ਗਾਜ਼ਾ ਵਿੱਚ ਇਜ਼ਰਾਈਲੀ ਹਮਲੇ ਦੌਰਾਨ ਹੋ ਰਹੀਆਂ ਮੌਤਾਂ ਬਾਰੇ ਬੀਬੀਸੀ ਨੇ ਤੱਥ ਪੜਚੋਲ ’ਚ ਕੀ ਪਾਇਆ

ਤਸਵੀਰ ਸਰੋਤ, Getty Images
ਗਾਜ਼ਾ ਵਿੱਚ ਮਰਨ ਵਾਲੇ ਫਲਸਤੀਨੀ ਨਾਗਰਿਕਾਂ ਦੀ ਗਿਣਤੀ 30000 ਨੂੰ ਪਾਰ ਕਰ ਗਈ ਹੈ। ਇਸ ਦੇ ਨਾਲ ਨਾਗਰਿਕਾਂ ਦੀਆਂ ਮੌਤਾਂ ਕਾਰਨ ਇਜ਼ਰਾਈਲ ਦਾ ਵਿਰੋਧ ਵੀ ਵਧਦਾ ਜਾ ਰਿਹਾ ਹੈ।
ਉਸ ਉੱਪਰ ਇਹ ਸਾਬਤ ਕਰਨ ਦਾ ਦਬਾਅ ਵੀ ਲਗਾਤਾਰ ਵਧ ਰਿਹਾ ਹੈ ਕਿ ਉਸਦੀ ਕਾਰਵਾਈ ਨਾਲ ਹਮਾਸ ਦੇ ਪੈਰ ਉੱਖੜ ਰਹੇ ਹਨ।
ਇਜ਼ਰਾਈਲ ਨੇ ਪਿਛਲੇ ਸਾਲ 7 ਅਕਤੂਬਰ ਨੂੰ ਜਦੋਂ ਹਮਲੇ ਸ਼ੁਰੂ ਕੀਤੇ ਸਨ ਤਾਂ ਵਾਅਦਾ ਕੀਤਾ ਸੀ ਕਿ ਉਹ ਗਾਜ਼ਾ ਪੱਟੀ ਵਿੱਚੋਂ ਹਮਾਸ ਦਾ ਖੁਰਾ ਖੋਜ ਮਿਟਾ ਦੇਵੇਗਾ।
ਬੀਬੀਸੀ ਵੈਰੀਫਾਈ ਨੇ ਪੜਤਾਲ ਕੀਤੀ ਹੈ ਕਿ ਇਨ੍ਹਾਂ ਮੌਤਾਂ ਵਿੱਚੋਂ ਕਿੰਨੀਆਂ ਮੌਤਾਂ ਹਮਾਸ ਲੜਾਕਿਆਂ ਦੀਆਂ ਹਨ।
ਇਜ਼ਰਾਈਲ ਦੀ ਫੌਜ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਆਪਣੇ ਹਵਾਈ ਹਮਲਿਆਂ ਅਤੇ ਜ਼ਮੀਨੀ ਲੜਾਈ ਵਿੱਚ ਦਸ ਹਜ਼ਾਰ ਤੋਂ ਜ਼ਿਆਦਾ ਹਮਾਸ ਲੜਾਕਿਆਂ ਨੂੰ ਮਾਰਿਆ ਹੈ।
ਇਜ਼ਰਾਈਲ ਨੇ ਇਹ ਕਾਰਵਾਈ ਹਮਾਸ ਵੱਲੋਂ ਉਸ ਦੇ ਸਰਹੱਦੀ ਇਲਾਕੇ ਵਿੱਚ ਕੀਤੇ ਹਮਲੇ ਦੇ ਜਵਾਬ ਵਿੱਚ ਛੇੜੀ ਗਈ ਸੀ ਜਿਸ ਵਿੱਚ ਲਗਭਗ 1200 ਇਜ਼ਰਾਈਲੀ ਨਾਗਰਿਕਾਂ ਦੀ ਜਾਨ ਚਲੀ ਗਈ ਸੀ।
ਇਜ਼ਰਾਈਲੀ ਰੱਖਿਆ ਫੌਜਾਂ (ਆਈਡੀਐੱਫ) ਨੇ ਆਪਣੀ ਰਣਨੀਤੀ ਦਾ ਨਿਰੰਤਰ ਬਚਾਅ ਕੀਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਉਹ ਹਮਾਸ ਲੜਾਕਿਆਂ ਅਤੇ ਉਨ੍ਹਾਂ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਂਦੇ ਸਮੇਂ ਜਿੰਨਾ ਹੋ ਸਕੇ ਸਟੀਕ ਹੋਣ ਦੀ ਕੋਸ਼ਿਸ਼ ਕਰਦੇ ਹਨ ਤਾਂ ਜੋ ਨਾਗਰਿਕਾਂ ਦੇ ਜਾਨੀ ਨੁਕਸਾਨ ਨੂੰ ਸੀਮਤ ਕੀਤਾ ਜਾ ਸਕੇ।
ਹਮਾਸ ਆਪਣੀ ਫੌਜ ਦੇ ਜਾਨੀ ਨੁਕਸਾਨ ਬਾਰੇ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਦਾ ਹੈ।
ਖ਼ਬਰ ਏਜੰਸੀ ਰੌਇਟਰਜ਼ ਨੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਸੀ ਕਿ ਉਸ ਨੇ ਕਰੀਬ 6000 ਲੜਾਕਿਆਂ ਦਾ ਮਾਰਿਆ ਜਾਣਾ ਸਵੀਕਾਰ ਕੀਤਾ ਸੀ।ਹਾਲਾਂਕਿ, ਬੀਬੀਸੀ ਕੋਲ ਹਮਾਸ ਨੇ ਇਸ ਅੰਕੜੇ ਤੋਂ ਇਨਕਾਰ ਕੀਤਾ ਹੈ।

ਤਸਵੀਰ ਸਰੋਤ, Getty Images
ਹਮਾਸ ਅਧੀਨ ਚੱਲ ਰਹੇ ਸਿਹਤ ਮੰਤਰਾਲੇ ਨੂੰ ਵਿਸ਼ਵ ਸਿਹਤ ਸੰਗਠਨ ਵੀ ਭਰੋਸੇਯੋਗ ਮੰਨਦਾ ਹੈ। ਉਸ ਵੱਲੋਂ ਜਾਰੀ ਮੌਤਾਂ ਦੇ ਅੰਕੜੇ ਵਿੱਚ ਨਾਗਰਿਕਾਂ ਅਤੇ ਲੜਾਕਿਆਂ ਦਾ ਫਰਕ ਨਹੀਂ ਕੀਤਾ ਗਿਆ ਹੈ।
ਹਾਲਾਂਕਿ, ਜਦੋਂ ਤੋਂ ਲੜਾਈ ਛਿੜੀ ਹੈ ਮਰਨ ਵਾਲਿਆਂ ਵਿੱਚ ਘੱਟੋ-ਘੱਟ 70% ਗਿਣਤੀ ਔਰਤਾਂ ਅਤੇ ਬੱਚਿਆਂ ਦੀ ਹੈ।
ਬੀਬੀਸੀ ਵੈਰੀਫਾਈ ਨੇ ਆਈਡੀਐੱਫ ਤੋਂ ਹਮਾਸ ਲੜਾਕਿਆਂ ਦੀ ਮੌਤ ਦੀ ਗਿਣਤੀ ਕਰਨ ਦੀ ਵਿਧੀ ਦਾ ਖੁਲਾਸਾ ਕਰਨ ਦੀ ਮੰਗ ਕੀਤੀ ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ।
ਅਸੀਂ ਆਈਡੀਐੱਫ ਵੱਲੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਪ੍ਰੈੱਸ ਬਿਆਨਾਂ ਵਿੱਚ ਲੜਾਕਿਆਂ ਦੀਆਂ ਮੌਤਾਂ ਦੇ ਹਵਾਲਿਆਂ ਦੀ ਜਾਂਚ ਕੀਤੀ ਹੈ।
19 ਫਰਵਰੀ ਨੂੰ ਟਾਈਮਜ਼ ਆਫ਼ ਇਜ਼ਰਾਈਲ ਨੇ ਖ਼ਬਰ ਦਿੱਤੀ ਕਿ ਆਈਡੀਐੱਫ ਨੇ ਕਿਹਾ ਹੈ ਕਿ 12000 ਲੜਾਕੇ ਮਾਰੇ ਗਏ ਹਨ। ਇਹ ਜਾਣਕਾਰੀ ਅਸੀਂ ਆਡੀਐੱਫ ਨੂੰ ਦਿੱਤੀ ਜਿਸ ਨੇ ਸਾਡੇ ਸਾਹਮਣੇ ਦੋ ਵੱਖ-ਵੱਖ ਪ੍ਰਤੀਕਿਰਿਆਵਾਂ ਰੱਖੀਆਂ— ਅੰਕੜਾ “ਕਰੀਬ 10000” ਹੈ ਅਤੇ “10000 ਤੋਂ ਵੱਧ” ਹੈ।

ਤਸਵੀਰ ਸਰੋਤ, Getty Images
ਜਨਵਰੀ ਦੇ ਅੱਧ ਵਿੱਚ ਪ੍ਰਧਾਨ ਮੰਤਰੀ ਬੈਂਜਿਮ ਨੇਤਿਨਯਾਹੂ ਨੇ ਦਾਅਵਾ ਕੀਤਾ ਸੀ ਕਿ ਇਜ਼ਰਾਈਲ ਨੇ ਹਮਾਸ ਦੀਆਂ ਦੋ ਤਿਹਾਈ ਲੜਾਕਾ ਰੈਜੀਮੈਂਟਾਂ ਨੂੰ ਤਬਾਹ ਕਰ ਦਿੱਤਾ ਹੈ। ਹਾਲਾਂਕਿ, ਉਨ੍ਹਾਂ ਨੇ ਮਾਰੇ ਗਏ ਲੜਾਕਿਆਂ ਦੇ ਸੰਖਿਆ ਨਹੀਂ ਦੱਸੀ ਸੀ।
ਜੰਗ ਤੋਂ ਪਹਿਲਾਂ ਆਈਡੀਐੱਫ ਵੱਲੋਂ ਜਾਰੀ ਇੱਕ ਅਨੁਮਾਨ ਮੁਤਾਬਕ ਗਾਜ਼ਾ ਵਿੱਚ ਹਮਾਸ ਦੇ ਲਗਭਗ 30,000 ਲੜਾਕੇ ਮੌਜੂਦ ਸਨ।
ਦਸੰਬਰ ਵਿੱਚ ਆਈਡੀਐੱਫ ਨੇ ਕਿਹਾ ਕਿ ਇਜ਼ਰਾਈਲ ਇੱਕ ਹਮਾਸੇ ਲੜਾਕੇ ਮਗਰ ਦੋ ਨਾਗਰਿਕਾਂ ਨੂੰ ਮਾਰ ਰਿਹਾ ਹੈ। ਜੰਗ ਦੇ ਮੈਦਾਨ ਵਿੱਚ ਦਰਪੇਸ਼ ਚੁਣੌਤੀਆਂ ਦਾ ਹਵਾਲਾ ਦਿੰਦਿਆਂ ਆਈਡੀਐੱਫ ਨੇ ਇਸ ਨੂੰ “ਬੇਹੱਦ ਹਾਂਮੁਖੀ” ਕਿਹਾ ਸੀ।

ਤਸਵੀਰ ਸਰੋਤ, Getty Images
ਲੜਾਈ ਤੋਂ ਮਹਿਜ਼ ਇੱਕ ਮਹੀਨੇ ਦੇ ਅੰਦਰ ਹੀ 14 ਨਵੰਬਰ ਨੂੰ ਆਈਡੀਐੱਫ ਦੇ ਟੈਲੀਗਰਾਮ ਚੈਨਲ ਉੱਤੇ “ਡਿਵੀਜ਼ਨ ਫੋਰਸਿਜ਼” ਵੱਲੋਂ “1,000 ਦਹਿਸ਼ਤਗਰਦਾਂ” ਦੇ ਮਾਰੇ ਜਾਣ ਦਾ ਹਵਾਲਾ ਦਿੱਤਾ ਗਿਆ।
ਉਸ ਸਮੇਂ ਸਿਹਤ ਮੰਤਰਾਲੇ ਨੇ ਗਾਜ਼ਾ ਵਿੱਚ 11,320 ਮੌਤਾਂ ਹੋਣ ਬਾਰੇ ਦੱਸਿਆ ਸੀ। ਇਸ ਹਿਸਾਬ ਨਾਲ ਇੱਕ ਹਮਾਮ ਲੜਾਕੇ ਮਗਰ 10 ਨਾਗਰਿਕ (1:10) ਤੋਂ ਕੁਝ ਜ਼ਿਆਦਾ ਦਾ ਅਨੁਪਾਤ ਬਣਦਾ ਹੈ।
ਬੀਬੀਸੀ ਵੈਰੀਫਾਈ ਨੇ ਆਈਡੀਐੱਫ ਵੱਲੋਂ 7 ਅਕਤੂਬਰ ਤੋਂ ਬਾਅਦ ਪਾਈਆਂ ਗਈਆਂ ਸਾਰੀਆਂ 280 ਵੀਡੀਓ ਦੇਖੀਆਂ ਅਤੇ ਪਾਇਆ ਕਿ ਬਹੁਤ ਵੱਡੀ ਗਿਣਤੀ ਵਿੱਚ ਹਮਾਸ ਲੜਾਕਿਆਂ ਦੇ ਮਾਰੇ ਜਾਣ ਦੇ ਵੀਡੀਓ ਸਬੂਤ ਬਹੁਤ ਥੋੜ੍ਹੇ ਹਨ।
ਇਨ੍ਹਾਂ ਵਿੱਚੋਂ ਸਿਰਫ਼ ਇੱਕ 13 ਦਸੰਬਰ ਦੀ ਵੀਡੀਓ ਵਿੱਚ ਬਹੁਤ ਸਾਰੇ ਹਮਾਸ ਲੜਾਕਿਆਂ ਦੀਆਂ ਤਸਵੀਰਾਂ ਹਨ। ਕੁਝ ਹੋਰ ਵੀਡੀਓ ਵਿੱਚ ਲੜਾਕਿਆਂ ਨੂੰ ਗੋਲੀ ਦਾ ਨਿਸ਼ਾਨਾ ਬਣਦੇ ਦਿਖਾਇਆ ਗਿਆ ਹੈ।
ਅਸੀਂ ਆਈਡੀਐੱਫ ਵੱਲੋਂ ਉਨ੍ਹਾਂ ਦੇ ਟੈਲੀਗਰਾਮ ਚੈਨਲ ਉੱਪਰ ਹਮਾਸ ਲੜਾਕਿਆਂ ਦੀ ਮੌਤ ਬਾਰੇ ਕੀਤੇ ਦਾਅਵੇ ਵੀ ਗਿਣਨ ਦੀ ਕੋਸ਼ਿਸ਼ ਕੀਤੀ। ਅਸੀਂ ਦੇਖਿਆ ਕਿ 160 ਪੋਸਟਾਂ ਵਿੱਚ ਮਾਰੇ ਗਏ ਲੜਾਕਿਆਂ ਦੀ ਸੰਖਿਆ ਦੱਸੀ ਗਈ ਸੀ ਜੋ ਕੁੱਲ ਮਿਲਾ ਕੇ 714 ਮੌਤਾਂ ਬਣਦੀ ਹੈ।
ਇਸ ਤੋਂ ਇਲਾਵਾ ਅਜਿਹੀਆਂ ਵੀ ਪੋਸਟਾਂ ਸਨ ਜਿਨ੍ਹਾਂ ਵਿੱਚ ”ਕਈ”, “ਦਰਜਣਾਂ” ਅਤੇ “ਸੈਂਕੜੇ” ਮਾਰੇ ਗਏ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ।
ਇਸ ਕਾਰਨ ਕੋਈ ਅਰਥ ਭਰਭੂਰ ਸੂਚੀ ਬਣਾਉਣੀ ਲਗਭਗ ਅਸੰਭਵ ਹੋ ਗਈ।
ਲੜਾਈ ਦੌਰਾਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਕਰਨੀ ਕਿਸੇ ਵੀ ਜੰਗ ਦੇ ਮੈਦਾਨ ਵਿੱਚ ਮੁਸ਼ਕਿਲ ਹੁੰਦੀ ਹੈ। ਗਾਜ਼ਾ ਵਿੱਚ ਕਈ ਲੜਾਕੇ ਨਾਗਰਿਕ ਪਹਿਰਾਵਾ ਪਾਉਂਦੇ ਹਨ। ਉਹ ਸੁਰੰਗਾਂ ਦੇ ਨੈਟਵਰਕ ਰਾਹੀਂ ਲੁਕ ਕੇ ਸਰਗਰਮੀ ਕਰਦੇ ਹਨ। ਜ਼ਿਆਦਤਰ ਮੌਤਾਂ ਹਵਾਈ ਹਮਲਿਆਂ ਵਿੱਚ ਹੋਈਆਂ ਹਨ।

ਜਦੋਂ ਤੋਂ ਆਈਡੀਐੱਫ ਗਾਜ਼ਾ ਵਿੱਚ ਦਾਖਲ ਹੋਈ ਹੈ ਅਤੇ ਉਸ ਤੋਂ ਪਹਿਲਾਂ ਤੋਂ ਫੌਜ ਹਮਾਸ ਉੱਪਰ ਨਾਗਰਿਕਾਂ ਨੂੰ ਮਨੁੱਖੀ ਢਾਲ ਵਜੋਂ ਵਰਤਣ ਦਾ ਇਲਜ਼ਾਮ ਲਗਾਉਂਦੀ ਰਹੀ ਹੈ।
ਜਦਕਿ ਕੁਝ ਮਾਹਿਰਾਂ ਨੂੰ ਲਗਦਾ ਹੈ ਕਿ ਆਈਡੀਐੱਫ ਕੁਝ ਗੈਰ-ਲੜਾਕਿਆਂ ਨੂੰ ਮਹਿਜ਼ ਇਸ ਲਈ ਲੜਾਕਿਆਂ ਵਿੱਚ ਗਿਣ ਲੈਂਦੀ ਹੋਵੇਗਿ ਕਿਉਂਕਿ ਉਹ ਹਮਾਸ ਦੇ ਇਲਾਕੇ ਵਿੱਚ ਪ੍ਰਸ਼ਾਸਨ ਦਾ ਹਿੱਸਾ ਹਨ।
ਐਂਡਰੀਆਸ ਕਰੀਗ, ਕਿੰਗਸ ਕਾਲਜ ਲੰਡਨ ਵਿੱਚ ਸਕਿਊਰਿਟੀ ਸਟੱਡੀਜ਼ ਦੇ ਲੈਕਚਰਾਰ ਹਨ।
ਉਹ ਕਹਿੰਦੇ ਹਨ, “ਇਜ਼ਰਾਈਲ ਦੀ ‘ਹਮਾਸ ਦੀ ਮੈਂਬਰੀ’ ਬਾਰੇ ਇੱਕ ਬਹੁਤ ਵਿਸ਼ਾਲ ਪਹੁੰਚ ਹੈ। ਜਿਸ ਵਿੱਚ ਅਧਿਕਾਰੀਆਂ ਅਤੇ ਪ੍ਰਸ਼ਾਸਕੀ ਅਧਿਕਾਰੀਆਂ ਸਮੇਤ ਸੰਗਠਨ ਨਾਲ ਕਿਸੇ ਵੀ ਕਿਸਮ ਦਾ ਤਾਲੁਕ ਸ਼ਾਮਲ ਹੈ।”
ਗਾਜ਼ਾ ਦੇ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਮੌਤਾਂ ਦੇ ਅੰਕੜੇ ਮੁਤਾਬਕ ਪਿਛਲੇ ਸਾਲਾਂ ਦੇ ਮੁਕਾਬਲੇ ਔਰਤਾਂ ਅਤੇ ਬੱਚਿਆਂ ਦੀਆਂ ਮੌਤਾਂ ਵੱਧ ਹਨ ।

ਹਿੰਸਕ ਤਣਾਵਾਂ ਦੇ ਪੀੜਤਾਂ ਦਾ ਰਿਕਾਰਡ ਰੱਖਣ ਵਿੱਚ ਲੱਗੀ ਬ੍ਰਿਟਿਸ਼ ਸੰਸਥਾ ਐਵਰੀ ਕੈਜੂਏਲਟੀ ਕਾਊਂਟਸ ਦੇ ਕਾਰਜਕਾਰੀ ਨਿਰਦੇਸ਼ਕ ਰੈਸ਼ਲ ਟੇਲਰ ਮੁਤਾਬਕ ਇਹ “ਬਹੁਤ ਜ਼ਿਆਦਾ ਨਾਗਰਿਕ ਮੌਤ ਦਰ” ਨੂੰ ਦਰਸਾਉਂਦਾ ਹੈ।
ਗਾਜ਼ਾ ਦੀ ਲਗਭਗ ਅੱਧੀ ਵਸੋਂ 18 ਸਾਲ ਤੋਂ ਛੋਟੀ ਹੈ ਅਤੇ ਜੰਗ ਵਿੱਚ ਮਾਰੇ ਗਏ 43 ਫੀਸਦੀ ਤੋਂ ਜ਼ਿਆਦਾ ਲੋਕ ਵੀ ਬੱਚੇ ਹਨ।
ਟੇਲਰ ਨੇ ਕਿਹਾ ਕਿ ਕਿਉਂਕਿ ਮੌਤਾਂ ਵਸੋਂ ਅਨੁਪਾਤ ਦੀਆਂ ਅਨੁਸਾਰੀ ਹਨ, ਇਹ “ਬਦਰੇਗ ਮੌਤਾਂ ਵੱਲ ਸੰਕੇਤ” ਕਰਦਾ ਹੈ।

ਉਹ ਕਹਿੰਦੇ ਹਨ ਕਿ ਇਸ “ਵਾਰ ਦੇ ਮੁਕਾਬਲੇ ਸਾਲ 2014 ਵਿੱਚ ਮਰਨ ਵਾਲਿਆਂ ਵਿੱਚ ਲੜਨਯੋਗ ਮਰਦਾਂ ਦੀ ਗਿਣਤੀ ਜ਼ਿਆਦਾ ਸੀ।“
ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ ਸੰਕਟ ਸ਼ੁਰੂ ਹੋਣ ਤੋਂ ਲੈਕੇ ਹਰ ਰੋਜ਼ ਔਸਤ 200 ਜਾਨਾਂ ਜਾ ਰਹੀਆਂ ਹਨ।
ਹਾਲਾਂਕਿ ਸੰਘਰਸ਼ ਦੇ ਸ਼ੁਰੂਆਤੀ ਦੋ ਮਹੀਨਿਆਂ ਦੇ ਮੁਕਾਬਲੇ ਮੌਤਾਂ ਦੀ ਗਿਣਤੀ ਘਟੀ ਪ੍ਰਤੀਤ ਹੁੰਦੀ ਹੈ। ਜਦਕਿ ਇੱਕ ਮਾਹਰ ਨੇ ਬੀਬੀਸੀ ਨੂੰ ਦੱਸਿਆ ਕਿ ਅਸਲ ਵਿੱਚ ਇਜ਼ਰਾਈਲੀ ਹਮਲੇ ਕਾਰਨ ਮੌਤਾਂ ਬਹੁਤ ਜ਼ਿਆਦਾ ਹੋ ਰਹੀਆਂ ਹੋਣਗੀਆਂ ਕਿਉਂਕਿ ਕਈ ਹਸਪਤਾਲ ਜਿੱਥੇ ਮੌਤਾਂ ਦਾ ਰਿਕਾਰਡ ਰੱਖਿਆ ਜਾਂਦਾ ਹੈ ਹੁਣ ਕੰਮ ਨਹੀਂ ਕਰ ਰਹੇ ਹਨ।
ਇਸ ਤੋਂ ਇਲਾਵਾ ਇਨ੍ਹਾਂ ਮੌਤਾਂ ਵਿੱਚ ਸਿਰਫ਼ ਫੌਜੀ ਹਮਲੇ ਕਾਰਨ ਹੋਈਆਂ ਮੌਤਾਂ ਹੀ ਸ਼ਾਮਲ ਹਨ। ਇਨ੍ਹਾਂ ਵਿੱਚ ਭੁੱਖਮਰੀ, ਇਲਾਜ ਦੀ ਅਣਹੋਂਦ ਵਿੱਚ ਬੀਮਾਰੀ ਕਾਰਨ ਹੋਈਆਂ ਮੌਤਾਂ ਸ਼ਾਮਲ ਨਹੀਂ ਹਨ। ਜਿਨ੍ਹਾਂ ਬਾਰੇ ਕੌਮਾਂਤਰੀ ਮਦਦ ਸੰਸੰਥਾਵਾਂ ਵਧੇਰੇ ਚਿੰਤਤ ਹਨ।
ਬੁਲਾਰੇ ਦਰੋਰ ਸਬੋਤ ਨੇ ਕਿਹਾ ਕਿ ਇਹ ਅੰਕੜੇ ਅਸੀਂ ਗਾਜ਼ਾ ਵਿੱਚ ਜਾਂ ਹੋਰ ਥਾਵਾਂ ਉੱਤੇ ਹੋਏ ਪਿਛਲੇ ਹਮਲਿਆਂ ਦੌਰਾਨ ਨਹੀਂ ਦੇਖੇ ਸਨ।
ਉਨ੍ਹਾਂ ਨੇ ਕਿਹਾ ਕਿ ਮੌਤਾਂ ਦਾ ਅੰਕੜਾ ਆਈਡੀਐੱਫ ਦੇ ਬੁਲਾਰੇ ਵੱਲੋਂ ਹਮਲੇ ਦੇ ਸ਼ੁਰੂਆਤੀ ਦਿਨਾਂ ਦੌਰਾਨ ਦੱਸੀ ਗਈ ਪਹੁੰਚ ਨੂੰ ਦਰਸਾਉਂਦੀ ਹੈ।
ਜਿਸ ਨੇ ਕਿਹਾ ਸੀ,”ਸਟੀਕ ਅਤੇ ਨੁਕਸਾਨ ਦੇ ਦਾਇਰੇ ਨੂੰ ਸਮਤੋਲ ਵਿੱਚ ਰੱਖਦੇ ਹੋਏ ਹੁਣ ਅਸੀਂ ਆਪਣਾ ਧਿਆਨ ਵੱਧ ਤੋਂ ਵੱਧ ਨੁਕਸਾਨ ਕੀ ਕਰ ਸਕਦਾ ਹੈ ਇਸ ਉੱਪਰ ਲਗਾ ਰਹੇ ਹਾਂ।”












