ਨੂਰ ਇਨਾਇਤ ਖ਼ਾਨ ਦੀ ਕਹਾਣੀ ਜਿਸ ਦੇ ਦੁਸ਼ਮਣ ਦੀ ਗੋਲੀ ਲੱਗਣ ਤੋਂ ਪਹਿਲਾਂ ਆਖ਼ਰੀ ਸ਼ਬਦ ਸਨ 'ਆਜ਼ਾਦੀ'

ਨੂਰ ਇਨਾਇਤ

ਤਸਵੀਰ ਸਰੋਤ, SHRABANI BASU

ਤਸਵੀਰ ਕੈਪਸ਼ਨ, ਨੂਰ ਇਨਾਇਤ
    • ਲੇਖਕ, ਰੇਹਾਨ ਫ਼ਜ਼ਲ
    • ਰੋਲ, ਬੀਬੀਸੀ ਪੱਤਰਕਾਰ

16-17 ਜੂਨ, 1943 ਦੀ ਪੂਰਨਮਾਸ਼ੀ ਦੀ ਰਾਤ ਸੀ। ਬ੍ਰਿਟੇਨ ਦੇ ਟੈਂਗਮੇਅਰ ਤੋਂ ਦੋ ਛੋਟੇ ਲਾਇਸੈਂਡਾ ਜਹਾਜਾਂ ਨੇ ਫਰਾਂਸ ਲਈ ਉਡਾਣ ਭਰੀ।

ਉਸ ਜਹਾਜ਼ ਦੇ ਪਾਇਲਟ ਨੇ ਘੁੱਪ ਹਨੇਰੇ ਵਿੱਚ ਟੇਕ ਆਫ਼ ਕੀਤਾ। ਉਸ ਨੇ ਆਪਣੇ ਗੋਡਿਆਂ ਉੱਤੇ ਰੱਖੇ ਮੁੜੇ ਹੋਏ ਨਕਸ਼ੇ ਵਿੱਚ ਨਜ਼ਰ ਮਾਰਨ ਲਈ ਵੀ ਫਲੈਸ਼ ਲਾਈਟ ਦਾ ਇਸਤੇਮਾਲ ਨਹੀਂ ਕੀਤਾ।

ਉਸ ਜਹਾਜ਼ ਵਿੱਚ ਨਾ ਤਾਂ ਕੋਈ ਬੰਬ ਸੀ ਅਤੇ ਨਾ ਹੀ ਉਹ ਦੁਸ਼ਮਣ ਦੇ ਇਲਾਕਿਆਂ ਦੀ ਟੋਹ ਲੈਣ ਨਿਕਲਿਆ ਸੀ।

ਉਸ ਦਾ ਮਕਸਦ ਸੀ ਜਰਮਨੀ ਦੇ ਕਬਜ਼ੇ ਵਾਲੇ ਖੇਤਰਾਂ ਵਿੱਚ ਜਸੂਸਾਂ ਅਤੇ ਵਾਇਰਲੈਸ ਟਰਾਂਸਮੀਟਰ ਨੂੰ ਪਹੁੰਚਾਉਣਾ।

ਉਨ੍ਹਾਂ ਜਸੂਸਾਂ ਵਿੱਚੋਂ ਇੱਕ ਸਨ ਮਾਸਕੋ ਵਿੱਚ ਜੰਮੀ ਭਾਰਤੀ ਮੂਲ ਦੀ ਕੁੜੀ ਨੂਰ ਇਨਾਇਤ ਖ਼ਾਨ।

ਲਾਇਸੈਂਡਾ ਜਹਾਜ਼ਾਂ ਦੀ ਰਫ਼ਤਾਰ ਵੱਧ ਤੋਂ ਵੱਧ 212 ਕਿਲੋਮੀਟਰ ਪ੍ਰਤੀ ਘੰਟੇ ਦੀ ਸੀ।

ਰਾਤ ਦੇ ਹਨੇਰੇ ਵਿੱਚ ਇੰਗਲੈਂਡ ਦੇ ਗੁਪਤ ਟਿਕਾਣੇ ਟੈਂਗਮੇਅਰ ਤੋਂ ਉਡਾਣ ਭਰ ਕੇ ਉਹ ਡੇਢ ਘੰਟਿਆਂ ਵਿੱਚ ਫਰਾਂਸ ਦੇ ਉਨ੍ਹਾਂ ਖੇਤਾਂ ਵਿੱਚ ਪਹੁੰਚ ਗਿਆ ਜਿੱਥੇ ਗਾਵਾਂ ਚਰਦੀਆਂ ਸਨ ਅਤੇ ਕਿਸਾਨ ਆਪਣੀ ਫ਼ਸਲ ਉਗਾਉਂਦੇ ਸੀ।

ਇਹ ਹਵਾਈ ਜਹਾਜ਼ ਆਪਣੇ ਨਾਲ ਵਾਧੂ ਤੇਲ ਲੇ ਕੇ ਗਏ ਸੀ ਜਿਸ ਦੇ ਕਾਰਨ ਉਹ 1150 ਕਿਲੋਮੀਟਰ ਤੱਕ ਦਾ ਸਫ਼ਰ ਕਰ ਸਕਦੇ ਸੀ।

ਨੂਰ ਇਨਾਇਤ

ਤਸਵੀਰ ਸਰੋਤ, WWNORTON&COMPANY

ਤਸਵੀਰ ਕੈਪਸ਼ਨ, ਲਾਇਸੈਂਡਾ ਜਹਾਜ਼ ਜਿਸ ਰਾਹੀਂ ਨੂਰ ਫਰਾਂਸ ਗਏ ਸੀ
ਬੀਬੀਸੀ

ਨੂਰ ਇਨਾਇਤ ਖ਼ਾ

  • 1943 ਵਿੱਚ ਬ੍ਰਿਟੇਨ ਦੇ ਜਹਾਜ਼ਾਂ ਵਿੱਚ ਫਰਾਂਸ ਲਈ ਉਡਾਣ ਭਰਨ ਵਾਲਿਆਂ ਵਿੱਚ ਨੂਰ ਵੀ ਸ਼ਾਮਲ ਸਨ
  • ਨੂਰ ਦੀ ਜੀਵਨੀ ਦੇ ਲੇਖਕ ਆਰਥਰ ਲਿਖਦੇ ਹਨ, "ਉਸ ਉੱਤੇ ਨਜ਼ਰ ਪੈਂਦੇ ਹੀ ਕੋਈ ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ ਸੀ। ਉਨ੍ਹਾਂ ਦੇ ਨਾਲ ਟ੍ਰੇਨਿੰਗ ਲੈਣ ਵਾਲੇ ਇੱਕ ਜਸੂਸ ਨੇ ਕਿਹਾ ਸੀ ਕਿ ਨੂਰ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਕੋਈ ਭੁੱਲ ਨਹੀਂ ਸਕਦਾ ਸੀ"
  • ਨੂਰ ਦੇ ਪਿਤਾ ਭਾਰਤ ਵਿੱਚ ਪੈਦਾ ਹੋਏ, ਉਨ੍ਹਾਂ ਦਾ ਨਾਮ ਹਜ਼ਰਤ ਇਨਾਇਤ ਖ਼ਾਨ ਸੀ ਜੋ ਇੱਕ ਸੂਫ਼ੀ ਉਪਦੇਸ਼ਕ ਸਨ। ਉਨ੍ਹਾਂ ਦੀ ਮਾਂ ਦਾ ਨਾਂ ਓਰਾ ਰੇਅ ਬੇਕਰ ਸੀ ਜੋ ਅਮਰੀਕਾ ਦੇ ਰਹਿਣ ਵਾਲੇ ਸਨ। ਉਨ੍ਹਾਂ ਨੇ ਆਪਣਾ ਨਾਂ ਬਦਲ ਕੇ ਅਮੀਨਾ ਸ਼ਾਰਦਾ ਬੇਗਮ ਰੱਖ ਲਿਆ ਸੀ
  • ਨੂਰ ਨੂੰ 19 ਨਵੰਬਰ 1940 ਨੂੰ 40 ਹੋਰ ਔਰਤਾਂ ਦੇ ਨਾਲ ਵਾਇਰਲੈਸ ਆਪ੍ਰੇਟਰ ਵਜੋਂ ਟ੍ਰੇਨਿੰਗ ਲਈ ਹੈਰੋਗੇਟ ਭੇਜਿਆ ਗਿਆ ਸੀ
  • ਸ਼੍ਰਾਬਣੀ ਬਸੁ ਲਿਖਦੇ ਹਨ, "ਨੂਰ ਦੀ ਸੋਚ ਸੀ ਕਿ ਜੇ ਭਾਰਤੀ ਲੋਕਾਂ ਨੇ ਬ੍ਰਿਟੇਨ ਦਾ ਸਾਥ ਦਿੱਤਾ ਅਤੇ ਲੜਾਈ ਵਿੱਚ ਉਨ੍ਹਾਂ ਨੂੰ ਬਹਾਦੁਰੀ ਲਈ ਮੈਡਲ ਮਿਲਣ ਤਾਂ ਅੰਗਰੇਜ਼ਾਂ ਦਾ ਉਨ੍ਹਾਂ ਵਿੱਚ ਵਿਸ਼ਵਾਸ ਵਧੇਗਾ"
  • ਬ੍ਰਿਟੇਨ ਦੇ ਜਸੂਸੀ ਹਲਕਿਆਂ ਵਿੱਚ ਵੀ ਉਨ੍ਹਾਂ ਨੂੰ ਨਵਾਂ ਨਾਮ ਦਿੱਤਾ ਗਿਆ ਸੀ ਜੋ ਸੀ ਮੈਡਲੀਨ
  • ਆਪਣੇ ਇੱਕ ਸਾਥੀ ਦੀ ਗੱਦਾਰੀ ਕਾਰਨ ਨੂਰ ਨੂੰ ਜਰਮਨ ਏਜੰਟਾਂ ਨੇ ਫੜ ਲਿਆ ਸੀ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰਵਾਉਣ ਵਾਲਾ ਸ਼ਖਸ ਸੀ ਪੀਅਰ ਕਾਰਤੂ
  • ਗ੍ਰਿਫ਼ਤਾਰ ਹੁੰਦੇ ਹੀ ਨੂਰ ਨੇ ਬਚ ਨਿਕਲਣ ਦੀ ਕੋਸ਼ਿਸ਼ ਕੀਤੀ
  • ਨੂਰ ਨੂੰ 26 ਨਵੰਬਰ, 1943 ਨੂੰ ਫਰਾਂਸ ਤੋਂ ਜਰਮਨੀ ਭੇਜਿਆ ਗਿਆ। ਬਰਲਿਨ ਤੋਂ ਆਏ ਸਿੱਧੇ ਹੁਕਮਾਂ ਤੋਂ ਬਾਅਦ ਨੂਰ ਨੂੰ ਸਭ ਤੋਂ ਖ਼ਤਰਨਾਕ ਕੈਦੀਆਂ ਦੀ ਸ਼੍ਰੇਣੀ ਵਿੱਚ ਰੱਖ ਦਿੱਤਾ ਗਿਆ
  • ਨੂਰ ਨੂੰ ਹੱਥਕੜੀਆਂ ਤੇ ਬੇੜੀਆਂ ਵਿੱਚ ਬੰਨ੍ਹ ਕੇ ਰੱਖਿਆ ਗਿਆ
  • ਸ੍ਰਾਬਾਣੀ ਬਸੁ ਦੱਸਦੇ ਹਨ, "ਜਰਮਨ ਫੌਜੀਆਂ ਨੇ ਉਨ੍ਹਾਂ ਦੀ ਕੋਠੜੀ ਵਿੱਚ ਵੜ੍ਹ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ। ਫਿਰ ਉਨ੍ਹਾਂ ਨੇ ਨੂਰ ਦੇ ਕੱਪੜੇ ਉਤਾਰ ਦਿੱਤੇ। ਪੁਆਈਂਟ ਬਲੈਕ ਰੇਂਜ ਤੋਂ ਉਨ੍ਹਾਂ ਦੇ ਸਿਰ ਦੇ ਪਿਛਲੇ ਹਿੱਸੇ ਉੱਤੇ ਫਾਇਰ ਕਰ ਦਿੱਤਾ। ਮਰਨ ਤੋਂ ਪਹਿਲਾਂ ਨੂਰ ਇਨਾਇਤ ਖ਼ਾਨ ਦੇ ਆਖਰੀ ਸ਼ਬਦ ਸਨ 'ਲਿਬਰਤੇ' ਯਾਨੀ 'ਆਜ਼ਾਦੀ'
ਬੀਬੀਸੀ

ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਦੀ ਸੀ ਨੂਰ

ਇਨ੍ਹਾਂ ਹਵਾਈ ਜਹਾਜ਼ਾਂ ਦੇ ਉੱਪਰੀ ਹਿੱਸੇ ਅਤੇ ਪੱਖਿਆਂ ਨੂੰ ਇਸ ਤਰੀਕੇ ਨਾਲ ਪੇਂਟ ਕੀਤਾ ਗਿਆ ਸੀ ਕਿ ਰਾਤ ਦੇ ਹਨੇਰੇ ਵਿੱਚ ਉਨ੍ਹਾਂ ਨੂੰ ਦੇਖਿਆ ਨਾ ਜਾ ਸਕੇ।

ਇਨ੍ਹਾਂ ਹਵਾਈ ਜਹਾਜ਼ਾਂ ਨੂੰ ਇੰਗਲੈਂਡ ਦੇ ਸਭ ਤੋਂ ਬਿਹਤਰੀਨ ਪਾਇਲਟ ਉਡਾਉਂਦੇ ਸਨ।

ਨੂਰ ਦੀ ਜੀਵਨੀ 'ਕੋਡ ਨੇਮ ਮੇਟਲਿਨ ਆਫ਼ ਸੂਫ਼ੀ ਸਪਾਈ ਇਨ ਨਾਜ਼ੀ ਆਕੂਪਾਈਡ ਪੈਰਿਸ' ਦੇ ਲੇਖਕ ਆਰਥਰ ਜੇ ਮਗੀਡਾ ਲਿਖਦੇ ਹਨ, "ਉਸ ਰਾਤ ਜਹਾਜ਼ ਨੂੰ ਉਡਾਉਣ ਵਾਲੇ ਪਾਇਲਟ ਫਰੈਂਕ ਰਿਮਿਲਜ਼ ਦੀ ਨਜ਼ਰ ਭਾਰਤੀ ਮੂਲ ਦੀ ਚੰਗੀ ਦਿੱਖ ਵਾਲੀ ਅਤੇ ਖ਼ਾਸ ਅੰਦਾਜ਼ ਵਿੱਚ ਫਰੈਂਚ ਬੋਲਣ ਵਾਲੀ ਨੂਰ ਉੱਤੇ ਪਈ।"

"ਉਸ ਵੇਲੇ ਉਨ੍ਹਾਂ ਦੇ ਮਨ ਵਿੱਚ ਖਿਆਲ ਆਇਆ ਕਿ ਆਖਿਰ ਕਿਉਂ ਇੱਕ ਅਜਿਹੀ ਕੁੜੀ ਨੂੰ ਫਰਾਂਸ ਭੇਜਿਆ ਜਾ ਰਿਹਾ ਹੈ ਜਿਸ ਉੱਤੇ ਕਿਸੇ ਦੀ ਵੀ ਨਜ਼ਰ ਪਏ ਬਿਨਾਂ ਨਹੀਂ ਰਹਿ ਸਕਦੀ ਸੀ।"

ਨੂਰ ਇਨਾਇਤ

ਤਸਵੀਰ ਸਰੋਤ, WWWNORTON&COMPANY

ਉਹ ਲਿਖਦੇ ਹਨ, "ਇਨ੍ਹਾਂ ਜਾਸੂਸਾਂ ਬਾਰੇ ਆਮ ਧਾਰਨਾ ਸੀ ਕਿ ਉਹ ਦਿਖਣ ਵਿੱਚ ਜਿੰਨੇ ਸਾਧਾਰਨ ਹੋਣਗੇ, ਓਨੇ ਹੀ ਸੌਖੇ ਤਰੀਕੇ ਨਾਲ ਉਹ ਲੋਕਾਂ ਵਿੱਚ ਰਚ-ਮਿਚ ਜਾਣਗੇ। ਸੀਨੀਅਰ ਜਸੂਸਾਂ ਦੀ ਖਾਸੀਅਤ ਸੀ ਕਿ ਉਹ ਲੋਕਾਂ ਦਾ ਧਿਆਨ ਆਪਣੇ ਵੱਲ ਨਹੀਂ ਖਿੱਚਦੇ ਸੀ ਪਰ ਨੂਰ ਇਨਾਇਤ ਖ਼ਾਨ ਇਸ ਦੇ ਠੀਕ ਉਲਟ ਸੀ।"

"ਉਸ ਉੱਤੇ ਨਜ਼ਰ ਪੈਂਦੇ ਹੀ ਕੋਈ ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ ਸੀ। ਉਨ੍ਹਾਂ ਦੇ ਨਾਲ ਟ੍ਰੇਨਿੰਗ ਲੈਣ ਵਾਲੇ ਇੱਕ ਜਸੂਸ ਨੇ ਕਿਹਾ ਸੀ ਕਿ ਨੂਰ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਕੋਈ ਭੁੱਲ ਨਹੀਂ ਸਕਦਾ ਸੀ।"

ਸੂਫੀ ਪਿਤਾ ਅਤੇ ਅਮਰੀਕੀ ਮਾਂ ਦੀ ਧੀ ਸੀ ਨੂਰ

ਨੂਰ ਇਨਾਇਤ ਖ਼ਾਨ

ਤਸਵੀਰ ਸਰੋਤ, Roli books

ਨੂਰ ਇਨਾਇਤ ਖ਼ਾਨ ਦੀ ਜ਼ਿੰਦਗੀ 1 ਜਨਵਰੀ, 1914 ਨੂੰ ਸੋਵੀਅਤ ਸੰਘ ਦੀ ਰਾਜਧਾਨੀ ਮਾਸਕੋ ਵਿੱਚ ਸ਼ੁਰੂ ਹੋਈ ਸੀ।

ਉਨ੍ਹਾਂ ਦੇ ਪਿਤਾ ਭਾਰਤ ਵਿੱਚ ਪੈਦਾ ਹੋਏ ਸੀ। ਉਨ੍ਹਾਂ ਦਾ ਨਾਮ ਹਜ਼ਰਤ ਇਨਾਇਤ ਖ਼ਾਨ ਸੀ ਜੋ ਇੱਕ ਸੂਫ਼ੀ ਉਪਦੇਸ਼ਕ ਸਨ।

ਉਨ੍ਹਾਂ ਦੀ ਮਾਂ ਦਾ ਨਾਂ ਓਰਾ ਰੇਅ ਬੇਕਰ ਸੀ ਜੋ ਅਮਰੀਕਾ ਦੇ ਰਹਿਣ ਵਾਲੇ ਸਨ। ਉਨ੍ਹਾਂ ਨੇ ਆਪਣਾ ਨਾਂ ਬਦਲ ਕੇ ਅਮੀਨਾ ਸ਼ਾਰਦਾ ਬੇਗਮ ਰੱਖ ਲਿਆ ਸੀ।

ਸ਼ਾਰਦਾ ਨਾਮ ਭਾਰਤੀ ਸੰਤ ਰਾਮਕ੍ਰਿਸ਼ਣ ਪਰਮਹੰਸ ਦੀ ਪਤਨੀ ਸ਼ਾਰਦਾ ਦੇ ਨਾਮ ਉੱਤੇ ਰੱਖਿਆ ਗਿਆ ਸੀ।

ਨੂਰ ਮੈਸੂਰ ਦੇ ਰਾਜਾ ਟੀਪੂ ਸੁਲਤਾਨ ਦੇ ਵੰਸ਼ ਵਿੱਚੋਂ ਆਉਂਦੀ ਸੀ।

ਨੂਰ ਇਨਾਇਤ

ਤਸਵੀਰ ਸਰੋਤ, WWWNORTON&COMPANY

ਤਸਵੀਰ ਕੈਪਸ਼ਨ, ਨੂਰ ਇਨਾਇਤ ਖ਼ਾਨ ਦੀ ਮਾਂ ਅਮੀਨਾ ਬੇਗਮ

ਉਸ ਜ਼ਮਾਨੇ ਵਿੱਚ ਛੋਟੇ ਪੈਰ ਵਾਲੀਆਂ ਨੌਜਵਾਨ ਕੁੜੀਆਂ ਨੂੰ ਸੁੰਦਰ ਮੰਨਿਆ ਜਾਂਦਾ ਸੀ। ਇਹੀ ਕਾਰਨ ਸੀ ਕਿ ਨੂਰ ਦੀ ਮਾਂ ਉਨ੍ਹਾਂ ਦੇ ਪੈਰਾਂ ਨੂੰ ਬੰਨ੍ਹ ਦਿੰਦੀ ਸੀ ਤਾਂ ਜੋ ਉਹ ਹਮੇਸ਼ਾ ਛੋਟੇ ਰਹਿਣ।

ਨੂਰ ਇਨਾਇਤ ਖ਼ਾਨ ਦੀ ਜੀਵਨੀ 'ਸਪਾਈ ਪ੍ਰਿੰਸੇਜ ਦਿ ਲਾਈਫ ਆਫ ਨੂਰ ਇਨਾਇਤ ਖ਼ਾਨ' ਦੀ ਲੇਖਿਕਾ ਸ੍ਰਾਬਾਣੀ ਬਸੁ ਦੱਸਦੇ ਹਨ, "ਨੂਰ ਇੱਕ ਪਤਲੀ ਸੁੰਦਰ ਕੁੜੀ ਸੀ। ਉਨ੍ਹਾਂ ਦਾ ਕੱਦ ਕੇਵਲ 5 ਫੁੱਟ ਤਿੰਨ ਇੰਚ ਸੀ।"

''ਉਨ੍ਹਾਂ ਨੂੰ ਸੰਗੀਤ ਤੇ ਵੀਣਾ ਵਜਾਉਣ ਦਾ ਬਹੁਤ ਸ਼ੌਂਕ ਸੀ। ਉਨ੍ਹਾਂ ਦਾ ਘਰ ਦਾ ਨਾਮ 'ਬਾਬੁਲੀ' ਸੀ। ਉਨ੍ਹਾਂ ਦਾ ਇੱਕ ਭਰਾ ਵਿਲਾਇਤ ਖ਼ਾਨ ਸੀ। ਹਾਲਾਂਕਿ ਨੂਰ ਦੀ ਮਾਂ ਅਮਰੀਕੀ ਸਨ ਪਰ ਉਨ੍ਹਾਂ ਦੀ ਪਰਵਰਿਸ਼ ਭਾਰਤੀ ਮਾਹੌਲ ਵਿੱਚ ਹੋਈ ਸੀ।''

''ਇਨਾਇਤ ਖ਼ਾਨ ਆਪਣੇ ਭਰਾਵਾਂ ਦੇ ਨਾਲ ਹਿੰਦੀ ਵਿੱਚ ਗੱਲ ਕਰਦੇ ਸਨ ਇਸ ਲਈ ਉਨ੍ਹਾਂ ਦੇ ਦੋਵੇਂ ਬੱਚੇ ਹਿੰਦੀ ਅਤੇ ਉਰਦੂ ਸਮਝ ਲੈਂਦੇ ਸੀ।

12 ਸਾਲ ਦੀ ਉਮਰ ਵਿੱਚ ਉਹ ਆਪਣੇ ਮਾਪਿਆਂ ਦੇ ਨਾਲ ਭਾਰਤ ਆਏ ਸਨ ਅਤੇ ਬਨਾਰਸ, ਜੈਪੁਰ ਦੇ ਨਾਲ ਦਿੱਲੀ ਵੀ ਗਏ ਸਨ ਜਿੱਥੇ ਉਹ ਸੂਫੀ ਸੰਤ ਹਜ਼ਰਤ ਨਿਜ਼ਾਮੁਦੀਨ ਔਲੀਆ ਦੀ ਮਜ਼ਾਰ ਉੱਤੇ ਵੀ ਗਏ ਸਨ।

ਵੀਹ ਸਾਲ ਦੀ ਉਮਰ ਤੋਂ ਬਾਅਦ ਨੂਰ ਨੇ ਯੂਰਪੀ ਢੰਗ ਦੇ ਕੱਪੜੇ ਪਹਿਨਣੇ ਸ਼ੁਰੂ ਕਰ ਦਿੱਤੇ ਸੀ।''

ਨੂਰ ਇਨਾਇਤ

ਵਾਇਰਲੈਸ ਆਪ੍ਰੇਟਰ ਦੀ ਟ੍ਰੇਨਿੰਗ ਲਈ

ਜਸੂਸੀ ਦੇ ਪੇਸ਼ੇ ਵੱਲ ਨੂਰ ਦੇ ਜਾਣ ਪਿੱਛੇ ਉਨ੍ਹਾਂ ਦੇ ਭਰਾ ਵਿਲਾਇਤ ਸਨ ਜਿਨ੍ਹਾਂ ਨੇ ਰਾਇਲ ਏਅਰਫੋਰਸ ਜੁਆਈਨ ਕੀਤੀ ਸੀ।

ਨੂਰ ਇਨਾਇਤ

ਤਸਵੀਰ ਸਰੋਤ, Roli Books

ਉਸ ਵੇਲੇ ਜੂਨ 1939 ਵਿੱਚ 'ਵਿਮੇਨ ਆਕਜ਼ਿਲਰੀ ਏਅਰਫੋਰਸ' ਦੀ ਸਥਾਪਨਾ ਕੀਤੀ ਗਈ ਸੀ।

ਇਹ ਔਰਤਾਂ ਨੂੰ ਨੌਕਰੀ ਦੇਣ ਦਾ ਜ਼ਰੀਆ ਸੀ ਤਾਂ ਜੋ ਮਰਦ ਬਿਨਾਂ ਕਿਸੇ ਚਿੰਤਾ ਦੇ ਲੜਾਈ ਦੇ ਮੈਦਾਨ ਵਿੱਚ ਜਾ ਸਕਣ।

ਉਸ ਵੇਲੇ ਇਨ੍ਹਾਂ ਸੰਸਥਾਵਾਂ ਵਿੱਚ ਹਜ਼ਾਰਾਂ ਔਰਤਾਂ ਨੂੰ ਟੈਲੀਫੋਨ ਅਤੇ ਟੈਲੀਪ੍ਰਿੰਟਰ ਆਪ੍ਰੇਟਰਾਂ ਦੇ ਰੂਪ ਵਿੱਚ ਨੌਕਰੀ ਦਿੱਤੀ ਗਈ ਸੀ।

ਨੂਰ ਨੂੰ 19 ਨਵੰਬਰ 1940 ਨੂੰ ਏਅਰਕਰਾਫਟ ਵੂਮਨ, ਸੇਕੇਂਡ ਕਲਾਸ ਵਜੋਂ ਨੌਕਰੀ ਮਿਲੀ ਸੀ। ਉਨ੍ਹਾਂ ਨੂੰ ਨੌਕਰੀ ਮਿਲਣ ਦੀ ਮੁੱਖ ਵਜ੍ਹਾ ਇਹ ਸੀ ਉਹ ਬਹੁਤ ਚੰਗੇ ਤਰੀਕੇ ਨਾਲ ਫਰੈਂਚ ਭਾਸ਼ਾ ਬੋਲ ਸਕਦੇ ਸੀ।

ਉੱਥੋਂ ਉਨ੍ਹਾਂ ਨੂੰ 40 ਹੋਰ ਔਰਤਾਂ ਦੇ ਨਾਲ ਵਾਇਰਲੈਸ ਆਪ੍ਰੇਟਰ ਵਜੋਂ ਟ੍ਰੇਨਿੰਗ ਲਈ ਹੈਰੋਗੇਟ ਭੇਜਿਆ ਗਿਆ ਸੀ। ਬਾਅਦ ਵਿੱਚ ਉਨ੍ਹਾਂ ਨੇ ਐਡਿਨਬਰਾ ਵਿੱਚ ਵੀ ਵਾਇਰਲੈਸ ਟੈਲੀਗ੍ਰਾਫਿਸਟ ਦੀ ਟ੍ਰੇਨਿੰਗ ਲਈ ਸੀ।

ਬੀਬੀਸੀ

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਬੀਬੀਸੀ

ਭਾਰਤ ਦੀ ਅਜ਼ਾਦੀ ਦੀ ਲੜਾਈ ਦਾ ਸਮਰਥਨ

ਇਸ ਵਿਚਾਲੇ ਉਹ ਭਾਰਤ ਵਿੱਚ ਹੋ ਰਹੀ ਅਜ਼ਾਦੀ ਦੀ ਲੜਾਈ ਨੂੰ ਬਹੁਤ ਧਿਆਨ ਨਾਲ ਵੇਖ ਰਹੇ ਸੀ। ਉਹ ਜਵਾਹਰ ਲਾਲ ਨਹਿਰੂ ਤੋਂ ਬਹੁਤ ਪ੍ਰਭਾਵਿਤ ਸਨ।

ਉਨ੍ਹਾਂ ਨੇ ਕੁਝ ਪੈਸੇ ਜੋੜ ਕੇ ਨਹਿਰੂ ਦੀ ਆਤਮਕਥਾ ਖਰੀਦੀ ਸੀ ਅਤੇ ਆਪਣੇ ਭਰਾ ਵਿਲਾਇਤ ਦੇ ਜਨਮਦਿਨ 'ਤੇ ਉਨ੍ਹਾਂ ਨੂੰ ਤੋਹਫੇ ਵਜੋਂ ਦਿੱਤੀ ਸੀ।

ਨੂਰ ਇਨਾਇਤ

ਤਸਵੀਰ ਸਰੋਤ, WWWNORTON&COMPANY

ਤਸਵੀਰ ਕੈਪਸ਼ਨ, ਨੂਰ ਅਤੇ ਉਨ੍ਹਾਂ ਦੇ ਭਰਾ ਵਲਾਇਤ ਖ਼ਾਨ

ਸ੍ਰਾਬਾਣੀ ਬਸੁ ਲਿਖਦੇ ਹਨ, "ਨੂਰ ਦਾ ਮੰਨਣਾ ਸੀ ਕਿ ਭਾਰਤੀ ਆਗੂਆਂ ਨੂੰ ਉਸ ਵੇਲੇ ਆਪਣੀ ਅਜ਼ਾਦੀ ਲਈ ਜ਼ੋਰ ਨਹੀਂ ਦੇਣਾ ਚਾਹੀਦਾ ਜਦੋਂ ਬ੍ਰਿਟੇਨ ਦਾ ਪੂਰਾ ਧਿਆਨ ਲੜਾਈ ਕਰਨ ਵਿੱਚ ਲਗਿਆ ਹੋਇਆ ਹੈ।"

"ਨੂਰ ਦੀ ਸੋਚ ਸੀ ਕਿ ਜੇ ਭਾਰਤੀ ਲੋਕਾਂ ਨੇ ਬ੍ਰਿਟੇਨ ਦਾ ਸਾਥ ਦਿੱਤਾ ਅਤੇ ਲੜਾਈ ਵਿੱਚ ਉਨ੍ਹਾਂ ਨੂੰ ਬਹਾਦੁਰੀ ਲਈ ਮੈਡਲ ਮਿਲਣ ਤਾਂ ਅੰਗਰੇਜ਼ਾਂ ਦਾ ਉਨ੍ਹਾਂ ਵਿੱਚ ਵਿਸ਼ਵਾਸ ਵਧੇਗਾ।"

"ਉਨ੍ਹਾਂ ਦੇ ਭਰਾ ਨੂੰ ਪੂਰਾ ਵਿਸ਼ਵਾਸ ਸੀ ਕਿ ਜੇ ਨੂਰ ਦੂਜੇ ਵਿਸ਼ਵ ਯੁੱਧ ਵਿੱਚ ਜ਼ਿੰਦਾ ਬਚ ਜਾਂਦੇ ਤਾਂ ਉਨ੍ਹਾਂ ਨੇ ਭਾਰਤ ਦੀ ਅਜ਼ਾਦੀ ਨੂੰ ਆਪਣਾ ਮੁੱਖ ਟੀਚਾ ਬਣਾਇਆ ਹੁੰਦਾ।"

ਜਸੂਸੀ ਦੀ ਪੇਸ਼ੇ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਤੋਂ ਇੱਕ ਅਫ਼ਸਰ ਨੇ ਪੁੱਛਿਆ ਵੀ ਸੀ ਕਿ, ਕੀ ਤੁਸੀਂ ਉਨ੍ਹਾਂ ਭਾਰਤੀ ਆਗੂਆਂ ਦੀ ਹਮਾਇਤ ਕਰੋਗੇ ਜੋ ਬ੍ਰਿਟਿਸ਼ ਸਰਕਾਰ ਦੇ ਖਿਲਾਫ਼ ਅਜ਼ਾਦੀ ਦੀ ਲੜਾਈ ਲੜ ਰਹੇ ਸਨ ਤਾਂ ਉਨ੍ਹਾਂ ਨੇ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਸੀ।

ਨੂਰ ਇਨਾਇਤ

ਤਸਵੀਰ ਸਰੋਤ, PENGUIN BOOKS

ਫਿਰ ਉਨ੍ਹਾਂ ਨੂੰ ਪੁੱਛਿਆ ਗਿਆ ਕਿ, ਕੀ ਉਨ੍ਹਾਂ ਦਾ ਇਹ ਕਦਮ ਬ੍ਰਿਟਿਸ਼ ਤਾਜ ਪ੍ਰਤੀ ਲਈ ਗਈ ਉਨ੍ਹਾਂ ਦੀ ਸਹੁੰ ਦੇ ਖਿਲਾਫ਼ ਨਹੀਂ ਹੋਵੇਗਾ?

ਨੂਰ ਨੇ ਸਿਲੈਕਸ਼ਨ ਬੋਰਡ ਨੂੰ ਦੱਸਿਆ ਸੀ, "ਜਦੋਂ ਤੱਕ ਜਰਮਨੀ ਨਾਲ ਜੰਗ ਜਾਰੀ ਰਹਿੰਦੀ ਹੈ ਉਹ ਬ੍ਰਿਟਿਸ਼ ਸਰਕਾਰ ਪ੍ਰਤੀ ਆਪਣੀ ਵਫ਼ਾਦਾਰੀ ਬਣਾਈ ਰੱਖਣਗੇ। ਪਰ ਯੁੱਧ ਤੋਂ ਬਾਅਦ ਉਹ ਆਪਣੀ ਇਸ ਸੋਚ ਉੱਤੇ ਮੁੜ ਵਿਚਾਰ ਕਰਨਗੇ। ਹੋ ਸਕਦਾ ਹੈ ਕਿ ਬ੍ਰਿਟੇਨ ਦੇ ਖਿਲਾਫ ਅਜ਼ਾਦੀ ਦੀ ਲੜਾਈ ਵਿੱਚ ਉਹ ਆਪਣੇ ਦੇਸ ਦੀ ਹਮਾਇਤ ਕਰਨ।"

ਨੂਰ ਦੀ ਅਫ਼ਸਰ ਵੇਰਾ ਐਟਕਿੰਸ ਨੇ ਉਨ੍ਹਾਂ ਨੂੰ ਆਪਣਾ ਬ੍ਰੋਚ ਦਿੱਤਾ

ਫਰਾਂਸ ਵੱਲ ਉਡਾਣ ਭਰਨ ਤੋਂ ਪਹਿਲਾਂ ਐੱਸਓਈ ਦੀ ਇੱਕ ਵੱਡੇ ਅਧਿਕਾਰੀ ਵੇਰਾ ਐਟਕਿੰਸ ਨੇ ਨੂਰ ਨੂੰ ਇੱਕ ਫਰੈਂਚ ਪਛਾਣ ਪੱਤਰ, ਰਾਸ਼ਨ ਦੀ ਇੱਕ ਕਿਤਾਬ ਅਤੇ ਇੱਕ ਛੋਟੀ ਪਿਸਟਲ ਵੇਬਲੀ ਐੱਮ 1907 ਦਿੱਤੀ ਸੀ।

ਇਹ ਚਾਰ ਇੰਚ ਲੰਬੀ ਸੀ ਅਤੇ ਬਾਹਰ ਤੋਂ ਇੱਕ ਵਾਟਰ ਗਨ ਵਾਂਗ ਦਿੱਖਦੀ ਸੀ।

ਨੂਰ ਇਨਾਇਤ

ਤਸਵੀਰ ਸਰੋਤ, WWWNORTON&COMPANY

ਆਰਥਰ ਮਗੀਡਾ ਲਿਖਦੇ ਹਨ, "ਐਟਕਿੰਸ ਨੇ ਨੂਰ ਦੀ ਇੱਕ-ਇੱਕ ਜੇਬ ਦੀ ਤਲਾਸ਼ੀ ਲਈ। ਉਹ ਹਰ ਅਜਿਹੀ ਚੀਜ਼ ਜਿਵੇਂ ਲੇਬਲ, ਕਾਗਜ਼, ਸਿਗਰਟ, ਸਿਨੇਮਾ ਅਤੇ ਅੰਡਰਗਰਾਉਂਡ ਦੀਆਂ ਟਿਕਟਾਂ ਨੂੰ ਵੀ ਉਨ੍ਹਾਂ ਕੋਲੋਂ ਪਾਸੇ ਕਰ ਦੇਣਾ ਚਾਹੁੰਦੀ ਸੀ। ਅਜਿਹਾ ਇਸ ਲਈ ਤਾਂ ਜੋ ਕਿਸੇ ਨੂੰ ਇਹ ਸ਼ੱਕ ਨਾ ਹੋਵੇ ਕਿ ਉਹ ਲੰਡਨ ਤੋਂ ਆਏ ਹਨ।"

"ਉਨ੍ਹਾਂ ਨੂੰ ਇੰਗਲੈਂਡ ਵਿੱਚ ਰਹਿ ਰਹੇ ਫਰਾਂਸੀਸੀ ਹੇਅਰ ਕੱਟਰਜ਼ ਵੱਲੋਂ ਫਰਾਂਸੀਸੀ ਸਟਾਈਲ ਦਾ ਹੇਅਰਕੱਟ ਦਿੱਤਾ ਗਿਆ ਸੀ ਅਤੇ ਉਨ੍ਹਾਂ ਲਈ ਫਰਾਂਸੀਸੀ ਸਟਾਈਲ ਦੇ ਕੱਪੜੇ ਬਣਵਾਏ ਸੀ।"

"ਜਦੋਂ ਨੂਰ ਨੇ ਐਟਕਿੰਸ ਤੋਂ ਅੰਤਿਮ ਵਿਦਾਈ ਲਈ ਤਾਂ ਉਸ ਨੇ ਉਨ੍ਹਾਂ ਦੀ ਡ੍ਰੈਸ ਉੱਤੇ ਲੱਗੇ ਚਾਂਦੀ ਦੇ ਪੰਛੀ ਦੇ ਇੱਕ ਬ੍ਰੋਚ ਦੀ ਬਹੁਤ ਤਾਰੀਫ ਕੀਤੀ ਸੀ।"

"ਐਟਕਿੰਸ ਨੇ ਫੌਰਨ ਬ੍ਰੋਚ ਨੂੰ ਉਤਾਰ ਕੇ ਨੂਰ ਦੇ ਹੱਥਾਂ ਵਿੱਚ ਦੇ ਦਿੱਤਾ ਸੀ। ਨੂਰ ਦਾ ਕੱਦ ਇੰਨਾ ਛੋਟਾ ਸੀ ਕਿ ਉਹ ਆਪਣੇ ਜਹਾਜ਼ 'ਤੇ ਨਹੀਂ ਚੜ੍ਹ ਸਕੇ ਸੀ ਅਤੇ ਏਅਰਮੈਨ ਨੂੰ ਉਨ੍ਹਾਂ ਨੂੰ ਸਹਾਰਾ ਦੇ ਕੇ ਬਿਠਾਣਾ ਪਿਆ ਸੀ।"

ਨੂਰ ਨੇ ਗੁਪਤ ਸੂਚਨਾਵਾਂ ਬ੍ਰਿਟੇਨ ਭੇਜਣੀਆਂ ਸ਼ੁਰੂ ਕੀਤੀਆਂ

ਫਰਾਂਸ ਵਿੱਚ ਜਹਾਜ਼ ਤੋਂ ਉਤਰਦੇ ਹੀ ਨੂਰ ਨੂੰ ਇੱਕ ਸਾਈਕਲ ਦਿੱਤੀ ਗਈ ਸੀ। ਉਹ ਸੱਤ ਮੀਲ ਸਾਈਕਲ ਚਲਾਉਂਦੇ ਹੋਏ ਇੱਕ ਪਿੰਡ ਇਤੀਸ਼ ਪਹੁੰਚੇ। ਉੱਥੋਂ ਉਨ੍ਹਾਂ ਨੇ 200 ਮੀਲ ਦੂਰ ਪੈਰਿਸ ਜਾਣ ਲਈ ਟਰੇਨ ਫੜ੍ਹੀ।

ਨੂਰ ਇਨਾਇਤ

ਤਸਵੀਰ ਸਰੋਤ, Getty Images

ਫਰਾਂਸ ਵਿੱਚ ਨੂਰ ਨੂੰ ਇੱਕ ਨਵਾਂ ਨਾਮ ਮਿਲ ਗਿਆ ਸੀ ਜੌਅ ਮੈਰੀ ਰੇਨੀਆ।

ਆਪਣੇ ਮਿਸ਼ਨ ਉੱਤੇ ਨਿਕਲਣ ਤੋ ਪਹਿਲਾਂ ਨੂਰ ਨੇ ਇਸ ਨਾਮ ਨੂੰ ਲਿਖਣ ਲਈ ਅਣਗਿਣਤ ਵਾਰ ਅਭਿਆਸ ਕੀਤਾ ਸੀ।

ਅਜਿਹਾ ਇਸ ਲਈ ਕੀਤਾ ਗਿਆ ਸੀ ਕਿ ਉਹ ਉਸੇ ਤਰੀਕੇ ਨਾਲ ਆਪਣਾ ਨਾਮ ਲਿਖ ਸਕਣ ਜਿਵੇਂ ਉਹ ਆਪਣੇ ਅਸਲੀ ਨਾਮ ਨੂੰ ਲਿਖਦੇ ਹਨ।

ਬ੍ਰਿਟੇਨ ਦੇ ਜਸੂਸੀ ਹਲਕਿਆਂ ਵਿੱਚ ਵੀ ਉਨ੍ਹਾਂ ਨੂੰ ਨਵਾਂ ਨਾਮ ਦਿੱਤਾ ਗਿਆ ਸੀ ਜੋ ਸੀ ਮੈਡਲੀਨ।

ਨੂਰ ਦੇ ਫਰਾਂਸ ਪਹੁੰਚਣ ਦੇ ਕੁਝ ਦਿਨਾਂ ਦੇ ਅੰਦਰ ਹੀ ਨਾਜ਼ੀਆਂ ਨੇ 'ਪ੍ਰੋਸਪਰ' ਨੈਟਵਰਕ ਦੇ ਸਾਰੇ ਏਜੰਟਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਅਗਲੇ ਕੁਝ ਮਹੀਨਿਆਂ ਤੱਕ ਨੂਰ ਇਕੱਲੇ ਬ੍ਰਿਟਿਸ਼ ਏਜੰਟ ਬਚੇ ਸੀ। ਉਨ੍ਹਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਜਰਮਨ ਫੌਜੀਆਂ ਬਾਰੇ ਗੁਪਤ ਜਾਣਕਾਰੀਆਂ ਇੰਗਲੈਂਡ ਭੇਜੀਆਂ।

ਫਰੈਂਚ ਰੈਜ਼ਿਸਟੈਂਟ ਮੂਵਮੈਂਟ ਦੀਆਂ ਗਤੀਵਿਧੀਆਂ ਦੀ ਪੂਰੀ ਖ਼ਬਰ ਵੀ ਉਹ ਬ੍ਰਿਟੇਨ ਪਹੁੰਚਾਉਂਦੇ ਰਹੇ। ਉਨ੍ਹਾਂ ਲਈ ਬ੍ਰਿਟੇਨ ਦੇ ਜਸੂਸਾਂ ਦੇ ਸੰਦੇਸ਼ਵਾਹਕ ਦਾ ਕੰਮ ਵੀ ਉਨ੍ਹਾਂ ਨੇ ਕੀਤਾ।

ਪੈਰਾਸ਼ੂਟ ਤੋਂ ਨੂਰ ਦਾ ਸੂਟਕੇਸ ਥੱਲੇ ਸੁੱਟਿਆ ਗਿਆ

ਆਰਥਰ ਮਗੀਡਾ ਲਿਖਦੇ ਹਨ, "ਖੂਫ਼ੀਆ ਸੈਲ ਸਿਨੇਮਾ ਲਈ ਕੰਮ ਕਰਦੇ ਵੇਲੇ ਨੂਰ ਹਰ ਐਤਵਾਰ ਨੂੰ ਸਵੇਰੇ 9 ਵਜ ਕੇ 5 ਮਿੰਟ ਉੱਤੇ ਲੰਡਨ ਲਈ ਇੱਕ ਸੰਦੇਸ਼ ਟਰਾਂਸਮਿਟ ਕਰਦੇ ਸੀ।

ਨੂਰ ਇਨਾਇਤ

ਤਸਵੀਰ ਸਰੋਤ, SHRABANI BASU

ਤਸਵੀਰ ਕੈਪਸ਼ਨ, ਨੂਰ ਨੂੰ ਵੀਣਾ ਵਜਾਉਣ ਦਾ ਸ਼ੌਂਕ ਸੀ

ਬੁੱਧਵਾਰ ਨੂੰ ਸੰਦੇਸ਼ ਭੇਜਣ ਦਾ ਵਕਤ 2 ਵਜ ਕੇ 10 ਮਿੰਟ ਸੀ। ਬਦਲੇ ਵਿੱਚ ਲੰਡਨ ਉਨ੍ਹਾਂ ਨੂੰ ਹਰ ਰੋਜ਼ ਸਵੇਰੇ 6 ਵਜੇ ਅਤੇ ਦੁਪਹਿਰ ਇੱਕ ਵਜੇ ਸੰਦੇਸ਼ ਭੇਜਦਾ ਸੀ।

ਆਪਣੇ ਫਲੈਟ ਦਾ ਦਰਵਾਜ਼ਾ ਉਹ ਉਦੋਂ ਹੀ ਖੋਲ੍ਹਦੇ ਸਨ ਜਦੋਂ ਆਉਣ ਵਾਲਾ ਉਨ੍ਹਾਂ ਨੂੰ ਕੋਡ ਵਰਡ ਵਿੱਚ ਕਹਿੰਦਾ ਸੀ, 'ਕੀ ਮੈਂ ਔਰਾ ਦੀ ਜੌਅ ਨੂੰ ਮਿਲ ਸਕਦੀ ਹਾਂ?"

ਨੂਰ ਦਾ ਜਵਾਬ ਹੁੰਦਾ ਸੀ, "ਤੁਹਾਡਾ ਮਤਲਬ ਬੈਬਸ' ਜਦੋਂ ਨੂਰ ਫਰਾਂਸ ਵਿੱਚ ਉੱਤਰੇ ਸੀ ਤਾਂ ਉਹ ਆਪਣਾ ਟਰਾਂਸਮੀਟਰ ਆਪਣੇ ਨਾਲ ਨਹੀਂ ਲੈ ਜਾ ਸਕੇ ਸੀ।

21 ਜੂਨ ਨੂੰ ਬੀਬੀਸੀ ਨੇ ਆਪਣੇ ਪ੍ਰਸਾਰਣ ਵਿੱਚ ਕੋਡ ਭਾਸ਼ਾ ਦਾ ਇਸਤੇਮਾਲ ਕਰਦੇ ਹੋਏ ਸੰਦੇਸ਼ ਲਿਖਿਆ ਸੀ, 'ਕਮਿਸ਼ਨਰ ਬਿਕਮਸ ਸਟੌਕਬ੍ਰੋਕਰ।'

ਇਸ ਦਾ ਮਤਲਬ ਸੀ ਕਿ ਉਸ ਰਾਤ ਦੋ ਰੇਡੀਓ ਸੈੱਟ ਅਤੇ ਨੂਰ ਦਾ ਸੂਟਕੇਸ ਇੱਕ ਪੈਰਾਸ਼ੂਟ ਜ਼ਰੀਏ ਇੱਕ ਖੇਤ ਵਿੱਚ ਸੁੱਟਿਆ ਜਾਵੇਗਾ।

ਨੂਰ ਉਸ ਥਾਂ ਉੱਤੇ ਪਹੁੰਚ ਗਏ ਜਿੱਥੇ ਚੀਜ਼ਾਂ ਥੱਲੇ ਸੁੱਟੀਆਂ ਜਾਣੀਆਂ ਸਨ। ਰੇਡੀਓ ਸੈੱਟ ਤਾਂ ਸੁਰੱਖਿਅਤ ਥੱਲੇ ਲੈਂਡ ਕਰ ਗਏ ਪਰ ਨੂਰ ਦਾ ਸੂਟਕੇਸ ਇੱਕ ਦਰਖ਼ਤ ਵਿੱਚ ਫਸ ਗਿਆ।

ਉਨ੍ਹਾਂ ਦੇ ਕੱਪੜੇ ਵੀ ਦਰਖ਼ਤ ਦੀਆਂ ਟਾਹਣੀਆਂ ਵਿੱਚ ਫਸ ਗਏ ਸਨ। ਨੂਰ ਦੇ ਦੋ ਸਾਥੀਆਂ ਨੇ ਕਿਸੇ ਤਰੀਕੇ ਨਾਲ ਦਰਖ਼ਤ ਉੱਤੇ ਚੜ੍ਹ ਕੇ ਉਨ੍ਹਾਂ ਕੱਪੜਿਆਂ ਨੂੰ ਟਾਹਣੀਆਂ ਤੋਂ ਕੱਢ ਕੇ ਸੂਟਕੇਸ ਵਿੱਚ ਰੱਖਿਆ।

ਸਾਥੀ ਦੀ ਗੱਦਾਰੀ ਨੇ ਨੂਰ ਨੂੰ ਫੜਵਾਇਆ

ਆਪਣੇ ਇੱਕ ਸਾਥੀ ਦੀ ਗੱਦਾਰੀ ਕਾਰਨ ਨੂਰ ਨੂੰ ਜਰਮਨ ਏਜੰਟਾਂ ਨੇ ਫੜ ਲਿਆ ਸੀ।

ਉਨ੍ਹਾਂ ਨੂੰ ਗ੍ਰਿਫ਼ਤਾਰ ਕਰਵਾਉਣ ਵਾਲਾ ਸ਼ਖਸ ਸੀ ਪੀਅਰ ਕਾਰਤੂ।

ਜਦੋਂ ਉਨ੍ਹਾਂ ਨੇ ਆਪਣੇ ਫਲੈਟ ਦਾ ਦਰਵਾਜ਼ਾ ਖੋਲ੍ਹਿਆ ਤਾਂ ਕਾਰਤੂ ਉੱਥੇ ਪਹਿਲਾਂ ਤੋਂ ਹੀ ਮੌਜੂਦ ਸਨ।

ਨੂਰ ਇਨਾਇਤ

ਤਸਵੀਰ ਸਰੋਤ, SHRABANI BASU

ਤਸਵੀਰ ਕੈਪਸ਼ਨ, ਨੂਰ ਨੇ ਅਜਿਹੇ ਟ੍ਰਾਂਸਮੀਟਰਾਂ ਦੀ ਵਰਤੋਂ ਕੀਤੀ ਸੀ

ਸ੍ਰਾਬਾਣੀ ਬਸੁ ਦੱਸਦੇ ਹਨ, "ਜਿਵੇਂ ਹੀ ਕਾਰਤੂ ਨੇ ਨੂਰ ਦਾ ਗੁੱਟ ਫੜ੍ਹਿਆ, ਉਨ੍ਹਾਂ ਨੇ ਇੰਨੀ ਜ਼ੋਰ ਨਾਲ ਉਨ੍ਹਾਂ ਨੂੰ ਵੱਢ ਲਿਆ ਕਿ ਉਨ੍ਹਾਂ ਦਾ ਖੂਨ ਨਿਕਲਣ ਲੱਗਿਆ।"

"ਕਾਰਤੂ ਉਨ੍ਹਾਂ ਨੂੰ ਧੱਕੇ ਦੇ ਕੇ ਹੱਥਕੜੀ ਲਗਾਉਣ ਦੀ ਕੋਸ਼ਿਸ਼ ਕਰਨ ਲੱਗੇ ਪਰ ਉਹ ਨੂਰ ਉੱਤੇ ਕਾਬੂ ਨਹੀਂ ਕਰ ਸਕੇ।"

"ਆਖਿਰ ਵਿੱਚ ਉਨ੍ਹਾਂ ਨੇ ਆਪਣੀ ਪਿਸਟਲ ਕੱਢ ਕੇ ਨੂਰ ਨੂੰ ਧਮਕਾਇਆ ਕਿ ਜੇ ਉਹ ਆਪਣੀ ਥਾਂ ਤੋਂ ਜ਼ਰਾ ਵੀ ਪਾਸੇ ਹੋਈ ਤਾਂ ਉਹ ਗੋਲੀ ਚਲਾ ਦੇਵੇਗਾ। ਪਿਸਟਲ ਫੜ੍ਹੇ ਦੂਜੇ ਹੱਥ ਵਿੱਚ ਉਨ੍ਹਾਂ ਨੇ ਫੋਨ ਮਿਲਾ ਕੇ ਕਿਹਾ ਕਿ ਉਸ ਦੀ ਮਦਦ ਲਈ ਹੋਰ ਲੋਕ ਭੇਜੇ ਜਾਣ।''

ਬਾਅਦ ਵਿੱਚ ਅਨਸਰਟ ਵੋਗਤ ਨੇ ਉੱਥੇ ਅੱਖੀ-ਢਿੱਠਾ ਹਾਲ ਦੱਸਦੇ ਹੋਏ ਕਿਹਾ, "ਜਦੋਂ ਮੈਂ ਉੱਥੇ ਪਹੁੰਚਿਆ ਤਾਂ ਪੀਅਰ ਕਮੇਰ ਦੇ ਸਭ ਤੋਂ ਦੂਰ ਵਾਲੇ ਕੋਨੇ ਵਿੱਚ ਮੈਡਲੀਨ ਨੂੰ ਕਵਰ ਕੀਤੇ ਹੋਏ ਖੜ੍ਹੇ ਸਨ।"

"ਮੈਡਲੀਨ ਸੋਫੇ ਉੱਤੇ ਇੱਕ ਸ਼ੇਰਨੀ ਵਾਂਗ ਬੈਠੀ ਹੋਈ ਸੀ। ਉਨ੍ਹਾਂ ਦੀਆਂ ਅੱਖਾਂ ਵਿੱਚੋਂ ਗੁੱਸਾ ਸੀ ਅਤੇ ਉਹ ਪੀਅਰ ਨੂੰ ਵਾਰ-ਵਾਰ 'ਸੈਲ ਬਾਸ਼' (ਗੰਦਾ ਜਰਮਨ) ਕਹਿ ਕੇ ਸੰਬੋਧਨ ਕਰ ਰਹੇ ਸੀ। ਕਾਰਤੂ ਦੇ ਗੁਟ ਤੋਂ ਬੁਰੇ ਤਰੀਕੇ ਨਾਲ ਖ਼ੂਨ ਵਹਿ ਰਿਹਾ ਸੀ।"

ਗ੍ਰਿਫ਼ਤਾਰ ਹੁੰਦੇ ਹੀ ਬਚ ਨਿਕਲਣ ਦੀ ਕੋਸ਼ਿਸ਼

ਫੜ੍ਹੇ ਜਾਣ ਤੋਂ ਬਾਅਦ ਨੂਰ ਨੂੰ ਗੇਸਟਾਪੋ ਦੇ ਦਫ਼ਤਰ ਲੈ ਕੇ ਜਾਇਆ ਗਿਆ। ਉਨ੍ਹਾਂ ਨੇ ਜਰਮਨ ਖੂਫੀਆ ਅਧਿਕਾਰੀਆਂ ਨੂੰ ਸ਼ੁਰੂ ਤੋਂ ਹੀ ਇੱਕ ਗੱਲ ਸਾਫ਼ ਕਰ ਦਿੱਤੀ ਕਿ ਭਾਵੇਂ ਕੁਝ ਵੀ ਹੋ ਜਾਵੇ, ਉਹ ਇੱਕ ਸ਼ਬਦ ਵੀ ਨਹੀਂ ਕਹਿਣਗੇ।

ਜਦੋਂ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾਣ ਲੱਗਾ ਤਾਂ ਉਨ੍ਹਾਂ ਨੇ ਜਰਮਨ ਲੋਕਾਂ ਨੂੰ ਇੱਕ ਅਜੀਬ ਜਿਹੀ ਬੇਨਤੀ ਕੀਤੀ ਕਿ ਉਹ ਨਹਾਉਣਾ ਚਾਹੁੰਦੇ ਹਨ।

ਜਰਮਨ ਉਨ੍ਹਾਂ ਤੋਂ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਸਨ ਇਸ ਲਈ ਉਹ ਫੌਰਨ ਤਿਆਰ ਹੋ ਗਏ ਪਰ ਗਾਰਡਸ ਨੇ ਬਾਥਰੂਮ ਦਾ ਦਰਵਾਜ਼ਾ ਥੋੜ੍ਹਾ ਖੁੱਲ੍ਹਾ ਰੱਖਿਆ ਤਾਂ ਜੋ ਉਹ ਉਸ ਉੱਤੇ ਨਜ਼ਰ ਰੱਖ ਸਕਣ।

ਬਸੁ ਲਿਖਦੇ ਹਨ, "ਪਰ ਨੂਰ ਨੇ ਉੱਥੇ ਕਾਫੀ ਸ਼ੋਰ ਮਚਾਇਆ ਕਿ ਉਹ ਪੂਰਾ ਇਸ਼ਨਾਨ ਕਰਨਾ ਚਾਹੁੰਦੇ ਹਨ ਅਤੇ ਨਹੀਂ ਚਾਹੁੰਦੇ ਕਿ ਕੱਪੜੇ ਉਤਾਰਦੇ ਵੇਲੇ ਗਾਰਡ ਉਨ੍ਹਾਂ ਨੂੰ ਵੇਖਣ।"

"ਜਰਮਨ ਦਰਵਾਜ਼ਾ ਬੰਦ ਕਰਨ ਲਈ ਤਿਆਰ ਹੋ ਗਏ। ਸਕਿੰਟਾਂ ਵਿੱਚ ਨੂਰ ਬਾਥਰੂਮ ਦੀ ਖਿੜਕੀ ਤੋਂ ਛਾਲ ਮਾਰ ਕੇ ਉਨ੍ਹਾਂ ਨਾਲ ਲੱਗੇ ਛੱਜੇ ਦੀ ਖਿੜਕੀ ਤੋਂ ਥੱਲੇ ਆ ਗਏ।"

"ਉਹ ਬਿਲਕੁੱਲ ਬਿੱਲੀ ਵਾਂਗ ਚੱਲ ਰਹੇ ਸੀ। ਉਨ੍ਹਾਂ ਨੂੰ ਛੱਤ ਉੱਤੇ ਚੜ੍ਹਨ ਅਤੇ ਚੱਲਣ ਦਾ ਅਭਿਆਸ ਸੀ।"

"ਨੂਰ ਪਹਿਲਾਂ ਵੀ ਆਪਣਾ ਏਰੀਅਲ ਲਗਾਉਣ ਲਈ ਛੱਤ ਉੱਤੇ ਚੜ੍ਹਿਆ ਕਰਦੇ ਸੀ। ਉਨ੍ਹਾਂ ਨੇ ਬਚ ਨਿਕਲਣ ਦੀ ਕੋਸ਼ਿਸ਼ ਵਿੱਚ ਕੋਈ ਵਕਤ ਨਹੀਂ ਲਿਆ।"

ਨੂਰ ਇਨਾਇਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨੂਰ ਇਨਾਇਤ ਦੀ ਮੂਰਤੀ

"ਇਹ ਕੇਵਲ ਇਤਫ਼ਾਕ ਸੀ ਕਿ ਜਰਮਨ ਅਧਿਕਾਰੀ ਵੋਗਤ ਨੇੜੇ ਦੇ ਪਖਾਨੇ ਵਿੱਚ ਗਏ ਸਨ। ਉੱਥੇ ਉਨ੍ਹਾਂ ਦੀ ਨਜ਼ਰ ਖਿੜਕੀ ਤੋਂ ਬਾਹਰ ਪਈ ਤਾਂ ਉਹ ਦੇਖ ਕੇ ਸੰਨ ਰਹਿ ਗਏ ਕਿ ਨੂਰ ਬਾਹਰ ਗਟਰ ਨੇੜੇ ਖੜ੍ਹੇ ਹਨ।"

"ਨੂਰ ਉਸੇ ਖਿੜਕੀ ਵੱਲ ਵੱਧ ਰਹੇ ਸੀ ਜਿੱਥੇ ਉਹ ਖੜ੍ਹੇ ਸੀ। ਉਨ੍ਹਾਂ ਨੇ ਉਸ ਨੂੰ ਉੱਥੇ ਆਉਣ ਲਈ ਕਿਹਾ ਅਤੇ ਫਿਰ ਉਨ੍ਹਾਂ ਨੂੰ ਹੌਲੀ ਅਵਾਜ਼ ਵਿੱਚ ਕਿਹਾ, 'ਮੈਡਲੀਨ ਬੇਵਕੂਫ਼ੀ ਨਾ ਕਰੋ ਤੁਸੀਂ ਆਪਣੇ ਆਪ ਨੂੰ ਮਾਰ ਲਵੋਗੇ।"

''ਆਪਣੀ ਮਾਂ ਬਾਰੇ ਸੋਚੋ, ਆਪਣਾ ਹੱਥ ਮੇਰੇ ਵੱਲ ਵਧਾਓ। ਵੋਗਤ ਨੇ ਉਨ੍ਹਾਂ ਦਾ ਮੋਢਾ ਫੜ੍ਹ ਕੇ ਥੱਲੇ ਖਿੱਚ ਲਿਆ ਅਤੇ ਫਿਰ ਉਨ੍ਹਾਂ ਨੂੰ ਕੋਠੜੀ ਤੱਕ ਪਹੁੰਚਾ ਦਿੱਤਾ।"

ਹਵਾਈ ਹਮਲੇ ਕਾਰਨ ਭੱਜਣ ਦੀ ਦੂਜੀ ਕੋਸ਼ਿਸ਼ ਨਾਕਾਮ

ਆਪਣੇ ਕਮਰੇ ਵਿੱਚ ਜਾ ਕੇ ਨੂਰ ਇਸ ਤਰ੍ਹਾਂ ਫੜ੍ਹੇ ਜਾਣ ਉੱਤੇ ਰੋ ਪਏ। ਉਨ੍ਹਾਂ ਨੇ ਖੁਦ ਨੂੰ ਕੋਸਿਆ ਕਿ ਉਨ੍ਹਾਂ ਨੂੰ ਫੜ੍ਹੇ ਜਾਣ ਦੀ ਬਜਾਏ ਡਿੱਗ ਕੇ ਆਪਣੀ ਜਾਨ ਦੇਣੀ ਚਾਹੀਦੀ ਸੀ।

ਜਦੋਂ ਕੁਝ ਦੇਰ ਬਾਅਦ ਗਾਰਡ ਖਾਣਾ ਲੈ ਕੇ ਆਇਆ ਤਾਂ ਉਨ੍ਹਾਂ ਨੇ ਖਾਣ ਤੋਂ ਇਨਕਾਰ ਕਰ ਦਿੱਤਾ ਸੀ।

ਉਨ੍ਹਾਂ ਨੇ ਰਾਤ ਦਾ ਖਾਣਾ ਵੀ ਨਹੀਂ ਖਾਧਾ। ਵੋਗਤ ਨੇ ਉਨ੍ਹਾਂ ਨੂੰ ਆਪਣੇ ਕਮਰੇ ਵਿੱਚ ਆਉਣ ਦਾ ਹੁਕਮ ਦਿੱਤਾ। ਉਨ੍ਹਾਂ ਨੂੰ ਉੱਥੇ ਇੰਗਲਿਸ਼ ਚਾਹ ਤੇ ਸਿਗਰੇਟ ਆਫਰ ਕੀਤੀ।

ਉਨ੍ਹਾਂ ਨੇ ਚਾਹ ਪੀ ਲਈ ਤੇ ਇੱਕ ਤੋਂ ਬਾਅਦ ਇੱਕ ਕਈ ਸਿਗਰਟਾਂ ਪੀਤੀਆਂ ਪਰ ਉਨ੍ਹਾਂ ਨੇ ਖਾਣੇ ਨੂੰ ਹੱਥ ਨਹੀਂ ਲਗਾਇਆ।

ਉਹ ਜੇਲ੍ਹ ਵਿੱਚ ਅਕਸਰ ਹਲਕੇ ਸਲੇਟੀ ਰੰਗ ਦੀ ਜੰਪਰ ਅਤੇ ਨੀਲੇ ਰੰਗ ਦਾ ਸਲੈਕਸ ਪਹਿਨੇ ਰਹਿੰਦੇ ਸੀ।

ਇਨ੍ਹਾਂ ਕੱਪੜਿਆਂ ਵਿੱਚ ਗੇਸਟਾਪੋ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਕੁਝ ਦਿਨਾਂ ਬਾਅਦ ਉਨ੍ਹਾਂ ਨੇ ਜੇਲ੍ਹ ਤੋਂ ਨਿਕਲ ਕੇ ਭੱਜਣ ਦੀ ਇੱਕ ਹੋਰ ਕੋਸ਼ਿਸ਼ ਕੀਤੀ ਸੀ।

ਨੂਰ ਇਨਾਇਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲੰਡਨ ਦੇ ਇਸੇ ਘਰ ਵਿੱਚ ਨੂਰ ਰਹੇ

ਉਹ ਜੇਲ੍ਹ ਦੀ ਛੱਤ ਤੱਕ ਪਹੁੰਚ ਵੀ ਗਏ ਸੀ ਪਰ ਇਹ ਉਨ੍ਹਾਂ ਦੀ ਮਾੜੀ ਕਿਸਮਤ ਸੀ ਕਿ ਉਸੇ ਵੇਲੇ ਬ੍ਰਿਟਿਸ਼ ਜਹਾਜ਼ਾਂ ਨੇ ਉਸ ਇਲਾਕੇ ਵਿੱਚ ਹਮਲਾ ਬੋਲ ਦਿੱਤਾ। ਹਮਲੇ ਤੋਂ ਬਾਅਦ ਛੱਤਾਂ ਉੱਤੇ ਸਰਚਲਾਈਟ ਸੁੱਟੀ ਗਈ। ਜਦੋਂ ਕਮਰੇ ਦੀ ਤਲਾਸ਼ੀ ਲਈ ਗਈ ਤਾਂ ਨੂਰ ਉੱਥੇ ਨਹੀਂ ਸੀ।

ਇਸ ਤੋਂ ਬਾਅਦ ਜਰਮਨ ਫੌਜੀਆਂ ਨੇ ਉਸ ਪੂਰੇ ਇਲਾਕੇ ਨੂੰ ਘੇਰ ਲਿਆ ਸੀ। ਨੂਰ ਫੜ੍ਹੇ ਗਏ ਅਤੇ ਜਰਮਨ ਫੌਜੀ ਉਨ੍ਹਾਂ ਨੂੰ ਕੁੱਟਦੇ ਹੋਏ ਫਿਰ ਤੋਂ ਉਨ੍ਹਾਂ ਦੀ ਕੋਠੜੀ ਨੰਬਰ 84 ਵਿੱਚ ਲੈ ਗਏ।

ਨੂਰ ਨੂੰ 26 ਨਵੰਬਰ, 1943 ਨੂੰ ਫਰਾਂਸ ਤੋਂ ਜਰਮਨੀ ਭੇਜਿਆ ਗਿਆ। ਬਰਲਿਨ ਤੋਂ ਆਏ ਸਿੱਧੇ ਹੁਕਮਾਂ ਤੋਂ ਬਾਅਦ ਨੂਰ ਨੂੰ ਸਭ ਤੋਂ ਖ਼ਤਰਨਾਕ ਕੈਦੀਆਂ ਦੀ ਸ਼੍ਰੇਣੀ ਵਿੱਚ ਰੱਖ ਦਿੱਤਾ ਗਿਆ।

ਨੂਰ ਨੂੰ ਹੱਥਕੜੀਆਂ ਤੇ ਬੇੜੀਆਂ ਵਿੱਚ ਬੰਨ੍ਹ ਕੇ ਰੱਖਿਆ ਗਿਆ

ਜਰਮਨੀ ਦੀ ਫੋਰਜ਼ੀਮ ਜੇਲ੍ਹ ਵਿੱਚ ਨੂਰ ਦੇ ਹੱਥ ਅਤੇ ਪੈਰ ਬੇੜੀਆਂ ਨਾਲ ਬੰਨ੍ਹ ਕੇ ਰੱਖੇ ਗਏ ਸਨ। ਇੱਕ ਤੀਜੀ ਜ਼ੰਜੀਰ ਨੇ ਉਨ੍ਹਾਂ ਦੇ ਹੱਥਾਂ ਨੂੰ ਉਨ੍ਹਾਂ ਦੇ ਪੈਰਾਂ ਨਾਲ ਜੋੜ ਦਿੱਤਾ ਸੀ।

ਉਹ ਨਾ ਤਾਂ ਸਿੱਧੀ ਖੜ੍ਹੀ ਹੋ ਸਕਦੇ ਸੀ ਅਤੇ ਨਾ ਹੀ ਬੈਠ ਸਕਦੇ ਸੀ।

ਉਨ੍ਹਾਂ ਨੂੰ ਕਰੀਬ ਕਰੀਬ ਭੁੱਖਾ ਰੱਖਿਆ ਗਿਆ ਸੀ। ਉਨ੍ਹਾਂ ਨੂੰ ਖਾਣੇ ਲਈ ਕੇਵਲ ਆਲੂ ਦੇ ਛਿਲਕਿਆਂ ਅਤੇ ਪੱਤਾ ਗੋਭੀ ਦਾ ਸੂਪ ਦਿੱਤਾ ਜਾਂਦਾ ਸੀ।

ਗੇਸਟਾਪੋ ਵਿੱਚ ਉਨ੍ਹਾਂ ਨੂੰ ਇੱਕ ਸਕਿੰਟ ਦੇ ਲਈ ਵੀ ਚੈਨ ਨਾਲ ਨਹੀਂ ਬੈਠਣ ਦਿੱਤਾ ਜਾਂਦਾ ਸੀ। ਉਹ ਉਨ੍ਹਾਂ ਤੋਂ ਸਵਾਲ ਪੁੱਛ ਰਹੇ ਸਨ ਕਿ ਉਹ ਆਪਣੇ ਸਾਥੀਆਂ ਦੇ ਨਾਮ ਦੱਸਣ ਪਰ ਨੂਰ ਨੇ ਇੱਕ ਵੀ ਸ਼ਬਦ ਨਹੀਂ ਕਿਹਾ ਸੀ।

ਉਨ੍ਹਾਂ ਨੂੰ ਏਕਾਂਤਵਾਸ ਵਿੱਚ ਰੱਖਿਆ ਗਿਆ ਸੀ। ਨੂਰ ਨਾ ਤਾਂ ਖੁਦ ਖਾ ਸਕਦੇ ਸੀ ਤੇ ਨਾ ਹੀ ਸਫ਼ਾਈ ਕਰ ਸਕਦੇ ਸੀ। ਇਹ ਕੰਮ ਦੂਜੀ ਔਰਤ ਕਰਦੀ ਸੀ ਜਿਸ ਨੂੰ ਹੁਕਮ ਸਨ ਕਿ ਉਹ ਨੂਰ ਨਾਲ ਇੱਕ ਸ਼ਬਦ ਵੀ ਗੱਲ ਨਾ ਕਰੇ।

ਜੇਲ੍ਹ ਦੀ ਕੋਠੜੀ ਵਿੱਚ ਨੂਰ ਨੂੰ ਦਿਨ ਅਤੇ ਰਾਤ ਦੇ ਵਕਤ ਦਾ ਕੋਈ ਅੰਦਾਜ਼ਾ ਨਹੀਂ ਸੀ। ਉਹ ਵਕਤ ਦਾ ਅੰਦਾਜ਼ਾ ਉਨ੍ਹਾਂ ਨੂੰ ਦਿੱਤੇ ਜਾਣ ਵਾਲੇ ਨਾਸ਼ਤੇ, ਦਿਨ ਅਤੇ ਰਾਤ ਦੇ ਭੋਜਨ ਨਾਲ ਲਗਾਉਂਦੇ ਸੀ।

ਉਨ੍ਹਾਂ ਦੀ ਕੋਠੜੀ ਦੇ ਦਰਵਾਜ਼ੇ ਨੂੰ ਕਦੇ ਵੀ ਨਹੀਂ ਖੋਲ੍ਹਿਆ ਜਾਂਦਾ ਸੀ। ਭੁੱਖ ਨਾਲ ਬਹੁਤ ਕਮਜ਼ੋਰ ਹੋ ਜਾਣ ਦੇ ਬਾਵਜੂਦ ਨੂਰ ਦੀ ਹਿੰਮਤ ਨਹੀਂ ਟੁੱਟੀ ਸੀ।

ਉਹ ਬੇੜੀਆਂ ਵਿੱਚ ਬੰਨੇ ਰਹਿਣ ਦੇ ਬਾਵਜੂਦ ਹੌਲੀ-ਹੌਲੀ ਹੀ ਆਪਣੀ ਕੋਠੜੀ ਵਿੱਚ ਚੱਲਿਆ ਕਰਦੇ ਸੀ ਤਾਂ ਜੋ ਉਨ੍ਹਾਂ ਦਾ ਦਿਮਾਗ ਕੰਮ ਕਰਦਾ ਰਹੇ।

ਪੁਆਈਂਟ ਬਲੈਂਕ ਰੇਂਜ ਤੋਂ ਮਾਰੀ ਗਈ ਗੋਲੀ

12 ਸਤੰਬਰ ਨੂੰ ਨੂਰ ਨੂੰ ਡਾਕਾਓ ਕੰਸਨਟਰੇਸ਼ਨ ਕੈਂਪ ਵਿੱਚ ਲੈ ਕੇ ਜਾਇਆ ਗਿਆ। ਉਸ ਦੇ ਮੁੱਖ ਦਰਵਾਜ਼ੇ ਉੱਤੇ ਲਿਖਿਆ ਸੀ, "ਅਰਬਾਇਤ ਮਾਚਟ ਫ੍ਰੇ' ਯਾਨੀ 'ਕੰਮ ਤੁਹਾਨੂੰ ਅਜ਼ਾਦ ਕਰੇਗਾ'।

ਉਸ ਕੈਂਪ ਤੋਂ ਬਹੁਤ ਹੀ ਘੱਟ ਲੋਕ ਜ਼ਿੰਦਾ ਬਾਹਰ ਆ ਸਕੇ ਸਨ। ਇੱਥੇ ਸਾਲ 1933 ਤੋਂ 1945 ਤੱਕ ਕਰੀਬ 30 ਹਜ਼ਾਰ ਲੋਕਾਂ ਦੀ ਜਾਨ ਗਈ ਸੀ। ਉਸ ਰਾਤ ਨੂਰ ਨੂੰ ਬਹੁਤ ਤਸੀਹੇ ਦਿੱਤੇ ਗਏ।

ਸ੍ਰਾਬਾਣੀ ਬਸੁ ਦੱਸਦੇ ਹਨ, "ਜਰਮਨ ਫੌਜੀਆਂ ਨੇ ਉਨ੍ਹਾਂ ਦੀ ਕੋਠੜੀ ਵਿੱਚ ਵੜ੍ਹ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ। ਫਿਰ ਉਨ੍ਹਾਂ ਨੇ ਨੂਰ ਦੇ ਕੱਪੜੇ ਉਤਾਰ ਦਿੱਤੇ। ਪੂਰੀ ਰਾਤ ਉਹ ਉਨ੍ਹਾਂ ਦੇ ਨਾਜ਼ੁਕ ਸ਼ਰੀਰ ਨੂੰ ਆਪਣੇ ਮੋਟੇ ਬੂਟਾਂ ਨਾਲ ਕੁਚਲਦੇ ਰਹੇ।"

ਨੂਰ ਇਨਾਇਤ

ਤਸਵੀਰ ਸਰੋਤ, WWWNORTON&COMPANY

ਤਸਵੀਰ ਕੈਪਸ਼ਨ, ਇਸੇ ਥਾਂ ਉੱਤੇ ਨੂਰ ਨੂੰ ਸਾੜਿਆ ਗਿਆ ਸੀ

"ਇੱਕ ਐੱਸਐੱਸ ਫੌਜੀ ਨੇ ਉਨ੍ਹਾਂ ਨੂੰ ਗੋਢਿਆਂ 'ਤੇ ਬੈਠਣ ਲਈ ਕਿਹਾ ਅਤੇ ਪੁਆਈਂਟ ਬਲੈਕ ਰੇਂਜ ਤੋਂ ਆਪਣੀ ਪਿਸਟਲ ਨਾਲ ਉਨ੍ਹਾਂ ਦੇ ਸਿਰ ਦੇ ਪਿਛਲੇ ਹਿੱਸੇ ਉੱਤੇ ਫਾਇਰ ਕਰ ਦਿੱਤਾ।"

"ਮਰਨ ਤੋਂ ਪਹਿਲਾਂ ਨੂਰ ਇਨਾਇਤ ਖ਼ਾਨ ਦੇ ਆਖਰੀ ਸ਼ਬਦ ਸਨ 'ਲਿਬਰਤੇ' ਯਾਨੀ 'ਆਜ਼ਾਦੀ'।

ਉਸ ਵੇਲੇ ਉਨ੍ਹਾਂ ਦੀ ਉਮਰ ਕੇਵਲ 30 ਸਾਲ ਸੀ। ਉਸ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਖਿੱਚ ਕੇ ਇੱਕ ਭੱਠੀ ਵਿੱਚ ਸੁੱਟ ਦਿੱਤਾ ਗਿਆ।

ਕੁਝ ਮਿੰਟਾਂ ਬਾਅਦ ਚਸ਼ਮਦੀਦਾਂ ਨੇ ਭੱਠੇ ਦੀਆਂ ਚਿਮਨੀਆਂ ਵਿੱਚੋਂ ਧੂਆਂ ਉੱਠਦਾ ਦੇਖਿਆ।

ਉਸ ਰਾਤ ਇੰਗਲੈਂਡ ਵਿੱਚ ਉਨ੍ਹਾਂ ਦੀ ਮਾਂ ਅਤੇ ਭਰਾ ਨੂੰ ਇੱਕ ਹੀ ਸੁਪਨਾ ਦਿਖਾਈ ਦਿੱਤਾ। ਨੂਰ ਯੂਨੀਫਾਰਮ ਪਹਿਨੇ ਖੜ੍ਹੇ ਸੀ। ਉਨ੍ਹਾਂ ਦੇ ਚਾਰੇ ਪਾਸੇ ਨੀਲੀ ਰੋਸ਼ਨੀ ਸੀ ਅਤੇ ਉਹ ਉਨ੍ਹਾਂ ਨੂੰ ਕਹਿ ਰਹੇ ਸੀ ਕਿ ਹੁਣ ਉਹ ਅਜ਼ਾਦ ਹੈ।"

ਫਰਾਂਸ਼ ਅਤੇ ਬ੍ਰਿਟੇਨ ਨੇ ਕੀਤਾ ਸਨਮਾਨਿਤ

ਨੂਰ ਨੂੰ 1949 ਵਿੱਚ ਬ੍ਰਿਟੇਨ ਦਾ ਸਭ ਤੋਂ ਵੱਡਾ ਸਨਮਾਨ ਜੌਰਜ ਕਰੌਸ ਦਿੱਤਾ ਗਿਆ।

ਫਰਾਂਸ ਨੇ ਉਨ੍ਹਾਂ ਨੂੰ ਆਪਣਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਕਵਾ ਦੇ ਗੇਅ ਨਾਲ ਸਨਮਾਨਿਤ ਕੀਤਾ।

ਨੂਰ ਇਨਾਇਤ

ਤਸਵੀਰ ਸਰੋਤ, SHARABANI BASU

ਫਰਾਂਸ ਦੀ ਸਰਕਾਰ ਨੇ ਪੈਰਿਸ ਵਿੱਚ ਉਨ੍ਹਾਂ ਦੇ ਘਰ 'ਫਜ਼ਲ ਮੰਜ਼ਿਲ' ਦੇ ਬਾਹਰ ਇੱਕ ਤਖਤੀ ਲਗਵਾਈ।

ਹਰ ਸਾਲ 'ਬਾਸਟੀਲ ਡੇਅ' ਨੂੰ ਫਰਾਂਸ ਦੀ ਫੌਜ ਦਾ ਬੈਂਡ ਉਨ੍ਹਾਂ ਦੇ ਸਨਮਾਨ ਵਿੱਚ ਧੁਨ ਵਜਾਉਂਦਾ ਹੈ।

ਸਾਲ 2006 ਵਿੱਚ ਉਸ ਵਕਤ ਦੇ ਭਾਰਤ ਦੇ ਰੱਖਿਆ ਮੰਤਰੀ ਪ੍ਰਣਬ ਮੁਖਰਜੀ ਨੇ ਨੂਰ ਦੇ ਪੈਰਿਸ ਵਾਲੇ ਘਰ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਸੀ।

ਨੂਰ ਇਨਾਇਤ

ਤਸਵੀਰ ਸਰੋਤ, Getty Images

8 ਨਵੰਬਰ, 2012 ਨੂੰ ਲੰਡਨ ਦੇ ਗਾਰਡਨ ਸਕੁਆਇਰ ਗਾਰਡਨ ਵਿੱਚ ਬ੍ਰਿਟੇਨ ਦੀ ਰਾਜਕੁਮਾਰੀ ਐਨੀ ਨੇ ਉਨ੍ਹਾਂ ਦੀ ਕਾਂਸੇ ਦੀ ਇੱਕ ਮੂਰਤੀ ਦੀ ਘੁੰਡ ਚੁਕਾਈ ਕੀਤੀ ਸੀ।

ਨੂਰ ਦੇ ਸ਼ਤਾਬਦੀ ਸਾਲ 2014 ਵਿੱਚ ਬ੍ਰਿਟੇਨ ਦੀ ਰੌਇਲ ਮੇਲ ਨੇ ਨੂਰ ਇਨਾਇਤ ਖ਼ਾਨ ਦੇ ਸਨਮਾਨ ਵਿੱਚ ਇੱਕ ਡਾਕ ਟਿਕਟ ਵੀ ਜਾਰੀ ਕੀਤੀ ਸੀ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)