ਹਰਦੀਪ ਸਿੰਘ ਨਿੱਝਰ ਕਤਲ ਕੇਸ ਉੱਤੇ ਭਾਰਤ ਦਾ ਨਵਾਂ ਦਾਅਵਾ, ਟਰੂਡੋ ਉੱਤੇ ਲਾਇਆ ਇਹ ਇਲਜ਼ਾਮ

ਹਰਦੀਪ ਸਿੰਘ ਨਿੱਝਰ

ਤਸਵੀਰ ਸਰੋਤ, FB/VIRSA SINGH VALTOHA

ਭਾਰਤ ਅਤੇ ਕੈਨੇਡਾ ਵਿਚਕਾਰ ਚੱਲ ਰਹੇ ਤਣਾਅ ਨੂੰ ਸ਼ੁਰੂ ਹੋਏ ਦੋ ਮਹੀਨੇ ਦੇ ਕਰੀਬ ਹੋ ਚੁੱਕੇ ਹਨ, ਪਰ ਅਜੇ ਵੀ ਇਹ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ, ਭਾਰਤ ਨੇ ਕੈਨੇਡਾ ਉੱਤੇ ਹੁਣ ਨਵੇਂ ਇਲਜ਼ਾਮ ਲਾਏ ਹਨ।

ਇਸੇ ਮਾਮਲੇ ਬਾਰੇ ਕੈਨੇਡਾ ਦੇ ਇੱਕ ਅਖ਼ਬਾਰ ਨੂੰ ਦਿੱਤੇ ਆਪਣੇ ਇੰਟਰਵਿਊ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਜੈ ਕੁਮਾਰ ਵਰਮਾ ਨੇ ਇਹ ਦਾਅਵਾ ਕੀਤਾ ਹੈ ਕਿ ਭਾਰਤ ਦੀ ਸ਼ਮੂਲੀਅਤ ਬਾਰੇ ਇਲਜ਼ਾਮ ਲਾਉਣ ਦੀ ਹਦਾਇਤ ਕਿਸੇ ਉੱਚੇ ਅਹੁਦੇ 'ਤੇ ਤੈਨਾਤ ਵਿਅਕਤੀ ਵੱਲੋਂ ਆਈ ਸੀ।

ਉਨ੍ਹਾਂ ਇਹ ਵੀ ਕਿਹਾ ਜਸਟਿਨ ਟਰੂਡੋ ਵੱਲੋਂ ਜਨਤਕ ਤੌਰ ‘ਤੇ ਦਿੱਤੇ ਬਿਆਨਾਂ ਕਾਰਨ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਜਾਂਚ ਨੂੰ ਨੁਕਸਾਨ ਪਹੁੰਚਿਆ ਹੈ।

ਉਨ੍ਹਾਂ ਨੇ ਇਹ ਇੰਟਰਵਿਊ ਕੈਨੇਡਾ ਦੇ 'ਦ ਗਲੋਬ ਐਂਡ ਮੇਲ' ਅਖ਼ਬਾਰ ਨੂੰ ਹਾਲ ਹੀ ਵਿੱਚ ਦਿੱਤਾ ਹੈ।

ਭਾਰਤ- ਕੈਨੇਡਾ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ 18 ਸਤੰਬਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਸੰਸਦ ਵਿੱਚ ਖਾਲਿਸਤਾਨ ਹਮਾਇਤੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਸੀਆਂ ਦੀ ਸ਼ਮੂਲੀਅਤ ਹੋਣ ਬਾਰੇ ਖ਼ਦਸ਼ਾ ਜ਼ਾਹਰ ਕੀਤਾ ਸੀ।

ਭਾਰਤ ਸਰਕਾਰ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਸੀ।

ਨਿੱਝਰ ਦੇ ਕਤਲ ਤੋਂ ਸ਼ੁਰੂ ਹੋਇਆ ਕੈਨੇਡਾ-ਭਾਰਤ ਤਣਾਅ

ਭਾਰਤ ਕੈਨੇਡਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

13 ਜੂਨ 2023 ਨੂੰ ਹਰਦੀਪ ਸਿੰਘ ਨਿੱਝਰ ਦਾ ਕੈਨੇਡਾ ਦੇ ਸਰੀ ਵਿੱਚ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ।

ਜਿਸ ਤੋਂ ਬਾਅਦ ਦੋਵਾਂ ਮੁਲਕਾਂ ਵਿਚਾਲੇ ਮਾਮਲਾ ਭਖ਼ਦਾ ਗਿਆ ਅਤੇ ਦੋਵਾਂ ਮੁਲਕਾਂ ਨੇ ਇੱਕ-ਦੂਜੇ ਦੇ ਕੂਟਨੀਤਕਾਂ ਨੂੰ ਮੁਲਕ ਛੱਡ ਕੇ ਜਾਣ ਲਈ ਕਹਿ ਦਿੱਤਾ।

ਇੰਨਾਂ ਨਹੀਂ ਭਾਰਤ ਨੇ ਕੈਨੇਡਾ ਦੇ ਨਾਗਰਿਕ ਲਈ ਵੀਜ਼ਾ ਸੇਵਾਵਾਂ 'ਤੇ ਵੀ ਅਸਥਾਈ ਤੌਰ 'ਤੇ ਰੋਕ ਲਗਾ ਦਿੱਤੀ ਸੀ, 25 ਅਕਤੂਬਰ ਨੂੰ ਭਾਰਤ ਨੈ ਕੈਨੇਡੀਆਈ ਨਾਗਰਿਕਾਂ ਲਈ ਬੰਦ ਕੀਤੀਆਂ ਸੇਵਾਵਾਂ ਵਿੱਚੋਂ ਚਾਰ ਸੇਵਾਵਾਂ ਨੂੰ ਮੁੜ ਚਾਲੂ ਕਰਨ ਲਈ ਐਲਾਨ ਕੀਤਾ ਹੈ।

ਭਾਰਤ ਨੇ ਕੈਨੇਡਾ ਦੇ 21 ਕੂਟਨੀਤਕਾਂ ਨੂੰ ਛੱਡ ਕੇ ਬਾਕੀਆਂ ਨੂੰ ਦੇਸ਼ ਛੱਡ ਜਾਣ ਲਈ ਕਿਹਾ ਸੀ, ਜਿਸ ਮਗਰੋਂ ਕੈਨੇਡਾ ਨੇ ਆਪਣੇ 41 ਦੇ ਕਰੀਬ ਕੂਟਨੀਤਕਾਂ ਨੂੰ ਵਾਪਸ ਬੁਲਾ ਲਿਆ ਸੀ।

ਕੈਨੇਡਾ ਸਰਕਾਰ ਨੇ ਕਿਹਾ ਸੀ ਕਿ ਇਸ ਨਾਲ ਚੰਡੀਗੜ੍ਹ, ਮੁੰਬਈ ਸਮੇਤ ਹੋਰ ਥਾਵਾਂ ਵਿੱਚ ਕੰਮਕਾਜ ਪ੍ਰਭਾਵਿਤ ਹੋਵੇਗਾ ਅਤੇ ਵੀਜ਼ਾ ਅਰਜੀਆਂ ਦੀ ਪ੍ਰਕਿਰਿਆ ਹੌਲੀ ਹੋਵੇਗੀ।

ਪੰਜਾਬ ਦੇ ਸਮੇਤ ਭਾਰਤ ਦੇ ਹੋਰ ਸੂਬਿਆਂ ਵੱਚੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਪੜ੍ਹਨ ਲਈ ਕੈਨੇਡਾ ਜਾਣ ਦੀ ਚਾਹ ਰੱਖਦੇ ਹਨ, ਇਸ ਤਣਾਅ ਕਾਰਨ ਕੌਮਾਂਤਰੀ ਵਿਦਿਆਰਥੀਆਂ ਦੇ ਪ੍ਰਭਾਵਿਤ ਹੋਣ ਦੀ ਗੱਲ ਵੀ ਕਹੀ ਗਈ ਸੀ।

'ਕੇਸ ਦੀ ਜਾਂਚ ਨੂੰ ਨੁਕਸਾਨ ਪਹੁੰਚ ਚੁੱਕਿਆ ਹੈ'

ਕੈਨੇਡਾ ਹਾਈ ਕਮਿਸ਼ਨਰ

ਤਸਵੀਰ ਸਰੋਤ, X/ HCI_Ottawa

ਕੈਨੇਡਾ ਦੇ ਅਖ਼ਬਾਰ ‘ਦ ਗਲੋਬ ਐਂਡ ਮੇਲ’ ਨੂੰ ਹਾਲ ਹੀ ਵਿੱਚ ਦਿੱਤੇ ਆਪਣੇ ਇੰਟਰਵਿਊ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਸੰਜੈ ਕੁਮਾਰ ਵਰਮਾ ਨੇ ਕਿਹਾ ਕਿ ਜਾਂਚ ਨੂੰ ਨੁਕਸਾਨ ਪਹੁੰਚ ਚੁੱਕਿਆ ਹੈ।

ਉਨ੍ਹਾਂ ਕਿਹਾ, “ਸਾਨੂੰ ਇਸ ਕੇਸ ਨਾਲ ਸਬੰਧਤ ਕੋਈ ਵੀ ਵਿਸ਼ੇਸ਼ ਜਾਣਕਾਰੀ ਨਹੀਂ ਦਿੱਤੀ ਗਈ ਹੈ ਤਾਂ ਜੋ ਅਸੀਂ ਜਾਂਚ ਵਿੱਚ ਸਹਿਯੋਗ ਕਰ ਸਕੀਏ।”

“ਸਬੂਤ ਕਿੱਥੇ ਹਨ? ਜਾਂਚ ਦਾ ਕੀ ਸਿੱਟਾ ਨਿਕਲਿਆ? ਮੈਂ ਇਸ ਤੋਂ ਅੱਗੇ ਵੱਧ ਕੇ ਕਹਾਂਗਾ ਕੇ ਜਾਂਚ ਨੂੰ ਪਹਿਲਾਂ ਹੀ ਨੁਕਸਾਨ ਪਹੁੰਚ ਚੁੱਕਿਆ ਹੈ।”

“ਉੱਚ ਪੱਧਰ ‘ਤੇ ਤੈਨਾਤ ਕਿਸੇ ਵਿਅਕਤੀ ਵੱਲੋਂ ਇਹ ਹਦਾਇਤ ਆਈ ਹੈ ਕਿ ਇਹ ਕਿਹਾ ਜਾਵੇ ਕਿ ਭਾਰਤ ਜਾਂ ਭਾਰਤ ਦੇ ਏਜੰਟ ਇਸਦੇ ਪਿੱਛੇ ਹਨ।”

ਕੈਨੇਡਾ ਦੀ ਸਰਕਾਰ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਭਾਰਤੀ ਏਜੰਸੀਆਂ ਦੀ ਸ਼ਮੂਲੀਅਤ ਬਾਰੇ ਇਲਜ਼ਾਮ ਕੈਨੇਡੀਆਈ ਖ਼ੁਫੀਆ ਏਜੰਸੀਆਂ ਅਤੇ ਫਾਈਵ ਆਈਜ਼ ਸਮਝੌਤੇ ਵਿੱਚ ਸ਼ਾਮਲ ਇੱਕ ਮੁਲਕ ਵੱਲੋਂ ਦਿੱਤੀ ਗਈ ਸੂਚਨਾ ਉੱਤੇ ਅਧਾਰਤ ਹਨ।

ਇਹ ਵੀ ਪੜ੍ਹੋ-

‘ਕੂਟਨੀਤਕਾਂ ਵਿਚਾਲੇ ਹੋਈ ਗੱਲਬਾਤ ਸਬੂਤ ਨਹੀਂ’

ਭਾਰਤ ਕੈਨੇਡਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਸੰਜੈ ਕੁਮਾਰ ਵਰਮਾ ਨੇ ਕੈਨੇਡਾ ਦੇ ਇਲਜ਼ਾਮਾਂ ਦੇ ਆਧਾਰ ਬਾਰੇ ਵੀ ਇਸ ਇੰਟਰਵਿਊ ਵਿੱਚ ਜ਼ਿਕਰ ਕੀਤਾ।

ਉਨ੍ਹਾਂ ਕਿਹਾ ਕਿ ਦੋ ਕੂਟਨੀਤਕਾਂ ਵਿਚਕਾਰ ਹੋਈ ਗੱਲਬਾਤ ਨੂੰ ਅਦਾਲਤ ਦੇ ਵਿੱਚ ਸਬੂਤ ਵਜੋਂ ਪੇਸ਼ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਇਸ ਨੂੰ ਜਨਤਕ ਕੀਤਾ ਜਾ ਸਕਦਾ ਹੈ।

“ਤੁਸੀਂ ਗੈਰ-ਕਾਨੂੰਨੀ ਤਰੀਕੇ ਨਾਲ ਗੱਲਬਾਤ ਰਿਕਾਰਡ ਕਰਨ ਦੀ ਗੱਲ ਕਰ ਰਹੇ ਹੋ ਅਤੇ ਸਬੂਤਾਂ ਬਾਰੇ ਗੱਲ ਕਰ ਰਹੇ ਹੋ।”

“ਦੋ ਕੂਟਨੀਤਕਾਂ ਵਿਚਕਾਰ ਹੋਈ ਗੱਲਬਾਤ ਅੰਤਰਰਾਸ਼ਟਰੀ ਕਾਨੂੰਨ ਮੁਤਾਬਕ ਸੁਰੱਖਿਅਤ ਹੈ,”

ਉਨ੍ਹਾਂ ਕਿਹਾ, “ਮੈਨੂੰ ਵਿਖਾਓ ਕਿ ਤੁਸੀਂ ਗੱਲਬਾਤ ਕਿਵੇਂ ਰਿਕਾਰਡ ਕੀਤੀ,ਮੈਨੂੰ ਦਿਖਾਓ ਕਿ ਕਿਸੇ ਨੇ ਆਵਾਜ਼ ਦੀ ਨਕਲ ਨਹੀਂ ਕੀਤੀ ਹੈ।”

'ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਿਤ ਹਾਂ'

ਭਾਰਤ ਕੈਨੇਡਾ

ਤਸਵੀਰ ਸਰੋਤ, ANI

ਇਸ ਸਵਾਲ ਦੇ ਜਵਾਬ ਵਿੱਚ ਕਿ ਓਟਾਵਾ ਦੇ ਵੱਲੋਂ ਭਾਰਤ ਨੂੰ ਕਿਸੇ ਨਿੱਝਰ ਦੇ ਕਤਲ ਵਿੱਚ ਸ਼ਾਮਲ ਕਿਸੇ ਸ਼ਖ਼ਸ ਨੂੰ ਹਵਾਲੇ ਕਰਨ ਲਈ ਕਿਹਾ ਗਿਆ ਹੈ ਤਾਂ ਉਨ੍ਹਾਂ ਜਵਾਬ ਦਿੱਤਾ, “ਇਹ ਗੱਲਬਾਤ ਦੋ ਸਰਕਾਰਾਂ ਵਿਚਾਲੇ ਹੈ।”

ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ਵੱਲੋਂ ਓਟਾਵਾਂ ਨੂੰ ਪਿਛਲੇ 5 ਤੋਂ 6 ਸਾਲਾਂ ਵਿੱਚ 26 ਵਾਰੀ ਲੋੜੀਂਦੇ ਵਿਅਕਤੀ ਨੂੰ ਹਵਾਲੇ ਕਰਨ ਲਈ ਕਿਹਾ ਹੈ ਗਿਆ। ਉਨ੍ਹਾਂ ਕਿਹਾ, “ਅਸੀਂ ਕਾਰਵਾਈ ਉਡੀਕ ਰਹੇ ਹਾਂ।”

ਹਾਈ ਕਮਿਸ਼ਨਰ ਸੰਜੇ ਵਰਮਾ ਨੇ ਕਿਾਹ ਕਿ ਉਨ੍ਹਾਂ ਨੂੰ ਕੈਨੇਡਾ ਦੀ ਰੋਇਲ ਕੈਨੇਡੀਅਨ ਮਾਊਂਟ ਪੁਲਿਸ ਵੱਲੋਂ ਉਨ੍ਹਾਂ ਨੂੰ ਮਿਲ ਰਹੀਆਂ ਧਮਕੀਆਂ ਕਾਰਨ ਸੁਰੱਖਿਆ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਮੈਂ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਿਤ ਹਾਂ।

ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਦੇ ਬਾਵਜੂਦ ਉਹ ਦੋਵਾਂ ਦੇ ਵਪਾਰਕ ਸਬੰਧਾਂ ਨੂੰ ਵਧਾਉਣਾ ਚਾਹੁਣਗੇ।

ਉਨ੍ਹਾਂ ਕਿਹਾ ਕਿ ਇਹ ਵਪਾਰਕ ਸੰਧੀ ਜਲਦੀ ਤੋਂ ਜਲਦੀ ਸਿਰੇ ਚੜ੍ਹਨੀ ਚਾਹੀਦੀ ਹੈ ਤਾਂ ਜੋ ਨਿਵੇਸ਼ਕਾਂ ਨੂੰ ਇਸਦਾ ਲਾਭ ਮਿਲ ਸਕੇ।

ਉਨ੍ਹਾਂ ਕਿਹਾ ਕਿ ਭਾਰਤ ਕੈਨੇਡਾ ਦੇ ਨਿਵੇਸ਼ਕਾਂ ਦਾ ਸਵਾਗਤ ਕਰੇਗਾ।

ਉਨ੍ਹਾਂ ਕਿ ਦੋਵਾਂ ਦੇਸ਼ਾਂ ਨੂੰ ਆਪਣੇ ਸਬੰਧਾਂ ਨੂੰ ਪੇਸ਼ੇਵਰ ਢੰਗ ਨਾਲ ਸੰਵਾਦ ਰਾਹੀਂ ਸੁਧਾਰਨਾ ਚਾਹੀਦਾ ਹੈ।

'ਕੈਨੇਡਾ ਖਾਲਿਸਤਾਨ ਹਮਾਇਤੀਆਂ ਨੂੰ ਕਾਬੂ ਵਿੱਚ ਰੱਖੇ'

ਹਰਦੀਪ ਸਿੰਘ ਨਿੱਝਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਰੀ ਵਿਖੇ ਉਹ ਗੁਰਦੁਆਰਾ ਜਿੱਥੋਂ ਦੇ ਹਰਦੀਪ ਸਿੰਘ ਨਿੱਝਰ ਪ੍ਰਧਾਨ ਸਨ

ਉਨ੍ਹਾਂ ਕਿਹਾ ਕਿ ਭਾਰਤ ਇਹ ਉਮੀਦ ਰੱਖਦਾ ਹੈ ਕੈਨੇਡਾ ਇੱਥੇ ਰਹਿੰਦੇ ਖਾਲਿਸਤਾਨ ਹਮਾਇਤੀਆਂ ਨੂੰ ਕਾਬੂ ਵਿੱਚ ਰੱਖੇ।

ਉਨ੍ਹਾਂ ਕਿਹਾ ਕਿ ਨਿੱਝਰ ਕਤਲ ਕੇਸ ਦੀ ਜਾਂਚ ਜਾਰੀ ਰਹਿਣੀ ਚਾਹੀਦੀ ਹੈ ਅਤੇ ਕੈਨੇਡਾ ਨੂੰ ਮੁੱਖ ਮਸਲੇ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

ਕੈਨੇਡਾ ਨੂੰ ਆਪਣੀ ਧਰਤੀ ਨੂੰ ਭਾਰਤ ਨੂੰ ਤੋੜਨ ਦਾ ਸਮਰਥਨ ਕਰਨ ਵਾਲੇ ਕੈਨੇਡੀਆਈ ਨਾਗਰਿਕਾਂ ਨੂੰ ਵਰਤਣ ਨਹੀਂ ਦੇਣਾ ਚਾਹੀਦਾ।

ਇੰਟਰਵਿਊ ਵਿੱਚ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪੰਜਾਬ ਨੂੰ ਕੈਨੇਡਾ ਨਾਲੋਂ ਵੱਖ ਕਰਨ ਦਾ ਸਮਰਥਨ ਕਰਨ ਵਾਲੇ ਕੈਨੇਡੀਆਈ ਨਾਗਰਿਕਾਂ ਬਾਰੇ ਕੀ ਕੀਤਾ ਜਾਣਾ ਚਾਹੀਦਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਕੈਨੇਡੀਆਈ ਕਾਨੂੰਨ ਦੇ ਮਾਹਰ ਨਹੀਂ ਹਨ।

ਉਹ ਕਹਿੰਦੇ ਹਨ ਕਿ ਕੁਝ ਨਿਯਮ ਅਤੇ ਕਾਨੂੰਨ ਲਾਗੂ ਹੋਣੇ ਚਾਹੀਦੇ ਹਨ।

'ਦੋਵੇਂ ਧਿਰਾਂ ਇੱਕ ਦੂਜੇ ਦੇ ਸੰਪਰਕ ਵਿੱਚ ਹਨ' - ਐੱਸ ਜੈਸ਼ੰਕਰ

ਐੱਸ ਜੈਸ਼ੰਕਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ

ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸ਼ਨੀਵਾਰ ਨੂੰ ਦਿੱਲੀ ਵਿੱਚ ਇੱਕ ਸਮਾਗਮ ਵਿੱਚ ਬੋਲਦਿਆਂ ਕਿਹਾ ਕਿ ਦੋਵੇਂ ਮੁਲਕ ਇੱਕ ਦੂਜੇ ਦੇ ਸਬੰਧ ਵਿੱਚ ਹਨ ਅਤੇ ਉਮੀਦ ਹੈ ਕਿ ਇਕ ਮਾਮਲੇ ਨੂੰ ਸੁਲਝਾਉਣ ਦਾ ਤਰੀਕਾ ਲੱਭ ਜਾਵੇਗਾ।

ਉਨ੍ਹਾਂ ਕਿਹਾ ਕਿ, “ਪ੍ਰਭੂਸੱਤਾ ਅਤੇ ਸੈਨਸਿਟਿਵੀਟੀ ਇੱਕ ਧਿਰ ਦੀ ਨਹੀਂ ਹੋ ਸਕਦੀ।”

ਉਹ ਹਿੰਦੁਸਤਾਨ ਟਾਈਮਜ਼ ਦੇ ਲੀਡਸ਼ਿਪ ਸਮਿੱਟ ਵਿੱਚ ਕਹੀ।

“ਬਹੁਤ ਦੇਸ਼ ਹਨ ਜਿੱਥੇ ਬੋਲਣ ਦੀ ਆਜ਼ਾਦੀ ਹੈ, ਪਰ ਇਹ ਕਿਸੇ ਲਈ ਹਿੰਸਾ ਦੀ ਵਕਾਲਤ ਅਤੇ ਵੱਖਵਾਦ ਜਾਂ ਕੱਟੜਪੰਥ ਲਈ ਲਾਇਸਿੰਸ ਨਹੀਂ ਹੋ ਸਕਦਾ।”

“ਇਸ ਲਈ ਸਾਡੇ ਸਾਹਮਣੇ ਜੋ ਮੁਸ਼ਕਲ ਆਈ ਹੈ ਉਹ ਇਹ ਹੈ ਕਿ ਅਸੀਂ ਉਹ ਕਾਰਵਾਈਆਂ ਵੇਖੀਆਂ ਹਨ ਜਿਹੜੀਆਂ ਬੋਲਣ ਦੀ ਆਜ਼ਾਦੀ ਦੇ ਨਾਂਅ ਉੱਤੇ ਜਾਇਜ਼ ਠਹਿਰਾਈਆਂ ਗਈਆਂ ਹਨ।”

ਹੁਣ ਮੇਰਾ ਹਰੇਕ ਉਸ ਦੇਸ਼ ਨੂੰ ਇਹ ਸਵਾਲ ਹੈ ਕਿ ਕੀ ਤੁਸੀਂ ਚਾਹੋਗੇ ਕਿ ਤੁਹਾਡੇ ਨਾਲ ਵੀ ਅਜਿਹਾ ਹੋਵੇ ਅਤੇ ਬਹੁਤ ਵਾਰੀ ਮੈਨੂੰ ਕੋਈ ਜਵਾਬ ਨਹੀਂ ਮਿਲਦਾ।“

ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਇੱਕ ਦੂਜੇ ਦੇ ਸੰਪਰਕ ਵਿੱਚ ਹਨ।

ਭਾਰਤ-ਕੈਨੇਡਾ ਮਸਲਾ: ਹੁਣ ਤੱਕ ਕੀ ਕੁਝ ਹੋਇਆ

  • ਸਤੰਬਰ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਏਜੰਸੀਆਂ ਦੇ ਹਵਾਲੇ ਨਾਲ ਨਿੱਝਰ ਕਤਲ ਕੇਸ ਅਤੇ ਭਾਰਤ ਸਰਕਾਰ ਵਿਚਾਲੇ ਪ੍ਰਤੱਖ਼ ਲਿੰਕ ਹੋਣ ਦੀ ਗੱਲ ਕਹੀ ਸੀ।
  • ਇਸ ਬਿਆਨ ਤੋਂ ਬਾਅਦ ਕੈਨੇਡਾ ਨੇ ਭਾਰਤ ਦੇ ਸੀਨੀਅਰ ਡਿਪਲੋਮੇਟ ਪਵਨ ਕੁਮਾਰ ਰਾਏ ਨੂੰ ਮੁਲਕ ਵਿੱਚੋਂ ਕੱਢ ਦਿੱਤਾ।
  • ਭਾਰਤ ਨੇ ਵੀ ਮੰਗਲਵਾਰ ਕੈਨੇਡਾ ਦੇ ਸੀਨੀਅਰ ਡਿਪਲੋਮੇਟ ਨੂੰ ਪੰਜ ਦਿਨਾਂ ਦੇ ਅੰਦਰ ਭਾਰਤ ਛੱਡਣ ਦਾ ਹੁਕਮ ਦਿੱਤਾ ਹੈ।
  • ਭਾਰਤ ਸਰਕਾਰ ਨੇ ਇਸ ਬਿਆਨ ਨੂੰ ਬੇ-ਬੁਨਿਆਦ ਅਤੇ ਸਿਆਸੀ ਤੌਰ ਉੱਤੇ ਪ੍ਰੇਰਿਤ ਕਰਾਰ ਦਿੱਤਾ ਸੀ।
  • 21 ਸਤੰਬਰ ਨੂੰ ਨਿਊਯਾਰਕ ਵਿੱਚ ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਪਣੇ ਇਲਜ਼ਾਮ ਦੁਹਰਾਏ, “ਇਸ ਗੱਲ ਉੱਤੇ ਭਰੋਸਾ ਕਰਨ ਲਈ ਪੁਖ਼ਤਾ ਕਾਰਨ ਹਨ ਕਿ ਭਾਰਤੀ ਏਜੰਟ ਇੱਕ ਕੈਨੇਡੀਅਨ ਨਾਗਰਿਕ ਦੇ ਕੈਨੇਡੀਅਨ ਧਰਤੀ ਉੱਤੇ ਹੋਏ ਕਤਲ ਵਿੱਚ ਸ਼ਾਮਿਲ ਹਨ।”
  • ਇਸ ਵਿਵਾਦ ਦੇ ਚਲਦਿਆਂ ਦੋਵੇਂ ਦੇਸ਼ਾਂ ਨੇ ਆਪਣੇ-ਆਪਣੇ ਨਾਗਰਿਕਾਂ ਨੂੰ ਇੱਕ-ਦੂਜੇ ਦੇ ਦੇਸ਼ 'ਚ ਰਹਿਣ ਜਾਂ ਯਾਤਰਾ ਦੌਰਾਨ ਵਧੇਰੇ ਸਾਵਧਾਨ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਹਨ।
  • ਇਸੇ ਦੌਰਾਨ ਅਮਰੀਕਾ ਨੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਟਰੂ਼ਡੋ ਵਲੋਂ ਲਾਏ ਇਲਜ਼ਾਮਾਂ ਦੀ ਵਿਸਥਾਰਤ ਜਾਂਚ ਦਾ ਸਮਰਥਕ ਹੈ ਅਤੇ ਭਾਰਤ ਨੂੰ ਇਸ ਮਸਲੇ ਉੱਤੇ ਸਹਿਯੋਗ ਕਰਨਾ ਚਾਹੀਦਾ ਹੈ।
  • ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਮਹਿਲਾ ਬੁਲਾਰੇ ਮੁਮਤਾਜ਼ ਜ਼ਾਹਰਾ ਬਲੋਚ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ''ਇਹ ਇੱਕ ਲਾਪਰਵਾਹ ਅਤੇ ਗ਼ੈਰ-ਜ਼ਿੰਮੇਦਾਰ ਹਰਕਤ ਹੈ ਜੋ ਇੱਕ ਭਰੋਸੇਯੋਗ ਅੰਤਰ-ਰਾਸ਼ਟਰੀ ਸਹਿਯੋਗੀ ਦੇ ਰੂਪ 'ਚ ਭਾਰਤ ਦੀ ਭਰੋਸੇਯੋਗਤਾ 'ਤੇ ਸਵਾਲ ਹੈ।’’
  • 20 ਅਕਤੂਬਰ ਨੂੰ ਕੈਨੇਡਾ ਵੱਲੋਂ ਭਾਰਤ ਵਿੱਚਲੇ ਆਪਣੇ 41 ਕੂਟਨੀਤਕਾਂ ਨੂੰ ਵਾਪਸ ਬੁਲਾਇਆ ਗਿਆ।
  • 25 ਅਕਤੂਬਰ ਨੂੰ ਭਾਰਤ ਦੇ ਕੈਨੇਡਾ ਦੇ ਨਾਗਰਿਕਾਂ ਲਈ ਚਾਰ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)