ਕੀ ਤੁਹਾਨੂੰ ਵੀ ਦਿਨ ਵਿੱਚ 97 ਵਾਰ ਖਾਜ ਹੁੰਦੀ ਹੈ

ਖਾਜ ਸਾਰਿਆਂ ਨੂੰ ਹੁੰਦੀ ਹੈ ਪਰ ਕਿੰਨੇ ਲੋਕ ਜਾਣਦੇ ਹਨ ਕਿ ਖਾਜ ਕਿਉਂ ਹੁੰਦੀ ਹੈ? ਮਨੁੱਖੀ ਵਿਗਿਆਨ ਦਾ ਇਹ ਅਜਿਹਾ ਪਹਿਲੂ ਹੈ ਜਿਸ 'ਤੇ ਸ਼ਾਇਦ ਸਭ ਤੋਂ ਘੱਟ ਧਿਆਨ ਦਿੱਤਾ ਗਿਆ ਹੈ।
ਅੱਜ ਅਸੀਂ ਤਹਾਨੂੰ ਖਾਜ (ਖੁਜਲੀ) ਦੇ ਪਿੱਛੇ ਦੇ ਵਿਗਿਆਨ ਬਾਰੇ ਅਜਿਹੇ ਰੋਚਕ ਤੱਥਾਂ ਬਾਰੇ ਦੱਸਾਂਗੇ, ਜਿਸ ਨਾਲ ਇਹ ਸਮਝਣਾ ਆਸਾਨ ਹੋਵੇਗਾ ਕਿ ਆਖ਼ਰ ਖਾਜ ਹੁੰਦੀ ਕਿਉਂ ਹੈ?
ਇਹ ਵੀ ਪੜ੍ਹੋ:
ਆਮ ਤੌਰ 'ਤੇ ਇੱਕ ਸ਼ਖ਼ਸ ਨੂੰ ਦਿਨ ਭਰ ਵਿੱਚ 97 ਵਾਰ ਖਾਜ ਹੁੰਦੀ ਹੈ।
ਲਿਵਰਪੂਲ ਯੂਨੀਵਰਸਟੀ ਦੇ ਪ੍ਰੋਫੈਸਰ ਫਰਾਂਸਿਸ ਮੈਕਲੋਨ ਨੇ ਬੀਬੀਸੀ ਰੇਡੀਓ 4 ਨੂੰ ਦੱਸਿਆ, ''ਮੱਛਰ, ਕੀੜੇ-ਮਕੌੜੇ ਅਤੇ ਪੌਦੇ ਇਨਸਾਨ ਦੀ ਚਮੜੀ 'ਤੇ ਇੱਕ ਟੌਕਸਿਨ (ਜ਼ਹਿਰ) ਛੱਡਦੇ ਹਨ। ਇਸ ਟੌਕਸੀਨ ਦੇ ਜਵਾਬ ਵਿੱਚ ਸਰੀਰ ਦੇ ਇਮਊਨ ਸਿਸਟਮ ਤੋਂ ਹਿਸਟੈਮਿਨ ਦਾ ਵਹਾਅ ਹੁੰਦਾ ਹੈ। ਅਜਿਹਾ ਹੋਣ ਨਾਲ ਨਸਾਂ ਤੋਂ ਦਿਮਾਗ ਨੂੰ ਖਾਜ ਦਾ ਸਿਗਨਲ ਮਿਲਦਾ ਹੈ ਅਤੇ ਅਸੀਂ ਖਾਜ ਕਰਨ ਲਗਦੇ ਹਾਂ।''
ਵੱਖਰੀਆਂ ਨਸਾਂ ਅਤੇ ਟਿਸ਼ੂ ਜ਼ਿੰਮੇਦਾਰ
1997 ਵਿੱਚ ਖਾਜ ਦੇ ਇਸ ਵਿਗਿਆਨ ਦੀ ਦਿਸ਼ਾ ਵਿੱਚ ਇੱਕ ਵੱਡੀ ਖੋਜ ਹੋਈ। ਇਸ ਤੋਂ ਪਹਿਲਾਂ ਮੰਨਿਆ ਜਾਂਦਾ ਸੀ ਕਿ ਸੱਟ ਲੱਗਣ ਨਾਲ ਦਰਦ ਅਤੇ ਚਮੜੀ ਉੱਤੇ ਹੋਣ ਵਾਲੀ ਖਾਜ ਦੋਵੇਂ ਇੱਕ ਹੀ ਤਰ੍ਹਾਂ ਦੇ ਪੈਟਰਨ ਤੋਂ ਹੁੰਦੀ ਹੈ। ਪਰ 1997 ਵਿੱਚ ਇਹ ਸਾਹਮਣੇ ਆਇਆ ਕਿ ਖਾਜ ਦੇ ਵਿਗਿਆਨ ਵਿੱਚ ਵੱਖਰੀ ਨਾੜੀ ਅਤੇ ਟਿਸ਼ੂ ਜ਼ਿੰਮੇਦਾਰ ਹੁੰਦੇ ਹਨ।

'ਸੈਂਟਰ ਆਫ਼ ਦਿ ਸਟਡੀ ਆਫ਼ ਇਚ' ਦੇ ਵਿਗਿਆਨਕ ਬ੍ਰਾਇਨ ਨੇ ਇੱਕ ਅਨੋਖਾ ਅਧਿਐਨ ਕੀਤਾ ਹੈ। ਇਸ ਖੋਜ ਵਿੱਚ ਇਹ ਗੱਲ ਸਾਹਮਣੇ ਆਈ ਕਿ ਖਾਜ ਇੱਕ ਇਨਫੈਕਸ਼ਨ ਵਾਂਗ ਹੈ।
ਜੇਕਰ ਤੁਹਾਡੇ ਸਾਹਮਣੇ ਬੈਠਾ ਸ਼ਖ਼ਸ ਖਾਜ ਕਰਦਾ ਹੈ ਤਾਂ ਤੁਸੀਂ ਵੀ ਖਾਜ ਕਰਨ ਲਗਦੇ ਹੋ। ਇਸ ਤਰ੍ਹਾਂ ਦੀ ਇਨਫੈਕਸ਼ਨ ਵਾਲੀ ਖਾਜ ਲਈ ਦਿਮਾਗ ਦਾ 'ਸੁਪਰਾਕਿਏਜ਼ਮੈਟਿਕ ਨਿਊਕਲੀਅਸ' ਹਿੱਸਾ ਜ਼ਿੰਮੇਦਾਰ ਹੁੰਦਾ ਹੈ।
ਖਾਜ ਨਾਲ ਕਿਉਂ ਮਿਲਦਾ ਹੈ ਆਰਾਮ
ਖਾਜ ਕਰਕੇ ਸਾਨੂੰ ਆਰਾਮ ਮਿਲਦਾ ਹੈ ਅਤੇ ਤਜ਼ਰਬੇ ਲਈ ਸਾਡੇ ਦਿਮਾਗ ਤੋਂ ਸੇਰੋਟੋਨੀਨ ਦਾ ਵਹਾਅ ਹੁੰਦਾ ਹੈ।
ਸਭ ਤੋਂ ਵੱਧ ਪੈਰਾਂ ਦੀਆਂ ਅੱਡੀਆਂ 'ਤੇ ਖਾਜ ਕਰਕੇ ਆਰਾਮ ਮਿਲਦਾ ਹੈ। ਹਾਲਾਂਕਿ ਖਾਜ ਕਰਕੇ ਆਰਾਮ ਮਿਲਦਾ ਕਿਉਂ ਹੈ? ਇਸਦੇ ਪਿੱਛੇ ਕੀ ਵਿਗਿਆਨ ਹੈ? ਇਸਦਾ ਜਵਾਬ ਅਜੇ ਤੱਕ ਵਿਗਿਆਨੀਆਂ ਕੋਲ ਨਹੀਂ ਹੈ।
ਇਹ ਵੀ ਪੜ੍ਹੋ:
ਖਾਜ ਦੇ ਨਾਲ ਇੱਕ ਦਿਲਚਸਪ ਗੱਲ ਇਹ ਵੀ ਹੈ ਕਿ ਤੁਸੀਂ ਜਿੰਨੀ ਵੱਧ ਖਾਜ ਕਰੋਗੇ ਤਹਾਨੂੰ ਓਨੀ ਹੀ ਵੱਧ ਖਾਜ ਹੋਵੇਗੀ।













