ਮਿਸ ਯੂਨੀਵਰਸ ਮੁਕਾਬਲਾ: ਜਦੋਂ ਸਵਿਮ ਸੂਟ ਪਾਉਣ ਦੀ ਵਾਰੀ ਆਈ ਤਾਂ ਪਾਕਿਸਤਾਨ ਦੀ ਏਰਿਕਾ ਦਾ ਇਹ ਪਹਿਰਾਵਾ ਰਿਹਾ

ਤਸਵੀਰ ਸਰੋਤ, Getty Images
ਪਾਕਿਸਤਾਨ ਤੋਂ ਪਹਿਲੀ ਵਾਰ ਕਿਸੇ ਕੁੜੀ ਨੇ ਮਿਸ ਯੁਨੀਵਰਸ ਮੁਕਾਬਲੇ ਵਿੱਚ ਹਿੱਸਾ ਲਿਆ ਹੈ।
ਜਦੋਂ ਏਰਿਕਾ ਰੌਬਿਨ ਆਮਤ-ਵਿਸ਼ਵਾਸ ਨਾਲ ਭਰੇ ਮੰਚ ’ਤੇ ਚੱਲ ਰਹੇ ਸਨ ਤਾਂ ਤਾੜੀਆਂ ਦੀ ਗੂੰਜ ਵਿੱਚ ਉਨ੍ਹਾਂ ਦਾ ਤਾਅਰੁਫ਼ ਕਵਾਉਂਦਿਆਂ ਕਿਹਾ ਜਾ ਰਿਹਾ ਸੀ,“ ਏਰਿਕਾ ਰੌਬਿਨ ਆਪਣੇ ਦੇਸ਼ ਅਤੇ ਦੁਨੀਆ ਭਰ ਦੀਆਂ ਔਰਤਾਂ ਲਈ ਬਰਾਬਰ ਦੇ ਮੌਕਿਆਂ ਅਤੇ ਬਿਹਤਰ ਸਿੱਖਿਆ ਦੇ ਅਧਿਕਾਰ ਦਾ ਸਮਰਥਨ ਕਰਦੇ ਹਨ।”
“25 ਸਾਲਾਂ ਦੇ ਏਰਿਕਾ ਸੰਗੀਤ ਅਤੇ ਸੈਰ-ਸਪਾਟੇ ਵਿੱਚ ਦਿਲਚਸਪੀ ਰੱਖਦੇ ਹਨ ਅਤੇ ਅਲ ਸੈਲਵਾਡੋਰ ਦੇ ਸੱਭਿਆਚਾਰ, ਭੋਜਨ ਅਤੇ ਕੁਦਰਤ ਦਾ ਆਨੰਦ ਲੈ ਰਹੇ ਹਨ।”
ਇਸ ਸਾਲ ਮਿਸ ਯੂਨੀਵਰਸ ਦੀ ਦੌੜ ਵਿੱਚ ਕੁੱਲ ਨੱਬੇ ਸੁੰਦਰੀਆਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚ ਸ਼ੁਮਾਰ ਪਾਕਿਸਤਾਨੀ ਮਾਡਲ ਅਤੇ ਫੈਸ਼ਨ ਆਈਕਨ ਏਰਿਕਾ ਰੌਬਿਨ ਆਪਣੇ ਵੱਖਰੇ ਅੰਦਾਜ਼ ਅਤੇ ਪਾਕਿਸਤਾਨੀ ਸੱਭਿਆਚਾਰ ਦੇ ਰੰਗਾਂ ਵਿੱਚ ਢਲੇ ਪਹਿਰਾਵੇ ਕਰਕੇ ਸੁਰਖ਼ੀਆਂ ਵਿੱਚ ਹਨ।
ਮਿਸ ਯੂਨੀਵਰਸ ਮੁਕਾਬਲੇ ਦੇ ਵੱਖ-ਵੱਖ ਸੈਗਮੈਂਟਸ ਤੋਂ ਬਾਅਦ, ਇਸ ਦਾ ਫਾਈਨਲ 18 ਨਵੰਬਰ ਦੀ ਸ਼ਾਮ ਨੂੰ ਅਲ ਸਲਵਾਡੋਰ ਵਿੱਚ ਹੋਇਆ।

ਤਸਵੀਰ ਸਰੋਤ, Getty Images
ਨਿਕਾਰਾਗੁਆ ਦੀ ਸ਼ੋਨਿਸ ਪਲਾਸੀਓ 'ਮਿਸ ਯੂਨੀਵਰਸ 2023' ਚੁਣੀ ਗਏ ਹਨ।
ਇਸ ਤੋਂ ਪਹਿਲਾਂ ਮੁਕਾਬਲੇ ਦੌਰਾਨ ਮਿਸ ਯੂਨੀਵਰਸ ਦੇ 'ਫੁੱਲ ਈਵਨਿੰਗ ਗਾਊਨ' ਸੈਗਮੈਂਟ 'ਚ ਏਰਿਕਾ ਰੌਬਿਨ ਨੇ ਚਿੱਟੇ ਅਤੇ ਸਿਲਵਰ ਰੰਗ ਦਾ ਗਾਊਨ ਪਾਇਆ ਹੋਇਆ ਸੀ ਅਤੇ ਸਿਰ ਝਿਲਮਿਲਾਉਂਦੇ ਨੈੱਟ ਦੁਪੱਟੇ ਨਾਲ ਢੱਕਿਆ ਹੋਇਆ ਸੀ।
ਐਲ ਸੈਲਵਾਡੋਰ 'ਚ ਚੱਲ ਰਹੇ ਮਿਸ ਯੂਨੀਵਰਸ ਮੁਕਾਬਲੇ 'ਚ ਮੌਜੂਦ ਏਰਿਕਾ ਰੌਬਿਨ 'ਮਿਸ ਯੂਨੀਵਰਸ' 'ਚ ਪਾਕਿਸਤਾਨ ਦੀ ਪ੍ਰਤੀਨਿਧਤਾ ਕਰਨ ਵਾਲੀ ਪਹਿਲੀ ਮਹਿਲਾ ਹੈ।
ਇਸ ਸੈਗਮੈਂਟ 'ਚ ਏਰਿਕਾ ਦੀ ਡਰੈੱਸ ਨੂੰ 'ਨੰਬਰ ਵਨ' ਦਾ ਨਾਮ ਦਿੱਤਾ ਗਿਆ। ਏਰਿਕਾ ਨੇ ਇਸ ਨੂੰ ਆਪਣੀ ਪਛਾਣ ਵੀ ਦੱਸਿਆ ਹੈ।
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਲਿਬਾਸ ਬਾਰੇ ਲਿਖਿਆ ਹੈ, ''ਮੇਰੀ ਜ਼ਿੰਦਗੀ 'ਚ ‘ਨੰਬਰ ਵਨֹ’ ਬਹੁਤ ਅਹਿਮੀਅਤ ਰੱਖਦਾ ਹੈ। ਮੈਂ ਆਪਣੇ ਪਿਆਰੇ ਦੇਸ਼ ਪਾਕਿਸਤਾਨ ਦੀ ਇੱਕ ਫ਼ੀਸਦ ਤੋਂ ਘੱਟ ਗਿਣਤੀ ਨਾਲ ਸਬੰਧਤ ਹਾਂ, ਸਾਡੇ ਝੰਡੇ ਵਿੱਚ ਸਫ਼ੇਦ ਰੰਗ ਇਸੇ ਦਾ ਪ੍ਰਤੀਕ ਹੈ।”
ਏਰਿਕਾ ਮੁਤਾਬਕ, "ਮੈਂ ਪਹਿਲੀ ਮਿਸ ਯੂਨੀਵਰਸ ਪਾਕਿਸਤਾਨ ਬਣੀ ਹਾਂ ਅਤੇ ਇੱਥੇ ਖੜ੍ਹ ਕੇ ਆਪਣੇ ਭਾਈਚਾਰੇ ਦੀ ਆਵਾਜ਼ ਬਣਨਾ ਮੇਰੇ ਲਈ ਮਾਣ ਅਤੇ ਸਨਮਾਨ ਵਾਲੀ ਗੱਲ ਹੈ।"

ਤਸਵੀਰ ਸਰੋਤ, Getty Images
ਆਪਣੇ ਭਾਈਚਾਰੇ ਦੀ ਆਵਾਜ਼ ਬਣਨ ਦਾ ਮਾਣ
ਈਸਾਈ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਏਰਿਕਾ ਰੌਬਿਨ ਮਿਸ ਯੂਨੀਵਰਸ ਮੁਕਾਬਲੇ ਵਿੱਚ ਹਿੱਸਾ ਲੈਣ ਅਤੇ ਮਿਸ ਯੂਨੀਵਰਸ ਪਾਕਿਸਤਾਨ ਦਾ ਖਿਤਾਬ ਜਿੱਤਣ ਲਈ ਬਹੁਤ ਉਤਸ਼ਾਹਿਤ ਸਨ।
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਬਾਰੇ ਲਿਖਿਆ ਹੈ,"ਜਦੋਂ ਮੈਂ ਛੋਟੀ ਸੀ, ਮੈਂ ਹਮੇਸ਼ਾ ਮਿਸ ਯੂਨੀਵਰਸ ਮੁਕਾਬਲੇ ਦੇਖ ਕੇ ਸੋਚਦੀ ਸੀ ਕਿ ਪਾਕਿਸਤਾਨ ਦੀ ਕੋਈ ਔਰਤ ਆਪਣੀ ਤਰ੍ਹਾਂ ਦੇ ਸ਼ਾਨਦਾਰ ਓਲੰਪਿਕ ਵਿੱਚ ਹਿੱਸਾ ਕਿਉਂ ਨਹੀਂ ਲੈ ਸਕਦੀ, ਪਰ ਮੈਂਨੂੰ ਦਿਲ ਵਿੱਚ ਇਹ ਵੀ ਭਰੋਸਾ ਸੀ ਕਿ ਕੁਝ ਵੀ ਅਸੰਭਵ ਨਹੀਂ ਹੈ।"
"ਹੁਣ ਮਿਸ ਯੂਨੀਵਰਸ ਪਾਕਿਸਤਾਨ ਦਾ ਖਿਤਾਬ ਜਿੱਤਣ ਅਤੇ ਆਪਣੇ ਪਲੇਟਫ਼ਾਰਮ ਨੂੰ ਚੰਗੇ ਅਤੇ ਸਕਾਰਾਤਮਕ ਬਦਲਾਅ ਲਈ ਇਸਤੇਮਾਲ ਕਰਨ ਤੋਂ ਬਾਅਦ, ਮੈਨੂੰ ਪੱਕਾ ਯਕੀਨ ਹੋ ਗਿਆ ਹੈ ਕਿ ਸੁਪਨੇ ਸਾਕਾਰ ਹੁੰਦੇ ਹਨ।"
ਅਮਰੀਕਾ 'ਚ ਚੱਲ ਰਹੇ ਮਿਸ ਯੂਨੀਵਰਸ 2023 ਮੁਕਾਬਲੇ ਦੇ ਵੱਖ-ਵੱਖ ਪੜਾਵਾਂ 'ਚ ਏਰਿਕਾ ਰੌਬਿਨ ਪਾਕਿਸਤਾਨ ਦੇ ਸੱਭਿਆਚਾਰ ਨੂੰ ਉਜਾਗਰ ਕਰਦੇ ਰਹੇ ਹਨ।

ਤਸਵੀਰ ਸਰੋਤ, @ERICAROBIN_OFFICIAL
ਪਾਕਿਸਤਾਨੀ ਸੱਭਿਆਚਾਰ ਦੇ ਰੰਗਾਂ ਨਾਲ ਰੰਗੇ ਹੋਏ ਆਕਰਸ਼ਕ ਲਿਬਾਸ
ਮਿਸ ਯੂਨੀਵਰਸ ਦੇ ਨੈਸ਼ਨਲ ਕਲਚਰਲ ਸ਼ੋਅ ਦੌਰਾਨ ਏਰਿਕਾ ਰੌਬਿਨ ਨੂੰ ਚੋਲੀ ਅਤੇ ਘੱਗਰੇ ਵਿੱਚ ਦੇਖਿਆ ਗਿਆ। ਉਨ੍ਹਾਂ ਨੇ ਕਾਲੇ ਅਤੇ ਗੁਲਾਬੀ ਰੰਗ ਦੇ ਪਹਿਰਾਵੇ ਦੇ ਨਾਲ ਇੱਕ ਲੰਬਾ ਰਵਾਇਤੀ ਦੁਪੱਟਾ ਵੀ ਲਿਆ ਹੋਇਆ ਸੀ।
ਇਸ ਦੌਰਾਨ ਜਦੋਂ ਵੱਡੀ ਸਾਰੀ ਪੱਖੀ ਹੱਥ ਵਿੱਚ ਚੁੱਕੀ ਏਰਿਕਾ ਸਟੇਜ 'ਤੇ ਤੁਰੇ ਤਾਂ ਉਨ੍ਹਾਂ ਦੇ ਵਾਲਾਂ 'ਚ ਸਜੇ ਗਹਿਣੇ ਪਾਕਿਸਤਾਨ ਦੇ ਵੱਖ-ਵੱਖ ਸੱਭਿਆਚਾਰਾਂ ਦੇ ਰੰਗਾਰੰਗ ਅਤੇ ਆਕਰਸ਼ਕ ਅੰਦਾਜ਼ ਨੂੰ ਦੁਨੀਆ ਪੇਸ਼ ਕਰ ਰਹੇ ਸਨ।
ਖ਼ੂਬਸੂਰਤ ਏਰਿਕਾ ਦੇ ਸ਼ਾਨਦਾਰ ਅੰਦਾਜ਼ ਅਤੇ ਆਕਰਸ਼ਕ ਕੱਪੜਿਆਂ ਨੇ ਸੋਸ਼ਲ ਮੀਡੀਆ 'ਤੇ ਵੀ ਧੂੰਮ ਮਚਾਈ।
ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ, ਮੁਸ਼ਕ ਨਾਮ ਦੇ ਇੱਕ ਯੂਜ਼ਰ ਨੇ ਨਾ ਸਿਰਫ ਉਨ੍ਹਾਂ ਦੇ ਚਿੱਟੇ ਗਾਊਨ ਦੀ ਪ੍ਰਸ਼ੰਸਾ ਕੀਤੀ ਬਲਕਿ ਇਨ੍ਹਾਂ ਸ਼ਬਦਾਂ ਵਿੱਚ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਵੀ ਕੀਤੀ, "ਏਰਿਕਾ ਸਾਰੇ ਪਹਿਰਾਵਿਆਂ ਵਿੱਚ ਵਿੱਚ ਬਹੁਤ ਖ਼ੂਬਸੂਰਤ ਲੱਗ ਰਹੀ ਸੀ ਪਰ ਉਹ ਸਫੈਦ ਗਾਊਨ ਵਿੱਚ ਇੱਕ ਪਰੀ ਲੱਗ ਰਹੀ ਸੀ ਅਤੇ ਉਸ ਨੂੰ ਕੌਮਾਂਤਰੀ ਪੱਧਰ ’ਤੇ ਤਾਰੀਫ਼ ਵੀ ਮਿਲੀ ਹੈ।"

ਆਇਸ਼ਾ ਮੁਗਲ ਨਾਮ ਦੇ ਯੂਜ਼ਰ ਨੇ ਏਰਿਕਾ ਦੀ ਪ੍ਰਤੀਨਿਧਤਾ ਨੂੰ ਪਾਕਿਸਤਾਨ ਲਈ ਮਾਣ ਵਾਲੀ ਗੱਲ ਦੱਸਿਆ।
"ਮਿਸ ਯੂਨੀਵਰਸ ਮੁਕਾਬਲੇ ਵਿੱਚ ਸਾਡੀ ਪਹਿਲੀ ਮਿਸ ਪਾਕਿਸਤਾਨ ਨੂੰ ਦੇਸ਼ ਦੀ ਨੁਮਾਇੰਦਗੀ ਕਰਦੇ ਹੋਏ ਦੇਖਕੇ ਖੁਸ਼ੀ ਹੋਈ ਹੈ।"
"ਮੈਨੂੰ ਆਸ ਹੈ ਕਿ ਅਸੀਂ ਆਪਣੀਆਂ ਕੁੜੀਆਂ ਦਾ ਉਸੇ ਤਰ੍ਹਾਂ ਸਮਰਥਨ ਅਤੇ ਮਦਦ ਕਰ ਸਕਦੇ ਹਾਂ ਜਿਸ ਤਰ੍ਹਾਂ ਅਸੀਂ ਕੌਮਾਂਤਰੀ ਮੁਕਾਬਲਿਆਂ ਦੌਰਾਨ ਆਪਣੇ ਮਰਦਾਂ ਦਾ ਸਮਰਥਨ ਕਰਦੇ ਹਾਂ।"

ਤਸਵੀਰ ਸਰੋਤ, Getty Images
ਕਾਫ਼ਤਾਨ ਵਰਗਾ ਸਵਿਮ-ਸੂਟ
ਏਰਿਕਾ ਨੂੰ ਦੁਨੀਆ ਭਰ ਦੀਆਂ ਔਰਤਾਂ ਸਮੇਤ ਸਾਰੇ ਭਾਈਚਾਰਿਆਂ ਤੋਂ ਪ੍ਰਸ਼ੰਸਾ ਮਿਲ ਰਹੀ ਹੈ ਅਤੇ ਇਸ ਦਾ ਕਾਰਨ ਇਹ ਹੈ ਕਿ ਉਹ ਪਾਕਿਸਤਾਨ ਵਰਗੇ ਰਵਾਇਤੀ ਸਮਾਜ ਤੋਂ ਆ ਕੇ ਅਤੇ ਸੁੰਦਰਤਾ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੈ।
ਮਾਹਰਾਂ ਮੁਤਾਬਕ, ਉਨ੍ਹਾਂ ਨੇ ਹਰ ਸੈਗਮੈਂਟ ਵਿੱਚ ਕੱਪੜਿਆਂ ਦੀ ਬਿਹਤਰੀਨ ਵਰਤੋਂ ਕਰਕੇ ਨਾ ਸਿਰਫ਼ ਪਾਕਿਸਤਾਨ ਬਲਕਿ ਦੁਨੀਆ ਨੂੰ ਹੈਰਾਨ ਕਰ ਦਿੱਤਾ।
ਅਜਿਹਾ ਹੀ ਇੱਕ ਸੈਗਮੈਂਟ ਸੀ ਜਿਸ ਵਿੱਚ ਸੁੰਦਰੀਆਂ ਨੇ ਸਵਿਮ-ਸੂਟ ਪਹਿਨੇ ਸਨ। ਇਸ ਮੌਕੇ ਏਰਿਕਾ ਨੇ ਕਾਫ਼ਤਾਨ (ਮੋਢੇ ਤੋਂ ਪੈਰਾਂ ਤੱਕ ਇੱਕ ਕਿਸਮ ਦਾ ਪਹਿਰਾਵਾ) ਵਰਗਾ ਇੱਕ ਹਲਕਾ ਗੁਲਾਬੀ ਸਵਿਮਿੰਗ ਸੂਟ ਪਾਇਆ ਸੀ। ਜਿਸ ਵਿੱਚ ਉਨ੍ਹਾਂ ਦਾ ਸਰੀਰ ਪੂਰੀ ਤਰ੍ਹਾਂ ਢੱਕਿਆ ਹੋਇਆ ਸੀ।
ਏਰਿਕਾ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਸੰਭਵ ਹੈ ਕਿ ਉਨ੍ਹਾਂ ਦੇ ਸਵਿਮਿੰਗ ਦੇ ਇਸ ਲਿਬਾਸ ਨੇ ਉਨ੍ਹਾਂ ਲੋਕਾਂ ਨੂੰ ਜਵਾਬ ਦੇ ਦਿੱਤਾ ਜੋ ਉਨ੍ਹਾਂ ਦੇ ਚੁਣੇ ਜਾਣ ਦਾ ਸਖ਼ਤ ਵਿਰੋਧ ਕਰ ਰਹੇ ਸਨ।
ਮੁਕਾਬਲੇ ਤੋਂ ਪਹਿਲਾਂ ਬੀਬੀਸੀ ਨਾਲ ਗੱਲ ਕਰਦੇ ਹੋਏ ਏਰਿਕਾ ਰੌਬਿਨ ਨੇ ਕਿਹਾ ਸੀ, "ਮੈਨੂੰ ਲੱਗਦਾ ਹੈ ਕਿ ਉਹ (ਵਿਰੋਧ ਨਰ ਵਾਲੇ) ਸਮਝਦੇ ਹਨ ਕਿ ਮੈਂ ਪੁਰਸ਼ਾਂ ਨਾਲ ਭਰੇ ਕਮਰੇ ਵਿੱਚ ਸਵਿਮਿੰਗ ਸੂਟ ਵਿੱਚ ਪਰੇਡ ਕਰਾਂਗੀ।"

ਤਸਵੀਰ ਸਰੋਤ, @ERICAROBIN_OFFICIAL
ਏਰਿਕਾ ਨੂੰ ਆਪਣੇ ਹੀ ਦੇਸ਼ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ
ਇਹ ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ਦੇ ਰੂੜੀਵਾਦੀ ਸਮਾਜ ਦੀ ਕਿਸੇ ਔਰਤ ਨੇ ਇਨ੍ਹਾਂ ਕੌਮਾਂਤਰੀ ਸੁੰਦਰਤਾ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੈ।
ਮਿਸ ਯੂਨੀਵਰਸ ਪ੍ਰਤੀਯੋਗਿਤਾਵਾਂ ਤੱਕ ਪਹੁੰਚਣ ਦਾ ਸਫਰ ਏਰਿਕਾ ਲਈ ਸੌਖਾ ਨਹੀਂ ਸੀ ਅਤੇ ਉਨ੍ਹਾਂ ਖ਼ਿਲਾਫ਼ ਅਵਾਜ਼ਾਂ ਉਸੇ ਸਮੇਂ ਤੋਂ ਹੀ ਉਠਣੀਆਂ ਸ਼ੁਰੂ ਹੋ ਗਈਆਂ ਸਨ ਜਦੋਂ ਉਨ੍ਹਾਂ ਦੀ ਇਨ੍ਹਾਂ ਮੁਕਾਬਲਿਆਂ ਲਈ ਚੁਣ ਹੋਈ ਸੀ।
ਈਸਾਈ ਧਰਮ ਨਾਲ ਸਬੰਧਤ 'ਮਿਸ ਯੂਨੀਵਰਸ ਪਾਕਿਸਤਾਨ' ਏਰਿਕਾ ਰੌਬਿਨ ਨੂੰ ਮਾਲਦੀਵ 'ਚ ਹੋਣ ਵਾਲੇ ਮੁੱਢਲੇ ਮੁਕਾਬਲਿਆਂ ਦੇ ਅੰਤਿਮ ਪੜਾਅ 'ਚ ਚੁਣੀਆਂ ਜਾਣ ਵਾਲੀਆਂ ਪੰਜ ਔਰਤਾਂ ਵਿੱਚੋਂ ਚੁਣਿਆ ਗਿਆ ਸੀ। ਪਰ ਜਦੋਂ ਇਹ ਖ਼ਬਰ ਸਾਹਮਣੇ ਆਈ ਤਾਂ ਏਰਿਕਾ ਨੂੰ ਉਨ੍ਹਾਂ ਦੇ ਆਪਣੇ ਹੀ ਦੇਸ਼ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਪਾਕਿਸਤਾਨ 'ਚ ਧਾਰਮਿਕ ਰੁਝਾਨ ਵਾਲੀ ਸਿਆਸੀ ਪਾਰਟੀ ਜਮਾਤ-ਏ-ਇਸਲਾਮੀ ਦੇ ਸੈਨੇਟਰ ਮੁਸ਼ਤਾਕ ਅਹਿਮਦ ਨੇ ਇਸ ਨੂੰ 'ਸ਼ਰਮਨਾਕ' ਕਿਹਾ ਹੈ, ਜਦਕਿ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਾਰੁਲ ਹੱਕ ਕਾਕੜ ਨੇ ਵੀ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਸਨ।
ਇੰਨਾ ਹੀ ਨਹੀਂ, ਉਨ੍ਹਾਂ ਦੇ ਇਸ ‘ਬੇਬਾਕ’ ਕਦਮ 'ਤੇ ਪਾਕਿਸਤਾਨੀ ਮਰਦਾਂ ਵਿਚਕਾਰ ਆਨਲਾਈਨ ਹੋਣ ਵਾਲੀ ਚਰਚਾ ਵੀ ਬਹੁਤ ਖਤਰਨਾਕ ਪੱਧਰ ਦੀ ਸੀ।

ਤਸਵੀਰ ਸਰੋਤ, Getty Images
ਪਾਕਿਸਤਾਨ ਦਾ ਪਛੜਿਆਪਣ?
ਏਰਿਕਾ ਰੌਬਿਨ ਜਿੱਥੇ ਇਸ ਚੋਣ ਨੂੰ ਆਪਣੇ ਲਈ ਸਨਮਾਨ ਸਮਝਦੇ ਹਨ, ਉੱਥੇ ਹੀ ਪਾਕਿਸਤਾਨ ਵਿੱਚ ਇਸ 'ਤੇ ਆਈ ਤਿੱਖੀ ਪ੍ਰਤੀਕਿਰਿਆ ਤੋਂ ਕਾਫ਼ੀ ਹੈਰਾਨ ਵੀ ਹਨ।
ਕੁਝ ਮਹੀਨੇ ਪਹਿਲਾਂ ਆਪਣੀ ਚੋਣ ਹੋਣ ਤੋਂ ਬਾਅਦ ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਸੀ, "ਮੈਂ ਪਾਕਿਸਤਾਨ ਦੀ ਨੁਮਾਇੰਦਗੀ ਕਰਕੇ ਬਹੁਤ ਖੁਸ਼ ਹਾਂ ਪਰ ਮੈਨੂੰ ਸਮਝ ਨਹੀਂ ਆ ਰਿਹਾ ਕਿ ਇੰਨੀ ਤਿੱਖ਼ੀ ਪ੍ਰਤੀਕਿਰਿਆ ਕਿੱਥੋਂ ਆ ਰਹੀ ਹੈ।"
ਏਰਿਕਾ ਕਰਾਚੀ ਦੇ ਸੇਂਟ ਪੈਟ੍ਰਿਕ ਹਾਈ ਸਕੂਲ ਤੋਂ ਪੜ੍ਹੇ ਹਨ ਅਤੇ ਗਵਨਮੈਂਟ ਕਾਲਜ ਆਫ਼ ਕਾਮਰਸ ਐਂਡ ਇਕਨਾਮਿਕਸ ਤੋਂ ਉਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੈ।
ਉਹ ਇਸ ਗੱਲ ਉੱਤੇ ਅੜੇ ਹੋਏ ਹਨ ਕਿ ਉਨ੍ਹਾਂ ਨੇ ਕੁਝ ਵੀ ਗ਼ਲਤ ਨਹੀਂ ਕੀਤਾ ਹੈ।
ਬੀਬੀਸੀ ਨਾਲ ਗੱਲ ਕਰਦੇ ਹੋਏ ਏਰਿਕਾ ਰੌਬਿਨ ਨੇ ਕਿਹਾ ਸੀ ਕਿ ਜ਼ੂਮ 'ਤੇ ਆਯੋਜਿਤ ਮੁਕਾਬਲੇ ਦੇ ਦੂਜੇ ਸਿਲੈਕਸ਼ਨ ਰਾਉਂਡ ਦੌਰਾਨ, ਉਨ੍ਹਾਂ ਨੂੰ ਇੱਕ ਚੀਜ਼ ਦਾ ਨਾਮ ਦੱਸਣ ਲਈ ਕਿਹਾ ਗਿਆ ਸੀ ਜੋ ਉਹ ਆਪਣੇ ਦੇਸ਼ ਲਈ ਕਰਨਾ ਚਾਹੁੰਦੇ ਸਨ।
"ਅਤੇ ਉਨ੍ਹਾਂ ਨੂੰ ਮੇਰਾ ਜਵਾਬ ਸੀ ਕਿ ਮੈਂ ਇਸ ਮਾਨਸਿਕਤਾ ਨੂੰ ਬਦਲਣਾ ਚਾਹੁੰਦੀ ਹਾਂ ਕਿ ਪਾਕਿਸਤਾਨ ਇੱਕ ਪਛੜਿਆ ਹੋਇਆ ਦੇਸ਼ ਹੈ।"












