ਤੂਮਾਜ ਸਲੇਹੀ:ਈਰਾਨੀ ਰੈਪਰ ਜਿਸ ਨੂੰ ਬਾਗ਼ੀ ਗੀਤ ਗਾਉਣ ਕਰਕੇ ਮੌਤ ਦੀ ਸਜ਼ਾ ਮਿਲੀ

ਤੂਮਾਜ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਉਨਾਂ ਦੇ ਇੱਕ ਰੈਪਰ ਵਜੋਂ ਮਸ਼ਹੂਰ ਹੋਣ ਤੋਂ ਪਹਿਲਾਂ, ਸਾਲੇਹੀ ਨੂੰ ਅਮਰੀਕੀ ਡਾਲਰ ਦੀ ਤਸਵੀਰ ਵਾਲੀ ਇੱਕ ਟੀ ਸ਼ਰਟ ਪਾਉਣ ਦੇ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ
    • ਲੇਖਕ, ਮੇਹਰਜ਼ਾਦ ਫੌਤੂਹੀ
    • ਰੋਲ, ਬੀਬੀਸੀ ਫ਼ਾਰਸੀ

ਈਰਾਨ ਦੀ ਇੱਕ ਅਦਾਲਤ ਨੇ ਇੱਕ ਪ੍ਰਸਿੱਧ ਰੈਪਰ ਨੂੰ ਮੌਤ ਦੀ ਸਜ਼ਾ ਸੁਣਾਈ ਹੈ।

ਰੈਪਰ ਦੇ ਵਕੀਲ ਨੇ ਇਸ ਸਜ਼ਾ ਨੂੰ ਸਭ ਤੋਂ ਅਜੀਬ 'ਨਿਆਂਇਕ ਕਾਰਵਾਈ' ਦੱਸਿਆ ਹੈ। ਇਹ ਸਜ਼ਾ ਤੂਮਾਜ ਸਲੇਹੀ ਨੂੰ ਸੁਣਾਈ ਗਈ ਹੈ।

ਉਨ੍ਹਾਂ ਉੱਤੇ ਸਾਲ 2022-2023 ਵਿੱਚ 22 ਸਾਲਾ ਕੁਰਦਿਸ਼ ਔਰਤ ਦੀ ਪੁਲਿਸ ਹਿਰਾਸਤ ਵਿੱਚ ਮੌਤ ਤੋਂ ਬਾਅਦ ਮੁਲਕ ਭਰ ਵਿੱਚ ਹੋਏ ਵਿਰੋਧ ਪ੍ਰਦਰਸ਼ਨ ਨਾਲ ਜੁੜੇ ਇਲਜ਼ਾਮ ਸਨ।

22 ਸਾਲਾ ਔਰਤ ਨੂੰ ਕਥਿਤ ਤੌਰ ਉੱਤੇ ਹਿਜਾਬ ਨਿਯਮਾਂ ਦੀ ਉਲੰਘਣਾ ਦੇ ਇਲਜ਼ਾਮ ਤਹਿਤ ਹਿਰਾਸਤ ਵਿੱਚ ਲਿਆ ਗਿਆ ਸੀ।

ਸਲੇਹੀ ਦੇ ਵਕੀਲ ਨੇ ਇਹ ਐਲਾਨ ਕੀਤਾ ਹੈ ਕਿ ਉਹ ਇਸ ਫ਼ੈਸਲੇ ਦੇ ਵਿਰੋਧ ਵਿੱਚ ਪਟੀਸ਼ਨ ਪਾਉਣਗੇ।

ਅਦਾਲਤ ਨੇ ਇਸ ਗੱਲ ਦਾ ਸੰਕੇਤ ਦਿੱਤਾ ਹੈ ਕਿ ਮੌਤ ਦੀ ਸਜ਼ਾ ਨੂੰ ਘਟਾ ਕੇ ਲੰਬੀ ਜੇਲ੍ਹ ਵਿੱਚ ਵੀ ਤਬਦੀਲ ਕੀਤਾ ਜਾ ਸਕਦਾ ਹੈ। ਇਸ ਦੀ ਵਜ੍ਹਾ ਸਲੇਹੀ ਵੱਲੋਂ ਇਸ ਮਾਮਲੇ ਵਿੱਚ ਸਹਿਯੋਗ ਅਤੇ ਉਸ ਨੂੰ ਹੋਏ ਅਫ਼ਸੋਸ ਨੂੰ ਦੱਸਿਆ ਗਿਆ।

ਇਸ ਦੇ ਬਾਵਜੂਦ ਇਸ ਫ਼ੈਸਲੇ ਦਾ ਈਰਾਨ ਅਤੇ ਕੌਂਮਾਂਤਰੀ ਪੱਧਰ ਉੱਤੇ ਵਿਰੋਧ ਹੋ ਰਿਹਾ ਹੈ।

ਮਨੁੱਖੀ ਅਧਿਕਾਰ ਕਾਰਕੁੰਨਾਂ ਨੇ ਇਸ ਬਾਰੇ ਚਿੰਤਾ ਜ਼ਾਹਰ ਕੀਤੀ ਹੈ।

ਈਰਾਨ ਵਿੱਚ ਡਰਾਈਵਰ ਤੂਮਾਜ ਨਾਲ ਮਜ਼ਬੂਤੀ ਦੇ ਦਿਖਾਵੇ ਲਈ ਉਸ ਦੇ ਰੋਸ ਵਾਲੇ ਗੀਤ ਚਲਾ ਰਹੇ ਹਨ।

ਤੂਮਾਜ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਾਸ਼ਿੰਗਟਨ ਡੀਸੀ ਵਿੱਚ ਤੂਮਾਜ ਦੇ ਹੱਕ ਵਿੱਚ ਹੋਏ ਇੱਕ ਇਕੱਠ ਦੀ ਤਸਵੀਰ

ਤੂਮਾਜ ਸਾਲੇਹੀ ਕੌਣ ਹੈ ਉਸ ਦੇ ਵਿਰੁੱਧ ਕੀ ਇਲਜ਼ਾਮ ਹਨ

33 ਸਾਲਾ ਤੂਮਾਜ ਈਰਾਨ ਦੇ ਪ੍ਰਸਿੱਧ ਰੈਪਰਾਂ ਵਿੱਚੋਂ ਇੱਕ ਹੈ। ਆਪਣੇ ਬਚਪਨ ਤੋਂ ਹੀ ਉਹ ਆਪਣੇ ਪਰਿਵਾਰ ਨਾਲ ਕੇਂਦਰੀ ਈਰਾਨ ਦੇ ਇਸਫਹਾਨ ਸੂਬੇ ਵਿੱਚ ਰਹਿੰਦੇ ਹਨ।

ਉਨ੍ਹਾਂ ਦੇ ਪਿਤਾ ਨੇ ਅੱਠ ਸਾਲ ਸਿਆਸੀ ਕੈਦੀ ਵਜੋਂ ਜੇਲ੍ਹ ਕੱਟੀ। ਤੂਮਾਜ ਆਪਣੇ ਪਰਿਵਾਰ ਦਾ ਵਪਾਰ ਸਾਂਭਦੇ ਹਨ, ਇਹ ਵਪਾਰ ਡਿਜ਼ਾਇਨ ਅਤੇ ਮੈਡੀਕਲ ਖੇਤਰ ਨਾਲ ਜੁੜੇ ਪੁਰਜੇ ਬਣਾਉਣ ਦਾ ਹੈ।

ਉਨ੍ਹਾਂ ਨੇ 24 ਸਾਲ ਦੀ ਉਮਰ ਤੱਕ ਰੈਪ ਗਾਉਣਾ ਸ਼ੁਰੂ ਨਹੀਂ ਕੀਤਾ ਸੀ। ਉਨ੍ਹਾਂ ਦੇ ਗੀਤਾਂ ਦੇ ਬੋਲ ਮੁੱਖ ਤੌਰ ਉੱਤੇ ਭੇਦਭਾਵ, ਗਰੀਬੀ, ਅਤੇ ਭ੍ਰਿਸ਼ਟਾਚਾਰ ਜ਼ਬਰ ਜਿਹੇ ਵਿਸ਼ਿਆਂ ਉੱਤੇ ਹੁੰਦੇ ਹਨ।

ਉਨਾਂ ਦੇ ਇੱਕ ਰੈਪਰ ਵਜੋਂ ਮਸ਼ਹੂਰ ਹੋਣ ਤੋਂ ਪਹਿਲਾਂ, ਸਾਲੇਹੀ ਨੂੰ ਅਮਰੀਕੀ ਡਾਲਰ ਦੀ ਤਸਵੀਰ ਵਾਲੀ ਇੱਕ ਟੀ ਸ਼ਰਟ ਪਾਉਣ ਦੇ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ।

2022-23 ਦੇ ਰੋਸ ਪ੍ਰਦਰਸ਼ਨਾਂ ਦੌਰਾਨ ਉਨ੍ਹਾਂ ਨੂੰ “ਬਾਏ ਏ ਮਾਊਸਹੋਲ ਟੂ ਹਾਈਡ” ਨਾਮ ਦਾ ਗੀਤ ਗਾਉਣ ਦੇ ਲਈ ਗ੍ਰਿਫ਼ਤਾਰ ਕੀਤਾ ਗਿਆਂ ਸੀ। ਇਸ ਗੀਤ ਵਿੱਚ ਉਨ੍ਹਾਂ ਨੇ ਇਸਲਾਮਿਕ ਗਣਤੰਤਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਸੀ।

ਇਸ ਦੇ ਨਾਲ ਹੀ ਉਸ ਨੇ ਈਰਾਨੀ ਰਾਜ ਦੇ ਹਮਾਇਤੀਆਂ ਨੂੰ ਵੀ ਨਿਸ਼ਾਨਾ ਬਣਾਇਆ ਸੀ।

ਇਸ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ ਉੱਤੇ ਛੱਡ ਦਿੱਤਾ ਗਿਆ ਸੀ।

ਈਰਾਨ ਦਾ ਵਿਰੋਧ ਕਰਨ ਦੇ ਉਨ੍ਹਾਂ ਦੇ ਹੌਂਸਲੇ ’ਤੇ ਕਈ ਮੁਲਕਾਂ ਨੇ ਉਨ੍ਹਾਂ ਦਾ ਸਨਮਾਨ ਕੀਤਾ।

ਉਦਾਹਰਨ ਵਜੋਂ ਇਟਲੀ ਦੇ ਫਲੋਰੈਂਸ ਸ਼ਹਿਰ ਨੇ ਉਨ੍ਹਾਂ ਨੂੰ ‘ਓਨਰਾਰੀ ਸਿਟੀਜ਼ਨ’ ਵਜੋਂ ਚੁਣਿਆ।

ਪਿਛਲੀਆਂ ਗਰਮੀਆਂ ਵਿੱਚ "ਗਲੋਬਲ ਮਿਊਜ਼ਿਕ ਅਵਾਰਡਸ" ਇੰਸਟੀਚਿਊਟ ਨੇ ਸਲੇਹੀ ਨੂੰ "ਡਿਵੀਨੇਸ਼ਨ" ਗੀਤ ਲਈ ਇੱਕ ਪੁਰਸਕਾਰ ਦਿੱਤਾ।ਇਸ ਗੀਤ ਵਿੱਚ ਉਸ ਨੇ ਸ਼ਾਸਨ ਦੇ ਭਵਿੱਖ ਬਾਰੇ ਭਵਿੱਖਬਾਣੀ ਕੀਤੀ।

ਤੂਮਾਜ ਦੀ ਮੌਤ ਦੀ ਸਜ਼ਾ ਦੇ ਐਲਾਨ ਤੋਂ ਬਾਅਦ ਸਲੇਹੀ ਦੇ ਸਮਰਥਕਾਂ ਨੇ ਇੱਕ ਤਹਿਰਾਨ ਹਾਈਵੇਅ ਦੇ ਪਾਰ ਇੱਕ ਪੈਦਲ ਪੁਲ 'ਤੇ ਇੱਕ ਬੋਰਡ ਲਗਾਇਆ, ਜਿਸ ਨੂੰ ਵੱਡੇ ਪੱਧਰ 'ਤੇ ਪ੍ਰਚਾਰਿਆ ਗਿਆ।

ਤੂਮਾਜ ਈਰਾਨ

ਤਸਵੀਰ ਸਰੋਤ, Toomaj Salehi

ਤਸਵੀਰ ਕੈਪਸ਼ਨ, 2022-23 ਦੇ ਰੋਸ ਪ੍ਰਦਰਸ਼ਨਾਂ ਦੌਰਾਨ ਉਨ੍ਹਾਂ ਨੂੰ “ਬਾਏ ਏ ਮਾਊਸਹੋਲ ਟੂ ਹਾਈਡ” ਨਾਮ ਦਾ ਗੀਤ ਗਾਉਣ ਦੇ ਲਈ ਗ੍ਰਿਫ਼ਤਾਰ ਕੀਤਾ ਗਿਆਂ ਸੀ।

ਨਜ਼ਰਬੰਦੀ ਵਿੱਚ ਤਸ਼ੱਦਦ ਦੀਆਂ ਸ਼ਿਕਾਇਤਾਂ

2022 ਵਿੱਚ ਮਹਸਾ ਅਮੀਨੀ ਦੀ ਹਿਰਾਸਤ ਵਿੱਚ ਹੋਈ ਮੌਤ ਤੋਂ ਸ਼ੁਰੂ ਹੋਏ ਰੋਸ ਮੁਜ਼ਾਹਰਿਆਂ ਦੇ ਤੁਰੰਤ ਬਾਅਦ, ਸਲੇਹੀ ਨੇ ਆਪਣੇ ਸੋਸ਼ਲ ਮੀਡੀਆ ਖਾਤਿਆਂ 'ਤੇ ਇੱਕ ਵੀਡੀਓ ਸੰਦੇਸ਼ ਸਾਂਝਾ ਕੀਤਾ ਜਿਸ ਵਿੱਚ "ਸ਼ਾਸਨ ਦਾ ਸਾਹਮਣਾ ਕਰਨ ਦੀ ਜ਼ਰੂਰਤ" 'ਤੇ ਜ਼ੋਰ ਦਿੱਤਾ ਗਿਆ।

ਗ੍ਰਿਫ਼ਤਾਰੀ ਦੇ ਡਰੋਂ ਉਹ ਲਗਭਗ ਦੋ ਮਹੀਨੇ ਲੁਕੇ ਰਹੇ ਪਰ ਸੁਰੱਖਿਆ ਬਲਾਂ ਨੇ ਆਖਰਕਾਰ ਉਨ੍ਹਾਂ ਨੂੰ ਲੱਭ ਲਿਆ ਅਤੇ ਗ੍ਰਿਫ਼ਤਾਰ ਕਰ ਲਿਆ।

ਰਿਪੋਰਟਾਂ ਮੁਤਾਬਕ ਸਲੇਹੀ ਅਤੇ ਉਸ ਦੇ ਸਾਥੀਆਂ ਦੀ ਗ੍ਰਿਫਤਾਰੀ ਦੌਰਾਨ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਗਈ ਸੀ।

ਗ੍ਰਿਫਤਾਰੀ ਤੋਂ ਬਾਅਦ ਦੀਆਂ ਤਸਵੀਰਾਂ ਵਿੱਚ ਸਲੇਹੀ ਨੂੰ ਗੰਭੀਰ ਸੱਟਾਂ ਨਾਲ ਦੇਖਿਆ ਗਿਆ ਜਿਸ ਨਾਲ ਵਿਸ਼ਵਵਿਆਪੀ ਰੋਸ ਅਤੇ ਨਿੰਦਾ ਹੋਈ ਹੈ।

250 ਤੋਂ ਵੱਧ ਦਿਨਾਂ ਦੀ ਇਕਾਂਤ ਕੈਦ ਅਤੇ ਇੱਕ ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ, ਸਲੇਹੀ ਨੂੰ ਅੰਤ ਵਿੱਚ ਨਵੰਬਰ 2023 ਵਿੱਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।

ਹਾਲਾਂਕਿ, ਸਿਰਫ਼ 12 ਦਿਨਾਂ ਬਾਅਦ ਉਨ੍ਹਾਂ ਦੁਬਾਰਾ ਗ੍ਰਿਫ਼ਤਾਰ ਕੀਤਾ ਗਿਆ ਅਤੇ ਜੇਲ੍ਹ ਵਿੱਚ ਭੇਜ ਦਿੱਤਾ ਗਿਆ।

ਸ਼ੁਰੂ ਵਿੱਚ ਈਰਾਨ ਦੀ ਨਿਆਂਪਾਲਿਕਾ ਨੇ ਦਾਅਵਾ ਕੀਤਾ ਕਿ ਸਲੇਹੀ ਨੂੰ "ਝੂਠੀਆਂ ਗੱਲਾਂ ਫੈਲਾਉਣ" ਲਈ ਦੁਬਾਰਾ ਗ੍ਰਿ੍ਫ਼ਤਾਰ ਕੀਤਾ ਗਿਆ ਸੀ। ਅਜਿਹਾ ਸਲੇਹੀ ਦੀ ਗ੍ਰਿ੍ਫ਼ਤਾਰ, ਪੁੱਛਗਿੱਛ ਅਤੇ ਨਜ਼ਰਬੰਦੀ ਵਿੱਚ ਸ਼ਾਮਲ ਲੋਕਾਂ ਦੇ ਖਿਲਾਫ ਤਸ਼ੱਦਦ ਦੀ ਰਸਮੀ ਸ਼ਿਕਾਇਤ ਤੋਂ ਬਾਅਦ ਸੀ।

ਤੂਮਾਜ ਸਲੇਹੀ

ਤਸਵੀਰ ਸਰੋਤ, Toomaj Salehi

ਤਸਵੀਰ ਕੈਪਸ਼ਨ, ਸਲੇਹੀ ਦੀਆ ਵਿਡੀਓਜ਼ ਵਿੱਚੋਂ ਇੱਕ ਤਸਵੀਰ, ਜਿਸ ਵਿੱਚ ਉਹ ਈਰਾਨੀ ਸ਼ਾਸਨ ਦੇ ਭਵਿੱਖ ਬਾਰੇ ਗੱਲ ਕੀਤੀ ਸੀ

ਵਿਰੋਧੀ ਧਿਰ ਲਈ ਇੱਕ ਸੰਕੇਤ?

ਸੋਸ਼ਲ ਮੀਡੀਆ 'ਤੇ ਸਲੇਹੀ ਨੂੰ ਕਾਫੀ ਲੋਕਾਂ ਨੇ ਸਮਰਥਨ ਦਿੱਤਾ।

ਈਰਾਨ ਵਿੱਚ ਇੱਕ ਵਕੀਲ ਅਤੇ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਮੋਹਸੇਨ ਬਰਹਾਨੀ ਨੇ ਐਕਸ 'ਤੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਸਾਲੇਹੀ ਦੀ ਮੌਤ ਦੀ ਸਜ਼ਾ ਸੁਪਰੀਮ ਕੋਰਟ ਵੱਲੋਂ ਰੱਦ ਕਰ ਦਿੱਤੀ ਜਾਵੇਗੀ।

ਮਸ਼ਹੂਰ ਈਰਾਨੀ ਸੰਗੀਤਕਾਰ ਕੇਹਾਨ ਕਲਹੋਰ ਨੇ ਆਪਣੇ ਇੰਸਟਾਗ੍ਰਾਮ 'ਤੇ ਸਲੇਹੀ ਦੀ ਇੱਕ ਫੋਟੋ ਸ਼ੇਅਰ ਕੀਤੀ ਹੈ।

ਉਨ੍ਹਾਂ ਲਿਖਿਆ "ਤੂਮਾਜ ਸਲੇਹੀ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ, ਜੇਕਰ ਅਸੀਂ ਚੁੱਪ ਰਹੇ, ਤਾਂ ਇਸਦਾ ਮਤਲਬ ਹੈ ਕਿ ਅਸੀਂ ਜ਼ੁਲਮ ਦਾ ਸਮਰਥਨ ਕਰਦੇ ਹਾਂ।"

ਜਰਮਨ ਸੰਸਦ ਦੇ ਮੈਂਬਰ ਯੇ-ਵਨ ਰਾਈ ਨੇ ਇਸ ਮੌਤ ਦੀ ਸਜ਼ਾ ਨੂੰ "ਅਣਮਨੁੱਖੀ" ਕਾਰਵਾਈ ਕਿਹਾ ਹੈ।ਉਨ੍ਹਾਂ ਕਿਹਾ, "ਇਹ ਸਿਰਫ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਇਸਲਾਮੀ ਗਣਰਾਜ ਤੂਮਾਜ ਤੋਂ ਕਿੰਨਾ ਡਰਦਾ ਹੈ।"

ਈਰਾਨ ਦੇ ਕੁਝ ਵਿਸ਼ਲੇਸ਼ਕ ਸਲੇਹੀ ਦੀ ਸਜ਼ਾ ਨੂੰ ਈਰਾਨ ਵਿੱਚ ਵਿਰੋਧ ਅਤੇ ਵਿਰੋਧ ਦੀ ਕਿਸੇ ਵੀ ਆਵਾਜ਼ ਨੂੰ ਚੁੱਪ ਕਰਾਉਣ ਦੇ ਸ਼ਾਸਨ ਦੇ ਦ੍ਰਿੜ ਇਰਾਦੇ ਦੇ ਵਿਰੋਧ ਦੇ ਸੁਨੇਹੇ ਵਜੋਂ ਦੇਖਦੇ ਹਨ।

ਤੂਮਾਜ ਸਲੇਹੀ

ਤਸਵੀਰ ਸਰੋਤ, Toomaj Salehi

ਤਸਵੀਰ ਕੈਪਸ਼ਨ, ਤੂਮਾਜ ਸਲੇਹੀ ਨੇ 18 ਜੁਲਾਈ 2022 ਨੂੰ ਇੱਕ ਵੀਡੀਓ ਰਿਕਾਰਡ ਕੀਤੀ ਜਿਸ ਵਿੱਚ ਕਿਹਾ, "ਮਾਫ਼ ਕਰਨਾ, ਮੈਂ ਤੁਹਾਡੀ [ਸਰਕਾਰੀ] ਪ੍ਰਣਾਲੀ ਦੀ ਆਲੋਚਨਾ ਕੀਤੀ"।

ਬੀਬੀਸੀ ਫਾਰਸੀ ਨਾਲ ਇੱਕ ਇੰਟਰਵਿਊ ਵਿੱਚ, ਇਕਬਾਲ ਇਕਬਾਲੀ ਨੇ ਤੂਮਾਜ ਦੇ ਖਿਲਾਫ ਮੌਤ ਦੀ ਸਜ਼ਾ ਨੂੰ "ਇਸਲਾਮੀ ਰੀਪਬਲਿਕ ਦੁਆਰਾ ਔਰਤਾਂ, ਜੀਵਨ, ਆਜ਼ਾਦੀ" ਦੇ ਵਿਰੋਧ ਅੰਦੋਲਨ ਵਿੱਚ ਹਿੱਸਾ ਲੈਣ ਵਾਲਿਆਂ ਤੋਂ ਬਦਲਾ’ ਦੱਸਿਆ।

ਉਨ੍ਹਾਂ ਮੁਤਾਬਕ ਇਸ ਦੇ ਨਾਲ ਹੀ ਇਸ ਰਾਹੀਂ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਈਰਾਨ ਵਿੱਚ ਵਿਰੋਧੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਰਹੇਗੀ।

ਇੱਕ ਬਿਆਨ ਵਿੱਚ ਸੰਯੁਕਤ ਰਾਸ਼ਟਰ ਦੇ ਮਾਹਰਾਂ ਨੇ ਸਾਲੇਹੀ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਅਤੇ ਈਰਾਨੀ ਅਧਿਕਾਰੀਆਂ ਨੂੰ ਉਨ੍ਹਾਂ ਨੂੰ ਮੌਤ ਦੀ ਸਜ਼ਾ ਦੇਣ ਦੇ ਫੈਸਲੇ ਨੂੰ ਵਾਪਸ ਲੈਣ ਦੀ ਅਪੀਲ ਕੀਤੀ।

ਮਾਹਰਾਂ ਨੇ ਕਿਹਾ, "ਸਰਕਾਰੀ ਨੀਤੀ ਦਾ ਵਿਰੋਧ ਜਿਸ ਵਿੱਚ ਕਲਾਤਮਕ ਪ੍ਰਗਟਾਵਾ ਵੀ ਸ਼ਾਮਲ ਹੈ, ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰਾਂ ਅਤੇ ਸੱਭਿਆਚਾਰਕ ਜੀਵਨ ਵਿੱਚ ਹਿੱਸਾ ਲੈਣ ਦੇ ਅਧਿਕਾਰ ਦੇ ਤਹਿਤ ਸੁਰੱਖਿਅਤ ਹੈ। ਇਸ ਨੂੰ ਅਪਰਾਧ ਨਹੀਂ ਬਣਾਇਆ ਜਾਣਾ ਚਾਹੀਦਾ ਹੈ।”

ਉਨ੍ਹਾਂ ਕਿਹਾ, "ਕਲਾ ਨੂੰ ਕਿਸੇ ਵੀ ਸਮਾਜ ਵਿੱਚ ਵਿਰੋਧ ਕਰਨ ਤੇ ਸੀਮਾਵਾਂ ਨੂੰ ਧੱਕਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।"

ਉਨ੍ਹਾਂ ਅੱਗੇ ਦੱਸਿਆ, "ਜਿਵੇਂ ਕਿ ਮਿਸਟਰ ਸਲੇਹੀ ਦੇ ਗਾਣੇ ਸਰਕਾਰ ਲਈ ਸਖ਼ਤ ਹਨ, ਉਹ ਕਲਾਤਮਕ ਆਜ਼ਾਦੀ ਅਤੇ ਸੱਭਿਆਚਾਰਕ ਅਧਿਕਾਰਾਂ ਦਾ ਪ੍ਰਗਟਾਵਾ ਹਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)