ਕਰਤਾਰਪੁਰ ਸਾਹਿਬ ਲਾਂਘਾ: ਜਦੋਂ ਨਵਜੋਤ ਸਿੱਧੂ ਲਾਂਘਾ ਖੁੱਲ੍ਹਣ ਦੀ ਖ਼ਬਰ ਲਿਆਏ ਸਨ- 1999 ਤੋਂ 2021 ਤੱਕ ਦੇ ਅਹਿਮ ਘਟਨਾਕ੍ਰਮ

ਤਸਵੀਰ ਸਰੋਤ, AFP
ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਭਾਰਤ ਦੀ ਸਰਹੱਦ ਤੋਂ ਚਾਰ ਕਿੱਲੋਮੀਟਰ ਦੂਰ ਹੈ। ਇਹ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਹੈ, ਜੋ ਲਾਹੌਰ ਤੋਂ 130 ਕਿਲੋਮੀਟਰ ਦੂਰ ਹੈ।
ਨਾਰੋਵਾਲ ਦੀ ਤਹਿਸੀਲ ਸ਼ੱਕਰਗੜ੍ਹ ਵਿੱਚ ਸਥਿਤ ਸਿੱਖਾਂ ਦਾ ਇਹ ਧਾਰਮਿਕ ਸਥਾਨ ਭਾਰਤ ਅਤੇ ਪਾਕਿਸਤਾਨ ਦੀਆਂ ਖ਼ਬਰਾਂ ਦੇ ਕੇਂਦਰ ਵਿਚ ਰਿਹਾ ਹੈ।
ਕਰਤਾਰਪੁਰ ਸਾਹਿਬ ਅਸਥਾਨ ਦਾ ਸਬੰਧ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਹੈ। ਇੱਥੇ ਉਨ੍ਹਾਂ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਲ ਗੁਜ਼ਾਰੇ ਸਨ।
ਉਨ੍ਹਾਂ ਨੇ ਰਾਵੀ ਦਰਿਆ ਦੇ ਕੰਢੇ ਇਹ ਨਗਰ ਵਸਾਇਆ ਅਤੇ ਇੱਥੇ ਖੇਤੀ ਕਰਕੇ ਗੁਰੂ ਨਾਨਕ ਦੇਵ ਜੀ ਨੇ "ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ" ਦਾ ਫ਼ਲਸਫ਼ਾ ਦਿੱਤਾ ਸੀ।
ਇਤਿਹਾਸ ਮੁਤਾਬਕ ਗੁਰੂ ਨਾਨਕ ਦੇਵ ਜੀ ਵੱਲੋਂ ਭਾਈ ਲਹਿਣਾ ਜੀ, ਜਿਨ੍ਹਾਂ ਨੂੰ ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਨੂੰ ਗੁਰਗੱਦੀ ਵੀ ਇਸੇ ਅਸਥਾਨ 'ਤੇ ਸੌਂਪੀ ਗਈ ਸੀ ਅਤੇ ਆਖ਼ਿਰ 'ਚ ਗੁਰੂ ਨਾਨਕ ਦੇਵ ਜੀ ਇਸੇ ਸਥਾਨ 'ਤੇ ਹੀ ਜੋਤੀ ਜੋਤ ਸਮਾਏ ਸਨ।
ਕਰਤਾਰਪੁਰ ਸਾਹਿਬ ਪਾਕਿਸਤਾਨ ਵਿੱਚ ਹੈ ਅਤੇ ਦੋਵਾਂ ਮੁਲਕਾਂ ਦੇ ਨਾਨਕ ਨਾਮ ਲੇਵਾ ਦੀ ਸਹੂਲਤ ਲਈ ਭਾਰਤ ਦੇ ਡੇਰਾ ਬਾਬਾ ਨਾਨਕ ਅਤੇ ਕਰਤਾਰਪੁਰ ਵਿਚਾਲੇ ਨਵੰਬਰ 2019 ਵਿਚ ਕੋਰੀਡੋਰ ਦਾ ਉਦਘਾਟਨ ਹੋਇਆ ਸੀ।
ਪਰ ਮਾਰਚ 2020 ਵਿਚ ਕੋਰਨਾ ਮਹਾਮਾਰੀ ਫ਼ੈਲਣ ਤੋਂ ਬਾਅਦ ਕਰਤਾਰਪੁਰ ਸਾਹਿਬ ਲਾਂਘਾ ਬੰਦ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ :
ਕਰਤਾਰਪੁਰ ਲਾਂਘਾ ਖੁੱਲ੍ਹਣ ਅਤੇ ਫੇਰ ਬੰਦ ਹੋਣ ਅਤੇ ਹੁਣ ਮੁੜ ਖੁੱਲ੍ਹਣ ਨਾਲ ਹਾਲਾਤ ਨੇ ਕੀ-ਕੀ ਕਰਵਟ ਲਈ , ਜਾਣੋ ਇਸ ਲਾਂਘੇ ਦੇ ਖੁੱਲ੍ਹਣ ਦਾ ਪੂਰਾ ਘਟਨਾਕ੍ਰਮ:
- ਫਰਵਰੀ 1999: ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਪਾਕਿਸਤਾਨ ਨਾਲ ਸ਼ਾਂਤੀ ਦੀ ਪਹਿਲਕਦਮੀ ਕਰਦਿਆਂ ਲਾਹੌਰ ਲਈ ਬੱਸ ਦੀ ਸਵਾਰੀ ਲੈ ਕੇ ਗਏ ਸਨ ਅਤੇ ਉਦੋਂ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹਣ ਦਾ ਪ੍ਰਸਤਾਵ ਰੱਖਿਆ ਸੀ।
- ਸਾਲ 2000:ਪਾਕਿਸਤਾਨ, ਸਰਹੱਦ 'ਤੇ ਭਾਰਤ ਵਾਲੇ ਪਾਸੇ ਤੋਂ ਗੁਰਦੁਆਰੇ ਤੱਕ ਪੁਲ ਬਣਾ ਕੇ ਭਾਰਤ ਤੋਂ ਸਿੱਖ ਸ਼ਰਧਾਲੂਆਂ ਨੂੰ ਵੀਜ਼ਾ-ਮੁਕਤ (ਅਤੇ ਬਿਨਾਂ ਪਾਸਪੋਰਟ) ਗੁਰਦੁਆਰੇ ਦੇ ਦਰਸ਼ਨ ਦੀ ਇਜਾਜ਼ਤ ਦੇਣ ਲਈ ਸਹਿਮਤ ਹੋਇਆ।
ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਖ਼ਬਰ ਸਿੱਧੂ ਲਿਆਏ : 2018
15 ਅਗਸਤ: ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਇਸਲਾਮਾਬਾਦ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਏ। ਇੱਥੇ ਪਾਕਿਸਤਾਨ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਉਹ ਜੱਫ਼ੀ ਪਾਕੇ ਮਿਲੇ ਜੋ ਭਾਰਤ ਵਿਚ ਸਿਆਸੀ ਵਿਵਾਦ ਬਣ ਗਈ।
21 ਅਗਸਤ: ਇਸਲਾਮਾਬਾਦ ਤੋਂ ਵਾਪਸ ਆ ਕੇ ਸਿੱਧੂ ਨੇ ਦੱਸਿਆ ਕਿ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਉਨ੍ਹਾਂ ਨੂੰ ਦੱਸਿਆ ਕਿ ਪਾਕਿਸਤਾਨ ਸਰਕਾਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਡੇਰਾ ਬਾਬਾ ਨਾਨਕ (ਕਰਤਾਰਪੁਰ) ਲਾਂਘਾ ਖੋਲ੍ਹੇਗੀ।
22 ਨਵੰਬਰ: ਭਾਰਤੀ ਕੈਬਨਿਟ ਨੇ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਸਰਹੱਦ ਤੱਕ ਕਰਤਾਰਪੁਰ ਲਾਂਘੇ ਨੂੰ ਮਨਜ਼ੂਰੀ ਦਿੱਤੀ।
26 ਨਵੰਬਰ: ਉਪ-ਰਾਸ਼ਟਰਪਤੀ ਵੈਂਕੇਆ ਨਾਇਡੂ ਨੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਮਾਨ ਵਿਖੇ ਇੱਕ ਸਮਾਗਮ ਦੌਰਾਨ ਡੇਰਾ ਬਾਬਾ ਨਾਨਕ-ਕਰਤਾਰਪੁਰ ਸਾਹਿਬ ਕਾਰੀਡੋਰ (ਅੰਤਰਰਾਸ਼ਟਰੀ ਸਰਹੱਦ ਤੱਕ) ਦਾ ਨੀਂਹ ਪੱਥਰ ਰੱਖਿਆ।
28 ਨਵੰਬਰ: ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਾਕਿਸਤਾਨ ਵਾਲੇ ਪਾਸੇ 4 ਕਿਲੋਮੀਟਰ ਦੇ ਲਾਂਘੇ ਦਾ ਨੀਂਹ ਪੱਥਰ ਰੱਖਿਆ।
3 ਦਸੰਬਰ: ਪਾਕਿਸਤਾਨ ਨੇ ਕਰਤਾਰਪੁਰ ਸਰਹੱਦ 'ਤੇ ਇਮੀਗ੍ਰੇਸ਼ਨ ਕੇਂਦਰ ਖੋਲ੍ਹਿਆ।
ਕਰਤਾਰਪੁਰ ਲਾਂਘਾ ਖੋਲ੍ਹਣ ਦੇ ਘਟਨਾਕ੍ਰਮ :2019
14 ਮਾਰਚ: ਕਰਤਾਰਪੁਰ ਲਾਂਘੇ 'ਤੇ ਗੱਲਬਾਤ ਲਈ ਭਾਰਤ-ਪਾਕਿ ਅਧਿਕਾਰੀਆਂ ਦੀ ਪਹਿਲੀ ਮੀਟਿੰਗ ਅਟਾਰੀ-ਵਾਹਗਾ ਸਰਹੱਦ ਦੇ ਭਾਰਤ ਵਾਲੇ ਪਾਸੇ ਅਟਾਰੀ ਵਿੱਚ ਹੋਈ।
29 ਮਾਰਚ: ਭਾਰਤ ਨੇ ਕਰਤਾਰਪੁਰ ਪੈਨਲ 'ਤੇ ਗਰਮਦਲੀ ਸਿੱਖ ਸਮੂਹਾਂ ਦੀ ਮੌਜੂਦਗੀ 'ਤੇ ਪਾਕਿਸਤਾਨ ਨੂੰ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ।
16 ਅਪ੍ਰੈਲ: ਪਾਕਿਸਤਾਨ ਅਤੇ ਭਾਰਤ ਦੇ ਮਾਹਿਰਾਂ ਅਤੇ ਤਕਨੀਸ਼ੀਅਨਾਂ ਨੇ ਜ਼ੀਰੋ ਪੁਆਇੰਟ (ਕਰਤਾਰਪੁਰ) ਵਿਖੇ, ਕਰਤਾਰਪੁਰ ਲਾਂਘੇ ਬਾਰੇ ਤਕਨੀਕੀ ਮੀਟਿੰਗ ਕੀਤੀ।
27 ਮਈ: ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਕਾਰ ਕਰਤਾਰਪੁਰ ਲਾਂਘੇ ਦੀ ਰੂਪ-ਰੇਖਾ 'ਤੇ ਗੱਲਬਾਤ ਹੋਈ।
8 ਜੁਲਾਈ: ਪਾਕਿਸਤਾਨ ਨੇ ਕਰਤਾਰਪੁਰ ਲਾਂਘੇ 'ਤੇ ਦੂਜੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਭਾਰਤੀ ਮੀਡੀਆ ਦਾ ਸਵਾਗਤ ਕੀਤਾ।
11 ਜੂਨ: ਕਰਤਾਰਪੁਰ ਲਾਂਘੇ ਦੇ ਪ੍ਰੋਜੈਕਟ ਲਈ ਪਾਕਿਸਤਾਨ ਵੱਲੋਂ 2019-20 ਦੇ ਬਜਟ ਵਿੱਚ 100 ਕਰੋੜ ਰੁਪਏ ਅਲਾਟ ਕੀਤੇ ਗਏ।
ਇਮਰਾਨ ਦਾ ਐਲ਼ਾਨ ਤੇ ਭਾਰਤ ਦੀਆਂ ਚਿੰਤਾਵਾਂ
14 ਜੁਲਾਈ: ਵਾਹਗਾ ਵਿੱਚ ਕਰਤਾਰਪੁਰ ਲਾਂਘੇ 'ਤੇ ਭਾਰਤ-ਪਾਕਿ ਵਿਚਕਾਰ ਦੂਜੇ ਦੌਰ ਦੀ ਗੱਲਬਾਤ ਦਾ ਆਯੋਜਨ ਹੋਇਆ; ਭਾਰਤ ਨੇ ਪਾਕਿਸਤਾਨ ਨੂੰ ਕਰਤਾਰਪੁਰ ਸਾਹਿਬ ਦੀ ਯਾਤਰਾ ਵਿੱਚ ਵਿਘਨ ਪਾਉਣ ਦੀਆਂ ਸੰਭਾਵਿਤ ਕੋਸ਼ਿਸ਼ਾਂ ਬਾਰੇ ਡੋਜ਼ੀਅਰ ਸੌਂਪਿਆ ਹੈ।
30 ਅਗਸਤ: ਭਾਰਤ-ਪਾਕਿਸਤਾਨ ਵਿਚਾਲੇ ਜ਼ੀਰੋ ਪੁਆਇੰਟ 'ਤੇ ਤਕਨੀਕੀ ਗੱਲਬਾਤ ਹੋਈ।
4 ਸਤੰਬਰ: ਦੋਵੇਂ ਦੇਸ਼ਾਂ ਦੇ ਅਧਿਕਾਰੀਆਂ ਵਿਚਾਲੇ ਪ੍ਰੋਜੈਕਟ ਸਬੰਧੀ ਤੀਸਰੇ ਦੌਰ ਦੀ ਗੱਲਬਾਤ ਅਟਾਰੀ ਵਿਖੇ ਹੋਈ।
20 ਅਕਤੂਬਰ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੁਆਰਾ ਕਿਹਾ ਗਿਆ ਕਿ ਪਾਕਿਸਤਾਨ 9 ਨਵੰਬਰ ਨੂੰ ਕਰਤਾਰਪੁਰ ਲਾਂਘਾ ਖੋਲ੍ਹੇਗਾ।
21 ਅਕਤੂਬਰ: ਭਾਰਤ ਨੇ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਲਈ 20 ਡਾਲਰ ਦੀ ਫੀਸ 'ਤੇ 'ਨਿਰਾਸ਼ਾ' ਪ੍ਰਗਟਾਈ, ਪਰ ਸਮਝੌਤਾ ਕਰਨ ਲਈ ਤਿਆਰ ਹੋਇਆ।
24 ਅਕਤੂਬਰ: ਭਾਰਤ ਅਤੇ ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਨੂੰ ਚਾਲੂ ਕਰਨ ਲਈ ਸਮਝੌਤੇ 'ਤੇ ਦਸਤਖਤ ਕੀਤੇ।
ਕਰਤਾਰਪੁਰ ਲਈ ਪਾਸਪੋਰਟ ਦੀ ਲੋੜ ਨਹੀਂ
30 ਅਕਤੂਬਰ: ਪਾਕਿਸਤਾਨ ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 50 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਹੋਇਆ।
1 ਨਵੰਬਰ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਭਾਰਤ ਤੋਂ ਕਰਤਾਰਪੁਰ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਪਾਸਪੋਰਟ ਦੀ ਲੋੜ ਨਹੀਂ ਹੈ।
4 ਨਵੰਬਰ: ਕਰਤਾਰਪੁਰ ਬਾਰੇ ਪਾਕਿਸਤਾਨ ਦੇ ਅਧਿਕਾਰਤ ਵੀਡੀਓ ਵਿੱਚ ਪ੍ਰਦਰਸ਼ਿਤ ਗਰਮਦਲੀ ਸਿੱਖ ਸਮੂਹ, ਜਿਨ੍ਹਾਂ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਸ਼ਾਮਲ ਹਨ, 'ਤੇ ਭਾਰਤ ਨੇ ਪਾਕਿਸਤਾਨ ਨੂੰ ਆਪਣਾ ਸਖ਼ਤ ਇਤਰਾਜ਼ ਜਤਾਇਆ।
5 ਨਵੰਬਰ: ਸਿੱਖ ਸ਼ਰਧਾਲੂ ਭਾਰਤ ਤੋਂ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਗੁਰਦੁਆਰੇ ਦਰਸ਼ਨ ਲਈ ਪਹੁੰਚੇ ਅਤੇ ਸੋਨੇ ਦੀ ਪਾਲਕੀ ਦੀ ਸਥਾਪਨਾ ਕੀਤੀ।
6 ਨਵੰਬਰ: ਭਾਰਤ ਨੇ ਪਾਕਿਸਤਾਨ ਤੋਂ ਸਪੱਸ਼ਟੀਕਰਨ ਮੰਗਿਆ ਕਿ ਕੀ ਕਰਤਾਰਪੁਰ ਦੌਰੇ ਲਈ ਪਾਸਪੋਰਟ ਦੀ ਲੋੜ ਹੋਵੇਗੀ?
7 ਨਵੰਬਰ: ਭਾਰਤੀ ਸਿੱਖ ਸ਼ਰਧਾਲੂਆਂ ਨੂੰ ਕਰਤਾਰਪੁਰ ਜਾਣ ਲਈ ਪਾਸਪੋਰਟ ਦੀ ਲੋੜ ਹੋਵੇਗੀ: ਪਾਕਿਸਤਾਨੀ ਫੌਜ; ਭਾਰਤੀ ਸ਼ਰਧਾਲੂਆਂ ਦੀ ਯਾਤਰਾ ਬਾਰੇ ਭਾਰਤ ਕਰਤਾਰਪੁਰ ਸਮਝੌਤੇ 'ਤੇ ਕਾਇਮ ਰਹੇਗਾ।
8 ਨਵੰਬਰ: ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ 9 ਅਤੇ 12 ਨਵੰਬਰ ਨੂੰ ਕਰਤਾਰਪੁਰ ਸਾਹਿਬ ਗੁਰਦੁਆਰੇ ਜਾਣ ਵਾਲੇ ਭਾਰਤੀ ਸ਼ਰਧਾਲੂਆਂ ਤੋਂ ਸੇਵਾ ਫੀਸ ਵਜੋਂ 20 ਡਾਲਰ ਨਹੀਂ ਲਏ ਜਾਣਗੇ।
ਕਰਤਾਰਪੁਰ ਲਾਂਘਾ ਖੁੱਲ੍ਹਿਆ ਤੇ ਬੰਦ ਹੋਇਆ: 2020
ਮਾਰਚ 2020: ਦੁਨੀਆ ਭਰ ਵਿੱਚ ਕੋਵਿਡ ਮਹਾਮਾਰੀ ਦੇ ਕਾਰਨ ਕਰਤਾਰਪੁਰ ਲਾਂਘੇ ਨੂੰ ਬੰਦ ਕਰ ਦਿੱਤਾ ਗਿਆ। ਇਸ ਦੌਰਾਨ ਸਿੱਖ ਸਮੁਦਾਏ ਦੁਆਰਾ ਵਾਰ-ਵਾਰ ਇਸ ਲੰਘੇ ਨੂੰ ਖੋਲ੍ਹੇ ਜਾਂ ਦੀ ਮੰਗ ਉੱਠਦੀ ਰਹੀ।
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੱਕ ਪੰਜਾਬ ਦੀ ਹਰ ਸੰਸਥਾ ਅਤੇ ਆਗੂ ਨੇ ਕੇਂਦਰ ਤੋਂ ਲਾਂਘਾ ਖੋਲ੍ਹਣ ਦੀ ਮੰਗ ਕੀਤੀ।
ਸਾਰੇ ਧਾਰਮਿਕ ਅਸਥਾਨ ਖੁੱਲ਼੍ਹਣ ਦੇ ਬਾਵਜੂਦ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਨਹੀਂ ਖੋਲ੍ਹਿਆ ਜਾ ਰਿਹਾ ਸੀ।
ਕਰਤਾਰਪੁਰ ਲਾਂਘਾ ਮੁੜ ਖੁੱਲ੍ਹਿਆ
14 ਨਵੰਬਰ: ਅਚਾਨਕ ਪੰਜਾਬ ਦੇ ਭਾਜਪਾ ਆਗੂਆਂ ਦਾ ਵਫਦ ਪ੍ਰਧਾਨ ਮੰਤਰ ਮੋਦੀ ਨੂੰ ਮਿਲਿਆ ਅਤੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਰੱਖਦਿਆਂ ਇਸ ਸਬੰਧੀ ਇੱਕ ਮੰਗ ਪੱਤਰ ਸੌਂਪਿਆ।
16 ਨਵੰਬਰ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਕਿ ਭਾਰਤ ਦੀ ਕੇਂਦਰੀ ਸਰਕਾਰ ਨੇ ਕਰਤਾਪੂਰ ਸਾਹਿਬ ਦੇ ਲਾਂਘੇ ਨੂੰ 17 ਨਵੰਬਰ ਖੋਲ੍ਹਣ ਦਾ ਫੈਸਲਾ ਲਿਆ ਹੈ।
17 ਨਵੰਬਰ: ਕਰਤਾਰਪੁਰ ਲਾਂਘਾ ਮੁੜ ਖੁੱਲ੍ਹਣ ਤੋਂ ਬਾਅਦ ਭਾਰਤੀ ਸਿੱਖਾਂ ਦਾ ਪਹਿਲਾ ਜੱਥਾ ਗੁਰਦੁਆਰਾ ਕਰਤਾਪੁਰ ਸਾਹਿਬ ਵਿਖੇ ਦਰਸ਼ਨਾਂ ਲਈ ਪਹੁੰਚਿਆ।
18 ਨਵੰਬਰ : ਚਰਨਜੀਤ ਸਿੰਘ ਚੰਨੀ ਪੰਜਾਬ ਦੇ ਪੂਰੇ ਮੰਤਰੀ ਮੰਡਲ ਨਾਲ ਕਰਤਾਰਪੁਰ ਸਾਹਿਬ ਨਤਮਸਕ ਹੋਣ ਗਏ
ਇਹ ਵੀ ਪੜ੍ਹੋ:
ਇਹ ਵੀ ਵੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post

















