ਪਾਕਿਸਤਾਨੀ ਨੌਜਵਾਨ ਹੁਣ ਨੇੜਲੇ ਰਿਸ਼ਤੇਦਾਰਾਂ ਨਾਲ ਵਿਆਹ ਕਰਵਾਉਣਾ ਪਸੰਦ ਨਹੀਂ ਕਰਦੇ, ਕੀ ਹਨ ਕਾਰਨ

ਪਾਕਿਸਤਾਨੀ ਨੌਜਵਾਨ

ਤਸਵੀਰ ਸਰੋਤ, PISHDAAD MODARESSI CHAHARDEHI

ਤਸਵੀਰ ਕੈਪਸ਼ਨ, ਨਵੀਂ ਪੀੜ੍ਹੀ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਵਿਆਹ ਕਰਵਾਉਣਾ ਚੰਗਾ ਨਹੀਂ ਸਮਝਦੀ
    • ਲੇਖਕ, ਸੂ ਮਿਚਲ
    • ਰੋਲ, ਬੀਬੀਸੀ ਪੱਤਰਕਾਰ

ਇੰਗਲੈਂਡ ਦੇ ਬਰੈਡਫਰਡ ਵਿੱਚ ਪਾਕਿਸਤਾਨੀ ਭਾਈਚਾਰੇ ਵਿੱਚ ਆਪਣੇ ਨੇੜਲੇ ਰਿਸ਼ਤੇਦਾਰਾਂ (ਕਜ਼ਨਸ) ਨਾਲ ਵਿਆਹ ਕਰਵਾਉਣ ਦੇ ਰੁਝਾਨ ਵਿੱਚ ਗਿਰਾਵਟ ਦੇਖੀ ਗਈ ਹੈ।

ਨੇੜਲੇ ਰਿਸ਼ਤੇਦਾਰਾਂ ਨਾਲ ਹੋਏ ਵਿਆਹਾਂ ਨੂੰ ਸਗੋਤਰ ਵਿਆਹ ਕਿਹਾ ਜਾਂਦਾ ਹੈ।

ਇਹ ਰਿਸ਼ਤੇਦਾਰ ਚਾਚਾ, ਮਾਮਾ, ਤਾਇਆ, ਭੂਆ ਦੇ ਪੁੱਤਰ ਜਾਂ ਧੀ ਜਾਂ ਹੋਰ ਕਿਸੇ ਰਿਸ਼ਤੇ ਨਾਲ ਸਬੰਧਤ ਹੋ ਸਕਦੇ ਹਨ।

ਇੱਕ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਬਰੈਡਫਰਡ ਦੇ ਪਾਕਿਸਤਾਨੀ ਭਾਈਚਾਰੇ ਵਿੱਚ 10 ਸਾਲਾਂ ਵਿੱਚ ਅਜਿਹੇ ਵਿਆਹ ਘਟੇ ਹਨ ਅਤੇ ਨਵੀਂ ਪੀੜ੍ਹੀ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਵਿਆਹ ਕਰਵਾਉਣਾ ਚੰਗਾ ਨਹੀਂ ਸਮਝਦੀ।

ਇਹ ਕਿਹਾ ਜਾ ਰਿਹਾ ਹੈ ਕਿ ਉਚੇਰੀ ਪੜ੍ਹਾਈ, ਪਰਿਵਾਰਾਂ ਦੀ ਬਣਤਰ ਅਤੇ ਪ੍ਰਵਾਸ ਦੇ ਨਿਯਮਾਂ ਵਿੱਚ ਬਦਲਾਅ ਇਸਦਾ ਕਾਰਨ ਹੋ ਸਕਦੇ ਹਨ।

2021 ਦੀ ਜਨਗਣਨਾ ਮੁਤਾਬਕ ਬਰੈਡਫਰਡ ਦੀ 25 ਫ਼ੀਸਦ ਦੇ ਕਰੀਬ ਆਬਾਦੀ ਪਾਕਿਸਤਾਨੀ ਮੂਲ ਦੀ ਹੈ।

ਬਰੈਡਫਰਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2021 ਦੀ ਜਨਗਣਨਾ ਮੁਤਾਬਕ ਬਰੈਡਫਰਡ ਦੀ 25 ਫ਼ੀਸਦ ਦੇ ਕਰੀਬ ਆਬਾਦੀ ਪਾਕਿਸਤਾਨੀ ਮੂਲ ਦੀ ਹੈ

52 ਸਾਲਾ ਜੁਵੈਅਰੀਆ ਅਹਿਮਦ ਇੱਕ ਅਧਿਆਪਕ ਹਨ।

ਉਨ੍ਹਾਂ ਦਾ ਵਿਆਹ ਉਨ੍ਹਾਂ ਦੇ ਕਜ਼ਨ ਨਾਲ 1988 ਵਿੱਚ ਹੋਇਆ ਸੀ।

ਉਨ੍ਹਾਂ ਦੱਸਿਆ, “ਮੇਰੇ ਬੱਚਿਆਂ ਨੇ ਇੱਕ ਵਾਰੀ ਮੈਨੂੰ ਪੁੱਛਿਆ ਕਿ ਮੈਂ ਅਤੇ ਉਨ੍ਹਾਂ ਦੇ ਪਿਤਾ ਨੂੰ ਕਿਵੇਂ ਮਿਲੇ।”

“ਮੈਨੂੰ ਬੱਚਿਆਂ ਉੱਤੇ ਹਾਸਾ ਆ ਗਿਆ, ਮੈਂ ਦੱਸਿਆ ਕਿ ਮੇਰੀ ਉਨ੍ਹਾਂ ਦੇ ਪਿਤਾ ਨਾਲ ਮੁਲਾਕਾਤ ਆਮ ਨਾਲੋਂ ਬਹੁਤ ਵੱਖਰੀ ਸੀ।”

“ਮੇਰੇ ਮਾਪੇ ਮੈਨੂੰ ਪਾਕਿਸਤਾਨ ਲੈ ਗਏ ਅਤੇ ਮੇਰੇ ਪਿਤਾ ਨੇ ਮੈਨੂੰ ਕਿਹਾ ਕਿ ਤੂੰ ਇਸ ਨਾਲ ਵਿਆਹ ਕਰਵਾਉਣਾ ਹੈ।”

ਉਹ ਕਹਿੰਦੇ ਹਨ, “ਮੈਨੂੰ ਲਗਭਗ ਪਤਾ ਸੀ ਕਿ ਉਹ ਕੌਣ ਹਨ, ਮੇਰੀ ਪਹਿਲੀ ਵਾਰ ਉਨ੍ਹਾਂ ਨਾਲ ਚੰਗੇ ਤਰੀਕੇ ਮੁਲਾਕਾਤ ਵਿਆਹ ਮੌਕੇ ਹੀ ਹੋਈ।”

“ਮੇਰੇ ਬੱਚਿਆਂ ਨੇ ਕਿਹਾ ਕਿ ਇਹ ਬਹੁਤ ਘਿਣਾਉਣਾ ਹੈ, ਉਨ੍ਹਾਂ ਮੈਨੂੰ ਅੱਗੇ ਕਿਹਾ ਕਿ ਮੈਂ ਉਨ੍ਹਾਂ ਨਾਲ ਅਜਿਹਾ ਕਰਨ ਦੀ ਹਿੰਮਤ ਵੀ ਨਾ ਕਰਾਂ।”

ਨੇੜਲੇ ਰਿਸ਼ਤੇਦਾਰਾਂ ਨਾਲ ਵਿਆਹ ਆਮ ਗੱਲ

ਬਰੈਡਫਰਡ

ਤਸਵੀਰ ਸਰੋਤ, Getty Images

ਕਰੀਬ 10 ਸਾਲ ਪਹਿਲਾਂ ਬਰੈਡਫਰਡ ਵਿੱਚ 30,000 ਲੋਕਾਂ ਦੀ ਸਿਹਤ ਉੱਤੇ ਅਧਿਐਨ ਕੀਤਾ ਗਿਆ ਸੀ।

ਖੋਜਾਰਥੀਆਂ ਦੇ ਸਾਹਮਣੇ ਇਹ ਆਇਆ ਸੀ ਕਿ ਪਾਕਿਸਤਾਨੀ ਭਾਈਚਾਰੇ ਵਿਚਲੇ 60 ਫ਼ੀਸਦ ਬੱਚੇ ਉਨ੍ਹਾਂ ਮਾਪਿਆਂ ਦੇ ਸਨ, ਜਿਨ੍ਹਾਂ ਦੇ ਸਗੋਤਰ ਵਿਆਹ ਹੋਏ ਸਨ।

ਭਾਵ ਕਿ ਉਨ੍ਹਾਂ ਦੇ ਸਾਥੀ ਉਨ੍ਹਾਂ ਦੇ ਦੂਰੋਂ-ਨੇੜਿਓਂ ਭਰਾ ਜਾਂ ਭੈਣ ਲੱਗਦੇ ਹਨ।

ਪਰ ਹਾਲ ਹੀ ਵਿੱਚ ਸ਼ਹਿਰ ਦੇ ਅੰਦਰੂਨੀ ਤਿੰਨ ਵਾਰਡਾਂ ਵਿੱਚ ਰਹਿੰਦੀਆਂ ਮਾਵਾਂ ਦੇ ਹੋਏ ਅਧਿਐਨ ਵਿੱਚ ਇਹ ਸਾਹਮਣੇ ਆਇਆ ਹੈ ਕਿ ਸਗੋਤਰ ਵਿਆਹ ਦੀ ਫ਼ੀਸਦ ਘੱਟ ਕੇ 46 ਹੋ ਗਈ ਹੈ।

ਮੂਲ ਖੋਜ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਸਗੋਤਰ ਵਿਆਹਾਂ ਨੇ ਜਮਾਂਦਰੂ ਬਿਮਾਰੀਆਂ ਜਾਂ ਨੁਕਸਾਂ ਦੇ ਖ਼ਤਰੇ ਨੂੰ ਦੁੱਗਣਾ ਕੀਤਾ ਸੀ।

ਜਮਾਂਦਰੂ ਨੁਕਸ ਉਹ ਹੁੰਦੇ ਹਨ ਜਿਹੜੇ ਬੱਚਿਆਂ ਨੂੰ ਪੈਦਾ ਹੋਣ ਵੇਲੇ ਹੀ ਹੁੰਦੇ ਹਨ।

ਹਾਲਾਂਕਿ ਅਜਿਹੇ ਮਾਮਲੇ ਬਹੁਤ ਘੱਟ ਹਨ। ਅਜਿਹੇ ਮਾਪਿਆਂ ਦੇ 6 ਫ਼ੀਸਦ ਬੱਚੇ ਹੀ ਇਸ ਖ਼ਤਰੇ ਤੋਂ ਪ੍ਰਭਾਵਤ ਹੁੰਦੇ ਹਨ।

ਨਵੀਂ ਪੀੜ੍ਹੀ ਦਾ ਵਿਆਹ ਬਾਰੇ ਨਜ਼ਰੀਆ ਵੱਖਰਾ

ਪਾਕਿਸਤਾਨੀ ਨੌਜਵਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਡਾ. ਜੋਹਨ ਰਾਈਟ ਨੇ ਇਸ ਅਧਿਐਨ ‘ਬੋਰਨ ਇਨ ਬ੍ਰੈਡਫਰਡ ਰਿਸਰਚ ਪ੍ਰੋਜੈਕਟ’ ਵਿੱਚ ਮੁੱਖ ਭੂਮਿਕਾ ਨਿਭਾਈ ਹੈ।

ਉਨ੍ਹਾਂ ਦੱਸਿਆ, “ਇੱਕ ਦਹਾਕੇ ਤੋਂ ਵੀ ਘੱਟ ਦੇ ਸਮੇਂ ਵਿੱਚ ਅਸੀਂ ਭਾਈਚਾਰੇ ਵਿੱਚ ਸਗੋਤਰ ਵਿਆਹਾਂ ਪ੍ਰਤੀ ਰੁਝਾਨ ਵਿੱਚ ਬਦਲਾਅ ਦੇਖਿਆ ਹੈ।”

“ਇਸਦੇ ਅਸਰ ਵਜੋਂ ਅਜਿਹੇ ਬੱਚਿਆਂ ਦੀ ਗਿਣਤੀ ਘੱਟ ਹੋਵੇਗੀ ਜਿਹੜੇ ਜਮਾਂਦਰੂ ਮੁਸ਼ਕਲਾਂ ਨਾਲ ਪੀੜਤ ਹੋਣ।”

ਪਾਕਿਸਤਾਨ-ਸ਼ਾਸਿਤ ਕਸ਼ਮੀਰ ਵਿੱਚ ਸਗੋਤਰ ਵਿਆਹਾਂ ਦਾ ਵਧੇਰੇ ਰੁਝਾਨ ਹੈ। ਬਰੈਡਫੋਰਡ ਵਿੱਚ ਰਹਿਣ ਵਾਲੇ ਕਈ ਪਰਿਵਾਰ ਇੱਥੋਂ ਪ੍ਰਵਾਸ ਕਰਕੇ ਆਏ ਹਨ।

ਕਈ ਵਾਰੀ ਅਜਿਹਾ ਹੁੰਦਾ ਹੈ ਕਿ ਬਰੈਡਫੋਰਡ ਰਹਿੰਦਾ ਇੱਕ ਨੌਜਵਾਨ ਪਾਕਿਸਤਾਨ ਰਹਿੰਦੇ ਆਪਣੇ ਕਿਸੇ ਰਿਸ਼ਤੇਦਾਰ ਨਾਲ ਵਿਆਹ ਕਰਵਾਉਂਦਾ ਹੈ, ਵਿਆਹ ਤੋਂ ਬਾਅਦ ਦੋਵੇਂ ਯੂਕੇ ਵਿੱਚ ਇਕੱਠੇ ਰਹਿਣਾ ਸ਼ੁਰੂ ਕਰ ਦਿੰਦੇ ਹਨ।

ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਨਵੀਂ ਪੀੜ੍ਹੀ ਦਾ ਵਿਆਹ ਬਾਰੇ ਨਜ਼ਰੀਆ ਵੱਖਰਾ ਹੈ।

ਉਹ ਕਿਸੇ ਅਣਜਾਣ ਸ਼ਖ਼ਸ ਨਾਲ ਵਿਆਹ ਕਰਵਾਉਣ ਜਾਂ ਸਗੋਤਰ ਵਿਆਹ ਕਰਵਾਉਣਾ ਪਸੰਦ ਨਹੀਂ ਕਰਦੇ।

ਪਾਕਿਸਤਾਨੀ ਨੌਜਵਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਸਾਡੀ ਪੀੜ੍ਹੀ ਨੇ ਇਸ ਲਈ ਸੰਘਰਸ਼ ਕੀਤਾ ਹੈ

ਇੱਕ ਨੌਜਵਾਨ ਕੁੜੀ ਨੇ ਦੱਸਿਆ, “ਸਾਡੀ ਪੀੜ੍ਹੀ ਨੇ ਇਸ ਲਈ ਸੰਘਰਸ਼ ਕੀਤਾ ਹੈ।"

ਦੱਸ ਸਾਲ ਪਹਿਲਾਂ ਮੇਰੀ ਮਾਂ ਇਸ ਗੱਲ 'ਤੇ ਬਜ਼ਿੱਦ ਸੀ ਕਿ ਅਸੀਂ ਸਾਰੇ ਸਗੋਤਰ ਵਿਆਹ ਕਰਵਾਵਾਂਗੇ ਪਰ ਹੁਣ ਉਹ ਇਸ ਗੱਲ ਉੱਤੇ ਜ਼ਿਆਦਾ ਜ਼ੋਰ ਨਹੀਂ ਪਾਉਂਦੇ।

ਮੈਂ ਸੋਚਦੀ ਹਾਂ ਕਿ ਪਰਿਵਾਰਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਹੈ ਕਿ ਉਹ ਇਸ ਗੱਲ ਉੱਤੇ ਬਹੁਤਾ ਜ਼ੋਰ ਨਹੀਂ ਪਾ ਸਕਦੇ।

ਉਨ੍ਹਾਂ ਨੂੰ ਇਹ ਗੱਲ ਪਤਾ ਸੀ ਕਿ ਬ੍ਰਿਟੇਨ ਵਿੱਚ ਰਹਿੰਦਿਆਂ ਇੰਨੇ ਸੱਭਿਆਚਾਰਾਂ ਬਾਰੇ ਜਾਣਦਿਆਂ ਅਜਿਹਾ ਹੋਣਾ ਹੀ ਸੀ।

ਬੋਰਨ ਇੰਨ ਬਰੈਡਫੋਰਡ ਤਹਿਤ 12,453 ਗਰਭਵਤੀ ਔਰਤਾਂ ਉੱਤੇ ਅਧਿਐਨ ਸ਼ੁਰੂ ਕੀਤਾ ਗਿਆ ਸੀ। ਇਸ ਵਿੱਚ ਹਰ ਕਿਸਮ ਦੇ ਪਿਛੋਕੜ ਵਾਲੀਆਂ ਔਰਤਾਂ ਸ਼ਾਮਲ ਸਨ। ਉਨ੍ਹਾਂ ਦੇ ਬੱਚੇ ਵੀ ਇਸ ਪ੍ਰੋਜੈਕਟ ਵਿੱਚ ਸ਼ਾਮਲ ਹੋਏ।

ਉਦੋਂ ਤੋਂ ਹੀ ਉਨ੍ਹਾਂ ਦੀ ਸਿਹਤ ਦਾ ਰਿਕਾਰਡ ਰੱਖਿਆ ਜਾ ਰਿਹਾ ਹੈ।

ਸ਼ਹਿਰ ਦੇ ਤਿੰਨ ਅੰਦਰੂਨੀ ਵਾਰਡਾਂ ਵਿੱਚੋਂ 2,378 ਮਾਵਾਂ ਨੂੰ ਇਸ ਅਧਿਐਨ ਦੇ ਅਗਲੇ ਪੜਾਅ ਲਈ ਸ਼ਾਮਲ ਕੀਤਾ ਗਿਆ ਸੀ। ਇਹ ਅਧਿਐਨ 2016 ਤੋਂ 2019 ਤੱਕ ਹੋਇਆ।

ਨਵੇਂ ਅਧਿਐਨ ਤਹਿਤ ਇਨ੍ਹਾਂ ਦੋਵਾਂ ਪਿਛਲੇ ਅਧਿਐਨਾਂ ਦਾ ਹਿੱਸਾ ਰਹੇ ਇਨ੍ਹਾਂ ਵਾਰਡਾਂ ਦੇ ਹੀ ਲੋਕਾਂ ਦਾ ਤੁਲਨਾਤਮਕ ਅਧਿਐਨ ਕੀਤਾ ਗਿਆ ਹੈ।

ਦੋਵਾਂ ਮਾਮਲਿਆਂ ਵਿੱਚ ਇਸ ਵਿੱਚ ਸ਼ਾਮਲ ਸਾਰੀਆਂ ਔਰਤਾਂ ਵਿੱਚੋਂ 60 ਤੋਂ 65 ਫ਼ੀਸਦ ਔਰਤਾਂ ਪਾਕਿਸਤਾਨੀ ਪਿਛੋਕੜ ਵਾਲੀਆਂ ਸਨ।

ਪਹਿਲੇ ਅਧਿਐਨ ਵਿੱਚ ਇਨ੍ਹਾਂ ਵਿੱਚੋਂ 62 ਫ਼ੀਸਦ ਔਰਤਾਂ ਦੇ ਸਗੋਤਰ ਵਿਆਹ ਹੋਏ ਸਨ, ਜਦਕਿ ਦੂਜੇ ਅਧਿਐਨ ਵਿੱਚ ਸ਼ਾਮਲ ਔਰਤਾਂ ਵਿੱਚੋਂ 42 ਫ਼ੀਸਦ ਦੇ ਹੀ ਸਗੋਤਰ ਵਿਆਹ ਹੋਏ ਸਨ।

ਇਹ ਵੀ ਦੇਖਿਆ ਗਿਆ ਕਿ ਯੂਕੇ ਵਿੱਚ ਪੈਦਾ ਹੋਈਆਂ ਮਾਵਾਂ ਵਿੱਚ ਸਗੋਤਰ ਵਿਆਹ ਹੋਰ ਵੀ ਘਟੇ ਹਨ।

ਇਨ੍ਹਾਂ ਮਾਵਾਂ ਵਿੱਚ ਸਗੋਤਰ ਵਿਆਹ ਕਰਵਾਉਣ ਵਾਲੀਆਂ ਪਹਿਲੇ ਅਧਿਐਨ ਵੇਲੇ 60 ਫ਼ੀਸਦ ਸਨ ਜਦਕਿ ਦੂਜੇ ਵਿੱਚ 36 ਫ਼ੀਸਦ।

ਪੜ੍ਹੀਆਂ ਲਿਖੀਆਂ ਔਰਤਾਂ ਦੀ ਸਗੋਤਰ ਵਿਆਹ ਕਰਵਾਉਣ ਵਾਲਿਆਂ ਵਿੱਚ ਸ਼ਮੂਲੀਅਤ ਪਹਿਲਾਂ ਹੀ ਔਸਤ ਨਾਲੋਂ ਘੱਟ ਸੀ, ਹੁਣ ਇਹ 38 ਫ਼ੀਸਦ ਤੱਕ ਪਹੁੰਚ ਗਈ ਹੈ।

ਸਗੋਤਰ ਵਿਆਹ ਦੀ ਔਸਤ 46 ਫ਼ੀਸਦ ਹੈ।

ਹਾਲਾਂਕਿ ਨਵੇਂ ਅਧਿਐਨ ਵਿੱਚ ਜਿਨ੍ਹਾਂ ਵਾਰਡਾਂ ਦੀ ਚੋਣ ਕੀਤੀ ਗਈ ਹੈ, ਉੱਥੇ ਮੱਧ ਵਰਗੀ ਆਰਥਿਕ ਸਥਿਤੀ ਵਾਲੀਆਂ ਔਰਤਾਂ ਰਹਿੰਦੀਆਂ ਹਨ।

ਖੋਜਾਰਥੀਆਂ ਦਾ ਕਹਿਣਾ ਹੈ ਕਿ ਉਹ ਬਰੈਡਫਰਡ ਵਿਚਲੀਆਂ ਪਾਕਿਸਤਾਨੀ ਪਿਛੋਕੜ ਵਾਲੀਆਂ ਮਾਵਾਂ ਦੀ ਨੁਮਾਇੰਦਗੀ ਕਰਦੀਆਂ ਹਨ।

ਪਾਕਿਸਤਾਨੀ ਨੌਜਵਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਕੀ ਹੋ ਸਕਦੇ ਹਨ ਕਾਰਨ

ਹੈਲਥ ਰਿਸਰਚ ਦੇ ਪ੍ਰੋਫ਼ੈਸਰ, ਨੀਲ ਸਮਾਲ ਵੀ ਸ਼ੁਰੂਆਤ ਤੋਂ ਹੀ ਇਸ ਪ੍ਰੌਜੈਕਟ ਨਾਲ ਜੁੜੇ ਹੋਏ ਹਨ।

ਉਹ ਕਹਿੰਦੇ ਹਨ ਕਿ ਇੱਥੇ ਰਹਿੰਦੇ ਭਾਈਚਾਰੇ ਨਾਲ ਰਲਕੇ ਸਗੋਤਰ ਵਿਆਹਾਂ ਦੇ ਘਟਣ ਦੇ ਸੰਭਵ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

  • ਬੱਚਿਆਂ ਵਿੱਚ ਜਮਾਂਦਰੂ ਮੁਸ਼ਕਲਾਂ ਬਾਰੇ ਜਾਗਰੂਕਤਾ ਹੋਣਾ
  • ਪੜ੍ਹਾਈ ਵਿੱਚ ਵੱਧ ਸਮਾਂ ਲਾਉਣ ਨਾਲ ਲੋਕਾਂ ਦੇ ਨਜ਼ਰੀਏ ਦਾ ਬਦਲਣਾ
  • ਪਰਿਵਾਰਾਂ ਦੀ ਬਣਤਰ ਬਦਲਣ ਨਾਲ ਮਾਪਿਆਂ ਅਤੇ ਬੱਚਿਆਂ ਵਿੱਚ ਵਿਆਹ ਬਾਰੇ ਸੰਵਾਦ ਹੋਣਾ
  • ਯੂਕੇ ਵਿੱਚ ਪ੍ਰਵਾਸ ਦੇ ਨਿਯਮ ਬਦਲਣ ਕਾਰਨ ਵਿਆਹ ਤੋਂ ਬਾਅਦ ਸਾਥੀ ਦਾ ਯੂਕੇ ਆਉਣਾ ਵੀ ਮੁਸ਼ਕਲ ਹੋਇਆ ਹੈ।

ਪ੍ਰਵਾਸ ਦੇ ਨਵੇਂ ਨਿਯਮਾਂ ਦਾ ਅਸਰ ਬਰੈਡਫੋਰਡ ਵਿੱਚ ਜੰਮੀ ਆਇਸ਼ਾ ਉੱਤੇ ਵੀ ਪਿਆ।

ਆਇਸ਼ਾ ਨੇ ਪਾਕਿਸਤਾਨ ਰਹਿੰਦੇ ਸ਼ਖ਼ਸ ਨਾਲ ਵਿਆਹ ਕਰਵਾਇਆ। ਇਹ ਸਗੋਤਰ ਵਿਆਹ ਸੀ।

ਵਿਆਹ ਤੋਂ ਅਗਲੇ ਸਾਲ ਆਇਸ਼ਾ ਨੇ ਇੱਕ ਬੱਚੇ ਨੂੰ ਜਨਮ ਦਿੱਤਾ।

ਆਇਸ਼ਾ ਦਾ ਪਤੀ ਉਦੋਂ ਤੱਕ ਯੂਕੇ ਨਹੀਂ ਆ ਸਕਿਆ ਜਦੋਂ ਤੱਕ ਉਨ੍ਹਾਂ ਦਾ ਬੱਚਾ 2 ਸਾਲ ਦਾ ਨਹੀਂ ਹੋਇਆ।

ਇਸ ਦੌਰਾਨ ਆਇਸ਼ਾ ਨੂੰ ਕਈ ਘੰਟੇ ਹੋਮ ਕੇਅਰ ਵਰਕਰ ਵਜੋਂ ਕੰਮ ਕਰਨਾ ਪਿਆ।

ਉਸਨੂੰ ਅਜਿਹਾ ਇਸ ਲਈ ਕਰਨਾ ਪਿਆ ਤਾਂ ਜੋ ਉਹ 2012 ਵਿੱਚ ਲਿਆਂਦੇ ਗਏ ਨਿਯਮਾਂ ਨੂੰ ਪੂਰਾ ਕਰਨ ਲਈ ਲੋੜੀਂਦੀ ਤਨਖਾਹ ਕਮਾ ਸਕੇ।

ਯੂਕੇ ਵਿੱਚ 2012 ਵਿੱਚ ਯੂਰਪ ਤੋਂ ਬਾਹਰ ਵਿਆਹ ਤੋਂ ਬਾਅਦ ਆਪਣੇ ਸਾਥੀ ਨੂੰ ਲਿਆਉਣ ਲਈ ਅਰਜੀ ਦੇਣ ਵਾਲੇ ਵਿਅਕਤੀ ਦੀ ਤਨਖਾਹ ਦਾ ਇੱਕ ਖਾਸ ਪੱਧਰ ਤੱਕ ਹੋਣੀ ਜ਼ਰੂਰੀ ਹੈ।

ਆਇਸ਼ਾ ਦਾ ਮੰਨਣਾ ਹੈ ਕਿ ਸਗੋਤਰ ਵਿਆਹ ਇੱਕ ਕੀਮਤੀ ਰਵਾਇਤ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਇਸਦਾ ਰੁਝਾਨ ਘੱਟ ਰਿਹਾ ਹੈ।

ਉਹ ਕਹਿੰਦੇ ਹਨ, “ਮੈਨੂੰ ਨਹੀਂ ਲੱਗਦਾ ਕਿ ਮੇਰੇ ਬੱਚੇ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਵਿਆਹ ਕਰਵਾਉਣਗੇ। ਮੈਨੂੰ ਇਸ ਗੱਲ ਦੀ ਨਿਰਾਸ਼ਾ ਹੈ ਕਿ ਉਹ ਪਾਕਿਸਤਾਨ ਨਾਲ ਆਪਣਾ ਰਿਸ਼ਤਾ ਗੁਆ ਦੇਣਗੇ।”

ਪਾਕਿਸਤਾਨੀ ਨੌਜਵਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਆਇਸ਼ਾ ਦੀਆਂ ਦੋਵੇਂ ਛੋਟੀਆਂ ਭੈਣਾਂ ਜਿਨ੍ਹਾਂ ਦੀ ਉਮਰ 20 ਤੋਂ 30 ਸਾਲ ਦੇ ਕਰੀਬ ਹੈ ਸਗੋਤਰ ਵਿਆਹ ਨਹੀਂ ਕਰਵਾਉਣਾ ਚਾਹੁੰਦੀਆਂ।

ਉਨ੍ਹਾਂ ਦੀ ਇੱਕ ਭੈਣ ਸਲੀਨਾ ਨੇ ਹਾਲ ਹੀ ਵਿੱਚ ਆਪਣੀ ਪਸੰਦ ਦੇ ਇੱਕ ਮਰਦ ਨਾਲ ਵਿਆਹ ਕਰਵਾਇਆ ਹੈ।

ਉਨ੍ਹਾਂ ਦਾ ਪਰਿਵਾਰ ਇਸ ਵਿਆਹ ਲਈ ਰਾਜ਼ੀ ਸੀ।

ਸਲੀਨਾ ਕਹਿੰਦੇ ਹਨ, “ਮੈਨੂੰ ਬਾਹਰ ਜਾਣਾ ਪਸੰਦ ਹੈ ਮੈਂ ਕੰਮ ਕਰਨਾ ਚਾਹੁੰਦੀ ਹਾਂ, ਪਾਕਿਸਤਾਨ 'ਚ ਰਹਿਣ ਵਾਲਾ ਕੋਈ ਸ਼ਖ਼ਸ ਇਸਨੂੰ ਪ੍ਰਵਾਨ ਨਹੀਂ ਕਰੇਗਾ।”

“ਉਹ ਮੈਨੂੰ ਇਸ ਤਰ੍ਹਾਂ ਰਹਿਣ ਨਹੀਂ ਦੇਣਗੇ, ਸਾਡੀ ਇਸ ਬਾਰੇ ਕਦੇ ਵੀ ਸਹਿਮਤੀ ਨਹੀਂ ਬਣੇਗੀ ਕਿ ਅਸੀਂ ਬੱਚਿਆਂ ਨੂੰ ਕਿਵੇਂ ਵੱਡਾ ਕਰਨਾ ਹੈ ਅਤੇ ਉਨ੍ਹਾਂ ਨੂੰ ਕੀ ਸਿਖਾਉਣਾ ਹੈ।”

ਆਇਸ਼ਾ ਦੀ ਦੂਜੀ ਭੈਣ ਮਲਿਕਾ ਵੀ ਆਪਣੀ ਮਰਜ਼ੀ ਦੇ ਮੁੰਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ।

ਉਹ ਕਹਿੰਦੇ ਹਨ, “ਪਹਿਲਾਂ ਭਾਵੇਂ ਤੁਸੀਂ ਪੜ੍ਹੇ ਲਿਖੇ ਵੀ ਹੋਵੋਂ ਤੁਹਾਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਸੀ, ਹੁਣ ਇਸ ਵਿੱਚ ਬਦਲਾਅ ਆਇਆ ਹੈ।”

ਉਹ ਅੱਗੇ ਕਹਿੰਦੇ ਹਨ ਕਿ ਨੌਜਵਾਨਾਂ ਕੋਲ ਹੁਣ ਇੱਕ-ਦੂਜੇ ਨੂੰ ਮਿਲਣ ਦੇ ਵੱਧ ਮੌਕੇ ਹਨ, ਅਜਿਹੇ ਮੌਕੇ ਉਨ੍ਹਾਂ ਦੇ ਮਾਪਿਆਂ ਦੇ ਸਮੇਂ ਨਹੀਂ ਸਨ। ਉਹ ਕਹਿੰਦੇ ਹਨ ਕਿ ਸੋਸ਼ਲ ਮੀਡੀਆ ਨੇ ਉਨ੍ਹਾਂ ਨੂੰ ਆਪਣੇ ਮਾਪਿਆਂ ਦੀਆਂ ਨਜ਼ਰਾਂ ਤੋਂ ਦੂਰ ਲੋਕਾਂ ਨਾਲ ਸੰਪਰਕ ਬਣਾਉਣਾ ਸੌਖਾ ਬਣਾ ਦਿੱਤਾ ਹੈ।

ਪਾਕਿਸਤਾਨੀ ਨੌਜਵਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

'ਬੋਰਨ ਇੰਨ ਬਰੈਡਫੋਰਡ' ਦੀ ਟੀਮ ਵੱਲੋਂ ਇੱਥੋਂ ਦੇ ਭਾਈਚਾਰੇ ਨੂੰ ਬੱਚਿਆਂ ਵਿੱਚ ਹੋਣ ਵਾਲੇ ਜਮਾਂਦਰੂ ਨੁਕਸਾਂ ਬਾਰੇ ਦੱਸਿਆ ਜਾ ਰਿਹਾ ਹੈ।

ਇਹ ਉਦੋਂ ਆਉਂਦੀਆਂ ਹਨ ਜਦੋਂ ਮਾਂ ਅਤੇ ਪਿਓ ਦੋਵਾਂ ਦੇ ਜੀਨ ਵਿੱਚ ਇੱਕ ਕਿਸਮ ਦਾ ਨੁਕਸ ਹੋਏ।

ਅਜਿਹਾ ਉਦੋਂ ਵੀ ਹੋ ਸਕਦਾ ਹੈ ਜਦੋਂ ਦੋਵੇਂ ਇੱਕ ਦੂਜੇ ਦੇ ਰਿਸ਼ਤੇਦਾਰ ਨਾ ਹੋਣ, ਪਰ ਉਦੋਂ ਇਹ ਸੰਭਾਵਨਾ ਵੱਧ ਜਾਂਦੀ ਹੈ ਜਦੋਂ ਦੋਵੇਂ ਇੱਕ ਦੂਜੇ ਦੇ ਰਿਸ਼ਤੇਦਾਰ ਹੋਣ ਜਾਂ ਭਰਾ-ਭੈਣ ਲੱਗਦੇ ਹੋਣ।

ਇਹ ਨੁਕਸ ਜਾਂ ਮੁਸ਼ਕਲਾਂ ਬੱਚੇ ਦੇ ਦਿਲ, ਨਾੜੀ ਤੰਤਰ, ਚਮੜੀ ਜਾਂ ਹੋਰ ਅੰਗਾਂ ਉੱਤੇ ਅਸਰ ਪਾ ਸਕਦੇ ਹਨ।

ਕਈ ਵਾਰੀ ਇਨ੍ਹਾਂ ਦਾ ਇਲਾਜ ਸੰਭਵ ਨਹੀਂ ਹੁੰਦਾ ਅਤੇ ਇਹ ਜਾਨਲੇਵਾ ਸਾਬਤ ਹੋ ਸਕਦੇ ਹਨ।

ਯੂਨੀਵਰਸਿਟੀ ਆਫ ਬਰੈਡਫੋਰਡ ਵਿੱਚ ਸਿਹਤ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਡਾ. ਆਮਰਾ ਦਾਰ ਇੱਕ ਮੈਡੀਕਲ ਸੋਸ਼ੀਓਲੋਜਿਸਟ ਹਨ।

ਉਹ ਕਹਿੰਦੇ ਹਨ ਕਿ ਸਗੋਤਰ ਵਿਆਹ ਇੱਕ ਜੋਖ਼ਮ ਕਾਰਕ ਤਾਂ ਹੋ ਸਕਦਾ ਹੈ ਪਰ ਇਹ ਜਮਾਂਦਰੂ ਨੁਕਸਾਂ ਦਾ ਕਾਰਨ ਨਹੀਂ ਹੈ।

ਉਹ ਕਹਿੰਦੇ ਹਨ ਕਿ 2013 ਵਿੱਚ 'ਬੋਰਨ ਇੰਨ ਬਰੈਡਫੋਰਡ' ਅਧਿਐਨ ਵਿੱਚ ਇਹ ਸਾਹਮਣੇ ਆਇਆ ਕਿ ਸਗੋਤਰ ਵਿਆਹ ਵਾਲੇ ਜੋੜੇ ਅਤੇ ਇੱਕ 35 ਸਾਲਾ ਗੋਰੀ ਔਰਤ ਦੀ ਇੱਕ ਜਮਾਂਦਰੂ ਨੁਕਸ ਵਾਲੇ ਬੱਚੇ ਨੂੰ ਜਨਮ ਦੇਣ ਦੀ ਸੰਭਾਵਨਾ ਇੱਕ ਸਮਾਨ ਸੀ।

"ਇਨ੍ਹਾਂ ਜਮਾਂਦਰੂ ਮੁਸ਼ਕਲਾਂ ਵਿੱਚ ਡਾਊਨ ਸਿੰਡਰੋਮ ਵੀ ਸ਼ਾਮਲ ਹੈ।"

ਉਹ ਦੱਸਦੇ ਹਨ ਕਿ ਹਾਲਾਂਕਿ ਕਈ ਵਾਰੀ ਡਾਕਟਰੀ ਸੇਵਾਵਾਂ ਦੇਣ ਵਾਲੇ ਕਾਮੇ ਪਾਕਿਸਤਾਨੀ ਭਾਈਚਾਰੇ ਵਿੱਚ ਬਿਮਾਰ ਬੱਚਿਆਂ ਦੇ ਮਾਪਿਆਂ ਨੂੰ ਕਈ ਵਾਰੀ ਇਹ ਕਹਿ ਚੁੱਕੇ ਹਨ, “ਅਜਿਹਾ ਇਸ ਲਈ ਹੈ ਕਿਉਂਕਿ ਤੁਸੀਂ ਸਗੋਤਰ ਵਿਆਹ ਕਰਵਾਇਆ।”

“ਇਹ ਕਲਚਰ ਬਲੇਮਿੰਗ ਹੈ, ਇਹ ਨਸਲ ਅਤੇ ਸਿਹਤ ਦੀ ਰਾਜਨੀਤੀ ਨਾਲ ਜੁੜਦਾ ਹੈ ਜਿੱਥੇ ਬਹੁਗਿਣਤੀ ਘੱਟਗਿਣਤੀ ਬਾਰੇ ਆਪਣੀ ਰਾਇ ਬਣਾ ਰਹੀ ਹੈ।”

ਉਹ ਕਹਿੰਦੇ ਹਨ ਕਿ ਇੱਕ ਸਮੇਂ ਸਗੋਤਰ ਵਿਆਹ ਬ੍ਰਿਟੇਨ ਦੀ ਗੋਰੀ ਆਬਾਦੀ ਵਿੱਚ ਵੀ ਸਧਾਰਣ ਸੀ।

ਚਾਰਲਸ ਡਾਰਵਿਨ ਨੇ ਵੀ ਆਪਣੀ ਨਜ਼ਦੀਕੀ ਰਿਸ਼ਤੇਦਾਰ (ਫਰਸਟ ਕਜ਼ਨ) ਐੱਮਾ ਵੈੱਜਵੁੱਡ ਨਾਲ ਵਿਆਹ ਕਰਵਾਇਆ ਸੀ।

ਪਾਕਿਸਤਾਨੀ ਨੌਜਵਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਪ੍ਰੋਫ਼ੈਸਰ ਸਮਾਲ ਮੁਤਾਬਕ, ਪੂਰੀ ਦੁਨੀਆਂ ਦੀ ਅੱਠ ਬਿਲੀਅਨ ਆਬਾਦੀ ਵਿੱਚੋਂ ਇੱਕ ਬਿਲੀਅਨ ਅਜਿਹੇ ਸਮਾਜ ਵਿੱਚ ਰਹਿੰਦੇ ਹਨ ਜਿੱਥੇ ਸਗੋਤਰ ਵਿਆਹ ਆਮ ਹਨ।

ਪਰ ਅਜਿਹੇ ਵਿਆਹਾਂ ਦੀ ਫ਼ੀਸਦ ਯੂਕੇ ਵਿੱਚ ਬਹੁਤ ਘੱਟ ਹੈ।

ਬੋਰਨ ਇੰਨ ਬਰੈਡਫੋਰਡ ਅਧਿਐਨ ਵਿੱਚ ਸ਼ਾਮਲ 4384 ਬਰਤਾਨਵੀ ਲੋਕਾਂ ਵਿੱਚੋਂ ਦੋ ਹੀ ਆਪਣੇ ਸਾਥੀ ਦੇ ਨਜ਼ਦੀਕੀ ਰਿਸ਼ਤੇਦਾਰ ਸਨ ਅਤੇ ਤਿੰਨ ਜਣਿਆਂ ਦਾ ਆਪਣੇ ਸਾਥੀ ਨਾਲ ਦੂਰ ਦਾ ਸਬੰਧ ਸੀ।

ਬੀਬੀਸੀ ਰੇਡੀਓ ਉੱਤੇ ਬੋਰਨ ਇੰਨ ਬਰੈਡਫੋਰਡ ਪ੍ਰੋਗਰਾਮ ਉੱਤੇ ਅੱਲ੍ਹੜ ਉਮਰ ਦੇ ਨੌਜਵਾਨਾਂ ਨੇ ਇੰਟਰਵਿਊ ਵਿੱਚ ਦੱਸਿਆ ਕਿ ਉਹ ਸਗੋਤਰ ਵਿਆਹ ਨੂੰ ਇੰਨਾ ਪਸੰਦ ਨਹੀਂ ਕਰਦੇ।

ਇੱਕ 18 ਸਾਲਾ ਨੌਜਵਾਨ ਨੇ ਦੱਸਿਆ ਕਿ ਉਹ ਇਸ ਨੂੰ ਸਧਾਰਣ ਨਹੀਂ ਮੰਨਦੇ ਅਤੇ ਉਨ੍ਹਾਂ ਨੂੰ ਇਸ ਤੋਂ ਘਿਣ ਆਉਂਦੀ ਹੈ। ਉਹ ਕਹਿੰਦੇ ਹਨ, “ਮੈਨੂੰ ਨਹੀ ਲੱਗਦਾ ਕਿ ਮੈਂ ਪਾਕਿਸਤਾਨ ਵਿਚਲੇ ਆਪਣੇ ਕਿਸੇ ਰਿਸ਼ਤੇਦਾਰ ਨਾਲ ਵਿਆਹ ਕਰਵਾਵਾਂਗਾ/ਕਰਵਾਵਾਂਗੀ।”

18 ਸਾਲਾ ਜ਼ਾਰਾ ਕਹਿੰਦੇ ਹਨ ਕਿ ਹੁਣ ਦੇ ਸਮੇਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਸਮੇਂ ਵਿੱਚ ਫ਼ਰਕ ਹੈ। “ਅੱਜ-ਕੱਲ੍ਹ ਨਵੇਂ ਲੋਕਾਂ ਨੂੰ ਮਿਲਣਾ ਬਹੁਤ ਸੌਖਾ ਹੈ।”

“ਸੋਸ਼ਲ ਮੀਡੀਆ 'ਤੇ ਤੁਸੀਂ ਆਪਣੇ ਜਿਹੇ ਹੀ ਪਿਛੋਕੜ ਵਾਲੇ ਲੋਕਾਂ ਨੂੰ ਵੀ ਮਿਲ ਸਕਦੇ ਹੋ, ਜ਼ਰੂਰੀ ਨਹੀਂ ਕਿ ਉਹ ਤੁਹਾਡੇ ਰਿਸ਼ਤੇਦਾਰ ਹੀ ਹੋਣ।”

17 ਸਾਲਾ ਈਸਾ ਕਹਿੰਦੇ ਹਨ ਅੱਜ ਕੱਲ੍ਹ ਬਹਤੇ ਲੋਕਾਂ ਨੂੰ ਜਮਾਂਦਰੂ ਨੁਕਸਾਂ ਜਾਂ ਰੋਗਾਂ ਬਾਰੇ ਜਾਣਕਾਰੀ ਹੈ, ਇਸ ਕਰਕੇ ਉਹ ਕਿਸੇ ਰਿਸ਼ਤੇਦਾਰ ਨਾਲ ਵਿਆਹ ਕਰਵਾਉਣ ਨੂੰ ਘੱਟ ਤਰਜੀਹ ਦੇਣਗੇ।

“ਉਹ ਆਪਣੇ ਉੱਤੇ ਹੀ ਨਿਰਭਰ ਕਰਦਾ ਹੈ”

ਉਹ ਕਹਿੰਦੇ ਹਨ, "ਸਗੋਤਰ ਵਿਆਹ ਘਟੇ ਹਨ ਕਿਉਂਕਿ ਨੌਜਵਾਨਾਂ ਨੂੰ ਲੱਗਦਾ ਹੈ ਕਿ ਇਸ ਪਿਛਲੇ ਸਭਿਆਚਾਰ ਕਾਰਨ ਹੁਣ ਇੰਨੇ ਭਾਰੂ ਨਹੀਂ ਰਹੇ। ਇਨ੍ਹਾਂ ਕਾਰਨਾਂ ਵਿੱਚ ਪਰਿਵਾਰ ਦੀ ਜ਼ਮੀਨ ਨੂੰ ਪਰਿਵਾਰ ਵਿੱਚ ਹੀ ਰੱਖਣਾ ਸ਼ਾਮਲ ਸੀ।"

ਇਮਾਰੀ

ਤਸਵੀਰ ਸਰੋਤ, PISHDAAD MODARESSI CHAHARDEHI

17 ਸਾਲਾ ਇਮਾਰੀ ਕਹਿੰਦੇ ਹਨ ਵੱਖਰੇ-ਵੱਖਰੇ ਸਭਿਆਚਾਰਾਂ ਵਿੱਚ ਵੱਖਰੀਆਂ ਚੀਜ਼ਾਂ ਨੂੰ ਪ੍ਰਵਾਨਗੀ ਹੁੰਦੀ ਹੈ।

“ਹਾਲਾਂਕਿ ਅਸੀਂ ਹੁਣ ਯੂਕੇ ਵਿੱਚ ਸਗੋਤਰ ਵਿਆਹ ਵਧੇਰੇ ਹੁੰਦੇ ਨਹੀਂ ਵੇਖਦੇ।”

“ਮੈਂ ਸੋਚਦੀ ਹਾਂ ਕਿ ਮੈਂ ਆਪਣੇ ਮਾਪਿਆਂ ਨੂੰ ਆਪਣਾ ਸਾਥੀ ਲੱਭਣ ਦਿਆਂਗੀ, ਪਰ ਇਹ ਕਜ਼ਨ ਨਹੀਂ ਹੋਵੇਗਾ।”

“ਉਹ ਮੇਰੇ ਸੁਭਾਅ ਅਤੇ ਮੇਰੇ ਬਾਰੇ ਹੋਰ ਗੱਲਾਂ ਵੀ ਚੰਗੀ ਤਰ੍ਹਾਂ ਜਾਣਦੇ ਹਨ ਉਹ ਮੈਨੂੂੰ ਕੋਈ ਚੰਗਾ ਸਾਥੀ ਲੱਭ ਦੇਣਗੇ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)