ਹਿਮਾਚਲ ਪ੍ਰਦੇਸ਼ ਵਿੱਚ ਚੱਲ ਰਹੀ ਸਿਆਸੀ ਉਥਲ-ਪੁਥਲ ਦੇ ਕੀ ਕਾਰਨ ਹਨ ਤੇ ਅੱਗੇ ਕੀ ਹੋਵੇਗਾ

ਤਸਵੀਰ ਸਰੋਤ, ANI
- ਲੇਖਕ, ਦਿਲਨਵਾਜ਼ ਪਾਸ਼ਾ
- ਰੋਲ, ਬੀਬੀਸੀ ਪੱਤਰਕਾਰ
ਹਿਮਾਚਲ ਪ੍ਰਦੇਸ਼ ਵਿੱਚ ਰਾਜ ਸਭਾ ਦੀ ਇੱਕ ਸੀਟ ਲਈ ਹੋਈਆਂ ਚੋਣਾਂ ਵਿੱਚ ਕਰਾਸ ਵੋਟਿੰਗ ਨਾਲ ਪੈਦਾ ਹੋਇਆ ਸਿਆਸੀ ਤੂਫ਼ਾਨ ਕਾਂਗਰਸ ਸਰਕਾਰ ਉੱਤੇ ਸੰਕਟ ਬਣ ਕੇ ਮੰਡਰਾ ਰਿਹਾ ਹੈ।
ਕਾਂਗਰਸ ਦੇ 6 ਵਿਧਾਇਕਾਂ ਦੀ ਕਰਾਸ ਵੋਟਿੰਗ ਕਾਰਨ ਕਾਂਗਰਸ ਉਮੀਦਵਾਰ ਅਭਿਸ਼ੇਕ ਮਨੂ ਸਿੰਘਵੀ ਲਗਭਗ ਤੈਅ ਜਿੱਤ ਨਹੀਂ ਹਾਸਲ ਕਰ ਸਕੇ ਅਤੇ ਭਾਜਪਾ ਉਮੀਦਵਾਰ ਹਰਸ਼ ਮਹਾਜਨ ਜੇਤੂ ਰਹੇ ਸਨ।
ਹਿਮਾਚਲ ਪ੍ਰਦੇਸ਼, ਜਿਸ ਦੀਆਂ 68 ਵਿਧਾਨ ਸਭਾ ਸੀਟਾਂ ਵਿੱਚੋਂ ਕਾਂਗਰਸ ਨੇ 40 ਸੀਟਾਂ ਜਿੱਤੀਆਂ ਸਨ, ਭਾਜਪਾ ਨੇ 25 ਸੀਟਾਂ ਜਿੱਤੀਆਂ ਹਨ ਜਦਕਿ ਤਿੰਨ ਸੀਟਾਂ ਹੋਰ ਉਮੀਦਵਾਰਾਂ ਨੇ ਜਿੱਤੀਆਂ ਹਨ।
ਸਦਨ ਵਿੱਚ ਕਾਂਗਰਸ ਨੂੰ ਸਪੱਸ਼ਟ ਬਹੁਮਤ ਹਾਸਲ ਸੀ। ਹਾਲਾਂਕਿ 6 ਵਿਧਾਇਕਾਂ ਦੀ ਬਗਾਵਤ ਤੋਂ ਬਾਅਦ ਹੁਣ ਕਾਂਗਰਸ ਦੇ ਸਾਹਮਣੇ ਸੂਬੇ 'ਚ ਸਰਕਾਰ ਬਚਾਉਣ ਦੀ ਚੁਣੌਤੀ ਹੈ।
ਦੂਜੇ ਪਾਸੇ, ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਆਪਣੇ ਅਸਤੀਫ਼ੇ ਦੀਆਂ ਖ਼ਬਰਾਂ ਨੂੰ ਅਫ਼ਵਾਹ ਦੱਸਿਆ ਹੈ।
ਉਨ੍ਹਾਂ ਨੇ ਕਿਹਾ, “ਇੱਕ ਸਾਜ਼ਿਸ਼ ਰਾਹੀਂ ਸੱਤਾ ਹਥਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜੋ ਅੱਜ ਨਾਕਾਮ ਹੋ ਗਈ ਹੈ। ਆਉਣ ਵਾਲੇ ਸਮੇਂ ਵਿੱਚ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਵਿੱਚ ਸ਼ਾਮਲ ਲੋਕਾਂ ਦਾ ਭਾਂਡਾ ਭੰਨਾਂਗੇ। ਯਕੀਨਨ ਇਹ ਸਰਕਾਰ ਪੰਜ ਸਾਲ ਚੱਲੇਗੀ।
ਸੁੱਖੂ ਨੇ ਕਿਹਾ ਹੈ ਕਿ ਧੜਾ ਬਦਲਣ ਵਾਲੇ ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤੇ ਜਾਣ ਦੀ ਕਾਰਵਾਈ ਕੀਤੀ ਜਾਵੇਗੀ।
ਸੁੱਖੂ ਨੇ ਕਿਹਾ, "ਸਾਨੂੰ ਭਰੋਸਾ ਹੈ ਕਿ ਸਾਡੀ ਸਰਕਾਰ ਪੰਜ ਸਾਲ ਚੱਲੇਗੀ।"
ਕੀ ਅੰਦਰੂਨੀ ਸਿਆਸਤ ਵਿੱਚ ਫਸ ਗਏ ਸੁੱਖੂ?

ਤਸਵੀਰ ਸਰੋਤ, @SUKHUSUKHVINDER
ਇਸ ਦੌਰਾਨ ਅਬਜ਼ਰਵਰ ਡੀਕੇ ਸ਼ਿਵਕੁਮਾਰ ਅਤੇ ਭੂਪੇਂਦਰ ਸਿੰਘ ਹੁੱਡਾ ਸਾਰੇ ਕਾਂਗਰਸੀ ਵਿਧਾਇਕਾਂ ਨਾਲ ਗੱਲ ਕਰਨ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਸ਼ਿਮਲਾ ਪਹੁੰਚ ਗਏ ਹਨ।
ਇਸ ਦੇ ਨਾਲ ਹੀ ਸ਼ਿਮਲਾ ਪਹੁੰਚੇ ਕਾਂਗਰਸ ਦੇ ਛੇ ਬਾਗੀ ਵਿਧਾਇਕਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਭਾਜਪਾ ਦੇ ਨਾਲ ਹਨ।
ਸੂਬੇ ਦੀ ਸਿਆਸਤ ਅੱਗੇ ਕੀ ਮੋੜ ਲਵੇਗੀ ਅਤੇ ਕਾਂਗਰਸ ਸਰਕਾਰ ਟਿਕ ਸਕੇਗੀ ਜਾਂ ਨਹੀਂ, ਇਸ ਦੇ ਨਾਲ ਹੀ ਦਲ-ਬਦਲ ਵਿਰੋਧੀ ਕਾਨੂੰਨ ਅਤੇ ਕਈ ਹੋਰ ਸਮੀਕਰਨਾਂ ਤੋਂ ਇਲਾਵਾ ਹੋਰ ਪਹਿਲੂ ਵੀ ਹਨ।
ਐੱਨਐੱਸਯੂਆਈ ਅਤੇ ਯੂਥ ਕਾਂਗਰਸ ਰਾਹੀਂ ਹਿਮਾਚਲ ਕਾਂਗਰਸ ਦੇ ਪ੍ਰਧਾਨ ਅਤੇ ਫਿਰ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚੇ ਸੁਖਵਿੰਦਰ ਸਿੰਘ ਸੁੱਖੂ ਨੂੰ ਹਿਮਾਚਲ ਦੀ ਸਿਆਸਤ ਵਿੱਚ ਸੀਨੀਅਰ ਕਾਂਗਰਸੀ ਆਗੂ ਅਤੇ ਸੂਬੇ ਦੇ ਛੇ ਵਾਰ ਮੁੱਖ ਮੰਤਰੀ ਰਹਿ ਚੁੱਕੇ ਵੀਰਭੱਦਰ ਸਿੰਘ ਦੇ ਵਿਰੋਧੀ ਵਜੋਂ ਦੇਖਿਆ ਜਾਂਦਾ ਰਿਹਾ ਹੈ।
ਬੱਸ ਡਰਾਈਵਰ ਦਾ ਪੁੱਤਰ ਸੁੱਖੂ ਜਦੋਂ ਮੁੱਖ ਮੰਤਰੀ ਬਣਿਆ ਤਾਂ ਸੂਬੇ ਦੇ ਕਈ ਕਾਂਗਰਸੀ ਆਗੂ ਇਸ ਤੋਂ ਬੇਚੈਨ ਹੋ ਗਏ।
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਪਹਾੜ 'ਤੇ ਫੈਲੀ ਇਹ ਸਿਆਸੀ ਹਫੜਾ-ਦਫੜੀ ਕਾਂਗਰਸ ਦੀ ਅੰਦਰੂਨੀ ਸਿਆਸਤ ਦਾ ਨਤੀਜਾ ਹੈ।
ਸੀਨੀਅਰ ਪੱਤਰਕਾਰ ਹੇਮੰਤ ਕੁਮਾਰ ਕਹਿੰਦੇ ਹਨ, ''ਪਿਛਲੇ ਕੁਝ ਮਹੀਨਿਆਂ ਤੋਂ ਨਾਰਾਜ਼ਗੀ ਅਤੇ ਅਣਗਹਿਲੀ ਦੀ ਇਬਾਰਤ ਪਹਾੜਾਂ ਵਿੱਚ ਸਰੇਆਮ ਪੜ੍ਹੀ ਜਾ ਸਕਦੀਂ ਹੈ। ਇਹ ਵੱਖਰੀ ਗੱਲ ਹੈ, ਕਾਂਗਰਸ ਹਾਈਕਮਾਂਡ ਨੇ ਇਸ ਨੂੰ ਮਮੂਲੀ ਸਮਝਿਆ ਹੈ। ਇਹ ਹਲਕਾਪਨ ਸੱਤਾਧਾਰੀ ਕਾਂਗਰਸ ਲਈ ਮਹਿੰਗਾ ਸਾਬਤ ਹੋਇਆ। ਨਤੀਜਾ ਇਹ ਹੋਇਆ ਕਿ 40 ਵਿੱਚੋਂ 6 ਵਿਧਾਇਕ ਤੁਰੰਤ ਬਾਗਾਵਤ ਕਰ ਗਏ ਅਤੇ ਹੁਣ ਤੱਕ ਉਨ੍ਹਾਂ ਦੇ ਨਾਲ ਰਹੇ ਤਿੰਨ ਆਜ਼ਾਦ ਵੀ ਛੱਡ ਗਏ। ਭਾਜਪਾ ਦੇ ਹਰਸ਼ ਮਹਾਜਨ 25 ਵਿਧਾਇਕ ਹੋਣ ਦੇ ਬਾਵਜੂਦ ਰਾਜ ਸਭਾ ਵਿੱਚ ਚਲੇ ਗਏ।
ਵਿਧਾਇਕ ਅਣਦੇਖੀ ਕੀਤੇ ਜਾਣ ਤੋਂ ਨਾਰਾਜ਼ ਹਨ?

ਤਸਵੀਰ ਸਰੋਤ, ANI
ਰਾਜ ਸਭਾ ਸੀਟ ਦੀਆਂ ਚੋਣਾਂ ਵਿੱਚ ਕਿਸਮਤ ਵੀ ਕਾਂਗਰਸ ਨਾਲ ਖੇਡ ਕਰ ਗਈ। ਕਾਂਗਰਸ ਅਤੇ ਭਾਜਪਾ ਦੋਵਾਂ ਉਮੀਦਵਾਰਾਂ ਨੂੰ 34-34 ਵੋਟਾਂ ਮਿਲੀਆਂ। ਸਿੱਕਾ ਉਛਾਲਿਆ ਗਿਆ ਅਤੇ ਕਿਸਮਤ ਨੇ ਭਾਜਪਾ ਦਾ ਸਾਥ ਦਿੱਤਾ।
ਸਿਆਸੀ ਵਿਸ਼ਲੇਸ਼ਕ ਡਾ: ਅਸ਼ੀਸ਼ ਨੱਡਾ ਦਾ ਮੰਨਣਾ ਹੈ ਕਿ ਪ੍ਰਸ਼ਾਸਕ ਵਜੋਂ ਸੁੱਖੂ ਦੀ ਸਖ਼ਤ ਕਾਰਜਸ਼ੈਲੀ ਵੀ ਮੌਜੂਦਾ ਸਿਆਸੀ ਸੰਕਟ ਦਾ ਕਾਰਨ ਹੋ ਸਕਦੀ ਹੈ।
ਆਸ਼ੀਸ਼ ਨੱਡਾ ਦਾ ਕਹਿਣਾ ਹੈ, “ਸੱਖੂ ਇੱਕ ਸਖ਼ਤ ਪ੍ਰਸ਼ਾਸਕ ਸੀ, ਜਿਸ ਤਰ੍ਹਾਂ ਨਰਿੰਦਰ ਮੋਦੀ ਸੱਤਾ ਦਾ ਕੇਂਦਰੀਕਰਨ ਕਰਕੇ ਕੇਂਦਰ ਵਿੱਚ ਸਰਕਾਰ ਚਲਾਉਂਦੇ ਹਨ, ਉਸੇ ਤਰ੍ਹਾਂ ਦਾ ਮਾਡਲ ਸੁੱਖੂ ਸੂਬੇ ਵਿੱਚ ਲਾਗੂ ਕਰ ਰਹੇ ਸਨ। ਸਰਕਾਰ ਨਾਲ ਜੁੜੇ ਹਰ ਛੋਟੇ-ਵੱਡੇ ਫੈਸਲੇ ਉਹ ਖੁਦ ਲੈ ਰਹੇ ਸਨ। ਅਜਿਹੇ ਵਿੱਚ ਮੰਤਰੀਆਂ ਅਤੇ ਵਿਧਾਇਕਾਂ ਨੂੰ ਲੱਗਿਆ ਕਿ ਸਰਕਾਰ ਵਿੱਚ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਹੈ।"
ਇਸ ਦੇ ਨਾਲ ਹੀ ਸੀਨੀਅਰ ਪੱਤਰਕਾਰ ਹੇਮੰਤ ਕੁਮਾਰ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਪਰਿਵਾਰ ਅਤੇ ਕਾਂਗਰਸ ਦੀ ਕੇਂਦਰੀ ਹਾਈਕਮਾਂਡ ਵਿਚਾਲੇ ਚੱਲ ਰਹੀ ਰੱਸਾ-ਕਸ਼ੀ ਨੂੰ ਪਾਰਟੀ ਵਿੱਚ ਫੁੱਟ ਦਾ ਅਹਿਮ ਕਾਰਨ ਮੰਨਦੇ ਹਨ।
ਹੇਮੰਤ ਕੁਮਾਰ ਕਹਿੰਦੇ ਹਨ, “ਅਸਲ ਵਿੱਚ ਇਹ ਦਹਾਕਿਆਂ ਤੋਂ ਹਿਮਾਚਲ ਵਿੱਚ ਚੱਲ ਰਹੀ ਚੈਕ-ਮੇਟ ਦੀ ਖੇਡ ਹੈ। ਇੱਥੇ ਕਾਂਗਰਸ ਵਿੱਚ ਵੀਰਭੱਦਰ ਸਿੰਘ ਇਕੱਲੇ ਆਗੂ ਰਹੇ ਹਨ। ਪਾਰਟੀ ਦੇ ਅੰਦਰ ਕੋਈ ਵੀ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਿਆ। ਫਿਰ ਪਾਰਟੀ ਹਾਈਕਮਾਂਡ ਵੱਲੋਂ ਸੁਖਵਿੰਦਰ ਸਿੰਘ ਸੁੱਖੂ ਨੂੰ ਜਥੇਬੰਦੀ ਦੀ ਜ਼ਿੰਮੇਵਾਰੀ ਸੌਂਪੀ ਗਈ। ਉਸ ਸਮੇਂ ਵੀ ਮਾਹੌਲ ਬਹੁਤਾ ਚੰਗਾ ਨਹੀਂ ਸੀ।"
"ਜਦੋਂ ਰਾਜਾ ਵੀਰਭੱਦਰ ਸਿੰਘ ਨਹੀਂ ਰਹੇ ਤਾਂ ਕਮਾਨ ਮੁਕੇਸ਼ ਅਗਨੀਹੋਤਰੀ ਦੇ ਹੱਥਾਂ ਵਿੱਚ ਸੀ। ਉਹ ਕਾਂਗਰਸ ਵਿਧਾਇਕ ਦਲ ਦੇ ਆਗੂ ਸਨ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਬਹੁਮਤ ਵਿੱਚ ਆਈ ਸੀ ਅਤੇ ਹਾਈਕਮਾਂਡ ਨੇ ਸਿੱਧੇ ਤੌਰ ਉੱਤੇ ਸੁੱਖੂ ਨੂੰ ਸੀਐੱਮ ਬਣਾਉਣ ਦਾ ਹੁਕਮ ਜਾਰੀ ਕਰ ਦਿੱਤਾ। ਸਭ ਕੁਝ ਉਲਟ-ਪੁਲਟ ਹੋ ਗਿਆ। ਪਾਰਟੀ ਦੀ ਕਮਾਨ ਰਾਜਾ ਵੀਰਭੱਦਰ ਸਿੰਘ ਦੀ ਪਤਨੀ ਰਾਣੀ ਪ੍ਰਤਿਭਾ ਸਿੰਘ ਨੂੰ ਦਿੱਤੀ ਗਈ। ਹਾਈਕਮਾਂਡ ਦੇ ਆਸ਼ੀਰਵਾਦ ਨਾਲ ਸੁੱਖੂ ਨੇ ਆਪਣੀ ਮਰਜ਼ੀ ਮੁਤਾਬਕ ਸਿਆਸੀ ਮੋਹਰੇ ਜਚਾ ਲਏ।"
ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਸਰਕਾਰ ਬਣਨ ਤੋਂ ਬਾਅਦ ਪਾਰਟੀ ਦੇ ਕਈ ਆਗੂ ਮਹਿਸੂਸ ਕਰਨ ਲੱਗੇ ਹਨ ਕਿ ਉਨ੍ਹਾਂ ਦੀ ਅਣਦੇਖੀ ਹੋ ਰਹੀ ਹੈ। ਸੁਖਵਿੰਦਰ ਸਿੰਘ ਸੁੱਖੂ ਦਸੰਬਰ 2022 ਵਿੱਚ ਮੁੱਖ ਮੰਤਰੀ ਬਣੇ ਸਨ।
ਡਾ. ਆਸ਼ੀਸ਼ ਨੱਢਾ ਕਹਿੰਦੇ ਹਨ, “ਭਾਵੇਂ ਕਾਂਗਰਸ ਨੂੰ ਬਹੁਮਤ ਮਿਲਿਆ ਸੀ, ਪਰ ਸਰਕਾਰ ਬਣਨ ਦੇ ਨਾਲ ਹੀ ਕੁਝ ਆਗੂਆਂ ਦੀ ਸਿਆਸਤ ਦੇ ਸੰਕੇਤ ਨਜ਼ਰ ਆਉਣ ਲੱਗੇ ਸਨ। ਸੁਖਵਿੰਦਰ ਸਿੰਘ ਸੁੱਖੂ ਦੀ ਕਾਰਜਸ਼ੈਲੀ ਕਾਰਨ ਹੁਣ ਇਹ ਗੱਲ ਸਾਹਮਣੇ ਆ ਗਈ ਹੈ ਅਤੇ ਕਈ ਵਿਧਾਇਕ ਖੁੱਲ੍ਹੇਆਮ ਬਗਾਵਤ ਕਰ ਦਿੱਤੀ ਹੈ।

ਤਸਵੀਰ ਸਰੋਤ, ANI
ਹੇਮੰਤ ਕੁਮਾਰ ਵੀ ਮੰਨਦੇ ਹਨ ਕਿ ਪਾਰਟੀ ਆਗੂਆਂ ਵਿੱਚ ਇਹ ਨਾਰਾਜ਼ਗੀ ਸੁਖਵਿੰਦਰ ਸੁੱਖੂ ਦੇ ਮੁੱਖ ਮੰਤਰੀ ਬਣਦਿਆਂ ਹੀ ਨਜ਼ਰ ਆਉਣੀ ਸ਼ੁਰੂ ਹੋ ਗਈ ਸੀ।
ਹੇਮੰਤ ਸ਼ਰਮਾ ਦਾ ਕਹਿੰਦੇ ਹੈ, “ਪਹਿਲੇ ਦਿਨ ਤੋਂ ਹੀ ਕੁਝ ਆਗੂ ਆਪਣੇ-ਆਪ ਨੂੰ ਦੂਰ ਮਹਿਸੂਸ ਕਰਨ ਲੱਗੇ। ਜਿਸ ਵਿੱਚ ਸਾਬਕਾ ਕੈਬਨਿਟ ਮੰਤਰੀ ਸੁਧੀਰ ਸ਼ਰਮਾ ਵਰਗੇ ਨਾਮ ਵੀ ਸਨ। ਰਾਜਿੰਦਰ ਰਾਣਾ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਨੂੰ ਹਰਾਉਣ ਵਾਲਾ ਦੂਜਾ ਵੱਡਾ ਨਾਂ ਸੀ। ਕੁਝ ਹੋਰ ਕਾਂਗਰਸੀ ਵਿਧਾਇਕ ਵੀ ਵੱਖ-ਵੱਖ ਮੰਚਾਂ ਉੱਤੇ ਆਪਣੀ ਅਣਗਹਿਲੀ ਦਾ ਮੁੱਦਾ ਚੁੱਕਦੇੇ ਰਹੇ। ਸੁਧੀਰ ਅਤੇ ਰਾਣਾ ਨੇ ਖੁੱਲ੍ਹ ਕੇ ਆਪਣੇ ਇਰਾਦੇ ਜ਼ਾਹਰ ਕੀਤੇ ਸੀ।"
"ਸੂਬਾ ਪ੍ਰਧਾਨ ਰਾਣੀ ਪ੍ਰਤਿਭਾ ਸਿੰਘ ਨੇ ਵੀ ਇਸ ਤਰ੍ਹਾਂ ਦੀ ਨਾਰਾਜ਼ਗੀ ਉੱਤੇ ਕਈ ਵਾਰ ਆਪਣੇ ਵਿਚਾਰ ਪ੍ਰਗਟ ਕੀਤੇ। ਜ਼ਿਆਦਾਤਰ ਇਸ ਗੱਲੋਂ ਦੁਖੀ ਸਨ ਕਿ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾਂਦੀ। ਕਈ ਮੰਚਾਂ ਉੱਤੇ ਆਵਾਜ਼ ਚੁੱਕਣ ਦੇ ਬਾਵਜੂਦ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ।"
"ਸਰਕਾਰ ਤਾਂ ਚੱਲੀ ਗਈ ਪਰ ਰਾਹ ਦੇ ਟੋਏ, ਤਿੱਖੇ ਮੋੜ, ਚੜ੍ਹਾਈ ਅਤੇ ਉਤਰਾਈ ਆਦਿ ਦੇ ਸਾਰੇ ਸੰਕੇਤਾਂ ਨੂੰ ਦੇਖ ਕੇ ਅਣਡਿੱਠ ਕਰ ਦਿੱਤਾ ਗਿਆ, ਲਿਹਾਜ਼ਾ ਹਾਦਸਾ ਹੋ ਗਿਆ। ਹੁਣ ਦੇਖਣਾ ਬਾਕੀ ਹੈ ਕਿ ਗੱਡੀ ਮੁਰੰਮਤ ਯੋਗ ਵੀ ਹੈ ਜਾਂ ਨਹੀਂ।"
ਵਿਕਰਮਾਦਿੱਤਿਆ ਨੇ ਕਿਹਾ- ਹੁਣ ਬਰਦਾਸ਼ਤ ਨਹੀਂ ਕਰਨਗੇ

ਤਸਵੀਰ ਸਰੋਤ, ANI
ਵੀਰਭੱਦਰ ਸਿੰਘ ਦੇ ਬੇਟੇ ਵਿਕਰਮਾਦਿਤਿਆ ਸਿੰਘ ਨੇ ਵੀ ਬੁੱਧਵਾਰ ਨੂੰ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਅਸਤੀਫਾ ਦੇਣ ਤੋਂ ਬਾਅਦ ਉਨ੍ਹਾਂ ਨੇ ਖੁੱਲ੍ਹ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਅਤੇ ਸਿਆਸੀ ਤੌਰ 'ਤੇ ਖੁਦ ਨੂੰ ਕਮਜ਼ੋਰ ਕਰਨ ਦੇ ਇਲਜ਼ਾਮ ਲਾਏ।
ਵਿਕਰਮਾਦਿੱਤਿਆ ਸਿੰਘ ਨੇ ਕਿਹਾ, ''ਅਸੀਂ ਆਉਣ ਵਾਲੇ ਸਮੇਂ ਵਿੱਚ ਸਥਿਤੀ ਮੁਤਾਬਕ ਕਾਰਵਾਈ ਕਰਾਂਗੇ। ਮੈਂ ਪਾਰਟੀ ਹਾਈਕਮਾਂਡ ਨੂੰ ਸੂਬੇ ਦੇ ਅਸਲ ਹਾਲਾਤਾਂ ਅਤੇ ਲੋਕਾਂ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾ ਦਿੱਤਾ ਹੈ। ਵੀਰਭੱਦਰ ਸਿੰਘ ਜੀ ਨੇ ਹਮੇਸ਼ਾ ਆਪਣੀਆਂ ਸ਼ਰਤਾਂ 'ਤੇ ਰਾਜਨੀਤੀ ਕੀਤੀ ਹੈ, ਅਸੀਂ ਸਹੀ ਦੀ ਹਮਾਇਤੇ ਹੋਏ ਅਤੇ ਗਲਤ ਦਾ ਵਿਰੋਧ ਕਰਦੇ ਹੋਏ ਅੱਗੇ ਵਧਾਂਗੇ।"
"ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਜੇਕਰ ਕੋਈ ਸਾਡੀ ਆਵਾਜ਼ ਜਾਂ ਸਾਡੀ ਹੋਂਦ ਨੂੰ ਦਬਾਉਣ ਜਾਂ ਮਿਟਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗਾ। ਪਿਛਲੇ ਦੋ ਦਿਨਾਂ ਵਿੱਚ ਜੋ ਵੀ ਘਟਨਾਕ੍ਰਮ ਵਾਪਰਿਆ ਹੈ, ਉਸ ਬਾਰੇ ਮੈਂ ਪਾਰਟੀ ਹਾਈਕਮਾਂਡ ਨੂੰ ਜਾਣੂ ਕਰਵਾ ਦਿੱਤਾ ਹੈ। ਫੈਸਲਾ ਪਾਰਟੀ ਹਾਈਕਮਾਂਡ ਨੇ ਲੈਣਾ ਹੈ।''
ਕਾਂਗਰਸ ਪਿਛਲੇ ਪੰਜ ਸਾਲਾਂ ਦੌਰਾਨ ਕਈ ਸੂਬਿਆਂਂ ਵਿੱਚ ਸਰਕਾਰਾਂ ਗੁਆ ਚੁੱਕੀ ਹੈ। ਭਾਜਪਾ ਨੇ ਮੱਧ ਪ੍ਰਦੇਸ਼, ਕਰਨਾਟਕ ਅਤੇ ਮਹਾਰਾਸ਼ਟਰ ਵਿੱਚ ਕਾਂਗਰਸ ਸਰਕਾਰਾਂ ਡੇਗ ਕੇ ਸੱਤਾ ਹਾਸਲ ਕੀਤੀ ਹੈ।
ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਚੋਣਾਂ ਵਿੱਚ ਸਪੱਸ਼ਟ ਬਹੁਮਤ ਮਿਲਣ ਤੋਂ ਬਾਅਦ ਵੀ ਸੰਕਟ ਵਿੱਚ ਫਸੀ ਨਜ਼ਰ ਆ ਰਹੀ ਹੈ।
ਕਾਂਗਰਸ ਦੇ ਛੇ ਵਿਧਾਇਕ ਬਾਗੀ ਹੋ ਗਏ ਹਨ। ਦਲ-ਬਦਲ ਵਿਰੋਧੀ ਕਾਨੂੰਨ ਦੇ ਤਹਿਤ, ਘੱਟੋ-ਘੱਟ ਇੱਕ ਤਿਹਾਈ ਮੈਂਬਰਾਂ ਲਈ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਣਾ ਲਾਜ਼ਮੀ ਹੈ। ਅਜਿਹੇ ਵਿੱਚ ਹਿਮਾਚਲ ਵਿੱਚ ਕਾਂਗਰਸ ਨੂੰ ਤੋੜਨ ਲਈ ਘੱਟੋ-ਘੱਟ 14 ਵਿਧਾਇਕਾਂ ਦੀ ਲੋੜ ਹੋਵੇਗੀ।
ਹਾਲਾਂਕਿ, ਦਲ-ਬਦਲ ਵਿਰੋਧੀ ਕਾਨੂੰਨ ਦੇ ਬਾਵਜੂਦ, ਵਿਧਾਇਕਾਂ ਨੇ ਪੱਖ ਬਦਲਿਆ ਹੈ ਅਤੇ ਸਰਕਾਰਾਂ ਡਿੱਗੀਆਂਂ ਹਨ।
ਕਾਂਗਰਸ ਕੀ ਕੋਸ਼ਿਸ਼ ਕਰੇਗੀ?

ਤਸਵੀਰ ਸਰੋਤ, ANI
ਡਾ. ਅਸ਼ੀਸ਼ ਨੱਡਾ ਦਾ ਮੰਨਣਾ ਹੈ ਕਿ ਮੌਜੂਦਾ ਹਾਲਾਤ ਵਿੱਚ ਕਾਂਗਰਸ ਚੋਣਾਂ ਕਰਵਾਉਣ ਦੀ ਰਣਨੀਤੀ ਉੱਤੇ ਕੰਮ ਕਰ ਸਕਦੀ ਹੈ।
ਡਾ. ਨੱਡਾ ਕਹਿੰਦੇ ਹਨ, “ਕਾਂਗਰਸ ਬਿਲਕੁਲ ਨਹੀਂ ਚਾਹੇਗੀ ਕਿ ਜੇਕਰ ਉਸਦੀ ਸਰਕਾਰ ਡਿੱਗਦੀ ਹੈ ਤਾਂ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣੇ। ਅਜਿਹੇ ਵਿੱਚ ਕਾਂਗਰਸ ਚੋਣਾਂ ਵਿੱਚ ਜਾਣਾ ਜ਼ਿਆਦਾ ਪਸੰਦ ਕਰੇਗੀ।
ਹਾਲਾਂਕਿ ਹੇਮੰਤ ਕੁਮਾਰ ਅਜਿਹਾ ਨਹੀਂ ਸੋਚਦੇ। ਸ਼ਰਮਾ ਦਾ ਕਹਿਣਾ ਹੈ, “ਕਾਂਗਰਸ ਹਾਈ ਕਮਾਂਡ ਦੀ ਕੋਸ਼ਿਸ਼ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਸਾਰਿਆਂ ਨੂੰ ਮਨਾ ਲਿਆ ਜਾਵੇ ਅਤੇ ਮਾਮਲੇ ਨੂੰ ਅੱਗੇ ਵਧਣ ਤੋਂ ਰੋਕਿਆ ਜਾਵੇ। ਦੂਜਾ, ਕਿਸੇ ਹੋਰ ਵਿਕਲਪ ਉੱਤੇ ਚਰਚਾ ਹੋਣੀ ਚਾਹੀਦੀ ਹੈ। ਕਾਂਗਰਸ ਅਤੇ ਕਾਂਗਰਸੀ ਵਿਧਾਇਕ ਕਿਸੇ ਵੀ ਹਾਲਤ ਵਿੱਚ ਚੋਣਾਂ ਵਿੱਚ ਨਹੀਂ ਜਾਣਾ ਚਾਹੁਣਗੇ।''
ਕਾਂਗਰਸ ਨੇ ਭਾਜਪਾ 'ਤੇ 'ਲੋਕ ਰਾਇ ਚੋਰੀ' ਕਰਨ ਦੇ ਇਲਜ਼ਾਮ ਲਾਏ ਹਨ। ਜਦਕਿ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਵਿੱਚ ਵੀ ਘਾਟ ਕਾਂਗਰਸ ਦੀ ਹੀ ਨਜ਼ਰ ਆ ਰਹੀ ਹੈ।
ਹੇਮੰਤ ਕੁਮਾਰ ਦਾ ਕਹਿਣਾ ਹੈ, ''ਭਾਜਪਾ ਨੂੰ ਜ਼ਿਆਦਾ ਕੁਝ ਕਰਨ ਦੀ ਲੋੜ ਨਹੀਂ ਪਈ। ਹੋ ਸਕਦਾ ਹੈ ਕਿ ਉਸ ਨੇ ਕੀਤਾ ਵੀ ਹੋਵੇ ਪਰ ਇਸ ਦਾ ਕਾਰਨ ਕਾਂਗਰਸ ਦੇ ਅੰਦਰ ਹੀ ਹੈ। ਉਨ੍ਹਾਂ ਨੇ ਸਾਹਮਣੇ ਹੋਕੇ ਬੋਚ ਲਿਆ।"
"ਹੁਣ ਜਦੋਂ ਭਾਜਪਾ ਹਾਈ ਕਮਾਂਡ ਵੀ ਇਸ ਖੇਡ ਵਿੱਚ ਸ਼ਾਮਲ ਹੋ ਗਈ ਹੈ ਤਾਂ ਉਹ ਵੀ ਆਸਾਨੀ ਨਾਲ ਚੁੱਪ ਨਹੀਂ ਬੈਠਣਗੇ। ਕੋਈ ਨਾ ਕੋਈ ਖੇਡ ਹੋਵੇਗੀ। ਭਾਜਪਾ ਦੇ 25 ਵਿਧਾਇਕ ਹਨ। ਉਨ੍ਹਾਂ ਨੂੰ ਦਸ ਵਿਧਾਇਕਾਂ ਦੀ ਲੋੜ ਹੈ। ਅਗਲੇ ਇੱਕ-ਦੋ ਦਿਨਾਂ ਵਿੱਚ ਹਿਮਾਚਲ ਦੀ ਸਿਆਸਤ ਕਿਸੇ ਵੀ ਦਿਸ਼ਾ ਵਿੱਚ ਮੋੜ ਲੈ ਸਕਦੀ ਹੈ।"












