ਇਜ਼ਰਾਈਲ ਅਤੇ ਈਰਾਨ ਵਿਚਾਲੇ ਦੁਸ਼ਮਣੀ ਦੀ ਹੈ ਅਸਲ਼ ਜੜ੍ਹ

ਈਰਾਨ

ਤਸਵੀਰ ਸਰੋਤ, getty images

ਤਸਵੀਰ ਕੈਪਸ਼ਨ, ਇਜ਼ਰਾਈਲ ਅਤੇ ਈਰਾਨ ਸਾਲਾਂ ਤੋਂ ਖੂਨੀ ਦੁਸ਼ਮਣੀ ਵਿੱਚ ਲੱਗੇ ਹੋਏ ਹਨ, ਜਿਸ ਦੀ ਤੀਬਰਤਾ ਭੂ-ਰਾਜਨੀਤਿਕ ਸਥਿਤੀ ’ਤੇ ਨਿਰਭਰ ਕਰਦਿਆਂ ਵਧਦੀ-ਘਟਦੀ ਰਹਿੰਦੀ ਹੈ
    • ਲੇਖਕ, ਜਿਲੇਰਮੋ ਡੀ. ਓਲਮੋ
    • ਰੋਲ, ਬੀਬੀਸੀ ਨਿਊਜ਼ ਵਰਲਡ

ਮੱਧ ਪੂਰਬ ਵਿੱਚ ਤਣਾਅ ਵਧਦਾ ਜਾ ਰਿਹਾ ਹੈ।

ਸਥਾਨਕ ਸਰਕਾਰੀ ਮੀਡੀਆ ਮੁਤਾਬਕ ਈਰਾਨ ਨੇ ਸ਼ਨੀਵਾਰ ਰਾਤ ਨੂੰ ਇਜ਼ਰਾਈਲ ਦੇ ਖਿਲਾਫ਼ ਡਰੋਨ ਹਮਲਾ ਕੀਤਾ।

ਉਨ੍ਹਾਂ ਨੂੰ ਇਹ ਜਾਣਕਾਰੀ ਹਥਿਆਰਬੰਦ ਬਲਾਂ ਦੀ ਇੱਕ ਸ਼ਾਖਾ ਈਰਾਨੀ ਰੈਵੋਲਿਊਸ਼ਨਰੀ ਗਾਰਡ ਨੇ ਦਿੱਤੀ।

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਆਪਣੀ ਯੁੱਧ ਕੈਬਨਿਟ ਬੁਲਾਈ ਅਤੇ ਦੱਸਿਆ ਕਿ ਹਮਲੇ ਦਾ ਸਾਹਮਣਾ ਕਰਨ ਲਈ ਦੇਸ਼ ਦੀਆਂ ‘ਰੱਖਿਆਤਮਕ ਪ੍ਰਣਾਲੀਆਂ’ ਤਾਇਨਾਤ ਕੀਤੀਆਂ ਗਈਆਂ ਹਨ।

1 ਅਪ੍ਰੈਲ ਨੂੰ ਦਮਿਸ਼ਕ ਵਿਚਲੇ ਵਣਜ ਦੂਤਘਰ ’ਤੇ ਹੋਏ ਹਮਲੇ ਵਿੱਚ ਆਪਣੇ ਦੋ ਸੀਨੀਅਰ ਫੌਜੀ ਕਮਾਂਡਰਾਂ ਦੇ ਮਾਰੇ ਜਾਣ ਦਾ ਇਲਜ਼ਾਮ ਇਜ਼ਰਾਇਲ ’ਤੇ ਲਗਾਉਂਦਿਆਂ ਈਰਾਨ ਨੇ ਇਸ ਘਟਨਾ ਦਾ ਬਦਲਾ ਲੈਣ ਦੀ ਗੱਲ ਕਹੀ ਸੀ।

ਹਾਲ ਹੀ ਦੇ ਘੰਟਿਆਂ ਦੌਰਾਨ ਈਰਾਨ ਦੀ ਸੰਭਾਵਿਤ ਜਵਾਬੀ ਪ੍ਰਤੀਕਿਰਿਆ ਦਾ ਖਦਸ਼ਾ ਉਦੋਂ ਵਧ ਗਿਆ ਸੀ, ਜਦੋਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਈਰਾਨ ਵੱਲੋਂ ‘ਜਲਦੀ ਹੀ ਹਮਲਾ ਕਰਨ’ ਦਾ ਖਦਸ਼ਾ ਹੈ।

ਇਹ ਇੱਕ ਪੁਰਾਣੇ ਝਗੜੇ ਦਾ ਤਾਜ਼ਾ ਮਾਮਲਾ ਹੈ।

ਈਰਾਨ

ਤਸਵੀਰ ਸਰੋਤ, getty images

ਤਸਵੀਰ ਕੈਪਸ਼ਨ, ਗਾਜ਼ਾ ਵਿੱਚ ਯੁੱਧ ਦੇ ਹਾਲਾਤ ਨੇ ਸਥਿਤੀ ਨੂੰ ਹੋਰ ਵੀ ਬਦਤਰ ਬਣਾ ਦਿੱਤਾ ਹੈ

ਇਜ਼ਰਾਈਲ ਅਤੇ ਈਰਾਨ ਸਾਲਾਂ ਤੋਂ ਖੂਨੀ ਦੁਸ਼ਮਣੀ ਵਿੱਚ ਲੱਗੇ ਹੋਏ ਹਨ, ਜਿਸ ਦੀ ਤੀਬਰਤਾ ਭੂ-ਰਾਜਨੀਤਿਕ ਸਥਿਤੀ ’ਤੇ ਨਿਰਭਰ ਕਰਦਿਆਂ ਵਧਦੀ-ਘਟਦੀ ਰਹਿੰਦੀ ਹੈ।

ਇਸ ਵਿਚਲਾ ਉਤਰਾਅ-ਚੜ੍ਹਾਅ ਮੱਧ ਪੂਰਬ ਵਿੱਚ ਅਸਥਿਰਤਾ ਦੇ ਮੁੱਖ ਸਰੋਤਾਂ ਵਿੱਚੋਂ ਇੱਕ ਬਣ ਗਿਆ ਹੈ।

ਈਰਾਨ ਦਾ ਮੰਨਣਾ ਹੈ ਕਿ ਇਜ਼ਰਾਈਲ ਨੂੰ ਆਪਣੀ ਹੋਂਦ ਬਰਕਰਾਰ ਰੱਖਣ ਦਾ ਕੋਈ ਅਧਿਕਾਰ ਨਹੀਂ ਹੈ। ਇਸ ਦੇ ਸ਼ਾਸਕ ਇਸ ਨੂੰ ‘ਛੋਟਾ ਸ਼ੈਤਾਨ’ ਮੰਨਦੇ ਹਨ ਜੋ ਮੱਧ ਪੂਰਬ ਵਿੱਚ ਸੰਯੁਕਤ ਰਾਜ ਅਮਰੀਕਾ ਦਾ ਸਹਿਯੋਗੀ ਹੈ। ਅਮਰੀਕਾ ਨੂੰ ਉਹ ‘ਵੱਡਾ ਸ਼ੈਤਾਨ’ ਕਹਿੰਦੇ ਹਨ। ਉਹ ਚਾਹੁੰਦੇ ਹਨ ਕਿ ਦੋਵੇਂ ਇਸ ਖੇਤਰ ਵਿੱਚੋਂ ਗਾਇਬ ਹੋ ਜਾਣ।

ਇਜ਼ਰਾਈਲ ਨੇ ਈਰਾਨ ’ਤੇ ‘ਅੱਤਵਾਦੀ’ ਸਮੂਹਾਂ ਨੂੰ ਵਿੱਤ ਪ੍ਰਦਾਨ ਕਰਨ ਅਤੇ ਅਯਾਤੁੱਲਾ ਦੇ ਯਹੂਦੀ ਵਿਰੋਧ ਤੋਂ ਪ੍ਰੇਰਿਤ ਹੋ ਕੇ ਉਸ ਦੇ ਹਿੱਤਾਂ ਵਿਰੁੱਧ ਹਮਲੇ ਕਰਨ ਦਾ ਇਲਜ਼ਾਮ ਲਗਾਇਆ ਹੈ।

ਇਨ੍ਹਾਂ ‘ਪੁਰਾਣੇ ਦੁਸ਼ਮਣਾਂ’ ਵਿਚਕਾਰ ਦੁਸ਼ਮਣੀ ਨਾਲ ਵੱਡੀ ਗਿਣਤੀ ਵਿੱਚ ਲੋਕ ਮਾਰੇ ਗਏ ਹਨ, ਜੋ ਅਕਸਰ ਗੁਪਤ ਕਾਰਵਾਈਆਂ ਦਾ ਨਤੀਜਾ ਹੁੰਦਾ ਹੈ ਜਿਸ ਲਈ ਕੋਈ ਵੀ ਸਰਕਾਰ ਆਪਣੀ ਜ਼ਿੰਮੇਵਾਰੀ ਸਵੀਕਾਰ ਨਹੀਂ ਕਰਦੀ ਹੈ।

ਗਾਜ਼ਾ ਵਿੱਚ ਯੁੱਧ ਦੇ ਹਾਲਾਤ ਨੇ ਸਥਿਤੀ ਨੂੰ ਹੋਰ ਵੀ ਬਦਤਰ ਬਣਾ ਦਿੱਤਾ ਹੈ।

ਇਜ਼ਰਾਈਲ ਅਤੇ ਈਰਾਨ ਵਿਚਕਾਰ ਦੁਸ਼ਮਣੀ ਕਿਵੇਂ ਸ਼ੁਰੂ ਹੋਈ

ਈਰਾਨ

ਤਸਵੀਰ ਸਰੋਤ, getty images

ਅਸਲ ਵਿੱਚ, ਇਜ਼ਰਾਈਲ ਅਤੇ ਈਰਾਨ ਵਿਚਕਾਰ ਸਬੰਧ 1979 ਤੱਕ ਕਾਫ਼ੀ ਦੋਸਤਾਨਾ ਸਨ ਜਦੋਂ ਅਯਾਤੁੱਲਾ ਦੀ ਅਖੌਤੀ ਇਸਲਾਮੀ ਕ੍ਰਾਂਤੀ ਨੇ ਈਰਾਨ ਵਿੱਚ ਸੱਤਾ ਹਾਸਲ ਕੀਤੀ ਸੀ।

ਹਾਲਾਂਕਿ ਇਸ ਨੇ ਅਸਲ ਵਿੱਚ ਫਲਸਤੀਨ ਦੀ ਵੰਡ ਦੀ ਯੋਜਨਾ ਦਾ ਵਿਰੋਧ ਕੀਤਾ ਸੀ ਜਿਸ ਕਾਰਨ 1948 ਵਿੱਚ ਇਜ਼ਰਾਈਲ ਦੀ ਸਿਰਜਣਾ ਹੋਈ। ਮਿਸਰ ਤੋਂ ਬਾਅਦ ਈਰਾਨ ਇਸ ਨੂੰ ਮਾਨਤਾ ਦੇਣ ਵਾਲਾ ਦੂਜਾ ਇਸਲਾਮੀ ਦੇਸ਼ ਸੀ।

ਉਸ ਸਮੇਂ, ਈਰਾਨ ਪਹਿਲਵੀ ਰਾਜਵੰਸ਼ ਦੇ ਸ਼ਾਹਾਂ ਦੁਆਰਾ ਸ਼ਾਸਿਤ ਇੱਕ ਰਾਜਸ਼ਾਹੀ ਸੀ ਅਤੇ ਮੱਧ ਪੂਰਬ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਮੁੱਖ ਸਹਿਯੋਗੀਆਂ ਵਿੱਚੋਂ ਇੱਕ ਸੀ।

ਇਸ ਕਰਕੇ, ਇਜ਼ਰਾਈਲ ਦੇ ਸੰਸਥਾਪਕ ਅਤੇ ਇਸ ਦੇ ਪਹਿਲੇ ਸਰਕਾਰ ਮੁਖੀ ਡੇਵਿਡ ਬੇਨ-ਗੁਰਿਅਨ ਨੇ ਆਪਣੇ ਅਰਬ ਗੁਆਂਢੀਆਂ ਵੱਲੋਂ ਨਵੇਂ ਯਹੂਦੀ ਰਾਸ਼ਟਰ ਵੱਲੋਂ ਇਸ ਨੂੰ ਅਸਵੀਕਾਰਨ ਦਾ ਮੁਕਾਬਲਾ ਕਰਨ ਦੇ ਤਰੀਕੇ ਵਜੋਂ ਈਰਾਨ ਨਾਲ ਦੋਸਤੀ ਕਰਨੀ ਚਾਹੀ ਅਤੇ ਇਹ ਹੋ ਵੀ ਗਈ।

ਪਰ 1979 ਵਿੱਚ ਰੂਹੁੱਲਾ ਖੁਮੈਨੀ ਦੀ ਕ੍ਰਾਂਤੀ ਨੇ ਸ਼ਾਹ ਦਾ ਤਖਤਾ ਪਲਟ ਦਿੱਤਾ ਅਤੇ ਇੱਕ ਇਸਲਾਮੀ ਗਣਰਾਜ ਲਾਗੂ ਕੀਤਾ ਜਿਸ ਨੇ ਖ਼ੁਦ ਨੂੰ ਦੱਬੇ-ਕੁਚਲੇ ਲੋਕਾਂ ਦੇ ਰਾਖੇ ਦੇ ਰੂਪ ਵਿੱਚ ਪੇਸ਼ ਕੀਤਾ।

ਸੰਯੁਕਤ ਰਾਜ ਅਮਰੀਕਾ ਅਤੇ ਉਸ ਦੇ ਸਹਿਯੋਗੀ ਇਜ਼ਰਾਈਲ ਦੇ ‘ਸਾਮਰਾਜਵਾਦ’ ਨੂੰ ਰੱਦ ਕਰਨ ਵਿੱਚ ਇਸ ਦੀ ਮੁੱਖ ਭੂਮਿਕਾ ਸੀ।

ਈਰਾਨ

ਤਸਵੀਰ ਸਰੋਤ, Getty images

ਤਸਵੀਰ ਕੈਪਸ਼ਨ, ਈਰਾਨ ਵੱਲੋਂ ਇਜ਼ਰਾਈਲ ਉੱਤੇ ਹਮਲਾ ਕੀਤੇ ਜਾਣ ਮਗਰੋਂ ਸਰਕਾਰ ਦੇ ਪੱਖ ਵਿੱਚ ਸੜਕਾਂ ਉੱਤੇ ਆਏ ਲੋਕ

ਅਯਾਤੁੱਲਾ ਦੇ ਨਵੇਂ ਸ਼ਾਸਨ ਨੇ ਇਜ਼ਰਾਈਲ ਨਾਲ ਸਬੰਧ ਤੋੜ ਦਿੱਤੇ, ਆਪਣੇ ਨਾਗਰਿਕਾਂ ਦੇ ਪਾਸਪੋਰਟਾਂ ਦੀ ਵੈਧਤਾ ਨੂੰ ਮਾਨਤਾ ਦੇਣੀ ਬੰਦ ਕਰ ਦਿੱਤੀ। ਤਹਿਰਾਨ ਵਿੱਚ ਇਜ਼ਰਾਈਲੀ ਦੂਤਘਰ ਨੂੰ ਆਪਣੇ ਕਬਜ਼ੇ ਹੇਠ ਕਰਕੇ ਇਸ ਨੂੰ ਫਲਸਤੀਨ ਲਿਬਰੇਸ਼ਨ ਆਰਗੇਨਾਈਜ਼ੇਸ਼ਨ (ਪੀ.ਐੱਲ.ਓ.) ਨੂੰ ਸੌਂਪ ਦਿੱਤਾ, ਜੋ ਉਸ ਸਮੇਂ ਇਜ਼ਰਾਈਲੀ ਸਰਕਾਰ ਦੇ ਖਿਲਾਫ਼ ਫਲਸਤੀਨ ਦੀ ਲੜਾਈ ਦੀ ਅਗਵਾਈ ਕਰ ਰਿਹਾ ਸੀ।

ਇੱਕ ਵਿਸ਼ਲੇਸ਼ਣ ਕੇਂਦਰ, ਇੰਟਰਨੈਸ਼ਨਲ ਕਰਾਈਸਿਸ ਗਰੁੱਪ ਵਿੱਚ ਈਰਾਨ ਪ੍ਰੋਗਰਾਮ ਦੇ ਡਾਇਰੈਕਟਰ ਅਲੀ ਵਾਏਜ਼ ਨੇ ਬੀਬੀਸੀ ਮੁੰਡੋ ਨੂੰ ਦੱਸਿਆ ਕਿ ‘ਇਜ਼ਰਾਈਲ ਪ੍ਰਤੀ ਦੁਸ਼ਮਣੀ ਨਵੇਂ ਈਰਾਨੀ ਸ਼ਾਸਨ ਦਾ ਇੱਕ ਅਧਾਰ ਸੀ ਕਿਉਂਕਿ ਇਸ ਦੇ ਕਈ ਨੇਤਾਵਾਂ ਨੇ ਫਲਸਤੀਨੀਆਂ ਨਾਲ ਗੁਰੀਲਾ ਯੁੱਧ ਵਿੱਚ ਸਿਖਲਾਈ ਲਈ ਅਤੇ ਲੇਬਨਾਨ ਵਰਗੀਆਂ ਥਾਵਾਂ ’ਤੇ ਯੁੱਧ ਵਿੱਚ ਹਿੱਸਾ ਲਿਆ ਸੀ। ਇਸ ਲਈ ਉਨ੍ਹਾਂ ਦੇ ਮਨ ਵਿੱਚ ਫਲਸਤੀਨੀਆਂ ਲਈ ਬਹੁਤ ਹਮਦਰਦੀ ਸੀ।’’

ਪਰ ਇਸ ਤੋਂ ਇਲਾਵਾ, ਵਾਏਜ਼ ਦਾ ਮੰਨਣਾ ਹੈ, ‘‘ਨਵਾਂ ਈਰਾਨ ਖ਼ੁਦ ਨੂੰ ਇੱਕ ਪੈਨ-ਇਸਲਾਮਿਕ ਸ਼ਕਤੀ ਦੇ ਰੂਪ ਵਿੱਚ ਪੇਸ਼ ਕਰਨਾ ਚਾਹੁੰਦਾ ਸੀ। ਉਸ ਨੇ ਇਜ਼ਰਾਈਲ ਖਿਲਾਫ਼ ਉਨ੍ਹਾਂ ਫਲਸਤੀਨੀ ਮੁੱਦਿਆਂ ਨੂੰ ਚੁੱਕਣਾ ਸੀ ਜਿਸ ਨੂੰ ਅਰਬ ਮੁਸਲਿਮ ਦੇਸ਼ਾਂ ਨੇ ਤਿਆਗ ਦਿੱਤਾ ਸੀ।’’

ਇਸ ਤਰ੍ਹਾਂ, ਖੁਮੈਨੀ ਨੇ ਫਲਸਤੀਨੀ ਮੁੱਦੇ ’ਤੇ ਆਪਣਾ ਦਾਅਵਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਈਰਾਨ ਵਿੱਚ ਅਧਿਕਾਰਤ ਸਮਰਥਨ ਨਾਲ ਵੱਡੇ ਫਲਸਤੀਨ ਪੱਖੀ ਪ੍ਰਦਰਸ਼ਨ ਆਮ ਹੋ ਗਏ ਸਨ।

ਵਾਏਜ਼ ਦੱਸਦੇ ਹਨ ਕਿ ‘‘ਇਜ਼ਾਰਾਈਲ ਵਿੱਚ ਬਾਅਦ ਵਿੱਚ 1990 ਦੇ ਦਹਾਕੇ ਤੱਕ ਈਰਾਨ ਪ੍ਰਤੀ ਦੁਸ਼ਮਣੀ ਸ਼ੁਰੂ ਨਹੀਂ ਹੋਈ ਕਿਉਂਕਿ ਸੱਦਾਮ ਹੁਸੈਨ ਦੀ ਅਗਵਾਈ ਵਾਲੇ ਇਰਾਕ ਨੂੰ ਪਹਿਲਾਂ ਇੱਕ ਵੱਡਾ ਖੇਤਰੀ ਖ਼ਤਰਾ ਮੰਨਿਆ ਜਾਂਦਾ ਸੀ।’’

ਇੰਨਾ ਹੀ ਨਹੀਂ ਇਜ਼ਰਾਈਲੀ ਸਰਕਾਰ ਉਨ੍ਹਾਂ ਸਾਲਸਾਂ ਵਿੱਚੋਂ ਇੱਕ ਸੀ ਜਿਸ ਨੇ ਕਥਿਤ ਈਰਾਨ-ਕੰਟਰਾ ਨੂੰ ਸੰਭਵ ਬਣਾਇਆ। ਈਰਾਨ-ਕੰਟਰਾ ਉਹ ਗੁਪਤ ਪ੍ਰੋਗਰਾਮ ਹੈ ਜਿਸ ਰਾਹੀਂ ਅਮਰੀਕਾ ਨੇ 1980 ਅਤੇ 1988 ਵਿਚਕਾਰ ਆਪਣੇ ਗੁਆਂਢੀ ਵਿਰੁੱਧ ਛੇੜੇ ਗਏ ਯੁੱਧ ਵਿੱਚ ਵਰਤਣ ਲਈ ਹਥਿਆਰ ਈਰਾਨ ਵੱਲ ਭੇਜ ਦਿੱਤੇ।

ਪਰ ਸਮੇਂ ਦੇ ਨਾਲ, ਇਜ਼ਰਾਈਲ ਨੇ ਈਰਾਨ ਨੂੰ ਆਪਣੀ ਹੋਂਦ ਲਈ ਮੁੱਖ ਖ਼ਤਰਿਆਂ ਵਿੱਚੋਂ ਇੱਕ ਵਜੋਂ ਵੇਖਣਾ ਸ਼ੁਰੂ ਕਰ ਦਿੱਤਾ ਅਤੇ ਦੋਵਾਂ ਵਿਚਕਾਰ ਦੁਸ਼ਮਣੀ ਸ਼ਬਦਾਂ ਤੋਂ ਲੈ ਕੇ ਕਾਰਜਾਂ ਤੱਕ ਵੱਧ ਗਈ।

ਇਜ਼ਰਾਈਲ ਅਤੇ ਈਰਾਨ ਵਿਚਕਾਰ ‘ਸ਼ੈਡੋ ਯੁੱਧ’

ਈਰਾਨੀ

ਤਸਵੀਰ ਸਰੋਤ, HAMED MALEKPOUR/GETTY

ਤਸਵੀਰ ਕੈਪਸ਼ਨ, ਇਜ਼ਰਾਈਲੀ ਸਰਕਾਰ ਨੇ ਕਦੇ ਵੀ ਈਰਾਨੀ ਵਿਗਿਆਨੀਆਂ ਦੀ ਮੌਤ ਵਿੱਚ ਆਪਣੀ ਸ਼ਮੂਲੀਅਤ ਨੂੰ ਸਵੀਕਾਰ ਨਹੀਂ ਕੀਤਾ ਹੈ।

ਵਾਏਜ਼ ਦੱਸਦੇ ਹਨ ਕਿ ਈਰਾਨ ਨੂੰ ਦੂਜੀ ਮਹਾਨ ਖੇਤਰੀ ਸ਼ਕਤੀ ਸਾਊਦੀ ਅਰਬ ਦਾ ਵੀ ਸਾਹਮਣਾ ਕਰਨਾ ਪਿਆ।

ਇਹ ਜਾਣਦੇ ਹੋਏ ਕਿ ਈਰਾਨ ਮੁੱਖ ਤੌਰ 'ਤੇ ਸੁੰਨੀ ਦੇਸ਼ ਅਤੇ ਅਰਬ ਇਸਲਾਮੀ ਦੁਨੀਆ ਵਿੱਚ ਫਾਰਸੀ ਅਤੇ ਸ਼ੀਆ ਲੋਕ ਰਹਿੰਦੇ ਹਨ, ‘‘ਈਰਾਨੀ ਸ਼ਾਸਨ ਨੂੰ ਆਪਣੀ ਅਲੱਗ-ਥਲੱਗਤਾ ਦਾ ਅਹਿਸਾਸ ਹੋਇਆ ਅਤੇ ਉਸ ਨੇ ਆਪਣੇ ਦੁਸ਼ਮਣਾਂ ਨੂੰ ਇੱਕ ਦਿਨ ਉਸ ਦੇ ਆਪਣੇ ਹੀ ਖੇਤਰ ਵਿੱਚ ਹਮਲਾ ਕਰਨ ਤੋਂ ਰੋਕਣ ਦੇ ਉਦੇਸ਼ ਨਾਲ ਇੱਕ ਰਣਨੀਤੀ ਵਿਕਸਿਤ ਕਰਨੀ ਸ਼ੁਰੂ ਕਰ ਦਿੱਤੀ।’’

ਇਸ ਤਰ੍ਹਾਂ, ਈਰਾਨ ਨਾਲ ਗਠਜੋੜ ਕਰਨ ਵਾਲੇ ਸੰਗਠਨਾਂ ਦਾ ਇੱਕ ਨੈੱਟਵਰਕ ਫੈਲ ਗਿਆ ਅਤੇ ਉਸ ਨੇ ਆਪਣੇ ਹਿੱਤਾਂ ਦੇ ਅਨੁਕੂਲ ਹਥਿਆਰਬੰਦ ਕਾਰਵਾਈਆਂ ਕੀਤੀਆਂ।

ਅਮਰੀਕਾ ਅਤੇ ਯੂਰਪੀ ਸੰਘ ਵੱਲੋਂ ਅੱਤਵਾਦੀਆਂ ਦੇ ਰੂਪ ਵਿੱਚ ਵਰਗੀਕ੍ਰਿਤ ਲੇਬਨਾਨੀ ਹਿਜ਼ਬੁੱਲਾ ਸਭ ਤੋਂ ਪ੍ਰਮੁੱਖ ਹੈ। ਅੱਜ, ਕਥਿਤ ਈਰਾਨ ਦੇ ‘ਵਿਰੋਧ ਦੀ ਧੁਰੀ’ ਲੇਬਨਾਨ, ਸੀਰੀਆ, ਇਰਾਕ ਅਤੇ ਯਮਨ ਤੱਕ ਫੈਲੀ ਹੋਈ ਹੈ।

ਇਜ਼ਰਾਈਲ ਚੁੱਪਚਾਪ ਨਹੀਂ ਬੈਠਾ ਅਤੇ ਉਸ ਨੇ ਈਰਾਨ ਅਤੇ ਉਸ ਦੇ ਸਹਿਯੋਗੀਆਂ ਨਾਲ ਹਮਲਿਆਂ ਅਤੇ ਹੋਰ ਦੁਸ਼ਮਣੀ ਭਰਪੂਰ ਕਾਰਵਾਈਆਂ ਦਾ ਆਦਾਨ-ਪ੍ਰਦਾਨ ਕੀਤਾ ਹੈ। ਅਕਸਰ ਤੀਜੇ ਦੇਸ਼ਾਂ ਵਿੱਚ ਜਿੱਥੇ ਉਹ ਈਰਾਨ ਦੇ ਸਮਰਥਕ ਲੜਨ ਵਾਲੇ ਹਥਿਆਰਬੰਦ ਸਮੂਹਾਂ ਨੂੰ ਵਿੱਤ ਅਤੇ ਹੋਰ ਸਮਰਥਨ ਦਿੰਦਾ ਹੈ।

ਈਰਾਨ ਅਤੇ ਇਜ਼ਰਾਈਲ ਵਿਚਕਾਰ ਲੜਾਈ ਨੂੰ ‘ਸ਼ੈਡੋ ਯੁੱਧ’ ਵਜੋਂ ਦਰਸਾਇਆ ਗਿਆ ਹੈ ਕਿਉਂਕਿ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਬਹੁਤ ਸਾਰੇ ਮਾਮਲਿਆਂ ਵਿੱਚ ਅਧਿਕਾਰਤ ਤੌਰ 'ਤੇ ਆਪਣੀ ਹਿੱਸੇਦਾਰੀ ਨੂੰ ਸਵੀਕਾਰ ਕੀਤੇ ਬਿਨਾਂ ਇੱਕ ਦੂਜੇ ’ਤੇ ਹਮਲਾ ਕੀਤਾ ਹੈ।

1992 ਵਿੱਚ ਈਰਾਨ ਦੇ ਨਜ਼ਦੀਕੀ ਇਸਲਾਮਿਕ ਜੇਹਾਦ ਸਮੂਹ ਨੇ ਬਿਊਨਸ ਆਇਰਸ ਵਿੱਚ ਇਜ਼ਰਾਈਲੀ ਦੂਤਾਵਾਸ ਨੂੰ ਉਡਾ ਦਿੱਤਾ ਜਿਸ ਨਾਲ 29 ਲੋਕਾਂ ਦੀ ਮੌਤ ਹੋ ਗਈ ਸੀ।

ਕੁਝ ਸਮਾਂ ਪਹਿਲਾਂ, ਹਿਜ਼ਬੁੱਲਾ ਨੇਤਾ ਅੱਬਾਸ ਅਲ-ਮੁਸਾਵੀ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਹਮਲੇ ਲਈ ਵਿਆਪਕ ਤੌਰ ’ਤੇ ਇਜ਼ਰਾਈਲ ਦੀਆਂ ਖੁਫ਼ੀਆ ਸੇਵਾਵਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ।

ਇਜ਼ਰਾਈਲ ਲਈ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਘਟਾਉਣਾ ਅਤੇ ਅਯਾਤੁੱਲਾ ਕੋਲ ਪਰਮਾਣੂ ਹਥਿਆਰ ਆਉਣ ਤੋਂ ਰੋਕਣਾ ਹਮੇਸ਼ਾ ਤੋਂ ਇੱਕ ਜਨੂੰਨ ਰਿਹਾ ਹੈ।

ਇਜ਼ਰਾਈਲ ਈਰਾਨ ਦੀਆਂ ਗੱਲਾਂ 'ਤੇ ਵਿਸ਼ਵਾਸ ਨਹੀਂ ਕਰਦਾ ਕਿ ਉਸ ਦਾ ਪ੍ਰੋਗਰਾਮ ਸਿਰਫ਼ ਨਾਗਰਿਕ ਉਦੇਸ਼ਾਂ ਨੂੰ ਪੂਰਾ ਕਰਦਾ ਹੈ।

ਇਹ ਵਿਆਪਕ ਤੌਰ 'ਤੇ ਸਵੀਕਾਰ ਕੀਤਾ ਜਾਂਦਾ ਹੈ ਕਿ ਇਹ ਉਸ ਦੀਆਂ ਸੇਵਾਵਾਂ ਸਨ ਜਿਨ੍ਹਾਂ ਨੇ ਅਮਰੀਕਾ ਦੇ ਸਹਿਯੋਗ ਨਾਲ ਸਟਕਸਨੈੱਟ ਕੰਪਿਊਟਰ ਵਾਇਰਸ ਵਿਕਸਤ ਕੀਤਾ, ਜਿਸ ਨੇ 2000 ਦੇ ਪਹਿਲੇ ਦਹਾਕੇ ਵਿੱਚ ਈਰਾਨੀ ਪਰਮਾਣੂ ਕੇਂਦਰਾਂ ਨੂੰ ਗੰਭੀਰ ਨੁਕਸਾਨ ਪਹੁੰਚਾਇਆ।

ਯੁੱਧ

ਤਸਵੀਰ ਸਰੋਤ, MENAHEM KAHANA/GETTY

ਤਸਵੀਰ ਕੈਪਸ਼ਨ, ਸਾਲ 2011 ਤੋਂ ਸੀਰੀਆ ਵਿੱਚ ਸ਼ੁਰੂ ਹੋਇਆ ਗ੍ਰਹਿ ਯੁੱਧ ਟਕਰਾਅ ਦਾ ਇੱਕ ਹੋਰ ਕਾਰਨ ਸੀ

ਈਰਾਨ ਨੇ ਆਪਣੇ ਪਰਮਾਣੂ ਪ੍ਰੋਗਰਾਮ ਦੇ ਇੰਚਾਰਜ ਕੁਝ ਮੁੱਖ ਵਿਗਿਆਨੀਆਂ ਦੇ ਖਿਲਾਫ਼ ਹਮਲਿਆਂ ਲਈ ਵੀ ਇਜ਼ਰਾਈਲੀ ਖੁਫ਼ੀਆ ਤੰਤਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਸਭ ਤੋਂ ਮਹੱਤਵਪੂਰਨ 2020 ਵਿੱਚ ਇਸ ਦੇ ਸਭ ਤੋਂ ਜ਼ਿੰਮੇਵਾਰ ਮੰਨੇ ਜਾਂਦੇ ਵਿਅਕਤੀ ਮੋਹਸਿਨ ਫਖਰੀਜ਼ਾਦੇਹ ਦੀ ਹੱਤਿਆ ਹੋਈ ਸੀ।

ਇਜ਼ਰਾਈਲੀ ਸਰਕਾਰ ਨੇ ਕਦੇ ਵੀ ਈਰਾਨੀ ਵਿਗਿਆਨੀਆਂ ਦੀ ਮੌਤ ਵਿੱਚ ਆਪਣੀ ਸ਼ਮੂਲੀਅਤ ਨੂੰ ਸਵੀਕਾਰ ਨਹੀਂ ਕੀਤਾ ਹੈ।

ਇਜ਼ਰਾਈਲ ਨੇ ਆਪਣੇ ਪੱਛਮੀ ਸਹਿਯੋਗੀਆਂ ਨਾਲ ਮਿਲ ਕੇ ਈਰਾਨ 'ਤੇ ਪਿਛਲੇ ਸਮਿਆਂ ਦੌਰਾਨ ਉਸ ਦੇ ਖੇਤਰ ’ਤੇ ਡਰੋਨ ਅਤੇ ਰਾਕੇਟ ਹਮਲਿਆਂ ਦੇ ਪਿੱਛੇ ਹੋਣ ਦੇ ਨਾਲ ਨਾਲ ਕਈ ਸਾਈਬਰ ਹਮਲੇ ਕਰਨ ਦਾ ਇਲਜ਼ਾਮ ਲਾਇਆ।

ਸਾਲ 2011 ਤੋਂ ਸੀਰੀਆ ਵਿੱਚ ਸ਼ੁਰੂ ਹੋਇਆ ਗ੍ਰਹਿ ਯੁੱਧ ਟਕਰਾਅ ਦਾ ਇੱਕ ਹੋਰ ਕਾਰਨ ਸੀ।

ਪੱਛਮੀ ਖੁਫ਼ੀਆ ਜਾਣਕਾਰੀ ਦਰਸਾਉਂਦੀ ਹੈ ਕਿ ਈਰਾਨ ਨੇ ਰਾਸ਼ਟਰਪਤੀ ਬਸ਼ਰ ਅਲ ਅਸਦ ਨੂੰ ਅਹੁਦੇ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਹੇ ਵਿਦਰੋਹੀਆਂ ਖਿਲਾਫ਼ ਉਨ੍ਹਾਂ ਦੀ ਫੌਜ ਦਾ ਸਮਰਥਨ ਕਰਨ ਲਈ ਪੈਸੇ, ਹਥਿਆਰ ਅਤੇ ਇੰਸਟ੍ਰਕਟਰ ਭੇਜੇ ਸਨ ਜਿਸ ਨਾਲ ਇਜ਼ਰਾਈਲ ਵਿੱਚ ਖ਼ਤਰੇ ਦੀ ਘੰਟੀ ਵੱਜ ਗਈ।

ਉਸ ਦਾ ਮੰਨਣਾ ਹੈ ਕਿ ਇਸ ਲਈ ਗੁਆਂਢੀ ਸੀਰੀਆ ਮੁੱਖ ਮਾਰਗਾਂ ਵਿੱਚੋਂ ਇੱਕ ਹੈ ਜਿਸ ਰਾਹੀਂ ਈਰਾਨੀ ਹਥਿਆਰ ਅਤੇ ਲੇਬਨਾਨ ਵਿੱਚ ਹਿਜ਼ਬੁੱਲਾ ਲਈ ਸਾਜ਼ੋ-ਸਾਮਾਨ ਭੇਜਦੇ ਹਨ।

ਅਮਰੀਕੀ ਖੁਫ਼ੀਆ ਪੋਰਟਲ ‘ਸਟ੍ਰੈਟਫੋਰ’ ਦੇ ਅਨੁਸਾਰ ਵੱਖ-ਵੱਖ ਸਮਿਆਂ ’ਤੇ ਇਜ਼ਰਾਈਲ ਅਤੇ ਈਰਾਨ ਦੋਵਾਂ ਨੇ ਸੀਰੀਆ ਵਿੱਚ ਕਾਰਵਾਈ ਕੀਤੀ ਜਿਸਦਾ ਉਦੇਸ਼ ਇੱਕ ਦੂਜੇ ਨੂੰ ਵੱਡੇ ਪੱਧਰ 'ਤੇ ਹਮਲਾ ਕਰਨ ਤੋਂ ਰੋਕਣਾ ਸੀ।

‘ਸ਼ੈਡੋ ਯੁੱਧ’ 2021 ਵਿੱਚ ਸਮੁੰਦਰ ਤੱਕ ਪਹੁੰਚ ਗਿਆ। ਉਸ ਸਾਲ, ਇਜ਼ਰਾਈਲ ਨੇ ਓਮਾਨ ਦੀ ਖਾੜੀ ਵਿੱਚ ਇਜ਼ਰਾਈਲੀ ਜਹਾਜ਼ਾਂ 'ਤੇ ਹਮਲਿਆਂ ਲਈ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ।

ਈਰਾਨ ਨੇ ਇਜ਼ਰਾਈਲ ’ਤੇ ਲਾਲ ਸਾਗਰ ਵਿੱਚ ਉਸ ਦੇ ਜਹਾਜ਼ਾਂ 'ਤੇ ਹਮਲਾ ਕਰਨ ਦਾ ਇਲਜ਼ਾਮ ਲਗਾਇਆ।

ਇਜ਼ਰਾਈਲ 'ਤੇ ਹਮਾਸ ਦਾ ਹਮਲਾ

ਦਮਿਸ਼ਕ

ਤਸਵੀਰ ਸਰੋਤ, AMMAR GHALI/GETTY

7 ਅਕਤੂਬਰ, 2023 ਨੂੰ ਫਲਸਤੀਨੀ ਮਿਲੀਸ਼ੀਆ ਹਮਾਸ ਵੱਲੋਂ ਇਜ਼ਰਾਈਲ ਦੇ ਖਿਲਾਫ਼ ਕੀਤੇ ਗਏ ਹਮਲਿਆਂ ਅਤੇ ਜਵਾਬ ਵਿੱਚ ਗਾਜ਼ਾ ਵਿੱਚ ਇਜ਼ਰਾਈਲੀ ਫੌਜ ਦੁਆਰਾ ਸ਼ੁਰੂ ਕੀਤੇ ਗਏ ਵੱਡੇ ਫੌਜੀ ਹਮਲੇ ਤੋਂ ਬਾਅਦ, ਵਿਸ਼ਵ ਭਰ ਦੇ ਵਿਸ਼ਲੇਸ਼ਕਾਂ ਅਤੇ ਸਰਕਾਰਾਂ ਨੇ ਚਿੰਤਾ ਪ੍ਰਗਟ ਕੀਤੀ ਕਿ ਇਹ ਸੰਘਰਸ਼ ਖੇਤਰ ਵਿੱਚ ਲੜੀਵਾਰ ਪ੍ਰਤੀਕਿਰਿਆ ਅਤੇ ਈਰਾਨੀਆਂ ਅਤੇ ਇਜ਼ਰਾਈਲੀਆਂ ਵਿਚਕਾਰ ਖੁੱਲੇ ਅਤੇ ਸਿੱਧੇ ਟਕਰਾਅ ਨੂੰ ਭੜਕਾ ਸਕਦਾ ਹੈ।

ਹਾਲ ਹੀ ਦੇ ਮਹੀਨਿਆਂ ਵਿੱਚ ਲੇਬਨਾਨ ਦੀ ਸਰਹੱਦ ’ਤੇ ਇਜ਼ਰਾਈਲੀ ਬਲਾਂ ਅਤੇ ਕਥਿਤ ਤੌਰ 'ਤੇ ਹਿਜ਼ਬੁੱਲਾ ਨਾਲ ਜੁੜੇ ਮਿਲੀਸ਼ੀਆ ਵਿਚਕਾਰ ਝੜਪਾਂ ਵਧ ਗਈਆਂ ਸਨ।

ਇਸ ਤੋਂ ਇਲਾਵਾ ਵੈਸਟ ਬੈਂਕ ਦੇ ਕਬਜ਼ੇ ਵਾਲੇ ਇਲਾਕਿਆਂ ਵਿੱਚ ਫਲਸਤੀਨੀ ਪ੍ਰਦਰਸ਼ਨਕਾਰੀਆਂ ਨਾਲ ਵੀ ਝੜਪਾਂ ਹੋਈਆਂ।

ਇਸ ਸ਼ਨੀਵਾਰ ਤੱਕ (12 ਅਪ੍ਰੈਲ ਤੱਕ) ਈਰਾਨ ਅਤੇ ਇਜ਼ਰਾਈਲ ਦੋਵਾਂ ਨੇ ਆਪਣੀ ਦੁਸ਼ਮਣੀ ਅਤੇ ਵੱਡੇ ਪੱਧਰ ’ਤੇ ਲੜਾਈ ਨੂੰ ਵਧਾਉਣ ਤੋਂ ਪਰਹੇਜ਼ ਕੀਤਾ ਸੀ। ਇਹ ਸਥਿਤੀ ਈਰਾਨ ਵੱਲੋਂ ਇਜ਼ਰਾਈਲ ’ਤੇ ਡਰੋਨ ਅਤੇ ਮਿਜ਼ਾਈਲਾਂ ਦਾਗਣ ਨਾਲ ਬਦਲ ਗਈ।

ਵਾਏਜ਼ ਦੇ ਅਨੁਸਾਰ, ‘‘ਵਿਡੰਬਨਾ ਇਹ ਹੈ ਕਿ ਹੁਣ ਕੋਈ ਵੀ ਵੱਡੇ ਪੱਧਰ ’ਤੇ ਸੰਘਰਸ਼ ਨਹੀਂ ਚਾਹੁੰਦਾ। ਇਜ਼ਰਾਈਲ ਦਾ ਗਾਜ਼ਾ ਵਿੱਚ ਹਮਾਸ ਦੇ ਖਿਲਾਫ਼ ਵਿਨਾਸ਼ਕਾਰੀ ਯੁੱਧ ਛੇ ਮਹੀਨੇ ਤੋਂ ਚੱਲ ਰਿਹਾ ਹੈ, ਜਿਸ ਨੇ ਅੰਤਰਰਾਸ਼ਟਰੀ ਪੱਧਰ 'ਤੇ ਇਸ ਦੀ ਸਾਖ ਨੂੰ ਬਹੁਤ ਨਕਾਰਾਤਮਕ ਤੌਰ 'ਤੇ ਪ੍ਰਭਾਵਿਤ ਕੀਤਾ ਹੈ। ਇਸ ਨੇ ਇਸ ਨੂੰ ਪਹਿਲਾਂ ਨਾਲੋਂ ਵੀ ਕਿਧਰੇ ਜ਼ਿਆਦਾ ਅਲੱਗ-ਥਲੱਗ ਕਰ ਦਿੱਤਾ ਹੈ।’’

ਇਸ ਵਿਸ਼ਲੇਸ਼ਕ ਨੇ ਚਿਤਾਵਨੀ ਦਿੱਤੀ ਕਿ ਹਮਾਸ ਦੇ ਉਲਟ, ਈਰਾਨ ਇੱਕ ਸਟੇਟ ਐਕਟਰ ਹੈ ਅਤੇ ਇਸ ਲਈ ਇਹ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹੈ।

ਪਰ ਇਸ ਦੇ ਨਾਲ ਹੀ ਧਾਰਮਿਕ ਪਾਬੰਦੀਆਂ ਤੋਂ ਤੰਗ ਆ ਕੇ ਕਈ ਮਾਮਲਿਆਂ ਵਿੱਚ ਔਰਤਾਂ ਦੁਆਰਾ ਮਹੀਨਿਆਂ ਦੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ‘‘ਇਸ ਦੀਆਂ ਬਹੁਤ ਸਾਰੀਆਂ ਆਰਥਿਕ ਸਮੱਸਿਆਵਾਂ ਹਨ ਅਤੇ ਇਸ ਦੀ ਸਰਕਾਰ ਅੰਦਰੂਨੀ ਵੈਧਤਾ ਦੇ ਸੰਕਟ ਨਾਲ ਜੂਝ ਰਹੀ ਹੈ।’’

ਦਮਿਸ਼ਕ ਵਿੱਚ ਇਸ ਦੇ ਕੂਟਨੀਤਕ ਹੈੱਡਕੁਆਰਟਰ 'ਤੇ ਹਮਲੇ ਵਿੱਚ 13 ਲੋਕ ਮਾਰੇ ਗਏ, ਜਿਸ ਵਿੱਚ ਕੁਝ ਸਭ ਤੋਂ ਪ੍ਰਮੁੱਖ ਈਰਾਨ ਦੇ ਸੀਨੀਅਰ ਕਮਾਂਡਰ, ਜਿਵੇਂ ਕਿ ਰੈਵੋਲਿਊਸ਼ਨਰੀ ਗਾਰਡ ਜਨਰਲ ਮੁਹੰਮਦ ਰਜ਼ਾ ਜ਼ਾਹੇਦੀ ਅਤੇ ਉਨ੍ਹਾਂ ਦੇ ਡਿਪਟੀ, ਹਾਦੀ ਹਾਜਰਿਆਹਿਮੀ ਸਨ, ਨੇ ਵਿਸ਼ੇਸ਼ ਤੌਰ ’ਤੇ ਈਰਾਨ ਨੂੰ ਨੁਕਸਾਨ ਪਹੁੰਚਾਇਆ ਹੈ।

ਇਸ ਦੇ ਵਿਦੇਸ਼ ਮੰਤਰਾਲੇ ਨੇ ਫਿਰ ‘ਹਮਲਾਵਰ ਨੂੰ ਸਜ਼ਾ’ ਦੇਣ ਦੀ ਗੱਲ ਕੀਤੀ ਅਤੇ ਸੀਰੀਆ ਵਿੱਚ ਇਸ ਦੇ ਰਾਜਦੂਤ ਹੁਸੈਨ ਅਕਬਰੀ ਨੇ ਐਲਾਨ ਕੀਤਾ ਕਿ ਪ੍ਰਤੀਕਿਰਿਆ ‘ਫੈਸਲਾਕੁਨ’ ਹੋਵੇਗੀ।

ਇਹ ਨਿਸ਼ਚਿਤ ਰੂਪ ਨਾਲ ਲੰਬੇ ਆਦਾਨ-ਪ੍ਰਦਾਨ ਦਾ ਆਖਰੀ ਗੇੜ ਨਹੀਂ ਹੋਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK,INSTAGRAM, TWITTER ਅਤੇ YouTube 'ਤੇ ਜੁੜੋ।)