ਜਦੋਂ ਬੀਬੀਸੀ ਦੀ ਟੀਮ ਗਾਜ਼ਾ ਦੇ ਅਲ-ਸ਼ਿਫ਼ਾ ਹਸਪਤਾਲ ਪਹੁੰਚੀ ਤਾਂ ਵੇਖਿਆ ਇਹ ਮੰਜ਼ਰ

- ਲੇਖਕ, ਲੁਸੀ ਵਿਲੀਅਮਸਨ, ਗਾਜ਼ਾ ਸ਼ਹਿਰ ਦੇ ਅਲ-ਸ਼ਿਫ਼ਾ ਹਸਪਤਾਲ ਤੋਂ
- ਰੋਲ, ਬੀਬੀਸੀ ਨਿਊਜ਼
ਅਸੀਂ ਗਜ਼ਾ ਦੇ ਅਲ-ਸ਼ਿਫ਼ਾ ਹਸਪਤਾਲ ਦੇ ਕੈਂਪਸ ਵਿੱਚ ਬੜ੍ਹੀ ਮੁਸ਼ਕਲ ਨਾਲ ਦਾਖਿਲ ਹੋਏ। ਰਾਤ ਦੇ ਹਨੇਰੇ ਵਿੱਚ ਇੱਕ ਡਿੱਗੀ ਹੋਈ ਦੀਵਾਰ ਉਪਰੋਂ ਲੰਘਣਾ ਪਿਆ।
ਮੰਗਲਵਾਰ ਨੂੰ ਇੱਕ ਬਖ਼ਤਰਬੰਦ ਬੁਲਡੋਜ਼ਰ ਦੀ ਮਦਦ ਨਾਲ ਹਸਪਤਾਲ ਦੀ ਦੀਵਾਰ ਦੇ ਇੱਕ ਹਿੱਸੇ ਨੂੰ ਢਾਹ ਦਿੱਤਾ ਗਿਆ ਸੀ ਤਾਂ ਜੋ ਇਜ਼ਰਾਇਲੀ ਫੌਜ ਉਸ ਕੈਂਪਸ ਵਿੱਚ ਦਾਖਿਲ ਹੋ ਸਕੇ।
ਬੀਬੀਸੀ ਅਤੇ ਇੱਕ ਹੋਰ ਟੈਲੀਵਿਜ਼ਨ ਟੀਮ ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਵੱਲੋਂ ਸੱਦੇ ਗਏ ਪਹਿਲੇ ਪੱਤਰਕਾਰ ਸਨ ਜੋ ਇਹ ਦੇਖਣ ਲਈ ਗਏ ਕਿ ਇਜ਼ਰਾਈਲ ਨੇ ਥਾਂ 'ਤੇ ਕੀ ਲੱਭਿਆ।
ਇੱਥੇ ਕੋਈ ਵੀ ਵਾਧੂ ਰੋਸ਼ਨੀ ਖ਼ਤਰਨਾਕ ਹੈ, ਇਸ ਲਈ ਅਸੀਂ ਅਸਥਾਈ ਤੰਬੂਆਂ, ਮਲਬੇ ਅਤੇ ਸੁੱਤੇ ਹੋਏ ਲੋਕਾਂ ਦੇ ਆਲੇ-ਦੁਆਲੇ ਘੁੰਮਦੇ ਹੋਏ ਭਾਰੀ ਹਥਿਆਰਾਂ ਨਾਲ ਲੈਸ ਫੌਜੀਆਂ ਦਾ ਪਿੱਛਾ ਕਰਦੇ ਹੋਏ ਉੱਥੋਂ ਲੰਘ ਰਹੇ ਸੀ।
ਹਸਪਤਾਲ ਵਿੱਚ ਕੰਮ ਕਰਦੇ ਡਾਕਟਰਾਂ ਨੇ ਕਿਹਾ ਕਿ ਉਹ ਕਈ ਦਿਨਾਂ ਤੋਂ ਬਿਨਾਂ ਬਿਜਲੀ, ਭੋਜਨ ਅਤੇ ਪਾਣੀ ਦੇ ਕੰਮ ਕਰ ਰਹੇ ਹਨ ਤੇ ਇਸ ਕਾਰਨ ਕਈ ਗੰਭੀਰ ਰੂਪ ਵਿੱਚ ਬਿਮਾਰ ਮਰੀਜ਼ਾਂ ਦੀ ਮੌਤ ਹੋ ਗਈ, ਜਿੰਨ੍ਹਾਂ ਵਿੱਚ ਨਵ ਜੰਮੇ ਬੱਚੇ ਵੀ ਸਨ।
ਗਾਜ਼ਾ ਵਿੱਚ ਲੜਾਈ ਕਾਰਨ ਬੇਘਰ ਹੋਏ ਲੋਕ ਹਸਪਤਾਲ ਕੰਪਲੈਕਸ ਵਿੱਚ ਪਨਾਹ ਲੈ ਰਹੇ ਹਨ।
ਹਸਪਤਾਲ ਵਿੱਚੋਂ ਕੀ ਕੁਝ ਮਿਲਿਆ

ਇਜ਼ਰਾਈਲ ਦਾ ਕਹਿਣਾ ਹੈ ਹਮਾਸ ਅੰਡਰਗਰਾਊਂਡ ਸੁਰੰਗਾਂ ਦਾ ਇੱਕ ਨੈੱਟਵਰਕ ਚਲਾਉਂਦਾ ਤੇ ਇਸ ਵਿੱਚ ਅਲ-ਸ਼ਿਫ਼ਾ ਹਸਪਤਾਲ ਵੀ ਆਉਂਦਾ ਹੈ।
ਮਲਬੇ ਅਤੇ ਟੁੱਟੇ ਸ਼ੀਸ਼ੇ ਦੇ ਉੱਪਰੋਂ ਸਾਨੂੰ ਇਮਾਰਤ ਵਿੱਚ ਲਿਜਾ ਰਹੇ ਨਕਾਬਪੋਸ਼ ਵਿਸ਼ੇਸ਼ ਬਲ ਇਸ ਗੱਲ ਦਾ ਸੰਕੇਤ ਹਨ ਕਿ ਇੱਥੇ ਹਾਲਾਤ ਅਜੇ ਵੀ ਕਿੰਨੇ ਤਣਾਅਪੂਰਨ ਹਨ।
ਇਜ਼ਰਾਈਲ ਵੱਲੋਂ ਹਸਪਤਾਲ ਦਾ ਕੰਟਰੋਲ ਲੈਣ ਤੋਂ ਇੱਕ ਦਿਨ ਬਾਅਦ ਸਾਡੀ ਇੱਥੇ ਮੌਜੂਦਗੀ ਦੁਨੀਆ ਨੂੰ ਇਹ ਦਿਖਾਉਣ ਲਈ ਹੈ ਕਿ ਇਜ਼ਰਾਈਲ ਦੀ ਟੀਮ ਇੱਥੇ ਕਿਉਂ ਹੈ।
ਹਸਪਤਾਲ ਦੇ ਐੱਮਆਰਆਈ ਯੂਨਿਟ ਦੇ ਰੌਸ਼ਨੀ ਨਾਲ ਭਾਰੇ ਕੌਰੀਡੋਰ ਵਿੱਚ ਲੈਫ਼ਟੀਨੈਂਟ ਕਰਨਲ ਜੋਨਾਥਨ ਕੋਨਰਿਕਸ ਸਾਨੂੰ ਕਲਾਸ਼ਨੀਕੋਵ, ਗੋਲਾ-ਬਾਰੂਦ ਅਤੇ ਬੁਲੇਟ-ਪਰੂਫ ਜੈਕਟਾਂ ਦੇ ਤਿੰਨ ਛੋਟੇ ਸਟੋਰ ਦਿਖਾਉਂਦੇ ਹਨ। ਜੋਨਾਥਨ ਕਹਿੰਦੇ ਹਨ ਕਿ ਉਨ੍ਹਾਂ ਨੂੰ ਕੁਝ ਗ੍ਰਨੇਡਾਂ ਸਮੇਤ ਕੁੱਲ ਮਿਲਾ ਕੇ ਲਗਭਗ 15 ਬੰਦੂਕਾਂ ਮਿਲੀਆਂ ਹਨ।
ਕਰਨਲ ਕੋਨਰਿਕਸ ਸਾਨੂੰ ਕੁਝ ਮਿਲਟਰੀ ਬੁੱਕਲੇਟਸ ਅਤੇ ਪੈਂਫਲੈਟ ਵੀ ਦਿਖਾਉਂਦੇ ਹਨ ਅਤੇ ਇੱਕ ਨਕਸ਼ਾ ਵੀ। ਇਸ ਨਕਸ਼ੇ ਬਾਰੇ ਉਹ ਕਹਿੰਦੇ ਹਨ ਕਿ ਹਸਪਤਾਲ ਤੋਂ ਸੰਭਾਵਿਤ ਦਾਖਲੇ ਅਤੇ ਬਾਹਰ ਨਿਕਲਣ ਦੇ ਰਸਤੇ ਨੂੰ ਚਿੰਨ੍ਹਿਤ ਕੀਤਾ ਗਿਆ ਹੈ।
ਇਹ ਸਾਨੂੰ ਕੀ ਦੱਸਦਾ ਹੈ? ਇਸ ਬਾਰੇ ਕਰਨਲ ਕੋਨਰਿਕਸ ਕਹਿੰਦੇ ਹਨ ਕਿ ਹਮਾਸ ਫੌਜੀ ਉਦੇਸ਼ਾਂ ਲਈ ਹਸਪਤਾਲਾਂ ਦੀ ਵਰਤੋਂ ਕਰਦਾ ਹੈ।
ਉਹ ਕਹਿੰਦੇ ਹਨ, "ਅਸੀਂ ਬਹੁਤ ਸਾਰੇ ਕੰਪਿਊਟਰਾਂ ਅਤੇ ਹੋਰ ਉਪਕਰਣਾਂ ਦਾ ਪਰਦਾਫਾਸ਼ ਕੀਤਾ ਜੋ ਅਸਲ ਵਿੱਚ ਮੌਜੂਦਾ ਸਥਿਤੀ 'ਤੇ ਰੌਸ਼ਨੀ ਪਾ ਸਕਦੇ ਹਨ, ਉਮੀਦ ਹੈ ਕਿ ਬੰਧਕਾਂ ਬਾਰੇ ਵੀ।"

‘‘ਇੱਥੇ ਹੋਰ ਵੀ ਬਹੁਤ ਕੁਝ ਹੈ"

ਲੈਪਟੌਪ ਬਾਰੇ ਉਹ ਕਹਿੰਦੇ ਹਨ ਕਿ ਇਸ ਵਿੱਚ ਬੰਧਕਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਹਨ, ਜੋ ਗਾਜ਼ਾ ਵਿੱਚ ਕਿਡਨੈਪਿੰਗ ਤੋਂ ਬਾਅਦ ਲਈਆਂ ਗਈਆਂ।
ਅਕਤੂਬਰ ਦੇ ਹਮਲਿਆਂ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਹਮਾਸ ਲੜਾਕਿਆਂ ਤੋਂ ਪੁੱਛਗਿੱਛ ਦੀ ਇਜ਼ਰਾਇਲੀ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਫੁਟੇਜ ਵੀ ਹਾਲ ਹੀ ਵਿੱਚ ਜਾਰੀ ਕੀਤੀ ਗਈ ਹੈ। ਬੀਬੀਸੀ ਨੂੰ ਇਹ ਨਹੀਂ ਦਿਖਾਇਆ ਗਿਆ ਕਿ ਲੈਪਟੌਪਾਂ 'ਚ ਕੀ ਸੀ।
ਲੈਫਟੀਨੈਂਟ ਕਰਨਲ ਕੋਨਰਿਕਸ ਨੇ ਕਿਹਾ ਕਿ ਹਮਾਸ ਇੱਥੇ "ਪਿਛਲੇ ਕੁਝ ਦਿਨਾਂ ਵਿੱਚ" ਸੀ।
ਉਨ੍ਹਾਂ ਅੱਗੇ ਕਿਹਾ, "ਦਿਨ ਦੇ ਅੰਤ ਵਿੱਚ ਇਹ ਸਿਰਫ ਉੱਪਰੀ ਜਾਣਕਾਰੀ ਹੈ। ਹਮਾਸ ਇੱਥੇ ਇਸ ਲਈ ਨਹੀਂ ਹਨ ਕਿਉਂਕਿ ਉਨ੍ਹਾਂ ਨੇ ਦੇਖਿਆ ਕਿ ਅਸੀਂ ਆ ਰਹੇ ਹਾਂ। ਸ਼ਾਇਦ ਇਹ ਉਹ ਹੈ ਜਿਸ ਨੂੰ ਪਿੱਛੇ ਛੱਡਣ ਲਈ ਮਜਬੂਰ ਹੋ ਗਏ ਸੀ। ਸਾਡਾ ਮੁਲਾਂਕਣ ਇਹ ਹੈ ਕਿ ਇੱਥੇ ਹੋਰ ਵੀ ਬਹੁਤ ਕੁਝ ਹੈ।"
ਇਜ਼ਰਾਈਲ ਦੀ ਫੌਜ ਨੇ ਲੜਾਈ ਦੌਰਾਨ ਕਈ ਹਫ਼ਤੇ ਬਿਤਾਏ ਤਾਂ ਹਸਪਤਾਲ ਦੇ ਗੇਟਾਂ ਤੱਕ ਪਹੁੰਚ ਕੀਤੀ ਜਾ ਸਕੇ। ਆਲੇ-ਦੁਆਲੇ ਦੀਆਂ ਗਲੀਆਂ-ਸੜਕਾਂ ਨੇ ਪਿਛਲੇ ਕੁਝ ਦਿਨਾਂ ਵਿੱਚ ਗਾਜ਼ਾ ਵਿੱਚ ਸਭ ਤੋਂ ਭਿਆਨਕ ਲੜਾਈ ਦੇਖੀ ਹੈ।
ਬਖ਼ਤਰਬੰਦ ਵਾਹਨ ਵਿੱਚ ਸਾਡੀ ਯਾਤਰਾ

ਸਾਡਾ ਇਹ ਦੌਰਾ ਬਹੁਤ ਸਖ਼ਤ ਤਰੀਕੇ ਨਾਲ ਕੰਟਰੋਲ ਵਿੱਚ ਸੀ। ਸਾਡੇ ਕੋਲ ਜ਼ਮੀਨੀ ਪੱਧਰ ਉੱਤੇ ਬਹੁਤ ਘੱਟ ਸਮਾਂ ਸੀ ਅਤੇ ਉੱਥੇ ਡਾਕਟਰਾਂ ਜਾਂ ਮਰੀਜ਼ਾਂ ਨਾਲ ਗੱਲ ਨਹੀਂ ਕਰ ਸਕਦੇ ਸੀ।
ਅਸੀਂ ਉਸੇ ਰਾਹ ਤੋਂ ਉੱਥੇ ਪਹੁੰਚੇ ਜਿੱਥੇ ਇਜ਼ਰਾਈਲ ਨੇ ਕੁਝ ਹਫ਼ਤਿਆਂ ਪਹਿਲਾਂ ਆਪਣੇ ਵੱਡੇ ਗਰਾਊਂਡ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਸੀ।
ਫੌਜੀ ਵਾਹਨ ਦੇ ਅੰਦਰ ਲੱਗੀਆਂ ਸਕਰੀਨਾਂ ਉੱਤੇ ਖੇਤੀਬਾੜੀ ਵਾਲੀ ਜ਼ਮੀਨ ਹੌਲੀ-ਹੌਲੀ ਮਲਬੇ ਦੇ ਵੱਡੇ ਟੁਕੜਿਆਂ ਨਾਲ ਫੈਲੀਆਂ ਵਿਗੜੀਆਂ ਗਲੀਆਂ ਅਤੇ ਟੁੱਟੀਆਂ ਇਮਾਰਤਾਂ ਵਿੱਚ ਬਦਲ ਗਈਆਂ। ਸਾਨੂੰ ਟੁੱਟੀਆਂ ਇਮਾਰਤਾਂ ਦਾ ਧੁੰਦਲਾ ਜਿਹਾ ਅੰਦਾਜ਼ਾ ਲਗ ਰਿਹਾ ਸੀ।
ਗਾਜ਼ਾ ਸ਼ਹਿਰ ਦੇ ਦੱਖਣ ਵਿੱਚ ਅਸੀਂ ਗੱਡੀ ਬਦਲਣ ਲਈ ਰੁਕੇ। ਮਰੋੜੇ ਹੋਏ ਸਰੀਏ ਤੇ ਮਲਬੇ ਦੇ ਟਿੱਲਿਆਂ ਅਤੇ ਕੰਕਰੀਟ ਦੇ ਵੱਡੇ ਟੁਕੜਿਆਂ ਨੂੰ ਪਾਰ ਕਰਦੇ ਹੋਏ ਅਸੀਂ ਗੱਡੀ ਨੂੰ ਬਦਲਿਆ।
ਫੌਜੀਆਂ ਦੇ ਛੋਟੇ-ਛੋਟੇ ਗਰੁੱਪ ਟੈਂਕੀਆਂ ਦੀ ਕਤਾਰਾ ਦੇ ਨੇੜੇ ਕੈਂਪਫਾਇਰ (ਅੱਗ) ਦੇ ਕੋਲ ਰਾਤ ਦਾ ਖਾਣਾ ਪਕਾ ਰਹੇ ਸਨ। ਇੱਕ ਨੇ ਅੱਖ ਮਾਰਦੇ ਕਿਹਾ, ‘‘ਇਹ ਇੱਕ ਸੀਕਰੇਟ ਨੁਸਖ਼ਾ ਹੈ।’’
ਉਨ੍ਹਾਂ ਦੇ ਉੱਪਰ ਇਮਾਰਤਾਂ ਅਜੀਬ ਆਕਾਰ ਵਿੱਚ ਢਹਿ ਗਈਆਂ ਸਨ। ਇੱਕ ਦੁਕਾਨ ਦੇ ਸਾਹਮਣੇ ਦਾ ਧਾਤੂ ਦਾ ਦਰਵਾਜ਼ਾ ਟੰਗਿਆ ਹੋਇਆ ਸੀ, ਜੋ ਕਿ ਅੱਧਾ ਖੁੱਲ੍ਹਾ ਸੀ।
ਡੇਵਿਡ ਦਾ ਇੱਕ ਤਾਰਾ ਲਾਲ ਸਪਰੇਅ-ਪੇਂਟ ਨਾਲ ਇੱਕ ਕੰਧ ਉੱਤੇ ਬਣਾਇਆ ਗਿਆ ਸੀ, ਇਸ ਦੇ ਅੰਦਰ ਕਿਸੇ ਨੇ "IDF" (ਆਈਡੀਐਫ਼) ਲਿਖਿਆ ਸੀ ਅਤੇ ਇਸ ਦੇ ਉੱਪਰ ਸ਼ਬਦ ਸਨ: "ਫੇਰ ਕਦੇ ਨਹੀਂ।"
ਹਸਪਤਾਲ ਹਮਾਸ ਲੜਾਕਿਆਂ ਲਈ ਮੁੱਖ ਕਮਾਂਡ ਸੈਂਟਰ

7 ਅਕਤੂਬਰ ਦੇ ਹਮਲਿਆਂ ਨੇ ਹਮਾਸ ਨਾਲ ਸੰਘਰਸ਼ ਵਿੱਚ ਇਜ਼ਰਾਈਲ ਦੇ ਹਿਸਾਬ-ਕਿਤਾਬ ਨੂੰ ਬਦਲ ਦਿੱਤਾ। ਇਸ ਨੇ ਯੂਕੇ, ਯੂਐਸ ਅਤੇ ਹੋਰ ਮੁਲਕਾਂ ਵੱਲੋਂ ਇੱਕ ਅੱਤਵਾਦੀ ਸੰਗਠਨ ਐਲਾਨੇ ਗਏ ਹਮਾਸ ਦੀ ਫੌਜੀ ਅਤੇ ਰਾਜਨੀਤਿਕ ਸ਼ਕਤੀ ਦੋਵਾਂ ਨੂੰ ਨਸ਼ਟ ਕਰਕੇ, ਸਾਲਾਂ ਦੇ ਅਸਹਿਜ ਰੁਕਾਵਟ ਨੂੰ ਖਤਮ ਕਰਨ ਦੀ ਸਹੁੰ ਖਾਧੀ ਹੈ।
ਇਸ ਤੋਂ ਭਾਵ ਇਹ ਹੈ ਕਿ ਗਾਜ਼ਾ ਸ਼ਹਿਰ ਦੇ ਅੰਦਰ ਤੱਕ ਜਾਣਾ, ਇਸ ਵਿੱਚ ਅਲ-ਸ਼ਿਫ਼ਾ ਹਸਪਤਾਲ ਵਿੱਚ ਜਾਣਾ ਵੀ ਸ਼ਾਮਲ ਹੈ।
ਇਜ਼ਰਾਈਲੀ ਫੌਜਾਂ ਅਜੇ ਵੀ ਹਸਪਤਾਲ ਦੇ ਹੇਠਾਂ ਸੁਰੰਗਾਂ ਦੀ ਭਾਲ ਵਿੱਚ ਹਨ। ਇਹਨਾਂ ਫੌਜਾਂ ਦਾ ਮੰਨਣਾ ਹੈ ਕਿ ਹਮਾਸ ਲੜਾਕੇ ਸ਼ਾਇਦ ਕੁਝ ਬੰਧਕਾਂ ਦੇ ਨਾਲ ਵਾਪਸ ਚਲੇ ਗਏ ਹਨ।
ਹਸਪਤਾਲ ਦੀ ਇਹ ਇਮਾਰਤ ਇਜ਼ਰਾਈਲ ਲਈ ਕੇਂਦਰੀ ਫੋਕਸ ਬਣ ਗਈ ਹੈ, ਇਸ ਨੂੰ ਮੁੱਖ ਕਮਾਂਡ ਸੈਂਟਰ ਦੱਸਿਆ ਗਿਆ ਅਤੇ ਇੱਥੋਂ ਤੱਕ ਕਿ ਹਮਾਸ ਦੇ ਆਪਰੇਸ਼ਨਾਂ ਲਈ ‘ਧੜਕਦਾ ਹੋਇਆ ਦਿਲ’ ਕਿਹਾ ਗਿਆ ਹੈ।

ਗਾਜ਼ਾ ਸ਼ਹਿਰ ਅੰਦਰ ਫੌਜਾਂ ਵੱਲੋਂ ਹਸਪਤਾਲ ਤੱਕ ਜਾਣ ਲਈ ਕਈ ਹਫ਼ਤੇ ਲੱਗੇ। ਇਸ ਲਈ ਇਜ਼ਰਾਈਲ ਨੇ ਇਹ ਸੱਚ ਵਾਲਾ ਪਲ ਹੈ।
ਹਸਪਤਾਲ ਉੱਤੇ ਕੰਟਰੋਲ ਅਤੇ ਤਲਾਸ਼ੀ ਦੇ ਲਗਭਗ 24 ਘੰਟੇ ਬਾਅਦ, ਇਜ਼ਰਾਈਲ ਦਾ ਕਹਿਣਾ ਹੈ ਕਿ ਉਸ ਨੂੰ ਹਥਿਆਰ ਅਤੇ ਹੋਰ ਉਪਕਰਣ ਮਿਲੇ ਹਨ ਜੋ ਹਮਾਸ ਲੜਾਕਿਆਂ ਅਤੇ ਬੰਧਕਾਂ ਬਾਰੇ ਜਾਣਕਾਰੀ ਦੇ ਸਕਦੇ ਹਨ। ਪਰ ਉਨ੍ਹਾਂ ਦੇ ਹੱਥ ਕੁਝ ਵੀ ਨਹੀਂ ਲੱਗਿਆ।
ਅਸੀਂ ਹਸਪਤਾਲ ਛੱਡ ਦਿੱਤਾ ਅਤੇ ਗਾਜ਼ਾ ਦੇ ਤੱਟਵਰਤੀ ਸੜਕ ਵੱਲ ਜਾਣ ਵਾਲੇ ਚੌੜੇ ਰਸਤੇ ਤੋਂ ਜਾਂਦੇ ਹਾਂ। ਗਾਜ਼ਾ ਸ਼ਹਿਰ 'ਤੇ ਹੁਣ ਟੈਂਕਾਂ ਦਾ ਰਾਜ ਹੈ। ਤਬਾਹੀ ਐਨੀਂ ਜ਼ਬਰਦਸਤ ਹੈ ਕਿ ਇਹ ਥਾਂ ਹੁਣ ਭੂਚਾਲ ਦੇ ਖੇਤਰ ਵਰਗੀ ਦਿਖਾਈ ਦਿੰਦੀ ਹੈ।
ਇਹ ਸਪੱਸ਼ਟ ਹੈ ਕਿ ਇਜ਼ਰਾਈਲ ਨੂੰ ਇਹਨਾਂ ਸੜਕਾਂ 'ਤੇ ਕਾਬੂ ਪਾਉਣ ਲਈ ਕੀ ਕਰਨਾ ਪਿਆ।












