ਐਲੀ ਕੋਹੇਨ: ਇਸਰਾਇਲੀ ਜਾਸੂਸ, ਜਿਸ ਨੇ ਸੀਰੀਆ ਦੀ ਨੱਕ ਵਿੱਚ ਦਮ ਕਰ ਦਿੱਤਾ

ਤਸਵੀਰ ਸਰੋਤ, BBC/Puneet Kumar
- ਲੇਖਕ, ਭਰਤ ਸ਼ਰਮਾ
- ਰੋਲ, ਬੀਬੀਸੀ ਪੱਤਰਕਾਰ
ਤੁਸੀਂ ਚਿੱਠੀ ਕਿਸ ਨੂੰ ਲਿਖ ਰਹੇ ਹੋ? ਇਹ N ਕੌਣ ਹੈ?'
'ਕੁਝ ਵੀ ਤਾਂ ਨਹੀਂ, ਬਸ ਇੰਝ ਹੀ...N ਤੋਂ ਨਾਦੀਆ... ਮੈਂ ਕਦੇ-ਕਦੇ ਸਮਾਂ ਬਤੀਤ ਕਰਨ ਲਈ ਇਹ ਸਭ ਲਿਖਦਾ ਰਹਿੰਦਾ ਹਾਂ...'
'ਨਾਦੀਆ ਕੌਣ ਹੈ?'
'ਨਾਦੀਆ ਮੇਰੀ ਪਤਨੀ ਦਾ ਨਾਮ ਹੈ'
'ਪਰ ਮੈਨੂੰ ਲੱਗਿਆ ਸੀ ਕਿ ਤੁਹਾਡਾ ਵਿਆਹ ਨਹੀਂ ਹੋਇਆ.'
ਕਾਮਿਲ ਦਾ ਵਿਆਹ ਨਹੀਂ ਹੋਇਆ ਹੈ, ਪਰ ਐਲੀ ਦਾ ਵਿਆਹ ਹੋਇਆ ਹੈ...'
'ਐਲੀ ਕੋਈ ਨਹੀਂ ਹੈ!'
'ਮੈਨੂੰ ਕਦੇ-ਕਦੇ ਇਕੱਲਾਪਣ ਮਹਿਸੂਸ ਹੁੰਦਾ ਹੈ, ਜਿਸ ਕਾਰਨ ਮੈਂ ਲਿਖਦਾ ਹਾਂ'
'ਕਾਮਿਲ ਨੂੰ ਕਦੇ ਇਕੱਲਾਪਣ ਮਹਿਸੂਸ ਨਹੀਂ ਹੁੰਦਾ'
'ਠੀਕ ਹੈ, ਮੈਂ ਅੱਗੇ ਤੋਂ ਚਿੱਠੀਆਂ ਨਹੀਂ ਲਿਖਾਂਗਾ.'
'ਚਿੱਠੀਆਂ? ਹੋਰ ਵੀ ਹਨ? ਕਿੱਥੇ ਹਨ?'
'ਜੂਲੀਆ ਪਲੀਜ਼, ਮੈਂ ਇਨ੍ਹਾਂ ਨੂੰ ਕਿਤੇ ਪੋਸਟ ਨਹੀਂ ਕਰਨ ਜਾ ਰਿਹਾ। ਬਸ ਸੋਚਿਆ ਕਿ ਇੱਕ ਦਿਨ ਜਦੋਂ ਇਹ ਸਭ ਖ਼ਤਮ ਹੋ ਜਾਵੇਗਾ ਤਾਂ ਮੈਂ ਇਨ੍ਹਾਂ ਨੂੰ (ਨਾਦੀਆ ਨੂੰ) ਦਿਖਾ ਸਕਦਾ ਹਾਂ ...ਨਹੀਂ ਨਹੀਂ ਨਹੀਂ, ਪਲੀਜ਼ ਇਨ੍ਹਾਂ ਨੂੰ ਸਾੜੋ ਨਾ...'
'ਇਹ ਕੋਈ ਖੇਡ ਨਹੀਂ ਹੈ ਕਾਮਿਲ। ਇਹ ਕੋਈ ਰੋਲ ਨਹੀਂ ਹੈ, ਜਿਸ ਨੂੰ ਤੁਸੀਂ ਅਦਾ ਕਰ ਰਹੇ ਹੋ। ਜਾਂ ਤਾਂ ਤੁਸੀਂ ਕਾਮਿਲ ਹੋ ਜਾਂ ਫਿਰ ਮਰਨ ਲਈ ਤਿਆਰ ਰਹੋ!'
ਜੂਲੀਆ ਗੁੱਸੇ ਵਿੱਚ ਉਸ ਸ਼ਖ਼ਸ ਦੀ ਧੋਣ ਦਬੋਚ ਕੇ ਖੜ੍ਹੀ ਹੋ ਜਾਂਦੀ ਹੈ ਅਤੇ ਨਾਲ ਹੀ ਧਮਕੀ ਵੀ ਦਿੰਦੀ ਹੈ ਕਿ ਉਸ ਨੂੰ ਇਸ ਹਰਕਤ ਦੇ ਬਾਰੇ ਆਪਣੇ ਆਲਾ ਅਧਿਕਾਰੀਆਂ ਨੂੰ ਖ਼ਬਰ ਦੇਣੀ ਹੋਵੇਗੀ।
ਕਾਮਿਲ ਸਮਝ ਜਾਂਦਾ ਹੈ ਕਿ ਉਸ ਤੋਂ ਭੁੱਲ ਹੋਈ ਹੈ ਅਤੇ ਉਸ ਨੂੰ ਦੁਹਰਾਉਣ ਦੀ ਬੇਵਕੂਫ਼ੀ ਉਹ ਨਹੀਂ ਕਰ ਸਕਦਾ।

ਤਸਵੀਰ ਸਰੋਤ, Getty Images
ਪਿੱਛੇ ਮੌਜੂਦ ਫਾਇਰਪਲੇਸ ਵਿੱਚ ਚਿੱਠੀਆਂ ਰਾਖ ਵਿੱਚ ਤਬਦੀਲ ਹੋ ਗਈਆਂ ਅਤੇ ਨਾਲ ਹੀ ਨਾਦੀਆ ਨਾਲ ਜੁੜੇ ਅਰਮਾਨ ਵੀ ਅਤੇ ਐਲੀ ਨੇ ਇੱਕ ਵਾਰ ਮੁੜ ਕਾਮਿਲ ਦਾ ਜਾਮਾ ਪਹਿਨ ਲਿਆ।
ਨੈੱਟਫਲਿਕਸ 'ਤੇ ਹਾਲ ਹੀ ਵਿੱਚ ਰਿਲੀਜ਼ ਹੋਈ ਛੇ ਐਪੀਸੋਡ ਦੀ ਸੀਰੀਜ਼ 'ਦਿ ਸਪਾਈ' ਦਾ ਇਹ ਦ੍ਰਿਸ਼ ਇੱਕ ਆਮ ਇਨਸਾਨ ਦੇ ਜਾਸੂਸ ਬਣਨ ਤੋਂ ਬਾਅਦ, ਮੁੜ ਤੋਂ ਆਮ ਇਨਸਾਨ ਬਣਨ ਦੀ ਚਾਹਤ ਅਤੇ ਜ਼ਰੂਰਤ ਦਿਖਾਉਂਦਾ ਹੈ।
ਇਹ ਵੀ ਪੜ੍ਹੋ:
ਐਲੀ ਜਾਂ ਕਾਮਿਲ। ਕਾਮਿਲ ਜਾਂ ਐਲੀ। ਇਸਰਾਇਲੀ ਜਾਂ ਸੀਰੀਆਈ। ਜਾਸੂਸ ਜਾਂ ਕਾਰੋਬਾਰੀ।
ਕਹਾਣੀ ਭਾਵੇਂ ਫ਼ਿਲਮੀ ਲੱਗੇ, ਪਰ ਐਲੀ ਕੋਹੇਨ ਦੀ ਜ਼ਿੰਦਗੀ ਕੁਝ ਇਸੇ ਤਰ੍ਹਾਂ ਦੇ ਥ੍ਰਿਲ ਨਾਲ ਭਰੀ ਹੋਈ ਸੀ। ਪੂਰਾ ਨਾਮ ਐਲੀਯਾਹਬ ਬੇਨ ਸ਼ੌਲ ਕੋਹੇਨ।
ਇਨ੍ਹਾਂ ਨੂੰ ਇਸਰਾਇਲ ਦਾ ਸਭ ਤੋਂ ਬਹਾਦੁਰ ਅਤੇ ਸਾਹਸੀ ਜਾਸੂਸ ਵੀ ਕਿਹਾ ਜਾਂਦਾ ਹੈ। ਉਹ ਜਾਸੂਸ ਜਿਸ ਨੇ ਚਾਰ ਸਾਲ ਨਾ ਸਿਰਫ਼ ਦੁਸ਼ਮਣਾਂ ਵਿਚਾਲੇ ਸੀਰੀਆ ਵਿੱਚ ਕੱਢੇ, ਸਗੋਂ ਉੱਥੇ ਸੱਤਾ ਦੇ ਗਲਿਆਰਿਆਂ ਵਿੱਚ ਅਜਿਹੀ ਪੈਠ ਬਣਾਈ ਕਿ ਵੱਡੇ ਪੱਧਰ ਤੱਕ ਆਪਣੀ ਪਹੁੰਚ ਬਣਾਉਣ ਵਿੱਚ ਕਾਮਯਾਬ ਰਹੇ।

ਤਸਵੀਰ ਸਰੋਤ, Getty Images
'ਦਿ ਸਪਾਈ' ਸੀਰੀਜ਼ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਕੋਹੇਨ, ਕਾਮਿਲ ਬਣ ਕੇ ਸੀਰੀਆਈ ਰਾਸ਼ਟਰਪਤੀ ਦੇ ਐਨਾ ਕਰੀਬ ਪਹੁੰਚ ਗਏ ਸਨ ਕਿ ਸੀਰੀਆ ਦਾ ਡਿਪਟੀ ਡਿਫੈਂਸ ਮਿਨੀਸਟਰ ਬਣਨ ਦੇ ਜ਼ਰਾ ਕੁ ਫਾਸਲੇ 'ਤੇ ਸਨ।
ਅਜਿਹਾ ਕਿਹਾ ਜਾਂਦਾ ਹੈ ਕਿ ਕੋਹਨ ਦੀ ਇਕੱਠੀ ਕੀਤੀ ਖੂਫ਼ੀਆ ਜਾਣਕਾਰੀ ਨੇ ਸਾਲ 1967 ਦੇ ਅਰਬ-ਇਸਰਾਇਲ ਯੁੱਧ ਵਿੱਚ ਇਸਰਾਇਲ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ।
ਮਿਸਰ ਵਿੱਚ ਜੰਮੇ ਐਲੀ ਇਸਰਾਇਲ ਕਿਵੇਂ ਪਹੁੰਚੇ?
ਇਹ ਸ਼ਖ਼ਸ ਨਾ ਇਸਰਾਇਲ ਵਿੱਚ ਜੰਮੇ ਸਨ, ਨਾ ਸੀਰੀਆ ਜਾਂ ਅਰਜਨਟੀਨਾ ਵਿੱਚ। ਐਲੀ ਦਾ ਜਨਮ ਸਾਲ 1924 ਵਿੱਚ ਮਿਸਰ ਦੇ ਅਲੈਗਜ਼ੇਂਡਰੀਆ ਵਿੱਚ ਇੱਕ ਸੀਰੀਆਈ-ਯਹੂਦੀ ਪਰਿਵਾਰ ਵਿੱਚ ਹੋਇਆ ਸੀ।
ਉਨ੍ਹਾਂ ਦੇ ਪਿਤਾ ਸਾਲ 1914 ਵਿੱਚ ਸੀਰੀਆ ਦੇ ਅਲੇਪੋ ਤੋਂ ਇੱਥੇ ਆ ਕੇ ਵਸੇ ਸਨ। ਜਦੋਂ ਇਸਰਾਇਲ ਬਣਿਆ ਤਾਂ ਮਿਸਰ ਦੇ ਕਈ ਯਹੂਦੀ ਪਰਿਵਾਰ ਉੱਥੋਂ ਨਿਕਲਣ ਲੱਗੇ।
ਸਾਲ 1949 ਵਿੱਚ ਕੋਹੇਨ ਦੇ ਮਾਤਾ-ਪਿਤਾ ਅਤੇ ਤਿੰਨ ਭਰਾਵਾਂ ਨੇ ਵੀ ਇਹੀ ਫੈਸਲਾ ਕੀਤਾ ਅਤੇ ਇਸਰਾਇਲ ਜਾ ਕੇ ਵਸ ਗਏ। ਪਰ ਇਲੈਕਟ੍ਰੋਨਿਕਸ ਦੀ ਪੜ੍ਹਾਈ ਕਰ ਰਹੇ ਕੋਹੇਨ ਨੇ ਮਿਸਰ ਵਿੱਚ ਰੁਕ ਕੇ ਆਪਣਾ ਕੋਰਸ ਪੂਰਾ ਕਰਨ ਦਾ ਫ਼ੈਸਲਾ ਲਿਆ।
ਐਨਸਾਈਕਲੋਪੀਡੀਆ ਬ੍ਰਿਟੇਨਿਕਾ ਮੁਤਾਬਕ ਅਰਬੀ, ਅੰਗਰੇਜ਼ੀ ਅਤੇ ਫਰਾਂਸੀਸੀ ਭਾਸ਼ਾ 'ਤੇ ਮਜ਼ਬੂਤ ਪਕੜ ਦੇ ਕਾਰਨ ਇਸਰਾਇਲੀ ਖੂਫ਼ੀਆ ਵਿਭਾਗ ਉਨ੍ਹਾਂ ਨੂੰ ਲੈ ਕੇ ਕਾਫ਼ੀ ਦਿਲਚਸਪ ਹੋਇਆ।

ਤਸਵੀਰ ਸਰੋਤ, ISRAELI GOVERNMENT PRESS OFFICE
ਸਾਲ 1955 ਵਿੱਚ ਉਹ ਜਾਸੂਸੀ ਦਾ ਛੋਟਾ ਜਿਹਾ ਕੋਰਸ ਕਰਨ ਲਈ ਇਸਰਾਇਲ ਗਏ ਵੀ ਅਤੇ ਅਗਲੇ ਸਾਲ ਮਿਸਰ ਪਰਤ ਆਏ। ਹਾਲਾਂਕਿ, ਸਵੇਜ਼ ਸੰਕਟ ਤੋਂ ਬਾਅਦ ਦੂਜੇ ਲੋਕਾਂ ਦੇ ਨਾਲ ਕੋਹੇਨ ਨੂੰ ਵੀ ਮਿਸਰ ਤੋਂ ਬੇਦਖ਼ਲ ਕਰ ਦਿੱਤਾ ਗਿਆ ਅਤੇ ਸਾਲ 1957 ਵਿੱਚ ਇਹ ਇਸਰਾਇਲ ਆ ਗਏ।
ਇੱਥੇ ਆਉਣ ਤੋਂ ਦੋ ਸਾਲ ਬਾਅਦ ਉਨ੍ਹਾਂ ਦਾ ਵਿਆਹ ਨਾਦੀਆ ਮਜਾਲਦ ਨਾਲ ਹੋਇਆ, ਜੋ ਇਰਾਕੀ ਯਹੂਦੀ ਸੀ ਅਤੇ ਲੇਖਿਕਾ ਸੈਮੀ ਮਾਈਕਲ ਦੀ ਭੈਣ ਵੀ। ਸਾਲ 1960 ਵਿੱਚ ਇਸਰਾਇਲੀ ਖ਼ੂਫੀਆ ਵਿਭਾਗ ਵਿੱਚ ਭਰਤੀ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਟਰਾਂਸਲੇਟਰ ਅਤੇ ਅਕਾਊਂਟੈਂਟ ਦੇ ਰੂਪ ਵਿੱਚ ਕੰਮ ਕੀਤਾ।
ਪਹਿਲਾਂ ਅਰਜਨਟੀਨਾ, ਫਿਰ ਸਵਿੱਟਜ਼ਰਲੈਂਡ ਹੁੰਦੇ ਹੋਏ ਸੀਰੀਆ
ਅੱਗੇ ਦੀ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਕੋਹੇਨ 1961 ਵਿੱਚ ਅਰਜਨਟੀਨਾ ਦੀ ਰਾਜਧਾਨੀ ਬਿਊਨਸ ਆਇਰਸ ਪਹੁੰਚੇ, ਜਿੱਥੇ ਉਨ੍ਹਾਂ ਨੇ ਸੀਰੀਆਈ ਮੂਲ ਦੇ ਕਾਰੋਬਾਰੀ ਦੇ ਰੂਪ ਵਿੱਚ ਆਪਣਾ ਕੰਮ ਸ਼ੁਰੂ ਕੀਤਾ।
ਕਾਮਿਲ ਅਮੀਨ ਥਾਬੇਤ ਬਣ ਕੇ ਕੋਹੇਨ ਨੇ ਅਰਜਨਟੀਨਾ ਵਿੱਚ ਵਸੇ ਸੀਰੀਆਈ ਭਾਈਚਾਰੇ ਦੇ ਲੋਕਾਂ ਵਿਚਾਲੇ ਕਈ ਸੰਪਰਕ ਬਣਾਏ ਅਤੇ ਛੇਤੀ ਹੀ ਸੀਰੀਆਈ ਦੂਤਾਵਾਸ ਵਿੱਚ ਕੰਮ ਕਰਨ ਵਾਲੇ ਆਲਾ ਅਧਿਕਾਰੀਆਂ ਨਾਲ ਦੋਸਤੀ ਕਰਕੇ ਉਨ੍ਹਾਂ ਦਾ ਭਰੋਸਾ ਜਿੱਤ ਲਿਆ।

ਤਸਵੀਰ ਸਰੋਤ, Getty Images
ਇਨ੍ਹਾਂ ਵਿੱਚ ਸੀਰੀਆਈ ਮਿਲਟਰੀ ਅਟੈਚੇ ਅਮੀਨ ਅਲ-ਹਫ਼ੀਜ਼ ਵੀ ਸਨ, ਜੋ ਅੱਗੇ ਜਾ ਕੇ ਸੀਰੀਆ ਦੇ ਰਾਸ਼ਟਰਪਤੀ ਬਣੇ। ਕੋਹੇਨ ਨੇ ਆਪਣੇ 'ਨਵੇਂ ਦੋਸਤਾਂ' ਵਿਚਾਲੇ ਇਹ ਸੰਦੇਸ਼ ਪਹੁੰਚਾ ਦਿੱਤਾ ਸੀ ਕਿ ਉਹ ਛੇਤੀ ਤੋਂ ਛੇਤੀ ਸੀਰੀਆ 'ਪਰਤਣਾ' ਚਾਹੁੰਦੇ ਹਨ।
ਸਾਲ 1962 ਵਿੱਚ ਜਦੋਂ ਰਾਜਧਾਨੀ ਦਮਿਸ਼ਕ ਜਾਣ ਅਤੇ ਵਸਣ ਦਾ ਮੌਕਾ ਮਿਲਿਆ ਤਾਂ ਅਰਜਨਟੀਨਾ ਵਿੱਚ ਬਣੇ ਉਨ੍ਹਾਂ ਦੇ ਸੰਪਰਕਾਂ ਨੇ ਸੀਰੀਆ ਵਿੱਚ ਸੱਤਾ ਦੇ ਗਲਿਆਰਿਆਂ ਤੱਕ ਉਨ੍ਹਾਂ ਨੂੰ ਚੰਗੀ ਪਹੁੰਚ ਦੁਆਈ।
ਇਹ ਵੀ ਪੜ੍ਹੋ:
ਕਦਮ ਜਮਾਉਣ ਤੋਂ ਤੁਰੰਤ ਬਾਅਦ ਕੋਹੇਨ ਨੇ ਸੀਰੀਆਈ ਫੌਜ ਨਾਲ ਜੁੜੀ ਖੂਫ਼ੀਆ ਜਾਣਕਾਰੀ ਅਤੇ ਯੋਜਨਾਵਾਂ ਇਸਰਾਇਲ ਤੱਕ ਪਹੁੰਚਾਉਣਾ ਸ਼ੁਰੂ ਕਰ ਦਿੱਤਾ।
ਜਾਸੂਸੀ ਦੇ ਖੇਤਰ ਵਿੱਚ ਕੋਹੇਨ ਦੀਆਂ ਕੋਸ਼ਿਸ਼ਾਂ ਉਸ ਵੇਲੇ ਹੋਰ ਅਹਿਮ ਹੋ ਗਈਆਂ ਜਦੋਂ ਸਾਲ 1963 ਵਿੱਚ ਸੀਰੀਆ ਵਿੱਚ ਸੱਤਾ 'ਚ ਪਰਿਵਰਤਨ ਹੋਇਆ। ਬਾਥ ਪਾਰਟੀ ਨੂੰ ਸੱਤਾ ਮਿਲੀ ਅਤੇ ਇਨ੍ਹਾਂ ਵਿੱਚ ਅਜਿਹੇ ਕਈ ਲੋਕ ਸਨ ਜੋ ਅਰਜਨਟੀਨਾ ਦੇ ਜ਼ਮਾਨੇ ਵਿੱਚ ਕੋਹੇਨ ਦੇ ਦੋਸਤ ਸਨ।
ਸੀਰੀਆਈ ਰਾਸ਼ਟਰਪਤੀ ਦੇ ਬੇਹੱਦ ਕਰੀਬ ਪਹੁੰਚੇ
ਤਖ਼ਤਾ ਪਲਟ ਦੀ ਅਗਵਾਈ ਦੀ ਅਮੀਨ ਅਲ-ਹਫ਼ੀਜ਼ ਨੇ, ਜੋ ਰਾਸ਼ਟਰਪਤੀ ਬਣੇ। ਹਫ਼ੀਜ਼ ਨੇ ਕੋਹੇਨ 'ਤੇ ਪੂਰਾ ਭਰੋਸਾ ਕੀਤਾ ਅਤੇ ਅਜਿਹਾ ਕਿਹਾ ਜਾਂਦਾ ਹੈ ਕਿ ਇੱਕ ਵਾਰ ਤਾਂ ਉਹ ਉਨ੍ਹਾਂ ਨੂੰ ਸੀਰੀਆ ਦਾ ਡਿਪਟੀ ਰੱਖਿਆ ਮੰਤਰੀ ਬਣਾਉਣ ਦਾ ਫ਼ੈਸਲਾ ਕਰ ਚੁੱਕਿਆ ਸੀ।
ਕੋਹੇਨ ਨੂੰ ਨਾ ਸਿਰਫ਼ ਖੂਫ਼ੀਆ ਫੌਜ ਬ੍ਰੀਫਿੰਗ ਵਿੱਚ ਮੌਜੂਦ ਰਹਿਣ ਦਾ ਮੌਕਾ ਮਿਲਿਆ ਸਗੋਂ ਉਨ੍ਹਾਂ ਨੂੰ ਗੋਲਾਨ ਹਾਈਟਸ ਇਲਾਕੇ ਵਿੱਚ ਸੀਰੀਆਈ ਫੌਜੀ ਠਿਕਾਣਿਆ ਦਾ ਦੌਰਾ ਕਰਵਾਇਆ ਗਿਆ।

ਤਸਵੀਰ ਸਰੋਤ, Getty Images
ਉਸ ਵੇਲੇ ਗੋਲਾਨ ਹਾਈਟਸ ਇਲਾਕੇ ਨੂੰ ਲੈ ਕੇ ਸੀਰੀਆ ਅਤੇ ਇਸਰਾਇਲ ਵਿਚਾਲੇ ਕਾਫ਼ੀ ਤਣਾਅ ਸੀ।
'ਦਿ ਸਪਾਈ' ਸੀਰੀਜ਼ ਵਿੱਚ ਇੱਕ ਵਾਕਿਆ ਵਿਖਾਇਆ ਗਿਆ ਕਿ ਕਿਸ ਤਰ੍ਹਾਂ ਕੋਹੇਨ, ਗਰਮੀ ਅਤੇ ਸੀਰੀਆਈ ਫੌਜੀਆਂ ਦੇ ਤਪਣ ਦਾ ਹਵਾਲਾ ਦੇ ਕੇ ਉੱਥੇ ਯੂਕੇਲਿਪਟਸ ਦਰਖ਼ਤ ਲਗਾਉਣ ਦਾ ਸੁਝਾਅ ਦਿੰਦੇ ਹਨ ਅਤੇ ਇਹ ਦਰਖ਼ਤ ਲਗਾਏ ਵੀ ਜਾਂਦੇ ਹਨ।
ਕਿਹਾ ਜਾਂਦਾ ਹੈ ਕਿ ਸਾਲ 1967 ਦੀ ਮਿਡਲ ਈਸਟ ਵਾਰ ਵਿੱਚ ਇਨ੍ਹਾਂ ਦਰਖ਼ਤਾਂ ਅਤੇ ਗੋਲਾਨ ਹਾਈਟਸ ਨਾਲ ਜੁੜੀ ਕੋਹੇਨ ਦੀ ਭੇਜੀ ਦੂਜੀ ਜਾਣਕਾਰੀ ਨੇ ਇਸਰਾਇਲ ਦੇ ਹੱਥੋਂ ਸੀਰੀਆ ਦੀ ਹਾਰ ਦੀ ਨੀਂਹ ਰੱਖੀ ਸੀ।
ਇਨ੍ਹਾਂ ਦਰਖ਼ਤਾਂ ਕਾਰਨ ਇਸਰਾਇਲ ਨੂੰ ਸੀਰੀਆਈ ਫੌਜੀਆਂ ਦੀ ਲੋਕੇਸ਼ਨ ਪਤਾ ਲਗਾਉਣ ਵਿੱਚ ਕਾਫ਼ੀ ਕਾਮਯਾਬੀ ਮਿਲੀ।
ਕਿਵੇਂ ਫੜੇ ਗਏ ਸਨ ਐਲੀ ?
ਜਾਸੂਸੀ 'ਤੇ ਕੋਹੇਨ ਦੀ ਜ਼ਬਰਦਸਤ ਪਕੜ ਦੇ ਬਾਵਜੂਦ ਉਨ੍ਹਾਂ ਵਿੱਚ ਲਾਪ੍ਰਵਾਹੀ ਦੀ ਇੱਕ ਝਲਕ ਵੀ ਦਿਖਾਈ ਦਿੰਦੀ ਸੀ। ਇਸਰਾਇਲ ਵਿੱਚ ਉਨ੍ਹਾਂ ਦੇ ਹੈਂਡਲਰ ਵਾਰ-ਵਾਰ ਉਨ੍ਹਾਂ ਨੂੰ ਰੇਡੀਓ ਟਰਾਂਸਮਿਸ਼ਨ ਦੇ ਸਮੇਂ ਚੌਕਸ ਰਹਿਣ ਦੀ ਹਿਦਾਇਤ ਦਿੰਦੇ ਸਨ।
ਨਾਲ ਹੀ ਉਨ੍ਹਾਂ ਨੂੰ ਇਹ ਵੀ ਨਿਰਦੇਸ਼ ਸਨ ਕਿ ਇੱਕ ਦਿਨ ਵਿੱਚ ਦੋ ਵਾਰ ਰੇਡੀਓ ਟਰਾਂਸਮਿਸ਼ਨ ਨਾ ਕਰਨ। ਪਰ ਕੋਹੇਨ ਵਾਰ-ਵਾਰ ਇਨ੍ਹਾਂ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰਦੇ ਸਨ ਅਤੇ ਉਨ੍ਹਾਂ ਦੇ ਅੰਤ ਦਾ ਕਾਰਨ ਇਹੀ ਲਾਪਰਵਾਹੀ ਬਣੀ।
ਜਨਵਰੀ 1965 ਵਿੱਚ ਸੀਰੀਆ ਦੇ ਕਾਊਂਟਰ-ਇੰਟੈਲੀਜੈਂਸ ਅਫਸਰਾਂ ਨੂੰ ਉਨ੍ਹਾਂ ਦੇ ਰੇਡੀਓ ਸਿਗਨਲ ਦੀ ਭਿਣਕ ਪੈ ਗਈ ਅਤੇ ਉਨ੍ਹਾਂ ਨੂੰ ਟਰਾਂਸਮਿਸ਼ਨ ਭੇਜਦੇ ਸਮੇਂ ਰੰਗੀ ਹੱਥੀ ਫੜ ਲਿਆ ਗਿਆ। ਕੋਹੇਨ ਤੋਂ ਪੁੱਛਗਿੱਛ ਹੋਈ, ਮੁਕੱਦਮਾ ਚੱਲਿਆ ਅਤੇ ਆਖ਼ਰਕਾਰ ਉਨ੍ਹਾਂ ਨੂੰ ਸਜ਼ਾ-ਏ-ਮੌਤ ਸੁਣਾਈ ਗਈ।

ਤਸਵੀਰ ਸਰੋਤ, ISRAELI GOVERNMENT PRESS OFFICE
ਕੋਹੇਨ ਨੂੰ ਸਾਲ 1966 ਵਿੱਚ ਦਮਿਸ਼ਕ ਵਿੱਚ ਇੱਕ ਜਨਤਕ ਚੌਰਾਹੇ 'ਤੇ ਫਾਂਸੀ ਦਿੱਤੀ ਗਈ ਸੀ। ਉਨ੍ਹਾਂ ਦੇ ਗਲੇ ਵਿੱਚ ਇੱਕ ਬੈਨਰ ਪਾਇਆ ਗਿਆ ਸੀ, ਜਿਸ 'ਤੇ ਲਿਖਿਆ ਸੀ 'ਸੀਰੀਆ ਵਿੱਚ ਮੌਜੂਦ ਅਰਬੀ ਲੋਕਾਂ ਵੱਲੋਂ।'
ਇਸਰਾਇਲ ਨੇ ਪਹਿਲਾਂ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਮਾਫ਼ ਕਰਨ ਲਈ ਕੌਮਾਂਤਰੀ ਪੱਧਰ 'ਤੇ ਮੁਹਿੰਮ ਚਲਾਈ ਪਰ ਸੀਰੀਆ ਨਹੀਂ ਮੰਨਿਆ। ਕੋਹੇਨ ਦੀ ਮੌਤ ਤੋਂ ਬਾਅਦ ਇਸਰਾਇਲ ਨੇ ਉਨ੍ਹਾਂ ਦੀ ਲਾਸ਼ ਅਤੇ ਅਵਸ਼ੇਸ਼ ਵਾਪਿਸ ਕਰਨ ਦੀ ਕਈ ਵਾਰ ਗੁਹਾਰ ਲਗਾਈ ਪਰ ਸੀਰੀਆ ਨੇ ਹਰ ਵਾਰ ਇਨਕਾਰ ਕਰ ਦਿੱਤਾ।
53 ਸਾਲ ਬਾਅਦ ਮਿਲੀ ਐਲੀ ਦੀ ਘੜੀ
ਮੌਤ ਦੇ 53 ਸਾਲ ਲੰਘਣ ਤੋਂ ਬਾਅਦ 2018 ਵਿੱਚ ਕੋਹੇਨ 'ਚ ਉਨ੍ਹਾਂ ਦੀ ਘੜੀ ਜ਼ਰੂਰ ਮਿਲੀ। ਇਸਰਾਇਲੀ ਪ੍ਰਧਾਨ ਮੰਤਰੀ ਦੇ ਕਾਰਜਕਾਲ ਨੇ ਇਸ ਗੱਲ ਦਾ ਐਲਾਨ ਕੀਤਾ ਸੀ। ਇਸਰਾਇਲ ਦੇ ਕਬਜ਼ੇ ਵਿੱਚ ਇਹ ਘੜੀ ਕਦੋਂ ਅਤੇ ਕਿਵੇਂ ਆਈ, ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਗਈ ਸੀ।
ਸਿਰਫ਼ ਐਨਾ ਦੱਸਿਆ ਗਿਆ ਸੀ ਕਿ 'ਮੋਸਾਦ (ਇਸਰਾਇਲੀ ਖੂਫ਼ੀਆ ਏਜੰਸੀ) ਦੇ ਖਾਸ ਆਪ੍ਰੇਸ਼ਨ' ਵਿੱਚ ਘੜੀ ਨੂੰ ਬਰਾਮਦ ਕਰਕੇ ਇਸਰਾਇਲ ਵਾਪਿਸ ਲਿਆਂਦਾ ਗਿਆ।
ਮੋਸਾਦ ਦੇ ਡਾਇਰੈਕਟਰ ਯੋਸੀ ਕੋਹੇਨ ਨੇ ਉਦੋਂ ਕਿਹਾ ਸੀ ਕਿ ਇਹ ਘੜੀ ਐਲੀ ਕੋਹੇਨ ਨੇ ਫੜੇ ਜਾਣ ਵਾਲੇ ਦਿਨ ਤੱਕ ਪਹਿਨੀ ਹੋਈ ਸੀ ਅਤੇ ਇਹ 'ਕੋਹੇਨ ਦੀ ਆਪ੍ਰੇਸ਼ਨਲ ਇਮੇਜ ਅਤੇ ਫਰਜ਼ੀ ਅਰਬ ਪਛਾਣ ਦਾ ਅਹਿਮ ਹਿੱਸਾ ਸੀ।'
ਇਸ ਘੜੀ ਦੇ ਮਿਲਣ 'ਤੇ ਇਸਰਾਇਲੀ ਪ੍ਰਧਾਨ ਮੰਤਰੀ ਬੇਨਯਾਮਿਨ ਨਿਤਨਯਾਹੂ ਨੇ ਇੱਕ ਬਿਆਨ ਵਿੱਚ ਕਿਹਾ ਸੀ , "ਮੈਂ ਇਸ ਸਾਹਸੀ ਅਤੇ ਵਚਨਬਧਤਾ ਵਾਲੀ ਮੁਹਿੰਮ ਦੇ ਲਈ ਮੋਸਾਦ ਦੇ ਲੜਾਕਿਆਂ ਉੱਤੇਮਾਣ ਮਹਿਸੂਸ ਕਰ ਰਿਹਾ ਹਾਂ।''
ਇਹ ਵੀ ਪੜ੍ਹੋ:
"ਇਸ ਆਪ੍ਰੇਸ਼ਨ ਦਾ ਇੱਕੋ ਉਦੇਸ਼ ਉਸ ਮਹਾਨ ਯੋਧਾ ਨਾਲ ਜੁੜਿਆ ਕੋਈ ਕੋਈ ਪ੍ਰਤੀਕ ਇਸਰਾਇਲ ਲਿਆਉਣਾ ਸੀ, ਜਿਸ ਨੇ ਆਪਣੇ ਦੇਸ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।"
ਪਿਛਲੇ ਸਾਲ ਮਈ ਮਹੀਨੇ ਵਿੱਚ ਇਹ ਘੜੀ ਕੋਹੇਨ ਦੀ ਵਿਧਵਾ ਨਾਦੀਆ ਨੂੰ ਇੱਕ ਨਿੱਜੀ ਸਮਾਰੋਹ ਵਿੱਚ ਸੌਂਪੀ ਗਈ ਸੀ। ਉਨ੍ਹਾਂ ਨੇ ਇਸ ਰਾਇਲੀ ਟੀਵੀ ਨੂੰ ਉਦੋਂ ਕਿਹਾ ਸੀ, "ਜਦੋਂ ਮੈਨੂੰ ਇਹ ਪਤਾ ਲੱਗਿਆ ਕਿ ਘੜੀ ਮਿਲ ਗਈ ਹੈ, ਮੇਰਾ ਗਲਾ ਸੁੱਕ ਗਿਆ ਅਤੇ ਸਰੀਰ ਵਿੱਚ ਇੱਕ ਝੁਣਝੁਣੀ ਜਿਹੀ ਦੌੜ ਗਈ।"
ਨਾਦੀਆ ਨੇ ਕਿਹਾ, "ਉਸ ਵੇਲੇ ਮੈਨੂੰ ਲੱਗਿਆ ਜਿਵੇਂ ਕਿ ਮੈਂ ਉਨ੍ਹਾਂ ਦਾ ਹੱਥ ਆਪਣੇ ਹੱਥ ਵਿੱਚ ਮਹਿਸੂਸ ਕਰ ਸਕਦੀ ਹਾਂ, ਅਜਿਹਾ ਅਹਿਸਾਸ ਹੋਇਆ ਕਿ ਉਨ੍ਹਾਂ ਦਾ ਇੱਕ ਹਿੱਸਾ ਸਾਡੇ ਨਾਲ ਹੈ।''
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












