ਜਦੋਂ ਯੂਕੇ ਵਿੱਚ ਜੈਸ਼ੰਕਰ ਨੂੰ ਪੁੱਛਿਆ ਗਿਆ, ‘ਕੀ ਨਿੱਝਰ ਅੱਤਵਾਦੀ ਸੀ?’

ਜੈਸ਼ੰਕਰ

ਤਸਵੀਰ ਸਰੋਤ, Drew Angerer/ Getty Images

ਖਾਲਿਸਤਾਨ ਹਮਾਇਤੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਜਸਟਿਨ ਟਰੂਡੋ ਵੱਲੋਂ ਭਾਰਤ ਦੀ ਸ਼ਮੂਲੀਅਤ ਹੋਣ ਬਾਰੇ ਇਲਜ਼ਾਮ ਲਾਏ ਜਾਣ ਤੋਂ ਬਾਅਦ ਦੋਵਾਂ ਦੇ ਕੂਟਨੀਤਕ ਰਿਸ਼ਤਿਆਂ ਵਿੱਚ ਨਿਘਾਰ ਵੱਧਦਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਦੇ ਵਪਾਰਕ ਰਿਸ਼ਤੇ ਵੀ ਇਸ ਤਣਾਅ ਕਾਰਨ ਪ੍ਰਭਾਵਤ ਹੋਏ ਹਨ।

ਦੋਵਾਂ ਦੇਸਾਂ ਵਿਚਾਲੇ ਚੱਲ ਰਹੇ ਵਪਾਰਕ ਸਮਝੌਤੇ – ਇੰਡੀਆ ਕੈਨੇਡਾ ਕੰਪ੍ਰੀਹੈੱਨਸਿਵ ਇਕੋਨੋਮਿਕ ਪਾਰਟਨਰਸ਼ਿਪ ਐਗਰੀਮੈਂਟ (ਸੀਈਪੀਏ) ਲਈ ਚੱਲ ਰਹੀ ਗੱਲਬਾਤ ਵਿੱਚ ਵੀ ਖੜ੍ਹੋਤ ਆਈ ਹੈ।

ਇਸੇ ਸਬੰਧ ਵਿੱਚ ਕੈਨੇਡਾ ਦੀ ਕੌਮਾਂਤਰੀ ਵਪਾਰ ਮੰਤਰਾਲੇ ਦੇ ਮੰਤਰੀ ਮੈਰੀ ਐਂਗ ਨੇ ਹਾਲ ਹੀ ਵਿੱਚ ਬਿਆਨ ਦਿੱਤਾ ਹੈ।

ਉਨ੍ਹਾਂ ਇਸ ਗੱਲ ਵੱਲ ਇਸ਼ਾਰਾ ਕੀਤਾ ਕਿ ਕੈਨੇਡਾ ਅਤੇ ਭਾਰਤ ਦਰਮਿਆਨ ਵਪਾਰਕ ਗੱਲਬਾਤ ਨਾਲੋਂ ਨਿੱਝਰ ਕਤਲ ਕੇਸ ਦੀ ਜਾਂਚ ਉਨ੍ਹਾਂ ਲਈ ਵੱਧ ਅਹਿਮ ਹੈ।

ਉਨ੍ਹਾਂ ਕੈਨੇਡਾ ਅਤੇ ਭਾਰਤ ਵਿਚਾਲੇ ਵਪਾਰਕ ਮੁੱਦਿਆਂ ਉੱਤੇ ਗੱਲਬਾਤ ਬਾਰੇ ਇੱਕ ਸੁਆਲ ਦੇ ਜੁਆਬ ਵਿੱਚ ਕਿਹਾ ਉਨ੍ਹਾਂ ਲਈ ਕੈਨੇਡੀਆਈ ਨਾਗਰਿਕ ਦੇ ਕਤਲ ਦੇ ਮਾਮਲੇ ਵਿੱਚ ਜਾਂਚ ਦਾ ਅੱਗੇ ਵੱਧਣਾ ਵੱਧ ਮਹੱਤਵਪੂਰਨ ਹੈ।

ਕੈਨੇਡਾ ਭਾਰਤ

ਤਸਵੀਰ ਸਰੋਤ, X/ Mary ng

ਤਸਵੀਰ ਕੈਪਸ਼ਨ, ਕੈਨੇਡਾ ਦੀ ਅੰਤਰਾਸ਼ਟਰੀ ਵਪਾਰ ਅਤੇ ਦਰਾਮਦ ਮੰਤਰਾਲੇ ਦੇ ਮੰਤਰੀ ਮੈਰੀ ਐਂਗ

ਉਨ੍ਹਾਂ ਨੇ ਇਹ ਬਿਆਨ ਸੈਨ ਫ੍ਰਾਂਸਿਸਕੋ ਵਿੱਚ ਏਸ਼ੀਆ ਪੈਸਿਫਿਕ ਇਕੋਨੌਮਿਕ ਕੋਓਪਰੇਸ਼ਨ(ਏਪੀਈਸੀ) ਦੇ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਤਾ।

“ਇਸ ਬਾਰੇ ਜਾਂਚ ਹੋਣੀ ਬਹੁਤ ਅਹਿਮ ਹੈ ਕਿਉਂਕਿ ਇੱਕ ਕੈਨੇਡੀਆਈ ਨਾਗਰਿਕ ਨੂੰ ਕੈਨੇਡਾ ਦੀ ਧਰਤੀ ਦੇ ਉੱਤੇ ਹੀ ਮਾਰਿਆ ਗਿਆ।”

ਉਨ੍ਹਾਂ ਕਿਹਾ, “ਮੈਂ ਕੈਨੇਡਾ ਵਿੱਚ ਵਪਾਰ ਨਾਲ ਸਬੰਧਤ ਨੁਮਾਇੰਦਿਆਂ ਨੂੰ ਕਿਹਾ ਹੈ ਕਿ ਹਾਲਾਂਕਿ ਉਹ ਭਾਰਤ ਵਿੱਚ ਵਪਾਰ ਕਰ ਰਹੇ ਹਨ, ਵਪਾਰ ਮੰਤਰੀ ਹੁੰਦਿਆਂ ਮੇਰੀ ਇਹ ਪੂਰੀ ਕੋਸ਼ਿਸ਼ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਮਿਲੇ, ਸਾਡਾ ਫਿਲਹਾਲ ਧਿਆਨ ਇਸੇ ਵੱਲ ਹੈ।”

ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਕੈਨੇਡੀਆਈ ਅਤੇ ਭਾਰਤੀ ਖ਼ਬਰ ਅਦਾਰਿਆਂ ਵਿੱਚ ਇਹ ਖ਼ਬਰਾਂ ਲੱਗੀਆਂ ਹਨ ਕਿ ਕੈਨੇਡਾ ਵਪਾਰਕ ਸਮਝੌਤੇ ਬਾਰੇ ਗੱਲਬਾਤ ਸ਼ੁਰੂ ਕਰਨ ਨਾਲੋਂ ਨਿੱਝਰ ਕਤਲ ਕੇਸ ਦੀ ਜਾਂਚ ਉੱਤੇ ਵੱਧ ਧਿਆਨ ਕੇਂਦਰਤ ਕਰੇਗਾ।

ਜਦੋਂ ਜੈਸ਼ੰਕਰ ਨੂੰ ਨਿੱਝਰ ਦੇ ਅੱਤਵਾਦੀ ਹੋਣ ਬਾਰੇ ਪੁੱਛਿਆ ਗਿਆ

ਐੱਸ ਜੈਸ਼ੰਕਰ

ਤਸਵੀਰ ਸਰੋਤ, YT/ MEA

ਤਸਵੀਰ ਕੈਪਸ਼ਨ, ਐੱਸ ਜੈਸ਼ੰਕਰ ਯੂਕੇ ਦੇ ਪੰਜ ਦਿਨਾਂ ਦੌਰੇ ਉੱਤੇ ਸਨ

ਮੈਰੀ ਐਂਗ ਦਾ ਇਹ ਬਿਆਨ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੱਲੋਂ ਇਸ ਸਬੰਧੀ ਦਿੱਤੇ ਗਏ ਬਿਆਨ ਤੋਂ ਕੁਝ ਘੰਟਿਆਂ ਬਾਅਦ ਆਇਆ।

ਜਸਟਿਨ ਟਰੂਡੋ ਦੇ ਇਲਜ਼ਾਮਾਂ ਬਾਰੇ ਬੋਲਦਿਆਂ ਐੱਸ ਜੈਸ਼ੰਕਰ ਨੇ ਕਿਹਾ ਕਿ ਕੈਨੇਡਾ ਦੀ ਰਾਜਨੀਤੀ ਨੇ ਵੱਖਵਾਦ ਦੇ ਹਮਾਇਤੀਆਂ ਨੂੰ ਥਾਂ ਦਿੱਤੀ ਹੈ।

ਐੱਸ ਜੈਸ਼ੰਕਰ ਯੂਕੇ ਦੇ ਪੰਜ ਦਿਨਾਂ ਦੌਰੇ ਉੱਤੇ ਸਨ।

ਉਨ੍ਹਾਂ ਇਸ ਵੇਲੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ, ਵਿਦੇਸ਼ ਮੰਤਰੀ ਡੇਵਿਡ ਕੈਮਰਨ ਅਤੇ ਗ੍ਰਹਿ ਸਕੱਤਰ ਜੇਮਸ ਕਲੈਵਰਲੀ ਨਾਲ ਵੀ ਮੁਲਾਕਾਤ ਕੀਤੀ।

ਕੈਨਡਾ ਭਾਰਤ ਤਣਾਅ ਬਾਰੇ ਐੱਸ ਜੈਸ਼ੰਕਰ ਨੇ ਆਪਣਾ ਨਵਾਂ ਬਿਆਨ ਵਿਲਟਨ ਪਾਰਕ ਲੰਡਨ ਵਿਖੇ ਰੱਖੀ ਗਈ ਇੱਕ ਗੱਲਬਾਤ ਦੌਰਾਨ ਦਿੱਤਾ।

ਇਹ ਗੱਲਬਾਤ ਭਾਰਤੀ ਵਿਦੇਸ਼ ਮੰਤਰਾਲੇ ਦੇ ਯੂਟਿਊਬ ਚੈਨਲ ਉੱਤੇ ਵੀ ਪਾਈ ਗਈ ਹੈ।

ਜਦੋਂ ਉਨ੍ਹਾਂ ਨੁੰ ਇਹ ਪੁੱਛਿਆ ਗਿਆ ਕਿ ਕੀ ਤੁਸੀਂ ਸਰਕਾਰ ਵਿੱਚ ਕੋਈ ਅਜਿਹਾ ਸਬੂਤ ਦੇਖਿਆ ਹੈ ਜੋ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਸਿੱਧੇ ਜਾਂ ਅਸਿੱਧੇ ਤੌਰ ‘ਤੇ ਸਬੰਧਤ ਹੋਵੇ?

ਤਾਂ ਉਨ੍ਹਾਂ ਕਿਹਾ, “ਇਸ ਮਾਮਲੇ ਵਿੱਚ ਕੋਈ ਨਹੀਂ।”

ਐੱਸ ਜੈਸ਼ੰਕਰ

ਤਸਵੀਰ ਸਰੋਤ, Getty Images

ਫਿਰ ਸਵਾਲ ਕੀਤਾ ਗਿਆ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਉਹ (ਹਰਦੀਪ ਸਿੰਘ ਨਿੱਝਰ) ਅੱਤਵਾਦੀ ਸੀ?

ਉਨ੍ਹਾਂ ਕਿਹਾ, “ਉਸ ਦਾ (ਹਰਦੀਪ ਸਿੰਘ ਨਿੱਝਰ) ਟਰੈਕ ਰਿਕਾਰਡ ਰਿਹਾ ਜੋ ਕਿ ਸੋਸ਼ਲ ਮੀਡੀਆ ਉੱਤੇ ਵੀ ਹੈ, ਜੋ ਸਭ ਜ਼ਾਹਰ ਕਰਦਾ ਹੈ।”

“ਮੈਂ ਉਸ ਵਿਅਕਤੀ ਜਿਸ ਦੀਆਂ ਹਥਿਆਰਾਂ ਨਾਲ ਤਸਵੀਰਾਂ ਹਨ ਅਤੇ ਮੁੱਦਿਆ ਉੱਤੇ ਉਸਦੀ ਰਾਇ ਬਾਰੇ ਸਭ ਨੂੰ ਪਤਾ ਹੈ। ਉਸ ਬਾਰੇ ਰਾਇ ਬਣਾਉਣ ਦਾ ਫ਼ੈਸਲਾ ਲੋਕਾਂ ਉੱਤੇ ਛੱਡਦਾ ਹਾਂ।”

ਉਨ੍ਹਾਂ ਕਿਹਾ ਕਿ ਸੰਦਰਭ ਇਹ ਹੈ ਕਿ ਸਾਨੁੰ ਲੱਗਦਾ ਹੈ ਕਿ ਕੈਨੇਡੀਅਨ ਰਾਜਨੀਤੀ ਨੇ ਹਿੰਸਕ ਅਤੇ ਕੱਟੜਪੰਥੀ ਰਾਜਨੀਤਕ ਵਿਚਾਰਧਾਰਾ ਜਿਹੜੀ ਵੱਖਵਾਦ ਦੀ ਹਮਾਇਤੀ ਹੈ, ਨੂੰ ਥਾਂ ਦਿੱਤੀ ਹੈ।

ਇਨ੍ਹਾਂ ਲੋਕਾਂ ਨੁੰ ਕੈਨੇਡੀਆਈ ਰਾਜਨੀਤੀ ਵਿੱਚ ਥਾਂ ਦਿੱਤੀ ਜਾ ਰਹੀ ਹੈ, ਉਨ੍ਹਾਂ ਨੂੰ ਇਸ ਗੱਲ ਦੀ ਆਜ਼ਾਦੀ ਹੈ ਕਿ ਉਹ ਆਪਣੀ ਰਾਇ ਰੱਖ ਸਕਣ।

ਇਹ ਹੀ ਨਹੀਂ ਹਾਲਾਤ ਇੱਥੋਂ ਤੱਕ ਆ ਗਏ ਸਨ ਜਿੱਥੇ ਮੇਰੇ ਦੇਸ ਦੇ ਹਾਈ ਕਮਿਸ਼ਨਰ ਸਣੇ ਕੂਟਨੀਤਕਾਂ ਉੱਤੇ ਹਮਲੇ ਹੋਏ ਹਨ। ਹਾਈ ਕਮਿਸ਼ਨ ਉੱਤੇ ਧੂਆਂ ਬੰਬ (ਸਮੋਕ ਬੰਬ) ਵੀ ਸੁੱਟੇ ਗਏ ਸਨ।

ਕੂਟਨੀਤਕਾਂ ਨੂੰ ਜਨਤਕ ਤੌਰ ਉੱਤੇ ਪਰੇਸ਼ਾਨ ਕੀਤਾ ਗਿਆ ਅਤੇ ਇਹ ਕਰਨ ਵਾਲੇ ਲੋਕਾਂ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ।

ਉਨ੍ਹਾਂ ਕਿਹਾ ਕਿ ਕੈਨੇਡਾ ਅਜਿਹਾ ਦੇਸ ਹੈ ਜਿੱਥੇ ਇਤਿਹਾਸ ਵਿੱਚ ਇਸ ਨਾਲ ਸਬੰਧੀ ਘਟਨਾਵਾਂ ਵਾਪਰੀਆਂ ਹਨ, ਉਨ੍ਹਾਂ ਨੇ ਏਅਰ ਇੰਡੀਆ ਜਹਾਜ਼ ਵਿੱਚ ਧਮਾਕੇ ਵਾਲੀ ਘਟਨਾ ਦਾ ਵੀ ਜ਼ਿਕਰ ਕੀਤਾ।

ੳੇੁਨ੍ਹਾਂ ਕਿਹਾ ਕਿ ਇਸ ਵਿੱਚ 327 ਲੋਕਾਂ ਦੀ ਮੌਤ ਹੋਈ ਸੀ।

ਉਨ੍ਹਾਂ ਕਿਹਾ ਕਿ ਬੋਲਣ ਦੀ ਆਜ਼ਾਦੀ ਦੇ ਨਾਲ-ਨਾਲ ਜਿੰਮੇਵਾਰੀ ਵੀ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਟਰੂਡੋ ਦੇ ਮਾਮਲੇ ਬਾਰੇ ਉਨ੍ਹਾਂ ਨੇ ਆਪਣੇ ਕੈਨੇਡੀਆਈ ਹਮਰੁਤਬਾ ਨਾਲ ਵੀ ਗੱਲ ਕੀਤੀ ਹੈ।

ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਕਿਹਾ ਕਿ ਜੇਕਰ ਤੁਹਾਡੇ ਕੋਲ ਇਲਜ਼ਾਮ ਲਾਉਣ ਦੀ ਵਜ੍ਹਾ ਹੈ ਤਾਂ ਸਾਡੀ ਬੇਨਤੀ ਹੈ ਕਿ ਸਾਡੇ ਨਾਲ ਸਬੂਤ ਸਾਂਝੇ ਕਰੋ।

ਅਸੀਂ ਇਹ ਨਹੀਂ ਕਹਿ ਰਹੇ ਕਿ ਅਸੀਂ ਜਾਂਚ ਨਹੀਂ ਕਰਾਂਗੇ ਅਤੇ ਸਬੂਤ ਨਹੀਂ ਵੇਖਾਂਗੇ ਪਰ ਉਨ੍ਹਾਂ ਨੇ ਸਬੂਤ ਸਾਂਝੇ ਨਹੀਂ ਕੀਤੇ।

ਇੱਕ ਦੇਸ਼ ਵੱਲੋਂ ਦੂਜੇ ਮੁਲਕ ਵਿੱਚ ਕੀਤੇ ਜਾਣ ਵਾਲੇ ਕਤਲਾਂ ਬਾਰੇ ਇੱਕ ਸੁਆਲ ਦੇ ਜੁਆਬ ਵਿੱਚ ਉਨ੍ਹਾਂ ਕਿਹਾ, “ਮੈਂ ਇਸ ਨਾਲ ਸਹਿਮਤੀ ਨਹੀਂ ਰੱਖਦਾ।”

“ਹੋਰ ਲੋਕ ਅਜਿਹਾ ਕਰਦੇ ਹਨ, ਪਰ ਇਹ ਇਸ ਗੱਲ ਨੂੰ ਜਾਇਜ਼ ਨਹੀਂ ਠਹਿਰਾਉਂਦਾ ਕਿ ਹਰੇਕ ਨੂੰ ਅਜਿਹਾ ਕਰਨਾ ਚਾਹੀਦਾ ਹੈ।”

ਕੀ ਹੈ ਸੀਈਪੀਏ

ਕੈਨੇਡਾ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਭਾਰਤ ਅਤੇ ਕੈਨੇਡਾ ਨੇ 2010 ਵਿੱਚ ਕੋਂਪਰੀਹੈਨਸਿਵ ਇਕੋਨੋਮਿਕ ਪਾਰਟਨਰਸ਼ਿਪ ਐਗਰੀਮੈਂਟ (ਸੀਈਪੀਏ) ਬਾਰੇ ਗੱਲਬਾਤ ਸ਼ੁਰੂ ਕੀਤੀ।

ਇਸ ਮਾਮਲੇ ਵਿੱਚ ਗੱਲਬਾਤ ਦਾ 6ਵਾਂ ਦੌਰ ਓਟਵਾ ਵਿੱਚ ਮਈ 2023 ਨੂੰ ਪੂਰਾ ਹੋਇਆ ਸੀ।

ਇਸੇ ਸਾਲ ਸਤੰਬਰ ਵਿੱਚ ਕੈਨੇਡਾ ਦੇ ਲਈ ਭਾਰਤੀ ਹਾਈ ਕਮਿਸ਼ਨਰ ਨੇ ਕੈਨੇਡੀਆਈ ਮੀਡੀਆ ਨੂੰ ਦੱਸਿਆ ਸੀ ਕਿ ਕੈਨੇਡਾ ਅਤੇ ਭਾਰਤ ਵਿਚਾਲੇ ਚੱਲ ਰਹੀ ਵਪਾਰਕ ਗੱਲਬਾਤ ਰੋਕ ਦਿੱਤੀ ਗਈ ਹੈ।

ਨਰਿੰਦਰ ਮੋਦੀ ਅਤੇ ਜਸਟਿਨ ਟਰੂਡੋ

ਤਸਵੀਰ ਸਰੋਤ, GETTY IMAGES

ਤਸਵੀਰ ਕੈਪਸ਼ਨ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਦੋਵਾਂ ਮੁਲਕਾਂ ਵਿੱਚ ਤਣਾਅ ਜਾਰੀ

10 ਨਵੰਬਰ ਨੂੰ ਹੀ ਕੈਨੇਡੀਆਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੇ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਸੀਆਂ ਦੀ ਸ਼ਮੂਲੀਅਤ ਬਾਰੇ ਆਪਣੇ ਇਲਜ਼ਾਮ ਮੁੜ ਦੁਹਰਾਏ ਸਨ।

ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਬਾਰੇ ਕਮਿਸ਼ਨ ਵਿੱਚ ਵੀ ਭਾਰਤੀ ਕੂਟਨੀਤਕ ਨੇ ਕੈਨੇਡਾ ਨੂੰ ਨਫ਼ਰਤੀ ਹਿੰਸਾ ਰੋਕਣ ਬਾਰੇ ਸੁਝਾਅ ਦਿੱਤੇ ਸਨ।

ਭਾਰਤ ਦੇ ਨਾਲ-ਨਾਲ ਸ਼੍ਰੀਲੰਕਾ ਅਤੇ ਬੰਗਲਾਦੇਸ਼ ਦੇ ਕੂਟਨੀਤਕਾਂ ਨੇ ਵੀ ਭਾਰਤ ਨਾਲ ਮਿਲਦੇ-ਜੁਲਦੇ ਬਿਆਨ ਦਿੱਤੇ ਸਨ।

ਕੀ ਹੈ ਮਸਲਾ

ਹਰਦੀਪ ਸਿੰਘ ਨਿੱਝਰ

ਤਸਵੀਰ ਸਰੋਤ, FB/VIRSA SINGH VALTOHA

ਤਸਵੀਰ ਕੈਪਸ਼ਨ, ਹਰਦੀਪ ਸਿੰਘ ਨਿੱਝਰ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ (ਸਰੀ) ਦੇ ਪ੍ਰਧਾਨ ਸਨ

ਕੈਨੇਡਾ ਅਤੇ ਭਾਰਤ ਦਰਮਿਆਨ ਤਣਾਅ ਇਸੇ ਸਾਲ ਸਤੰਬਰ ਵਿੱਚ ਸ਼ੁਰੂ ਹੋਇਆ ਸੀ।

ਕੈਨੇਡੀਆਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਇਹ ਇਲਜ਼ਾਮ ਲਾਏ ਸਨ ਕਿ ਭਾਰਤੀ ਏਜੰਸੀਆਂ ਕੈਨੇਡਾ ਦੀ ਧਰਤੀ ਉੱਤੇ ਕੈਨੇਡਾ ਵਿੱਚ ਹੋਏ ਕਤਲ ਦੇ ਮਾਮਲੇ ਵਿੱਚ ਸ਼ਮੂਲੀਅਤ ਰਹੀ ਹੈ।

ਖਾਲਿਸਤਾਨ ਹਮਾਇਤੀ ਹਰਦੀਪ ਸਿੰਘ ਨਿੱਝਰ ਨੂੰ ਜੂਨ 2023 ਵਿੱਚ ਸਰੀ ਵਿੱਚ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ।

ਇਸ ਬਿਆਨ ਤੋਂ ਬਾਅਦ ਕੈਨੇਡਾ ਨੇ ਭਾਰਤ ਦੇ ਸੀਨੀਅਰ ਡਿਪਲੋਮੇਟ ਪਵਨ ਕੁਮਾਰ ਰਾਏ ਨੂੰ ਮੁਲਕ ਵਿੱਚੋਂ ਕੱਢ ਦਿੱਤਾ ਸੀ। ਜਵਾਬੀ ਕਾਰਵਾਈ ਵਿੱਚ ਭਾਰਤ ਨੇ ਵੀ ਕੈਨੇਡਾ ਦੇ ਸੀਨੀਅਰ ਡਿਪਲੋਮੇਟ ਨੂੰ ਪੰਜ ਦਿਨਾਂ ਦੇ ਅੰਦਰ ਭਾਰਤ ਛੱਡਣ ਦਾ ਹੁਕਮ ਦਿੱਤਾ ਹੈ।

ਇਸ ਮਾਮਲੇ 'ਤੇ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ , ''ਭਾਰਤ ਨੇ ਕੈਨੇਡੀਅਨ ਡਿਪਲੋਮੈਟ ਨੂੰ ਕੱਢ ਦਿੱਤਾ ਹੈ। ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਤਲਬ ਕਰਕੇ ਭਾਰਤ ਸਰਕਾਰ ਦੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਗਈ ਹੈ। ਸਬੰਧਤ ਡਿਪਲੋਮੈਟ ਨੂੰ ਅਗਲੇ ਪੰਜ ਦਿਨਾਂ ਦੇ ਅੰਦਰ ਭਾਰਤ ਛੱਡਣ ਲਈ ਕਿਹਾ ਗਿਆ ਹੈ।”

"ਇਹ ਫੈਸਲਾ ਸਾਡੇ ਅੰਦਰੂਨੀ ਮਾਮਲਿਆਂ ਵਿੱਚ ਕੈਨੇਡੀਅਨ ਡਿਪਲੋਮੈਟਾਂ ਦੀ ਦਖਲਅੰਦਾਜ਼ੀ ਅਤੇ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਨੂੰ ਲੈ ਕੇ ਭਾਰਤ ਸਰਕਾਰ ਦੀ ਵੱਧ ਰਹੀ ਚਿੰਤਾ ਨੂੰ ਦਰਸਾਉਂਦਾ ਹੈ।"

ਭਾਰਤ ਨੇ ਕੈਨੇਡਾ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।

ਅਗਲੇ ਕੁਝ ਦਿਨਾਂ ਵਿੱਚ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਨ ਦੀਆਂ ਸੇਵਾਵਾਂ ਰੱਦ ਕਰ ਦਿੱਤੀਆਂ ਸਨ, ਇਸ ਪਿੱਛੇ ਦੂਤਾਵਾਸ ਦੇ ਅਧਿਕਾਰੀਆਂ ਦੀ ਸੁਰੱਖਿਆ ਨੂੰ ਖਤਰਾ ਦੱਸਿਆ ਗਿਆ ਸੀ।

ਭਾਰਤ-ਕੈਨੇਡਾ ਮਸਲਾ: ਹੁਣ ਤੱਕ ਕੀ ਕੁਝ ਹੋਇਆ

ਨਰਿੰਦਰ ਮੋਦੀ ਅਤੇ ਜਸਟਿਨ ਟਰੂਡੋ

ਤਸਵੀਰ ਸਰੋਤ, Getty Images

  • ਸਤੰਬਰ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਏਜੰਸੀਆਂ ਦੇ ਹਵਾਲੇ ਨਾਲ ਨਿੱਝਰ ਕਤਲ ਕੇਸ ਅਤੇ ਭਾਰਤ ਸਰਕਾਰ ਵਿਚਾਲੇ ਪ੍ਰਤੱਖ਼ ਲਿੰਕ ਹੋਣ ਦੀ ਗੱਲ ਕਹੀ ਸੀ।
  • ਇਸ ਬਿਆਨ ਤੋਂ ਬਾਅਦ ਕੈਨੇਡਾ ਨੇ ਭਾਰਤ ਦੇ ਸੀਨੀਅਰ ਡਿਪਲੋਮੇਟ ਪਵਨ ਕੁਮਾਰ ਰਾਏ ਨੂੰ ਮੁਲਕ ਵਿੱਚੋਂ ਕੱਢ ਦਿੱਤਾ।
  • ਭਾਰਤ ਨੇ ਵੀ ਮੰਗਲਵਾਰ ਕੈਨੇਡਾ ਦੇ ਸੀਨੀਅਰ ਡਿਪਲੋਮੇਟ ਨੂੰ ਪੰਜ ਦਿਨਾਂ ਦੇ ਅੰਦਰ ਭਾਰਤ ਛੱਡਣ ਦਾ ਹੁਕਮ ਦਿੱਤਾ ਹੈ।
  • ਭਾਰਤ ਸਰਕਾਰ ਨੇ ਇਸ ਬਿਆਨ ਨੂੰ ਬੇ-ਬੁਨਿਆਦ ਅਤੇ ਸਿਆਸੀ ਤੌਰ ਉੱਤੇ ਪ੍ਰੇਰਿਤ ਕਰਾਰ ਦਿੱਤਾ ਸੀ।
  • 21 ਸਤੰਬਰ ਨੂੰ ਨਿਊਯਾਰਕ ਵਿੱਚ ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਪਣੇ ਇਲਜ਼ਾਮ ਦੁਹਰਾਏ, “ਇਸ ਗੱਲ ਉੱਤੇ ਭਰੋਸਾ ਕਰਨ ਲਈ ਪੁਖ਼ਤਾ ਕਾਰਨ ਹਨ ਕਿ ਭਾਰਤੀ ਏਜੰਟ ਇੱਕ ਕੈਨੇਡੀਅਨ ਨਾਗਰਿਕ ਦੇ ਕੈਨੇਡੀਅਨ ਧਰਤੀ ਉੱਤੇ ਹੋਏ ਕਤਲ ਵਿੱਚ ਸ਼ਾਮਿਲ ਹਨ।”
  • ਇਸ ਵਿਵਾਦ ਦੇ ਚਲਦਿਆਂ ਦੋਵੇਂ ਦੇਸ਼ਾਂ ਨੇ ਆਪਣੇ-ਆਪਣੇ ਨਾਗਰਿਕਾਂ ਨੂੰ ਇੱਕ-ਦੂਜੇ ਦੇ ਦੇਸ਼ 'ਚ ਰਹਿਣ ਜਾਂ ਯਾਤਰਾ ਦੌਰਾਨ ਵਧੇਰੇ ਸਾਵਧਾਨ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਹਨ।
  • ਇਸੇ ਦੌਰਾਨ ਅਮਰੀਕਾ ਨੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਟਰੂ਼ਡੋ ਵਲੋਂ ਲਾਏ ਇਲਜ਼ਾਮਾਂ ਦੀ ਵਿਸਥਾਰਤ ਜਾਂਚ ਦਾ ਸਮਰਥਕ ਹੈ ਅਤੇ ਭਾਰਤ ਨੂੰ ਇਸ ਮਸਲੇ ਉੱਤੇ ਸਹਿਯੋਗ ਕਰਨਾ ਚਾਹੀਦਾ ਹੈ।
  • ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਮਹਿਲਾ ਬੁਲਾਰੇ ਮੁਮਤਾਜ਼ ਜ਼ਾਹਰਾ ਬਲੋਚ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ''ਇਹ ਇੱਕ ਲਾਪਰਵਾਹ ਅਤੇ ਗ਼ੈਰ-ਜ਼ਿੰਮੇਦਾਰ ਹਰਕਤ ਹੈ ਜੋ ਇੱਕ ਭਰੋਸੇਯੋਗ ਅੰਤਰ-ਰਾਸ਼ਟਰੀ ਸਹਿਯੋਗੀ ਦੇ ਰੂਪ 'ਚ ਭਾਰਤ ਦੀ ਭਰੋਸੇਯੋਗਤਾ 'ਤੇ ਸਵਾਲ ਹੈ।’’
  • 20 ਅਕਤੂਬਰ ਨੂੰ ਕੈਨੇਡਾ ਵੱਲੋਂ ਭਾਰਤ ਵਿੱਚਲੇ ਆਪਣੇ 41 ਕੂਟਨੀਤਕਾਂ ਨੂੰ ਵਾਪਸ ਬੁਲਾਇਆ ਗਿਆ।
  • 25 ਅਕਤੂਬਰ ਨੂੰ ਭਾਰਤ ਦੇ ਕੈਨੇਡਾ ਦੇ ਨਾਗਰਿਕਾਂ ਲਈ ਚਾਰ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)