ਅਮਰੀਕਾ 'ਚ ਵਿਦਿਆਰਥੀਆਂ ਦਾ ਗੁੱਸਾ: 'ਸਾਡੀ ਯੂਨੀਵਰਸਿਟੀ ਮੌਤਾਂ ਤੋਂ ਮੁਨਾਫ਼ਾ ਕਮਾ ਰਹੀ ਹੈ', ਗਾਜ਼ਾ ਤੇ ਫਲਸਤੀਨ ਦਾ ਕਿਉਂ ਸਮਰਥਨ

ਪ੍ਰਿੰਸਟਨ ਯੂਨੀਵਰਸਿਟੀ ਦੇ ਵਿਦਿਆਰਥੀ

ਤਸਵੀਰ ਸਰੋਤ, Hassan Sayed and Achinthya Sivalingam

ਤਸਵੀਰ ਕੈਪਸ਼ਨ, ਅਚਿੰਤਿਆ ਸਿਵਾਲਿੰਗਮ (ਸੱਜੇ) ਅਤੇ ਹਸਨ ਸਈਦ (ਖੱਬੇ)
    • ਲੇਖਕ, ਅਹਿਮੀਨ ਖ਼ਵਾਜਾ
    • ਰੋਲ, ਬੀਬੀਸੀ ਵਰਲਡ ਨਿਊਜ਼

ਜਦੋਂ ਅਮਰੀਕਾ ਦੀ ਪ੍ਰਿੰਸਟਨ ਯੂਨੀਵਰਸਿਟੀ ਵਿੱਚ ਗਰੈਜੂਏਟ ਦੀ ਵਿਦਿਆਰਥੀ ਅਚਿੰਤਿਆ ਸਿਵਾਲਿੰਗਮ 25 ਅਪ੍ਰੈਲ ਨੂੰ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਲਈ ਨਿਕਲੀ ਤਾਂ ਉਨ੍ਹਾਂ ਨੂੰ ਬਿਲਕੁਲ ਵੀ ਚਿੱਤ-ਚੇਤੇ ਨਹੀਂ ਸੀ ਕਿ ਉਨ੍ਹਾਂ ਨੂੰ ਇੱਕ ਦਿਨ ਵਿੱਚ ਹੀ ਕੈਂਪਸ ਵੜਨ ਤੋਂ ਬੈਨ ਕਰਕੇ ਬੇਘਰ ਕਰ ਦਿੱਤਾ ਜਾਵੇਗਾ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ,“ਸਾਡੇ ਵਿੱਚੋਂ ਤੀਹ ਤੋਂ ਵੀ ਜ਼ਿਆਦਾ ਜਣੇ 07.00 ਵਜੇ ਗਾਜ਼ਾ ਵਿੱਚ ਨਸਲਕੁਸ਼ੀ ਖਿਲਾਫ਼ ਸ਼ਾਂਤਮਈ ਮੁਜ਼ਾਹਰਾ ਕਰਨ ਲਈ ਕੈਂਪਸ ਗਰਾਊਂਡ ਵਿੱਚ ਇਕੱਠੇ ਹੋਏ।”

28 ਸਾਲਾ ਅਚਿੰਤਿਆ ਫਿਲਹਾਲ ਨਿਊ ਜਰਸੀ ਵਿੱਚ ਯੂਨੀਵਰਸਿਟੀ ਵਿੱਚ ਆਪਣੇ ਰਹਿਣ ਦੀ ਥਾਂ ਤੋਂ ਗੱਲ ਕਰ ਰਹੀ ਸੀ ਜਿੱਥੇ ਉਹ ਕਦੋਂ ਤੱਕ ਰੁਕ ਸਕਣਗੇ ਇਹ ਪਤਾ ਨਹੀਂ।

ਉਹ ਕਹਿੰਦੇ ਹਨ, ''ਸਾਡੀ ਯੂਨੀਵਰਸਿਟੀ ਦੇ ਇਜ਼ਰਾਈਲੀ ਸੰਸਥਾਵਾਂ ਵਿੱਚ ਸੰਸਥਾਈ ਨਿਵੇਸ਼ ਹਨ। ਉਨ੍ਹਾਂ ਨੇ ਗਾਜ਼ਾ ਅਤੇ ਫਲਸਤੀਨ ਦੇ ਲੋਕਾਂ ਦੇ ਕਤਲਾਂ ਵਿੱਚ ਨਿਵੇਸ਼ ਕੀਤਾ ਹੋਇਆ ਹੈ। ਅਸੀਂ ਵਿਰੋਧ ਕਰ ਰਹੇ ਹਾਂ ਕਿ ਇਹ ਠੀਕ ਨਹੀਂ ਹੈ।''

ਪਿਛਲੇ ਸਾਲ ਅਕਤੂਬਰ ਵਿੱਚ ਜਦੋਂ ਤੋਂ ਗਾਜ਼ਾ ਵਿੱਚ ਜੰਗ ਛਿੜੀ ਹੈ ਅਮਰੀਕੀ ਯੂਨੀਵਰਸਿਟੀਆਂ ਦੇ ਵਿਦਿਆਰਥੀ ਇਸ ਖਿਲਾਫ਼ ਆਪਣੀਆਂ ਸੰਸਥਾਵਾਂ ਵਿੱਚ ਮੁਜ਼ਾਹਰੇ ਕਰ ਰਹੇ ਹਨ। ਭੁੱਖ ਹੜਤਾਲਾਂ ਕਰ ਰਹੇ ਹਨ ਅਤੇ ਕੈਂਪ ਲਗਾ ਕੇ ਬੈਠੇ ਹਨ।

ਉਨ੍ਹਾਂ ਦੀ ਮੰਗ ਹੈ ਕਿ ਅਮਰੀਕੀ ਯੂਨੀਵਰਸਿਟੀਆਂ ਇਜ਼ਰਾਈਲ ਨਾਲ ਜੁੜੀਆਂ ਸੰਸਥਾਵਾਂ ਅਤੇ ਵਿਅਕਤੀਆਂ ਨਾਲੋਂ ਆਪਣੇ ਰਿਸ਼ਤੇ ਖ਼ਤਮ ਕਰਨ।

ਵਿਦਿਆਰਥੀਆਂ ਦੇ ਟੈਂਟ ਪਹਿਲੀ ਵਾਰ ਨਿਊ ਯਾਰਕ ਦੀ ਕੋਲੰਬੀਆ ਯੂਨੀਵਰਸਿਟੀ ਦੇ ਮੈਦਾਨਾਂ ਵਿੱਚ 17 ਅਪ੍ਰੈਲ ਨੂੰ ਨਜ਼ਰ ਆਏ ਸਨ।

ਜਦੋਂ ਦੰਗਾ ਰੋਕੂ ਉਪਕਰਣਾਂ ਨਾਲ ਲੈਸ ਪੁਲਿਸ ਨੇ ਉਨ੍ਹਾਂ ਨੂੰ ਉਠਾਇਆ ਤਾਂ ਮੁਜ਼ਾਹਰੇ ਪੂਰੇ ਅਮਰੀਕਾ ਵਿੱਚ ਫੈਲ ਗਏ।

ਪਿਛਲੇ ਦੋ ਹਫ਼ਤਿਆਂ ਦੌਰਾਨ ਅਮਰੀਕਾ ਦੇ ਵੱਖੋ-ਵੱਖ ਵਿਦਿਅਕ ਅਦਾਰਿਆਂ ਤੋਂ ਕਈ ਹਜ਼ਾਰ ਵਿਦਿਆਰਥੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।

ਗ੍ਰਿਫ਼਼ਤਾਰੀਆਂ ਦਾ ਦਿਨ

ਪ੍ਰਿੰਸਟਨ ਵਿੱਚ ਵਿਦਿਆਰਥੀਆਂ ਦਾ ਵਿਰੋਧ

ਤਸਵੀਰ ਸਰੋਤ, Princeton Gaza Solidarity Encampment

ਸਿਵਾਲਿੰਗਮ ਨੇ ਕਿਹਾ, “ਜਿਵੇਂ ਅਸੀਂ ਟੈਂਟ ਲਾਉਣੇ ਸ਼ੁਰੂ ਕੀਤੇ, ਪੁਲਿਸ ਆ ਗਈ।”

ਹੋ ਸਕਦਾ ਹੈ ਉਨ੍ਹਾਂ ਨੇ ਚੇਤਾਵਨੀ ਦਿੱਤੀ ਹੋਵੇ ਪਰ ਸਿਵਾਲਿੰਗਮ ਦਾ ਕਹਿਣਾ ਹੈ ਉਨ੍ਹਾਂ ਨੇ ਉਹ ਨਹੀਂ ਸੁਣੀ।

“ਅਸੀਂ ਸਾਰੇ ਗਾ ਰਹੇ ਸੀ ਅਤੇ ਬਹੁਤ ਰੌਲਾ ਪੈ ਰਿਹਾ ਸੀ। ਮੈਂ ਇੱਕ ਪੁਲਿਸ ਵਾਲੇ ਨੂੰ ਕਹਿੰਦੇ ਸੁਣਿਆ, ‘ਇਨ੍ਹਾਂ ਦੋ ਨੂੰ ਲਿਆਓ।”

ਸਿਵਾਲਿੰਗਮ ਨੂੰ ਇੱਕ ਹੋਰ ਵਿਦਿਆਰਥੀ, ਹਸਨ ਸਈਦ ਦੇ ਨਾਲ ਫੜ ਲਿਆ ਗਿਆ। ਉਨ੍ਹਾਂ ਦੇ ਹੱਥ ਜ਼ਿਪ-ਟਾਈ ਨਾਲ ਕਸ ਕੇ ਬੰਨ੍ਹ ਦਿੱਤੇ ਗਏ।

ਸਿਵਾਲਿੰਗਮ ਨੇ ਦੱਸਿਆ,“ਮੈਨੂੰ ਲਗਦਾ ਹੈ ਇਹ ਸਭ ਤੋਂ ਡਰਾਉਣਾ ਸੀ। ਮੈਨੂੰ ਆਪਣੇ ਹੱਥ ਮਹਿਸੂਸ ਨਹੀਂ ਹੋ ਰਹੇ ਸਨ। ਉਸ ਕਾਰਨ ਮੇਰੇ ਗੁੱਟਾਂ ਉੱਤੇ ਅਜੇ ਵੀ ਨੀਲ ਹਨ। ਮੈਂ ਦਰਦ ਕਾਰਨ ਰੋ ਰਹੀ ਸੀ।”

ਸਿਵਾਲਿੰਗਮ ਅਤੇ ਸਈਦ ਦੋਵਾਂ ਨੂੰ ਕੈਂਪਸ ਵਿੱਚ ਹੀ ਬਣੇ ਪੁਲਿਸ ਥਾਣੇ ਲਿਜਾਇਆ ਗਿਆ ਅਤੇ ਉੱਥੇ ਉਨ੍ਹਾਂ ਉੱਤੇ ‘ਡਿਫਾਇੰਟ ਟਰੈਸਪਾਸਿੰਗ’ ਦਾ ਚਾਰਜ ਲਾਇਆ ਗਿਆ।

ਇਹ ਸਾਡੇ ਨਾਲ ਸਾਡੇ ਹੀ ਕੈਂਪਸ ਵਿੱਚ ਹੋ ਰਿਹਾ ਸੀ ਜਿੱਥੇ ਅਸੀਂ ਵਿਦਿਆਰਥੀਆਂ ਹੋਸਟਲਾਂ ਵਿੱਚ ਰਹਿੰਦੇ ਹਾਂ।

ਉਨ੍ਹਾਂ ਉੱਪਰ ਕੈਂਪਸ ਵਿੱਚ ਦਾਖਲ ਹੋਣ ਤੋਂ ਵੀ ਰੋਕ ਲਗਾ ਦਿੱਤੀ ਗਈ, ਉਹ ਆਪਣੇ ਰਿਹਾਇਸ਼ੀ ਕੁਆਰਟਰਾਂ ਵਿੱਚ ਵੀ ਨਹੀਂ ਜਾ ਸਕਦੇ ਸਨ। ਇਸ ਕਾਰਨ ਉਹ ਅਸਲ ਮਾਅਨਿਆਂ ਵਿੱਚ ਬੇਘਰੇ ਹੋ ਗਏ ਸਨ।

ਪੁਲਿਸ ਵਾਲੇ ਸਿਵਾਲਿੰਗਮ ਨੂੰ ਉਨ੍ਹਾਂ ਦੇ ਕੁਆਰਟਰ ਤੱਕ ਲੈ ਕੇ ਗਏ, ਉਹ ਉਸਦੇ ਕਮਰੇ ਦੇ ਬਾਹਰ ਖੜ੍ਹੇ ਹੋ ਗਏ ਅਤੇ ਕਿਹਾ ਗਿਆ ਕਿ ਉਸ ਕੋਲ ਪੰਜ ਮਿੰਟ ਹਨ ਜੋ ਕੁਝ ਵੀ ਉਸ ਨੇ ਚੁੱਕਣਾ ਹੈ ਚੁੱਕਣ ਲਈ।

“ਮੈਂ ਜੋ ਚੁੱਕ ਸਕਦੀ ਸੀ ਚੁੱਕਿਆ ਮੈਥੋਂ ਸਿੱਧਾ ਸੋਚਿਆ ਵੀ ਨਹੀਂ ਜਾ ਰਿਹਾ ਸੀ ਕਿਉਂਕਿ ਮੈਂ ਕੁਝ ਹਲਕਾ-ਫੁਲਕਾ ਖਾਣ ਲਈ ਓਟਸ ਚੁੱਕੇ।“

ਉਨ੍ਹਾਂ ਨੂੰ ਕੁਝ ਘੰਟਿਆਂ ਬਾਅਦ ਉਨ੍ਹਾਂ ਦੇ ਕੁਆਰਟਰਾਂ ਵਿੱਚ ਜਾਣ ਦੇ ਦਿੱਤਾ ਗਿਆ। ਪਰ ਯੂਨੀਵਰਸਿਟੀ ਵਿੱਚ ਦਾਖਲ ਹੋਣ ਤੋਂ ਅਜੇ ਵੀ ਬੈਨ ਹਨ ਅਤੇ ਕਾਨੂੰਨੀ ਅਤੇ ਅਨੁਸ਼ਾਸ਼ਨੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ।

“ਇਹ ਵਾਕਈ ਸਹੀ ਨਹੀਂ ਲੱਗ ਰਿਹਾ ਕਿ ਉਨ੍ਹਾਂ ਨੇ ਵੱਖ-ਵੱਖ ਪਿਛੋਕੜਾਂ ਵਾਲੇ ਵਿਦਿਆਰਥੀਆਂ ਦੇ ਸਮੂਹ ਵਿੱਚੋਂ ਸਿਰਫ਼ ਦੋ ਗੈਰ-ਗੋਰੇ ਵਿਦਿਆਰਥੀਆਂ ਨੂੰ ਗ੍ਰਿਫ਼ਾਤਾਰ ਕੀਤਾ।”

ਗ੍ਰਿਫ਼ਤਾਰੀ ਤੋਂ ਕੁਝ ਪਹਿਲਾਂ ਪ੍ਰਿੰਸਟਨ ਨੇ ਆਪਣੇ ਵਿਦਿਆਰਥੀਆਂ ਨੂੰ ਫਰੀ ਸਪੀਚ ਬਾਰੇ ਅਤੇ ਮੁਜ਼ਾਹਰਿਆਂ ਨਾਲ ਨਜਿੱਠਣ ਸੰਬੰਧੀ ਆਪਣੀ ਨੀਤੀ ਬਾਰੇ ਲਿਖਤ ਵਿੱਚ ਸੂਚਿਤ ਕੀਤਾ।

ਯੂਨੀਵਰਸਿਟੀ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਯੂਨੀਵਰਸਿਟੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕੁਝ ਪ੍ਰਦਰਸ਼ਨਕਾਰੀਆਂ ਨੇ ਕੈਂਪਸ ਦੇ ਹੈਮਿਲਟਨ ਹਾਲ 'ਤੇ ਕਬਜ਼ਾ ਕਰ ਲਿਆ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਬੁਲਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਸੀ।

ਯੂਨੀਵਰਸਿਟੀ ਨੇ ਕਿਹਾ ਕਿ “ਉਹ ਸਾਰੇ ਮਸਲਿਆਂ ਦੀ ਅਜ਼ਾਦ ਅਤੇ ਖੁੱਲ਼੍ਹੀ ਜਾਂਚ ਕਰਵਾਉਣ ਲਈ ਵਚਨਬੱਧ ਹੈ” ਅਤੇ “ਯੂਨੀਵਰਸਿਟੀ ਭਾਈਚਾਰੇ ਦੇ ਸਾਰੇ ਮੈਂਬਰਾਂ ਨੂੰ ਬੋਲਣ, ਲਿਖਣ, ਸੁਣਨ, ਚੁਣੌਤੀ ਦੇਣ ਅਤੇ ਸਿੱਖਣ ਦੇ ਯਥਾ ਸੰਭਵ ਖੁੱਲ੍ਹੀ ਤੋਂ ਖੁੱਲ੍ਹੀ ਥਾਂ ਦਿੱਤੀ ਜਾਵੇਗੀ।”

ਬਿਆਨ ਵਿੱਚ ਅੱਗੇ ਕਿਹਾ ਗਿਆ, “ਮੁਜ਼ਾਹਰੇ ਦੇ ਕੁਝ ਕੰਮ (ਜਿਨਾਂ ਵਿੱਚ ਇਮਾਰਤਾਂ ਉੱਤੇ ਕਬਜ਼ਾ ਕਰਨਾ ਜਾਂ ਪਹੁੰਚ ਰੋਕਣੀ, ਬਾਹਰ ਕੈਂਪ ਲਾਉਣੇ ਅਤੇ ਕੈਂਪਸ ਵਿੱਚ ਕਿਤੇ ਵੀ ਸੌਂ ਜਾਣਾ) ਆਪਣੇ ਆਪ ਵਿੱਚ ਅਸੁਰੱਖਿਅਤ ਹਨ।”

ਇਸ ਲਈ ਕੈਂਪਸ ਦੇ ਅੰਦਰ ਕੈਂਪ ਲਾਉਣੇ ਅਤੇ ਕਬਜ਼ੇ ਕਰਨ ਦੀ ਬਿਲਕੁਲ ਮਨਾਹੀ ਕੀਤੀ ਗਈ ਸੀ।

ਇੱਕ ਪਾਕਿਸਤਾਨੀ ਵਿਦਿਆਰਥੀ ਹਸਨ ਸਈਦ, ਜੋ ਕਿ ਅਰਥਸ਼ਾਸਤਰ ਵਿੱਚ ਪੀਐੱਚਡੀ ਕਰ ਰਹੇ ਹਨ। ਉਹ ਪ੍ਰਿੰਸਟਨ ਯੂਨੀਵਰਸਿਟੀ ਵਿੱਚ ਪੜ੍ਹਾਉਂਦੇ ਵੀ ਹਨ। ਉਨ੍ਹਾਂ ਨੂੰ ਵੀ ਸਿਵਾਲਿੰਗਮ ਦੇ ਨਾਲ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਸਾਡੇ ਮੁਜ਼ਾਹਰੇ ਦੇ ਪੰਜ ਮਿੰਟਾਂ ਦੇ ਅੰਦਰ ਹੀ, ਮੈਨੂੰ ਹੱਥਕੜੀਆਂ ਲਾ ਦਿੱਤੀਆਂ ਗਈਆਂ ਅਤੇ ਕਿਹਾ ਗਿਆ ਕਿ ਮੈਨੂੰ ਯੂਨੀਵਰਸਿਟੀ ਕੈਂਪਸ ਵਿੱਚ ਜਾਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਹੈ।

ਸਈਦ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਅਜੇ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਹੋਇਆ ਕੀ ਸੀ।

“ਉਸ ਤੋਂ ਵੀ ਜ਼ਿਆਦਾ ਮੈਂ ਇਸ ਵੱਲ ਧਿਆਨ ਦੇਣਾ ਚਾਹੁੰਦਾ ਹਾਂ ਕਿ ਗਾਜ਼ਾ ਵਿੱਚ ਕੋਈ ਵੀ ਯੂਨੀਵਰਸਿਟੀਆਂ ਨਹੀਂ ਬਚੀਆਂ ਹਨ। ਮੇਰਾ ਵਿਰੋਧ ਉਨ੍ਹਾਂ ਲੋਕਾਂ ਨਾਲ ਇਕਜੁੱਟਤਾ ਵਜੋਂ ਸੀ ਜਿਹੜੇ ਨਾਗਰਿਕ ਸੇਵਾਵਾਂ ਅਤੇ ਸਿੱਖਿਆ ਦੀ ਪੂਰਨ ਤਬਾਹੀ ਦੇਖ ਰਹੇ ਹਨ।”

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ “ਗਾਜ਼ਾ ਤੋਂ ਆ ਰਹੀਆਂ ਦੁੱਖਾਂ ਦੀਆਂ ਵੀਡੀਓ ਦੇਖਣਾ ਬੜਾ ਹੀ ਦਿਲ ਦੁਖਾਉਣ ਵਾਲਾ ਹੈ।”

“ਦੂਜੇ ਪਾਸੇ ਉਹ ਲੋਕ ਵੀ ਹਨ ਜੋ ਨਿਵੇਸ਼ ਨਾਲ ਜੁੜੇ ਹੋਏ ਹਨ ਜੋ ਗਾਜ਼ਾ ਵਿੱਚ ਨਸਲਕੁਸ਼ੀ ਤੋਂ ਕਮਾਈ ਕਰ ਰਹੇ ਹਨ, ਸੰਭਾਵੀ ਤੌਰ ਉੱਤੇ ਪ੍ਰਿੰਸਟਨ ਯੂਨੀਵਰਸਿਟੀ ਵੀ।”

ਕੋਲੰਬੀਆ ਯੂਨੀਵਰਸਿਟੀ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਮੁਜ਼ਾਹਰਾਕਾਰੀਆਂ ਨੇ ਹਮਿਲਟਨ ਹਾਲ ਉੱਪਰ ਕਬਜ਼ਾ ਕਰ ਲਿਆ ਸੀ, ਜਿਸ ਤੋਂ ਬਾਅਦ ਪੁਲਿਸ ਅੰਦਰ ਦਾਖ਼ਲ ਹੋਈ

ਨਿਊਯਾਰਕ ਪੁਲਿਸ ਨੇ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਵਿੱਚ ਦਾਖ਼ਲ ਹੋ ਕੇ ਫ਼ਲਸਤੀਨੀਆਂ ਦਾ ਸਮਰਥਨ ਕਰ ਰਹੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਯੂਨੀਵਰਸਿਟੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕੁਝ ਪ੍ਰਦਰਸ਼ਨਕਾਰੀਆਂ ਨੇ ਕੈਂਪਸ ਦੇ ਹੈਮਿਲਟਨ ਹਾਲ 'ਤੇ ਕਬਜ਼ਾ ਕਰ ਲਿਆ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਬੁਲਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਸੀ।

ਪੁਲਿਸ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਹਾਲ ਨੂੰ ਹੁਣ ਖਾਲੀ ਕਰਵਾ ਲਿਆ ਗਿਆ ਹੈ।

ਯੂਨੀਵਰਸਿਟੀ ਦੇ ਵਿਦਿਆਰਥੀ ਗ੍ਰਿਫਤਾਰ ਕੀਤੀ ਜਾ ਚੁੱਕੇ ਹਨ। ਕੁਝ ਲੋਕ ਪ੍ਰਦਰਸ਼ਨਕਾਰੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਨਿਊਯਾਰਕ ਦੀਆਂ ਸੜਕਾਂ 'ਤੇ ਵੀ ਦੇਖੇ ਗਏ ਹਨ।

ਇਸ ਦੌਰਾਨ ਅਮਰੀਕਾ ਦੇ ਲਾਸ ਏਂਜਲਸ ਸ਼ਹਿਰ ਵਿੱਚ ਇੱਕ ਯੂਨੀਵਰਸਿਟੀ ਕੈਂਪਸ ਵਿੱਚ ਫਲਸਤੀਨ ਪੱਖੀ ਪ੍ਰਦਰਸ਼ਨਕਾਰੀਆਂ ਅਤੇ ਇੱਕ ਵਿਰੋਧੀ ਸਮੂਹ ਦਰਮਿਆਨ ਝੜਪ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ।

ਫਲਸਤੀਨ ਪੱਖੀ ਪ੍ਰਦਰਸ਼ਨਕਾਰੀਆਂ ਦਾ ਵਿਰੋਧ ਕਰਨ ਵਾਲੇ ਲੋਕਾਂ ਦੇ ਸਮੂਹ ਨੇ ਮਾਸਕ ਪਹਿਨੇ ਹੋਏ ਸਨ ਅਤੇ ਇਜ਼ਰਾਈਲ ਦੇ ਸਮਰਥਕ ਸਨ।

ਉਹ ਅੱਧੀ ਰਾਤ ਤੋਂ ਬਾਅਦ ਯੂਸੀਐੱਲਏ (ਯੂਨੀਵਰਸਿਟੀ ਆਫ ਕੈਲੀਫੋਰਨੀਆ, ਲਾਸ ਏਂਜਲਸ) ਦੇ ਕੈਂਪਸ ਵਿੱਚ ਪਹੁੰਚੇ ਜਿੱਥੇ ਉਨ੍ਹਾਂ ਨੇ ਫਲਸਤੀਨ ਪੱਖੀ ਪ੍ਰਦਰਸ਼ਨਕਾਰੀਆਂ ਦੇ ਕੈਂਪਾਂ ਉੱਤੇ ਹਮਲਾ ਕੀਤਾ।

ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਕਿਹਾ ਹੈ ਕਿ ਕੈਂਪਸ ਵਿੱਚ ਹਿੰਸਾ ਦੀ ਇੱਕ ਡਰਾਉਣੀ ਘਟਨਾ ਵਾਪਰੀ ਹੈ ਅਤੇ ਇਸ ਸਬੰਧ ਵਿੱਚ ਪੁਲਿਸ ਨੂੰ ਬੁਲਾਇਆ ਗਿਆ ਹੈ।

ਗਾਜ਼ਾ ਵਿੱਚ ਇਜ਼ਰਾਈਲ ਦੇ ਹਮਲਿਆਂ ਵਿਰੁੱਧ ਹਾਲ ਹੀ ਦੇ ਹਫ਼ਤਿਆਂ ਵਿੱਚ ਕਈ ਅਮਰੀਕੀ ਯੂਨੀਵਰਸਿਟੀਆਂ ਵਿੱਚ ਵਿਰੋਧ ਪ੍ਰਦਰਸ਼ਨ ਹੋਏ ਹਨ।

ਰਾਸ਼ਟਰਪਤੀ ਬਾਇਡਨ ਨੇ ਕਿਹਾ ਹੈ ਕਿ ਮੁਜ਼ਾਹਰੇ ਸ਼ਾਂਤਮਈ ਹੋਣੇ ਚਾਹੀਦੇ ਹਨ “ਪਰ ਇਮਾਰਤਾਂ ਨੂੰ ਕਬਜ਼ੇ ਵਿੱਚ ਲੈਣਾ ... ਇਹ ਸ਼ਾਂਤਮਈ ਨਹੀਂ ਹੈ।”

ਇਸ ਕਹਾਣੀ ਵਿੱਚ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਅਮਰੀਕੀ ਯੂਨੀਵਰਸਿਟੀਆਂ ਵਿਚ ਵਿਦਿਆਰਥੀਆਂ ਦਾ ਗੁੱਸਾ ਇੰਨਾ ਕਿਉਂ ਵਧਿਆ ਹੈ?

ਇਨ੍ਹਾਂ ਵਿਦਿਆਰਥੀਆਂ ਦੀਆਂ ਮੰਗਾਂ ਕੀ ਹਨ ਅਤੇ ਇਹ ਪ੍ਰਦਰਸ਼ਨ ਕਿੱਥੇ ਹੋ ਰਹੇ ਹਨ?

ਵਿਦਿਆਰਥੀ ਮੁਜ਼ਾਹਰੇ ਕਿਉਂ ਕਰ ਰਹੇ ਹਨ?

ਕੋਲੰਬੀਆ ਯੂਨੀਵਰਸਿਟੀ

ਤਸਵੀਰ ਸਰੋਤ, Reuters

ਅਮਰੀਕਾ ਦੀਆਂ ਯੂਨੀਵਰਸਿਟੀਆਂ ਵਿੱਚ ਰੈਲੀਆਂ, ਧਰਨੇ ਅਤੇ ਭੁੱਖ ਹੜਤਾਲਾਂ ਅਕਤੂਬਰ ਤੋਂ ਚੱਲ ਰਹੀਆਂ ਹਨ। ਜਦੋਂ ਹਮਾਸ ਦੇ ਬੰਦੂਕਧਾਰੀਆਂ ਨੇ ਇਜ਼ਰਾਈਲ ਵਿੱਚ 1200 ਲੋਕਾਂ ਨੂੰ ਮਾਰ ਦਿੱਤਾ ਸੀ, ਇਸ ਤੋਂ ਬਾਅਦ ਇਜ਼ਰਾਈਲ ਦੀ ਜਵਾਬੀ ਕਾਰਵਾਈ ਵਿੱਚ ਹੁਣ ਤੱਕ 34, 000 ਫਲਸਤੀਨੀ ਮਾਰੇ ਜਾ ਚੁੱਕੇ ਹਨ।

ਹਾਲਾਂਕਿ ਤਾਜ਼ੇ ਵਿਰੋਧ ਦਾ ਕੇਂਦਰ ਹੈ ਕਿ ਯੂਨੀਵਰਸਿਟੀਆਂ ਇਜ਼ਰਾਈਲ ਵਿੱਚੋਂ ਆਪਣਾ ਵਿੱਤੀ ਨਿਵੇਸ਼ ਬਾਹਰ ਕੱਢ ਰਹੀਆਂ ਹਨ।

ਅਮਰੀਕਾ ਦੇ ਕਈ ਵਿਦਿਅਕ ਅਦਾਰਿਆਂ ਕੋਲ ਅਪਾਰ ਦੌਲਤ ਹੈ। ਵਿਦਿਆਰਥੀ ਕਾਰਕੁਨ ਕਹਿੰਦੇ ਹਨ ਕਿ ਇਹ ਪੈਸਾ ਉਨ੍ਹਾਂ ਕੰਪਨੀਆਂ ਵਿੱਚ ਨਿਵੇਸ਼ ਨਹੀਂ ਹੋਣਾ ਚਾਹੀਦਾ ਜੋ ਇਜ਼ਰਾਈਲ ਵਿੱਚ ਜਾਂ ਉਸ ਨਾਲ ਕਾਰੋਬਾਰ ਕਰ ਰਹੀਆਂ ਹਨ। ਇਸ ਦੀ ਵਜ੍ਹਾ ਇਜ਼ਰਾਈਲ ਦਾ ਗਾਜ਼ਾ ਉੱਤੇ ਹਮਲਾ ਹੈ।

ਕੋਲੰਬੀਆ ਯੂਨੀਵਰਸਿਟੀ

ਤਸਵੀਰ ਸਰੋਤ, Getty Images

ਇਹ ਮੰਗ ਨਵੀਂ ਨਹੀਂ ਹੈ। ਫਲਸਤੀਨੀ ਪੱਖੀ ਸਮੂਹ ਕਈ ਸਾਲਾਂ ਤੋਂ ਆਪਣੀਆਂ ਸੰਸਥਾਵਾਂ ਤੋਂ ਇਹ ਮੰਗ ਕਰਦੇ ਆ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਸੰਸਥਾਵਾਂ ਇਜ਼ਰਾਈਲ ਦੇ ਖਿਲਾਫ਼ ਬਾਈਕਾਟ, ਨਿਵੇਸ਼ ਤੋਂ ਹੱਥ ਖਿੱਚਣ, ਪਾਬੰਦੀਆਂ (ਬੀ- ਬਾਈਕਾਟ, ਡੀ- ਡਿਵੈਸਟਮੈਂਟ, ਐੱਸ- ਸੈਂਕਸ਼ਨਸ) ਲਹਿਰ ਦੀ ਹਮਾਇਤ ਕਰਨ ਤਾਂ ਜੋ ਉਸ ਨੂੰ ਕਮਜ਼ੋਰ ਕੀਤਾ ਜਾ ਸਕੇ।

ਕਿਸੇ ਵੀ ਅਮਰੀਕੀ ਯੂਨੀਵਰਸਿਟੀ ਦੀ ਬੀਡੀਐੱਸ ਫਰੇਮਵਰਕ ਪ੍ਰਤੀ ਕਦੇ ਵੀ ਵਚਨਬੱਧਤਾ ਨਹੀਂ ਰਹੀ ਹੈ। ਹਾਲਾਂਕਿ ਅਤੀਤ ਵਿੱਚ ਕੁਝ ਅਦਾਰਿਆਂ ਨੇ ਆਪਣੇ ਕੁਝ ਖਾਸ ਵਿੱਤੀ ਸੰਬੰਧ ਜ਼ਰੂਰ ਤੋੜੇ ਹਨ।

ਕੋਲੰਬੀਆ ਯੂਨੀਵਰਸਿਟੀ ਨੇ ਕੀ ਕਿਹਾ

“ਸਾਨੂੰ ਅਫ਼ਸੋਸ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਆਪਣੇ ਪ੍ਰਦਰਸ਼ਨ ਨੂੰ ਅੱਗੇ ਵਧਾਉਣ ਅਤੇ ਉਸ ਨੂੰ ਬੁਰੇ ਹਾਲਾਤ ਵਿੱਚ ਲੈ ਜਾਣ ਦਾ ਫੈਸਲਾ ਕੀਤਾ। ਸਾਨੂੰ ਰਾਤੋ-ਰਾਤ ਪਤਾ ਲਗਿਆ ਕਿ ਹੈਮਿਲਟਨ ਹਾਲ ਉੱਤੇ ਕਬਜ਼ਾ ਕਰ ਲਿਆ ਗਿਆ ਹੈ। ਭੰਨਤੋੜ ਕੀਤੀ ਗਈ ਹੈ ਅਤੇ ਉਸ ਨੂੰ ਬਲਾਕ ਕੀਤਾ ਗਿਆ ਹੈ ਤਾਂ ਸਾਡੇ ਕੋਲ ਪੁਲਿਸ ਨੂੰ ਸੱਦਣ ਤੋਂ ਇਲਾਵਾ ਕੋਈ ਬਦਲ ਨਹੀਂ ਰਿਹਾ।”

“ਕੋਲੰਬੀਆ ਦੇ ਸੁਰੱਖਿਆ ਮੁਲਾਜ਼ਮਾਂ ਨੂੰ ਇਮਾਰਤ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਅਤੇ ਸਾਡੀ ਫੈਸੀਲਿਟੀ ਟੀਮ ਦੇ ਇੱਕ ਮੈਂਬਰ ਨੂੰ ਧਮਕੀ ਦਿੱਤੀ ਗਈ। ਅਸੀਂ ਆਪਣੇ ਲੋਕਾਂ ਦੀ ਸੁਰੱਖਿਆ ਨੂੰ ਜੋਖ਼ਮ ਵਿੱਚ ਨਹੀਂ ਪਾ ਸਕਦੇ।”

“ਅਸੀਂ ਸਵੇਰੇ ਤੈਅ ਕੀਤਾ ਕਿ ਇਹ ਕਾਨੂੰਨ ਵਿਵਸਥਾ ਦਾ ਮਾਮਲਾ ਹੈ ਅਤੇ ਨਿਊਯਾਰਕ ਪੁਲਿਸ ਇਸ ਨਾਲ ਨਜਿੱਠਣ ਲਈ ਸਭ ਤੋਂ ਸਹੀ ਹੈ।”

“ਸਾਡਾ ਮੰਨਣਾ ਹੈ ਕਿ ਜਿਸ ਗਰੁੱਪ ਨੇ ਇਮਾਰਤ ਵਿੱਚ ਭੰਨਤੋੜ ਕੀਤੀ ਅਤੇ ਉਸ ਉੱਤੇ ਕਬਜ਼ਾ ਕਰ ਲਿਆ ਉਸ ਦੀ ਅਗਵਾਈ ਅਜਿਹੇ ਵਿਅਕਤੀਆਂ ਨੇ ਕੀਤੀ ਹੈ ਜੋ ਯੂਨੀਵਰਸਿਟੀ ਤੋਂ ਨਹੀਂ ਹਨ।”

“ਨਿਊਯਾਰਕ ਪੁਲਿਸ ਤੱਕ ਪਹੁੰਚਣ ਦਾ ਫੈਸਲਾ ਪ੍ਰਦਰਸ਼ਨਕਾਰੀਆਂ ਦੇ ਐਕਸ਼ਨ ਦੇ ਜਵਾਬ ਵਿੱਚ ਕੀਤਾ ਗਿਆ ਨਾ ਕਿ ਉਸ ਕਾਰਨ ਲਈ ਜਿਸ ਦਾ ਉਹ ਸਮਰਥਨ ਕਰ ਰਹੇ ਹਨ। ਅਸੀਂ ਇਹ ਸਪਸ਼ਟ ਕਰ ਦਿੱਤਾ ਹੈ ਕਿ ਨਿਯਮਾਂ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਪ੍ਰਦਰਸ਼ਨਕਾਰੀ ਕੈਂਪਸ ਦੇ ਕੰਮ ਨੂੰ ਅਨਿਸ਼ਚਿਤ ਵਕਤ ਲਈ ਨਹੀਂ ਰੋਕ ਸਕਦੇ ਹਨ।”

ਬਾਇਡਨ ਅਤੇ ਟਰੰਪ ਕੀ ਕਹਿ ਰਹੇ ਹਨ?

ਕੋਲੰਬੀਆ ਯੂਨੀਵਰਸਿਟੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਲ ਦੇ ਅੰਦਰੋਂ ਮੁਜ਼ਾਹਰਾਕਾਰੀ ਦਰਵਾਜ਼ੇ ਬੰਦ ਰੱਖਣ ਦੀ ਕੋਸ਼ਿਸ਼ ਕਰਦੇ ਹੋਏ

ਜਦੋਂ ਸਾਬਕਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਮੌਜੂਦਾ ਰਾਸ਼ਟਰਪਤੀ ਜੋ ਬਾਇਡਨ ਨੂੰ ਮੁੱਦੇ ਬਾਰੇ ਚੁੱਪੀ ਤੋੜਨ ਲਈ ਕਹਿ ਰਹੇ ਸਨ, ਠੀਕ ਉਸੇ ਸਮੇਂ ਵ੍ਹਾਈਟ ਹਾਊਸ ਇੱਕ ਬਿਆਨ ਜਾਰੀ ਕਰ ਰਿਹਾ ਸੀ।

ਬਿਆਨਾਂ ਵਿੱਚ ਰਾਸ਼ਟਰਪਤੀ ਨੇ ਕਿਹਾ, ਹਮਿਲਟਨ ਹਾਲ ਉੱਪਰ ਕਬਜ਼ਾ ਕਰਨਾ “ਬਿਲਕੁਲ ਹੀ ਗਲਤ ਪਹੁੰਚ ਸੀ।”

ਵ੍ਹਾਈਟ ਹਾਊਸ ਦੇ ਬੁਲਾਰੇ ਐਂਡਰਿਊ ਬੇਟਸ ਨੇ ਕਿਹਾ ਕਿ ਬਾਇਡਨ ਹਮੇਸ਼ਾ, “ਨਾਗਵਾਰ, ਯਹੂਦੀਆਂ ਖਿਲਾਫ਼ ਦੂਸ਼ਣਬਾਜ਼ੀ, ਅਤੇ ਹਿੰਸਕ ਬਿਆਨਬਾਜ਼ੀ” ਦੇ ਵਿਰੁੱਧ ਰਹੇ ਹਨ।

ਬੁਲਾਰੇ ਨੇ ਕਿਹਾ ਕਿ ਰਾਸ਼ਟਰਪਤੀ ਹਾਲ ਦੇ ਦਿਨਾਂ ਵਿੱਚ ਆਈਆਂ ਨਫ਼ਰਤੀ ਭਾਸ਼ਣ ਦੀਆਂ ਰਿਪੋਰਟਾਂ ਤੋਂ ਪਰੇਸ਼ਾਨ ਹਨ।

ਬਾਇਡਨ “ਸੁਤੰਤਰ ਪ੍ਰਗਟਾਵੇ ਦੇ ਹੱਕ ਦਾ ਸਤਿਕਾਰ” ਕਰਦੇ ਹਨ ਪਰ ਮੁਜ਼ਾਹਰੇ “ਸ਼ਾਂਤਮਈ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਹੋਣੇ” ਚਾਹੀਦੇ ਹਨ।

“ਇਮਾਰਤ ਉੱਪਰ ਜ਼ਬਰਨ ਕਬਜ਼ਾ ਕਰ ਲੈਣਾ, ਸ਼ਾਂਤਮਈ ਨਹੀਂ ਹੈ। ਨਫ਼ਰਤੀ ਭਾਸ਼ਣਾਂ ਅਤੇ ਨਫ਼ਰਤੀ ਚਿੰਨ੍ਹਾਂ ਦੀ ਅਮਰੀਕਾ ਵਿੱਚ ਕੋਈ ਥਾਂ ਨਹੀਂ ਹੈ।”

ਕੋਲੰਬੀਆ ਯੂਨੀਵਰਸਿਟੀ

ਤਸਵੀਰ ਸਰੋਤ, Getty Images

ਵ੍ਹਾਈਟ ਹਾਊਸ ਨੇ ਕਿਹਾ ਕਿ ਫ਼ਲਸਤੀਨੀ ਪੱਖੀ ਮੁਜ਼ਾਹਰਾਕਾਰੀਆਂ ਵਿੱਚ “ਮਾੜੇ ਅਨਸਰਾਂ” ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ।

ਦੂਜੇ ਪਾਸੇ ਕੋਲੰਬੀਆਂ ਮੁਜ਼ਾਹਰਿਆਂ ਤੋਂ ਕੁਝ ਕਿੱਲੋਮੀਟਰ ਦੂਰ ਮੈਨਹੈਟਨ ਵਿੱਚ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਦੇ ਅਪਰਾਧਿਕ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ।

ਉਨ੍ਹਾਂ ਨੇ ਅਦਾਲਤ ਵਿੱਚ ਜਾਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲ ਕੀਤੀ ਅਤੇ ਕਬਜ਼ੇ ਨੂੰ “ਬਾਇਡਨ ਮੁਜ਼ਹਾਰਿਆਂ” ਦਾ ਨਾਮ ਦਿੱਤਾ।

ਉਨ੍ਹਾਂ ਨੇ ਕਿਹਾ, “ਇਹ ਸਾਰਾ ਕੁਝ ਉਨ੍ਹਾਂ ਕਰਕੇ ਹੈ ਕਿਉਂਕਿ ਉਹ ਨਹੀਂ ਜਾਣਦੇ ਕਿਵੇਂ ਬੋਲਣਾ ਹੈ। ਉਹ ਦੋ ਵਾਕ ਨਹੀਂ ਜੋੜ ਸਕਦੇ। ਉਨ੍ਹਾਂ ਨੂੰ ਬਾਹਰ ਨਿਕਲ ਕੇ ਬੋਲਣਾ ਚਾਹੀਦਾ ਹੈ ਕਿਉਂਕਿ ਇਸ ਦੇਸ ਵਿੱਚ ਕਾਲਜਾਂ ਉੱਤੇ ਕਬਜ਼ੇ ਹੋ ਰਹੇ ਹਨ।”

ਕੋਲੰਬੀਆ ਯੂਨੀਵਰਸਿਟੀ

ਤਸਵੀਰ ਸਰੋਤ, Getty Images

ਟਰੰਪ ਨੇ ਆਪਣੇ ਕਾਰਜਕਾਲ ਦੌਰਾਨ ਸਾਲ 2017 ਵਿੱਚ ਵਾਪਰੀ ਸ਼ਾਰਲੌਵੈਸਵਿਲੇ ਹਿੰਸਾ ਨੂੰ ਮੌਜੂਦਾ ਘਟਨਾਕ੍ਰਮ ਦੇ ਮੁਕਾਬਲੇ ਮੁੰਗਫ਼ਲੀਆਂ ਸਮਾਨ ਦੱਸਿਆ।

ਉਨ੍ਹਾਂ ਨੇ ਕਿਹਾ, “ਸ਼ਾਰਲੌਵੈਸਵਿਲੇ ਹਿੰਸਾ ਨੂੰ ਮੌਜੂਦਾ ਘਟਨਾਕ੍ਰਮ ਦੇ ਮੁਕਾਬਲੇ ਮੁੰਗਫ਼ਲੀਆਂ ਤੁੱਲ ਹੈ— ਸਾਰੇ ਦੇਸ ਵਿੱਚ ਹਥਿਆਰ ਉੱਠ ਰਹੇ ਹਨ, ਲੋਕ ਕਾਲਜਾਂ ਵਿੱਚ ਵੜ ਰਹੇ ਹਨ, ਕੋਲੰਬੀਆ ਯੂਨੀਵਰਸਿਟੀ ਵਿੱਚ ਧੱਕਾ ਕੀਤਾ ਜਾ ਰਿਹਾ ਹੈ।“

ਸ਼ਾਰਲੌਵੈਸਵਿਲੇ ਨੂੰ ਸਾਬਕਾ ਰਾਸ਼ਟਰਪਤੀ ਦੇ ਕਾਰਜਕਾਲ ਦਾ ਸਭ ਤੋਂ ਮਾੜਾ ਘਟਨਾਕ੍ਰਮ ਸਮਝਿਆ ਜਾਂਦਾ ਹੈ।

ਛੇ ਜਨਵਨਰੀ 2021 ਨੂੰ ਟਰੰਪ ਦੇ ਹਮਾਇਤੀਆਂ ਦਾ ਇੱਕ ਹਜੂਮ ਕੈਪੀਟਲ ਹਿੱਲ ਬਿਲਡਿੰਗ ਵਿੱਚ ਦਾਖਲ ਹੋ ਗਿਆ ਸੀ ਅਤੇ ਉੱਥੇ ਭੰਨਤੋੜ ਕੀਤੀ ਸੀ।

ਹਮਿਲਟਨ ਹਾਲ ਹਿੰਦਸ ਹਾਲ ਕਿਵੇਂ ਬਣ ਗਿਆ?

ਕੋਲੰਬੀਆ ਯੂਨੀਵਰਸਿਟੀ

ਤਸਵੀਰ ਸਰੋਤ, Getty Images

ਬੀਬੀਸੀ ਪੱਤਰਕਾਰ ਸੈਮ ਕੈਬਰਲ ਮੁਤਾਬਕ ਇਸ ਸਾਰੇ ਘਟਨਾਕ੍ਰਮ ਦੌਰਾਨ ਅਸੀਂ ਹਮਿਲਟਨ ਹਾਲ ਦਾ ਜ਼ਿਕਰ ਵਾਰ-ਵਾਰ ਸੁਣ ਰਹੇ ਹਾਂ। ਇਹ ਕੋਲੰਬੀਆ ਯੂਨੀਵਰਸਿਟੀ ਦੀ ਇੱਕ ਅਕਾਦਮਿਕ ਇਮਾਰਤ ਹੈ ਜਿਸ ਉੱਪਰ ਜ਼ਬਰਨ ਕਬਜ਼ਾ ਕਰ ਲਿਆ ਗਿਆ ਹੈ।

ਸੰਨ 1907 ਵਿੱਚ ਖੁੱਲ੍ਹੀ ਇਹ ਇਮਾਰਤ ਨਿਊ ਯਾਰਕ ਸ਼ਹਿਰ ਵਿੱਚ ਯੂਨੀਵਰਸਿਟੀ ਦੇ ਨਿਊ ਮੌਰਨਿੰਗਸਾਈਡ ਕੈਂਪਸ ਵਿੱਚ ਹੈ।

ਅਮਰੀਕਾ ਦੇ ਮੋਢੀਆਂ ਵਿੱਚ ਗਿਣੇ ਜਾਂਦੇ ਐਲਗਜ਼ੈਂਡਰ ਹਮਿਲਟਨ ਦੇ ਨਾਮ ਉੱਤੇ ਬਣੀ ਇਸ ਅੱਠ ਮੰਜ਼ਿਲਾ ਇਮਾਰਤ ਵਿੱਚ ਸਲਾਵਿਕ, ਜਰਮਨਿਕ ਭਾਸ਼ਾ ਅਤੇ ਕਲਾਸਿਕਸ ਵਿਭਾਗ ਹਨ।

ਹਾਲਾਂਕਿ ਇਸ ਉੱਤੇ ਕਬਜ਼ੇ ਪਿੱਛੇ ਸੰਕੇਤਵਾਦ ਵੀ ਹੈ।

ਸੰਨ 1968 ਵਿੱਚ ਵੀਅਤਨਾਮ ਯੁੱਧ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਨੇ, ਅਤੇ ਸਿਆਹਫਾਮ ਅਮਰੀਕੀਆਂ ਲਈ ਨਾਗਰਿਕ ਹੱਕਾਂ ਦੀ ਲਹਿਰ ਦੌਰਾਨ ਵੀ ਅਤੇ ਇਸ ਅਤੇ ਹੋਰ ਕਈ ਇਮਾਰਤਾਂ ਨੂੰ ਕਬਜ਼ੇ ਵਿੱਚ ਲੈ ਲਿਆ ਸੀ।

ਹੋਰ ਥਾਵਾਂ ਉੱਤੇ ਮੁਜ਼ਾਹਰੇ ਅਤੇ ਗ੍ਰਿਫ਼ਤਾਰੀਆਂ

ਟੈਕਸਾਸ ਯੂਨੀਵਰਸਿਟੀ ਵਿੱਚ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟੈਕਸਾਸ ਯੂਨੀਵਰਸਿਟੀ ਵਿੱਚੋਂ ਮੁਜ਼ਾਹਰਾਕਾਰੀਆਂ ਨੂੰ ਗ੍ਰਿਫ਼ਤਾਰ ਕਰਦੀ ਹੋਈ ਪੁਲਿਸ

ਕੋਲੰਬੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਦੇਸ ਵਿਆਪੀ ਵਿਦਰੋਹ ਨੂੰ ਪ੍ਰੇਰਨਾ ਦਿੱਤੀ ਹੈ। ਆਏ ਦਿਨ ਕਿਸੇ ਨਵੇਂ ਕੈਂਪਸ ਤੋਂ ਬਗਾਵਤੀ ਸੁਰਾਂ ਉੱਠਣ ਦੀ ਖ਼ਬਰ ਆਉਂਦੀ ਹੈ।

ਮੰਗਲਵਾਰ ਸਵੇਰੇ ਯੂਨੀਵਰਸਿਟੀ ਆਫ਼ ਨਾਰਥ ਕੈਰੋਲੀਨਾ- ਚੈਪਲ ਹਿੱਲ, ਵਿੱਚ ਪੁਲਿਸ ਨੇ ਛੇ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ 24 ਜਣਿਆਂ ਨੂੰ ਹਿਰਾਸਤ ਵਿੱਚ ਲਿਆ।

ਪੋਰਟਲੈਂਡ ਸਟੇਟ ਯੂਨੀਵਰਸਿਟੀ ਨੇ ਮੰਗਲਵਾਰ ਨੂੰ ਮੁਜ਼ਾਹਰਾਕਾਰੀਆਂ ਵੱਲੋਂ ਲਾਇਬਰੇਰੀ ਉੱਤੇ ਕਬਜ਼ਾ ਕਰ ਲੈਣ ਮਗਰੋਂ ਆਪਣਾ ਕੈਂਪਸ ਬੰਦ ਕਰ ਦਿੱਤਾ।

ਦੰਗਾ ਰੋਕੂ ਉਪਕਰਣਾਂ ਨਾਲ ਲੈਸ ਪੁਲਿਸ ਨੇ ਯੂਨੀਵਰਸਿਟੀ ਆਫ਼ ਉਤਾਹ ਤੋਂ 17 ਮੁਜ਼ਾਹਰਾਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਟੈਂਟ ਪੁੱਟ ਸੁੱਟੇ।

ਵਰਜੀਨੀਆ ਕਾਮਨਵੈਲਥ ਯੂਨੀਵਰਸਿਟੀ ਨੇ ਕਿਹਾ ਕਿ ਪੁਲਿਸ ਨੇ ਕਈ ਯੂਨੀਵਰਸਿਟੀ ਨੀਤੀਆਂ ਦੀ ਉਲੰਘਣਾ ਕਰ ਰਹੇ ਮੁਜ਼ਾਹਰੇ ਦੇ ਸਿਲਸਿਲੇ ਵਿੱਚ ਕਈ ਗ੍ਰਿਫ਼ਤਾਰੀਆਂ ਕੀਤੀਆਂ ਹਨ।

ਕੈਲੀਫੋਰਨੀਆ ਸਟੇਟ ਪੌਲੀਟੈਕਨਿਕ ਯੂਨੀਵਰਸਿਟੀ, ਹਮਬੋਲਡਟ ਨੇ ਕਿਹਾ ਕਿ ਸੋਮਵਾਰ ਰਾਤ ਨੂੰ ਆ ਜਾਣ ਤੋਂ ਬਾਅਦ “ਆਰਡਰ” ਬਹਾਲ ਕਰ ਲਿਆ ਹੈ ਅਤੇ ਮੁਜ਼ਾਹਰਾਕਾਰੀਆਂ ਦੀ ਇੱਕ ਕੈਂਪਸਾਈਟ ਜਿਸ ਨੂੰ ਉਨ੍ਹਾਂ ਨੇ “ਇੰਤਿਫਾਦਾ ਹਾਲ” ਦਾ ਨਾਮ ਦਿੱਤਾ ਸੀ ਹਟਾ ਦਿੱਤੀ ਗਈ ਹੈ।

ਫਲੋਰਿਡਾ ਸਟੇਟ ਯੂਨੀਵਰਸਿਟੀ ਦੇ ਬੁਲਾਰੇ ਮੁਤਾਬਕ ਇੱਥੋਂ ਸੋਮਵਾਰ ਸ਼ਾਮ ਨੂੰ ਨੌਂ ਦੇ ਕਰੀਬ ਗ੍ਰਿਫਤਾਰੀਆਂ ਹੋਈਆਂ। ਬੁਲਾਰੇ ਮੁਤਾਬਕ “ਨਿਯਮ ਤੋੜਨ ਵਾਲਿਆਂ ਨੂੰ ਨਤੀਜੇ ਭੁਗਤਣੇ ਪੈਣਗੇ”।

ਨਿਊ ਓਰਲੀਨਜ਼, ਲੂਸੀਆਨਾ ਦੀ ਤੁਲਨੇ ਯੂਨੀਵਰਸਿਟੀ ਵਿੱਚ ਛੇ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਯੂਨੀਵਰਸਿਟੀ ਆਫ਼ ਟੈਕਸਸ- ਔਸਟਿਨ ਵਿੱਚੋਂ ਕਰੀਬ 80 ਜਣੇ ਗ੍ਰਿਫ਼ਤਾਰ ਕੀਤੇ ਗਏ। ਇੱਥੇ ਕਈ ਨਾਗਰਿਕ ਹੂਕਕ ਸਮੂਹਾਂ ਵੱਲੋਂ ਸਥਾਨਕ ਘੋੜ ਸਵਾਰ ਪੁਲਿਸ ਵੱਲੋਂ ਮੁਜ਼ਾਹਰਾਕਾਰੀਆਂ ਨਾਲ ਸਖ਼ਤੀ ਕਰਨ ਦੇ ਇਲਜ਼ਾਮ ਵੀ ਲਾਏ ਗਏ।

ਪੁਲਿਸ ਨੇ ਵਰਜੀਨੀਆ ਟੈਕ ਤੋਂ ਐਤਵਾਰ ਨੂੰ ਤਿੰਨ ਦਿਨਾਂ ਤੋਂ ਜਾਰੀ ਮੁਜ਼ਾਹਰਾ ਖ਼ਤਮ ਕਰਨ ਲਈ 82 ਗ੍ਰਿਫ਼ਤਾਰੀਆਂ ਕੀਤੀਆਂ।

ਨਿਊ ਯਾਰਕ ਯੂਨੀਵਰਸਿਟੀ ਦਾ ਕਹਿਣਾ ਹੈ ਕਿ ਮੁਜ਼ਾਹਰਾਕਾਰੀਆਂ ਵੱਲੋਂ ਗੱਲ ਨਾ ਮੰਨਣ ਤੋਂ ਬਾਅਦ ਉਹ ਅਨੁਸ਼ਾਸ਼ਨੀ ਕਾਰਵਾਈ ਕਰਨਗੇ।