ਕਰਤਾਰਪੁਰ ਸਾਹਿਬ ਗੁਰਦੁਆਰੇ ਦੀ ਹਦੂਦ ’ਚ ਕਥਿਤ ਸ਼ਰਾਬ ਪਾਰਟੀ: ਵਾਇਰਲ ਵੀਡੀਓਜ਼ ਬਾਰੇ ਪਾਕਿਸਤਾਨ ਤੋਂ ਪ੍ਰਬੰਧਕਾਂ ਦਾ ਸਪੱਸ਼ਟੀਕਰਨ

ਕਰਤਾਰਪੁਰ
ਤਸਵੀਰ ਕੈਪਸ਼ਨ, ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਵਿੱਚ ਸਥਿਤ ਹੈ ਅਤੇ ਭਾਰਤ ਦੀ ਸਰਹੱਦ ਤੋਂ ਚਾਰ ਕਿੱਲੋਮੀਟਰ ਦੂਰ ਹੈ
    • ਲੇਖਕ, ਅਲੀ ਕਾਜ਼ਮੀ
    • ਰੋਲ, ਬੀਬੀਸੀ ਪੱਤਰਕਾਰ

ਪਾਕਿਸਤਾਨ ਸਥਿਤ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਦੇ ਕੰਪਲੈਕਸ ’ਚ ਇੱਕ ਕਥਿਤ ‘ਸ਼ਰਾਬ-ਮੀਟ’ ਪਾਰਟੀ ਕਰਨ ਦੀਆਂ ਖ਼ਬਰਾਂ ਨੇ 18 ਨਵੰਬਰ ਦੇਰ ਰਾਤ ਤੋਂ ਹੀ ਮਸਲੇ ਨੂੰ ਭਖਾ ਦਿੱਤਾ ਹੈ।

ਦਰਅਸਲ 18 ਨਵੰਬਰ ਦੀ ਸ਼ਾਮ ਨੂੰ ਕਰਤਾਰਪੁਰ (ਪਾਕਿਸਤਾਨ) ਦੀ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਵੱਲੋਂ ਰਾਤ ਦੇ ਖਾਣੇ ਦਾ ਇੰਤਜ਼ਾਮ ਕੀਤਾ ਗਿਆ ਸੀ।

ਸੋਸ਼ਲ ਮੀਡੀਆ ਉੱਤੇ ਇਸ ਪਾਰਟੀ ਦੀਆਂ ਤਸਵੀਰਾਂ ਅਤੇ ਵੀਡੀਓ ਵਾਇਰਲ ਹਨ ਤੇ ਦਾਅਵਾ ਇਹ ਕੀਤਾ ਜਾ ਰਿਹਾ ਹੈ ਕਿ ਇਸ ਪਾਰਟੀ ਵਿੱਚ ਮੀਟ ਤੇ ਸ਼ਰਾਬ ਪਰੋਸੀ ਗਈ।

ਵੀਡੀਓ ਅਤੇ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਭਾਰਤ ਦੇ ਵੱਖੋ-ਵੱਖ ਸਿਆਸੀ ਅਤੇ ਧਾਰਮਿਕ ਧਿਰਾਂ ਨੇ ਇਸ ਉੱਤੇ ਸਖ਼ਤ ਟਿੱਪਣੀ ਕਰਦਿਆਂ ‘ਰਹਿਤ ਮਰਿਆਦਾ’ ਦੀ ਉਲੰਘਣਾ ਹੋਣ ਦੀ ਗੱਲ ਕੀਤੀ।

ਭਾਰਤੀ ਪੰਜਾਬ ਦੀ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ, ਕਈ ਵਿਧਾਇਕਾਂ ਦੇ ਅਮਲੇ ਨਾਲ ਪਹਿਲਾਂ ਤੈਅ ਹੋਏ ਪ੍ਰੋਗਰਾਮ ਮੁਤਾਬਕ ਗੁਰਦੁਆਰਾ ਕਰਤਾਰਪੁਰ ਸਾਹਿਬ ਪੁੱਜੇ ਹੋਏ ਸਨ।

ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਉਨ੍ਹਾਂ ਦੀ ਮੀਟਿੰਗ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਹੈੱਡ ਗ੍ਰੰਥੀ ਗੋਬਿੰਦ ਸਿੰਘ ਨਾਲ ਹੋਈ ਜਿਥੇ ਉਨ੍ਹਾਂ ਨੇ ਇਸ ਪੂਰੇ ਮਾਮਲੇ ਬਾਰੇ ਸਪੱਸ਼ਟੀਕਰਨ ਦਿੱਤਾ।

ਕੁਲਤਾਰ ਸਿੰਘ ਸੰਧਵਾ

ਤਸਵੀਰ ਸਰੋਤ, ali kazmi/bbc

ਹੈੱਡ ਗ੍ਰੰਥੀ ਗੋਬਿੰਦ ਸਿੰਘ ਨੇ ਇਸ ਮਸਲੇ ਦਾ ਜ਼ਿਕਰ ਕਰਦਿਆਂ ਕਿਹਾ,‘‘ਸੋਸ਼ਲ ਮੀਡੀਆ ਉੱਤੇ ਇੱਕ ਨੈਗੇਟਿਵ ਪ੍ਰੋਪੋਗੈਂਡਾ ਚਲਾਇਆ ਜਾ ਰਿਹਾ ਹੈ ਅਤੇ ਇਹ ਕਿਹਾ ਜਾ ਰਿਹਾ ਹੈ ਕਿ ਪ੍ਰੋਜੈਕਟ ਮੈਨੇਜਮੈਂਟ ਯੂਨਿਟ (ਪੀਐੱਮਯੂ) ਅਤੇ ਮੁਸਲਮਾਨ ਵੀਰਾਂ ਨੇ ਗੁਰਦੁਆਰਾ ਸਾਹਿਬ ਦੀ ਰਹਿਤ ਮਰਿਆਦਾ ਨੂੰ ਭੰਗ ਕੀਤਾ ਤੇ ਗੋਸ਼ਤ ਚਲਾਇਆ, ਸ਼ਰਾਬਾਂ ਚੱਲੀਆਂ।’’

‘‘ਮੈਂ ਇਸ ਪ੍ਰੋਪੋਗੈਂਡਾ ਦੀ ਨਿੰਦਾ ਕਰਦਾ ਹਾਂ। ਡਿਨਰ ਪਾਰਟੀ ਦਾ ਪ੍ਰਬੰਧ ਗੁਰਦੁਆਰਾ ਸਾਹਿਬ ਤੋਂ ਦੋ ਕਿਲੋਮੀਟਰ ਦੂਰ ਕੀਤਾ ਗਿਆ, ਜਿੱਥੇ ਪੀਐੱਮਯੂ ਦੇ ਅਫ਼ਸਰ ਤੇ ਸਟਾਫ਼ ਰਹਿੰਦੇ ਹਨ।”

ਇਸ ਮੌਕੇ ਕੁਲਤਾਰ ਸਿੰਘ ਸੰਧਵਾ ਨੇ ਕਿਹਾ, “ਜੋ ਨੈਗੇਟਿਵ ਪ੍ਰਚਾਰ ਕੀਤਾ ਜਾ ਰਿਹਾ ਹੈ, ਅਸੀਂ ਆਉਂਦਿਆਂ ਹੀ ਇਸ ਬਾਬਤ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਇਸ ਬਾਰੇ ਪੁੱਛਿਆ। ਇਨ੍ਹਾਂ ਨੇ ਗੁਰੂ ਸਾਹਿਬ ਦੇ ਤਾਬਿਆ ’ਚ ਬੈਠ ਕੇ ਇਹ ਗੱਲ ਸਾਫ਼ ਕੀਤੀ ਕਿ ਖਾਣੇ ਦਾ ਇੰਤਜ਼ਾਮ ਗੁਰਦੁਆਰਾ ਸਾਹਿਬ ਦੇ ਪਰਿਸਰ ਤੋਂ 2 ਕਿਲੋਮੀਟਰ ਦੂਰ ਕੀਤਾ ਹੈ।”

ਸੰਧਵਾ ਨੇ ਅੱਗੇ ਕਿਹਾ, “ਗੁਰੂ ਤੋਂ ਵੱਡਾ ਕੋਈ ਗਵਾਹ ਨਹੀਂ ਹੈ। ਗੁਰੂ ਦੇ ਤਾਬਿਆ ’ਚ ਬੈਠ ਕੇ ਗ੍ਰੰਥੀ ਸਾਹਿਬ ਨੇ ਇਸ ਗੱਲ ਦਾ ਭਰੋਸਾ ਦਿੱਤਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਸ ਗੱਲ ਨੂੰ ਇੱਥੇ ਹੀ ਖ਼ਤਮ ਕਰ ਦੇਣਾ ਚਾਹੀਦਾ ਹੈ।”

ਕਰਤਾਰਪੁਰ

ਕਰਤਾਰਪੁਰ ਕੋਰੀਡੋਰ ਦੇ ਅੰਬੈਸਡਰ-ਐਟ-ਲਾਰਜ ਰਮੇਸ਼ ਸਿੰਘ ਅਰੋੜਾ ਨੇ ਵੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਵੀਡੀਓ ਵਿੱਚ ਦਿਖ ਰਹੀ ਪਾਰਟੀ 18 ਨਵੰਬਰ ਨੂੰ ਨੇੜਲੇ ਪਲਾਨਿੰਗ ਮਹਿਕਮੇ ਦੇ ਕੰਪਲੈਕਸ ਵਿੱਚ ਹੋਈ ਹੈ ਅਤੇ ਇਸ ਦਾ ਕਰਤਾਰਪੁਰ ਕੋਰੀਡੋਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਰਮੇਸ਼ ਸਿੰਘ ਅਰੋੜਾ ਨੇ ਕਿਹਾ, ‘‘ਇਹ ਪਾਰਟੀ ਗੁਰਦੁਆਰੇ ਦੀ ਹਦੂਦ ਤੋਂ ਬਾਹਰ ਹੋਈ ਹੈ ਅਤੇ ਕਰਤਾਰਪੁਰ ਗੁਰਦੁਆਰਾ ਕਮੇਟੀ ਦੀ ਹਦੂਦ ਅੰਦਰ ਨਹੀਂ ਆਉਂਦੀ।’’

ਰਮੇਸ਼ ਸਿੰਘ ਅਰੋੜਾ ਨੇ ਇਹ ਵੀ ਕਿਹਾ ਕਿ ਜਿਹੜੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਹੋ ਰਹੀਆਂ ਹਨ, ਉਹ ਬਿਨਾਂ ਕਿਸੇ ਸੰਦਰਭ ਦੇ ਹਨ।

ਕੀ ਕਹਿੰਦੇ ਸਿਆਸੀ-ਧਾਰਮਿਕ ਆਗੂ

ਸੁਖਬੀਰ, ਸਿਰਸਾ

ਤਸਵੀਰ ਸਰੋਤ, facebook

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਕਸ ਅਕਾਊਂਟ ਉੱਤੇ ਲਿਖਦਿਆਂ ਇਸ ਨੂੰ ‘ਰਹਿਤ ਮਰਿਆਦਾ’ ਦੀ ਉਲੰਘਣਾ ਦੱਸਿਆ ਹੈ।

ਉਨ੍ਹਾਂ ਲਿਖਿਆ, ‘‘ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ, ਪਾਕਿਸਤਾਨ ਵਿਖੇ ਜਿਵੇਂ ‘ਰਹਿਤ ਮਰਿਆਦਾ’ ਦਾ ਉਲੰਘਣ ਹੋਇਆ ਹੈ, ਉਸ ਨੇ ਪੂਰੀ ਦੁਨੀਆ ਦੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਉਲੰਘਣਾ ਬਾਰੇ ਸਹੀ ਅਥਾਰਿਟੀ ਕੋਲ ਰਿਪੋਰਟ ਕਰਨੀ ਚਾਹੀਦੀ ਹੈ ਜੋ ਪਾਕਿਸਤਾਨ ਸਰਕਾਰ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।’’

ਉਧਰ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਇਸ ਮਸਲੇ ਉੱਤੇ ਐਕਸ ਅਕਾਊਂਟ ਉੱਤੇ ਲਿਖਿਆ ਹੈ।

ਉਨ੍ਹਾਂ ਲਿਖਿਆ, ‘‘ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਸੀਈਓ ਸਈਦ ਅਬੂ ਬਕਰ ਕੁਰੈਸ਼ੀ ਵੱਲੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੀ ਹਦੂਦ ਅੰਦਰ ਨਾਨ-ਵੈਜੇਟੀਰੀਅਨ ਪਾਰਟੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 80 ਲੋਕ ਸ਼ਾਮਲ ਸਨ। ਇਹਨਾਂ ਵਿੱਚ ਡੀਸੀ ਨਾਰੋਵਾਲ ਅਤੇ ਨਾਰੋਵਾਲ ਦੇ ਪੁਲਿਸ ਅਫ਼ਸਰ ਵੀ ਸਨ।’’

‘‘ਮੈਂ ਇਸ ਮਾਮਲੇ ਵਿੱਚ ਪਾਕਿਸਤਾਨ ਸਰਕਾਰ ਖ਼ਿਲਾਫ਼ ਕਾਰਵਾਈ ਅਤੇ ਤੁਰੰਤ ਜਵਾਬਦੇਹੀ ਦੀ ਮੰਗ ਕਰਦਾ ਹਾਂ।’’

ਸਿਰਸਾ ਨੇ ਇਸ ਮਾਮਲੇ ਨੂੰ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਕੋਲ ਵੀ ਚੁੱਕਿਆ ਹੈ। ਇਸ ਬਾਬਤ ਉਨ੍ਹਾਂ ਨੇ ਵਿਦੇਸ਼ ਮੰਤਰੀ ਨੂੰ ਇੱਕ ਖ਼ਤ ਲਿਖਦਿਆਂ ਦਖ਼ਲ ਦੇਣ ਦੀ ਵੀ ਮੰਗ ਕੀਤੀ ਹੈ।

ਧਾਮੀ, ਹਰਪ੍ਰੀਤ

ਤਸਵੀਰ ਸਰੋਤ, facebook

ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਮਸਲੇ ਉੱਤੇ ਸਖ਼ਤ ਟਿੱਪਣੀ ਕੀਤੀ ਹੈ। ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਹ ਭਾਰਤ ਸਰਕਾਰ ਅਤੇ ਪਾਕਿਸਤਾਨ ਸਰਕਾਰ ਨੂੰ ਲਿਖ ਰਹੇ ਹਨ।

ਉਨ੍ਹਾਂ ਕਿਹਾ, ‘‘ਇਹ ਮਸਲਾ ਮਰਿਆਦਾ ਨਾਲ ਜੁੜਿਆ ਹੈ, ਇਸ ਲਈ ਪਾਕਿਸਤਾਨ ਵਿੱਚ ਗੁਰੂ ਘਰਾਂ ਦੀ ਮਰਿਆਦਾ ਨੂੰ ਧਿਆਨ ਵਿੱਚ ਰੱਖਿਆ ਜਾਵੇ। ਜੋ ਕੁਝ ਉੱਥੇ ਹੋਇਆ, ਉਸ ਬਾਰੇ ਰਿਪੋਰਟ ਵੀ ਮੰਗਾ ਰਹੇ ਹਾਂ।’’

ਅਕਾਲ ਤਖ਼ਤ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ।

ਉਨ੍ਹਾਂ ਕਿਹਾ, ‘‘ਪਾਕਿਸਤਾਨ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਰਤਾਰਪੁਰ ਸਾਹਿਬ ਗੁਰਦੁਆਰਾ ਇੱਕ ਅਰਦਾਸ ਕਰਨ ਵਾਲੀ ਥਾਂ ਹੈ। ਉਨ੍ਹਾਂ ਨੂੰ ਇਸ ਕਾਰੇ ਲਈ ਜ਼ਿੰਮੇਵਾਰ ਲੋਕਾਂ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ।

ਡਿਨਰ ਪਾਰਟੀ ਦਾ ਆਯੋਜਨ ਕਿਉਂ ਅਤੇ ਕਿਸ ਨੇ ਕੀਤਾ

ਕਰਤਾਰਪੁਰ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਕਰਤਾਰਪੁਰ ਸਾਹਿਬ ਅਸਥਾਨ ਦਾ ਸਬੰਧ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਹੈ। ਇੱਥੇ ਉਨ੍ਹਾਂ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਲ ਗੁਜ਼ਾਰੇ ਸਨ

ਪ੍ਰੋਜੈਕਟ ਮੈਨੇਜਮੈਂਟ ਯੂਨਿਟ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਉਨ੍ਹਾਂ ਵੱਲੋਂ ਜਿਸ ਡਿਨਰ ਪਾਰਟੀ ਦੀ ਮੇਜ਼ਬਾਨੀ ਕੀਤੀ ਗਈ ਸੀ ਉਸ ਵਿੱਚ ਕਈ ਮਹਿਕਮਿਆਂ ਨੇ ਹਿੱਸਾ ਲਿਆ।

ਇਹਨਾਂ ਵਿੱਚ ਜ਼ਿਲ੍ਹਾ ਨਾਰੋਵਾਲ ਦੇ ਸਾਰੇ ਅਹਿਮ ਸਰਕਾਰੀ ਅਦਾਰੇ, ਨਿਆਂਪਾਲਿਕਾ, ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ, ਪਾਕਿਸਤਾਨ ਰੇਂਜਰ, ਕਸਟਨ, ਐਂਟੀ-ਨਾਰਕੋਟਿਕਸ, ਸੈਰ-ਸਪਾਟਾ ਪੁਲਿਸ, ਹਾਈਵੇਅ ਪੁਲਿਸ, ਸਿਹਤ, ਡਿਜ਼ਾਜ਼ਟਰ ਮੈਨੇਜਮੈਂਟ, ਜੰਗਲਾਤ, ਖੇਤੀਬਾੜੀ ਮਹਿਕਮਾ ਅਤੇ ਸੂਚਨਾ ਵਿਭਾਗ ਤੋਂ ਇਲਾਵਾ ਮੀਡੀਆ ਗਰੁੱਪਾਂ ਨੇ ਵੀ ਹਿੱਸਾ ਲਿਆ ਸੀ

ਯੂਨਿਟ ਵੱਲੋਂ ਜਾਰੀ ਬਿਆਨ ਵਿੱਚ ਇਸ ਡਿਨਰ ਪਾਰਟੀ ਦੇ ਮਕਸਦ ਬਾਰੇ ਵੀ ਦੱਸਿਆ ਹੈ।

ਉਨ੍ਹਾਂ ਮੁਤਾਬਕ ਇਸ ਪਾਰਟੀ ਦਾ ਮਕਸਦ ਸਾਰੇ ਮਹਿਕਮਿਆਂ ਵਿਚਾਲੇ ਕਾਰਡੀਨੇਸ਼ਨ ਅਤੇ ਕੋਪਰੇਸ਼ਨ ਨੂੰ ਕਰਤਾਰਪੁਰ ਦੇ ਫੇਜ਼ 2 ਲਈ ਡਿਪਲੋਏਮੈਂਟ ਨੂੰ ਵਧਾਉਣਾ ਸੀ।

ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਸੀਈਓ ਵੱਲੋਂ ਇਸ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਅਤੇ ਧੰਨਵਾਦ ਕੀਤਾ ਗਿਆ। ਇਹੀ ਨਹੀਂ ਉਨ੍ਹਾਂ ਫੇਜ਼ 2 ਦੀ ਭੂਮਿਕਾ ਲਈ ਵੀ ਤਵੱਕੋ ਕੀਤੀ ਗਈ ਤਾਂ ਜੋ ਧਾਰਮਿਕ ਸੈਰ-ਸਪਾਟੇ ਤਹਿਤ ਯਾਤਰੀਆਂ ਨੂੰ ਚੰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ।

ਯੂਨਿਟ ਵੱਲੋਂ ਜਾਰੀ ਬਿਆਨ ਮੁਤਾਬਕ ਨਾਰੋਵਾਲ ਦੇ ਡੀਸੀ ਅਤੇ ਹੋਰ ਸ਼ਾਮਲ ਅਧਿਕਾਰੀਆਂ ਨੇ ਮੁਕੰਮਲ ਸਾਥ ਦੇਣ, ਕਰਤਾਰਪੁਰ ਦੇ ਹੋਰ ਵਿਕਾਸ ਅਤੇ ਧਾਰਮਿਕ ਸੈਰ-ਸਪਾਟੇ ਬਾਰੇ ਵਚਨਬੱਧਤਾ ਰੱਖੀ।

ਇਸ ਬਿਆਨ ਵਿੱਚ ਇਹ ਵੀ ਦੱਸਿਆ ਗਿਆ ਕਿ ਡੀਸੀ ਵੱਲੋਂ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਕਿ ਕਰਤਾਰਪੁਰ ਅਤੇ ਧਾਰਮਿਕ ਸੈਰ-ਸਪਾਟੇ ਦਾ ਵਿਕਾਸ ਜ਼ਿਲ੍ਹਾ ਨਾਰੋਵਾਲ ਅਤੇ ਮੁਲਕ ਦੇ ਸਮਾਜਕ-ਆਰਥਿਕ ਵਿਕਾਸ ਵਿੱਚ ਅਹਿਮ ਭੂਮਿਕਾ ਅਦਾ ਕਰੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)