਿੱਤੀ ਜਾਂਦੀ, ਜਿਵੇਂ - ਕਾਰਡੀਓਮਾਇਓਪੈਥੀ (ਦਿਲ ਦੀਆਂ ਮਾਸਪੇਸ਼ੀਆਂ ਦੀ ਜੈਨੇਟਿਕ ਬਿਮਾਰੀ), ਇਸਕੇਮਿਕ ਦਿਲ ਦੀ ਬਿਮਾਰੀ (ਦਿਲ ਦੀਆਂ ਧਮਣੀਆਂ ਦਾ ਸੁੰਗੜਨਾ) ਅਤੇ ਮਾਇਓਕਾਰਡਾਈਟਿਸ (ਦਿਲ ਦੀ ਸੋਜਸ਼, ਆਮ ਤੌਰ 'ਤੇ ਵਾਇਰਲ)। ਅਜਿਹੀਆਂ ਦਿੱਕਤਾਂ ਵਾਲੇ ਲੋਕਾਂ ਨੂੰ ਘੱਟ ਜਾਂ ਦਰਮਿਆਨੀ ਇੰਟੈਂਸਿਟੀ ਵਾਲੀ ਕਸਰਤ ਹੀ ਚਾਹੀਦੀ ਹੈ। ਇਹ ਹਲਕੀ ਕਸਰਤ ਵੀ ਤੁਹਾਡੇ ਦਿਲ ਲਈ ਲਾਭਦਾਇਕ ਰਹੇਗੀ ਅਤੇ ਤੁਹਾਡੀ ਮੌਜੂਦਾ ਸਥਿਤੀ ਨੂੰ ਵੀ ਕੋਈ ਜੋਖਮ ਨਹੀਂ ਰਹੇਗਾ।
ਜੇਕਰ ਹਫ਼ਤੇ ਵਿੱਚ ਕਸਰਤ ਕਰਨ ਲਈ ਸਮਾਂ ਕੱਢਣਾ ਇੱਕ ਚੁਣੌਤੀ ਹੈ ਅਤੇ ਤੁਸੀਂ ਸਿਰਫ਼ ਵੀਕਐਂਡ 'ਤੇ ਹੀ ਕਸਰਤ ਕਰ ਸਕਦੇ ਹੋ ਤਾਂ ਵੀ ਇਹ ਲਾਭਦਾਇਕ ਹੈ। 37,000 ਤੋਂ ਵੱਧ ਲੋਕਾਂ ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਜਿਨ੍ਹਾਂ ਲੋਕਾਂ ਨੇ ਹਫ਼ਤੇ ਭਰ ਦੀ ਸਰੀਰਕ ਗਤੀਵਿਧੀ ਸਿਰਫ਼ ਦੋ ਜਾਂ ਇੱਕ ਦਿਨ ਕੀਤੀ, ਉਨ੍ਹਾਂ ਲਈ ਵੀ ਦਿਲ ਦੀ ਬਿਮਾਰੀ ਦੇ ਜੋਖਮ ਵਿੱਚ ਓਨੀ ਹੀ ਕਮੀ ਆਈ ਜਿੰਨੀ ਕਿ ਉਨ੍ਹਾਂ ਲੋਕਾਂ ਵਿੱਚ ਆਈ, ਜਿਨ੍ਹਾਂ ਨੇ ਉਸ ਗਤੀਵਿਧੀ ਨੂੰ ਹਫ਼ਤੇ ਭਰ ਵਿੱਚ ਕੀਤਾ।
ਇਸ ਲਈ, ਉਹ ਲੋਕ ਜੋ ਖੁਦ ਹੀ ਆਪਣੇ ਆਪ ਨੂੰ ਆਲਸੀ ਮੰਨਦੇ ਹਨ ਪਰ ਆਪਣੇ ਦਿਲ ਦੀ ਸਿਹਤ ਨੂੰ ਬਿਹਤਰ ਬਣਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਸੁਨੇਹਾ ਸਾਫ ਹੈ - ਕਿਸੇ ਵੀ ਤਰ੍ਹਾਂ ਦੀ ਥੋੜ੍ਹੀ ਜਿਹੀ ਕਸਰਤ ਦੀ ਵੀ ਵੱਡਾ ਫ਼ਰਕ ਪਾ ਸਕਦੀ ਹੈ।
* ਪੀਟਰ ਸਵੋਬੋਡਾ, ਲੀਡਜ਼ ਯੂਨੀਵਰਸਿਟੀ ਵਿੱਚ ਕਾਰਡੀਓਲੋਜੀ ਦੇ ਐਸੋਸੀਏਟ ਪ੍ਰੋਫੈਸਰ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












