ਕੋਵਿਡ ਵੈਕਸੀਨ ਦੁਰਪ੍ਰਭਾਵ: ਐਸਟਰਾਜ਼ੈਨੇਕਾ ਦੇ ਰੁਖ ਵਿੱਚ ਕਿਹੜਾ ਬਦਲਾਅ ਆਇਆ ਕਿ ਪੀੜ੍ਹਤ ਮੁਆਵਜ਼ੇ ਲਈ ਆਸਵੰਦ ਹੋ ਗਏ

ਐਸਟਰਾਜ਼ੈਨਿਕਾ ਦਾ ਟੀਕਾ ਭਰ ਰਹੀ ਨਰਸ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਕਈ ਘੱਟ ਆਮਦਨ ਵਾਲੇ ਦੇਸਾਂ ਵਿੱਚ ਲਾਈ ਜਾਣ ਵਾਲੀ ਵੈਕਸੀਨ ਐਸਟਰਾਜ਼ੈਨੇਕਾ ਦੀ ਸੀ

ਇੱਕ ਪੀੜਤ ਪਿਤਾ ਦੇ ਵਕੀਲ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੇ ਕਲਾਈਂਟ ਦੇ ਦਿਮਾਗ ਨੂੰ ਐਸਟਰਾਜ਼ੈਨੇਕਾ ਦੀ ਕੋਵਿਡ ਵੈਕਸੀਨ ਕਾਰਨ ਨੁਕਸਾਨ ਪਹੁੰਚਿਆ ਹੈ। ਦਵਾਈ ਕੰਪਨੀ ਦੇ ਕਨੂੰਨੀ ਸਟੈਂਡ ਵਿੱਚ ਵੱਡਾ ਬਦਲਾਅ ਆਇਆ ਹੈ।

ਐਸਟਰਾਜ਼ੈਨੇਕਾ ਨੇ ਆਪਣੇ ਅਦਾਲਤੀ ਦਸਤਾਵੇਜ਼ਾਂ ਵਿੱਚ ਪਹਿਲੀ ਵਾਰ ਮੰਨਿਆ ਹੈ ਕਿ ਉਨ੍ਹਾਂ ਦੀ ਦਵਾਈ ਦਾ ਇੱਕ ਬਹੁਤ ਦੁਰਲਭ ਗੌਣ ਅਸਰ ਹੋ ਸਕਦਾ ਹੈ।

ਦਵਾਈ ਕੰਪਨੀ ਨੂੰ ਆਪਣੀ ਕੋਵਿਡ ਵੈਕਸੀਨ ਕਾਰਨ ਮੁਆਵਜ਼ੇ ਦੇ ਮੁਕੱਦਮਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕੁਝ ਦਾਅਵੇਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕਿਸੇ ਸੰਬੰਧੀ ਦੀ ਮੌਤ ਹੋ ਗਈ ਹੈ। ਕੁਝ ਦੂਜੇ ਮਾਮਲਿਆਂ ਵਿੱਚ ਟੀਕੇ ਕਾਰਨ ਗੰਭੀਰ ਸਿਹਤ ਸਮੱਸਿਆ ਦੇ ਸ਼ਿਕਾਰ ਹੋਏ ਹਨ।

ਵਿਗਿਆਨਕ ਅਧਿਐਨ ਦਰਸਾਉਂਦੇ ਹਨ ਕਿ ਕੋਵਿਡ ਦੇ ਟੀਕਿਆਂ ਨੇ ਜਿਨ੍ਹਾਂ ਵਿੱਚ ਐਸਟਰਾਜ਼ੈਨੇਕਾ ਦਾ ਟੀਕਾ ਵੀ ਸ਼ਾਮਿਲ ਹੈ, ਲੱਖਾਂ ਜਾਨਾਂ ਬਚਾਈਆਂ ਹਨ।

ਐਸਟਰਾਜ਼ੈਨੇਕਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ੁਰੂਆਤੀ ਖੁਰਾਕ ਵਜੋਂ ਦੇਣ ਲਈ ਐਸਟਰਾਜ਼ੈਨੇਕਾ ਦਾ ਟੀਕਾ ਕਈ ਗਰੀਬ ਦੇਸਾਂ ਨੂੰ ਲਾਗਤ ਮਾਤਰ ਕੀਮਤ ਉੱਤੇ ਮੁਹੱਈਆ ਕਰਵਾਇਆ ਗਿਆ ਸੀ।

ਪਹਿਲਾ ਦਾਅਵਾ ਦੋ ਬੱਚਿਆਂ ਦੇ ਪਿਤਾ ਜੈਮੀ ਸਕੌਟ ਵੱਲੋਂ ਕੀਤਾ ਗਿਆ ਸੀ। ਉਨ੍ਹਾਂ ਦੇ ਲਹੂ ਦਾ ਕਲੌਟ ਬਣ ਗਿਆ ਸੀ ਜਿਸ ਕਾਰਨ ਉਨ੍ਹਾਂ ਦੇ ਦਿਮਾਗ ਨੂੰ ਨੁਕਸਾਨ ਪਹੁੰਚਿਆ ਸੀ ਅਤੇ ਉਹ ਕੰਮਕਾਜ ਕਰਨ ਤੋਂ ਰਹਿ ਗਏ ਸਨ। ਉਨ੍ਹਾਂ ਨੇ ਅਪ੍ਰੈਲ 2021 ਵਿੱਚ ਟੀਕਾ ਲਗਵਾਇਆ ਸੀ।

ਬ੍ਰਿਟੇਨ ਦੇ ਗਾਹਕ ਸੁਰੱਖਿਆ ਕਾਨੂੰਨ ਤਹਿਤ ਕੀਤੀ ਗਈ ਕਾਰਵਾਈ ਮੁਤਾਬਕ ਇਲਜ਼ਾਮ ਹੈ ਕਿ ਦਵਾਈ “ਤਰੁਟੀਪੂਰਨ” ਸੀ ਕਿਉਂਕਿ ਇਹ ਲੋਕਾਂ ਦੀ ਉਮੀਦ ਨਾਲੋਂ ਘੱਟ ਸੁਰੱਖਿਅਤ ਸੀ।

ਬ੍ਰਿਟੇਨ ਵਿੱਚ ਕੋਵਿਡ ਖਿਲਾਫ਼ ਲਾਇਆ ਜਾਣ ਵਾਲਾ ਪਹਿਲਾ ਟੀਕਾ ਐਸਟਰਾਜ਼ੈਨੇਕਾ ਦਾ ਸੀ। ਜਿਵੇਂ ਕਿ ਬਰਮਿੰਘਮ ਦੀ ਮਸਜਿਦ ਵਿੱਚ ਜਨਵਰੀ 2021 ਵਿਚ ਲਗਾਏ ਗਏ ਸਨ।

ਐਸਟਰਾਜ਼ੈਨੇਕਾ ਮੁਕੱਦਮੇ ਲੜ ਰਹੀ ਹੈ ਪਰ ਉਨ੍ਹਾਂ ਨੇ ਇੰਗਲਿਸ਼ ਹਾਈ ਕੋਰਟ ਨੂੰ ਫਰਵਰੀ ਵਿੱਚ ਜਮ੍ਹਾ ਕਰਵਾਏ ਦਸਤਾਵੇਜ਼ਾਂ ਵਿੱਚ ਮੰਨਿਆ ਹੈ ਕਿ ਇਸਦਾ ਕੋਵਿਡ ਟੀਕਾ “ਕੁਝ ਬਹੁਤ ਦੁਰਲਭ ਮਾਮਲਿਆਂ ਵਿੱਚ ਟੀਟੀਐੱਸ ਦੀ ਵਜ੍ਹਾ ਬਣ ਸਕਦਾ ਹੈ”।

ਮੁਕੱਦਮੇ ਦੇ ਵਕੀਲਾਂ ਦਾ ਕਹਿਣਾ ਹੈ ਕਿ ਟੀਟੀਐੱਸ ਦਾ ਮਤਲਬ 'ਥਰੌਂਬੋਸਿਸ ਵਿਦ ਥਰੋਮਬੋਇਕਟੋਪੇਨੀਆ ਸਿੰਡਰੋਮ' ਜਦੋਂ ਇਹ ਟੀਕੇ ਤੋਂ ਬਾਅਦ ਹੁੰਦੀ ਹੈ ਤਾਂ ਇਸ ਨੂੰ ਵੀਆਈਟੀਟੀ ਵੀ ਕਿਹਾ ਜਾਂਦਾ ਹੈ ਜਿੱਥੇ ਇਸਦਾ ਮਤਲਬ ਹੁੰਦਾ ਹੈ 'ਵੈਕਸੀਨ ਇੰਡਿਊਸਡ ਇਮਿਊਨ ਥਰੋਮਬੋਸਿਸ ਵਿਦ ਥਰੋਮਬੌਇਕਟੋਪੇਨੀਆ' ਹੁੰਦਾ ਹੈ।

ਟੀਟੀਐੱਸ/ਵੀਆਈਟੀਟੀ ਇੱਕ ਦੁਰਲਭ ਸਿੰਡਰੋਮ ਹੈ। ਜਿਸ ਦੇ ਲੱਛਣ ਥਰੋਮਬੋਸਿਸ (ਖੂਨ ਜੰਮਣਾ) ਅਤੇ ਥਰੋਮਬੌਇਕਟੋਪੇਨੀਆ (ਪਲੇਟਲੈਟ ਘਟਣਾ) ਹਨ।

ਟੀਟੀਐੱਸ ਅਤੇ ਵੀਆਈਟੀਟੀ ਦੇ ਨਤੀਜੇ ਸੰਭਾਵੀ ਤੌਰ ਉੱਤੇ ਜਾਨਲੇਵਾ ਹੁੰਦੇ ਹਨ। ਇਨ੍ਹਾਂ ਵਿੱਚ ਦੌਰਾ, ਦਿਮਾਗੀ ਨੁਕਸਾਨ, ਦਿਲ ਦੇ ਦੌਰੇ, ਪਲਮਨਰੀ ਇਮਬੋਲਿਜ਼ਮ ਅਤੇ ਅੰਗ ਕੱਟਣ ਤੱਕ ਹੋ ਸਕਦੇ ਹਨ।

ਥਰੋਮਬੋਸਿਸ ਦੇ ਕਈ ਰੂਪ ਹੁੰਦੇ ਹਨ ਅਤੇ ਇਹ ਬਿਨਾਂ ਟੀਕੇ ਵਾਲਿਆਂ ਨੂੰ ਵੀ ਹੋ ਸਕਦਾ ਹੈ। ਜਦਕਿ ਦੁਰਲਭ ਟੀਟੀਐੱਸ/ਵੀਆਈਟੀਟੀ ਸਿਰਫ਼ ਟੀਕੇ ਤੋਂ ਬਾਅਦ ਹੋਣ ਵਾਲੇ ਥਰੋਮਬੋਸਿਸ ਨੂੰ ਹੀ ਕਿਹਾ ਜਾਂਦਾ ਹੈ।

ਸ਼ੁਰੂਆਤੀ ਖੁਰਾਕ ਵਜੋਂ ਦੇਣ ਲਈ ਐਸਟਰਾਜ਼ੈਨੇਕਾ ਦਾ ਟੀਕਾ ਕਈ ਗਰੀਬ ਦੇਸਾਂ ਨੂੰ ਲਾਗਤ ਮਾਤਰ ਕੀਮਤ ਉੱਤੇ ਮੁਹੱਈਆ ਕਰਵਾਇਆ ਗਿਆ ਸੀ। ਜਿਵੇਂ ਕਿ ਜਮਾਇਕਾ ਦੀ ਜਲੀਸਕੋ ਸਟੇਟ ਵਿੱਚ।

ਸਕੌਟ ਦੇ ਵਕੀਲ ਨੇ ਇੱਕ ਪੱਤਰ ਵਿੱਚ ਬੀਬੀਸੀ ਕੋਲ ਪੁਸ਼ਟੀ ਕੀਤੀ ਹੈ ਕਿ ਐਸਟਰਾਜ਼ੈਨੇਕਾ ਨੇ ਇੱਕ ਨੋਟਿਸ ਦੇ ਜਵਾਬ ਵਿੱਚ ਮਈ 2023 ਵਿੱਚ ਉਨ੍ਹਾਂ ਨੂੰ ਕਿਹਾ ਕਿ “ਅਸੀਂ ਨਹੀਂ ਮੰਨਦੇ ਕਿ ਟੀਟੀਐੱਸ ਜੈਨਰਿਕ ਪੱਧਰ (ਬਹੁਤ ਵੱਡੇ ਪੱਧਰ ਉੱਤੇ) ਹੋ ਸਕਦਾ ਹੈ”।

ਜਦਕਿ ਫਰਵਰੀ ਵਿੱਚ ਹਾਈ ਕੋਰਟ ਨੂੰ ਜਮ੍ਹਾ ਕਰਵਾਏ ਗਏ ਦਸਤਾਵੇਜ਼ਾਂ ਵਿੱਚ ਐਸਟਰਾਜ਼ੈਨੇਕਾ ਨੇ ਕਿਹਾ, “ਇਹ ਸਵੀਕਾਰ ਕੀਤਾ ਜਾਂਦਾ ਹੈ ਕਿ ਐਸਟਰਾਜ਼ੈਨੇਕਾ ਵੈਕਸੀਨ, ਬਹੁਤ ਦੁਰਲਭ ਮਾਮਲਿਆਂ ਵਿੱਚ, ਟੀਟੀਐਸ ਕਰ ਸਕਦਾ ਹੈ। ਇਸਦੇ ਕਾਰਨਾਂ (ਇਹ ਕਿਵੇਂ ਹੁੰਦਾ) ਹੈ ਪਤਾ ਨਹੀਂ।”

ਕੰਪਨੀ ਚਾਹੁੰਦੀ ਹੈ ਕਿ ਹਰੇਕ ਦਾਅਵੇਦਾਰ ਇਹ ਸਾਬਤ ਕਰਨ ਕਿ ਉਨ੍ਹਾਂ ਨੂੰ ਥਰਮਬੋਸਿਸ ਐਸਟਰਾਜ਼ੈਨੇਕਾ ਦੇ ਟੀਕੇ ਕਾਰਨ ਹੀ ਹੋਇਆ ਅਤੇ ਇਸ ਲਈ ਕੋਈ ਹੋਰ ਕਾਰਨ ਜ਼ਿੰਮੇਵਾਰ ਨਹੀਂ ਹੈ।

ਕੰਪਨੀ ਨੇ ਕਿਹਾ, “ਟੀਐੱਸਐੱਸ ਤਾਂ ਏਜ਼ੈੱਡ ਵੈਕਸੀਨ ਦੇ ਅਣਹੋਂਦ ਵਿੱਚ (ਜਾਂ ਕਿਸੇ ਵੀ ਹੋਰ ਵੈਕਸੀਨ ਨਾਲ) ਵੀ ਹੋ ਸਕਦਾ ਹੈ। ਕਿਸੇ ਵਿਅਕਤੀ ਦੇ ਮਾਮਲੇ ਵਿੱਚ ਕਾਰਨਾਂ ਲਈ ਮਾਹਿਰਾਂ ਦੇ ਸਬੂਤ ਦਾ ਮਸਲਾ ਹੈ।”

ਭਾਰਤ ਵਿੱਚ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਐਸਟਰਾਜ਼ੈਨੇਕਾ ਨਾਲ ਇੱਕ ਖਰਬ ਕੋਵਿਡ ਵੈਕਸੀਨ ਬਣਾਉਣ ਲਈ ਕਰਾਰ ਕੀਤਾ ਅਤੇ ਵੱਡੀ ਗਿਣਤੀ ਵਿੱਚ ਕੋਵੀਸ਼ੀਲਡ ਦੇ ਨਾਮ ਹੇਠ ਲੋਕਾਂ ਨੂੰ ਲਾਈ ਗਈ।

ਐਸਟਰਾਜ਼ੈਨੇਕਾ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਭਾਰਤ ਵਿੱਚ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਐਸਟਰਾਜ਼ੈਨੇਕਾ- ਆਕਸਫੋਰਡ ਵੈਕਸੀਨ ਦਾ ਨਿਰਮਾਣ ਕੀਤਾ

ਐਸਟਰਾਜ਼ੈਨਿਕਾ ਦੇ ਰੁੱਖ ਵਿੱਚ ‘ਵੱਡਾ ਬਦਲਾਅ’

ਸਕੌਟ ਸਮੇਤ ਹੋਰ 51 ਜਣਿਆਂ ਨੇ ਮੁਆਵਜ਼ੇ ਲਈ ਦਾਅਵਾ ਕੀਤਾ ਹੈ। ਇਨ੍ਹਾਂ ਦੇ ਵਕੀਲ ਦਾ ਕਹਿਣਾ ਹੈ ਕਿ ਇਹ ਇਸ ਮਾਮਲੇ ਵਿੱਚ ਐਸਟਰਾਜ਼ੈਨੇਕਾ ਦੇ ਰੁੱਖ ਵਿੱਚ ਵੱਡਾ ਬਦਲਾਅ ਆਇਆ ਹੈ।

ਲੀ ਡੇ ਲੀਗਲ ਫਰਮ ਤੋਂ ਸਾਰ੍ਹਾ ਮੂਰੇ ਨੇ ਬੀਬੀਸੀ ਨੂੰ ਦੱਸਿਆ, “ਜੈਨਰਿਕ ਕਾਜ਼ੇਸ਼ਨ ਮੰਨਣ ਵਾਲੀ ਮਹੱਤਵਪੂਰਨ ਗੱਲ ਹੈ। ਇਸਦਾ ਮਤਲਬ ਹੈ ਕਿ ਐਸਟਰਾਜ਼ੈਨੇਕਾ ਦੇ ਟੀਕੇ ਕਾਰਨ ਟੀਟੀਐੱਸ ਅਤੇ ਖਾਸ ਕਰਕੇ ਵੀਆਈਟੀਟੀ ਹੋ ਸਕਦਾ ਹੈ।”

ਸਾਰ੍ਹਾ ਨੇ ਕਿਹਾ, “ਇਹ ਮਹੱਤਵਪੂਰਨ ਹੈ ਕਿ ਹੁਣ ਉਨ੍ਹਾਂ ਨੇ ਆਪਣਾ ਰੁੱਖ ਬਦਲਣ ਦਾ ਫੈਸਲਾ ਕੀਤਾ ਹੈ।”

ਇਹ ਗੱਲ ਮੰਨ ਲੈਣ ਮਗਰੋਂ ਦਾਅਵੇਦਾਰਾਂ ਨੂੰ ਮੁਆਵਜ਼ਾ ਮਿਲਣ ਦਾ ਰਾਹ ਖੁੱਲ੍ਹ ਸਕਦਾ ਹੈ, ਜੋ ਕਿ ਉਹ ਕਹਿ ਰਹੇ ਹਨ ਕਿ ਜ਼ਾਇਜ਼ ਮੁਆਵਜ਼ਾ ਮੰਗ ਰਹੇ ਹਨ ਅਤੇ ਉਨ੍ਹਾਂ ਨੂੰ ਆਰਥਿਕ ਸੁਰੱਖਿਆ ਮੁੜ ਹਾਸਲ ਕਰਨ ਵਿੱਚ ਮਦਦ ਕਰੇਗਾ।

ਮੰਗਲਵਾਰ ਨੂੰ ਐਸਟਰਾਜ਼ੈਨੇਕਾ ਨੇ ਬੀਬੀਸੀ ਨਾਲ ਗੱਲ ਕੀਤੀ ਪਰ ਸਾਰ੍ਹਾ ਮੂਰ ਵੱਲੋਂ ਖੜ੍ਹੇ ਕੀਤੇ ਨੁਕਤਿਆਂ ਦੇ ਹਵਾਲੇ ਨਾਲ ਕੋਈ ਵਿਸ਼ੇਸ਼ ਟਿੱਪਣੀ ਨਹੀਂ ਕੀਤੀ।

ਆਪਣੇ ਬਿਆਨ ਵਿੱਚ ਕੰਪਨੀ ਨੇ ਬੀਬੀਸੀ ਨੂੰ ਕਿਹਾ, “ਜਿਨ੍ਹਾਂ ਨੇ ਵੀ ਆਪਣੇ ਪਿਆਰੇ ਗੁਆਏ ਹਨ ਜਾਂ ਸਿਹਤ ਨੂੰ ਨੁਕਸਾਨ ਪਹੁੰਚਿਆ ਹੈ, ਉਨ੍ਹਾਂ ਨਾਲ ਸਾਡੀ ਹਮਦਰਦੀ ਹੈ। ਮਰੀਜ਼ਾਂ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਪਹਿਲ ਹੈ ਅਤੇ ਰੈਗੂਲੇਟਰੀ ਸੰਸਥਾਵਾਂ ਦੇ ਟੀਕਿਆਂ ਸਮੇਤ ਸਾਰੀਆਂ ਦਵਾਈਆਂ ਦੀ ਸੁਰੱਖਿਅਤ ਵਰਤੋਂ ਯਕੀਨੀ ਬਣਾਉਣ ਲਈ ਸਖ਼ਤ ਅਤੇ ਸਪਸ਼ਟ ਸਟੈਂਡਰਡ ਹਨ।”

ਬਿਆਨ ਵਿੱਚ ਅੱਗੇ ਕਿਹਾ ਗਿਆ, “ਕਲੀਨਿਕਲ ਟਰਾਇਲ ਅਤੇ ਅਸਲ ਦੁਨੀਆਂ ਦੇ ਡੇਟਾ ਦੇ ਸਬੂਤਾਂ ਤੋਂ, ਐਸਟਰਜ਼ੈਨਿਕਾ ਆਕਫੋਰਡ ਵੈਕਸੀਨ ਨੇ ਸਵੀਕਾਰਨਯੋਗ ਸੇਫਟੀ ਪ੍ਰੋਫਾਈਲ ਦਿਖਾਈ ਹੈ। ਅਤੇ ਦੁਨੀਆਂ ਭਰ ਦੇ ਰੈਗੂਲੇਟਰਾਂ ਨੇ ਲਗਾਤਾਰ ਕਿਹਾ ਹੈ ਕਿ ਵੈਕਸੀਨੇਸ਼ਨ ਦੇ ਲਾਭ ਇਸਦੀਆਂ ਸੰਭਾਵੀ ਬਹੁਤ ਦੁਰਲਭ ਗੌਣ ਪ੍ਰਭਾਵਾਂ ਤੋਂ ਕਿਤੇ ਜ਼ਿਆਦਾ ਹਨ।”

ਐਸਟਰਾਜ਼ੈਨੇਕਾ ਦੀ ਵੈਕਸੀਨ ਚੀਨ ਤੋਂ ਬਾਹਰ ਲੌਕਡਾਊਨ ਲੱਗਣ ਤੋਂ ਇੱਕ ਸਾਲ ਤੋਂ ਵੀ ਘੱਟ ਸਮੇਂ ਦੇ ਅੰਦਰ ਜਾਰੀ ਕਰ ਦਿੱਤੀ ਗਈ ਸੀ, ਜਿਵੇਂ ਕਿ ਕੀਨੀਆ ਵਿੱਚ ਜਿੱਥੇ ਮਾਰਚ 2021 ਵਿੱਚ ਸਿਹਤ ਕਾਮਿਆਂ ਨੂੰ ਇਸਦੀ ਖੁਰਾਕ ਦਿੱਤੀ ਗਈ ਸੀ।

ਐਸਟਰਾਜ਼ੈਨੇਕਾ ਦਾ ਟੀਕਾ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਭਾਰਤ ਵਿੱਚ ਕੋਰੋਨਾ ਵਾਇਰਸ ਦੇ ਦੋ ਟੀਕਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਸੀ

ਮੈਡੀਕਲ ਸਲਾਹ ਵਿੱਚ ਬਦਲਾਅ

ਜੂਨ 2022 ਵਿੱਚ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਸੀ ਕਿ “ਐਸਟਰਾਜ਼ੈਨੇਕਾ ਵੈਕਸੀਨ 18 ਅਤੇ ਉਸ ਤੋਂ ਉਪਰ ਦੇ ਵਿਅਕਤੀਆਂ ਲਈ ਸੁਰੱਖਿਅਤ ਅਤੇ ਕਾਰਗਰ ਹੈ”।

ਸੱਤ ਅਪ੍ਰੈਲ 2021 ਨੂੰ 30 ਸਾਲ ਤੋਂ ਹੇਠਾਂ ਦੇ ਲੋਕਾਂ ਬਾਰੇ ਜੁਆਇੰਟ ਕਮੇਟੀ ਆਨ ਵੈਕਸੀਨੇਸ਼ਨ ਐਂਡ ਇਮਿਊਨਾਈਜ਼ੇਸ਼ਨ ਨੇ “ਬਹੁਤ ਥੋੜ੍ਹੇ ਲੋਕਾਂ ਵਿੱਚ ਬਹੁਤ ਹੀ ਦੁਰਲਭ ਖੂਨ ਜੰਮਣ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ” 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਐਸਟਰਾਜ਼ੈਨੇਕਾ ਦੇ ਬਦਲ ਦੀ ਪੇਸ਼ਕਸ਼ ਕਰਨ ਦੀ ਸਲਾਹ ਦਿੱਤੀ ਸੀ।

ਐਸਟਰਾਜ਼ੈਨੇਕਾ ਦਾ ਇਹ ਵੀ ਕਹਿਣਾ ਹੈ ਕਿ ਉਸ ਨੇ ਆਪਣੇ ਡੱਬਿਆਂ ਅਤੇ ਸ਼ੀਸ਼ੀਆਂ ਉੱਪਰ ਇਹ ਸਲਾਹ ਵੀ ਛਾਪ ਦਿੱਤੀ ਸੀ।

ਸੱਤ ਮਈ 2021 ਨੂੰ ਇਸ ਸਲਾਹਕਾਰੀ ਵਿੱਚ ਸੋਧ ਕਰਕੇ 40 ਸਾਲ ਤੋਂ ਛੋਟੀ ਉਮਰ ਦੇ ਸਾਰੇ ਬਾਲਗ ਇਸ ਵਿੱਚ ਸ਼ਾਮਲ ਕਰ ਦਿੱਤੇ ਗਏ ਸਨ।

ਐਸਟਰਾਜ਼ੈਨੇਕਾ ਨੇ ਬੀਬੀਸੀ ਨੂੰ ਦੱਸਿਆ, “ਹੁਣ ਤੱਕ, ਦੁਨੀਆਂ ਭਰ ਵਿੱਚ 30 ਸਿਵਲ ਸੁਣਵਾਈਆਂ ਵਾਪਸ ਲਈਆਂ ਜਾ ਚੁੱਕੀਆਂ ਹਨ, ਤਿਆਗ ਦਿੱਤੀਆਂ ਜਾ ਚੁੱਕੀਆਂ ਹਨ ਜਾਂ ਉਨ੍ਹਾਂ ਦੇ ਫੈਸਲੇ ਐਸਟਰਾਜ਼ੈਨੇਕਾ ਦੇ ਪੱਖ ਵਿੱਚ ਆਏ ਹਨ।”

ਢੁਕਵਾਂ ਮੁਆਵਜ਼ਾ

ਜੈਮੀ ਦੀ ਪਤਨੀ ਕੇਟ ਸਕੌਟ ਬੀਬੀਸੀ ਨੂੰ ਇਸ ਤੋਂ ਪਹਿਲਾਂ ਦੱਸਿਆ ਸੀ, “ਜੈਮੀ ਦੇ ਮਾਹਿਰਾਂ ਕੋਲ 250 ਤੋਂ ਜ਼ਿਆਦਾ ਮੁੜਵਸੇਬਾ ਸੈਸ਼ਨ ਹੋ ਚੁੱਕੇ ਹਨ। ਉਸ ਨੂੰ ਦੁਬਾਰਾ ਤੁਰਨਾ, ਲੰਘਾਉਣਾ, ਗੱਲ ਕਰਨਾ ਸਿੱਖਣਾ ਪਿਆ। ਉਸ ਨੂੰ ਯਾਦ ਨਾਲ ਸਬੰਧਤ ਮੁਸ਼ਕਿਲਾਂ ਸਨ।”

“ਭਾਵੇਂ ਉਨ੍ਹਾਂ ਨਾਲ ਉਸ ਵਿੱਚ ਬਹੁਤ ਸੁਧਾਰ ਹੋਇਆ ਹੈ। ਪਰ ਹੁਣ ਅਸੀਂ ਉਸ ਮੁਕਾਮ ਉੱਤੇ ਹਾਂ ਜਿੱਥੇ ਜੋ ਜੈਮੀ ਦਾ ਨਵਾਂ ਰੂਪ ਹੈ, ਉਹੀ ਜਾਰੀ ਰਹੇਗਾ। ਉਸ ਨੂੰ ਸਮਝ ਦੀਆਂ ਸਮੱਸਿਆਵਾਂ ਹਨ... ਉਸ ਨੂੰ ਭਾਸ਼ਾ ਅਤੇ ਬੋਲਣ ਦੀ ਸਮੱਸਿਆ ਹੈ... ਗੰਭੀਰ ਸਿਰ ਪੀੜ ਅਤੇ ਅੰਧਰਾਤਾ ਹੈ।”

ਕੇਟ ਨੇ ਅੱਗੇ ਕਿਹਾ, “(ਬ੍ਰਿਟੇਨ) ਸਰਕਾਰ ਵੈਕਸੀਨ ਡੈਮੇਜ ਪੇਮੈਂਟ ਸਕੀਮ ਵਿੱਚ ਬਦਲਾਅ ਕਰੇ। ਇਹ ਨਾ ਕਾਰਗਰ ਅਤੇ ਅਨਿਆਂਕਾਰੀ ਹੈ... ਅਤੇ ਫਿਰ ਸਾਨੂੰ ਢੁਕਵਾਂ ਮੁਆਵਜ਼ਾ ਚਾਹੁੰਦੇ ਹਾਂ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)