ਹਰਦੀਪ ਸਿੰਘ ਨਿੱਝਰ ਦੇ ਕਤਲ 'ਤੇ ਫਿਰ ਬੋਲੇ ਜਸਟਿਨ ਟਰੂਡੋ, ਭਾਰਤ ਨੇ ਦਿੱਤਾ ਇਹ ਜਵਾਬ

ਜਸਟਿਨ ਟਰੂਡੋ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਾਈਲ ਫੋਟੋ

ਤਸਵੀਰ ਸਰੋਤ, ANI

ਖਾਲਿਸਤਾਨ ਪੱਖੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਤਾਜ਼ਾ ਬਿਆਨ 'ਤੇ ਭਾਰਤ ਨੇ ਕਿਹਾ ਹੈ ਕਿ ਇਸ ਨਾਲ ਦੋਹਾਂ ਦੇਸਾਂ ਦੇ ਸਬੰਧਾਂ ਉੱਤੇ ਅਸਰ ਪਵੇਗਾ।

ਵੀਰਵਾਰ ਨੂੰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਦੀ ਹਫਤਾਵਾਰੀ ਮੀਡੀਆ ਬ੍ਰੀਫਿੰਗ ਵਿੱਚ ਜਸਟਿਨ ਟਰੂਡੋ ਦੇ ਤਾਜ਼ਾ ਬਿਆਨ ਬਾਰੇ ਸਵਾਲ ਪੁੱਛਿਆ ਗਿਆ।

ਇਸ ਤੋਂ ਪਹਿਲਾਂ ਜਸਟਿਨ ਟਰੂਡੋ ਨੇ ਇੱਕ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ ਜਿੱਥੇ ਖਾਲਿਸਤਾਨ ਪੱਖੀ ਨਾਅਰੇ ਲਗਾਏ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ।

ਰਣਧੀਰ ਜੈਸਵਾਲ ਨੇ ਕਿਹਾ, "ਤੁਸੀਂ ਉਹ ਪ੍ਰੈਸ ਰਿਲੀਜ਼ ਜ਼ਰੂਰ ਦੇਖੀ ਹੋਵੇਗੀ, ਜਿਸ ਵਿੱਚ ਅਸੀਂ ਕੈਨੇਡਾ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕਰਨ ਬਾਰੇ ਜਾਣਕਾਰੀ ਦਿੱਤੀ ਸੀ। ਇਹ ਇੱਕ ਸਮਾਗਮ ਬਾਰੇ ਸੀ ਜਿਸ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ਿਰਕਤ ਕੀਤੀ ਸੀ ਅਤੇ ਜਿਸ ਵਿੱਚ ਖਾਲਿਸਤਾਨ ਪੱਖੀ ਨਾਅਰੇ ਲਾਏ ਗਏ ਸਨ।"

ਦਰਅਸਲ, ਸੋਮਵਾਰ ਨੂੰ ਭਾਰਤ ਨੇ ਇਸ ਸਬੰਧ ਵਿੱਚ ਨਵੀਂ ਦਿੱਲੀ ਵਿੱਚ ਤਾਇਨਾਤ ਕੈਨੇਡਾ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਸੀ ਅਤੇ ਇਸ ਘਟਨਾ ਨੂੰ ਲੈ ਕੇ ‘ਆਪਣੀ ਚਿੰਤਾ ਅਤੇ ਸਖ਼ਤ ਵਿਰੋਧ ਦਰਜ ਕਰਵਾਇਆ ਸੀ।

ਵੀਰਵਾਰ ਨੂੰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ, "ਸਾਡੇ ਨਜ਼ਰੀਏ ਤੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਟਿੱਪਣੀਆਂ ਕੋਈ ਨਵੀਂ ਗੱਲ ਨਹੀਂ ਹੈ, ਉਹ ਪਹਿਲਾਂ ਵੀ ਅਜਿਹਾ ਕਹਿ ਚੁੱਕੇ ਹਨ।"

ਉਨ੍ਹਾਂ ਕਿਹਾ, "ਭਾਰਤ ਬਾਰੇ ਉਨ੍ਹਾਂ ਦੀਆਂ ਟਿੱਪਣੀਆਂ ਇੱਕ ਵਾਰ ਫਿਰ ਇਹ ਦਰਸਾਉਂਦੀਆਂ ਹਨ ਕਿ ਕੈਨੇਡਾ ਵਿੱਚ ਵੱਖਵਾਦ, ਕੱਟੜਵਾਦ ਅਤੇ ਹਿੰਸਾ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਨੂੰ ਕਿਸ ਤਰ੍ਹਾਂ ਦੀ ਸਿਆਸੀ ਥਾਂ ਦਿੱਤੀ ਜਾ ਰਹੀ ਹੈ। ਇਸ ਨਾਲ ਨਾ ਸਿਰਫ਼ ਭਾਰਤ ਅਤੇ ਕੈਨੇਡਾ ਦੇ ਸਬੰਧਾਂ 'ਤੇ ਅਸਰ ਪਵੇਗਾ। ਸਗੋਂ ਕੈਨੇਡਾ ਵਿੱਚ ਹਿੰਸਾ ਅਤੇ ਅਪਰਾਧ ਨੂੰ ਵੀ ਵਧਾਵਾ ਮਿਲੇਗਾ।"

ਜਸਟਿਨ ਟਰੂਡੋ ਦਾ ਤਾਜ਼ਾ ਬਿਆਨ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਵਿੱਚ ਭਾਰਤੀ ਭਾਈਚਾਰੇ ਨਾਲ ਸਬੰਧਤ ਇੱਕ ਮੀਡੀਆ ਪਲੇਟਫਾਰਮ 'ਵਾਈ ਮੀਡੀਆ' ਨੂੰ ਇੰਟਰਵਿਊ ਦਿੱਤਾ ਹੈ ।

ਬੁੱਧਵਾਰ ਨੂੰ ਜਾਰੀ ਇਸ ਇੰਟਰਵਿਊ ਵਿੱਚ ਜਸਟਿਨ ਟਰੂਡੋ ਨੇ ਇੱਕ ਵਾਰ ਫਿਰ ਭਾਰਤ-ਕੈਨੇਡਾ ਸਬੰਧਾਂ ਅਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਜ਼ਿਕਰ ਕੀਤਾ ਹੈ।

ਜਸਟਿਨ ਟਰੂਡੋ

ਤਸਵੀਰ ਸਰੋਤ, Reuters

ਉਨ੍ਹਾਂ ਨੇ ਕਿਹਾ, "ਕੈਨੇਡਾ ਅਤੇ ਭਾਰਤ ਖੇਤਰ ਅਤੇ ਆਬਾਦੀ ਦੇ ਲਿਹਾਜ਼ ਨਾਲ ਦੁਨੀਆ ਦੇ ਦੋ ਸਭ ਤੋਂ ਵੱਡੇ ਲੋਕਤੰਤਰ ਹਨ। ਕੈਨੇਡਾ ਅਤੇ ਭਾਰਤ ਵਿਚਕਾਰ ਅਸਲ ਚੁਣੌਤੀਆਂ ਹਨ। ਕੈਨੇਡਾ ਦੇ ਕਿਸੇ ਵੀ ਪ੍ਰਧਾਨ ਮੰਤਰੀ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਆਪਣੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ।

ਉਨ੍ਹਾਂ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਜ਼ਿਕਰ ਕਰਦਿਆਂ ਕਿਹਾ, "ਇਸ ਗੱਲ ਦੇ ਪੁਖ਼ਤਾ ਸਬੂਤ ਹਨ ਕਿ ਕੈਨੇਡਾ ਦੀ ਧਰਤੀ 'ਤੇ ਕੈਨੇਡੀਅਨ ਨਾਗਰਿਕ ਦੇ ਕਤਲ ਵਿੱਚ ਭਾਰਤ ਸਰਕਾਰ ਦੇ ਏਜੰਟ ਸ਼ਾਮਲ ਸਨ। ਇਹ ਅਸਲ ਸਮੱਸਿਆ ਹੈ। ਇਹ ਨਿਯਮਾਂ ਨੂੰ ਮੰਨਣ ਵਾਲੀ ਵਿਸ਼ਵਵਿਆਪੀ ਵਿਵਸਥਾ, ਖੁੱਲ੍ਹੇ ਜਮਹੂਰੀ ਵਿਚਾਰਾਂ, ਅਤੇ ਪ੍ਰਭੂਸੱਤਾ ਦੇ ਸਿਧਾਂਤਾਂ ਲਈ ਇੱਕ ਸਮੱਸਿਆ ਹੈ, ਜਿਸ ਲਈ ਅਸੀਂ ਖੜੇ ਹੁੰਦੇ ਹਾਂ।"

ਕੈਨੇਡਾ ਅਤੇ ਭਾਰਤ ਦੇ ਸਬੰਧਾਂ ਬਾਰੇ ਜਸਟਿਨ ਟਰੂਡੋ ਨੇ ਕਿਹਾ, "ਇਹ ਭਾਰਤ ਨਾਲ ਸਾਡੇ ਸਬੰਧਾਂ ਲਈ ਵੀ ਇੱਕ ਸਮੱਸਿਆ ਹੈ। ਅਸੀਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਮੇਰਾ ਸਭ ਤੋਂ ਮਹੱਤਵਪੂਰਨ ਕੰਮ ਇਹ ਯਕੀਨੀ ਬਣਾਉਣਾ ਹੈ ਕਿ ਕੈਨੇਡਾ ਦੇ ਨਾਗਰਿਕ ਸੁਰੱਖਿਅਤ ਰਹਿਣ। ਜਿੱਥੋਂ ਤੱਕ ਲੋਕਾਂ ਦੇ ਆਪਸੀ ਸੰਪਰਕ ਦੀ ਗੱਲ ਹੈ, ਕਾਰੋਬਾਰ ਦਾ ਮੁੱਦਾ ਹੈ ਅਤੇ ਗਲੋਬਲ ਪਲੇਟਫਾਰਮਾਂ 'ਤੇ ਇਕੱਠੇ ਕੰਮ ਕਰਨ ਦਾ ਮਾਮਲਾ ਹੈ, ਭਾਰਤ ਸਾਡੇ ਲਈ ਇੱਕ ਮਹੱਤਵਪੂਰਨ ਦੇਸ ਹੈ, ਇਸ ਲਈ ਅਸੀਂ ਇਸ ਚੁਣੌਤੀਪੂਰਨ ਸਥਿਤੀ ਨਾਲ ਨਜਿੱਠਣਾ ਚਾਹੁੰਦੇ ਹਾਂ ਅਤੇ ਇਸ ਦੇ ਨਾਲ ਹੀ ਅਸੀਂ ਜ਼ਿੰਮੇਵਾਰੀ ਵੀ ਤੈਅ ਕਰਨਾ ਚਾਹੁੰਦੇ ਹਾਂ।"

ਕੈਨੇਡਾ ਦੇ ਡਿਪਟੀ ਹਾਈ ਕਮਿਸ਼ਨਰ ਦੀ ਤਲਬੀ

ਜਸਟਿਨ ਟਰੂਡੋ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਾਈਲ ਫੋਟੋ

ਤਸਵੀਰ ਸਰੋਤ, ANI

ਸੋਮਵਾਰ ਨੂੰ ਭਾਰਤ ਨੇ ਕੈਨੇਡਾ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਭੇਜੇ ਗਏ ਆਪਣੇ ਸੰਮਨ ਵਿੱਚ ਜਸਟਿਨ ਟਰੂਡੋ ਦੇ ਪ੍ਰੋਗਰਾਮ ਵਿੱਚ ਖਾਲਿਸਤਾਨ ਪੱਖੀ ਨਾਅਰਿਆਂ ਦਾ ਮੁੱਦਾ ਉਠਾਇਆ ਸੀ।

ਭਾਰਤ ਨੇ ਇਸ ਸਮਾਗਮ ਵਿੱਚ ਅਜਿਹੀਆਂ ਗਤੀਵਿਧੀਆਂ ਨੂੰ 'ਇਜਾਜ਼ਤ ਦੇਣ ਅਤੇ ਬੇਲਗਾਮ ਜਾਰੀ ਰੱਖਣ' 'ਤੇ ਇਤਰਾਜ਼ ਪ੍ਰਗਟਾਇਆ ਹੈ।

ਖ਼ਬਰ ਏਜੰਸੀ ਰਾਇਟਰਜ਼ ਦੀ ਰਿਪੋਰਟ ਮੁਤਾਬਕ ਟੋਰਾਂਟੋ ਵਿੱਚ ਹੋਏ ਇਸ ਸਮਾਗਮ ਵਿੱਚ ਵੱਖਰੇ ਖਾਲਿਸਤਾਨ ਰਾਜ ਦੇ ਪੱਖ ਵਿੱਚ ਨਾਅਰੇ ਲਾਏ ਗਏ ਸਨ।

ਰੈਲੀ ਵਿੱਚ ਮੌਜੂਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ, "ਅਸੀਂ ਤੁਹਾਡੇ ਅਧਿਕਾਰਾਂ ਅਤੇ ਆਜ਼ਾਦੀਆਂ ਦੀ ਰਾਖੀ ਲਈ ਹਮੇਸ਼ਾ ਮੌਜੂਦ ਰਹਾਂਗੇ। ਅਸੀਂ ਹਮੇਸ਼ਾ ਤੁਹਾਡੇ ਭਾਈਚਾਰੇ ਦੀ ਨਫ਼ਰਤ ਅਤੇ ਵਿਤਕਰੇ ਤੋਂ ਰਾਖੀ ਕਰਾਂਗੇ।"

ਕੈਨੇਡਾ ਦੇ ਵਿਦੇਸ਼ ਮੰਤਰਾਲੇ ਨੇ ਜਸਟਿਨ ਟਰੂਡੋ ਦੀ ਰੈਲੀ 'ਤੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ "ਵਿਸਾਖੀ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਟੋਰਾਂਟੋ ਵਿੱਚ ਹਜ਼ਾਰਾਂ ਲੋਕਾਂ ਨਾਲ ਇਕੱਠੇ ਹੋਏ ਸਨ।"

ਹਰਦੀਪ ਸਿੰਘ ਨਿੱਝਰ ਦਾ ਕਤਲ

ਹਰਦੀਪ ਸਿੰਘ ਨਿੱਝਰ

ਤਸਵੀਰ ਸਰੋਤ, Getty Images

18 ਜੂਨ 2023 ਨੂੰ ਹਰਦੀਪ ਸਿੰਘ ਨਿੱਝਰ ਨੂੰ ਸਰੀ ਦੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ।

ਹਰਦੀਪ ਸਿੰਘ ਨਿੱਝਰ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਪ੍ਰਧਾਨ ਸਨ ਅਤੇ 'ਖਾਲਿਸਤਾਨ ਹਮਾਇਤੀ' ਸਨ।

ਨਿੱਝਰ ਨੂੰ ਅਮਰੀਕਾ ਵਿਚਲੇ 'ਖਾਲਿਸਤਾਨ ਪੱਖੀ' ਗੁਰਪਤਵੰਤ ਸਿੰਘ ਪਨੂੰ ਦਾ ਵੀ ਕਰੀਬੀ ਦੱਸਿਆ ਜਾਂਦਾ ਸੀ।

ਇਸ ਮਗਰੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਨਿੱਝਰ ਦੇ ਕਤਲ ਵਿੱਚ ਭਾਰਤ ਸਰਕਾਰ ਦੇ ਏਜੰਟਾਂ ਦੀ ਸ਼ਮੂਲੀਅਤ ਦੇ ਇਲਜ਼ਾਮ ਲਗਾਏ ਸਨ।

ਭਾਰਤ ਸਰਕਾਰ ਨੇ ਇਨ੍ਹਾਂ ਇਲਜ਼ਾਮਾਂ ਨੂੰ 'ਬੇਬੁਨਿਆਦ' ਦੱਸਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)