ਭਾਰਤ-ਪਾਕ ਵੰਡ: 62 ਸਾਲ ਪੁਰਾਣੀ ਚਿੱਠੀ ਨੇ ਭਰਾ ਨਾਲੋਂ ਵਿੱਛੜੀ ਭੈਣ ਨੂੰ ਮੁੜ ਕਿਵੇਂ ਮਿਲਾਇਆ

ਤਸਵੀਰ ਸਰੋਤ, Gurminder Grewal/BBC
- ਲੇਖਕ, ਗੁਰਜੋਤ ਸਿੰਘ ਅਤੇ ਗੁਰਮਿੰਦਰ ਗਰੇਵਾਲ
- ਰੋਲ, ਬੀਬੀਸੀ ਸਹਿਯੋਗੀ
ਪਾਕਿਸਤਾਨ ਦੇ ਸ਼ੇਖ਼ੂਪੁਰਾ ਜ਼ਿਲ੍ਹੇ ਵਿੱਚ ਰਹਿਣ ਵਾਲੀ ਸਕੀਨਾ ਬੀਬੀ 1947 ਦੀ ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਪਹਿਲੀ ਵਾਰ ਆਪਣੇ ਭਰਾ ਗੁਰਮੇਲ ਸਿੰਘ ਨੂੰ ਮਿਲੀ।
ਇਹ ਭਾਵੁਕ ਕਰ ਦੇਣ ਵਾਲੀ ਮੁਲਾਕਾਤ ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਹੋਈ। ਭਾਰਤ-ਪਾਕਿਸਤਾਨ ਵਿਚਾਲੇ ਕਰਤਾਰਪੁਰ ਕੋਰੀਡੋਰ ਬਣਨ ਤੋਂ ਬਾਅਦ ਇੱਥੇ ਕਈ ਆਪਣਿਆਂ ਤੋਂ ਵਿਛੁੜਿਆਂ ਦਾ ਆਪਸ ਵਿੱਚ ਮੇਲ ਹੋਇਆ ਹੈ।
ਸਕੀਨਾ ਬੀਬੀ ਦਾ ਜਨਮ 1955 ਵਿੱਚ ਹੋਇਆ ਸੀ ਇਸ ਕਾਰਨ ਉਹ ਵੰਡ ਵੇਲੇ ਸਰਹੱਦ ਦੇ ਦੂਜੇ ਪਾਸੇ ਰਹਿ ਗਏ ਆਪਣੇ ਵੱਡੇ ਭਰਾ ਗੁਰਮੇਲ ਸਿੰਘ ਨੂੰ ਜ਼ਿੰਦਗੀ ਵਿੱਚ ਪਹਿਲਾਂ ਕਦੇ ਨਹੀਂ ਮਿਲੀ ਸੀ। ਉਨ੍ਹਾਂ ਦੇ ਭਰਾ ਲੁਧਿਆਣਾ ਦੇ ਜੱਸੋਵਾਲ ਸੁਡਾਨ ਪਿੰਡ ਵਿੱਚ ਰਹਿੰਦੇ ਹਨ।
ਸਕੀਨਾ ਬੀਬੀ ਦੀ ਮਾਂ ਦਾ ਪਰਿਵਾਰ 1947 ਵਿੱਚ ਚੜ੍ਹਦੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਨੂਰਪੁਰਾ ਤੋਂ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸ਼ੇਖ਼ੂਪੁਰਾ ਜ਼ਿਲ੍ਹੇ ਵਿੱਚ ਆ ਗਿਆ ਸੀ, ਪਰ ਉਨ੍ਹਾਂ ਦੀ ਮਾਂ ਭਾਰਤ ਵਿੱਚ ਹੀ ਰਹਿ ਗਈ ਸੀ।
ਜੱਸੋਵਾਲ ਸੁਡਾਨ ਪਿੰਡ ਦੇ ਸਰਪੰਚ ਜਗਤਾਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਬਜ਼ੁਰਗਾਂ ਮੁਤਾਬਕ ਗੁਰਮੇਲ ਸਿੰਘ ਤਕਰੀਬਨ 4 ਕੁ ਸਾਲ ਦੇ ਸਨ ਜਦੋਂ ਉਨ੍ਹਾਂ ਦੀ ਮਾਂ ਨੂੰ ਪਾਕਿਸਤਾਨ ਦੀ ਮਿਲਟਰੀ ਉਨ੍ਹਾਂ ਦੇ ਪਿਛਲੇ ਪਰਿਵਾਰ ਕੋਲ ਪਾਕਿਸਤਾਨ ਲੈ ਗਈ।
ਗੁਰਮੇਲ ਸਿੰਘ ਆਪਣੀ ਮਾਂ ਨਾਲੋਂ ਵਿੱਛੜ ਕੇ ਇੱਥੇ ਹੀ ਰਹਿ ਗਏ ਸਨ।
ਸਕੀਨਾ ਕੋਲ ਆਪਣੇ ਭਰਾ ਵੱਲੋਂ ਉਨ੍ਹਾਂ ਦੀ ਮਾਂ ਨੂੰ ਲਿਖੀਆਂ ਚਿੱਠੀਆਂ ਅਤੇ ਬਚਪਨ ਦੀ ਇੱਕ ਤਸਵੀਰ ਸੀ, ਜਿਸ ਸਹਾਰੇ ਉਹ ਪੂਰਬੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਰਹਿੰਦੇ ਆਪਣੇ ਭਰਾ ਨੂੰ ਲੱਭਦੇ ਰਹੇ।
ਸਕੀਨਾ ਬੀਬੀ ਦੇ ਭਰਾ ਗੁਰਮੇਲ ਸਿੰਘ ਨੇ ਆਪਣੀ ਮਾਂ ਨੂੰ ਆਖ਼ਰੀ ਚਿੱਠੀ 1961 ਵਿੱਚ ਲਿਖੀ ਸੀ।

ਤਸਵੀਰ ਸਰੋਤ, Gurminder Grewal/BBC

ਤਸਵੀਰ ਸਰੋਤ, Gurminder Grewal/BBC
ਭਾਰਤ-ਪਾਕਿਸਤਾਨ ਵੰਡ ਵਿੱਚ ਵਿੱਛੜੇ ਲੋਕਾਂ ਨੂੰ ਮਿਲਾਉਣ ਲਈ ਕੰਮ ਕਰਨ ਵਾਲੇ ਪੰਜਾਬੀ ਲਹਿਰ ਯੂਟਿਊਬ ਚੈਨਲ ਦੇ ਨਾਸਿਰ ਢਿੱਲੋਂ ਨੇ ਦੱਸਿਆ ਕਿ ਤਕਰੀਬਨ ਇੱਕ ਸਾਲ ਪਹਿਲਾਂ ਉਨ੍ਹਾਂ ਨੇ ਸਕੀਨਾ ਬੀਬੀ ਦੀ ਕਹਾਣੀ ਇੰਟਰਨੈਟ ਉੱਤੇ ਪਾਈ ਸੀ।
ਇਸ ਮਗਰੋਂ ਗੁਰਮੇਲ ਸਿੰਘ ਦੇ ਪਿੰਡ ਦੇ ਸਰਪੰਚ ਅਤੇ ਹੋਰ ਕਈ ਲੋਕਾਂ ਦੇ ਯਤਨਾਂ ਸਦਕਾ ਸਕੀਨਾ ਬੀਬੀ ਆਪਣੇ ਭਰਾ ਨੂੰ ਲੱਭ ਸਕੀ।
ਸਕੀਨਾ ਬੀਬੀ ਆਪਣੇ ਪਰਿਵਾਰ ਦੇ 16 ਜੀਆਂ ਨਾਲ ਆਪਣੇ ਭਰਾ ਗੁਰਮੇਲ ਸਿੰਘ ਨੂੰ ਮਿਲਣ ਆਈ, ਆਪਣੇ ਭਰਾ ਨਾਲ ਪਹਿਲੀ ਵਾਰ ਗਲ਼ ਨਾਲ ਲਾਉਣ ਦੀ ਖੁਸ਼ੀ ਨਾ ਸੰਭਾਲਦਿਆਂ ਉਹ ਭੁੱਬਾਂ ਮਾਰ ਕੇ ਰੋਣ ਲੱਗ ਪਏ।
ਗੁਰਮੇਲ ਸਿੰਘ ਦੀ ਪਤਨੀ ਵੀ ਆਪਣੀ ਨਨਾਣ ਨੂੰ ਮਿਲਣ ਜਾਣਾ ਚਾਹੁੰਦੀ ਸੀ ਪਰ ਨਾ ਮਿਲ ਸਕੀ।

ਤਸਵੀਰ ਸਰੋਤ, Gurminder Grewal/BBC
ਕਿਵੇਂ ਵਿੱਛੜੇ ਗੁਰਮੇਲ ਸਿੰਘ ਤੇ ਸਕੀਨਾ ਬੀਬੀ
ਯੂਟਿਊਬ ਚੈਨਲ ਪੰਜਾਬੀ ਲਹਿਰ ‘ਤੇ ਦੱਸਦਿਆਂ ਸਕੀਨਾ ਬੀਬੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਿਤਾ ਕੋਲੋਂ ਇਹ ਸੁਣਿਆ ਸੀ ਕਿ ਉਨ੍ਹਾਂ ਦਾ ਪਰਿਵਾਰ ਭਾਰਤ-ਪਾਕਿਸਤਾਨ ਵੰਡ ਤੋਂ ਪਹਿਲਾਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਨੂਰਪੁਰਾ ਵਿੱਚ ਰਹਿੰਦਾ ਸੀ।
ਸਕੀਨਾ ਬੀਬੀ ਦੇ ਪਿਤਾ ਦਾ ਨਾਂ ਵਲੀ ਮੁਹੰਮਦ ਅਤੇ ਦਾਦਾ ਜੀ ਦਾ ਨਾਂ ਜਾਮੂ ਸੀ।
ਉਨ੍ਹਾ ਕਿਹਾ, "ਮੇਰੇ ਪਿਤਾ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਉਣ 'ਤੇ ਪਾਕਿਸਤਾਨ ਦੀ ਮਿਲਟਰੀ ਜਾ ਕੇ ਮੇਰੀ ਮਾਂ ਨੂੰ ਲੈ ਕੇ ਆਈ ਸੀ, ਪਰ ਉਨ੍ਹਾਂ ਦਾ ਭਰਾ ਗੁਰਮੇਲ ਨੂੰ ਜੋ ਸ਼ਾਇਦ ਉਨ੍ਹਾਂ ਨੂੰ ਉਸ ਵੇਲੇ ਨਹੀਂ ਮਿਲਿਆ ਨਾਲ ਨਾ ਲੈ ਕੇ ਆ ਸਕੀ।"
“ਮੇਰਾ ਭਰਾ ਉਦੋਂ 4-5 ਸਾਲਾਂ ਦਾ ਸੀ, ਜੋ ਉਸ ਵੇਲੇ ਬਾਹਰ ਖੇਡਣ ਗਿਆ ਸੀ, ਮੇਰੀ ਮਾਂ ਦੇ ਕਹਿਣ ‘ਤੇ ਉਨ੍ਹਾਂ (ਮਿਲਟਰੀ) ਨੇ ਕਿਹਾ ਕਿ ਉਹ ਇੰਨੀ ਦੇਰ ਇੰਤਜ਼ਾਰ ਨਹੀਂ ਕਰ ਸਕਦੇ, "ਸਾਨੂੰ ਇੰਨਾ ਹੀ ਆਰਡਰ ਹੈ। ਮਿਲਟਰੀ ਵਾਲੇ ਸਿਰਫ਼ ਮੇਰੀ ਮਾਂ ਨੂੰ ਲੈ ਕੇ ਆ ਗਏ।”

ਤਸਵੀਰ ਸਰੋਤ, Gurminder Grewal/BBC

ਇੰਟਰਨੈਟ ਫਿਰ ਬਣਿਆ ਜ਼ਰੀਆ
- ਪਿਛਲੇ ਸਮੇਂ ਦੌਰਾਨ ਇੰਟਰਨੈਟ ਰਾਹੀਂ ਭਾਰਤ-ਪਾਕਿਸਤਾਨ ਰਹਿੰਦੇ ਕਈ ਲੋਕ ਆਪਣੇ ਵਿੱਛੜੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਵਿੱਚ ਸਫ਼ਲ ਹੋਏ ਹਨ।
- ਜੂਨ 2023 ਵਿੱਚ ਵੰਡ ਕਾਰਨ 75 ਸਾਲਾਂ ਦੇ ਵਿਛੋੜੇ ਤੋਂ ਬਾਅਦ ਗੁਆਚੇ ਹੋਏ ਭੈਣ-ਭਰਾ ਮੋਹਿੰਦਰ ਕੌਰ ਅਤੇ ਅਬਦੁਲ ਸ਼ੇਖ ਅਜ਼ੀਜ਼ ਦਾ ਮਿਲਾਪ ਹੋਇਆ ਸੀ।
- ਮਈ 2022 ਵਿੱਚ ਪਾਕਿਸਤਾਨ ਰਹਿੰਦੇ ਮੁਮਤਾਜ਼ ਆਪਣੇ ਭਰਾਵਾਂ ਗੁਰਮੀਤ ਸਿੰਘ, ਨਰਿੰਦਰ ਸਿੰਘ, ਅਤੇ ਅਮਰਿੰਦਰ ਸਿੰਘ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਮਿਲੇ ਸਨ।
- ਅਗਸਤ 1947 ਵਿੱਚ ਵਿਛੜੇ ਸਵਰਣ ਸਿੰਘ ਅਤੇ ਉਨ੍ਹਾਂ ਦੇ ਭਤੀਜੇ ਮੋਹਨ ਸਿੰਘ ਉਰਫ ਅਬਦੁਲ ਖ਼ਾਲਿਕ ਪੌਣੀ ਸਦੀ ਬਾਅਦ ਪਿਛਲੇ ਸਾਲ ਅਗਸਤ ਵਿੱਚ ਹੀ ਵਿੱਚ ਦੁਬਾਰਾ ਇਕ ਦੂਜੇ ਦੇ ਰੂਬਰੂ ਹੋਏ ਹਨ।


ਤਸਵੀਰ ਸਰੋਤ, Nasir Dhillon
ਚਿੱਠੀਆਂ ਬਣੀਆਂ ਜ਼ਰੀਆ
ਸਕੀਨਾ ਬੀਬੀ ਦੱਸਦੇ ਹਨ, "ਮੇਰੀ ਮਾਂ ਅਤੇ ਪਿਤਾ ਨੇ ਮੇਰੇ ਭਰਾ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਹੀਂ ਲੱਭਿਆ, ਉਹ (ਗੁਰਮੇਲ ਸਿੰਘ) ਕਿਸੇ ਦੀ ਮਦਦ ਨਾਲ ਸਾਨੂੰ ਚਿੱਠੀਆਂ ਭੇਜਦਾ ਰਿਹਾ, ਤੇ ਮੇਰੀ ਮਾਂ ਵੀ ਉਸ ਨੂੰ ਕਿਸੇ ਕੋਲੋਂ ਚਿੱਠੀਆਂ ਲਿਖਵਾ ਕੇ ਭੇਜਦੀ ਰਹੀ ਮੇਰੇ ਮਾਪਿਆਂ ਵਿੱਚੋਂ ਕੋਈ ਵੀ ਪੜ੍ਹਿਆ ਲਿਖਿਆ ਨਹੀਂ ਸੀ।"
ਉਹ ਦੱਸਦੇ ਹਨ, "ਉਸ ਵੇਲੇ ਮੈਂ ਬਹੁਤ ਛੋਟੀ ਸੀ ਜਦੋਂ ਮੇਰੀ ਮਾਂ ਦੀ ਮੌਤ ਹੋ ਗਈ, ਮੈਨੂੰ ਉਦੋਂ ਬਿਲਕੁਲ ਵੀ ਸਮਝ ਨਹੀਂ ਸੀ।"
ਆਪਣੇ ਭਰਾ ਨਾਲ ਪਹਿਲੀ ਵਾਰ ਵੀਡੀਓ ਉੱਤੇ ਗੱਲ ਕਰਦਿਆਂ ਸਕੀਨਾ ਬੀਬੀ ਕਹਿੰਦੇ ਹਨ, "ਭੈਣਾਂ ਨੂੰ ਭਰਾ ਮਿਲ ਜਾਣ ਹੋਰ ਭਲਾ ਕੀ ਚਾਹੀਦਾ ਹੈ।"
ਸ੍ਰੀ ਕਰਤਾਰਪੁਰ ਸਾਹਿਬ ਪਹੁੰਚੀ ਸਕੀਨਾ ਬੀਬੀ ਦੱਸਦੇ ਹਨ ਕਿ ਉਨ੍ਹਾਂ ਦੇ ਘਰ ਉਨ੍ਹਾਂ ਦੇ ਭਰਾ ਦੀ ਤਸਵੀਰ ਪਈ ਸੀ, ਜਿਸ ਨੂੰ ਦੇਖ ਕੇ ਉਹ ਅਕਸਰ ਆਪਣੇ ਪਿਤਾ ਨੂੰ ਪੁੱਛਿਆ ਕਰਦੇ ਸਨ ਕਿ ਇਹ ਤਸਵੀਰ ਕਿਸਦੀ ਹੈ ਪਰ ਕੋਈ ਉਨ੍ਹਾਂ ਨੂੰ ਕੁਝ ਨਹੀਂ ਦੱਸਦਾ ਸੀ।
ਉੇਹ ਦੱਸਦੇ ਹਨ, "ਜਦੋਂ ਮੈਂ ਸਕੂਲ ਪੜ੍ਹਨ ਲੱਗੀ ਅਤੇ ਤੀਜੀ ਜਮਾਤ ਵਿੱਚ ਹੋਈ ਤਾਂ ਮੈਂ ਪੜ੍ਹਨਾ ਸਿੱਖ ਗਈ, ਜਦੋਂ ਮੈਂ ਖ਼ਤ ਪੜ੍ਹੇ ਤਾਂ ਮੈਨੂੰ ਪਤਾ ਆਪਣੇ ਭਰਾ ਬਾਰੇ ਪਤਾ ਲੱਗਿਆ, ਮੈਂ ਆਪਣੇ ਅੱਬੂ ਨੂੰ ਕਿਹਾ ਕਿ ਇਹ ਤਾਂ ਮੇਰਾ ਵੀਰ ਹੈ ਤੁਸੀਂ ਮੈਨੂੰ ਦੱਸਦੇ ਨਹੀਂ ਸੀ, ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ।"

ਤਸਵੀਰ ਸਰੋਤ, Nasir Dhillon
ਸਕੀਨਾ ਨੇ ਦੱਸਿਆ, "ਮੈਂ ਆਪ ਕਈ ਵਾਰੀ ਖ਼ਤ ਪਾਇਆ ਪਰ ਖ਼ਤ ਵਾਪਸ ਆ ਜਾਂਦਾ ਸੀ, ਜਦੋਂ ਮੈਂ ਆਪਣੀ ਬੇਟੀ ਦਾ ਵਿਆਹ ਕੀਤਾ ਉਦੋਂ ਵੀ ਖ਼ਤ ਪਾਇਆ ਪਰ ਵਾਪਸ ਆ ਗਿਆ।"
ਉਨ੍ਹਾਂ ਦੱਸਿਆ, "ਅਸੀਂ 15-16 ਸਾਲ ਬਹੁਤ ਮਿਹਨਤ ਨਾਲ ਪੁਣ-ਛਾਣ ਕਰਦੇ ਰਹੇ ਪਰ ਕੁਝ ਵੀ ਪਤਾ ਨਾ ਲੱਗਿਆ, ਫਿਰ ਅਸੀਂ ਮੀਡੀਆ ਵਾਲਿਆਂ ਦੇ ਸੰਪਰਕ ਵਿੱਚ ਆਏ ਅਤੇ ਪੰਜਾਬੀ ਲਹਿਰ ਨੂੰ ਕਹਾਣੀ ਦੱਸੀ।"
ਗੁਰਮੇਲ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੂੰ ਆਪਣੀ ਮਾਂ ਦੀ ਬਹੁਤ ਯਾਦ ਆਉਂਦੀ ਸੀ ਪਰ ਉਨ੍ਹਾਂ ਨੂੰ ਆਪਣੀ ਭੈਣ ਬਾਰੇ ਨਹੀਂ ਪਤਾ ਸੀ।
ਗੁਰਮੇਲ ਸਿੰਘ ਦੀ ਪਤਨੀ ਰਘਬੀਰ ਕੌਰ ਕਹਿੰਦੇ ਹਨ, “ਅਸੀਂ ਹਮੇਸ਼ਾ ਸੋਚਦੇ ਸੀ ਕਿ ਇਨ੍ਹਾਂ ਦੀ ਕੋਈ ਸਕੀ ਭੈਣ ਜਾਂ ਸਕਾ ਭਰਾ ਕਿਉਂ ਨਹੀਂ ਹੈ ਤੇ ਹੋਰ ਰਿਸ਼ਤੇਦਾਰਾਂ ਨਾਲ ਵੀ ਨੇੜਲੇ ਸੰਬੰਧ ਕਿਉਂ ਨਹੀਂ ਹਨ, ਸਾਨੂੰ ਇਸ ਪਿਛਲੀ ਕਹਾਣੀ ਹੁਣ ਪਤਾ ਲੱਗੀ ਹੈ।”

ਤਸਵੀਰ ਸਰੋਤ, Gurminder Grewal/BBC
ਸਕੀਨਾ ਬੀਬੀ ਨੇ ਗੁਰਮੇਲ ਸਿੰਘ ਦੇ ਬੰਨ੍ਹੀ ਰੱਖੜੀ
ਪਹਿਲੀ ਵਾਰ ਆਪਣੀ ਭੈਣ ਨੂੰ ਮਿਲਣ ਵਾਲੇ ਗੁਰਮੇਲ ਸਿੰਘ ਬੇਹੱਦ ਖੁਸ਼ ਹਨ। ਗੁਰਮੇਲ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੇ ਜ਼ਿੰਦਗੀ ਵਿੱਚ ਪਹਿਲੀ ਵਾਰੀ ਰੱਖੜੀ ਬੰਨ੍ਹਵਾਈ ਹੈ।
ਆਪਣੇ ਗੁੱਟ ਉੱਤੇ ਸਕੀਨਾ ਬੀਬੀ ਵੱਲੋਂ ਬੰਨ੍ਹੀ ਰੱਖੜੀ ਵਿਖਾਉਂਦਿਆਂ ਉਨ੍ਹਾਂ ਦੀਆਂ ਅੱਖਾਂ ਭਰ ਆਈਆਂ, ਪਾਕਿਸਤਾਨ ਵੱਸਦੀ ਉਨ੍ਹਾਂ ਦੀ ਛੋਟੀ ਭੈਣ ਨੇ ਉਨ੍ਹਾਂ ਨੂੰ ਮੁੰਦਰੀ ਅਤੇ ਘੜੀ ਵੀ ਪਾਈ।
ਪਹਿਲੀ ਵਾਰ ਸ੍ਰੀ ਕਰਤਾਰਪੁਰ ਸਾਹਿਬ ਗਏ ਗੁਰਮੇਲ ਸਿੰਘ ਦੱਸਦੇ ਹਨ ਕਿ ਉੱਥੇ ਰਹਿੰਦੇ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਪਿਆਰ ਦਿੱਤਾ।
ਉਨ੍ਹਾਂ ਦੱਸਿਆ, "ਆਪਣੀ ਭੈਣ ਨਾਲ ਗੱਲਾਂ ਕਰਨ ਤੋਂ ਬਾਅਦ ਜਦੋਂ ਮੇਰੇ ਨਾਲ ਗਏ ਸਾਥੀ ਕੁਲਫੀਆਂ ਖਾਣ ਗਏ ਤਾਂ ਉਦੋਂ ਉੱਥੋਂ ਦੇ ਇੱਕ ਵਸਨੀਕ ਨੂੰ ਪਤਾ ਲੱਗਾ ਕਿ ਅਸੀਂ ਇੱਧਰੋਂ (ਪੂਰਬੀ ਪੰਜਾਬ) ਆਏ ਹਾਂ, ਉਨ੍ਹਾਂ ਨੇ ਸਾਡੀ ਕੁਲਫੀਆਂ ਦੇ ਸਾਰੇ ਪੈਸੇ ਦੇ ਦਿੱਤੇ।"
ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਭੈਣ ਨੂੰ 5,000 ਰੁਪਏ ਦਿੱਤੇ ਅਤੇ ਉਨ੍ਹਾਂ ਦੇ ਬੱਚਿਆਂ ਨੂੰ 500-500 ਰੁਪਏ ਦਿੱਤੇ।
ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਸਿਹਤ ਠੀਕ ਰਹੀ ਤਾਂ ਉਹ ਆਪਣੀ ਭੈਣ ਨੂੰ ਦੁਬਾਰਾ ਜ਼ਰੂਰ ਮਿਲਣਾ ਚਾਹੁਣਗੇ।
ਸਕੀਨਾ ਬੀਬੀ ਕਹਿੰਦੇ ਹਨ ਕਿ ਜਦੋਂ ਉਹ ਇਹ ਸੁਣਦੇ ਸਨ ਕਿ ਸਰਹੱਦ ਪਾਰ ਰਹਿੰਦੇ ਲੋਕ ਇੱਕ ਦੂਜੇ ਨੂੰ ਮਿਲਦੇ ਹਨ ਤਾਂ ਉਹ ਸੋਚਦੇ ਸਨ ਕਿ ਕਦੇ ਉਹ ਵੀ ਆਪਣੇ ਭਰਾ ਨੂੰ ਮਿਲ ਸਕਣਗੇ।
ਸਕੀਨਾ ਬੀਬੀ ਨੇ ਆਪਣੇ ਭਰਾ ਦੇ ਗਾਨ੍ਹਾਂ ਵੀ ਬੰਨ੍ਹਿਆ ਜੋ ਵਿਆਹ ਤੋਂ ਥੋੜ੍ਹੇ ਦਿਨ ਪਹਿਲਾਂ ਬੰਨ੍ਹਿਆ ਜਾਂਦਾ ਹੈ, ਉਨ੍ਹਾਂ ਕਿਹਾ, "'ਮੇਰੇ ਲਈ ਤਾਂ ਮੇਰੇ ਭਰਾ ਦਾ ਵਿਆਹ ਹੁਣ ਹੀ ਹੈ।"












