ਕੇਸਰ ਖਾਣ ਨਾਲ ਬੱਚੇ ਦੇ ਗੋਰਾ ਪੈਦਾ ਹੋਣ ਦਾ ਸੱਚ

ਕੇਸਰ

ਤਸਵੀਰ ਸਰੋਤ, Getty Images

    • ਲੇਖਕ, ਡਾ. ਰੋਂਪੀਚਰਲਾ ਭਾਰਗਵੀ
    • ਰੋਲ, ਬੀਬੀਸੀ ਦੇ ਲਈ

24 ਘੰਟੇ ਦੀ ਪ੍ਰਸੂਤੀ-ਪੀੜ ਸਹਿਣ ਤੋਂ ਬਾਅਦ ਜਦੋਂ ਅਮੂਲਿਆ ਨੇ ਆਪਣੇ ਨਵ-ਜੰਮੇ ਬੱਚੇ (ਮੁੰਡੇ) ਦੇ ਮੂੰਹ 'ਤੇ ਹੱਥ ਫੇਰਿਆ ਤਾਂ ਉਹ ਆਪਣੀ ਸਾਰੀ ਦਰਦ ਭੁੱਲ ਗਈ ਅਤੇ ਉਸਦੇ ਚਿਹਰੇ 'ਤੇ ਮੁਸਕੁਰਾਹਟ ਆ ਗਈ।

ਉਸ ਨੇ ਮਹਿਸੂਸ ਕੀਤਾ ਕਿ ਹੁਣ ਜੇਕਰ ਮੁੜ ਉਹ ਬੱਚਾ ਜੰਮੇ ਤਾਂ ਉਸਦੀ ਨਾਰਮਲ ਡਿਲੀਵਰੀ ਹੋਵੇ ਨਾ ਕਿ ਸਜੇਰੀਅਨ।

ਬੱਚੇ ਦੀ ਸਿਹਤ, ਭਾਰ ਅਤੇ ਕਈ ਹੋਰ ਸਵਾਲ ਉਸਦੇ ਦਿਮਾਗ ਵਿੱਚ ਚੱਲ ਹੀ ਰਹੇ ਸਨ ਕਿ ਉਸਦੀ ਸੱਸ ਅਤੇ ਨਨਾਣ ਹਸਪਤਾਲ ਦੇ ਕਮਰੇ ਵਿੱਚ ਹੌਲੀ ਜਿਹੀ ਦਾਖ਼ਲ ਹੋਈਆਂ।

ਇਹ ਵੀ ਪੜ੍ਹੋ:

ਦੋਵਾਂ ਨੇ ਅਮੂਲਿਆ ਦੀ ਮਾਂ ਨੂੰ ਪਹਿਲਾਂ ਸਵਾਲ ਬੱਚੇ ਦੇ ਰੰਗ ਨੂੰ ਲੈ ਕੇ ਹੀ ਪੁੱਛਿਆ। ਦੋਵੇਂ ਉੱਚੀ-ਉੱਚੀ ਪੁੱਛਣ ਲੱਗੀਆਂ ਕਿ ਉਨ੍ਹਾਂ ਨੇ ਆਪਣੀ ਧੀ ਨੂੰ ਕੇਸਰ ਵਾਲਾ ਦੁੱਧ ਪਿਆਇਆ ਸੀ ਜਾਂ ਨਹੀਂ? ਜੇਕਰ ਕੇਸਰ ਵਾਲਾ ਦੁੱਧ ਦਿੱਤਾ ਹੈ ਤਾਂ ਕਾਲਾ ਬੱਚਾ ਕਿਵੇਂ ਪੈਦਾ ਹੋਇਆ?

ਸਰਕਾਰੀ ਹਸਪਤਾਲ, ਸਿਹਤ ਸੇਵਾਵਾਂ, ਗਰਭਵਤੀ ਔਰਤਾਂ, ਦਿੱਲੀ, ਮਾੜਾ ਵਿਹਾਰ

ਤਸਵੀਰ ਸਰੋਤ, Wales News Service

ਤਸਵੀਰ ਕੈਪਸ਼ਨ, ਬੱਚੇ ਦੀ ਚਮੜੀ ਦਾ ਰੰਗ ਮਾਪਿਆਂ ਦੀ ਚਮੜੀ ਦੇ ਰੰਗ 'ਤੇ, ਉਨ੍ਹਾਂ ਦੇ ਜੀਨ ਦੇ ਲੱਛਣ ਅਤੇ ਮੈਲਾਨੋਸਾਈਟ ਤੋਂ ਮੈਲੇਨਿਨ ਬਣਨ 'ਤੇ ਨਿਰਭਰ ਕਰਦਾ ਹੈ

ਅਮੂਲਿਆ ਦੀ ਸੱਸ ਨੇ ਉਸਦੀ ਮਾਂ ਨੂੰ ਆਪਣੀ ਧੀ ਦੀ ਉਦਾਹਰਣ ਦੇਣੀ ਸ਼ੁਰੂ ਕਰ ਦਿੱਤੀ ਕਿ ਉਸ ਨੇ ਆਪਣੀ ਕੁੜੀ ਨੂੰ ਕੇਸਰ ਵਾਲਾ ਦੁੱਧ ਪਿਆਇਆ ਸੀ ਤਾਂ ਉਸ ਨੇ ਚਿੱਟੀ ਕੁੜੀ ਨੂੰ ਜਨਮ ਦਿੱਤਾ।

ਦੋਵਾਂ ਪਰਿਵਾਰਾਂ ਵਿੱਚ ਇਸ ਨੂੰ ਲੈ ਕੇ ਐਨੀ ਬਹਿਸ ਚੱਲ ਰਹੀ ਸੀ ਕਿ ਹਸਪਤਾਲ ਦਾ ਕਮਰਾ ਜ਼ੁਬਾਨੀ ਜੰਗ ਦਾ ਮੈਦਾਨ ਬਣ ਗਿਆ ਅਤੇ ਉੱਥੇ ਜਾ ਕੇ ਮੈਂ ਉਨ੍ਹਾਂ ਦੇ ਰੰਗ ਨੂੰ ਲੈ ਕੇ ਹੋਏ ਭਰਮ ਨੂੰ ਦੂਰ ਕੀਤਾ।

ਇਹ ਵੀ ਪੜ੍ਹੋ:

ਮੈਂ ਉਨ੍ਹਾਂ ਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਕੇਸਰ ਵਾਲੇ ਦੁੱਧ ਦਾ ਗਰਭਵਤੀ ਮਾਂ ਅਤੇ ਬੱਚੇ ਦੇ ਰੰਗ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਚਮੜੀ ਦਾ ਰੰਗ ਕਿਵੇਂ ਬਣਦਾ ਹੈ?

  • ਬੱਚੇ ਦੀ ਚਮੜੀ ਦਾ ਰੰਗ ਮਾਪਿਆਂ ਦੀ ਚਮੜੀ ਦੇ ਰੰਗ 'ਤੇ, ਉਨ੍ਹਾਂ ਦੇ ਜੀਨ ਦੇ ਲੱਛਣ ਅਤੇ ਮੈਲਾਨੋਸਾਈਟ ਤੋਂ ਮੈਲੇਨਿਨ ਬਣਨ 'ਤੇ ਨਿਰਭਰ ਕਰਦਾ ਹੈ।
  • ਜਿਹੜੇ ਲੋਕਾਂ ਵਿੱਚ ਮੈਲੇਨਿਨ ਦੀ ਮਾਤਰਾ ਵੱਧ ਹੁੰਦੀ ਹੈ ਉਹ ਕਾਲੇ ਰੰਗ ਦੇ ਹੁੰਦੇ ਹਨ ਅਤੇ ਜਿਹੜੇ ਲੋਕਾਂ ਵਿੱਚ ਮੈਲੇਨਿਨ ਦੀ ਮਾਤਰਾ ਘੱਟ ਹੁੰਦੀ ਹੈ ਉਨ੍ਹਾਂ ਦਾ ਰੰਗ ਸਾਫ਼ ਹੁੰਦਾ ਹੈ।
  • ਹਾਲਾਂਕਿ, ਸੂਰਜ ਦੀ ਰੌਸ਼ਨੀ ਵੀ ਚਮੜੀ ਦਾ ਰੰਗ ਬਣਾਉਣ ਵਿੱਚ ਭੂਮਿਕਾ ਨਿਭਾਉਂਦੀ ਹੈ।
ਚਮੜੀ ਦਾ ਰੰਗ
  • ਚਮੜੀ ਮੈਲੇਨਿਨ ਪੈਦਾ ਕਰਦੀ ਹੈ ਜਿਹੜੀ ਚਮੜੀ ਨੂੰ ਪੈਰਾਬੈਂਗਨੀ ਕਿਰਨਾਂ ਤੋਂ ਬਚਾਉਂਦੀ ਹੈ ਅਤੇ ਇਹ ਸੂਰਜ ਦੀਆਂ ਕਿਰਨਾਂ ਤੋਂ ਪੈਦਾ ਹੁੰਦੀਆਂ ਹਨ।
  • ਇਸ ਤੋਂ ਇਲਾਵਾ ਭੂਮੱਧ ਦੇ ਨੇੜੇ ਰਹਿਣ ਵਾਲੇ ਲੋਕ ਕਾਲੇ ਰੰਗ ਦੇ ਹੋਣਗੇ। ਜਿਹੜੇ ਲੋਕ ਭੂਮੱਧ ਤੋਂ ਦੂਰ ਰਹਿੰਦੇ ਹਨ ਉਨ੍ਹਾਂ ਗੋਰੇ ਰੰਗ ਦੇ ਹੋਣਗੇ ਜਿਵੇਂ ਪੱਛਮੀ ਦੇਸਾਂ ਵਿੱਚ ਰਹਿਣ ਵਾਲੇ ਲੋਕ। ਇਹ ਵੀ ਮੈਲੇਨਿਨ ਦਾ ਜਾਦੂ ਹੈ।
  • ਪਹਿਲੇ ਮਨੁੱਖ ਦਾ ਰੰਗ ਬਿਲਕੁਲ ਕਾਲਾ ਸੀ ਅਤੇ ਉਹ ਅਫਰੀਕਾ ਵਿੱਚ ਪੈਦਾ ਹੋਇਆ ਸੀ।
  • ਲੋਕਾਂ ਦਾ ਪਰਵਾਸ ਅਤੇ ਆਪਣੇ ਸੱਭਿਆਚਾਰ ਤੋਂ ਵੱਖ ਵਿਆਹ ਕਰਨਾ ਜਾਂ ਰਿਸ਼ਤੇ ਬਣਾਉਣਾ, ਜੀਨ ਵਿੱਚ ਬਦਲਾਅ ਅਤੇ ਪਰਿਵਰਤਨ ਦੇ ਕਾਰਨ ਚਮੜੀ ਦਾ ਰੰਗ ਕਾਲੇ ਤੋਂ ਗੋਰੇ ਵਿੱਚ ਤਬਦੀਲ ਹੋਇਆ। ਇਹ ਕੇਸਰ ਕਾਰਨ ਨਹੀਂ ਹੋਇਆ।

ਅਸਲ ਵਿੱਚ, ਕੋਈ ਵੀ ਰੰਗ ਬਹੁਤ ਚੰਗਾ ਜਾਂ ਕੋਈ ਵੀ ਰੰਗ ਬਹੁਤ ਮਾੜਾ ਨਹੀਂ ਹੈ। ਇਹ ਅਫਸੋਸ ਵਾਲੀ ਗੱਲ ਹੈ ਕਿ ਲੋਕ ਰੰਗ ਦੇ ਆਧਾਰ 'ਤੇ ਭੇਦਭਾਵ ਕਰਦੇ ਹਨ।

ਚਮੜੀ ਦਾ ਰੰਗ

ਤਸਵੀਰ ਸਰੋਤ, Getty Images

ਚਮੜੀ ਦਾ ਰੰਗ ਕੋਈ ਵੀ ਹੋਵੇ ਪਰ ਹਰ ਤਰ੍ਹਾਂ ਦੀ ਚਮੜੀ ਵਾਲੇ ਰੰਗ ਵਿੱਚ ਇੱਕੋ ਰੰਗ ਦਾ ਹੀ ਖ਼ੂਨ ਦੌੜਦਾ ਹੈ। ਹਰ ਇਨਸਾਨ ਵਿੱਚ ਇੱਕੋ ਜਿਹੀਆਂ ਭਾਵਨਾਵਾਂ ਅਤੇ ਜਜ਼ਬਾਤ ਹੁੰਦੇ ਹਨ।

ਮੈਂ ਬੱਚੇ ਦੀ ਦਾਦੀ ਨੂੰ ਸਵਾਲ ਕੀਤਾ ਕਿ ਡਿਲੀਵਰੀ ਦੌਰਾਨ ਜਿਹੜੀ ਦਰਦ ਤੁਹਾਡੀ ਨੂੰਹ ਨੇ ਸਹੀ, ਤੁਹਾਨੂੰ ਉਸਦਾ ਅੰਦਾਜ਼ਾ ਵੀ ਹੈ?

ਇਹ ਵੀ ਪੜ੍ਹੋ:

ਸਭ ਕੁਝ ਸੁਣ ਕੇ, ਅਮੂਲਿਆ ਨੇ ਆਪਣੇ ਬੱਚੇ ਨੂੰ ਜੱਫ਼ੀ ਪਾਈ ਅਤੇ ਉਸ ਨੂੰ ਆਪਣੀ ਗੋਦੀ ਵਿੱਚ ਲੈ ਲਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)