'ਕੈਮਰੇ ਮੁਹਰੇ ਕੱਪੜੇ ਲੁਆ ਕੇ ਲੈਂਦੇ ਸੀ ਤਲਾਸ਼ੀ ਤੇ ਸੈਨੇਟਰੀ ਪੈਡ ਉਤਾਰ ਕੇ ਡੰਡ ਬੈਠਕਾਂ ਕੱਢਣ ਨੂੰ ਕਰਦੇ ਸਨ ਮਜਬੂਰ'

ਈਰਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
    • ਲੇਖਕ, ਪਰਹਾਮ ਗ਼ੋਬਾਦੀ
    • ਰੋਲ, ਬੀਬੀਸੀ ਪੱਤਰਕਾਰ

ਸਾਬਕਾ ਈਰਾਨੀ ਮਹਿਲਾ ਕੈਦੀਆਂ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਜੇਲ੍ਹ ਵਿੱਚ ਉਨ੍ਹਾਂ ਦੀ ਕੱਪੜੇ ਲੁਆ ਕੇ ਤਲਾਸ਼ੀ ਲਈ ਜਾਂਦੀ ਸੀ।

ਕੈਦੀਆਂ ਨੂੰ ਉਨ੍ਹਾਂ ਦੇ ਸੈਨੇਟਰੀ ਪੈਡ ਅਤੇ ਟੈਂਪੂਨ ਉਤਾਰਨ ਲਈ ਮਜਬੂਰ ਕੀਤਾ ਗਿਆ ਅਤੇ ਇਸ ਦੌਰਾਨ ਡੰਡ ਬੈਠਕਾਂ ਲਾਉਣ ਨੂੰ ਵੀ ਮਜਬੂਰ ਕੀਤਾ ਗਿਆ।

ਮੋਜ਼ਗਨ ਕੇਸ਼ਵਰਜ਼ ਨੇ ਕਰੀਬ ਤਿੰਨ ਸਾਲ ਏਵਿਨ ਅਤੇ ਕਵਾਰਚਕ ਦੀ ਜੇਲ੍ਹ ਵਿੱਚ ਕੱਢੇ। ਉਹ ਕਹਿੰਦੇ ਹਨ, "ਉਹ ਸਾਨੂੰ ਬੇਇੱਜ਼ਤ ਕਰਨ ਲਈ ਅਜਿਹਾ ਕਰਦੇ ਹਨ।"

ਕੇਸ਼ਵਰਜ਼ ਨੇ ਦੱਸਿਆ ਕਿ ਸੁਰੱਖਿਆ ਕੈਮਰਿਆਂ ਦੇ ਸਾਹਮਣੇ ਤਿੰਨ ਵਾਰ ਉਨ੍ਹਾਂ ਦੀ ਤਲਾਸ਼ੀ ਲਈ ਗਈ ਸੀ। ਉਹ ਸਾਲ 2022 ਵਿੱਚ ਜੇਲ੍ਹ ਤੋਂ ਬਾਹਰ ਆਏ ਸਨ।

ਉਨ੍ਹਾਂ ਮੁਤਾਬਕ ਤੀਜੀ ਜਦੋਂ ਤਲਾਸ਼ੀ ਲਈ ਜਾ ਰਹੀ ਸੀ ਉਸ ਸਮੇਂ ਇੱਕ ਮਹਿਲਾ ਗਾਰਡ ਨੇ ਉਨ੍ਹਾਂ ਦੀ ਤਸਵੀਰ ਖਿੱਚ ਲਈ, ਅਜਿਹਾ ਉਦੋਂ ਹੋਇਆ ਜਦੋਂ ਕੇਸ਼ਵਰਜ਼ ਬਿਨਾਂ ਕੱਪੜਿਆਂ ਦੇ ਸਨ।

ਜਦੋਂ ਕੇਸ਼ਵਰਜ਼ ਨੇ ਇਸ 'ਤੇ ਇਤਰਾਜ਼ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਜ਼ਰੂਰੀ ਸੀ ਤਾਂ ਜੋ ਭਵਿੱਖ 'ਚ ਕੋਈ ਤਸ਼ੱਦਦ ਦਾ ਇਲਜ਼ਾਮ ਨਾ ਲਗਾ ਸਕੇ।

ਉਹ ਕਹਿੰਦੇ ਹਨ, "ਇਹ ਵੀਡੀਓ ਅਤੇ ਫ਼ੋਟੋਆਂ ਕੌਣ ਦੇਖੇਗਾ, ਕੀ ਸਰਕਾਰ ਬਾਅਦ ਵਿੱਚ ਸਾਨੂੰ ਚੁੱਪ ਕਰਾਉਣ ਲਈ ਇਨ੍ਹਾਂ ਦੀ ਵਰਤੋਂ ਕਰੇਗੀ।"

ਕੇਸ਼ਵਰਜ਼ ਦੇ ਇੰਸਟਾਗ੍ਰਾਮ ਪੇਜ 'ਤੇ ਉਨ੍ਹਾਂ ਦੀਆਂ ਹਿਜਾਬ ਤੋਂ ਬਿਨਾਂ ਕਈ ਤਸਵੀਰਾਂ ਹਨ।

ਉਨ੍ਹਾਂ ਖ਼ਿਲਾਫ਼ ‘ਦੇਸ਼ ਦੀ ਸੁਰੱਖਿਆ ਵਿਰੁੱਧ ਸਾਜ਼ਿਸ਼ ਰਚਣ, ਇਸਲਾਮ ਦਾ ਅਪਮਾਨ ਕਰਨ, ਈਰਾਨ ਵਿਰੁੱਧ ਪ੍ਰਚਾਰ ਕਰਨ, ਭ੍ਰਿਸ਼ਟਾਚਾਰ ਅਤੇ ਬਦਨਾਮੀ’ ਨੂੰ ਉਤਸ਼ਾਹਿਤ ਕਰਨ ਦਾ ਇਲਜ਼ਾਮ ਹੈ।

ਉਨ੍ਹਾਂ ਨੂੰ 12 ਸਾਲ ਦੀ ਸਜ਼ਾ ਸੁਣਾਈ ਗਈ ਹੈ।

ਹਾਲ ਹੀ ਵਿੱਚ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਇਲਜ਼ਾਮਾਂ ਅਧੀਨ ਇੱਕ ਦੋਸ਼ ਅਜਿਹਾ ਹੈ ਜਿਸ ਵਿੱਚ ਮੌਤ ਦੀ ਸਜ਼ਾ ਹੈ। ਹੁਣ ਉਹ ਜਲਾਵਤਨ ਹਨ, ਜਿੱਥੋਂ ਉਨ੍ਹਾਂ ਨੇ ਬੀਬੀਸੀ ਨਾਲ ਗੱਲ ਕੀਤੀ।

ਮੋਜ਼ਗਾਨ

ਤਸਵੀਰ ਸਰੋਤ, MOZHGAN KESHAVARZ/INSTAGRAM

ਤਸਵੀਰ ਕੈਪਸ਼ਨ, ਮੋਜ਼ਗਾਨ ਦੇ ਇੰਸਟਾਗ੍ਰਾਮ ’ਤੇ ਉਨ੍ਹਾਂ ਦੀਆਂ ਬਿਨਾਂ ਹਿਜਾਬ ਦੇ ਕਈ ਤਸਵੀਰਾਂ ਹਨ

ਕਈ ਵਾਰ ਫਿਲਮਾਂਕਣ ਦੀਆਂ ਘਟਨਾਵਾਂ

ਸਾਬਕਾ ਈਰਾਨੀ ਮਹਿਲਾ ਕੈਦੀਆਂ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਮਾਮਲਿਆਂ ਵਿੱਚ ਹਿਰਾਸਤ ਵਿੱਚ ਲਏ ਗਏ ਕੈਦੀਆਂ ਦੀ ਕੱਪੜੇ ਉਤਾਰ ਕੇ ਤਲਾਸ਼ੀ ਲਏ ਜਾਣ ਦਾ ਚਲਣ ਕਈ ਸਾਲਾਂ ਤੋਂ ਚੱਲ ਰਿਹਾ ਹੈ।

ਪਰ ਚੰਗੇ ਆਚਰਣ ਵਾਲੇ ਕੈਦੀਆਂ ਨਾਲ ਅਜਿਹਾ ਵਿਹਾਰ ਬਿਲਕੁਲ ਨਹੀਂ ਕੀਤਾ ਜਾਂਦਾ ਅਤੇ ਕੈਮਰੇ ਦੇ ਸਾਹਮਣੇ ਤਾਂ ਉਨ੍ਹਾਂ ਨਾਲ ਅਜਿਹਾ ਬਿਲਕੁਲ ਨਹੀਂ ਕੀਤਾ ਜਾਂਦਾ ਸੀ।

ਜੂਨ ਦੇ ਸ਼ੁਰੂ ਵਿੱਚ, ਈਰਾਨ ਦੀ ਨਿਆਂ ਪ੍ਰਣਾਲੀ ਨੇ ਕੈਦੀਆਂ ਦੇ ਅਜਿਹੇ ਇਲਜ਼ਾਮਾਂ ਨੂੰ "ਹਾਈਬ੍ਰਿਡ ਜੰਗ ਅਤੇ ਪੱਛਮ ਵਲੋਂ ਕੀਤਾ ਜਾਂਦਾ ਵੱਡੇ ਪੈਮਾਨੇ ਦਾ ਪ੍ਰਚਾਰ" ਦੱਸਿਆ ਸੀ।

ਹਾਲਾਂਕਿ, ਜੂਨ ਮਹੀਨੇ ਦੇ ਵਿਚਕਾਰ ਈਰਾਨੀ ਨਿਆਂਪਾਲਿਕਾ ਦੇ ਮੁਖੀ ਨੇ ਮੰਨਿਆ ਕਿ ਕੈਦੀਆਂ ਦੀ ਫ਼ਿਲਮਿੰਗ ਕੀਤੀ ਗਈ ਸੀ ਅਤੇ ਕਿਹਾ ਕਿ "ਸਿਰਫ ਮਹਿਲਾ ਗਾਰਡ ਹੀ ਫੁਟੇਜ ਦੇਖਦੇ ਹਨ"।

ਇਹ ਵੀ ਇਲਜ਼ਾਮ ਸਨ ਕਿ ਫਿਲਮਾਂਕਣ ਅਜਿਹੇ ਇਲਾਕੇ ਵਿੱਚ ਹੁੰਦਾ ਹੈ, ਜਿੱਥੇ ਕੈਮਰਿਆਂ ਦੀ ਇਜਾਜ਼ਤ ਨਹੀਂ ਹੈ।

ਤਹਿਰਾਨ ਦੇ ਇੱਕ ਵਕੀਲ ਮੁਹੰਮਦ ਹੁਸੈਨ ਅੱਸਾਸੀ ਨੇ ਬੀਬੀਸੀ ਨੂੰ ਦੱਸਿਆ, "ਸੀਸੀਟੀਵੀ ਦੀ ਇਜਾਜ਼ਤ ਸਿਰਫ਼ ਉਨ੍ਹਾਂ ਥਾਂਵਾਂ 'ਤੇ ਹੈ ਜਿੱਥੇ ਕੈਦੀ ਸੈਰ ਕਰ ਰਹੇ ਹਨ, ਜਿਵੇਂ ਕਿ ਗਲਿਆਰਿਆਂ ਵਿੱਚ।"

ਈਰਾਨ

ਤਸਵੀਰ ਸਰੋਤ, Getty Images

ਹੋਰ ਦੇਸ਼ਾਂ ਵਿੱਚ ਵੀ ਵਾਪਰੀਆਂ ਅਜਿਹੀਆਂ ਘਟਨਾਵਾਂ

ਸਟ੍ਰਿਪ ਸਰਚ ਨੂੰ ਰਿਕਾਰਡ ਕਰਨਾ ਈਰਾਨ ਲਈ ਨਵਾਂ ਨਹੀਂ ਹੈ।

ਇਸ ਤਰ੍ਹਾਂ ਦੀਆਂ ਖ਼ਬਰਾਂ ਕਈ ਵਾਰ ਦੂਜੇ ਦੇਸ਼ਾਂ ਤੋਂ ਵੀ ਆਈਆਂ ਹਨ, ਜਿਵੇਂ ਕਿ ਆਸਟ੍ਰੇਲੀਆ ਦੇ ਸਾਊਥ ਵੇਲਜ਼ ਵਿੱਚ ਵਾਪਰੀ ਇੱਕ ਅਜਿਹੀ ਹੀ ਇੱਕ ਘਟਨਾ ਦੀ ਦੁਨੀਆਂ ਭਰ ਵਿੱਚ ਕਾਫ਼ੀ ਚਰਚਾ ਹੋਈ ਸੀ।

ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਅਧਿਕਾਰੀਆਂ ਨੇ ਤਲਾਸ਼ੀ ਦੌਰਾਨ ਕਈ ਵਾਰ ਕੈਦੀਆਂ ਦਾ ਫਿਲਮਾਂਕਣ ਕੀਤਾ।

ਪਰ ਈਰਾਨ ਵਿੱਚ ਵੱਖਰੀ ਅਤੇ ਡਰਾਉਣੀ ਗੱਲ ਇਹ ਹੈ ਕਿ ਜਿਨ੍ਹਾਂ ਲੋਕਾਂ ਨਾਲ ਅਸੀਂ ਗੱਲ ਕੀਤੀ ਸੀ ਉਨ੍ਹਾਂ ਨੇ ਕਿਹਾ ਕਿ ਇਹ ਪ੍ਰਕਿਰਿਆ ਉਨ੍ਹਾਂ ਨੂੰ ਜ਼ਲੀਲ ਕਰਨ ਲਈ ਕੀਤੀ ਗਈ ਸੀ।

ਬੀਬੀਸੀ ਨੂੰ ਨਵੰਬਰ 2021 ਦੇ ਹੈਕਿੰਗ ਸਮੂਹ ਇਦਲਤ ਅਲੀ ਤੋਂ ਖ਼ੁਫ਼ੀਆ ਦਸਤਾਵੇਜ਼ ਪ੍ਰਾਪਤ ਹੋਏ ਹਨ, ਜਿਸ ਵਿੱਚ ਇੱਕ ਚਿੱਠੀ ਮਿਲੀ ਹੈ। ਇਸ ਵਿੱਚ, ਈਰਾਨ ਦੀ ਨਿਆਂਪਾਲਿਕਾ ਨੇ ਸਟ੍ਰਿਪ ਸਰਚ ਦੇ ਇੱਕ ਦਾਅਵੇ ਨੂੰ ਸਵਿਕਾਰਿਆ ਹੈ।

ਇਸ ਚਿੱਠੀ ਵਿੱਚ ਕੁਰਦਾਂ ਦੇ ਹੱਕ ਲਈ ਆਵਾਜ਼ ਚੁੱਕਣ ਵਾਲੀ ਮੋਜਗਨ ਕਾਵੋਸੀ ਦਾ ਵੀ ਜ਼ਿਕਰ ਹੈ। ਉਨ੍ਹਾਂ ਨੂੰ ਜੇਲ੍ਹ ਵਿੱਚ ਵੀ ਇਸ ਪ੍ਰਥਾ ਦਾ ਸ਼ਿਕਾਰ ਹੋਣਾ ਪਿਆ ਸੀ।

ਇੱਕ ਈਰਾਨੀ ਸੂਤਰ ਨੇ ਬੀਬੀਸੀ ਨੂੰ ਦੱਸਿਆ ਕਿ ਕਾਵੋਸੀ ਦੀ ਪੰਜ ਵਾਰ ਤਲਾਸ਼ੀ ਲਈ ਗਈ ਸੀ।

ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਮਨੁੱਖੀ ਅਧਿਕਾਰਾਂ ਦੀ ਸਮਾਚਾਰ ਏਜੰਸੀ ਹਰਾਨਾ ਵੱਲੋਂ ਕਾਵੋਸੀ ਦੀ ਸਟ੍ਰਿਪ-ਸਰਚ ਬਾਰੇ ਰਿਪੋਰਟ ਪ੍ਰਕਾਸ਼ਿਤ ਕੀਤੇ ਜਾਣ ਤੋਂ ਬਾਅਦ, ਈਰਾਨ ਦੇ ਸਰਕਾਰੀ ਵਕੀਲਾਂ ਦੇ ਦਫ਼ਤਰ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਗਿਆ ਸੀ।

ਕਾਵੋਸੀ ਹੁਣ ਜ਼ਮਾਨਤ 'ਤੇ ਬਾਹਰ ਹਨ।

BBC

ਈਰਾਨ ਦੀਆਂ ਜੇਲ੍ਹਾਂ ਵਿੱਚ ਔਰਤਾਂ ਖ਼ਿਲਾਫ਼ ਅਣਮਨੁੱਖੀ ਕਾਰਵਾਈ ਦੀਆਂ ਘਟਨਾਵਾਂ

  • ਔਰਤਾਂ ਦੇ ਕੱਪੜੇ ਉਤਰਵਾ ਕੇ ਤਲਾਸ਼ੀ ਦੇ ਮਾਮਲੇ ਸਾਹਮਣੇ ਆਏ, ਤੇ ਇਸ ਦੌਰਾਨ ਤਲਾਸ਼ੀ ਦੀਆਂ ਘਟਨਾਵਾਂ ਵੀ ਵਾਪਰੀਆਂ
  • ਔਰਤਾਂ ਖ਼ਿਲਾਫ਼ ਦੇਸ਼ ਦੀ ਸੁਰੱਖਿਆ ਵਿਰੁੱਧ ਸਾਜ਼ਿਸ਼ ਰਚਣ, ਇਸਲਾਮ ਦਾ ਅਪਮਾਨ ਕਰਨ, ਈਰਾਨ ਵਿਰੁੱਧ ਪ੍ਰਚਾਰ ਕਰਨ, ਭ੍ਰਿਸ਼ਟਾਚਾਰ ਵਰਗੇ ਇਲਜ਼ਾਮ ਲਗਾਏ ਗਏ
  • ਬੀਬੀਸੀ ਨੂੰ ਨਵੰਬਰ 2021 ’ਚ ਮਿਲੀ ਇੱਕ ਚਿੱਠੀ ਵਿੱਚ ਚਿੱਈਰਾਨ ਦੀ ਨਿਆਂਪਾਲਿਕਾ ਨੇ ਸਟ੍ਰਿਪ ਸਰਚ ਦੇ ਇੱਕ ਦਾਅਵੇ ਨੂੰ ਸਵਿਕਾਰਿਆ ਸੀ
  • ਏਲਹੇਅ ਇਜ਼ਬਾਰੀ ਨਾਮ ਦੀ ਇੱਕ ਕਾਰਕੁਨ ਨੂੰ ਨਵੰਬਰ 2022 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਤਿੰਨ ਵੱਖ-ਵੱਖ ਅਣਦੱਸੀਆਂ ਥਾਵਾਂ 'ਤੇ ਰੱਖਿਆ ਗਿਆ ਸੀ। ਉਨ੍ਹਾਂ ਨੇ ਵੀ ਜੇਲ੍ਹ ਵਿੱਚ ਅਜਿਹਾ ਵਿਹਾਰ ਹੋਣ ਦੀ ਗੱਲ ਆਖੀ ਸੀ
  • ਇਸ ਤਰ੍ਹਾਂ ਦੀਆਂ ਖ਼ਬਰਾਂ ਕਈ ਵਾਰ ਦੂਜੇ ਦੇਸ਼ਾਂ ਤੋਂ ਵੀ ਆਈਆਂ ਹਨ, ਜਿਵੇਂ ਕਿ ਆਸਟ੍ਰੇਲੀਆ ਦੇ ਸਾਊਥ ਵੇਲਜ਼ ਵਿੱਚ ਵਾਪਰੀ ਇੱਕ ਅਜਿਹੀ ਹੀ ਇੱਕ ਘਟਨਾ ਦੀ ਦੁਨੀਆਂ ਭਰ ਵਿੱਚ ਕਾਫ਼ੀ ਚਰਚਾ ਹੋਈ ਸੀ।
BBC
ਈਰਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਈਰਾਨ ਵਿੱਚ ਪਹਿਰਾਵੇ ਸਬੰਧੀ ਨਿਯਮ ਸਖ਼ਤੀ ਨਾਲ ਲਾਗੂ ਕਰਨ ਵਿਰੁੱਧ ਕਈ ਵਾਰ ਧਰਨੇ ਪ੍ਰਦਰਸ਼ਨ ਹੋਏ

ਬਲੋਚ ਘੱਟਗਿਣਤੀ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੇ ਏਲਹੇਅ ਇਜ਼ਬਾਰੀ ਨੇ ਬੀਬੀਸੀ ਨੂੰ ਦੱਸਿਆ, "ਦੋਵੇਂ ਵਾਰ ਗ੍ਰਿਫ਼ਤਾਰੀ ਤੋਂ ਬਾਅਦ, ਮੇਰੇ ਕੱਪੜੇ ਉਤਰਵਾ ਕੇ ਜਾਂਚ ਕੀਤੀ ਗਈ ਤੇ ਮੇਰੇ ਸਰੀਰ ਦਾ ਮਜ਼ਾਕ ਉਡਾਇਆ ਗਿਆ।"

ਉਨ੍ਹਾਂ ਨੇ ਆਪਣੀ ਬਾਂਹ 'ਤੇ ਇੱਕ ਦਾਗ ਦਿਖਾਇਆ। ਇਜ਼ਬਾਰੀ ਦਾ ਦਾਅਵਾ ਹੈ ਕਿ ਜਾਂਚਕਰਤਾਵਾਂ ਨੇ ਇੱਕ ਸਿਗਰਟ ਨਾਲ ਉਨ੍ਹਾਂ ਦੀ ਚਮੜੀ ਸਾੜ ਦਿੱਤੀ ਤੇ ਇਹ ਨਿਸ਼ਾਨ ਬਣ ਗਿਆ।

ਉਨ੍ਹਾਂ ਨੂੰ ਨਵੰਬਰ 2022 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਤਿੰਨ ਵੱਖ-ਵੱਖ ਅਣਦੱਸੀਆਂ ਥਾਵਾਂ 'ਤੇ ਰੱਖਿਆ ਗਿਆ ਸੀ।

ਸੁਰੱਖਿਆ ਏਜੰਸੀਆਂ ਦੇ ਵਾਰ-ਵਾਰ ਕਾਲਾਂ ਕਰਨ ਅਤੇ ਗ੍ਰਿਫਤਾਰੀ ਦੀਆਂ ਧਮਕੀਆਂ ਕਾਰਨ ਉਹ ਈਰਾਨ ਤੋਂ ਭੱਜ ਗਏ ਸਨ।

ਨਸੀਬੇ ਸ਼ਮਸ਼ੀ ਇੱਕ ਹੋਰ ਈਰਾਨੀ ਔਰਤ ਹੈ ਜਿਸ ਦੀ ਤਿੰਨ ਵਾਰ ਕੱਪੜੇ ਉਤਰਵਾ ਕੇ ਜਾਂਚ ਕੀਤੀ ਗਈ ਹੈ।

ਉਹ ਰੈਵੋਲਿਊਸ਼ਨ ਸਟ੍ਰੀਟ ਨਾਮਕ ਇੱਕ ਸਮੂਹ ਦਾ ਹਿੱਸਾ ਰਹੇ ਹਨ। ਉਨ੍ਹਾਂ ਨੇ 2018 ਵਿੱਚ ਲਾਜ਼ਮੀ ਹਿਜਾਬ ਦੇ ਵਿਰੁੱਧ ਪ੍ਰਦਰਸ਼ਨ ਕਰਦਿਆਂ ਆਪਣਾ ਹਿਜਾਬ ਲਾਹ ਦਿੱਤਾ ਸੀ।

ਉਸ ਸਮੇਂ ਦਰਜਨਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਉਨ੍ਹਾਂ 'ਤੇ "ਹਿਜਾਬ ਉਤਾਰ ਕੇ ਈਰਾਨ ਵਿਰੁੱਧ ਪ੍ਰਚਾਰ ਫ਼ੈਲਾਉਣ ਅਤੇ ਇਸਦੇ ਸੰਸਥਾਪਕ ਅਤੇ ਸਰਵਉੱਚ ਆਗੂ ਦਾ ਅਪਮਾਨ" ਕਰਨ ਦੇ ਇਲਜ਼ਾਮ ਸ਼ਾਮਲ ਸਨ।

ਉਹ ਤਿੰਨ ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਰਿਹਾਅ ਹੋਏ ਸਨ ਤੇ ਹੁਣ ਜਲਾਵਤਨ ਹਨ।

ਉਹ ਕਹਿੰਦੇ ਹਨ ਕਿ ਜਦੋਂ ਉਨ੍ਹਾਂ ਨੇ ਸੀਸੀਟੀਵੀ ਦੇ ਸਾਹਮਣੇ ਕੱਪੜੇ ਉਤਾਰਨ ਸਬੰਧੀ ਸ਼ਿਕਾਇਤ ਕੀਤੀ ਤਾਂ ਜੇਲ੍ਹ ਦੇ ਇੱਕ ਅਧਿਕਾਰੀ ਨੇ ਕਿਹਾ ਸੀ, "ਅੱਜ ਤੋਂ ਸਭ ਕੁਝ ਸੰਭਵ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)