ਪੰਜਾਬ ਵਿੱਚ ਪਰਾਲੀ ਤੋਂ ਬਣੀਆਂ ਇਨ੍ਹਾਂ ਟਾਈਲਾਂ ਵਿੱਚ ਕੀ ਹੈ ਖ਼ਾਸ
- ਲੇਖਕ, ਗੁਰਪ੍ਰੀਤ ਸਿੰਘ ਚਾਵਲਾ
- ਰੋਲ, ਬੀਬੀਸੀ ਸਹਿਯੋਗੀ
ਪੰਜਾਬ ’ਚ ਝੋਨੇ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਲੈ ਕੇ ਕਿਸਾਨਾਂ ਲਈ ਇੱਕ ਵੱਡੀ ਮੁਸੀਬਤ ਖੜੀ ਹੈ।
ਇੱਕ ਪਾਸੇ ਤਾਂ ਸਰਕਾਰਾਂ ਤੇ ਪ੍ਰਸ਼ਾਸ਼ਨ ਹਰ ਸਾਲ ਇਹ ਟੀਚਾ ਰੱਖਦੇ ਹਨ ਕਿ ਕਿਸਾਨ ਪਰਾਲੀ ਨੂੰ ਅੱਗ ਨਾ ਲਾਉਣ ਪਰ ਦੂਜੇ ਪਾਸੇ ਕਿਸਾਨਾਂ ਦੇ ਪਰਾਲੀ ਦੀ ਸਾਂਭ ਸੰਭਾਲ ਨੂੰ ਲੈ ਕੇ ਆਪੋ-ਆਪਣੇ ਪੱਖ ਹਨ।
ਪਰਾਲੀ ਨੂੰ ਅੱਗ ਲਾਉਣ ਕਾਰਨ ਕਿਸਾਨਾਂ ’ਤੇ ਕੀਤੀ ਜਾ ਰਹੀ ਕਾਨੂੰਨੀ ਕਾਰਵਾਈ ਦੇ ਵਿਰੋਧ ’ਚ ਵੀ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ।
ਇਸ ਸਭ ਦੇ ਦਰਮਿਆਨ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਇੱਕ ਆਟੋਮੋਬਾਇਲ ਵਰਕਸ਼ਾਪ ਦੇ ਮਾਲਕ ਅਤੇ ਸਨਅਤੀ ਕਾਰੋਬਾਰੀ ਪਰਿਵਾਰ ਦੇ ਨੌਜਵਾਨ ਪਰਮਿੰਦਰ ਸਿੰਘ ਵੱਲੋਂ ਪਰਾਲੀ ਨੂੰ ਪ੍ਰੋਸੇਸ ਕਰਕੇ ਵੱਖ-ਵੱਖ ਤਰ੍ਹਾਂ ਦੇ ਉਤਪਾਦ ਤਿਆਰ ਕੀਤੇ ਜਾ ਰਹੇ ਹਨ।
ਪਰਮਿੰਦਰ ਵੱਲੋਂ ਪਰਾਲੀ ਤੋਂ ਡਾਊਨ ਸੀਲਿੰਗ ਪੈਨਲ ਅਤੇ ਟਾਈਲਾਂ ਤਿਆਰ ਕੀਤੀਆਂ ਜਾ ਰਹੀਆਂ ਹਨ।
ਉਹ ਕਹਿੰਦੇ ਹਨ, ‘‘ਜਿੱਥੇ ਇਸ ਨਾਲ ਕੁਦਰਤ ਨੂੰ ਲਾਭ ਹੋਵੇਗਾ, ਉੱਥੇ ਹੀ ਸੂਬਾ ਸਰਕਾਰ ਅਤੇ ਮੁਖ ਤੌਰ ’ਤੇ ਕਿਸਾਨਾਂ ਨੂੰ ਵੀ ਲਾਭ ਹੋਵੇਗਾ ਕਿਉਂਕਿ ਜੋ ਪਰਾਲੀ ਅੱਜ ਕਿਸਾਨਾਂ ਲਈ ਮੁਸੀਬਤ ਬਣੀ ਹੈ ਉਹ ਇੱਕ ਚੰਗੀ ਆਮਦਨ ਦਾ ਜ਼ਰੀਆ ਹੋਵੇਗੀ। ਜੇ ਵੱਡੀ ਇੰਡਸਟਰੀ ਹੋਵੇਗੀ ਤਾਂ ਪਰਾਲੀ ਦੀ ਮੰਗ ਵੀ ਰਹੇਗੀ।’’

ਪਰਮਿੰਦਰ ਦਾ ਕਹਿਣਾ ਹੈ ਕਿ ਜੋ ਧੱਬਾ ਪੰਜਾਬ ਦੇ ਮੱਥੇ ’ਤੇ ਲਗਾਇਆ ਜਾ ਰਿਹਾ ਹੈ ਕਿ ਪੰਜਾਬ ਦਾ ਕਿਸਾਨ ਪਰਾਲੀ ਸਾੜ ਕੇ ਪ੍ਰਦੂਸ਼ਣ ਫੈਲਾ ਰਿਹਾ ਹੈ, ਉਸ ’ਚੋਂ ਬਾਹਰ ਨਿਕਲਣ ਲਈ ਇਹ ਇੱਕ ਵੱਡਾ ਹੱਲ ਹੈ।
ਪਰਮਿੰਦਰ ਸਿੰਘ ਕਹਿੰਦੇ ਹਨ, ‘‘ਮੈਂ ਭਾਵੇਂ ਕਿਸਾਨੀ ਨਾਲ ਤਾਂ ਨਹੀਂ ਜੁੜਿਆ ਪਰ ਇੱਕ ਕਾਰੋਬਾਰੀ ਪਰਿਵਾਰ ਤੋਂ ਹਾਂ। ਪਿਛਲੇ 5 ਸਾਲ ਤੋਂ ਆਪਣੇ ਪੱਧਰ ’ਤੇ ਪਰਾਲੀ ਦੀ ਰਹਿੰਦ ਖੁੰਹਦ ਨੂੰ ਕੁਝ ਅਜਿਹੇ ਢੰਗ ਨਾਲ ਵਰਤਿਆ ਹੈ ਆਪਣੇ ਤੌਰ ’ਤੇ ਪ੍ਰਯੋਗ ਕਰ ਰਿਹਾ ਹਾਂ ਅਤੇ ਇਸ ਲਈ ਮਸ਼ੀਨਾਂ ਵੀ ਤਿਆਰ ਕੀਤੀਆਂ ਹਨ।’’
‘‘ਮਸ਼ੀਨਾਂ ਦੀ ਵਰਤੋਂ ਕਰ ਕੇ ਪਰਾਲੀ ਤੋਂ ਡਾਊਨ ਸੀਲਿੰਗ ਪੈਨਲ ਅਤੇ ਟਾਈਲਾਂ ਤਿਆਰ ਕੀਤੀਆਂ ਗਈਆਂ ਹਨ।’’
ਪਰਮਿੰਦਰ ਸਿੰਘ ਦਾ ਦਾਅਵਾ ਹੈ ਕਿ ਇਹ ਪੈਨਲ ਤੇ ਟਾਈਲਾਂ ਹਸਪਤਾਲ, ਵੱਡੀਆਂ ਇਮਾਰਤਾਂ, ਦਫ਼ਤਰਾਂ, ਆਦਿ ਵੱਲੋਂ ਵਰਤੀਆਂ ਜਾ ਰਹੀਆਂ ਹਨ।

‘ਵਿਦੇਸ਼ਾਂ ’ਚ ਐਕਸਪੋਰਟ ਹੋ ਸਕਦੀਆਂ ਹਨ ਇਹ ਟਾਈਲਾਂ’

ਭਾਵੇਂ ਪਰਾਲੀ ਤੋਂ ਪੈਕਿੰਗ ਉਤਪਾਦ ਵੀ ਤਿਆਰ ਕੀਤੇ ਗਏ ਹਨ ਪਰ ਪਰਮਿੰਦਰ ਮੁਤਾਬਕ ਉਨ੍ਹਾਂ ਦਾ ਇਸ ਵੇਲੇ ਮੁੱਖ ਟੀਚਾ ਪਰਾਲੀ ਤੋਂ ਤਿਆਰ ਕੀਤੀਆਂ ਟਾਈਲਾਂ ਨੂੰ ਵੱਡੇ ਪੱਧਰ ’ਤੇ ਬਾਜ਼ਾਰ ’ਚ ਲਿਆਉਣਾ ਹੈ।
ਇਸ ਕੰਮ ਲਈ ਉਹ ਇੱਕ ਵੱਡੀ ਇੰਡਸਟਰੀ ਦੀ ਲੋੜ ਦੱਸਦੇ ਹਨ, ਜਿਸ ਲਈ ਉਨ੍ਹਾਂ ਦਾ ਮਨ ਤਾਂ ਤਿਆਰ ਹੈ ਪਰ ਕੁਝ ਔਕੜਾਂ ਵੀ ਹਨ।
ਪਰਮਿੰਦਰ ਮੁਤਾਬਕ ਬਾਜ਼ਾਰ ’ਚ ਮੌਜੂਦ ਜਿਪਸਮ ਟਾਈਲਾਂ ਦੇ ਮੁਕਾਬਲੇ ਪਰਾਲੀ ਤੋਂ ਤਿਆਰ ਟਾਈਲਾਂ ਕਾਫ਼ੀ ਮਜ਼ਬੂਤ ਤੇ ਵਧੀਆ ਹਨ। ਨਾਲ ਹੀ ਇਹ ਟਾਈਲਾਂ ਵਾਟਰਪਰੂਫ਼ ਅਤੇ ਹੀਟਪਰੂਫ਼ ਵੀ ਹਨ।
ਉਹ ਕਹਿੰਦੇ ਹਨ ਕਿ ਵਿਦੇਸ਼ਾਂ, ਖ਼ਾਸ ਤੌਰ ’ਤੇ ਦੁਬਈ ਵਰਗੇ ਮੁਲਕਾਂ ਵਿੱਚ ਵੀ ਪਰਾਲੀ ਤੋਂ ਤਿਆਰ ਟਾਈਲਾਂ ਐਕਸਪੋਰਟ ਕੀਤੀਆਂ ਜਾ ਸਕਦੀਆਂ ਹਨ।
ਉਹ ਕਹਿੰਦੇ ਹਨ, ‘‘ਇਸ ਦਾ ਨਿਰੀਖਣ ਵੀ ਕੀਤਾ ਜਾ ਚੁੱਕਿਆ ਹੈ। ਉੱਥੋਂ ਦੇ ਮੌਸਮ ਮੁਤਾਬਕ ਇਸ ਦੀ ਮੰਗ ਹੋਵੇਗੀ। ਜਿੱਥੇ ਵੀ ਗਰਮੀ ਜ਼ਿਆਦਾ ਹੋਵੇਗੀ, ਉੱਥੇ ਇਸ ਦੀ ਮੰਗ ਵਧੇਰੇ ਹੋਵੇਗੀ।’’
‘‘ਇੱਕ ਹੋਰ ਪੱਖ ਵੀ ਹੈ ਕਿ ਦੁਬਈ ਵਰਗਾ ਦੇਸ਼ ਬੂਟੇ ਲਗਾਉਣ ਲਈ ਮਿੱਟੀ ਇੰਪੋਰਟ ਕਰ ਰਿਹਾ ਹੈ ਜਦਕਿ ਇਸ ਪਰਾਲੀ ਦੀ ਟਾਈਲ ਦੀ ਵਰਤੋਂ ਨਾਲ ਸਾਲਾਂ ਬਾਅਦ ਇਸ ਦੀ ਰਹਿੰਦ-ਖੁੰਹਦ ਨੂੰ ਮਿੱਟੀ ਦੇ ਤੌਰ ’ਤੇ ਵਰਤਿਆ ਜਾ ਸਕਦਾ ਹੈ।’’
ਪਰਮਿੰਦਰ ਕਹਿੰਦੇ ਹਨ ਕਿ ਜਿਹੜੀਆਂ ਜਿਪਸਮ ਟਾਈਲਾਂ ਤਿਆਰ ਹੋ ਰਹੀਆਂ ਹਨ, ਉਨ੍ਹਾਂ ਦੀ ਮਾਰਕਿਟ ਕਰੋੜਾਂ ਦੀ ਹੈ।
ਇਸ ਬਾਰੇ ਉਹ ਕਹਿੰਦੇ ਹਨ, ‘‘ਜੇ ਮਿੱਟੀ ਵਰਗੀ ਜਿਪਸਮ ਟਾਈਲ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵਿੱਕ ਸਕਦੀ ਹੈ ਤਾਂ ਸਾਡੀ ਪਰਾਲੀ ਕਿਉਂ ਨਹੀਂ।’’
ਸਿਰਫ਼ ਪਰਾਲੀ ’ਤੇ ਹੀ ਨਿਰਭਰ ਨਹੀਂ ਪ੍ਰੋਜੈਕਟ

ਪਰਾਲੀ ਨਾਲ ਫ਼ੈਲ ਰਹੇ ਪ੍ਰਦੂਸ਼ਣ ਨੂੰ ਲੈ ਕੇ ਅਦਾਲਤਾਂ ਵੀ ਸਖ਼ਤ ਹੋਈਆਂ ਹਨ। ਇਸ ਲਈ ਪਰਮਿੰਦਰ ਸਿੰਘ ਨੇ ਆਪਣੀ ਸੋਚ ਅਤੇ ਪ੍ਰੋਜੈਕਟ ’ਚ ਕੁਝ ਤਬਦੀਲੀ ਕੀਤੀ ਹੈ।
ਪਰਮਿੰਦਰ ਸਿੰਘ ਕਹਿੰਦੇ ਹਨ ਕਿ ਜਦੋਂ ਇਹ ਸਾਹਮਣੇ ਆਇਆ ਕਿ ਮਾਣਯੋਗ ਅਦਾਲਤ ਵੱਲੋਂ ਪਰਾਲੀ ਨਾਲ ਫੈਲ ਰਹੇ ਪ੍ਰਦੂਸ਼ਣ ਨੂੰ ਗੰਭੀਰ ਲੈਂਦਿਆਂ ਝੋਨੇ ਤੋਂ ਐਮਐਸਪੀ ਹਟਾਉਣ ਅਤੇ ਇਸ ਮੁੱਦੇ ’ਤੇ ਸਖ਼ਤ ਰੁਖ਼ ਅਪਣਾਇਆ ਤਾਂ ਇਸ ਗੱਲ ਨੇ ਉਨ੍ਹਾਂ ਦਾ ਧਿਆਨ ਖਿੱਚਿਆ।
ਪਰਮਿੰਦਰ ਸਿੰਘ ਨੇ ਕਿਹਾ, ‘‘ਆਉਣ ਵਾਲੇ ਸਮੇਂ ’ਚ ਜੇ ਝੋਨੇ ਦੀ ਕਾਸ਼ਤ ਘੱਟ ਹੁੰਦੀ ਹੈ ਤਾਂ ਮੇਰੇ ਪ੍ਰੋਜੈਕਟ ’ਤੇ ਖਾਸ ਫ਼ਰਕ ਨਹੀਂ ਹੋਵੇਗਾ ਕਿਉਂਕਿ ਮਸ਼ੀਨਾਂ ਹੀ ਇਸ ਢੰਗ ਨਾਲ ਡਿਜ਼ਾਈਨ ਕੀਤੀਆਂ ਹਨ ਕਿ ਜੇ ਪਰਾਲੀ ਨਹੀਂ ਵੀ ਹੋਵੇਗੀ ਤਾਂ ਹੋਰ ਤਰ੍ਹਾਂ ਦੇ ਰਹਿੰਦ-ਖੁੰਹਦ ਜਿਵੇ ਕਿ ਤੂੜੀ ਜਾਂ ਰਬੜ ਆਦਿ ਤੋਂ ਵੀ ਕਈ ਉਤਪਾਦ ਤਿਆਰ ਕੀਤੇ ਜਾ ਸਕਦੇ ਹਨ।’’
ਜੀ -20 ਐਕਸਪੋ ’ਚ ਵੀ ਲਗਾਈ ਸੀ ਪ੍ਰਦਰਸ਼ਨੀ

ਪਰਮਿੰਦਰ ਦੱਸਦੇ ਹਨ ਕਿ ਉਨ੍ਹਾਂ ਵੱਲੋਂ ਪਰਾਲੀ ਨੂੰ ਪ੍ਰੋਸੇਸ ਕਰਨ ਦੇ ਪ੍ਰੋਜੈਕਟ ਨੂੰ ਲਿਆਉਣ ਲਈ ਪੰਜ ਸਾਲ ਪਹਿਲਾਂ ਸ਼ੁਰੂਆਤ ਕੀਤੀ ਗਈ ਸੀ।
ਇਸ ਲਈ ਪਹਿਲਾਂ ਉਨ੍ਹਾਂ ਵੱਲੋਂ ਕਈ ਤਰ੍ਹਾਂ ਦੇ ਨਿਰੀਖਣ ਕੀਤੇ ਗਏ।
ਪਹਿਲਾਂ ਪਰਮਿੰਦਰ ਦੀ ਸੋਚ ਸੀ ਕਿ ਰਬੜ ਅਤੇ ਪਰਾਲੀ ਨਾਲ ਫਲੋਰ ਟਾਈਲ ਬਣਾਈਆਂ ਜਾਣ, ਪਰ ਉਸ ’ਚ ਉਹ ਸਫ਼ਲਤਾ ਨਹੀਂ ਮਿਲੀ ਜਿਸ ਦੀ ਉਨ੍ਹਾਂ ਨੂੰ ਉਮੀਦ ਸੀ।
ਹਾਲਾਂਕਿ ਇਸ ਤੋਂ ਬਾਅਦ ਪਰਮਿੰਦਰ ਨੇ ਹਾਰ ਨਹੀਂ ਮੰਨੀ ਅਤੇ ਮਿਹਨਤ ਲਗਾਤਾਰ ਜਾਰੀ ਰਹੀ।
ਇਸੇ ਸਾਲ ਮਾਰਚ ਮਹੀਨੇ ਵਿੱਚ ਉਨ੍ਹਾਂ ਵਲੋਂ ਪਰਾਲੀ ਤੋਂ ਤਿਆਰ ਉਤਪਾਦ ਜੀ-20 ਐਕਸਪੋ ਦੀ ਪ੍ਰਦਰਸ਼ਨੀ ਵਿੱਚ ਸ਼ਾਮਲ ਸਨ।
ਪਰਮਿੰਦਰ ਮੁਤਾਬਕ ਇਸ ਸੰਮੇਲਨ ਵਿੱਚ ਇਹਨਾਂ ਉਤਪਾਦਾਂ ਨੂੰ ਲੋਕਾਂ ਨੇ ਸਰਾਹਿਆ ਅਤੇ ਇਸ ਨਾਲ ਉਨ੍ਹਾਂ ਨੂੰ ਹੋਰ ਹੌਂਸਲਾ ਮਿਲਿਆ। ਇਹੀ ਨਹੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਇਸ ਪ੍ਰਯੋਗ ਨੂੰ ਹੋਰ ਅੱਗੇ ਲੈ ਕੇ ਜਾਣ ਲਈ ਪੰਜ ਲੱਖ ਰੁਪਏ ਵੀ ਦਿੱਤੇ ਗਏ।
ਇਸ ਤੋਂ ਬਾਅਦ ਪਰਮਿੰਦਰ ਨੂੰ ਹੋਰ ਪ੍ਰਦਰਸ਼ਨੀਆਂ ਲਈ ਵੀ ਸੱਦਾ ਆਇਆ।
‘ਵੱਡੀ ਇੰਡਸਟਰੀ ਦਾ ਟੀਚਾ, ਪਰ ਡਰ ਵੀ’

ਪਰਮਿੰਦਰ ਸਿੰਘ ਦਾ ਦਾਅਵਾ ਹੈ ਕਿ ਇਸ ਤਰ੍ਹਾਂ ਦੀ ਇੰਡਸਟਰੀ ਪੂਰੇ ਭਾਰਤ ’ਚ ਹੁਣ ਤੱਕ ਨਹੀਂ ਹੈ ਅਤੇ ਇਸ ਲਈ ਉਨ੍ਹਾਂ ਵਲੋਂ ਟ੍ਰੇਡ ਮਾਰਕ ਅਤੇ ਆਪਣੇ ਉਤਪਾਦਾਂ ਨੂੰ ਪੇਟੇਂਟ ਕਰਵਾਉਣ ਲਈ ਵੀ ਅਪਲਾਈ ਕੀਤਾ ਗਿਆ ਹੈ।
ਆਪਣੇ ਟੀਚੇ ਬਾਰੇ ਦੱਸਦੇ ਹੋਏ ਪਰਮਿੰਦਰ ਕਹਿੰਦੇ ਹਨ, ‘‘ਇਹੀ ਟੀਚਾ ਹੈ ਕਿ ਵੱਡੀ ਇੰਡਸਟਰੀ ਲਗਾਈ ਜਾਵੇ ਪਰ ਮਨ ’ਚ ਡਰ ਵੀ ਹੈ, ਕਿਉਕਿ ਸ਼ੁਰੂਆਤੀ ਤੌਰ ’ਤੇ ਕਰੀਬ 2 ਕਰੋੜ ਰੁਪਏ ਦਾ ਖਰਚਾ ਹੋਵੇਗਾ।’’
‘‘ਜੇ ਸਰਕਾਰਾਂ ਸਾਥ ਦੇਣ ਤਾਂ ਆਪਣਾ ਟੀਚਾ ਜਲਦ ਪੂਰਾ ਕਰ ਸਕਦਾ ਹਾਂ।’’
ਪਰਮਿੰਦਰ ਦਾ ਇਹ ਵੀ ਕਹਿਣਾ ਹੈ ਕਿ ਹੁਣ ਉਹ ਪਿੱਛੇ ਨਹੀਂ ਹਟਣਗੇ ਭਾਵੇਂ ਦੋ ਸਾਲ ਹੋਰ ਲੱਗ ਜਾਣ ਇੰਡਸਟਰੀ ਤਾਂ ਜ਼ਰੂਰ ਸ਼ੁਰੂ ਹੋਵੇਗੀ।
ਸੁਪਰੀਮ ਕੋਰਟ ਦੀ ਟਿੱਪਣੀ

ਤਸਵੀਰ ਸਰੋਤ, Getty Images
ਦਿੱਲੀ ’ਚ ਵੱਧਦੇ ਪ੍ਰਦੂਸ਼ਣ ਨੂੰ ਦੇਖਦਿਆਂ ਸੁਪਰੀਮ ਕੋਰਟ ਨੇ ਪਰਾਲੀ ਸਾੜਨ ਨੂੰ ਲੈ ਕੇ ਸਖ਼ਤ ਟਿੱਪਣੀ ਕੀਤੀ ਹੈ।
ਸੁਪਰੀਮ ਕੋਰਟ ਨੇ ਕਿਹਾ ਕਿ ਜੋ ਕਿਸਾਨ ਪਰਾਲੀ ਸਾੜਦੇ ਹਨ, ਉਨ੍ਹਾਂ ਨੂੰ ਫਸਲਾਂ ਦੀ ਐੱਮਐੱਸਪੀ ਨਾ ਦਿੱਤੀ ਜਾਵੇ।
ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਗਰੀਬ ਕਿਸਾਨਾਂ ਨੂੰ ਬੇਲਰ ਮਸ਼ੀਨਾਂ ਉੱਤੇ ਪੂਰੀ ਸਬਸਿਡੀ ਦਿੱਤੀ ਜਾਵੇ।
ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਹੈ ਕਿ ਪਰਾਲੀ ਤੋਂ ਵੱਖ-ਵੱਖ ਉਤਪਾਦਾਂ ਨੂੰ ਬਣਾਉਣ ਲਈ ਵਿੱਤੀ ਸਹਾਇਤਾ ਦਿੱਤੀ ਜਾਵੇ।













