ਕੇਸਰ ਦੀ ਖੇਤੀ: ਘਰ ਦੇ ਕਮਰੇ ਵਿੱਚ ਹੀ ਕੇਸਰ ਉਗਾ ਕੇ ਕਿਵੇਂ ਸੀਜ਼ਨ ਦੇ 5 ਲੱਖ ਰੁਪਏ ਕਮਾ ਰਹੇ ਹਨ ਇਹ ਕਿਸਾਨ

- ਲੇਖਕ, ਰਿਆਜ਼ ਮਸਰੂਰ
- ਰੋਲ, ਬੀਬੀਸੀ ਸਹਿਯੋਗੀ
'ਇੱਕ ਸੀਜ਼ਨ ਵਿੱਚ 5 ਲੱਖ ਰੁਪਏ ਕਮਾਉਣ ਲਈ, ਤੁਹਾਨੂੰ ਕੇਸਰ ਦੇ ਬੀਜ, ਇੱਕ ਖਾਲੀ ਕਮਰਾ, ਕੁਝ ਰੈਕ ਅਤੇ ਕੁਝ ਪਲਾਸਟਿਕ ਦੇ ਡੱਬੇ ਚਾਹੀਦੇ ਹਨ।'
ਇਹ ਕਹਿਣਾ ਹੈ ਜੰਮੂ-ਕਸ਼ਮੀਰ ਦੇ ਬਡਗਾਮ ਦੇ ਪਿੰਡ ਪਾਖਰਪੁਰਾ ਦੇ ਰਹਿਣ ਵਾਲੇ ਕੰਪਿਊਟਰ ਇੰਜੀਨੀਅਰ ਰਾਸ਼ਿਦ ਖਾਨ ਦਾ। ਕੇਸਰ ਦੀ ਖੇਤੀ ਰਾਸ਼ਿਦ ਦਾ ਪਰਿਵਾਰਕ ਕਿੱਤਾ ਨਹੀਂ ਹੈ ਅਤੇ ਨਾ ਹੀ ਪਾਖਰਪੁਰਾ ਦੀ ਮਿੱਟੀ ਇਸ ਲਈ ਬਹੁਤੀ ਢੁੱਕਵੀਂ ਹੈ।
ਕੇਸਰ ਦੀ ਵਰਤੋਂ ਦੁੱਧ ਅਤੇ ਕੌਫੀ ਵਿੱਚ ਕੀਤੀ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਇਸ ਦੀ ਵਰਤੋਂ ਕਾਸਮੈਟਿਕ ਉਤਪਾਦਾਂ ਅਤੇ ਕਈ ਤਰ੍ਹਾਂ ਦੀਆਂ ਦਵਾਈਆਂ ਵਿੱਚ ਵੀ ਕੀਤੀ ਜਾਂਦੀ ਹੈ।
ਪਰ ਪਿਛਲੇ ਕਈ ਸਾਲਾਂ ਵਿੱਚ ਕੇਸਰ ਦੀ ਪੈਦਾਵਾਰ ਵਿੱਚ ਕਾਫ਼ੀ ਕਮੀ ਆਈ ਹੈ ਅਤੇ ਕਈ ਕਿਸਾਨਾਂ ਦੇ ਖੇਤ ਬੰਜਰ ਹੋ ਗਏ ਹਨ।

ਘਰਾਂ ਵਿੱਚ ਕੇਸਰ ਉਗਾਉਣਾ
ਕੇਸਰ ਦੀ ਕਾਸ਼ਤ ਭਾਰਤ-ਪ੍ਰਸ਼ਾਸਿਤ ਕਸ਼ਮੀਰ ਦੇ ਪੁਲਵਾਮਾ ਦੇ ਪਾਮਪੁਰ ਕਸਬੇ ਦੇ ਖੇਤਰਾਂ ਵਿੱਚ ਕੀਤੀ ਜਾਂਦੀ ਹੈ। ਦੁਨੀਆਂ ਦਾ ਸਭ ਤੋਂ ਮਹਿੰਗਾ ਮਸਾਲਾ ਕਹੇ ਜਾਣ ਵਾਲੇ ਕੇਸਰ ਦੀ ਖੇਤੀ 'ਚ ਆਈ ਗਿਰਾਵਟ ਨੂੰ ਦੇਖਦੇ ਹੋਏ ਰਾਸ਼ਿਦ ਖਾਨ ਨੇ ਆਪਣੇ ਘਰ ਦੇ ਇੱਕ ਕਮਰੇ 'ਚ ਇਸ ਦੀ ਕਾਸ਼ਤ ਦਾ ਸਫ਼ਲ ਤਜਰਬਾ ਕੀਤਾ।
ਰਾਸ਼ਿਦ ਕਹਿੰਦੇ ਹਨ, ''ਮੈਂ ਹਰ ਰੋਜ਼ ਟੀਵੀ 'ਤੇ ਸੁਣਦਾ ਸੀ ਅਤੇ ਅਖਬਾਰਾਂ 'ਚ ਪੜ੍ਹਦਾ ਸੀ ਕਿ ਕੇਸਰ ਉਦਯੋਗ ਖ਼ਤਮ ਹੋ ਰਿਹਾ ਹੈ।”
“ਮੈਂ ਇਸ ਵੱਲ ਧਿਆਨ ਦਿੱਤਾ ਅਤੇ ਇੱਥੇ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਨਾਲ ਸੰਪਰਕ ਕੀਤਾ। ਅਸੀਂ ਬੀਜ ਖਰੀਦ ਕੇ ਕਮਰੇ ਵਿੱਚ ਰੱਖ ਦਿੱਤੇ, ਅੱਜ ਤੁਸੀਂ ਦੇਖ ਸਕਦੇ ਹੋ ਕਿ ਕੇਸਰ ਦੀ ਫ਼ਸਲ ਤਿਆਰ ਹੈ।"
ਰਾਸ਼ਿਦ ਦਾ ਕਹਿਣਾ ਹੈ ਕਿ ਘਰਾਂ ਦੇ ਅੰਦਰ ਕੇਸਰ ਦੀ ਕਾਸ਼ਤ ਵਾਧੂ ਆਮਦਨ ਦਾ ਬਿਹਤਰੀਨ ਜ਼ਰੀਆ ਹੋ ਸਕਦੀ ਹੈ ਅਤੇ ਇਸ ਲਈ ਵੱਡੇ ਖੇਤਾਂ ਦੀ ਵੀ ਲੋੜ ਨਹੀਂ ਹੈ।
ਉਹ ਕਹਿੰਦੇ ਹਨ, "ਇਸ ਲਈ ਬਹੁਤੀ ਮਿਹਨਤ ਦੀ ਲੋੜ ਨਹੀਂ ਹੈ, ਸਿਰਫ਼ ਤਾਪਮਾਨ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਹੈ ਅਤੇ ਜੇਕਰ ਨਮੀ ਘੱਟ ਜਾਂਦੀ ਹੈ ਤਾਂ ਕੰਧਾਂ 'ਤੇ ਪਾਣੀ ਦਾ ਛਿੜਕਾਅ ਕਰਕੇ ਨਮੀ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ।"
"ਇਸ ਤਰ੍ਹਾਂ ਸਾਨੂੰ ਪੈਸਾ ਵੀ ਮਿਲਦਾ ਹੈ ਅਤੇ ਇਹ ਭਰੋਸਾ ਵੀ ਮਿਲਦਾ ਹੈ ਕਿ ਸਾਡੀ ਸਭ ਤੋਂ ਅਹਿਮ ਫ਼ਸਲ ਖ਼ਤਮ ਨਹੀਂ ਹੋਵੇਗੀ।"

ਵੱਡੇ ਪੱਧਰ 'ਤੇ ਖੇਤੀ ਦੀ ਤਿਆਰੀ
ਪਾਮਪੁਰ ਦੇ ਰਹਿਣ ਵਾਲੇ ਅਬਦੁਲ ਮਜੀਦ ਦਾ ਪਰਿਵਾਰ ਤਿੰਨ ਸਦੀਆਂ ਤੋਂ ਕੇਸਰ ਦੀ ਖੇਤੀ ਕਰ ਰਿਹਾ ਹੈ।
ਪਰ ਪਿਛਲੇ ਕੁਝ ਸਾਲਾਂ ਦੌਰਾਨ ਮੌਸਮ ਵਿੱਚ ਆਏ ਬਦਲਾਅ ਅਤੇ ਪ੍ਰਦੂਸ਼ਣ ਕਾਰਨ ਕੇਸਰ ਦੇ ਖੇਤਾਂ ਵਿੱਚ ਹੁਣ ਪਹਿਲਾਂ ਵਰਗੀ ਰੌਣਕ ਨਹੀਂ ਰਹੀ।
ਅਧਿਕਾਰੀਆਂ ਮੁਤਾਬਕ ਪਿਛਲੇ ਦੋ ਦਹਾਕਿਆਂ 'ਚ ਕੇਸਰ ਦੇ ਉਤਪਾਦਨ 'ਚ 60 ਫ਼ੀਸਦੀ ਦੀ ਗਿਰਾਵਟ ਆਈ ਹੈ।
ਅਬਦੁਲ ਮਜੀਦ ਖ਼ੁਦ ਵੀ 'ਇਨਡੋਰ ਫਾਰਮਿੰਗ' ਰਾਹੀਂ ਘਰ ਦੇ ਅੰਦਰ ਕੇਸਰ ਉਗਾਉਂਦੇ ਹਨ ਅਤੇ ਹੋਰ ਕਿਸਾਨਾਂ ਨੂੰ ਵੀ ਇਸ ਪ੍ਰਤੀ ਉਤਸ਼ਾਹਿਤ ਕਰ ਰਹੇ ਹਨ।
ਉਹ ਕਹਿੰਦੇ ਹਨ, "ਜਦੋਂ ਮੌਸਮ ਨੇ ਸਾਨੂੰ ਪਰੇਸ਼ਾਨ ਕੀਤਾ ਤਾਂ ਅਸੀਂ ਅੰਦਰੂਨੀ ਖੇਤੀ ਨੂੰ ਆਜ਼ਮਾਇਆ। ਪਰ ਸ਼ੁਰੂ ਵਿੱਚ ਕਈ ਵਾਰ, ਇਸ ਪ੍ਰਯੋਗ ਵਿੱਚ ਲੱਖਾਂ ਰੁਪਏ ਦੇ ਬੀਜ ਖ਼ਰਾਬ ਵੀ ਹੋਏ ਸਨ।"

ਉਹ ਕਹਿੰਦੇ ਹਨ, "ਫਿਰ ਅਸੀਂ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਨਾਲ ਸੰਪਰਕ ਕੀਤਾ, ਉਨ੍ਹਾਂ ਨੇ ਸਾਨੂੰ ਸਿਖਲਾਈ ਦਿੱਤੀ ਅਤੇ ਸਾਡੀ ਮਦਦ ਵੀ ਕੀਤੀ।"
“ਹੁਣ ਕੋਈ ਵੀ ਕਿਸਾਨ ਆਪਣੇ ਕਮਰੇ ਵਿੱਚ ਦੋ ਕਿੱਲੋ ਕੇਸਰ ਦੀ ਖੇਤੀ ਕਰ ਸਕਦਾ ਹੈ, ਜਿਸ ਦੀ ਕੀਮਤ ਛੇ ਲੱਖ ਰੁਪਏ ਤੱਕ ਹੋਵੇਗੀ।”
ਅਬਦੁਲ ਮਜੀਦ ਦਾ ਕਹਿਣਾ ਹੈ ਕਿ ਉਹ ਕੁਝ ਭਾਰਤੀ ਕੰਪਨੀਆਂ ਦੇ ਸੰਪਰਕ ਵਿੱਚ ਹੈ।
ਮਜੀਦ ਕਹਿੰਦੇ ਹਨ, "ਸਾਡੀ ਗੱਲ ਹੋ ਰਹੀ ਹੈ। ਅਸੀਂ ਜ਼ਮੀਨ ਉਪਲੱਬਧ ਕਰਵਾਵਾਂਗੇ ਅਤੇ ਕੰਪਨੀਆਂ ਵੱਡੇ ਗ੍ਰੀਨ ਹਾਊਸ ਬਣਵਾਉਣਗੀਆਂ। ਮੌਸਮ ਜੋ ਵੀ ਹੋਵੇ, ਫ਼ਸਲ 'ਤੇ ਕੋਈ ਅਸਰ ਨਹੀਂ ਪਵੇਗਾ।"
"ਇਸ ਵਿੱਚ ਕੁਝ ਸਮਾਂ ਲੱਗ ਸਕਦਾ ਹੈ, ਪਰ ਉਦੋਂ ਤੱਕ ਕਿਸਾਨ ਘਰਾਂ ਵਿੱਚ ਵੀ ਖੇਤੀ ਕਰ ਸਕਦੇ ਹਨ।"

ਇੱਕ ਨਵੇਂ ਪ੍ਰਯੋਗ ਦੀ ਕੋਸ਼ਿਸ਼
ਪਤਝੜ ਦੀ ਰੁੱਤ ਸ਼ੁਰੂ ਹੁੰਦਿਆਂ ਹੀ ਪਾਮਪੁਰ ਦੇ ਖੇਤਾਂ ਵਿੱਚ ਬਸੰਤ ਰੁੱਤ ਆ ਜਾਂਦੀ ਸੀ, ਹਰ ਪਾਸੇ ਕੇਸਰ ਦੇ ਫ਼ੁੱਲ ਖਿੜਨ ਦਾ ਮਨਮੋਹਕ ਨਜ਼ਾਰਾ ਹੁੰਦਾ ਸੀ।
ਪਰ ਹੁਣ ਉਨ੍ਹਾਂ ਖੇਤਾਂ ਵਿੱਚ ਪਹਿਲਾਂ ਵਰਗੀ ਰੌਣਕ ਨਹੀਂ ਰਹੀ ਕਿਉਂਕਿ ਮੌਸਮੀ ਤਬਦੀਲੀਆਂ ਕਾਰਨ ਫ਼ਸਲ ਬਹੁਤ ਘੱਟ ਹੁੰਦੀ ਹੈ।
ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਬਸ਼ੀਰ ਅਹਿਮਦ ਇਲਾਹੀ ਕਹਿੰਦੇ ਹਨ, “ਅਸੀਂ ਖੇਤਾਂ ਵਿੱਚ ਕੇਸਰ ਦੀ ਖੇਤੀ ਨੂੰ ਖ਼ਤਮ ਨਹੀਂ ਕਰ ਰਹੇ ਹਾਂ।
“ਇਸਦੇ ਬਜਾਏ, ਅਸੀਂ ਮੌਸਮੀ ਤਬਦੀਲੀਆਂ ਨਾਲ ਨਜਿੱਠਣ ਲਈ ਇੱਕ ਨਵੀਂ ਤਰੀਕਾ ਦੱਸ ਰਹੇ ਹਾਂ ਅਤੇ ਕਿਸਾਨ ਸਫ਼ਲਤਾ ਨਾਲ ਇੰਨਡੋਰ ਫ਼ਾਰਮਿੰਗ ਕਰ ਰਹੇ ਹਨ।"

ਉਹ ਕਹਿੰਦੇ ਹਨ ਕਿ ਕੇਸਰ ਦਾ ਬੀਜ (ਕਾਰਮ) ਕਈ ਸਾਲਾਂ ਤੱਕ ਫ਼ਸਲ ਦਿੰਦਾ ਹੈ, ਪਰ ਜ਼ਾਫ਼ਰਾਨ ਦੇ ਫ਼ੁੱਲਾਂ ਨੂੰ ਤੋੜਨ ਤੋਂ ਬਾਅਦ ਇਸ ਨੂੰ ਦੁਬਾਰਾ ਜ਼ਮੀਨ ਦੇ ਹੇਠਾਂ ਦੱਬਣਾ ਪੈਂਦਾ ਹੈ ਤਾਂ ਜੋ ਅਗਲੇ ਸਾਲ ਇਹ ਦੁਬਾਰਾ ਫ਼ਸਲ ਦੇ ਕਾਬਲ ਹੋ ਜਾਣ।
ਪ੍ਰੋਫ਼ੈਸਰ ਬਸ਼ੀਰ ਅਹਿਮਦ ਇਲਾਹੀ ਕਹਿੰਦੇ ਹਨ, "ਹੁਣ ਅਸੀਂ ਇੱਕ ਹੋਰ ਪ੍ਰਯੋਗ ਕਰਨ ਜਾ ਰਹੇ ਹਾਂ ਜਿਸ ਵਿੱਚ ਅਸੀਂ ਇਨਡੋਰ ਫਾਰਮਿੰਗ ਜ਼ਰੀਏ ਬੀਜ ਵੀ ਉਗਾ ਸਕੀਏ ਅਤੇ ਉਨ੍ਹਾਂ ਨੂੰ ਸੁਰੱਖਿਅਤ ਵੀ ਕਰ ਸਕੀਏ।"
"ਜੇਕਰ ਇਹ ਸਫ਼ਲ ਹੋ ਗਈ, ਤਾਂ ਜ਼ਮੀਨ ਦੀ ਭੂਮਿਕਾ ਖ਼ਤਮ ਹੋ ਜਾਵੇਗੀ, ਅਤੇ ਕੋਈ ਵੀ ਆਪਣੇ ਘਰ ਦੇ ਕਮਰੇ ਵਿੱਚ ਕੇਸਰ ਦੀ ਖੇਤੀ ਕਰ ਸਕੇਗਾ।"
ਪ੍ਰੋਫ਼ੈਸਰ ਬਸ਼ੀਰ ਦਾ ਕਹਿਣਾ ਹੈ ਕਿ ਭਾਰਤ ਦੇ ਕਈ ਸੂਬਿਆਂ ਤੋਂ ਖੇਤੀ ਵਿਗਿਆਨੀ ਇੱਥੇ ਆ ਰਹੇ ਹਨ ਅਤੇ ਇਨਡੋਰ ਫ਼ਾਰਮਿੰਗ ਦੀਆਂ ਸੰਭਾਵਨਾਵਾਂ ਬਾਰੇ ਖੋਜ ਕਰ ਰਹੇ ਹਨ।
ਉਹ ਕਹਿੰਦੇ ਹਨ, "ਪਰ ਕਸ਼ਮੀਰ ਵਰਗਾ ਮਾਹੌਲ ਹਰ ਥਾਂ ਸੰਭਵ ਨਹੀਂ ਹੈ। ਜੇਕਰ ਅਜਿਹਾ ਮੁੰਬਈ ਜਾਂ ਦਿੱਲੀ ਵਿੱਚ ਕਰਨਾ ਹੋਵੇ ਤਾਂ ਕਮਰੇ ਦੇ ਤਾਪਮਾਨ ਨੂੰ ਕੰਟਰੋਲ ਕਰਨ ਲਈ ਕਈ ਮਸ਼ੀਨਾਂ ਲਗਾਉਣੀਆਂ ਪੈਣਗੀਆਂ।"












