ਪੁਲਿਸ ਵੈਨ 'ਚ ਹੱਥ ਪੈਰ ਬੰਨ੍ਹ ਕੇ ਕੁੜੀ ਦਾ ਜਿਨਸੀ ਸ਼ੋਸਣ ਕੀਤਾ ਅਤੇ ਕਤਲ ਕਰਨ ਤੋਂ ਬਾਅਦ ਸੜ੍ਹਕ ਉੱਤੇ ਸੁੱਟ ਦਿੱਤਾ- ਖੁਫ਼ੀਆ ਰਿਪੋਰਟ ਦਾ ਖ਼ੁਲਾਸਾ

ਨਿਕਾ

ਤਸਵੀਰ ਸਰੋਤ, Atash Shakarami

ਤਸਵੀਰ ਕੈਪਸ਼ਨ, ਨਿਕਾ ਦੀ ਲਾਸ਼ ਲਾਪਤਾ ਹੋਣ ਤੋਂ ਨੌਂ ਦਿਨਾਂ ਬਾਅਦ ਮਿਲੀ ਸੀ
    • ਲੇਖਕ, ਬੇਰਟਰੈਮ ਹਿੱਲ, ਏਡਾ ਮਿਲਰ ਅਤੇ ਮਾਈਕਲ ਸਿਮਕਿਨ
    • ਰੋਲ, ਬੀਬੀਸੀ ਆਈ ਇਨਵੈਸਟੀਗੇਸ਼ਨਜ਼

ਈਰਾਨ ਦੇ ਤਿੰਨ ਸੁਰੱਖਿਆ ਕਰਮਚਾਰੀਆਂ ਨੇ ਇੱਕ ਅੱਲ੍ਹੜ ਉਮਰ ਦੀ ਲੜਕੀ ਦਾ ਜਿਨਸੀ ਸ਼ੋਸ਼ਣ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਸੀ।

ਇਹ ਰਾਜ਼ ਇੱਕ ਸਰਕਾਰੀ ਦਸਤਾਵੇਜ਼ ਲੀਕ ਹੋਣ ਦੇ ਬਾਅਦ ਖੁੱਲ੍ਹਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਦਸਤਾਵੇਜ਼ ਈਰਾਨ ਦੇ ਸੁਰੱਖਿਆ ਬਲਾਂ ਨੇ ਹੀ ਤਿਆਰ ਕੀਤਾ ਸੀ।

ਇਸ ਦਸਤਾਵੇਜ਼ ਤੋਂ ਸਾਨੂੰ ਇਹ ਪਤਾ ਲਗਾਉਣ ਵਿੱਚ ਕਾਫ਼ੀ ਮਦਦ ਮਿਲਦੀ ਹੈ ਕਿ 16 ਸਾਲ ਦੀ ਨਿਕਾ ਸ਼ਕਾਰਾਮੀ 2022 ਦੇ ਸਰਕਾਰ ਵਿਰੋਧੀ ਪ੍ਰਦਰਸ਼ਨ ਤੋਂ ਕਿੱਥੇ ਗਾਇਬ ਹੋ ਗਈ ਸੀ।

ਨਿਕਾ ਦੀ ਲਾਸ਼ ਲਾਪਤਾ ਹੋਣ ਤੋਂ ਨੌਂ ਦਿਨਾਂ ਬਾਅਦ ਮਿਲੀ ਸੀ। ਈਰਾਨ ਦੀ ਹਕੂਮਤ ਨੇ ਦਾਅਵਾ ਕੀਤਾ ਸੀ ਕਿ ਨਿਕਾ ਨੇ ਖ਼ੁਦ ਹੀ ਆਪਣੀ ਜਾਨ ਲੈ ਲਈ ਸੀ।

ਅਸੀਂ ਈਰਾਨ ਦੀ ਸਰਕਾਰੀ ਰਿਪੋਰਟ ਦੇ ਇਲਜ਼ਾਮਾਂ ਬਾਰੇ ਉੱਥੋਂ ਦੀ ਸਰਕਾਰ ਅਤੇ ਰੈਵੋਲਯੂਸ਼ਨਰੀ ਗਾਰਡਜ਼ ਤੋਂ ਜਵਾਬ ਮੰਗਿਆ। ਪਰ ਉਨ੍ਹਾਂ ਨੇ ਇਸ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।

ਇਸ ਰਿਪੋਰਟ ਨੂੰ ‘ਬੇਹੱਦ ਗੁਪਤ’ ਦੇ ਦਰਜੇ ਵਿੱਚ ਰੱਖਿਆ ਗਿਆ ਹੈ। ਇਸ ਵਿੱਚ ਈਰਾਨ ਦੇ ਇਸਲਾਮਿਕ ਰੈਵੋਲਯੂਸ਼ਨਰੀ ਗਾਰਡਜ਼ ਕੋਰ (ਆਈਆਰਜੀਸੀ) ਦੇ ਨਿਕਾ ਦੇ ਮਾਮਲੇ ਦੀ ਸੁਣਵਾਈ ਦਾ ਬਿਓਰਾ ਦਿੱਤਾ ਗਿਆ ਹੈ।

ਰੈਵੋਲਯੂਸ਼ਨਰੀ ਗਾਰਡਜ਼ ਈਰਾਨ ਦਾ ਉਹ ਸੁਰੱਖਿਆ ਬਲ ਹੈ, ਜੋ ਦੇਸ਼ ਦੇ ਇਸਲਾਮਿਕ ਤੰਤਰ ਦੀ ਹਿਫ਼ਾਜ਼ਤ ਕਰਦਾ ਹੈ।

ਇਸ ਰਿਪੋਰਟ ਵਿੱਚ ਨਿਕਾ ਦੇ ਕਾਤਲਾਂ ਤੋਂ ਇਲਾਵਾ ਰੈਵੋਲਯੂਸ਼ਨਰੀ ਗਾਰਡਜ਼ ਦੇ ਉਨ੍ਹਾਂ ਸੀਨੀਅਰ ਕਮਾਂਡਰਾਂ ਦੇ ਨਾਂ ਵੀ ਹਨ, ਜਿਨ੍ਹਾਂ ਨੇ ਸੱਚਾਈ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਸੀ।

ਇਸ ਸਰਕਾਰੀ ਦਸਤਾਵੇਜ਼ ਵਿੱਚ ਨਿਕਾ ਦੀ ਹੱਤਿਆ ਦੇ ਪਹਿਲਾਂ ਅਤੇ ਉਸ ਦੇ ਬਾਅਦ ਦੀਆਂ ਘਟਨਾਵਾਂ ਦੇ ਬਹੁਤ ਪ੍ਰੇਸ਼ਾਨ ਕਰਨ ਵਾਲੇ ਬਿਓਰੇ ਦਰਜ ਕੀਤੇ ਗਏ ਹਨ।

ਇਨ੍ਹਾਂ ਵਿੱਚ ਇੱਕ ਖੁਫ਼ੀਆ ਵੈਨ ਦਾ ਜ਼ਿਕਰ ਹੈ ਜਿਸ ਵਿੱਚ ਸੁਰੱਖਿਆ ਬਲਾਂ ਨੇ ਨਿਕਾ ਨੂੰ ਕੈਦ ਕਰਕੇ ਰੱਖਿਆ ਸੀ। ਇਸ ਰਿਪੋਰਟ ਵਿੱਚ ਲਿਖਿਆ ਹੋਇਆ ਹੈ ਕਿ:

ਇੱਕ ਸ਼ਖ਼ਸ ਨਿਕਾ ਦੇ ਉੱਪਰ ਬੈਠਾ ਹੋਇਆ ਸੀ ਅਤੇ ਉਸ ਨੇ ਨਿਕਾ ਦਾ ਜਿਨਸੀ ਸ਼ੋਸ਼ਣ ਕੀਤਾ।

ਹਥਕੜੀ ਲਗਾਉਣ ਅਤੇ ਬੰਧਕ ਬਣਾਉਣ ਦੇ ਬਾਵਜੂਦ ਨਿਕਾ ਨੇ ਪੂਰੀ ਤਾਕਤ ਨਾਲ ਵਿਰੋਧ ਕੀਤਾ। ਉਸ ਨੇ ਹੱਥ-ਪੈਰ ਚਲਾਏ ਅਤੇ ਗਾਲ੍ਹਾਂ ਕੱਢੀਆਂ।

ਇਸ ਰਿਪੋਰਟ ਵਿੱਚ ਇਹ ਵੀ ਸਵੀਕਾਰ ਕੀਤਾ ਗਿਆ ਹੈ ਕਿ ਨਿਕਾ ਦੇ ਪੁਰਜ਼ੋਰ ਵਿਰੋਧ ਦੀ ਵਜ੍ਹਾ ਨਾਲ ਉਸ ਨੂੰ ਗ੍ਰਿਫ਼ਤਾਰ ਕਰਨ ਵਾਲੇ ਸੁਰੱਖਿਆ ਕਰਮਚਾਰੀ ਭੜਕ ਗਏ ਅਤੇ ਉਨ੍ਹਾਂ ਨੇ ਨਿਕਾ ਨੂੰ ਡੰਡਿਆਂ ਨਾਲ ਕੁੱਟਿਆ ਸੀ।

ਪਰਿਵਾਰ ਨੂੰ ਇੱਕ ਹਫ਼ਤੇ ਬਾਅਦ ਲਾਸ਼ ਮਿਲੀ

ਨਿਕਾ

ਤਸਵੀਰ ਸਰੋਤ, ATASH SHAKARAMI

ਤਸਵੀਰ ਕੈਪਸ਼ਨ, ਈਰਾਨ ਦੀ ਹਕੂਮਤ ਨੇ ਦਾਅਵਾ ਕੀਤਾ ਸੀ ਕਿ ਨਿਕਾ ਨੇ ਖ਼ੁਦ ਹੀ ਆਪਣੀ ਜਾਨ ਲੈ ਲਈ ਸੀ

ਈਰਾਨ ਦੀ ਰਿਪੋਰਟ ਦੇ ਮੁਤਾਬਿਕ ਨਿਕਾ ਦੀ ਆਖਰੀ ਲੋਕੇਸ਼ਨ ਲਾਲੇਹ ਪਾਰਕ ਜਿੱਥੇ ਨਿਕਾ ਪ੍ਰਦਰਸ਼ਨ ਕਰ ਰਹੀ ਸੀ।

  • ਉਸ ਨੂੰ ਇੱਕ ਅਸਥਾਈ ਪੁਲਿਸ ਕੈਂਪ ਵਿੱਚ ਲਿਜਾਇਆ ਗਿਆ ਜੋ ਭਰਿਆ ਹੋਇਆ ਸੀ।
  • ਇਸ ਦੇ ਬਾਅਦ ਉਨ੍ਹਾਂ ਨੂੰ ਨਜ਼ਰਬੰਦੀ ਕੈਂਪ ਲੈ ਜਾਇਆ ਗਿਆ, ਪਰ ਉੱਥੇ ਉਨ੍ਹਾਂ ਨੂੰ ਲੈਣ ਤੋਂ ਮਨ੍ਹਾਂ ਕਰ ਦਿੱਤਾ ਗਿਆ
  • ਟੀਮ 12 ਨੂੰ ਕਿਹਾ ਗਿਆ ਕਿ ਉਸ ਨੂੰ ਇੱਥੇ (ੲਵਿਨ ਜੇਲ੍ਹ) ਵਿੱਚ ਲਿਆਂਦਾ ਜਾਵੇ, ਪਰ ਉਹ ਉੱਥੇ ਕਦੇ ਨਹੀਂ ਪਹੁੰਚ ਸਕੀ
  • ਪਿੱਛੇ ਖੜਾਕਾ ਹੋਣ ਮਗਰੋਂ ਵੈਨ ਰੁਕ ਗਈ
  • ਟੀਮ 12 ਨੇ ਨਿਕਾ ਦੀ ਲਾਸ਼ ਨੂੰ ਸੜਕ ’ਤੇ ਸੁੱਟ ਦਿੱਤਾ

ਈਰਾਨ ਦੇ ਬਹੁਤ ਸਾਰੇ ਨਕਲੀ ਦਸਤਾਵੇਜ਼ ਵੀ ਪ੍ਰਚੱਲਨ ਵਿੱਚ ਹਨ। ਇਸ ਲਈ ਬੀਬੀਸੀ ਨੇ ਇਸ ਦਸਤਾਵੇਜ਼ ਵਿੱਚ ਦਰਜ ਗੱਲਾਂ ਦੀ ਕਈ ਮਹੀਨਿਆਂ ਤੱਕ ਦੂਜੇ ਸਰੋਤਾਂ ਨਾਲ ਪੁਸ਼ਟੀ ਕਰਨ ਦੀ ਕੋਸ਼ਿਸ਼ ਕੀਤੀ।

ਸਾਡੀ ਵਿਆਪਕ ਪੜਤਾਲ ਤੋਂ ਸੰਕੇਤ ਮਿਲਦਾ ਹੈ ਕਿ ਅਸੀਂ ਜੋ ਕਾਗਜ਼ਾਤ ਹਾਸਲ ਕੀਤੇ ਸਨ, ਉਹ ਅਸਲ ਵਿੱਚ ਨਿਕਾ ਦੇ ਅੰਤਿਮ ਸਮੇਂ ਦੀ ਗਵਾਹੀ ਦੇਣ ਵਾਲੇ ਹਨ।

ਨਿਕਾ ਸ਼ਕਾਰਾਮੀ ਦੀ ਗੁੰਮਸ਼ੁਦਗੀ ਅਤੇ ਫਿਰ ਉਸ ਦੀ ਮੌਤ ਦੀ ਘਟਨਾ ਦੀ ਵੱਡੇ ਪੱਧਰ ’ਤੇ ਚਰਚਾ ਹੋਈ ਸੀ।

ਉਸ ਦੀ ਤਸਵੀਰ ਈਰਾਨ ਦੀਆਂ ਔਰਤਾਂ ਦੀ ਜ਼ਿਆਦਾ ਆਜ਼ਾਦੀ ਹਾਸਲ ਕਰਨ ਦੀ ਜੰਗ ਦੀ ਪ੍ਰਤੀਕ ਬਣ ਗਈ ਸੀ।

ਜਦੋਂ 2022 ਦੇ ਪਤਝੜ ਦੇ ਦਿਨਾਂ ਵਿੱਚ ਈਰਾਨ ਦੀਆਂ ਸੜਕਾਂ ’ਤੇ ਵਿਰੋਧ ਪ੍ਰਦਰਸ਼ਨ ਆਪਣੇ ਸਿਖਰ ’ਤੇ ਸੀ, ਉਦੋਂ ਹਿਜਾਬ ਪਹਿਨਣ ਦੇ ਹਕੂਮਤ ਦੇ ਸਖ਼ਤ ਅਤੇ ਲਾਜ਼ਮੀ ਨਿਯਮ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀ ਨਿਕਾ ਦੇ ਨਾਂ ਦੇ ਨਾਅਰੇ ਲਗਾਇਆ ਕਰਦੇ ਸਨ।

ਈਰਾਨ ਵਿੱਚ ‘ਔਰਤ, ਜ਼ਿੰਦਗੀ, ਆਜ਼ਾਦੀ ਦੀ ਮੁਹਿੰਮ’ ਨਾਂ ਨਾਲ ਚਲਾਏ ਗਏ ਇਹ ਵਿਰੋਧ ਪ੍ਰਦਰਸ਼ਨ ਨਿਕਾ ਦੀ ਮੌਤ ਦੇ ਕੁਝ ਦਿਨ ਪਹਿਲਾਂ ਹੀ ਸ਼ੁਰੂ ਹੋਏ ਸਨ।

ਇਤਫਾਕ ਨਾਲ ਇਨ੍ਹਾਂ ਪ੍ਰਦਰਸ਼ਨਾਂ ਦੀ ਸ਼ੁਰੂਆਤ 22 ਸਾਲ ਦੀ ਇੱਕ ਮਹਿਲਾ ਮਹਿਸਾ ਅਮੀਨੀ ਦੀ ਮੌਤ ਤੋਂ ਬਾਅਦ ਭੜਕ ਗਈ ਸੀ।

ਸੰਯੁਕਤ ਰਾਸ਼ਟਰ ਦੇ ਇੱਕ ਤਹਿਕੀਕਾਤ ਕਰਨ ਵਾਲੇ ਮਿਸ਼ਨ ਦੇ ਮੁਤਾਬਿਕ ਮਹਿਸਾ ਅਮੀਨੀ ਦੀ ਮੌਤ ਪੁਲਿਸ ਹਿਰਾਸਤ ਵਿੱਚ ਲੱਗੀਆਂ ਸੱਟਾਂ ਕਾਰਨ ਹੋਈ ਸੀ।

ਪੁਲਿਸ ਨੇ ਮਹਿਸਾ ’ਤੇ ਹਿਜਾਬ ਨਾ ਪਹਿਨਣ ਦਾ ਇਲਜ਼ਾਮ ਲਾ ਕੇ ਉਸ ਨੂੰ ਹਿਰਾਸਤ ਵਿੱਚ ਲਿਆ ਸੀ।

ਨਿਕਾ ਦੇ ਮਾਮਲੇ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਦੀ ਲਾਸ਼, ਪ੍ਰਦਰਸ਼ਨ ਦੇ ਦੌਰਾਨ ਲਾਪਤਾ ਹੋਣ ਦੇ ਇੱਕ ਹਫ਼ਤੇ ਤੋਂ ਵੀ ਜ਼ਿਆਦਾ ਵਕਤ ਦੇ ਬਾਅਦ ਇੱਕ ਮੁਰਦਾਘਰ ਤੋਂ ਮਿਲੀ ਸੀ।

ਬੀਬੀਸੀ
ਤਸਵੀਰ ਕੈਪਸ਼ਨ, ਈਰਾਨ ਦੀ ਰਿਪੋਰਟ ਦੇ ਮੁਤਾਬਿਕ ਨਿਕਾ ਦੀ ਆਖਰੀ ਲੋਕੇਸ਼ਨ ਲਾਲੇਹ ਪਾਰਕ ਜਿੱਥੇ ਨਿਕਾ ਪ੍ਰਦਰਸ਼ਨ ਕਰ ਰਹੀ ਸੀ

ਪਰ ਈਰਾਨ ਦੇ ਅਧਿਕਾਰੀਆਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਸੀ ਕਿ ਉਨ੍ਹਾਂ ਦੀ ਮੌਤ ਦਾ ਸਬੰਧ ਵਿਰੋਧ ਪ੍ਰਦਰਸ਼ਨਾਂ ਨਾਲ ਹੈ।

ਖ਼ੁਦ ਆਪਣੀ ਤਫ਼ਤੀਸ਼ ਕਰਨ ਦੇ ਬਾਅਦ ਈਰਾਨ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਨਿਕਾ ਨੇ ਖੁਦਕੁਸ਼ੀ ਕਰ ਲਈ ਸੀ।

ਲਾਪਤਾ ਹੋਣ ਤੋਂ ਠੀਕ ਪਹਿਲਾਂ 20 ਸਤੰਬਰ ਨੂੰ ਨਿਕਾ ਨੂੰ ਤਹਿਰਾਨ ਦੇ ਮੱਧ ਵਿੱਚ ਸਥਿਤ ਲਾਲੇਹ ਪਾਰਕ ਦੇ ਕੋਲ ਬਣਾਏ ਗਏ ਇੱਕ ਵੀਡਿਓ ਵਿੱਚ ਦੇਖਿਆ ਗਿਆ ਸੀ। ਉਹ ਕੂੜੇ ਦੇ ਇੱਕ ਡੱਬੇ ’ਤੇ ਖੜ੍ਹੇ ਹੋ ਕੇ ਹਿਜਾਬਾਂ ਨੂੰ ਅੱਗ ਲਾ ਰਹੀ ਸੀ।

ਇਸ ਵੀਡਿਓ ਵਿੱਚ ਉਨ੍ਹਾਂ ਦੇ ਆਲੇ-ਦੁਆਲੇ ਲੋਕ ‘ਤਾਨਾਸ਼ਾਹੀ ਮੁਰਦਾਬਾਦ’ ਦੇ ਨਾਅਰੇ ਲਾ ਰਹੇ ਸਨ। ਪ੍ਰਦਰਸ਼ਨਕਾਰੀਆਂ ਦੇ ਨਿਸ਼ਾਨੇ ’ਤੇ ਈਰਾਨ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖ਼ਮੇਨੇਈ ਸੀ।

ਈਰਾਨ ਦੀ ਸਰਕਾਰੀ ਖ਼ੁਫੀਆ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਸੁਰੱਖਿਆ ਬਲ ਨਿਕਾ ’ਤੇ ਨਜ਼ਰ ਰੱਖ ਰਹੇ ਸਨ।

ਹਾਲਾਂਕਿ, ਉਸ ਵਕਤ ਸ਼ਾਇਦ ਨਿਕਾ ਨੂੰ ਇਸ ਦਾ ਅੰਦਾਜ਼ ਵੀ ਨਹੀਂ ਰਿਹਾ ਹੋਵੇਗਾ।

ਇਹ ਰਿਪੋਰਟ ਇਸਲਾਮਿਕ ਰੈਵੋਲਯੂਸ਼ਨਰੀ ਗਾਰਡਜ਼ ਕੋਰ ਦੇ ਕਮਾਂਡਰ ਨੂੰ ਭੇਜੀ ਗਈ ਹੈ। ਇਸ ਵਿੱਚ ਉਨ੍ਹਾਂ ਟੀਮਾਂ ਨਾਲ ਗੱਲ ਕੀਤੀ ਗਈ ਹੈ ਜੋ ਵਿਰੋਧ ਪ੍ਰਦਰਸ਼ਨਾਂ ਦੀ ਨਿਗਰਾਨੀ ਕਰ ਰਹੇ ਸਨ।

ਇਸ ਦਸਤਾਵੇਜ਼ ਦੀ ਸ਼ੁਰੂਆਤ ਇਹ ਦੱਸਣ ਨਾਲ ਹੁੰਦੀ ਹੈ ਕਿ ਉਸ ਦੌਰਾਨ ਵਿਰੋਧ ਪ੍ਰਦਰਸ਼ਨਾਂ ਦੀ ਨਿਗਰਾਨੀ ਲਈ ਕਈ ਖ਼ੁਫ਼ੀਆ ਇਕਾਈਆਂ ਤਾਇਨਾਤ ਕੀਤੀਆਂ ਗਈਆਂ ਸਨ।

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਨ੍ਹਾਂ ਵਿੱਚੋਂ ਇੱਕ ਟੀਮ 12 ਸੀ। ਉਸ ਨੂੰ ਸ਼ੱਕ ਸੀ ਕਿ ਨਿਕਾ ਹੀ ਇਨ੍ਹਾਂ ਪ੍ਰਦਰਸ਼ਨਾਂ ਦੀ ‘ਅਗਵਾਈ’ ਕਰ ਰਹੀ ਹੈ।

ਇਸ ਸ਼ੱਕ ਦੀ ਬੁਨਿਆਦ ਨਿਕਾ ਦਾ ਅਜੀਬੋ-ਓ-ਗਰੀਬ ਵਿਹਾਰ ਅਤੇ ਬਾਰ ਬਾਰ ਉਸ ਦੇ ਮੋਬਾਇਲ ’ਤੇ ਲਗਾਤਾਰ ਆ ਰਹੇ ਫੋਨ ਸਨ।

ਟੀਮ 12 ਨੇ ਆਪਣੇ ਇੱਕ ਮੈਂਬਰ ਨੂੰ ਭੀੜ ਵਿੱਚ ਪ੍ਰਦਰਸ਼ਨਕਾਰੀ ਬਣਾ ਕੇ ਭੇਜਿਆ ਤਾਂ ਕਿ ਉਹ ਇਸ ਗੱਲ ਦੀ ਪੁਸ਼ਟੀ ਕਰ ਸਕੇ ਕਿ ਨਿਕਾ ਹੀ ਅਸਲ ਵਿੱਚ ਪ੍ਰਦਰਸ਼ਨਕਾਰੀਆਂ ਦੀ ਇੱਕ ਨੇਤਾ ਸੀ।

ਰਿਪੋਰਟ ਦੇ ਮੁਤਾਬਿਕ, ਇਸ ਦੇ ਬਾਅਦ ਉਸ ਸੁਰੱਖਿਆ ਕਰਮਚਾਰੀ ਨੇ ਆਪਣੀ ਟੀਮ ਨੂੰ ਕਿਹਾ ਕਿ ਉਹ ਨਿਕਾ ਨੂੰ ਗ੍ਰਿਫ਼ਤਾਰ ਕਰ ਲੈਣ, ਪਰ ਨਿਕਾ ਉੱਥੋਂ ਭੱਜ ਗਈ।

ਨਿਕਾ ਦੀ ਚਾਚੀ ਨੇ ਪਹਿਲਾਂ ਬੀਬੀਸੀ ਪਰਸ਼ੀਅਨ ਨੂੰ ਦੱਸਿਆ ਸੀ ਕਿ ਉਸ ਰਾਤ ਨਿਕਾ ਨੇ ਆਪਣੀ ਇੱਕ ਦੋਸਤ ਨੂੰ ਫੋਨ ਕਰਕੇ ਖ਼ਬਰ ਦਿੱਤੀ ਸੀ ਕਿ ਸੁਰੱਖਿਆ ਬਲ ਉਸ ਦਾ ਪਿੱਛਾ ਕਰ ਰਹੇ ਹਨ।

ਰਿਪੋਰਟ ਦੇ ਮੁਤਾਬਿਕ, ਲਗਭਗ ਇੱਕ ਘੰਟੇ ਬਾਅਦ ਨਿਕਾ ਫਿਰ ਤੋਂ ਦੇਖੀ ਗਈ। ਇਸ ਬਾਰ ਸੁਰੱਖਿਆ ਕਰਚਮਾਰੀਆਂ ਨੇ ਨਿਕਾ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਸ ਨੂੰ ਆਪਣੀ ਟੀਮ ਦੀ ਗੱਡੀ ਵਿੱਚ ਸੁੱਟ ਦਿੱਤਾ।

ਇਹ ਇੱਕ ਫ੍ਰੀਜ਼ਰ ਵੈਨ ਸੀ, ਜਿਸ ’ਤੇ ਕਿਧਰੇ ਨਹੀਂ ਲਿਖਿਆ ਸੀ ਕਿ ਉਹ ਸੁਰੱਖਿਆ ਬਲਾਂ ਦੀ ਗੱਡੀ ਹੈ।

ਨਿਕਾ ਵੈਨ ਦੇ ਪਿਛਲੇ ਹਿੱਸੇ ਵਿੱਚ ਟੀਮ 12 ਦੇ ਤਿੰਨ ਮੈਂਬਰਾਂ-ਅਰਾਸ਼ ਕਲਹੋਰ, ਸਾਦੇਗ਼ ਮੋਂਜਾਜ਼ੇ ਅਤੇ ਬਹਿਰੂਜ਼ ਸਾਦੇਗ਼ੀ ਦੇ ਨਾਲ ਸੀ।

ਉਨ੍ਹਾਂ ਦੀ ਟੀਮ ਦਾ ਲੀਡਰ ਮੁਰਤਜ਼ਾ ਜਲੀਲ ਅੱਗੇ ਵੈਨ ਦੇ ਡਰਾਈਵਰ ਨਾਲ ਬੈਠਾ ਹੋਇਆ ਸੀ।

ਸੁਰੱਖਿਆ ਬਲਾਂ ਦੇ ਇਸ ਗੁੱਟ ਨੇ ਪਹਿਲਾਂ ਕੋਈ ਅਜਿਹਾ ਠਿਕਾਣਾ ਲੱਭਣ ਦੀ ਕੋਸ਼ਿਸ਼ ਕੀਤੀ, ਜਿੱਥੇ ਉਹ ਨਿਕਾ ਨੂੰ ਲੈ ਕੇ ਜਾ ਸਕਣ।

ਉਨ੍ਹਾਂ ਨੇ ਨਜ਼ਦੀਕ ਹੀ ਬਣਾਏ ਗਏ ਪੁਲਿਸ ਦੇ ਇੱਕ ਅਸਥਾਈ ਕੈਂਪ ਦਾ ਰੁਖ਼ ਕੀਤਾ, ਪਰ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ, ਕਿਉਂਕਿ ਕੈਂਪ ਵਿੱਚ ਪਹਿਲਾਂ ਹੀ ਬਹੁਤ ਭੀੜ ਸੀ।

ਇਸ ਦੇ ਬਾਅਦ ਟੀਮ 12 ਨਿਕਾ ਨੂੰ ਲੈ ਕੇ ਇੱਕ ਨਜ਼ਰਬੰਦੀ ਕੈਂਪ ਪਹੁੰਚੀ, ਜੋ ਉਸ ਦੀ ਗ੍ਰਿਫ਼ਤਾਰੀ ਵਾਲੀ ਜਗ੍ਹਾ ਤੋਂ ਲਗਭਗ 35 ਮਿੰਟ ਦੀ ਦੂਰੀ ’ਤੇ ਸੀ।

ਪਹਿਲਾਂ ਤਾਂ ਇਸ ਨਜ਼ਰਬੰਦੀ ਕੈਂਪ ਦਾ ਕਮਾਂਡਰ ਨਿਕਾ ਨੂੰ ਆਪਣੇ ਇੱਥੇ ਰੱਖਣ ਲਈ ਤਿਆਰ ਹੋ ਗਿਆ ਸੀ, ਪਰ ਬਾਅਦ ਵਿੱਚ ਉਸ ਦਾ ਮਨ ਬਦਲ ਗਿਆ।

ਉਸ ਨਜ਼ਰਬੰਦੀ ਕੈਂਪ ਦੇ ਕਮਾਂਡਰ ਨੇ ਜਾਂਚ ਕਰਨ ਵਾਲਿਆਂ ਨੂੰ ਦੱਸਿਆ ਕਿ ‘‘ਮੁਲਜ਼ਮ (ਨਿਕਾ) ਲਗਾਤਾਰ ਗਾਲ੍ਹਾਂ ਕੱਢ ਰਹੀ ਸੀ ਅਤੇ ਨਾਅਰੇ ਲਾ ਰਹੀ ਸੀ।’’

ਉਸ ਦੇ ਦੱਸਿਆ ਕਿ, ‘‘ਉਸ ਸਮੇਂ ਉਸ ਦੇ ਕੈਂਪ ਵਿੱਚ 14 ਹੋਰ ਔਰਤਾਂ ਮੌਜੂਦ ਸਨ ਅਤੇ ਮੈਨੂੰ ਲੱਗਿਆ ਕਿ ਉਹ ਉਨ੍ਹਾਂ ਸਭ ਨੂੰ ਭੜਕਾ ਦੇਵੇਗੀ। ਮੈਨੂੰ ਫਿਕਰ ਇਸ ਗੱਲ ਦੀ ਸੀ ਕਿ ਕਿਧਰੇ ਉਹ ਮੇਰੇ ਇੱਥੇ ਵਿਰੋਧ ਨਾ ਭੜਕਾ ਦੇਵੇ।’’

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਸ ਦੇ ਬਾਅਦ ਟੀਮ 12 ਦੇ ਆਗੂ ਮੁਰਤਜ਼ਾ ਜਲੀਲ ਨੇ ਇੱਕ ਬਾਰ ਫਿਰ ਰੈਵੋਲਯੂਸ਼ਨਰੀ ਗਾਰਡਜ਼ ਕੋਰ ਦੇ ਹੈੱਡਆਫਿਸ ਨਾਲ ਸੰਪਰਕ ਕੀਤਾ ਅਤੇ ਸਲਾਹ ਮੰਗੀ ਕਿ ਉਹ ਕੀ ਕਰਨ।

ਉਦੋਂ ਉਸ ਨੂੰ ਦੱਸਿਆ ਗਿਆ ਕਿ ਉਹ ਨਿਕਾ ਨੂੰ ਤਹਿਰਾਨ ਦੀ ਬਦਨਾਮ ਏਵਿਨ ਜੇਲ੍ਹ ਵਿੱਚ ਲੈ ਜਾਣ।

ਨਿਕਾ

ਤਸਵੀਰ ਸਰੋਤ, X

ਤਸਵੀਰ ਕੈਪਸ਼ਨ, ਲਾਪਤਾ ਹੋਣ ਤੋਂ ਠੀਕ ਪਹਿਲਾਂ 20 ਸਤੰਬਰ ਨੂੰ ਨਿਕਾ ਨੂੰ ਤਹਿਰਾਨ ਦੇ ਕੇਂਦਰ ਵਿੱਚ ਸਥਿਤ ਲਾਲੇਹ ਪਾਰਕ ਦੇ ਕੋਲ ਬਣਾਏ ਗਏ ਇੱਕ ਵੀਡੀਓ ਵਿੱਚ ਦੇਖਿਆ ਗਿਆ ਸੀ ਉਹ ਕੂੜੇ ਦੇ ਇੱਕ ਡੱਬੇ ਉੱਤੇ ਖੜ੍ਹੇ ਹੋ ਕੇ ਹਿਜਾਬਾਂ ਨੂੰ ਅੱਗ ਲਗਾ ਰਹੇ ਸੀ

ਮੁਰਤਜ਼ਾ ਨੇ ਦੱਸਿਆ ਕਿ ਜਦੋਂ ਉਹ ਜੇਲ੍ਹ ਦੇ ਰਸਤੇ ਵਿੱਚ ਸਨ, ਉਦੋਂ ਹੀ ਉਸ ਵੈਨ ਨੂੰ ਪਿੱਛੇ ਵਾਲੇ ਹਿੱਸੇ ਤੋਂ ਜ਼ਿਆਦਾ ਸ਼ੋਰ ਆਉਣ ਦੀ ਆਵਾਜ਼ ਸੁਣਾਈ ਦਿੱਤੀ।

ਸਾਨੂੰ ਪਤਾ ਹੈ ਕਿ ਮੁਰਤਜ਼ਾ ਨੂੰ ਕੀ ਸੁਣਾਈ ਦੇ ਰਿਹਾ ਸੀ। ਇਸ ਦੀ ਗਵਾਈ ਉਹ ਦਸਤਾਵੇਜ਼ ਦਿੰਦਾ ਹੈ, ਜਿਸ ਵਿੱਚ ਵੈਨ ਦੇ ਪਿਛਲੇ ਹਿੱਸੇ ਵਿੱਚ ਨਿਕਾ ’ਤੇ ਨਜ਼ਰ ਰੱਖਣ ਵਾਲੇ ਸੁਰੱਖਿਆ ਕਰਮਚਾਰੀਆਂ ਦਾ ਬਿਆਨ ਦਰਜ ਹੈ।

ਉਨ੍ਹਾਂ ਵਿੱਚੋਂ ਇੱਕ ਬਹਿਰੂਰ਼ ਸਾਦੇਗ਼ੀ ਨੇ ਕਿਹਾ ਕਿ ਜਦੋਂ ਨਜ਼ਰਬੰਦੀ ਕੈਂਪ ਨੇ ਉਨ੍ਹਾਂ ਸਭ ਨੂੰ ਵਾਪਸ ਭੇਜ ਦਿੱਤਾ ਅਤੇ ਉਹ ਨਿਕਾ ਨੂੰ ਦੁਬਾਰਾ ਵੈਨ ਵਿੱਚ ਲੈ ਆਏ ਤਾਂ ਨਿਕਾ ਨੇ ਗਾਲ੍ਹਾਂ ਕੱਢਣੀਆਂ ਅਤੇ ਚੀਕਣਾ ਸ਼ੁਰੂ ਕਰ ਦਿੱਤਾ ਸੀ।

ਬਹਿਰੂਜ਼ ਨੇ ਇਸ ਘਟਨਾ ਦੀ ਜਾਂਚ ਕਰਨ ਵਾਲਿਆਂ ਨੂੰ ਦੱਸਿਆ,‘‘ਅਰਾਸ਼ ਕਲਹੋਰ ਨੇ ਆਪਣੀਆਂ ਜ਼ੁਰਾਬਾਂ ਨਾਲ ਉਸ ਦਾ ਮੂੰਹ ਦਬਾ ਦਿੱਤਾ। ਪਰ ਉਹ ਹੱਥ ਪੈਰ ਮਾਰ ਕੇ ਵਿਰੋਧ ਕਰਨ ਲੱਗੀ। ਇਸ ਦੇ ਬਾਅਦ ਸਾਦੇਗ਼ (ਮੋਂਜਾਜ਼ੇ) ਫ੍ਰੀਜ਼ਰ ਦੇ ਉੱਪਰੀ ਹਿੱਸੇ ’ਤੇ ਸਵਾਰ ਹੋ ਗਿਆ। ਇਸ ਦੇ ਬਾਅਦ ਹਾਲਾਤ ਕਾਬੂ ਵਿੱਚ ਆ ਗਏ।’’

ਉਸ ਨੇ ਅੱਗੇ ਦੱਸਿਆ ਕਿ, ‘‘ਮੈਨੂੰ ਨਹੀਂ ਪਤਾ ਕਿ ਅਸਲ ਵਿੱਚ ਕੀ ਹੋਇਆ, ਪਰ ਕੁਝ ਮਿੰਟਾਂ ਦੇ ਬਾਅਦ ਉਹ ਫਿਰ ਗਾਲ੍ਹਾਂ ਕੱਢਣ ਲੱਗੀ। ਮੈਂ ਕੁਝ ਦੇਖ ਨਹੀਂ ਸਕਦਾ ਸੀ। ਮੈਂ ਬਸ ਉਸ ਦੇ ਲੜਨ ਅਤੇ ਹੱਥੋਪਾਈ ਕਰਨ ਦੀਆਂ ਆਵਾਜ਼ਾਂ ਸੁਣ ਸਕਦਾ ਸੀ।’’

ਬੀਬੀਸੀ

ਇਸ ਦੇ ਅੱਗੇ ਦੀ ਬੇਹੱਦ ਡਰਾਉਣੀ ਹਕੀਕਤ ਖ਼ੁਦ ਅਰਾਸ਼ ਕਲਹੋਰ ਨੇ ਬਿਆਨ ਕੀਤੀ ਹੈ।

ਰਿਪੋਰਟ ਦੇ ਮੁਤਾਬਿਕ ਅਰਾਸ਼ ਨੇ ਕਿਹਾ ਕਿ ਉਸ ਨੇ ਥੋੜ੍ਹੀ ਦੇਰ ਲਈ ਆਪਣੇ ਮੋਬਾਇਲ ਫੋਨ ਦੀ ਟਾਰਚ ਚਲਾਈ ਅਤੇ ਦੇਖਿਆ ਕਿ ਸਾਦੇਗ਼ ਮੋਂਜਾਜ਼ੀ ਨੇ ਆਪਣਾ ਹੱਥ ਉਸ ਦੀ ਪੈਂਟ ਦੇ ਅੰਦਰ ਪਾਇਆ ਹੋਇਆ ਸੀ।

ਅਰਾਸ਼ ਨੇ ਕਿਹਾ ਕਿ ਇਹ ਦੇਖ ਕੇ ਉਸ ਦਾ ਦਿਮਾਗ਼ ਘੁੰਮ ਗਿਆ।

ਉਸ ਨੇ ਕਿਹਾ ਕਿ, ‘‘ਉਸ ਨੂੰ ਇਹ ਨਹੀਂ ਪਤਾ ਕਿ ਇਹ ਕੌਣ ਕਰ ਰਿਹਾ ਸੀ, ਪਰ ਉਸ ਨੂੰ ਸੁਣਾਈ ਦੇ ਰਿਹਾ ਸੀ ਅਤੇ ਡੰਡੇ ਨਾਲ ਨਿਕਾ ਦੀ ਪਿਟਾਈ ਹੋ ਰਹੀ ਸੀ...ਮੈਂ ਹੱਥ ਪੈਰ ਮਾਰਨੇ ਅਤੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ।

ਪਰ, ਸੱਚ ਤਾਂ ਇਹ ਹੈ ਕਿ ਮੈਨੂੰ ਇਹ ਨਹੀਂ ਪਤਾ ਸੀ ਕਿ ਮੈਂ ਉਸ ਨੂੰ ਮਾਰ ਰਿਹਾ ਸੀ ਜਾਂ ਆਪਣੇ ਹੀ ਕਿਸੇ ਆਦਮੀ ਨੂੰ।’’

ਪਰ, ਸਾਦੇਗ਼ ਮੋਂਜਾਜ਼ੀ ਨੇ ਅਰਾਸ਼ ਕਲਹੋਰ ਦੇ ਬਿਆਨ ਦੇ ਉਲਟ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਉਹ ਅਰਾਸ਼ ਤੋਂ ਸੜ ਭੁੰਨ ਗਿਆ ਸੀ। ਉਸ ਨੇ ਨਿਕਾ ਦੇ ਟਰਾਊਜ਼ਰ ਵਿੱਚ ਹੱਥ ਪਾਉਣ ਦੀ ਗੱਲ ਤੋਂ ਵੀ ਇਨਕਾਰ ਕੀਤਾ।

ਹਾਲਾਂਕਿ, ਉਸ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਉਹ ਉਸ ਦੇ ਉੱਪਰ ਬੈਠੇ ਬੈਠੇ ‘ਉਤੇਜਿਤ ਹੋ ਗਿਆ ਸੀ’’ ਅਤੇ ਉਸ ਨੇ ਨਿਕਾ ਨੂੰ ਲਕ ਦੇ ਹੇਠਾਂ ਛੂਹਿਆ ਸੀ।

ਉਸ ਨੇ ਦੱਸਿਆ ਕਿ ਇਸ ਗੱਲ ਤੋਂ ਨਿਕਾ ਭੜਕ ਗਈ, ਜਦੋਂਕਿ ਉਸ ਦੇ ਹੱਥੇ ਪਿੱਛੇ ਬੰਨ੍ਹੇ ਹੋਏ ਸਨ, ਪਰ ਉਸ ਨੇ ਇੰਨੀ ਜ਼ੋਰ ਨਾਲ ਧੱਕਾ ਦਿੱਤਾ ਕਿ ਮੋਂਜਾਜ਼ੀ ਉਸ ਦੇ ਉੱਪਰ ਤੋਂ ਡਿੱਗ ਗਿਆ।

‘‘ਉਸ ਨੇ ਮੇਰੇ ਮੂੰਹ ’ਤੇ ਲੱਤ ਮਾਰੀ ਤਾਂ ਮੈਨੂੰ ਆਪਣੀ ਹਿਫਾਜ਼ਤ ਕਰਨੀ ਪਈ।’’

ਉੱਥੇ ਹੀ, ਵੈਨ ਦੇ ਕੈਬਿਨ ਵਿੱਚ ਬੈਠੇ ਮੁਰਤਜ਼ਾ ਜਲੀਲ ਨੇ ਡਰਾਈਵਰ ਨੂੰ ਵੈਨ ਰੋਕਣ ਦਾ ਹੁਕਮ ਦਿੱਤਾ।

ਉਸ ਨੇ ਦੱਸਿਆ ਕਿ ਉਸ ਨੇ ਨਿਕਾ ਦੇ ਚਿਹਰੇ ਅਤੇ ਸਿਰ ਤੋਂ ਖ਼ੂਨ ਸਾਫ਼ ਕੀਤਾ, ‘‘ਦੋਵੇਂ ਹੀ ਚੰਗੀ ਹਾਲਤ ਵਿੱਚ ਨਹੀਂ ਦਿਖ ਰਹੇ ਸਨ।’’

ਇਹ ਉਹ ਹਾਲਾਤ ਹਨ, ਜਿਨ੍ਹਾਂ ਵਿੱਚ ਆਖਿਰ਼ਕਾਰ ਨਿਕਾ ਦੀ ਲਾਸ਼ ਉਸ ਦੀ ਮਾਂ ਨੂੰ ਮੁਰਦਾਘਰ ਤੋਂ ਮਿਲੀ ਸੀ।

'ਸਾਨੂੰ ਪਤਾ ਸੀ ਉਹ ਝੂਠ ਬੋਲ ਰਹੇ ਹਨ'

ਨਿਕਾ ਆਇਦਾ

ਤਸਵੀਰ ਸਰੋਤ, Social Media

ਤਸਵੀਰ ਕੈਪਸ਼ਨ, ਨਿਕਾ ਆਪਣੀ ਵੱਡੀ ਭੈਣ ਆਇਦਾ ਦੇ ਨਾਲ

ਅਕਤੂਬਰ ਵਿੱਚ ਬੀਬੀਸੀ ਪਰਸ਼ੀਅਨ ਨੇ ਨਿਕਾ ਦਾ ਜੋ ਮੌਤ ਸਰਟੀਫਿਕੇਟ ਹਾਸਲ ਕੀਤਾ ਸੀ, ਉਸ ਵਿੱਚ ਲਿਖਿਆ ਹੋਇਆ ਸੀ ਕਿ ਨਿਕਾ ਦੀ ਮੌਤ ‘‘ਕਿਸੇ ਮਜ਼ਬੂਤ ਚੀਜ਼ ਨਾਲ ਬਾਰ ਬਾਰ ਕੁੱਟਣ ਦੀ ਵਜ੍ਹਾ ਨਾਲ ਵੱਜੀਆਂ ਸੱਟਾਂ ਨਾਲ ਹੋਈ ਸੀ।’’

ਟੀਮ 12 ਦੇ ਮੋਹਰੀ ਮੁਰਤਜ਼ਾ ਜਲੀਲ ਨੇ ਮੰਨਿਆ ਕਿ ਉਸ ਨੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸੀ ਕਿ ਆਖ਼ਿਰ ਵੈਨ ਦੇ ਪਿੱਛਲੇ ਹਿੱਸੇ ਵਿੱਚ ਹੋਇਆ ਕੀ ਸੀ।

ਉਸ ਨੇ ਜਾਂਚ ਕਰਨ ਵਾਲਿਆਂ ਨੂੰ ਦੱਸਿਆ ਕਿ, ‘‘ਮੈਂ ਸਿਰਫ਼ ਇਹ ਸੋਚ ਰਿਹਾ ਸੀ ਕਿ ਉਸ ਨੂੰ ਕਿਧਰੇ ਠਿਕਾਣੇ ਲਗਾਇਆ ਜਾਵੇ ਅਤੇ ਮੈਂ ਕਿਸੇ ਨੂੰ ਕੋਈ ਸਵਾਲ ਨਹੀਂ ਕੀਤਾ। ਮੈਂ ਸਿਰਫ਼ ਇਹ ਪੁੱਛਿਆ ਕਿ ‘ਕੀ ਉਸ ਦਾ ਸਾਹ ਚੱਲ ਰਿਹਾ ਹੈ?’’ ਮੈਨੂੰ ਲੱਗਦਾ ਹੈ ਕਿ ਬਹਿਰੂਜ਼ ਸਾਦੇਗ਼ੀ ਨੇ ਜਵਾਬ ਦਿੱਤਾ ਸੀ ਕਿ ‘ਨਹੀਂ, ਉਹ ਮਰ ਚੁੱਕੀ ਹੈ।’’

ਆਪਣੀ ਟੀਮ ਦੇ ਹੱਥੋਂ ਮੌਤ ਹੋਣ ਦੇ ਬਾਅਦ ਮੁਰਤਜ਼ਾ ਜਲੀਲ ਨੇ ਤੀਜੀ ਬਾਰ ਆਈਆਰਜੀਸੀ ਦੇ ਮੁੱਖ ਦਫ਼ਤਰ ਨੂੰ ਫੋਨ ਕੀਤਾ।

ਇਸ ਬਾਰ ਉਸ ਨੇ ਫੋਨ ’ਤੇ ਹੋਰ ਵੱਡੇ ਅਧਿਕਾਰੀ ਨਾਲ ਗੱਲ ਕੀਤੀ, ਜਿਸ ਦਾ ਕੋਡ ਨਾਂ ‘ਨਈਮ 16’ ਸੀ।

ਨਈਮ 16 ਨੇ ਜਾਂਚ ਕਰਨ ਵਾਲੇ ਅਧਿਕਾਰੀਆਂ ਨੂੰ ਦੱਸਿਆ ਕਿ, ‘‘ਸਾਡੇ ਟਿਕਾਣਿਆਂ ’ਤੇ ਪਹਿਲਾਂ ਹੀ ਕਈ ਮੌਤਾਂ ਹੋ ਚੁੱਕੀਆਂ ਸਨ। ਮੈਂ ਇਸ ਗਿਣਤੀ ਨੂੰ ਵਧਾ ਕੇ 20 ਤੱਕ ਨਹੀਂ ਪਹੁੰਚਾਉਣਾ ਚਾਹੁੰਦਾ ਸੀ। ਉਸ ਨੂੰ ਸਾਡੇ ਅੱਡੇ ਤੱਕ ਲਿਆਉਣ ਨਾਲ ਸਾਡੇ ਕਿਸੇ ਮਸਲੇ ਦਾ ਹੱਲ ਤਾਂ ਹੋਣਾ ਨਹੀਂ ਸੀ।’’

ਨਈਮ 16 ਨੇ ਜਲੀਲ ਨੂੰ ਕਿਹਾ ਕਿ ਉਹ ‘ਉਸ ਨੂੰ ਸੜਕ ’ਤੇ ਸੁੱਟ ਦੇਣ।’’ ਜਲੀਲ ਨੇ ਦੱਸਿਆ ਕਿ ਉਨ੍ਹਾਂ ਨੇ ਨਿਕਾ ਦੀ ਲਾਸ਼ ਨੂੰ ਤਹਿਰਾਨ ਦੇ ਯਾਦਗਾਰ-ਏ-ਇਮਾਤ ਹਾਈਵੇ ਦੀ ਇੱਕ ਖ਼ਾਮੋਸ਼ ਗਲੀ ਵਿੱਚ ਸੁੱਟ ਦਿੱਤਾ।

ਇਹ ਵੀ ਪੜ੍ਹੋ-

ਰਿਪੋਰਟ ਵਿੱਚ ਇਹ ਨਤੀਜਾ ਕੱਢਿਆ ਗਿਆ ਹੈ ਕਿ ਨਿਕਾ ’ਤੇ ਜਿਨਸੀ ਹਮਲੇ ਦੀ ਵਜ੍ਹਾ ਨਾਲ ਵੈਨ ਦੇ ਪਿਛਲੇ ਹਿੱਸੇ ਵਿੱਚ ਝਗੜਾ ਹੋਣ ਲੱਗਿਆ ਅਤੇ ਟੀਮ 12 ਦੇ ਮੈਂਬਰਾਂ ਦੀ ਕੁੱਟਮਾਰ ਨਾਲ ਨਿਕਾ ਦੀ ਮੌਤ ਹੋ ਗਈ।

ਰਿਪੋਰਟ ਦੇ ਮੁਤਾਬਿਕ, ‘‘ਤਿੰਨ ਡੰਡਿਆਂ ਅਤੇ ਤਿੰਨ ਟੇਜ਼ਰ ਦੀ ਵਰਤੋਂ ਕੀਤੀ ਗਈ ਸੀ। ਇਹ ਸਾਫ਼ ਨਹੀਂ ਹੈ ਕਿ ਕਿਸ ਦਾ ਹਮਲਾ ਨਿਕਾ ਲਈ ਜਾਨਲੇਵਾ ਸਾਬਤ ਹੋਇਆ।’’

ਇਹ ਖੁਫ਼ੀਆ ਰਿਪੋਰਟ ਈਰਾਨ ਦੀ ਸਰਕਾਰ ਦੇ ਉਸ ਬਿਆਨ ਤੋਂ ਠੀਕ ਉਲਟ ਹੈ, ਜਿਸ ਵਿੱਚ ਨਿਕਾ ਦੀ ਮੌਤ ਦੀ ਦੂਜੀ ਵਜ੍ਹਾ ਦੱਸੀ ਗਈ ਸੀ।

ਨਿਕਾ ਨੂੰ ਦਫ਼ਨਾਉਣ ਤੋਂ ਲਗਭਗ ਇੱਕ ਮਹੀਨੇ ਬਾਅਦ ਈਰਾਨ ਦੇ ਸਰਕਾਰੀ ਟੀਵੀ ਚੈਨਲ ’ਤੇ ਇਸ ਅਧਿਕਾਰਤ ਜਾਂਚ ਦੇ ਨਤੀਜਿਆਂ ਦੀ ਜਾਣਕਾਰੀ ਦਿੱਤੀ ਸੀ।

ਇਸ ਵਿੱਚ ਦੱਸਿਆ ਗਿਆ ਸੀ ਕਿ ਨਿਕਾ ਨੇ ਇੱਕ ਇਮਾਰਤ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ ਸੀ।

ਸਰਕਾਰੀ ਚੈਨਲ ਦੀ ਇਸ ਰਿਪੋਰਟ ਵਿੱਚ ਇੱਕ ਸ਼ਖ਼ਸ ਦੇ ਸੀਸੀਟੀਵੀ ਦੀਆਂ ਤਸਵੀਰਾਂ ਵੀ ਦਿਖਾਈਆਂ ਗਈਆਂ ਸਨ। ਉਹ ਦਾਅਵਾ ਕਰ ਰਿਹਾ ਸੀ ਕਿ ਨਿਕਾ ਇੱਕ ਬਹੁਮੰਜ਼ਿਲਾ ਇਮਾਰਤ ਵਿੱਚ ਦਾਖਲ ਹੋ ਰਹੀ ਸੀ ਅਤੇ ਉਸ ਦੀ ਤਸਵੀਰ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ, ਪਰ ਨਿਕਾ ਦੀ ਮਾਂ ਨੇ ਬੀਬੀਸੀ ਪਰਸ਼ੀਅਨ ਨੂੰ ਫੋਨ ’ਤੇ ਦਿੱਤੀ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਹ ‘‘ਕਿਸੇ ਵੀ ਸੂਰਤ ਵਿੱਚ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੀ ਸੀ ਕਿ ਸੀਸੀਟੀਵੀ ਵਿੱਚ ਦਿਖ ਰਹੀ ਲੜਕੀ ਨਿਕਾ ਹੀ ਸੀ।’’

ਨਿਕਾ ਦੀ ਮਾਂ ਨਸਰੀਨ ਸ਼ਕਾਰਾਮੀ ਨੇ ਬਾਅਦ ਵਿੱਚ ਬੀਬੀਸੀ ਦੀ ਇੱਕ ਡਾਕੂਮੈਂਟਰੀ ਵਿੱਚ ਪ੍ਰਦਰਸ਼ਨਕਾਰੀਆਂ ਦੀ ਮੌਤ ਨੂੰ ਲੈ ਕੇ ਅਧਿਕਾਰੀਆਂ ਦੇ ਦਾਅਵਿਆਂ ’ਤੇ ਚਰਚਾ ਕਰਦੇ ਹੋਏ ਦੱਸਿਆ ਸੀ ਕਿ, ‘‘ਸਾਨੂੰ ਸਭ ਨੂੰ ਪਤਾ ਹੈ ਕਿ ਉਹ ਝੂਠ ਬੋਲ ਰਹੇ ਹਨ।’’

ਬੀਬੀਸੀ ਆਈ ਵਿੱਚ ਅਸੀਂ ਜੋ ਜਾਂਚ ਕੀਤੀ, ਉਸ ਦਾ ਮਕਸਦ ਕੇਵਲ ਇਸ ਰਿਪੋਰਟ ਦੇ ਤੱਥਾਂ ਦੀ ਪੜਤਾਲ ਤੱਕ ਸੀਮਤ ਨਹੀਂ ਸੀ। ਬਲਕਿ, ਅਸੀਂ ਇਹ ਵੀ ਪਤਾ ਲਗਾਉਣਾ ਚਾਹੁੰਦੇ ਸੀ ਕਿ ਇਸ ਵਿੱਚ ਜੋ ਦਾਅਵੇ ਕੀਤੇ ਗਏ ਸਨ, ਉਨ੍ਹਾਂ ’ਤੇ ਭਰੋਸਾ ਵੀ ਕੀਤਾ ਜਾ ਸਕਦਾ ਹੈ, ਜਾਂ ਫਿਰ ਇਹ ਸਿਰਫ਼ ਘੜੀ ਹੋਈ ਕਹਾਣੀ ਹੈ।

ਬੀਬੀਸੀ

ਕਈ ਵਾਰ ਹੁੰਦਾ ਇਹ ਹੈ ਕਿ ਅਸੀਂ ਇੰਟਰਨੈੱਟ ’ਤੇ ਜਿਨ੍ਹਾ ਪ੍ਰਚੱਲਿਤ ਦਸਤਾਵੇਜ਼ਾਂ ਅਤੇ ਦੂਜੇ ਕਾਗਜ਼ਾਤ ਨੂੰ ਈਰਾਨ ਦਾ ਅਧਿਕਾਰਤ ਦਸਤਾਵੇਜ਼ ਮੰਨ ਲੈਂਦੇ ਹਾਂ, ਉਹ ਬਾਅਦ ਵਿੱਚ ਫਰਜ਼ੀ ਪਾਏ ਗਏ ਹਨ।

ਹਾਲਾਂਕਿ, ਇਨ੍ਹਾਂ ਵਿੱਚੋਂ ਜ਼ਿਆਦਾਤਰ ਨਕਲੀ ਦਸਤਾਵੇਜ਼ਾਂ ਦਾ ਪਤਲਾ ਲਗਾਉਣਾ ਬਹੁਤ ਆਸਾਨ ਹੈ। ਕਿਉਂਕਿ ਉਹ ਅਧਿਕਾਰਕ ਰਿਪੋਰਟਾਂ ਦੇ ਸਵਰੂਪ ਤੋਂ ਬਿਲਕੁਲ ਅਲੱਗ ਹੁੰਦੇ ਹਨ।

ਉਨ੍ਹਾਂ ਵਿੱਚ ਸ਼ਬਦਾਂ ਦੇ ਵਿਚਕਾਰ ਹਾਸ਼ੀਆ ਲੱਗਿਆ ਹੁੰਦਾ ਹੈ। ਚਿੱਠੀਆਂ ਦਾ ਸਿਰਲੇਖ ਅਲੱਗ ਹੁੰਦਾ ਹੈ ਜਾਂ ਫਿਰ ਉਨ੍ਹਾਂ ਵਿੱਚ ਵਿਆਕਰਨ ਦੀਆਂ ਕਈ ਗਲਤੀਆਂ ਹੁੰਦੀਆਂ ਹਨ।

ਅਜਿਹੇ ਨਕਲੀ ਦਸਤਾਵੇਜ਼ਾਂ ਵਿੱਚ ਗਲਤ ਅਧਿਕਾਰਕ ਨਾਅਰੇ ਜਾਂ ਫਿਰ ਲੋਗੋ ਗਲਤ ਹੁੰਦੇ ਹਨ। ਮਿਸਾਲ ਦੇ ਤੌਰ ’ਤੇ ਇਨ੍ਹਾਂ ਵਿੱਚ ਉਸ ਸਾਲ ਦੇ ਸਰਕਾਰੀ ਨਾਅਰੇ ਨਹੀਂ ਲਿਖੇ ਹੁੰਦੇ, ਜਿਸ ਸਾਲ ਦਾ ਕਾਗਜ਼ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ।

ਨਕਲੀ ਦਸਤਾਵੇਜ਼ ਫੜਨ ਦਾ ਇੱਕ ਹੋਰ ਤਰੀਕਾ ਉਨ੍ਹਾਂ ਦੀ ਭਾਸ਼ਾ ਹੁੰਦੀ ਹੈ ਜੋ ਈਰਾਨ ਦੀ ਅਧਿਕਾਰਕ ਸੰਸਥਾਵਾਂ ਦੀ ਵਿਸ਼ੇਸ਼ ਤਰ੍ਹਾਂ ਨਾਲ ਲਿਖੀ ਜਾਣ ਵਾਲੀ ਭਾਸ਼ਾ ਤੋਂ ਬਿਲਕੁਲ ਅਲੱਗ ਹੁੰਦੀ ਹੈ।

ਅਸੀਂ ਜਿਸ ਦਸਤਾਵੇਜ਼ ਦੀ ਪੜਤਾਲ ਕੀਤੀ ਸੀ, ਉਸ ਵਿੱਚ ਅਜਿਹੀਆ ਕਮੀਆਂ ਬਹੁਤ ਘੱਟ ਪਾਈਆਂ ਗਈਆਂ। ਮਿਸਾਲ ਦੇ ਤੌਰ ’ਤੇ ਜਿਸ ਵਕਤ ਦੀ ਇਹ ਰਿਪੋਰਟ ਹੈ ਅਤੇ ਇਸ ਵਿੱਚ ਜਿਸ ‘ਨਾਜਾ’ ਪੁਲਿਸ ਬਲ ਦਾ ਜ਼ਿਕਰ ਹੈ, ਉਸ ਨੂੰ ਉਸ ਵਕਤ ‘ਫਰਾਜ਼ਾ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ।

ਇਸ ਲਈ, ਇਸ ਦਸਤਾਵੇਜ਼ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਲਈ ਅਸੀਂ ਇਸ ਨੂੰ ਈਰਾਨ ਦੇ ਇੱਕ ਸਾਬਕਾ ਖ਼ੁਫ਼ੀਆ ਅਧਿਕਾਰੀ ਨੂੰ ਦਿਖਾਇਆ। ਉਨ੍ਹਾਂ ਨੇ ਸੈਂਕੜੇ ਅਜਿਹੇ ਵੈਧ ਦਸਤਾਵੇਜ਼ ਦੇਖੇ ਹੋਏ ਹਨ।

ਉਨ੍ਹਾਂ ਨੇ ਆਈਆਰਜੀਸੀ ਦੇ ਆਰਕਾਈਵ ਵਿੱਚ ਜਾ ਕੇ ਇਸ ਦੀ ਪੜਤਾਲ ਕੀਤੀ। ਇਸ ਲਈ ਉਨ੍ਹਾਂ ਨੇ ਇੱਕ ਅਧਿਕਾਰਕ ਕੋਡ ਦੀ ਵਰਤੋਂ ਕੀਤੀ ਜੋ ਈਰਾਨ ਵਿੱਚ ਹਰ ਸੀਨੀਅਰ ਅਧਿਕਾਰੀ ਨੂੰ ਰੋਜ਼ ਦਿੱਤਾ ਜਾਂਦਾ ਹੈ।

ਇਸ ਸਾਬਕਾ ਖ਼ੁਫ਼ੀਆ ਅਧਿਕਾਰੀ ਨੇ ਆਰਕਾਈਵ ਵਿੱਚ ਜਾ ਕੇ ਚੈੱਕ ਕੀਤਾ ਕਿ ਕੀ ਇਹ ਰਿਪੋਰਟ ਅਸਲ ਵਿੱਚ ਮੌਜੂਦ ਸੀ ਅਤੇ ਇਹ ਕਿਸ ਮਾਮਲੇ ਨਾਲ ਜੁੜੀ ਹੋਈ ਸੀ।

ਇਸ ਅਧਿਕਾਰੀ ਨੂੰ ਇਸ ਗੱਲ ਦੀ ਤਸਦੀਕ ਮਿਲ ਗਈ ਕਿ ਇਹ ਰਿਪੋਰਟ ਅਸਲ ਵਿੱਚ ਤਿਆਰ ਕੀਤੀ ਗਈ ਸੀ ਅਤੇ ਇਸ ਦਾ ਨੰਬਰ ਇਹ ਦੱਸ ਰਿਹਾ ਸੀ ਕਿ ਇਹ ਰਿਪੋਰਟ 2022 ਦੇ ਵਿਰੋਧ ਪ੍ਰਦਰਸ਼ਨਾਂ ’ਤੇ ਇਕੱਠਾ ਕੀਤੀ ਗਈ 322 ਪੇਜ ਦੀ ਇੱਕ ਫਾਈਲ ਦਾ ਹਿੱਸਾ ਸੀ।

ਅਸੀਂ ਕਦੇ ਵੀ ਇਸ ਗੱਲ ’ਤੇ ਸੌ ਫੀਸਦੀ ਨਿਸ਼ਚਿੰਤ ਨਹੀਂ ਹੋ ਸਕਦੇ, ਪਰ ਇਸ ਸਾਬਕਾ ਖ਼ੁਫ਼ੀਆ ਅਧਿਕਾਰੀ ਦੀਆਂ ਗੱਲਾਂ ਤੋਂ ਸਾਨੂੰ ਇਹ ਵਿਸ਼ਵਾਸ ਹੋ ਗਿਆ ਕਿ ਇਹ ਰਿਪੋਰਟ ਅਸਲੀ ਹੈ।

ਆਈਆਰਜੀਸੀ ਦੇ ਆਰਕਾਈਵ ਤੱਕ ਉਨ੍ਹਾਂ ਦੀ ਖ਼ਾਸ ਪਹੁੰਚ ਨੇ ਸਾਨੂੰ ਇੱਕ ਹੋਰ ਰਹੱਸ ਤੋਂ ਪਰਦਾ ਉਠਾਉਣ ਵਿੱਚ ਵੀ ਮਦਦ ਕੀਤੀ। ਇਹ ਰਹੱਸ ‘ਨਈਮ 16’ ਨਾਂ ਦੇ ਉਸ ਅਧਿਕਾਰੀ ਦਾ ਸੀ ਜਿਸ ਨੇ ਨਿਕਾ ਦੀ ਲਾਸ਼ ਨੂੰ ਸੁੱਟਣ ਦਾ ਹੁਕਮ ਦਿੱਤਾ ਸੀ।

ਈਰਾਨ ਦੇ ਸਾਬਕਾ ਖ਼ੁਫ਼ੀਆ ਅਧਿਕਾਰੀ ਨੇ ‘ਨਈਮ 16’ ਦਾ ਪਤਾ ਲਗਾਉਣ ਲਈ ਇੱਕ ਹੋਰ ਫੋਨ ਕੀਤਾ। ਇਸ ਬਾਰ ਉਨ੍ਹਾਂ ਨੇ ਇਹ ਫੋਨ ਈਰਾਨ ਦੇ ਸੁਰੱਖਿਆ ਤੰਤਰ ਦੇ ਕਿਸੇ ਸ਼ਖ਼ਸ ਨੂੰ ਕੀਤਾ ਸੀ।

ਉਨ੍ਹਾਂ ਨੂੰ ਦੱਸਿਆ ਗਿਆ ਕਿ ਨਈਮ 16 ਅਸਲ ਵਿੱਚ ਕੈਪਟਨ ਮੁਹਮੰਦ ਜ਼ਮਾਨੀ ਦਾ ਕੋਡ ਨੇਮ ਹੈ ਜੋ ਆਈਆਰਜੀਸੀ ਵਿੱਚ ਤਾਇਨਾਤ ਹਨ।

ਨਿਕਾ ਦੀ ਮੌਤ ਨੂੰ ਲੈ ਕੇ ਪੰਜ ਘੰਟੇ ਦੀ ਜੋ ਸੁਣਵਾਈ ਚੱਲੀ ਸੀ, ਉਸ ਵਿੱਚ ਮੁਹੰਮਦ ਜ਼ਮਾਨੀ ਦੀ ਮੌਜੂਦਗੀ ਦਾ ਜ਼ਿਕਰ ਵੀ ਇਸ ਰਿਪੋਰਟ ਵਿੱਚ ਕੀਤਾ ਗਿਆ ਹੈ।

ਬੀਬੀਸੀ
ਤਸਵੀਰ ਕੈਪਸ਼ਨ, ਇਸ ਮੁਹਿੰਮ ਦੇ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਨਿਕਾ ਦੀ ਵੱਡੀ ਭੈਣ ਆਇਦਾ ਵੀ ਸ਼ਾਮਲ ਹੈ

ਅਸੀਂ ਆਈਆਰਜੀਸੀ ਅਤੇ ਈਰਾਨ ਦੀ ਸਰਕਾਰ ’ਤੇ ਲੱਗੇ ਇਲਜ਼ਾਮਾਂ ’ਤੇ ਉਨ੍ਹਾਂ ਤੋਂ ਜਵਾਬ ਮੰਗਿਆ, ਪਰ ਉਨ੍ਹਾਂ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।

ਹੁਣ ਤੱਕ ਸਾਨੂੰ ਜੋ ਪਤਾ ਹੈ, ਉਸ ਦੇ ਮੁਤਾਬਿਕ ਨਿਕਾ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ ਹੈ।

ਇਨ੍ਹਾਂ ਲੋਕਾਂ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਗਈ, ਇਸ ਦਾ ਇੱਕ ਸੰਕੇਤ ਈਰਾਨ ਦੇ ਇਸ ਖ਼ੁਫ਼ੀਆ ਦਸਤਾਵੇਜ਼ ਵਿੱਚ ਹੀ ਮਿਲ ਜਾਂਦਾ ਹੈ।

ਟੀਮ 12 ਦੇ ਸਾਰੇ ਮੈਂਬਰ ਜੋ ਇਸ ਸੁਣਵਾਈ ਦੇ ਦੌਰਾਨ ਮੌਜੂਦ ਸਨ, ਉਨ੍ਹਾਂ ਸਾਰਿਆਂ ਦੇ ਨਾਂ ਲਿਖੇ ਹੋਏ ਹਨ ਅਤੇ ਇਸ ਦੇ ਸੱਜੇ ਪਾਸੇ ਉਸ ਸੰਗਠਨ ਦਾ ਨਾਂ ਦਰਜ ਹੈ, ਜਿਸ ਦੇ ਉਹ ਮੈਂਬਰ ਹਨ। ਉਹ ਨਾਂ ‘ਹਿਜ਼ਬੁੱਲ੍ਹਾ’ ਦਾ ਹੈ।

ਇਹ ਈਰਾਨ ਦਾ ਇੱਕ ਅਰਧਸੈਨਿਕ ਸਮੂਹ ਹੈ, ਜਿਸ ਦਾ ਲਿਬਨਾਨ ਦੇ ਇਸੀ ਨਾਂ ਦੇ ਸੰਗਠਨ ਯਾਨੀ ਹਿਜ਼ਬੁੱਲ੍ਹਾ ਨਾਲ ਕੋਈ ਸਬੰਧ ਨਹੀਂ ਹੈ। ਇਸ ਹਿਜ਼ਬੁੱਲ੍ਹਾ ਦੇ ਮੈਂਬਰਾਂ ਨੂੰ ਆਈਆਰਜੀ ਕਈ ਬਾਰ ਆਪਣੇ ਲਈ ਇਸਤੇਮਾਲ ਕਰਦਾ ਹੈ।

ਪਰ, ਕਈ ਬਾਰ ਹਿਜ਼ਬੁੱਲ੍ਹਾ ਦੇ ਮੈਂਬਰ ਉਸ ਦੇ ਅਧਿਕਾਰ ਖੇਤਰ ਤੋਂ ਬਾਹਰ ਵੀ ਕੰਮ ਕਰਦੇ ਹਨ। ਅਜਿਹਾ ਲੱਗਦਾ ਹੈ ਕਿ ਈਰਾਨ ਦੀ ਇਸ ਸਰਕਾਰੀ ਰਿਪੋਰਟ ਵਿੱਚ ਵੀ ਇਹ ਗੱਲ ਮੰਨੀ ਗਈ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ, ‘‘ਕਿਉਂਕਿ ਇਹ ਸ਼ਖ਼ਸ ਹਿਜ਼ਬੁੱਲ੍ਹਾ ਬਲ ਨਾਲ ਸਬੰਧ ਰੱਖਦੇ ਹਨ, ਤਾਂ ਇਸ ਮਾਮਲੇ ’ਤੇ ਅੱਗੇ ਕਾਰਵਾਈ ਕਰਨ ਲਈ ਜ਼ਰੂਰੀ ਇਜਾਜ਼ਤ ਅਤੇ ਸੁਰੱਖਿਆ ਦੀ ਗਰੰਟੀ ਹਾਸਲ ਕਰਨਾ ਸੰਭਵ ਨਹੀਂ ਹੈ।’’

ਹਾਲਾਂਕਿ, ਇਸ ਰਿਪੋਰਟ ਵਿੱਚ ਇਹ ਜ਼ਰੂਰ ਦੱਸਿਆ ਗਿਆ ਹੈ ਕਿ ਨਈਮ 16 ਨੂੰ ਲਿਖਤੀ ਰੂਪ ਨਾਲ ਫਟਕਾਰ ਲਗਾਈ ਗਈ ਹੈ।

ਸੰਯੁਕਤ ਰਾਸ਼ਟਰ ਦੇ ਤਹਿਕੀਕਾਤ ਦੇ ਮਿਸ਼ਨ ਦੇ ਮੁਤਾਬਿਕ ਈਰਾਨ ਦੇ ‘ਔਰਤ, ਜ਼ਿੰਦਗੀ ਅਤੇ ਆਜ਼ਾਦੀ ਅੰਦੋਲਨ’ ਦੇ ਦੌਰਾਨ ਸੁਰੱਖਿਆ ਬਲਾਂ ਦੇ ਹੱਥੋਂ ਘੱਟ ਤੋਂ ਘੱਟ 551 ਪ੍ਰਦਰਸ਼ਨਕਾਰੀਆਂ ਦੀ ਮੌਤ ਹੋਈ ਸੀ।

ਸੁਰੱਖਿਆ ਬਲਾਂ ਦੀ ਖੁੱਲ੍ਹੀ ਕਾਰਵਾਈ ਦੀ ਵਜ੍ਹਾਂ ਨਾਲ ਕੁਝ ਮਹੀਨਿਆਂ ਬਾਅਦ ਇਹ ਵਿਰੋਧ ਪ੍ਰਦਰਸ਼ਨ ਬੰਦ ਹੋ ਗਏ ਸਨ।

ਇਸ ਦੇ ਬਾਅਦ ਈਰਾਨ ਦੀ ਨੈਤਿਕਤਾ ਦੀ ਰਾਖੀ ਕਰਨ ਵਾਲੀ ਪੁਲਿਸ ਦੀਆਂ ਗਤੀਵਿਧੀਆਂ ਵੀ ਸ਼ਾਂਤ ਹੋ ਗਈਆਂ ਸਨ।

ਪਰ, ਇਸੀ ਮਹੀਨੇ ਦੀ ਸ਼ੁਰੂਆਤ ਵਿੱਚ ਇਸਲਾਮਿਕ ਡਰੈੱਸ ਕੋਡ ਦੀ ਉਲੰਘਣਾ ਕਰਨ ਦੇ ਖਿਲਾਫ਼ ਕਾਰਵਾਈ ਦੀ ਨਵੀਂ ਮੁਹਿੰਮ ਸ਼ੁਰੂ ਕੀਤੀ ਗਈ ਸੀ।

ਇਸ ਮੁਹਿੰਮ ਦੇ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਨਿਕਾ ਦੀ ਵੱਡੀ ਭੈਣ ਆਇਦਾ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)