ਗਾਜ਼ਾ ’ਚ ਫਸੇ ਬੀਬੀਸੀ ਪੱਤਰਕਾਰ: ‘ਸਮਝ ਨਹੀਂ ਆ ਰਿਹਾ ਪਰਿਵਾਰ ਬਚਾਵਾਂ ਜਾਂ ਪੱਤਰਕਾਰੀ ਕਰਾਂ’

- ਲੇਖਕ, ਅਦਨਾਨ ਐਲ-ਬੁਰਸ਼
- ਰੋਲ, ਬੀਬੀਸੀ ਪੱਤਰਕਾਰ
ਜੀਨਸ ਅਤੇ ਫਲਿੱਪ ਫਲੌਪ ਪਹਿਨੇ ਨੌਜਵਾਨ ਖ਼ਾਨ ਯੂਨਿਸ ਦੇ ਨਾਸਰ ਹਸਪਤਾਲ ਦੇ ਸਾਹਮਣੇ ਇਸ ਤਰ੍ਹਾਂ ਲਾਈਨ ਬਣਾਈ ਖਰੇ ਹਨ ਜਿਵੇਂ ਕਿਸੇ ਅੰਤਿਮ ਸੰਸਕਾਰ ’ਤੇ ਆਏ ਹੋਣ।
ਜਦੋਂ ਤੋਂ ਇਜ਼ਰਾਈਲ ਨੇ 1 ਦਸੰਬਰ ਨੂੰ ਗਾਜ਼ਾ ਦੇ ਦੱਖਣ ਵਿੱਚ ਭਾਰੀ ਬੰਬਾਰੀ ਸ਼ੁਰੂ ਕੀਤੀ ਹੈ, ਉਦੋਂ ਤੋਂ ਸੈਂਕੜੇ ਲੋਕ ਮਾਰੇ ਜਾ ਚੁੱਕੇ ਹਨ।
ਇਹ ਇਕ ਹੋਰ ਰਾਤ ਹੈ ਜੋ ਦੁਰਘਟਨਾ ਅਤੇ ਐਮਰਜੈਂਸੀ ਵਿਭਾਗ ਦੇ ਸਾਹਮਣੇ ਤਣਾਅਪੂਰਨ ਉਦਾਸੀ ਵਿੱਚ ਨਿੱਕਲ ਰਹੀ ਹੈ
ਬਾਹਰ ਖੜ੍ਹੇ ਆਦਮੀ ਹੁਣ ਸ਼ਾਂਤ ਹੋ ਗਏ ਹਨ। ਫ਼ਿਰ ਉੱਚੀਆਂ ਆਵਾਜ਼ਾਂ ਆਈਆਂ ਅਤੇ ਆਦਮੀ ਆਲੇ-ਦੁਆਲੇ ਇਕੱਠੇ ਹੋ ਗਏ।
ਹੁਣ ਚੁੱਪ ਖੜ੍ਹੇ ਲੋਕਾਂ ਵਿੱਚ ਹਫ਼ੜਾ-ਦਫ਼ੜੀ ਹੈ, ਲੋਕ ਸਦਮੇ ਵਿੱਚ ਹਨ ਅਤੇ ਥੱਕ ਗਏ ਹਨ।
ਇੱਕ ਕਾਰ ਆਉਂਦੀ ਹੈ, ਇਸ ਦਾ ਹਾਰਨ ਵੱਜ ਰਿਹਾ ਹੈ ਅਤੇ ਲਾਈਟਾਂ ਚਮਕ ਰਹੀਆਂ ਹਨ। ਕਾਰ ਵਿੱਚੋਂ ਇੱਕ ਨੌਜਵਾਨ ਨੂੰ ਬਾਹਰ ਕੱਢਿਆ ਗਿਆ ਅਤੇ ਸਟ੍ਰੈਚਰ 'ਤੇ ਬਿਠਾ ਕੇ ਅੰਦਰ ਲੈ ਕੇ ਗਏ।
ਨਾਲ ਹੀ ਇੱਕ ਹੋਰ ਕਾਰ ਆਉਂਦੀ ਹੈ, ਧੂੜ ਨਾਲ ਢੱਕੀ ਹੋਈ ਹੈ ਅਤੇ ਇਸ ਵਿੱਚ ਬੈਠੇ ਇੱਕ ਬੱਚੇ ਦੀ ਮਦਦ ਕੀਤੀ ਜਾਂਦੀ ਹੈ। ਬੱਚਾ ਮਹਿਜ਼ ਚਾਰ ਜਾਂ ਪੰਜ ਸਾਲ ਦਾ ਹੈ ਪਰ ਇੰਨਾਂ ਕੁ ਠੀਕ ਹੈ ਕਿ ਤੁਰ ਸਕਦਾ ਹੈ।

ਭੁੱਖੇ-ਪਿਆਸੇ ਬੱਚਿਆਂ ਦੀ ਮਾਂ ਦਾ ਵਿਰਲਾਪ
ਅਗਲਾ ਦਿਨ ਵੀ ਉਦਾਸੀ ਭਰਿਆ ਹੈ।
ਸਮਾਹ ਇਲਵਾਨ ਮਦਦ ਲਈ ਤਰਲੇ ਕਰਦੀ ਨਜ਼ਰ ਆਈ। ਸਮਾਹ ਛੇ ਬੱਚਿਆਂ ਦੀ ਮਾਂ ਹੈ।
ਉਹ ਕਹਿੰਦੀ ਹੈ, "ਮੈਂ ਪੂਰੀ ਦੁਨੀਆ ਅਤੇ ਬਾਹਰਲੇ ਅਰਬ ਜਗਤ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੀ ਹਾਂ।"
ਉਹ ਫ਼ਿਰ ਬੋਲੀ,"ਮੈਂ ਦੁਨੀਆ ਨੂੰ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਅਸੀਂ ਬੇਕਸੂਰ ਹਾਂ। ਅਸੀਂ ਕੁਝ ਗਲਤ ਨਹੀਂ ਕੀਤਾ।"
ਉਹ ਦੋ ਖਾਲੀ ਪਾਣੀ ਦੀਆਂ ਬੋਤਲਾਂ ਹਵਾ ਵਿੱਚ ਲਹਿਰਾਉਂਦੀ ਹੈ ਅਤੇ ਕਹਿੰਦੀ ਹੈ ਕਿ ਉਸ ਦੇ ਬੱਚੇ ਪੰਜ ਕੁੜੀਆਂ ਅਤੇ ਇੱਕ ਮੁੰਡਾ ਪਿਆਸੇ ਹਨ।
"ਸਾਡੀ ਜ਼ਿੰਦਗੀ ਬਿੱਲੀਆਂ- ਕੁੱਤਿਆਂ ਵਰਗੀ ਹੋ ਗਈ ਹੈ। ਸ਼ਾਇਦ ਬਿੱਲੀਆਂ ਅਤੇ ਕੁੱਤਿਆਂ ਨੂੰ ਤਾਂ ਕੋਈ ਆਸਰਾ ਮਿਲ ਜਾਵੇ। ਸਾਡੇ ਕੋਲ ਕੁਝ ਨਹੀਂ ਹੈ। ਅਸੀਂ ਇੱਕ ਗਲੀ ਵਿੱਚ ਫਸੇ ਹੋਏ ਹਾਂ।"

ਤਸਵੀਰ ਸਰੋਤ, @NETANYAHU
ਸੈਂਕੜੇ ਲੋਕਾਂ ਦਾ ਕਤਲ
7 ਅਕਤੂਬਰ ਨੂੰ ਇਜ਼ਰਾਈਲ 'ਤੇ ਹਮਾਸ ਦੇ ਹਮਲੇ ਦੇ ਬਾਅਦ ਤੋਂ ਹੀ ਆਮ ਲੋਕਾਂ ਦਾ ਜਿਊਣਾ ਮਹਾਲ ਹੋ ਗਿਆ ਹੈ।
ਹਮਾਸ, ਯੂਰਪੀਅਨ ਯੂਨੀਅਨ ਅਤੇ ਅਮਰੀਕਾ ਵਿੱਚ ਇੱਕ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਹੈ ਜਿਸਦੇ ਹਮਲੇ ਵਿੱਚ ਘੱਟੋ-ਘੱਟ 1,200 ਲੋਕਾਂ ਦਾ ਕਤਲ ਹੋਇਆ ਹੈ ਅਤੇ 240 ਤੋਂ ਵੱਧ ਨੂੰ ਗਾਜ਼ਾ ਵਿੱਚ ਬੰਧਕ ਬਣਾਇਆ ਗਿਆ ਹੈ।
ਹਫ਼ਤਿਆਂ ਭਰ ਭਾਰੀ ਬੰਬਾਰੀ ਅਤੇ ਉੱਤਰ ਵਿੱਚ ਇਜ਼ਰਾਈਲੀ ਜ਼ਮੀਨੀ ਹਮਲੇ ਦੇ ਬਾਅਦ ਆਮ ਲੋਕਾਂ ਦੀ ਜ਼ਿੰਦਗੀ ਬਹੁਤ ਔਖੀ ਹੋ ਗਈ ਹੈ।
ਹਮਾਸ ਵਲੋਂ ਚਲਾਏ ਜਾ ਰਹੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ 15,800 ਤੋਂ ਵੱਧ ਲੋਕ ਮਾਰੇ ਗਏ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ।
ਸੱਤ ਦਿਨਾਂ ਦੀ ਜੰਗਬੰਦੀ 'ਤੇ ਸਹਿਮਤੀ ਬਣੀ ਸੀ ਜਿੱਥੇ ਫਲਸਤੀਨੀ ਕੈਦੀਆਂ ਲਈ ਕੁਝ ਬੰਧਕਾਂ ਦੀ ਅਦਲਾ-ਬਦਲੀ ਕੀਤੀ ਗਈ ਸੀ।


ਤਸਵੀਰ ਸਰੋਤ, Getty Images
ਮੈਂ ਤੇ ਮੇਰਾ ਪਰਿਵਾਰ
ਹੁਣ ਫ਼ਿਰ ਤੋਂ ਜੰਗ ਸ਼ੁਰੂ ਹੋ ਗਈ ਹੈ। ਮੈਂ ਖਾਨ ਯੂਨਿਸ ਵਿੱਚ ਇਕੱਲਾ ਹਾਂ ਤੇ ਮੇਰਾ ਪਰਿਵਾਰ ਮੱਧ ਗਾਜ਼ਾ ਵਿੱਚ ਹੈ।
ਕੁਝ ਦਿਨ ਪਹਿਲਾਂ ਤੱਕ ਇਹ ਇਹ ਸਭ ਤੋਂ ਸੁਰੱਖਿਅਤ ਸਥਾਨ ਸੀ, ਇਥੇ ਸੈਟੇਲਾਈਟ ਟਰੱਕ ਸੀ ਤੇ ਸਿਗਨਲ ਵੀ ਮੋਜੂਦ ਸੀ।
ਮੈਨੂੰ ਪੱਤਰਕਾਰ ਹੋਣ 'ਤੇ ਹਮੇਸ਼ਾ ਮਾਣ ਰਿਹਾ ਹੈ ਪਰ ਹੁਣ ਮੈਂ ਜਿੱਥੇ ਹਾਂ ਮੇਰੇ ਕੋਲ ਕੋਈ ਬਦਲ ਹੀ ਨਹੀਂ ਹੈ। ਮੇਰੇ ਅੰਦਰ ਮੈਂ ਤੇ ਮੇਰੀ ਜ਼ਿੰਦਗੀ ਬੰਦ ਹੋ ਰਹੇ ਹਨ।
ਕੁਝ ਦਿਨ ਪਹਿਲਾਂ ਤੱਕ ਮੈਂ ਥੋੜ੍ਹੇ ਦਿਨਾਂ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਮੱਧ-ਗਾਜ਼ਾ ਚਲਾ ਜਾਂਦਾ ਸੀ।
ਪਰ ਹੁਣ, ਇਜ਼ਰਾਈਲੀਆਂ ਨੇ ਇੱਕ ਸੜਕ ਬੰਦ ਕਰ ਦਿੱਤੀ ਹੈ ਅਤੇ ਦੂਜੀ ’ਤੇ ਜਾਣਾ ਖ਼ਤਰੇ ਤੋਂ ਖਾਲੀ ਨਹੀਂ ਹੈ।
ਮੈਂ ਮੂਲ ਰੂਪ ਵਿੱਚ ਉੱਤਰੀ ਗਾਜ਼ਾਂ ਤੋਂ ਹਾਂ ਪਰ ਇਜ਼ਰਾਈਲੀ ਫ਼ੌਜ ਦੇ ਦੱਖਣ ਵੱਲ ਜਾਣ ਦੇ ਹੁਕਮਾਂ ਤੋਂ ਬਾਅਦ ਮੈਂ ਆਪਣੇ ਪਰਿਵਾਰ ਨਾਲ ਦੱਖਣ ਵੱਲ ਚਲਾ ਗਿਆ। ਉਸ ਸਮੇਂ ਕਿਹਾ ਗਿਆ ਸੀ ਕਿ ਇਹ ਇੱਕ 'ਸੁਰੱਖਿਅਤ ਜਗ੍ਹਾ' ਸੀ।
ਹੁਣ, ਉਹ ਸਾਨੂੰ ਖਾਨ ਯੂਨਿਸ ਵਿੱਚ ਇੱਕ 'ਖਤਰਨਾਕ ਜ਼ਮੀਨੀ ਕਾਰਵਾਈ' ਦੀ ਚੇਤਾਵਨੀ ਦੇ ਰਹੇ ਹਨ ਅਤੇ ਸਾਨੂੰ ਕਹਿ ਰਹੇ ਹਨ ਕਿ ਸਾਨੂੰ ਹੋਰ ਦੱਖਣ ਵੱਲ ਜਾਣਾ ਪਵੇਗਾ ਯਾਨੀ ਮਿਸਰ ਦੀ ਸਰਹੱਦ 'ਤੇ।

ਜੰਗ ਦੀ ਸ਼ੁਰੂਆਤ ਤੋਂ ਬਾਅਦ ਮੇਰੇ ਅਤੇ ਮੇਰੇ ਪਰਿਵਾਰ ਨਾਲ ਜੋ ਕੁਝ ਵਾਪਰਿਆ ਹੈ, ਉਸ ਦੇ ਬਾਵਜੂਦ, ਇਹ ਪਹਿਲੀ ਵਾਰ ਹੈ ਜਦੋਂ ਮੈਂ ਪੂਰੀ ਤਰ੍ਹਾਂ ਬੇਬੱਸ ਮਹਿਸੂਸ ਕਰ ਰਿਹਾ ਹਾਂ। ਮੇਰੇ ਕੋਲ ਹੁਣ ਇੱਛਾ ਸ਼ਕਤੀ ਨਹੀਂ ਬਚੀ, ਮੈਂ ਆਪਣੇ ਆਪ ਉੱਤੇ ਕਾਬੂ ਵੀ ਖੋਹ ਰਿਹਾ ਹਾਂ।
ਮੈਂ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣਾ ਚਾਹੁੰਦਾ ਹਾਂ। ਪਰ ਇਸ ਅਨਿਸ਼ਚਿਤਤਾ ਤੋਂ ਬੇਹੱਦ ਦੁੱਖੀ ਹਾਂ।
ਮੈਂ ਫ਼ੈਸਲਾ ਨਹੀਂ ਕਰ ਪਾ ਰਿਹਾ ਕਿ ਕੀ ਮੈਨੂੰ ਰਫਾਹ ਜਾਣਾ ਚਾਹੀਦਾ ਹੈ ਜਾਂ ਕੰਮ ਕਰਨਾ ਜਾਰੀ ਰੱਖਣਾ ਚਾਹੀਦਾ ਹੈ? ਮੈਂ ਬਸ ਆਸ ਕਰਦਾ ਹਾਂ ਕਿ ਮੇਰਾ ਪਰਿਵਾਰ ਠੀਕ ਹੋਵੇਗਾ, ਸਲਾਮਤ ਹੋਵੇਗਾ?
ਇਹ ਵੀ ਸਮਝ ਨਹੀਂ ਆਉਂਦਾ ਕਿ ਕੀ ਮੈਨੂੰ ਉਨ੍ਹਾਂ ਕੋਲ ਵਾਪਸ ਜਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਰਿਪੋਰਟਿੰਗ ਬੰਦ ਕਰਨੀ ਚਾਹੀਦੀ ਹੈ? ਜੇ ਕਿਤੇ ਸਭ ਤੋਂ ਮਾੜੀ ਸਥਿਤੀ ਦਾ ਸਾਹਮਣਾ ਕਰਨਾ ਪਵੇ ਤਾਂ, ਤਾਂ ਘੱਟੋ ਘੱਟ ਅਸੀਂ ਇਕੱਠੇ ਤਾਂ ਮਰੀਏ?
ਮੈਨੂੰ ਦੁਆ ਕਰਦਾ ਹਾਂ ਕਿ ਕਿਸੇ ਹੋਰ ਨੂੰ ਕਦੇ ਵੀ ਇਸ ਭਿਆਨਕ ਚੋਣ ਦਾ ਸਾਹਮਣਾ ਨਾ ਕਰਨਾ ਪਵੇ। ਮੇਰੇ ਕੋਲ ਬਿਲਕੁਲ ਵੀ ਕੋਈ ਹੱਲ ਨਹੀਂ ਹੈ, ਬਦਲ ਨਹੀਂ ਹਨ।












