ਸੋਸ਼ਲ ਮੀਡੀਆ ਤੋਂ ਨੌਜਵਾਨ ਲੱਖਾਂ ਰੁਪਏ ਕਮਾ ਰਹੇ ਹਨ ਪਰ ਲੋਕ ਉਨ੍ਹਾਂ ਨੂੰ ਗੰਭੀਰਤਾ ਨਾਲ ਕਿਉਂ ਨਹੀਂ ਲੈ ਰਹੇ

ਤਸਵੀਰ ਸਰੋਤ, FARAH SHEIKH
- ਲੇਖਕ, ਪਾਇਲ ਭੂਯਨ
- ਰੋਲ, ਬੀਬੀਸੀ ਪੱਤਰਕਾਰ
ਫ਼ੋਨ ਚੁੱਕਦੇ ਹੀ ਲੋਕ ਆਮ ਤੌਰ 'ਤੇ ਖ਼ਬਰਾਂ ਪੜ੍ਹਨ ਦੇ ਨਾਲ-ਨਾਲ ਸੋਸ਼ਲ ਮੀਡੀਆ ’ਤੇ ਵੀਡੀਓ ਦੇਖਣ ਲਗ ਜਾਂਦੇ ਹਨ। ਉਸ ਤੋਂ ਬਾਅਦ, ਕੁਝ ਮਿੰਟ ਕਈ ਘੰਟਿਆਂ ਵਿੱਚ ਬਦਲ ਜਾਂਦੇ ਹਨ, ਪਤਾ ਹੀ ਨਹੀਂ ਲੱਗਦਾ।
ਇਹ ਵੀਡੀਓ ਕੰਟੈਂਟ ਕ੍ਰਿਏਟਰਜ਼ ਬਣਾਉਂਦੇ ਹਨ, ਜਿਨ੍ਹਾਂ ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਧੁੰਮਾਂ ਪਾਈਆਂ ਹੋਈਆਂ ਹਨ।
ਇਹ ਕੰਟੈਂਟ ਕ੍ਰਿਏਟਰਜ਼ ਇੰਨਫਲੂਏਂਸਰਜ਼ ਵਜੋਂ ਆਪਣਾ ਕਾਰੋਬਾਰ ਵੀ ਚਲਾ ਰਹੇ ਹਨ, ਪਰ ਅੱਜ ਵੀ ਇਸ ਨੂੰ 'ਅਸਲੀ ਨੌਕਰੀ' ਵਜੋਂ ਨਹੀਂ ਦੇਖਿਆ ਜਾਂਦਾ ।

ਤਸਵੀਰ ਸਰੋਤ, Getty Images
ਇਸ ਨੂੰ ਸਮਝਣ ਲਈ, ਆਓ ਪਹਿਲਾ ਸੋਸ਼ਲ ਮੀਡੀਆ ਇੰਨਫਲੂਏਂਸਰਜ਼ ਦੇ ਤਜਰਬੇ ਜਾਣਦੇ ਹਾਂ -
“ਮੇਰਾ ਦਿਨ ਘਰ ਦੇ ਕੰਮਾਂ ਨਾਲ ਸ਼ੂਰੁ ਹੁੰਦਾ ਹੈ। ਆਪਣੀ ਬੇਟੀ ਨੂੰ ਸਕੂਲ ਭੇਜਣ ਤੋਂ ਬਾਅਦ, ਮੈਂ ਕੁਝ ਸਮਾਂ ਆਪਣੇ ਆਪ ਨੂੰ ਦਿੰਦੀ ਹਾਂ। ਇਸ ਤੋ ਬਾਅਦ ਮੈਂ 11 ਵਜੇ ਆਪਣਾ ਕੰਮ ਸ਼ੂਰੁ ਕਰਦੀ ਹਾਂ।"
"ਸਭ ਤੋਂ ਪਹਿਲਾ ਇੱਕ ਟੀਮ ਮੀਟਿੰਗ ਹੁੰਦੀ ਹੈ, ਜਿਸ ਵਿੱਚ ਅਸੀਂ ਅੱਗੇ ਦੀ ਰਣਨੀਤੀ ਬਾਰੇ ਚਰਚਾ ਕਰਦੇ ਹਾਂ। ਇਸ ਮੀਟਿੰਗ ਵਿੱਚ ਫਾਇਨੈਂਸ ਤੋਂ ਲੈ ਕੇ ਵੀਡੀਓ ਟੀਮ ਤੱਕ ਸਭ ਲੋਕ ਸ਼ਾਮਲ ਹੁੰਦੇ ਹਨ। ਸਵੇਰ ਦਾ ਸਮਾਂ ਸਾਡੇ ਆਪਣੇ ਕੰਮ ਅਤੇ ਅਗਲੇਰੀ ਯੋਜਨਾ 'ਤੇ ਚਰਚਾ ਕਰਨ ਲਈ ਹੁੰਦਾ ਹੈ।”
“ਮੈਂ ਇੱਕ ਹਫ਼ਤੇ ਵਿੱਚ ਆਮਤੌਰ ਤੇ 35 ਤੋਂ 40 ਘੰਟੇ ਕੰਮ ਕਰਦੀ ਹਾਂ। ਤੁਸੀਂ ਜੋ ਵੀਡੀਓ ਦੇਖਦੇ ਹੋ ਉਹ 1-2 ਮਿੰਟ ਦੀ ਹੀ ਹੁੰਦਾ ਹੈ, ਪਰ ਉਸ ਨੂੰ ਬਣਾਉਣ ਲਈ ਕਈ ਲੋਕਾਂ ਦੀਆਂ ਘੰਟਿਆਂ ਦੀ ਮਿਹਨਤ ਹੁੰਦੀ ਹੈ। ਸ਼ੁਕਰ ਹੈ, ਹੁਣ ਮੇਰੇ ਕੋਲ ਇੱਕ ਟੀਮ ਹੈ, ਪਰ ਪਹਿਲਾ ਮੈਂ ਸਾਰਾ ਕੰਮ ਇੱਕਲੇ ਕਰਦੀ ਸੀ।”
ਅਜਿਹਾ ਕਹਿਣਾ ਹੈ ਫਰਾਹ ਸ਼ੇਖ਼ ਦਾ, ਜੋ ਇੱਕ ਸੋਸ਼ਲ ਮੀਡੀਆ ਇਨਫਲੂਏਂਸਰ ਹੈ।
ਪਰ ਨੌਕਰੀਪੇਸ਼ਾ ਲੋਕਾਂ ਵਾਂਗ ਹਫ਼ਤੇ ਵਿੱਚ 35-40 ਘੰਟੇ ਕੰਮ ਕਰਨ ਤੋਂ ਬਾਅਦ ਵੀ ਲੋਕ ਇਸ ਨੂੰ ਕਿਸੀ ਨੌਕਰੀ ਵਾਂਗ ਨਹੀਂ ਦੇਖਦੇ ਹਨ।

ਤਸਵੀਰ ਸਰੋਤ, DEBARATI RAI CHAKRAVARTY
ਅਜਿਹਾ ਕਿਉਂ?
ਫਰਾਹ ਸ਼ੇਖ ਇੱਕ ਪੇਸ਼ੇਵਰ ਕੰਟੈਂਟ ਕ੍ਰਿਏਟਰ ਹੈ। ਉਹ ਪਿਛਲੇ 6 ਸਾਲਾਂ ਤੋਂ ਇਸ ਪੇਸ਼ੇ ਨਾਲ ਜੁੜੀ ਹੋਈ ਹੈ।
ਪਰ ਅੱਜ ਵੀ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਕਰੀਅਰ ਦੇ ਇਸ ਬਦਲ ਨਾਲ ਇੱਤੇਫ਼ਾਕ ਨਹੀਂ ਰੱਖਦੇ।
ਹਰ ਕੋਈ ਪੁੱਛਦਾ ਹੈ ਕਿਹੜੀ ਨੌਕਰੀ ਕਰ ਰਹੇ ਹੋ?
ਕੰਟੈਂਟ ਕ੍ਰਿਏਸ਼ਨ 'ਚ ਆਉਣ ਤੋਂ ਪਹਿਲਾਂ ਫਰਾਹ ਕਾਰਪੋਰੇਟ ਇੰਡਸਟਰੀ ਵਿੱਚ ਕੰਮ ਕਰਦੀ ਸੀ। ਉਸ ਸਮੇਂ ਉਹ ਕਈ ਬ੍ਰੈਂਡਜ਼ ਦੀ ਮਾਰਕੀਟਿੰਗ ਦੇਖਦੀ ਸੀ।
ਉਹ ਉਸ ਸਮੇਂ ਨੂੰ ਯਾਦ ਕਰਦੀ ਹੈ, ਜਦੋਂ ਉਨ੍ਹਾਂ ਨੇ ਇਸ ਖੇਤਰ 'ਚ, ਆਉਣ ਦਾ ਫ਼ੈਸਲੇ ਨਾਲ ਆਪਣੇ ਪਰਿਵਾਰ ਨਾਲ ਜਾਣੂ ਕਰਵਾਇਆ।
ਉਹ ਕਹਿੰਦੀ ਹੈ, “ਮੈਂ ਉਸ ਵੇਲੇ ਗਰਭਵਤੀ ਸੀ। ਮੈਂ ਆਪਣੇ ਮਾਤਾ-ਪਿਤਾ ਨੂੰ ਇਸ ਖੇਤਰ ਵਿੱਚ ਜਾਣ ਬਾਰੇ ਇੱਛਾ ਜ਼ਾਹਿਰ ਕੀਤੀ। ਉਨ੍ਹਾਂ ਨੂੰ ਲੱਗਾ ਚਲੋ ਠੀਕ ਹੈ, ਇਹ ਕਰੇਗੀ ਅਤੇ ਫਿਰ ਇਸ ਨੂੰ ਮਜ਼ਾ ਨਹੀਂ ਆਇਆ ਤਾਂ ਉਹ ਬੋਰ ਹੋ ਕੇ ਫਿਰ ਆਪੇ ਕੁਝ ਹੋਰ ਕਰਨ ਲੱਗ ਜਾਵੇਗੀ।"
ਉਹ ਦੱਸਦੀ ਹੈ, "ਪਰਿਵਾਰ ਵਾਲੇ ਹੀ ਨਹੀ ਬਲਕਿ ਆਂਢੀ-ਗੁਆਂਢੀ ਵੀ ਇਸ ਨੂੰ ਸ਼ੌਕ ਵਜੋਂ ਹੀ ਦੇਖਦੇ ਸਨ। ਲੋਕ ਇਹ ਵੀ ਪੁੱਛਦੇ ਸਨ, “ਚੰਗਾ ਹੈ, ਤੁਸੀਂ ਇਹ ਕਰ ਤਾਂ ਰਹੇ ਹੋ ਪਰ ਤੁਸੀਂ ਅਸਲ ਵਿੱਚ ਕੀ ਕਰ ਰਹੇ ਹੋ?”
ਫਰਾਹ ਕਹਿੰਦੀ ਹੈ, “ਮੈਂ ਜਦੋਂ ਸ਼ੁਰੂਆਤ ਕੀਤੀ ਸੀ, ਤਾਂ ਲੋਕਾਂ ਨੇ ਇਹ ਨਹੀਂ ਸੋਚਿਆ ਸੀ ਕਿ ਇਹ ਕਿਸੇ ਦਾ ਅਸਲੀ ਕੰਮ ਹੋ ਸਕਦਾ ਹੈ। ਲੋਕ ਸੋਚਦੇ ਸਨ, ਅੱਛਾ -ਇਸ ਨਾਲ ਵੀ ਪੈਸੇ ਕਮਾਏ ਜਾ ਸਕਦੇ ਹਨ। ਜਦੋਂ ਟਿੱਕ-ਟੌਕ ਹੁੰਦਾ ਸੀ ਤਾਂ ਲੋਕ ਸੋਚਦੇ ਸਨ, ਓਏ ਯਾਰ ! ਤੁਸੀਂ ਨੱਚ ਕੇ ਪੈਸੇ ਕਮਾ ਰਹੇ ਹੋ ?"
ਪਰ ਮਾਹਿਰਾਂ ਦਾ ਮੰਨਣਾ ਹੈ ਕਿ ਹੁਣ ਲੋਕਾਂ ਦੀ ਮਾਨਸਿਕਤਾ ਬਦਲ ਰਹੀ ਹੈ ਅਤੇ ਉਹ ਇਸ ਨੂੰ ਪੇਸ਼ੇ ਵਜੋਂ ਦੇਖਣ ਲੱਗੇ ਹਨ ।
ਜੇਕਰ ਫਰਾਹ ਦੀ ਹੀ ਗੱਲ ਕਰੀਏ ਤਾਂ ਉਸ ਕੋਲ ਇਸ ਸਮੇਂ ਕਈ ਬ੍ਰਾਂਡ ਹਨ ਜਿਨ੍ਹਾਂ ਲਈ ਉਹ ਇਸ਼ਤਿਹਾਰ ਬਣਾਉਂਦੀ ਹੈ।
ਮਾਹਿਰਾਂ ਮੁਤਾਬਕ ਹੁਣ ਹੌਲੀ-ਹੌਲੀ ਲੋਕਾਂ ਦੀ ਸੋਚ ਬਦਲ ਰਹੀ ਹੈ।
ਉਹ ਕਹਿੰਦੀ ਹੈ, "ਪਹਿਲਾਂ ਉਹ ਸੋਚਦੇ ਸਨ ਕਿ ਇਹ ਸਿਰਫ਼ ਇੱਕ ਮਿੰਟ ਦਾ ਵੀਡੀਓ ਹੀ ਤਾਂ ਹੈ, ਇਸ ਵਿੱਚ ਕਿਹੜੀ ਵੱਡੀ ਗੱਲ ਕੀ ਹੈ। ਪਰ ਹੁਣ ਲੋਕ ਸਮਝਣ ਲੱਗ ਪਏ ਹਨ ਕਿ ਇਸ ਕੰਮ ਵਿੱਚ ਕਿੰਨੀ ਮਿਹਨਤ ਹੁੰਦੀ ਹੈ।"
ਲੰਬੇ ਸਮੇਂ ਤੋਂ, ਜ਼ਿਆਦਾਤਰ ਲੋਕ ਇਹ ਮੰਨਦੇ ਸਨ ਕਿ ਇਹ ਕੰਮ ਕਰਨ ਵਾਲਿਆਂ ਵਿੱਚ ਜ਼ਿਆਦਾਤਰ ਮੁਟਿਆਰਾਂ ਸਨ।
ਕਈ ਲੋਕ ਇਸ ਨੂੰ ਸਤਿਕਾਰਤ ਕੰਮ ਵਜੋਂ ਵੀ ਨਹੀਂ ਦੇਖਦੇ ਸਨ। ਪਰ ਹੁਣ ਲੋਕਾਂ ਦੀ ਰਾਏ ਦੇ ਨਾਲ-ਨਾਲ ਇਸ ਖੇਤਰ 'ਚ ਕੰਮ ਕਰ ਰਹੇ ਲੋਕਾਂ ਦੇ ਕੰਮ ਕਰਨ ਦੀ ਸ਼ੈਲੀ ਵੀ ਬਦਲ ਰਹੀ ਹੈ।

ਤਸਵੀਰ ਸਰੋਤ, ADITI
ਇਨਫਲੂਏਂਸਰ ਦੀ ਮਾਰਕਿਟ ਵਧਣ ਨਾਲ ਆਸ
ਇਨਫਲੂਏਂਸਰ ਡੌਟ ਇਨ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਅਗਲੇ ਪੰਜ ਸਾਲਾਂ ਵਿੱਚ ਇਨਫਲੂਏਂਸਿੰਗ ਮਾਰਕਿਟ 25 ਫੀਸਦ ਦੀ ਦਰ ਨਾਲ ਵਧ ਸਕਦੀ ਹੈ।
ਸਾਲ 2025 ਤੱਕ ਇਸ ਦਾ 2200 ਕਰੋੜ ਰੁਪਏ ਦਾ ਬਾਜ਼ਾਰ ਹੋਣ ਦੀ ਉਮੀਦ ਹੈ।
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ 62.2 ਫੀਸਦ ਬ੍ਰੈਂਡਸ ਇਨਫਲੂਏਂਸਰ ਮਾਰਕਿਟ ਦੀ ਤਾਕਤ ਵਿੱਚ ਯਕੀਨ ਰੱਖਦੇ ਹਨ।
ਇਨ੍ਹਾਂ ਬ੍ਰੈਂਡਸ ਨੂੰ ਇਸ ਗੱਲ ਦਾ ਇਲਮ ਹੈ ਕਿ ਇਨਫਲੂਏਂਸਰ ਨਵੇਂ ਗਾਹਕ ਲੈ ਕੇ ਆਉਣ ਦਾ ਇੱਕ ਅਹਿਮ ਜ਼ਰੀਆ ਹੈ।
ਵੱਡੀਆਂ ਕੰਪਨੀਆਂ ਲਈ, ਇਹ ਮਾਰਕੀਟ ਉਹਨਾਂ ਦੀ ਡਿਜੀਟਲ ਮਾਰਕੀਟਿੰਗ ਰਣਨੀਤੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਜਦਕਿ ਛੋਟੀਆਂ ਸੰਸਥਾਵਾਂ ਵੀ ਇਨਫਲੂਏਂਸਰਾਂ ਦੀ ਮਹੱਤਤਾ ਨੂੰ ਸਮਝਦੀਆਂ ਹਨ ਪਰ ਉਹ ਇਸ ਸਮੇਂ ਮਾਰਕੀਟਿੰਗ ਦੇ ਇਸ ਪਹਿਲੂ ਵਿੱਚ ਇੰਨਾ ਨਿਵੇਸ਼ ਨਹੀਂ ਕਰ ਰਹੀਆਂ ਹਨ।
ਫਰਾਹ ਕਹਿੰਦੀ ਹੈ , “ਨਾ ਸਿਰਫ਼ ਲੋਕਾਂ ਦਾ ਰਵੱਈਆ ਬਦਲਿਆ ਹੈ, ਬਲਕਿ ਬ੍ਰਾਂਡ ਵੀ ਬਹੁਤ ਪ੍ਰੋਫੈਸ਼ਨਲ ਹੋ ਗਏ ਹਨ। ਬ੍ਰਾਂਡਾਂ ਨੇ ਵੀ ਇਸ ਮਾਰਕੀਟਿੰਗ ਦੀ ਇਸ ਰਣਨੀਤੀ 'ਤੇ ਚੰਗੀ ਰਾਏ ਦੇਣੀ ਸ਼ੁਰੂ ਕਰ ਦਿੱਤੀ ਹੈ। ਵੈਸੇ ਵੀ, ਮਾਰਕੀਟਿੰਗ ਦੇ ਪੁਰਾਣੇ ਮਾਧਿਅਮਾਂ ਦੀ ਤੁਲਨਾ ਵਿੱਚ, ਇਨਫਲੂਏਂਸਰ ਮਾਰਕੀਟਿੰਗ ਬਹੁਤ ਸਸਤੀ ਹੈ ਅਤੇ ਬ੍ਰਾਂਡਾਂ ਦੀ ਵਿਕਰੀ ਵੀ ਚੰਗੀ ਹੋ ਰਹੀ ਹੈ।"

ਤਸਵੀਰ ਸਰੋਤ, BBC/getty
ਕੀ ਇਹ ਇੱਕ ਕਰੀਅਰ ਬਦਲ ਹੈ ?
ਡਿਜੀਟਲ ਰਣਨੀਤੀਕਾਰ ਅਤੇ ਲਾਈਫ ਕੋਚ ਦੇਬਾਰਾਤੀ ਰੀਆ ਚੱਕਰਬਰਤੀ ਦਾ ਮੰਨਣਾ ਹੈ ਕਿ ਇਸ ਕਾਰੋਬਾਰ ਦਾ ਲੈਂਡਸਕੇਪ ਪੂਰੀ ਤਰ੍ਹਾਂ ਬਦਲ ਗਿਆ ਹੈ।
ਉਹ ਕਹਿੰਦੀ ਹੈ, “ਸੋਸਸ਼ ਮੀਡੀਆ ਪਲੇਟਫਾਰਮਾਂ ਦੇ ਆਉਣ ਤੋਂ ਬਾਅਦ, ਕੰਟੈਂਟ ਕ੍ਰਿਏਟਰ ਕੋਲ ਕੰਟੈਂਟ ਬਣਾਉਣ ਦੀ ਆਜ਼ਾਦੀ ਹੈ। ਲੋਕ ਵੀ ਇਹਨਾਂ ਇਨਫਲੂਏਂਸਰਾਂ ਨਾਲ ਕਾਫੀ ਜੁੜਾਵ ਮਹਿਸੂਸ ਕਰਦੇ ਹਨ।"
ਇਸ ਦੇ ਨਾਲ ਹੀ ਉਸ ਦਾ ਮੰਨਣਾ ਹੈ, "ਹੁਣ ਇਨਫਲੂਏਂਸਰ ਏਜੰਸੀਆਂ ਵੀ ਬਿਹਤਰ ਹੋ ਰਹੀਆਂ ਹਨ। ਪਹਿਲਾਂ ਇਹ ਸਿਰਫ਼ ਬ੍ਰਾਂਡਾਂ ਨੂੰ ਕ੍ਰਿਏਟਰਾਂ ਨਾਲ ਜੋੜਨ ਲਈ ਕੰਮ ਕਰਦੀਆਂ ਸਨ। ਪਰ ਹੁਣ ਉਹ ਪੂਰੀ ਸੇਵਾ ਦੇ ਰਹੀਆਂ ਹਨ ਅਤੇ ਬ੍ਰਾਂਡਾਂ ਤੇ ਇਨਫਲੂਏਂਸਰ ਵਿਚਕਾਰ ਅਹਿਮ ਕੜੀ ਬਣ ਗਈਆਂ ਹਨ।"
‘ਦਿ ਮੋਬਾਈਲ ਇੰਡੀਆ’ ਦੇ ਸੰਪਾਦਕ, ਸੰਸਥਾਪਕ ਅਤੇ ਡਿਜੀਟਲ ਮਾਰਕੀਟਿੰਗ ਮਾਹਰ ਸੰਦੀਪ ਬੁਡਕੀ ਦਾ ਮੰਨਣਾ ਹੈ ਕਿ ਫਿਲਹਾਲ ਇਨਫਲੂਏਂਸਰ ਇਸ ਖੇਤਰ ਨੂੰ ਕਰੀਅਰ ਦੀ ਬਜਾਏ ਪੇਸ਼ੇਵਰ ਨਜ਼ਰੀਏ ਤੋਂ ਦੇਖ ਰਹੇ ਹਨ।
ਉਹ ਕਹਿੰਦੇ ਹਨ, "ਇਨ੍ਹਾਂ ਦੋਵਾਂ ਤਰੀਕਿਆਂ ਵਿਚ ਫਰਕ ਸਿਰਫ ਇਹ ਹੈ ਕਿ ਜੇਕਰ ਇਸ ਨੂੰ ਪੇਸ਼ੇਵਰ ਤਰੀਕੇ ਨਾਲ ਦੇਖਿਆ ਜਾਵੇ ਤਾਂ ਵਿਅਕਤੀ ਇਸ ਦੀਆਂ ਚੰਗੀਆਂ, ਮਾੜੀਆਂ ਗੱਲਾਂ ਅਤੇ ਇਸ ਨੂੰ ਕਿਵੇਂ ਕੀਤਾ ਜਾਵੇ, ਆਦਿ ਵੱਲ ਧਿਆਨ ਦਿੰਦਾ ਹੈ।"
"ਉਹ ਸੋਚਦਾ ਹੈ ਕਿ ਮੈਨੂੰ ਅਜਿਹਾ ਕੁਝ ਕਰਨਾ ਚਾਹੀਦਾ ਹੈ ਜਿਸ ਨਾਲ ਮੇਰਾ ਨਾਮ ਖ਼ਰਾਬ ਨਾ ਹੋਵੇ ਅਤੇ ਜੋ ਮੈਂ ਲੰਬੇ ਸਮੇਂ ਤੱਕ ਕਰ ਸਕਾਂ। ਮੈਨੂੰ ਇਸ ਕਰੀਅਰ ਵਿੱਚ ਇਹ ਭਾਵ ਘੱਟ ਮਹਿਸੂਸ ਹੁੰਦਾ ਹੈ।"

ਤਸਵੀਰ ਸਰੋਤ, FARAH SHEIKH
ਇੰਫਲੂਏਂਸਿੰਗ ਮਾਰਕੀਟਿੰਗ ਦੇ ਲਾਭ
ਬ੍ਰਾਂਡ ਵੱਖ-ਵੱਖ ਤਰੀਕਿਆਂ ਨਾਲ ਇੰਫਲੂਏਂਸਰ ਮਾਰਕੀਟਿੰਗ ਦਾ ਲਾਭ ਉਠਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਮਿਸਾਲ ਵਜੋਂ, ਫੈਸ਼ਨ ਅਤੇ ਬਿਊਟੀ ਬ੍ਰਾਂਡ ਫੈਸ਼ਨ ਬਲੌਗਰਾਂ ਅਤੇ ਇੰਫਲੂਏਂਸਰ ਦੇ ਨਾਲ ਸਾਂਝੇਦਾਰੀ ਕਰ ਰਹੇ ਹਨ।
ਜਦੋਂ ਕਿ ਟ੍ਰੈਵਲ ਬ੍ਰਾਂਡਜ਼ ਆਪਣੀ ਵਿਕਰੀ ਵਧਾਉਣ ਲਈ ਟ੍ਰੈਵਲ ਬਲੌਗਰਸ ਨਾਲ ਸਾਂਝੇਦਾਰੀ ਕਰ ਰਹੇ ਹਨ, ਫੂਡ ਬ੍ਰਾਂਡਜ਼ ਫੂਡ ਬਲੌਗਰਸ ਦੀ ਵਰਤੋਂ ਕਰ ਰਹੇ ਹਨ।
ਬ੍ਰਾਂਡਾਂ ਦੇ ਲਈ ਇੰਫਲੁਏਂਸਰ ਮਾਰਕੀਟਿੰਗ ਦਾ ਇੱਕ ਫਾਇਦਾ ਇਹ ਹੈ ਕਿ ਉਹ ਇੱਕ ਖ਼ਾਸ ਦਰਸ਼ਕਾਂ ਲਈ ਕੰਟੈਂਟ ਤਿਆਰ ਕਰਦੇ ਹਨ।
ਬ੍ਰਾਂਡ ਇੰਫਲਲੂਏਂਸਰ ਉਨ੍ਹਾਂ ਕ੍ਰਿਏਟਰਸ ਨੂੰ ਚੁਣ ਸਕਦੇ ਹਨ ਜੋ ਉਨ੍ਹਾਂ ਦੇ ਨਿਸ਼ਾਨੇ ਵਾਲੇ ਦਰਸ਼ਕਾਂ ਲਈ ਕੰਟੈਂਟ ਬਣਾਉਂਦੇ ਹਨ।
ਦੇਬਾਰਤੀ ਰੀਆ ਚੱਕਰਬਰਤੀ ਦਾ ਕਹਿਣਾ ਹੈ, ਕੰਟੈਂਟ ਕ੍ਰਿਏਟਰਸ ਤੋਂ ਇਸ਼ਤਿਹਾਰਾਂ ਲਈ ਮਾਰਕੀਟ ਵਿੱਚ ਬਹੁਤ ਸਮਰੱਥਾ ਹਨ। ਬ੍ਰਾਂਡਜ਼ ਵੀ ਟੀਵੀ ਜਾਂ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇਣ ਦੀ ਬਜਾਇ ਇੰਫਲੂਏਂਸਰ ਮਾਰਕੀਟਿੰਗ ਵਿੱਚ ਭਰੋਸਾ ਦਿਖਾ ਰਹੇ ਹਨ।"
"ਜਦੋਂ ਵੀ ਕੋਈ ਕੰਪਨੀ ਆਪਣੀ ਇਸ਼ਤਿਹਾਰਬਾਜ਼ੀ ਕਰਵਾਉਣ ਲਈ ਕਿਸੇ ਇੰਫਲੂਏਂਸਰ ਏਜੰਸੀ ਨਾਲ ਸੰਪਰਕ ਕਰਦੀ ਹੈ, ਤਾਂ ਪੁੱਛਦੀ ਹੈ ਕਿ ਉਸ ਦੇ ਇਨਫਲੂਏਂਸਰ ਦੀ ਕਿੰਨੀ ਫੌਲੋਇੰਗ ਹੈ।"
"ਫੌਲੋਵਰਸ ਆਰਗੈਨਿਕ ਹਨ ਜਾਂ ਨਹੀ। ਉਸਨੇ ਕਿਹੜੇ-ਕਿਹੜੇ ਬ੍ਰਾਂਡਾਂ ਨਾਲ ਕੰਮ ਕੀਤਾ ਹੈ। 5 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਲੈ ਕੇ 80 ਸਾਲ ਦੀ ਉਮਰ ਦੇ ਲੋਕ ਇਸ ਖੇਤਰ ਵਿੱਚ ਕੰਮ ਕਰ ਰਹੇ ਹਨ।"
ਸੰਦੀਪ ਬੁਡਕੀ ਦਾ ਕਹਿਣਾ ਹੈ, "ਮਾਰਕੀਟਿੰਗ ਦੀ ਦੁਨੀਆਂ ਵਿੱਚ ਹਰ ਦਸ ਸਾਲ ਬਾਅਦ ਇੱਕ ਨਵਾਂ ਰੁਝਾਨ ਆਉਂਦਾ ਹੈ। ਪਹਿਲਾਂ ਟੀਵੀ ਜਾਂ ਅਖ਼ਬਾਰਾਂ ਵਿੱਚ ਇਸ਼ਤਿਹਾਰ ਨਹੀਂ ਦਿਸਦੇ ਸਨ। ਫਿਰ ਰੇਡੀਓ ਉੱਤੇ ਇਸ਼ਤਿਹਾਰ ਆਉਣੇ ਸ਼ੁਰੂ ਹੋ ਗਏ ਅਤੇ ਹੁਣ ਕੰਪਨੀਆਂ ਇੰਫਲੂਏਂਸਰ ਦਾ ਸਹਾਰਾ ਲੈ ਰਹੀਆਂ ਹਨ।"
"ਹਰੇਕ ਬ੍ਰਾਂਡ ਦੀ ਆਪਣੀ, ਕੈਟਾਗਰੀ ਹੁੰਦੀ ਹੈ। ਕੁਝ ਇੰਫਲੂਏਂਸਰ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਪੰਜ ਜਾਂ ਛੇ ਹਜ਼ਾਰ ਫੌਲੋਵੇਰਜ਼ ਹੁੰਦੇ ਹਨ, ਤਾਂ ਉਨ੍ਹਾਂ ਵੀ ਕੰਮ ਚੱਲ ਜਾਂਦਾ ਹੈ। ਇੰਫਲੂਏਂਸਰ ਅਜਿਹੇ ਵੀ ਹਨ ਜਿਨ੍ਹਾਂ ਦੇ ਲੱਖਾਂ ਵਿੱਚ ਫੌਲੋਅਰਜ਼ ਹੁੰਦੇ ਹਨ। ਇਸ ਲਈ ਸਾਰੇ ਬ੍ਰਾਂਡਾਂ ਅਤੇ ਇੰਫਲੂਏਂਸਰਾਂ ਵਿਚਕਾਰ ਸਮਝੌਤੇ 'ਤੇ ਨਿਰਭਰ ਕਰਦਾ ਹੈ ਕਿ ਇਸਦਾ ਟਾਰਗੇਟ ਦਰਸ਼ਕ ਕੀ ਹੈ। ਇਹ ਪੂਰੀ ਖੇਡ ਟਾਰਗੇਟ ਦਰਸ਼ਕਾਂ ਦੇ ਬਾਰੇ ਹੈ।"
ਪਰ ਸੰਦੀਪ ਇਹ ਵੀ ਕਹਿੰਦੇ ਹਨ, "ਪੁਰਾਣੀ ਪੀੜ੍ਹੀ ਦਾ ਸਮਾਨ ਖਰੀਦਣ ਦਾ ਪੈਟਰਨ ਅਜੇ ਵੀ 'ਵਰਡ ਆਫ ਮਾਊਥ' ਅਤੇ 'ਵੈਲਿਊ ਫਾਰ ਮਨੀ' ਹੈ ਅਤੇ ਇਸ ਪਿੱਛੇ ਦਾ ਵਿਸ਼ਲੇਸ਼ਣ ਇਹ ਲੋਕ ਖ਼ੁਦ ਕਰਦੇ ਹਨ।"
ਇਸ ਦੇ ਨਾਲ ਹੀ ਨੌਜਵਾਨ ਦਰਸ਼ਕ ਸੋਚਦੇ ਹਨ ਕਿ ਇਸ ਵਿਅਕਤੀ ਦੀ ਫੌਲੋਵਿੰਗ ਕਾਫੀ ਹੈ, ਇਸ ਨੇ ਬਹੁਤ ਕੁਝ ਦੇਖਿਆ ਹੋਵੇਗਾ, ਇਸੇ ਲਈ ਉਹ ਮੈਨੂੰ ਦੱਸ ਰਿਹਾ ਹੈ।"

ਤਸਵੀਰ ਸਰੋਤ, Empics
ਕੀ ਠੀਕ ਕਰਨ ਦੀ ਲੋੜ ਹੈ
ਇਸ ਉਦਯੋਗ ਵਿੱਚ ਕੀ ਸੁਧਾਰ ਲਿਆਂਦਾ ਜਾ ਸਕਦਾ ਹੈ, ਦੇਬਾਰਤੀ ਰੀਆ ਚੱਕਰਬਤੀ ਦਾ ਕਹਿਣਾ ਹੈ ਕਿ ਇਸ ਸਮੇਂ ਲੋਕਾਂ ਦਾ ਇੱਕ ਵੱਡਾ ਤਬਕਾ ਮਹਿਸੂਸ ਕਰਦਾ ਹੈ ਕਿ ਇੰਨਫਲੂਏਂਸਰ ਦਾ ਕੰਮ ਕੋਈ ਗੰਭੀਰ ਕੰਮ ਨਹੀ ਹੈ।
ਇਹ ਬਹੁਤ ਆਮ ਮਾਧਿਅਮ ਹੈ। ਇਸੇ ਕਰਕੇ ਲੋਕ ਕਈ ਵਾਰ ਗ਼ਲਤ ਸਮਝ ਲੈਂਦੇ ਹਨ।
ਇਸ ਉਦਯੋਗ ਵਿੱਚ ਬਹੁਤ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਠੀਕ ਕਰਨ ਦੀ ਲੋੜ ਹੈ। ਜਿਵੇਂ ਕਿ ਇੱਥੇ ਪੈਸੇ ਦੇਣ ਦਾ ਕੋਈ ਤਰੀਕਾ ਨਹੀਂ ਹੈ। ਏਜੰਸੀਆਂ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।
ਫਰਾਹ ਇਹ ਵੀ ਮੰਨਦੀ ਹੈ ਕਿ ਇਸ ਇੰਡਸਟਰੀ 'ਚ ਕੁਝ ਅਨਿਸ਼ਚਿਤਤਾਵਾਂ ਹਨ, "ਕਈ ਮਹੀਨੇ ਅਜਿਹੇ ਹੁੰਦੇ ਹਨ ਜਦੋਂ ਤੁਸੀਂ ਬਹੁਤ ਕੰਮ ਕਰ ਰਹੇ ਹੁੰਦੇ ਹੋ। ਕਈ ਮਹੀਨਿਆਂ ਵਿੱਚ ਇੰਨਾ ਕੰਮ ਨਹੀਂ ਮਿਲਦਾ। ਪਰ ਅਜਿਹਾ ਕਈ ਸੈਕਟਰਾਂ ਵਿੱਚ ਹੁੰਦਾ ਹੈ।"
ਪਰ ਪਿਛਲੇ ਕੁਝ ਸਾਲਾਂ ਵਿੱਚ ਜਿਸ ਤਰ੍ਹਾਂ ਇੰਫਲੂਏਂਸਿੰਗ ਮਾਰਕੀਟ ਵਿੱਚ ਤੇਜ਼ੀ ਆਈ ਹੈ, ਉਸ ਨੂੰ ਦੇਖਦੇ ਹੋਏ ਫਰਾਹ ਕਹਿੰਦੀ ਹੈ, "ਮੈਂ ਭਵਿੱਖ ਵਿੱਚ ਆਪਣਾ ਕੰਮ ਕਰਨਾ ਪਸੰਦ ਕਰਾਂਗੀ, ਅਤੇ ਇਹ ਮੇਰੇ ਲਈ ਪੱਕਾ ਹੈ ਕਿ ਮੈਂ ਜੋ ਵੀ ਕਰਾਂਗੀ ਉਹ ਆਨਲਾਈਨ ਹੀ ਹੋਵੇਗਾ।"














