ਦੋ ਜਾਸੂਸਾਂ ਦੀ ਕਿਤਾਬ ਨੇ ਖੋਲ੍ਹੇ ਭਾਰਤ ਅਤੇ ਪਾਕਿਸਤਾਨ ਦੇ ਰਾਜ਼?

ਤਸਵੀਰ ਸਰੋਤ, NARINDER NANU/AFP/GETTYIMAGES
- ਲੇਖਕ, ਵੁਸਤੁੱਲਾਹ ਖ਼ਾਨ
- ਰੋਲ, ਬੀਬੀਸੀ ਹਿੰਦੀ ਲਈ
ਅੱਜ ਪਾਕਿਸਤਾਨ ਦੇ ਪਿੰਡੀ ਵਿੱਚ ਸਾਬਕਾ ਜਾਸੂਸ ਲੈਫਟੀਨੈਂਟ ਜਨਰਲ ਅਸਦ ਦੁਰਾਨੀ ਹਾਈਕਮਾਂਡ ਨੂੰ ਇਹ ਦੱਸਣਗੇ ਕਿ ਉਨ੍ਹਾਂ ਭਾਰਤੀ ਗੁਪਤ ਏਜੰਸੀ ਰਾਅ ਦੇ ਸਾਬਕਾ ਬੌਸ ਅਮਰਜੀਤ ਸਿੰਘ ਦੁੱਲਟ ਦੇ ਨਾਲ ਜੋ ਗੱਲਾਂ ਕੀਤੀਆਂ ਅਤੇ ਜੋ ਕਿਤਾਬ 'ਸਪਾਈ ਕ੍ਰਾਨਿਕਲ' ਵਿੱਚ ਛਪੀਆਂ ਹਨ, ਕੀ ਉਨ੍ਹਾਂ ਇਸ ਪ੍ਰੋਜੈਕਟ ਵਿੱਚ ਹੱਥ ਪਾਉਣ ਤੋਂ ਪਹਿਲਾਂ ਹਾਈਕਮਾਂਡ ਦੀ ਇਜਾਜ਼ਤ ਲਈ ਸੀ?
ਕੀ ਇਸ ਨਾਲ ਫੌਜ ਦੇ ਨੇਮਾਂ ਦਾ ਉਲੰਘਣ ਤਾਂ ਨਹੀਂ ਹੁੰਦਾ?
ਅਤੇ ਇਸ ਵਿੱਚ ਕੁਝ ਗੱਲਾਂ ਅਜਿਹੀਆਂ ਕਿਉਂ ਹਨ ਜਿਨ੍ਹਾਂ ਦਾ ਸੱਚ ਨਾਲ ਕੋਈ ਲੈਣਾ ਦੇਣਾ ਨਹੀਂ ਹੈ?
ਇਸ ਤੋਂ ਮੈਨੂੰ ਯਾਦ ਆਇਆ ਕਿ 'ਸਪਾਈ ਕ੍ਰਾਨਿਕਲ' ਵਿੱਚ ਇੱਕ ਥਾਂ 'ਤੇ ਜਨਰਲ ਅਸਦ ਦੁਰਾਨੀ ਨੇ ਲਿਖਿਆ ਹੈ ਕਿ ਜੇ ਅਸੀਂ ਦੋਵੇਂ ਨਾਵਲ ਲਿਖ ਦੇਈਏ ਤਾਂ ਵੀ ਲੋਕ ਯਕੀਨ ਨਹੀਂ ਕਰਨਗੇ।
ਪਾਕਿਸਤਾਨੀ ਸੈਨੇਟ ਦੇ ਸਾਬਕਾ ਮੁਖੀ ਰਜ਼ਾ ਰੱਬਾਨੀ ਨੇ ਸਵਾਲ ਚੁੱਕਿਆ ਕਿ ਜੇ ਅਜਿਹੀਆਂ ਗੱਲਾਂ ਕੋਈ ਸੀਵਿਲੀਅਨ ਕਰਦਾ ਤਾਂ ਹੁਣ ਤੱਕ ਦੇਸ ਧਰੋਹੀ ਹੋਣ ਦਾ ਠੱਪਾ ਲੱਗ ਚੁੱਕਿਆ ਹੁੰਦਾ।
ਮੁੰਬਈ ਹਮਲੇ ਬਾਰੇ ਦਿੱਤੇ ਆਪਣੇ ਹੀ ਬਿਆਨ ਵਿੱਚ ਫਸੇ ਨਵਾਜ਼ ਸ਼ਰੀਫ ਨੇ ਕਿਹਾ ਕਿ ਜਿਵੇਂ ਮੇਰੇ ਇੱਕ ਜੁਮਲੇ 'ਤੇ ਨੈਸ਼ਨਲ ਸਕਿਉਰਿਟੀ ਕਮੇਟੀ ਦੀ ਬੈਠਕ ਬੁਲਾਈ ਗਈ, ਹੁਣ ਜਨਰਲ ਅਸਦ ਦੁਰਾਨੀ ਲਈ ਵੀ ਬੁਲਾਈ ਜਾਵੇ।

ਤਸਵੀਰ ਸਰੋਤ, Getty Images
'ਸਪਾਈ ਕ੍ਰਾਨਿਕਲ' ਫਿਲਹਾਲ ਪਾਕਿਸਤਾਨ ਵਿੱਚ ਉਪਲਬਧ ਨਹੀਂ ਹੈ। ਇੱਕ ਦੋਸਤ ਨੇ ਮੈਨੂੰ ਪੀਡੀਐੱਫ ਕਾਪੀ ਭੇਜੀ।
ਅਸਦ ਦੁਰਾਨੀ ਨੇ ਇੱਕ ਦਿਲਚਸਪ ਗੱਲ ਦੱਸੀ। ਉਨ੍ਹਾਂ ਦੱਸਿਆ ਕਿ ਜਦ ਜਰਮਨੀ ਵਿੱਚ ਮਿਲਿਟਰੀ ਅਟੈਚੀ ਦੇ ਤੌਰ 'ਤੇ ਪੋਸਟਿੰਗ ਹੋਣੀ ਸੀ ਉਦੋਂ ਏਜੰਸੀ ਦੇ ਦੋ ਲੋਕ ਉਨ੍ਹਾਂ ਦੇ ਕਿਰਦਾਰ ਬਾਰੇ ਪਤਾ ਕਰਨ ਲਈ ਲਾਹੌਰ ਵਿੱਚ ਉਨ੍ਹਾਂ ਦੇ ਸਹੁਰੇ ਪਹੁੰਚੇ ਸਨ।
ਪਰਿਵਾਰਵਾਲੇ ਘਰ ਨਹੀਂ ਸਨ। ਏਜੰਸੀ ਵਾਲਿਆਂ ਨੇ ਗਲੀ ਦੇ ਚੌਕੀਦਾਰ ਤੋਂ ਪੁੱਛਿਆ ਕਿ ਇਸ ਘਰ ਵਿੱਚ ਰਹਿਣ ਵਾਲੇ ਲੋਕ ਕਿਹੋ ਜਿਹੇ ਹਨ। ਚੌਕੀਦਾਰ ਨੇ ਕਿਹਾ ਕਿ ਚੰਗੇ ਸ਼ਰੀਫ ਲੋਕ ਹਨ। ਚੌਕੀਦਾਰ ਦੇ ਬਿਆਨ ਤੋਂ ਉਨ੍ਹਾਂ ਦੀ ਜਰਮਨੀ ਦੀ ਪੋਸਟਿੰਗ ਕਲੀਅਰ ਹੋ ਗਈ ਸੀ।

ਤਸਵੀਰ ਸਰੋਤ, YOUTUBE
ਇੱਕ ਵਾਰ ਜਨਰਲ ਅਸਦ ਦੁਰਾਨੀ ਦਾ ਮੁੰਡਾ ਪਾਕਿਸਤਾਨੀ ਪਾਸਪੋਰਟ 'ਤੇ ਕਿਸੇ ਜਰਮਨ ਕੰਪਨੀ ਦੇ ਕੰਸਲਟੈਂਟ ਦੇ ਤੌਰ 'ਤੇ ਕੋਚੀਨ ਗਿਆ।
ਕਿਸੇ ਨੇ ਉਸਨੂੰ ਨਹੀਂ ਦੱਸਿਆ ਕਿ ਪਾਕਿਸਤਾਨੀ ਪਾਸਪੋਰਟ ਵਾਲਿਆਂ ਨੂੰ ਪੁਲਿਸ ਰਿਪੋਰਟਿੰਗ ਕਰਾਉਣੀ ਪੈਂਦੀ ਹੈ। ਜਿਸ ਬੰਦਰਗਾਹ ਰਾਹੀਂ ਉਹ ਭਾਰਤ ਵਿੱਚ ਦਾਖਲ ਹੋਇਆ ਹੈ ਉਸੇ ਬੰਦਰਗਾਹ ਤੋਂ ਵਾਪਸ ਜਾਣਾ ਹੁੰਦਾ ਹੈ।
ਉਹ ਕੋਚੀਨ ਤੋਂ ਮੁੰਬਈ ਏਅਰਪੋਰਟ ਪਹੁੰਚ ਗਿਆ ਅਤੇ ਉਸਨੂੰ ਰੋਕ ਲਿਆ ਗਿਆ।
ਜਨਰਲ ਸਾਬ੍ਹ ਨੇ ਅਮਰਜੀਤ ਸਿੰਘ ਦੁੱਲਟ ਨੂੰ ਫੋਨ ਕੀਤਾ। ਦੁੱਲਟ ਸਾਬ੍ਹ ਨੇ ਮੁੰਬਈ ਵਿੱਚ ਆਪਣੇ ਕੁਨੈਕਸ਼ਨ ਇਸਤੇਮਾਲ ਕੀਤੇ ਅਤੇ ਉਨ੍ਹਾਂ ਦੇ ਬੇਟੇ ਨੂੰ ਦੂਜੇ ਦਿਨ ਦੀ ਫਲਾਈਟ ਵਿੱਚ ਬਾਇੱਜ਼ਤ ਰਵਾਨਾ ਕਰ ਦਿੱਤਾ ਗਿਆ।
2003 ਵਿੱਚ ਰਾਅ ਨੇ ਆਈਐੱਸਆਈ ਨੂੰ ਜਨਰਲ ਮੁਸ਼ੱਰਫ 'ਤੇ ਇੱਕ ਘਾਤਕ ਹਮਲੇ ਦੀ ਟਿੱਪ ਦਿੱਤੀ ਸੀ ਜਿਸ ਕਾਰਣ ਉਹ ਹਮਲੇ ਵਿੱਚ ਬਚ ਗਏ ਸਨ।
ਹੁਣ ਜੇ ਅਜਿਹੀਆਂ ਗੱਲਾਂ ਲਿਖਣ ਨਾਲ ਨੈਸ਼ਨਲ ਸਕਿਉਰਿਟੀ ਨੂੰ ਖਤਰਾ ਹੈ ਤਾਂ ਹੁੰਦਾ ਰਹੇ। ਪਰ ਫਾਇਦਾ ਇਹ ਹੈ ਕਿ ਕਿਤਾਬ ਖੂਬ ਵਿਕੇਗੀ ਅਤੇ ਜੇ ਕਿਤਾਬ 'ਤੇ ਪਾਬੰਦੀ ਲੱਗ ਜਾਵੇ ਤਾਂ ਹੋਰ ਵੀ ਵਧੀਆ।

ਤਸਵੀਰ ਸਰੋਤ, AFP
ਕੀ ਦੋਵੇਂ ਰਿਟਾਇਰਡ ਜਾਸੂਸਾਂ ਨੇ ਕਸ਼ਮੀਰ ਜਾਂ ਇੱਕ ਦੂਜੇ ਦੇ ਖਿਲਾਫ਼ ਗੁਪਤ ਕਾਰਵਾਈਆਂ ਸਣੇ ਕਈ ਰਾਜ਼ ਵੀ ਖੋਲ੍ਹੇ ਹਨ?
ਜੇ ਮੈਂ ਨਾਂਹ ਕਹਾਂ ਤਾਂ ਫੇਰ ਤੁਸੀਂ 'ਸਪਾਈ ਕ੍ਰਾਨਿਕਲ' ਕਿਉਂ ਖਰੀਦੋਗੇ, ਇਸ ਲਈ ਮੈਂ ਨਾਂਹ ਤਾਂ ਬਿਲਕੁਲ ਨਹੀਂ ਕਹਾਂਗਾ।












