ਪੰਜਾਬ ਦੇ ਮਧੂ-ਮੱਖੀ ਪਾਲਕਾਂ ’ਤੇ ਪੈ ਰਹੀ ਹੈ ਪਰਾਲੀ ਦੇ ਧੂੰਏ ਦੀ ਮਾਰ, ਹੋਏ ਹਿਜਰਤ ਕਰਨ ਨੂੰ ਮਜਬੂਰ

ਮਨਪ੍ਰੀਤ ਸਿੰਘ
ਤਸਵੀਰ ਕੈਪਸ਼ਨ, ਮਨਪ੍ਰੀਤ ਸਿੰਘ ਇਸ ਸਮੇਂ ਉੱਤਰ ਪ੍ਰਦੇਸ਼ ਵਿੱਚ ਆਪਣੇ 185 ਬਕਸੇ ਸ਼ਿਫਟ ਕਰ ਰਹੇ ਹਨ
    • ਲੇਖਕ, ਨਵਕਿਰਨ ਸਿੰਘ
    • ਰੋਲ, ਬੀਬੀਸੀ ਸਹਿਯੋਗੀ

ਖੇਤੀ ਤੋਂ ਮੁਨਾਫ਼ਾ ਘੱਟ ਹੋਣ ਦੀ ਸੂਰਤ ਵਿੱਚ ਸਰਕਾਰ ਅਤੇ ਮਾਹਰ ਕਿਸਾਨਾਂ ਨੂੰ ਪਿਛਲੇ ਕਈ ਸਾਲਾਂ ਤੋਂ ਸਹਾਇਕ ਧੰਦੇ ਅਪਨਾਉਣ ਦੀ ਅਪੀਲ ਕਰਦੇ ਆ ਰਹੇ ਹਨ।

ਹਾਲਾਂਕਿ, ਹਕੀਕਤ ਇਹ ਹੈ ਕਿ ਖੇਤੀ ਦੇ ਸਹਾਇਕ ਧੰਦੇ ਵੀ ਬੁਨਿਆਦੀ ਤੌਰ ਉੱਤੇ ਖੇਤੀ ਨਾਲ ਹੀ ਜੁੜੇ ਹੋਏ ਹਨ।

ਇਨ੍ਹਾਂ ਵਿੱਚੋਂ ਹੀ ਇੱਕ ਕਿੱਤਾ ਮਧੂ ਮੱਖੀ ਪਾਲਣ ਦਾ ਹੈ, ਜੋ ਕਿ ਇੱਕ ਫ਼ਾਇਦੇਮੰਦ ਖੇਤੀ ਸਹਾਇਕ ਧੰਦਾ ਮੰਨਿਆ ਜਾਂਦਾ ਹੈ।

ਪਰ ਮਧੂ ਮੱਖੀ ਪਾਲਕ ਵੀ ਰਿਵਾਇਤੀ ਖੇਤੀ ਯਾਨੀ ਕਣਕ- ਝੋਨੇ ਦੀ ਮਾਰ ਝੱਲ ਰਹੇ ਹਨ। ਉਹ ਪਰਾਲੀ ਦੇ ਧੂਏ ਕਾਰਨ ਮਧੂ ਮੱਖੀਆਂ ਦੇ ਬਕਸੇ ਦੂਜੇ ਸੂਬਿਆਂ ਨੂੰ ਲੈ ਜਾਣ ਲਈ ‘ਮਜਬੂਰ’ ਹਨ।

ਇੰਨਾ ਹੀ ਨਹੀਂ ਸੂਬੇ ਦੇ ਵਾਤਾਵਰਣ ਵਿੱਚ ਕਰੀਬ ਦੋ ਦਹਾਕਿਆਂ ਵਿੱਚ ਆਈਆਂ ਤਬਦੀਲੀਆਂ ਕਾਰਨ ਪੰਜਾਬ ’ਚ ਮਧੂ ਮੱਖੀਆਂ ਨੂੰ ਉੱਚਿਤ ਖੁਰਾਕ ਨਾ ਮਿਲਣ ਦੀ ਗੱਲ ਵੀ ਆਖੀ ਜਾ ਰਹੀ ਹੈ।

ਮਧੂ ਮੱਖੀਆਂ ਖ਼ੁਰਾਕ ਲਈ ਫੁੱਲਾਂ ਵਾਲੀਆਂ ਫਸਲਾਂ, ਪੌਦਿਆਂ, ਰਿਵਾਇਤੀ ਰੁੱਖਾਂ ’ਤੇ ਨਿਰਭਰ ਕਰਦੀਆਂ ਹਨ ਅਤੇ ਬਦਲਵੇਂ ਰੂਪ ਵਿੱਚ ਇਹ ਫਸਲਾਂ ਦੇ ਵਾਧੇ ਵਿੱਚ ਵੀ ਸਹਾਈ ਸਿੱਧ ਹੁੰਦੀਆਂ ਹਨ।

ਪਰਾਲੀ ਦੇ ਧੂੰਏ ਕਾਰਨ ਮਧੂ ਮੱਖੀਆਂ ਦੇ ਮਰਨ ਦੇ ਖ਼ਤਰੇ ਕਾਰਨ ਅਤੇ ਚੰਗੀ ਖੁਰਾਕ ਦੀ ਭਾਲ ਵਿੱਚ ਅੱਜ ਕੱਲ੍ਹ ਮਧੂ ਮੱਖੀ ਪਾਲਕਾਂ ਨੇ ਉੱਤਰ ਪ੍ਰਦੇਸ਼, ਰਾਜਸਥਾਨ ਤੇ ਹੋਰ ਸੂਬਿਆਂ ਵਿੱਚ ਸੈਂਕੜੇ ਡੱਬਿਆਂ ਸਮੇਤ ਸੜਕਾਂ ਤੇ ਨਹਿਰਾਂ ਕੱਢੇ ਡੇਰੇ ਲਗਾਏ ਹੋਏ ਹਨ।

ਮਧੂ ਮੱਖੀ

ਤਸਵੀਰ ਸਰੋਤ, BBC/ Navkiran Singh

ਤਸਵੀਰ ਕੈਪਸ਼ਨ, ਇੱਕ ਬਕਸੇ ਤੋਂ 25 ਕਿਲੋ ਦੇ ਕਰੀਬ ਸ਼ਹਿਦ ਪ੍ਰਾਪਤ ਹੁੰਦਾ ਹੈ।

‘‘ਇਹੋ ਹਾਲਾਤ ਰਹੇ ਤਾਂ ਮਨੁੱਖ ਨੂੰ ਵੀ ਇੱਥੇ ਰਹਿਣਾ ਮੁਸ਼ਕਲ ਹੋ ਜਾਵੇਗਾ’’

ਜ਼ਿਲ੍ਹਾ ਸੰਗਰੂਰ ਦੇ ਪਿੰਡ ਛਾਜਲੀ ਦੇ ਨੌਜਵਾਨ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਝੋਨਾ ਵੱਢਣ ਤੋਂ ਬਾਅਦ ਅੱਜ ਕੱਲ੍ਹ ਕੋਈ ਵੀ ਫ਼ਸਲ ਨਹੀਂ ਹੁੰਦੀ।

ਮਨਪ੍ਰੀਤ ਸਿੰਘ ਇਸ ਸਮੇਂ ਉੱਤਰ ਪ੍ਰਦੇਸ਼ ਵਿੱਚ ਆਪਣੇ 185 ਬਕਸੇ ਸ਼ਿਫਟ ਕਰ ਰਹੇ ਹਨ।

ਉਹ ਕਹਿੰਦੇ ਹਨ, ‘‘ਸਰਕਾਰਾਂ ਸਿਰਫ ਕਹਿਣ ਲਈ ਕਹਿੰਦੀਆਂ ਹਨ ਕਿ ਕਿਸਾਨ ਖੇਤੀ ਦੇ ਸਹਾਇਕ ਧੰਦੇ ਅਪਨਾਉਣ ਪਰ ਇਸ ਮਸਲੇ ਵਿੱਚ ਵਿਹਾਰਕ ਰੂਪ ਵਿੱਚ ਕਰਦੀਆਂ ਕੁਝ ਨਹੀਂ ਹਨ।’’

ਉਨ੍ਹਾਂ ਅਨੁਸਾਰ ਜੇਕਰ ਪੰਜਾਬ ਵਿੱਚ ਹੋਰ ਫਸਲਾਂ ਦੀ ਐੱਮਐੱਸਪੀ ਤਹਿਤ ਖਰੀਦ ਦੀ ਗਾਰੰਟੀ ਮਿਲ ਜਾਵੇ ਤਾਂ ਫਸਲੀ ਵਭਿੰਨਤਾ ਨਾਲ ਪੰਜਾਬ ਮਧੂ ਮੱਖੀ ਪਾਲਣ ਵਿੱਚ ਬਹੁਤ ਤਰੱਕੀ ਕਰ ਸਕਦਾ ਹੈ। ਪੰਜਾਬ ਸਰਕਾਰ ਚਾਹੇ ਤਾਂ ਫਸਲੀ ਵਭਿੰਨਤਾ ਨਾਲ ਮਧੂ ਮੱਖੀ ਪਾਲਣ ਦੇ ਕਿੱਤੇ ਨੂੰ ਉਤਸ਼ਾਹਿਤ ਕਰਕੇ ਪੂਰੀ ਦੁਨੀਆਂ ਵਿੱਚ ਸ਼ਹਿਦ ਪਹੁੰਚਾ ਸਕਦੀ ਹੈ।

ਮਧੂ ਮੱਖੀ

ਤਸਵੀਰ ਸਰੋਤ, BBC/Navkiran Singh

ਤਸਵੀਰ ਕੈਪਸ਼ਨ, ਪੰਜਾਬ ਦੇ ਕਿਸਾਨ ਹਰ ਸਾਲ ਤਕਰੀਬਨ 55 ਹਜ਼ਾਰ ਟਨ ਸ਼ਹਿਦ ਪੈਦਾ ਕਰਦੇ ਹਨ।

ਮਨਪ੍ਰੀਤ ਸਿੰਘ ਖਰਚੇ ਬਾਰੇ ਵੀ ਗੱਲ ਕਰਦੇ ਹਨ।

ਉਹ ਕਹਿੰਦੇ ਹਨ, ‘‘ਬਾਹਰਲੇ ਸੂਬਿਆਂ ਵਿੱਚ ਮੱਖੀ ਲਿਜਾਣ-ਲਿਆਉਣ ‘ਤੇ ਕਾਫੀ ਖਰਚਾ ਹੁੰਦਾ ਹੈ, ਇਸ ਤੋਂ ਇਲਾਵਾ ਬਕਸਿਆਂ ਦੀ ਰਾਖੀ ਲਈ ਮਜ਼ਦੂਰ ਰੱਖਣੇ ਪੈਂਦੇ ਹਨ। ਸਾਨੂੰ ਸੋਚਣ ਦੀ ਲੋੜ ਹੈ ਕਿ ਅੱਜ ਤਾਂ ਸਾਡਾ ਵਾਤਾਵਰਨ ਮਧੂ ਮੱਖੀਆਂ ਦੇ ਰਹਿਣਯੋਗ ਨਹੀਂ ਹੈ ਤੇ ਜੇ ਇਹੋ ਹਾਲਾਤ ਰਹੇ ਤਾਂ ਮਨੁੱਖ ਨੂੰ ਵੀ ਇੱਥੇ ਰਹਿਣਾ ਮੁਸ਼ਕਲ ਹੋ ਜਾਵੇਗਾ।’’

‘‘ਪੰਜਾਬ ਦੇ ਕੁਝ ਨੌਜਵਾਨ ਮੱਖੀ ਪਾਲਣ ਦੇ ਕਿੱਤੇ ਨਾਲ ਜੁੜੇ ਜ਼ਰੂਰ ਪਰ ਉਹ ਇਸ ਕਰਕੇ ਇਹ ਕੰਮ ਛੱਡ ਗਏ ਕਿਉਂਕਿ ਉਨ੍ਹਾਂ ਨੂੰ ਬਾਹਰੀ ਸੂਬਿਆਂ ਵਿੱਚ ਮੱਖੀ ਲਿਜਾਣ ਦਾ ਕੰਮ ਔਖਾ ਲੱਗਿਆ।’’

‘‘ਪੰਜਾਬ ’ਚ ਮਧੂ ਮੱਖੀ ਪਾਲਣ ਦਾ ਕਿੱਤਾ ਸਹਾਈ ਸਿੱਧ ਹੋ ਸਕਦਾ ਹੈ, ਜੇਕਰ...’’

ਹਰਦੀਪ ਸਿੰਘ

ਤਸਵੀਰ ਸਰੋਤ, BBC/Navkiran Singh

ਤਸਵੀਰ ਕੈਪਸ਼ਨ, ਹਰਦੀਪ ਸਿੰਘ ਮੁਤਾਬਕ ਫਸਲੀ ਵਭਿੰਨਤਾ ਦੀ ਅਣਹੋਂਦ ਅਤੇ ਧੂੰਏ ਕਾਰਨ ਮੱਖੀਆਂ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਸ਼ਿਫਟ ਕਰਨੀਆਂ ਪੈਂਦੀਆਂ ਹਨ

ਪਿਛਲੇ 18 ਸਾਲਾਂ ਤੋਂ ਮੱਖੀ ਪਾਲਨ ਦੇ ਕਿੱਤੇ ਨਾਲ ਜੁੜੇ ਕਿਸਾਨ ਹਰਦੀਪ ਸਿੰਘ ਚੂੰਘਾ ਨੇ ਦੱਸਿਆ ਕਿ ਉਨ੍ਹਾਂ ਨੇ ਐਮ.ਏ. ਅਤੇ ਬੀ.ਐੱਡ ਕੀਤੀ ਹੋਈ ਹੈ, ਪਰ ਪ੍ਰਾਈਵੇਟ ਨੌਕਰੀ ਕਰਨ ਨਾਲੋਂ ਇਹ ਕਿੱਤਾ ਆਰਥਿਕ ਪੱਖੋਂ ਬਹੁਤ ਲਾਹੇਵੰਦ ਹੈ।

ਉਹ ਕਹਿੰਦੇ ਹਨ, ‘‘ਲਾਹੇਵੰਦ ਕਿੱਤਾ ਹੋਣ ਕਾਰਨ ਹੀ ਮੈਂ ਇਸ ਕਿੱਤੇ ਨਾਲ ਜੁੜਿਆ ਹਾਂ। ਮੱਖੀ ਨੂੰ ਫੁੱਲਦਾਰ ਦਰਖ਼ਤ ਤੇ ਫਸਲਾਂ ਦੀ ਲੋੜ ਹੁੰਦੀ ਹੈ। ਜਦੋਂ 18 ਸਾਲ ਪਹਿਲਾਂ ਇਹ ਕੰਮ ਸ਼ੁਰੂ ਕੀਤਾ ਸੀ ਤਾਂ ਉਸ ਸਮੇਂ ਪੰਜਾਬ ਵਿੱਚ ਸਫੈਦੇ, ਬੇਰੀਆਂ, ਟਾਹਲੀਆਂ ਦੇ ਦਰਖਤ ਮੌਜੂਦ ਸਨ। ਮਾਲਵਾ ਖ਼ੇਤਰ ਵਿੱਚ ਤਾਂ ਨਰਮਾ, ਕਪਾਹ, ਸਰ੍ਹੋਂ ਦੀ ਬਿਜਾਈ ਵੀ ਹੁੰਦੀ ਸੀ। ਜਿਸ ਕਾਰਨ ਪੰਜਾਬ ਤੋਂ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ ਸੀ।’’

‘‘ਪਰ ਪਿਛਲੇ ਦੋ ਦਹਾਕਿਆਂ ਦੌਰਾਨ ਪੰਜਾਬ ਵਿੱਚ ਕਿਸਾਨ ਮੁੱਖ ਤੌਰ ‘ਤੇ ਕਣਕ, ਝੋਨੇ ਦੀ ਬਿਜਾਈ ਹੀ ਕਰਦੇ ਹਨ ਤੇ ਅਸੀਂ ਪੰਜਾਬ ਵਿੱਚੋਂ ਰਵਾਇਤੀ ਰੁੱਖ ਕੱਟ ਕੇ ਸੋਹਣੇ ਲੱਗਣ ਵਾਲੇ ਰੁੱਖ ਲਗਾਉਣ ਦੇ ਰਾਹ ਪਏ ਹੋਏ ਹਾਂ ਤਾਂ ਅਜਿਹੀ ਸਥਿਤੀ ਵਿੱਚ ਮੱਖੀਆਂ ਭੋਜਣ ਕਿੱਥੋਂ ਲੈਣਗੀਆਂ।’’

ਮਧੂ ਮੱਖੀ

ਤਸਵੀਰ ਸਰੋਤ, BBC/Navkiran Singh

ਉਨ੍ਹਾਂ ਦੱਸਿਆ ਕਿ ਫਸਲੀ ਵਭਿੰਨਤਾ ਦੀ ਅਣਹੋਂਦ ਅਤੇ ਧੂੰਏ ਕਾਰਨ ਮੱਖੀਆਂ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਸ਼ਿਫਟ ਕਰਨੀਆਂ ਪੈਂਦੀਆਂ ਹਨ।

ਬਾਹਰਲੇ ਸੂਬਿਆਂ ਵਿੱਚ ਮੱਖੀਆਂ ਰੱਖਣ ਕਾਰਨ ਆਉਣ ਵਾਲੀਆਂ ਦਿੱਕਤਾਂ ਦਾ ਜ਼ਿਕਰ ਕਰਦਿਆਂ ਹਰਦੀਪ ਸਿੰਘ ਦੱਸਦੇ ਹਨ ਕਿ ਇਹ ਬਹੁਤ ਔਖਾ ਕੰਮ ਹੈ।

‘‘ਪਹਿਲਾਂ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਵਿੱਚ ਅਜਿਹੀ ਜਗ੍ਹਾ ਦੀ ਨਿਸ਼ਾਨਦੇਹੀ ਕਰਨੀ ਪੈਂਦੀ ਹੈ ਜਿੱਥੇ ਸਫੈਦੇ, ਟਾਹਲੀ, ਬੇਰੀ, ਕਿੱਕਰ ਵਰਗੇ ਰਵਾਇਤੀ ਰੁੱਖ ਹੋਣ ਅਤੇ ਨੇੜੇ ਕੋਈ ਫੁੱਲਾਂ ਵਾਲੀ ਫਸਲ ਹੋਵੇ ਤੇ ਆਸ-ਪਾਸ ਦੇ ਲੋਕਾਂ ਨੂੰ ਸਾਡੇ ਤੋਂ ਕੋਈ ਦਿੱਕਤ ਨਾ ਹੋਵੇ। ਫਿਰ ਟਰੱਕਾਂ ਰਾਹੀਂ ਬਕਸੇ ਸ਼ਿਫਟ ਕਰਨੇ ਪੈਂਦੇ ਹਨ ਤੇ ਉੱਥੇ ਮਜ਼ਦੂਰ ਛੱਡਣੇ ਪੈਂਦੇ ਹਨ।’’

ਹਰਦੀਪ ਸਿੰਘ ਨੇ ਦੱਸਿਆ ਕਿ ਇਸ ਸਮੇਂ ਉਨ੍ਹਾਂ ਦੇ 500 ਬਕਸੇ ਰਾਜਸਥਾਨ ਵਿੱਚ ਹਨ, ਜਿਸ ‘ਤੇ ਤਿੰਨ ਮਜ਼ਦੂਰ ਰੱਖੇ ਹੋਏ ਹਨ। ਉਹ ਮਹੀਨੇ ਵਿੱਚ ਤਿੰਨ ਤੋਂ ਚਾਰ ਵਾਰ ਸ਼ਹਿਦ ਲੈਣ ਸਮੇਂ ਖੁਦ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਇੱਕ ਵਾਰ ਸੜਕ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਕਾਫੀ ਮਾਲੀ ਨੁਕਸਾਨ ਵੀ ਝੱਲ ਚੁੱਕੇ ਹਨ।

ਹਰਦੀਪ ਸਿੰਘ ਦਾ ਕਹਿਣਾ ਹੈ ਕਿ ਜੇ ਪੰਜਾਬ ਵਿੱਚ ਫਸਲੀ ਵਭਿੰਨਤਾ ਤਹਿਤ ਵੱਖ-ਵੱਖ ਫਸਲਾਂ ਦੀ ਬਿਜਾਈ ਹੋਵੇ ਤਾਂ ਪੰਜਾਬ ਵਿੱਚ ਮਧੂ-ਮੱਖੀ ਪਾਲਣ ਦਾ ਕਿੱਤਾ ਬਹੁਤ ਸਹਾਈ ਸਿੱਧ ਹੋ ਸਕਦਾ ਹੈ।

ਰਾਤ ਦੇ ਹਨੇਰੇ ਵਿੱਚ ਮੱਖੀਆਂ ਪੰਜਾਬ ਤੋਂ ਬਾਹਰਲੇ ਸੂਬੇ ’ਚ ਲਿਜਾਈਆਂ ਜਾਂਦੀਆਂ ਹਨ

ਮਾਨ ਸਿੰਘ

ਤਸਵੀਰ ਸਰੋਤ, BBC/Navkiran Singh

ਤਸਵੀਰ ਕੈਪਸ਼ਨ, ਮਾਨ ਸਿੰਘ ਬੇਰੀਆਂ, ਟਾਹਲੀਆਂ ਵਰਗੇ ਰਵਾਇਤੀ ਰੁੱਖ ਪੰਜਾਬ ਤੋਂ ਗਾਇਬ ਹੋ ਗਏ ਹਨ

ਕਸਬਾ ਸ਼ਹਿਣਾ ਦੇ ਵਸਨੀਕ ਮਾਨ ਸਿੰਘ ਖੱਟੜਾ ਨੇ ਦੱਸਿਆ ਕਿ ਉਹ 1998 ਤੋਂ ਮੱਖੀ ਪਾਲਣ ਦਾ ਕਿੱਤਾ ਕਰ ਰਹੇ ਹਨ।

ਉਹ ਕਹਿੰਦੇ ਹਨ, ‘‘ਪਿਛਲੇ 25 ਸਾਲ ਵਿੱਚ ਪੰਜਾਬ ਵਿੱਚ ਸਿਫ਼ਤੀ ਤਬਦੀਲੀ ਆਈ ਹੈ, ਉਸ ਸਮੇਂ ਕਪਾਹ, ਨਰਮਾ, ਬਾਜਰਾ ਵਰਗੀਆਂ ਫਸਲਾਂ ਹੁੰਦੀਆਂ ਸਨ ਤੇ ਰਵਾਇਤੀ ਰੁੱਖ ਸਨ ਪਰ ਹੁਣ ਪੰਜਾਬ ਵਿੱਚ ਇਹ ਸਭ ਕੁਝ ਨਹੀਂ ਮਿਲਦਾ ਜਿਸ ਕਾਰਨ ਮੱਖੀ ਬਾਹਰ ਲਿਜਾਣੀ ਪੈਂਦੀ ਹੈ।’’

ਮਾਨ ਸਿੰਘ ਖੱਟੜਾ ਮੁਤਾਬਕ ਰਵਾਇਤੀ ਸਫੈਦੇ ‘ਤੇ ਫੁੱਲ ਹੁੰਦੇ ਸਨ ਜੋ ਮੱਖੀ ਲਈ ਬਹੁਤ ਲਾਭਦਾਇਕ ਸਨ ਪਰ ਹੁਣ ਕਲੋਨ ਵਿਧੀ ਰਾਹੀਂ ਲਗਾਏ ਜਾਂਦੇ ਸਫੈਦੇ ‘ਤੇ ਫੁੱਲ ਹੀ ਨਹੀਂ ਹੁੰਦੇ। ਬੇਰੀਆਂ, ਟਾਹਲੀਆਂ ਵਰਗੇ ਰਵਾਇਤੀ ਰੁੱਖ ਪੰਜਾਬ ਤੋਂ ਗਾਇਬ ਹੋ ਗਏ ਹਨ।

ਮਾਨ ਸਿੰਘ ਕਹਿੰਦੇ ਹਨ, ‘‘ਇੱਕੋ ਫਸਲ ਕਣਕ, ਝੋਨਾ ਹੋਣ ਕਾਰਨ ਰੇਹਾਂ, ਸਪਰੇਹਾਂ ਵੀ ਇੱਕੋ ਸਮੇਂ ਹੁੰਦੀਆਂ ਹਨ ਜੋ ਮੱਖੀ ਲਈ ਬਹੁਤ ਨੁਕਸਾਨਦੇਹ ਹਨ।’’

ਮੱਖੀ ਪਾਲਕਾਂ ਤੇ ਮਾਹਰਾਂ ਨੇ ਦੱਸਿਆ ਕਿ ਮੱਖੀਆਂ ਨੂੰ ਜਦੋਂ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਸ਼ਿਫਟ ਕੀਤਾ ਜਾਂਦਾ ਹੈ ਤਾਂ ਇਹ ਕੰਮ ਸਿਰਫ ਰਾਤ ਦੇ ਹਨ੍ਹੇਰੇ ਵਿੱਚ ਹੀ ਹੁੰਦਾ ਹੈ।

ਮੱਖੀ ਪਾਲਕ ਸੂਰਜ ਛਿਪਣ ਸਮੇਂ ਪੰਜਾਬ ਤੋਂ ਮੱਖੀ ਚੁੱਕਦੇ ਹਨ ਤੇ ਰਾਤੋ-ਰਾਤ ਆਪਣੇ ਟਿਕਾਣੇ ‘ਤੇ ਪਹੁੰਚਦੇ ਹਨ। ਸਵੇਰੇ ਸੂਰਜ ਚੜ੍ਹਣ ਤੋਂ ਪਹਿਲਾਂ-ਪਹਿਲਾਂ ਬਕਸੇ ਰੱਖ ਦਿੱਤੇ ਜਾਂਦੇ ਹਨ। ਇਸ ਕਰਨ ਮੱਖੀ ਪਾਲਕ ਬਹੁਤ ਤੇਜੀ ਵਿੱਚ ਹੁੰਦੇ ਹਨ ਤੇ ਸੜਕੀ ਹਾਦਸੇ ਵੀ ਵਾਪਰ ਜਾਂਦੇ ਹਨ।

ਸ਼ਹਿਦ ਪੈਦਾ ਕਰਨ 'ਚ ਪੰਜਾਬ ਦਾ ਦੂਜਾ ਨੰਬਰ

ਗੁਰੁ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਨਾਲ ਸਬੰਧਤ ਕ੍ਰਿਸ਼ੀ ਵਿਗਿਆਨ ਕੇਂਦਰ ਹੰਢਿਆਇਆ ਦੇ ਸਹਾਇਕ ਨਿਰਦੇਸ਼ਕ ਡਾਕਟਰ ਪ੍ਰਹਿਲਾਦ ਸਿੰਘ ਤੰਵਰ ਮੁਤਾਬਕ ਪੰਜਾਬ ਦੇ ਲਗਭਗ 23 ਹਜ਼ਾਰ ਕਿਸਾਨ ਮਧੂ ਮੱਖੀ ਪਾਲਣ ਦੇ ਕਿੱਤੇ ਨਾਲ ਜੁੜੇ ਹੋਏ ਹਨ।

ਉਹ ਕਹਿੰਦੇ ਹਨ, ‘‘ਸ਼ਹਿਦ (ਮਖਿਆਲ) ਪੈਦਾ ਕਰਨ ਦੇ ਮਾਮਲੇ ਵਿੱਚ ਦੇਸ਼ ਭਰ ਵਿੱਚੋਂ ਉੱਤਰ ਪ੍ਰਦੇਸ਼ ਤੋਂ ਬਾਅਦ ਪੰਜਾਬ ਦੂਜੇ ਨੰਬਰ ‘ਤੇ ਆਉਂਦਾ ਹੈ। ਪੰਜਾਬ ਦੇ ਕਿਸਾਨ ਹਰ ਸਾਲ ਤਕਰੀਬਨ 55 ਹਜ਼ਾਰ ਟਨ ਸ਼ਹਿਦ ਪੈਦਾ ਕਰਦੇ ਹਨ ਜੋ ਪੂਰੇ ਦੇਸ਼ ਵਿੱਚੋਂ ਪੈਦਾ ਹੁੰਦੇ ਸ਼ਹਿਦ ਦਾ ਚੌਥਾ ਹਿੱਸਾ (25 ਫੀਸਦ) ਬਣਦਾ ਹੈ।’’

ਉਨ੍ਹਾਂ ਮੁਤਾਬਕ ਇੱਕ ਬਕਸੇ ਤੋਂ 25 ਕਿਲੋ ਦੇ ਕਰੀਬ ਸ਼ਹਿਦ ਪ੍ਰਾਪਤ ਹੁੰਦਾ ਹੈ ਤੇ ਉਹ ਹਰ ਸਾਲ ਨੌਜਵਾਨਾਂ ਨੂੰ ਮਧੂ ਮੱਖੀ ਪਾਲਣ ਬਾਰੇ ਮੁਫ਼ਤ ਟਰੇਨਿੰਗ ਮੁਹੱਈਆ ਕਰਦੇ ਹਨ।

ਪ੍ਰਹਿਲਾਦ ਸਿੰਘ ਤੰਵਰ

ਤਸਵੀਰ ਸਰੋਤ, BBC/Navkiran Singh

ਤਸਵੀਰ ਕੈਪਸ਼ਨ, ਕ੍ਰਿਸ਼ੀ ਵਿਗਿਆਨ ਕੇਂਦਰ ਹੰਢਿਆਇਆ ਦੇ ਸਹਾਇਕ ਨਿਰਦੇਸ਼ਕ ਡਾਕਟਰ ਪ੍ਰਹਿਲਾਦ ਸਿੰਘ ਤੰਵਰ

ਕੇਂਦਰ ਮੁਤਾਬਕ ਨਵੰਬਰ ਤੋਂ ਜਨਵਰੀ ਦਰਮਿਆਨ ਨਾ ਤਾਂ ਪੰਜਾਬ ਦਾ ਵਾਤਾਵਰਨ ਮਧੂ ਮੱਖੀਆਂ ਦੇ ਅਨੁਕੂਲ ਹੁੰਦਾ ਹੈ ਤੇ ਨਾ ਹੀ ਫ਼ਸਲੀ ਵਭਿੰਨਤਾ ਦੀ ਅਣਹੋਂਦ ਕਾਰਨ ਮਧੂ ਮੱਖੀਆਂ ਨੂੰ ਪੋਸ਼ਣ ਮਿਲਦਾ ਹੈ।

ਇਹੀ ਕਾਰਨ ਹੈ ਕਿ ਪੇਸ਼ੇਵਰ ਮਧੂ ਮੱਖੀ ਪਾਲਕਾਂ ਨੂੰ ਆਪਣੇ ਬਕਸੇ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਲਿਜਾਣੇ ਪੈਂਦੇ ਹਨ।

ਮਧੂ ਮੱਖੀ ਪਾਲਕ ਅੱਜ ਕੱਲ ਰਾਜਸਥਾਨ, ਉੱਤਰ ਪ੍ਰਦੇਸ਼ ਤੇ ਹਰਿਆਣਾ ਵਿੱਚ ਨਹਿਰਾਂ, ਸੜਕਾਂ ਕੰਢੇ ਜਾਂ ਗੈਰ ਉਪਜਾਊ ਪਈਆਂ ਜ਼ਮੀਨਾਂ ਵਿੱਚ ਮਧੂ ਮੱਖੀਆਂ ਵਾਲੇ ਬਕਸੇ ਰੱਖਦੇ ਹਨ ਤੇ ਫਿਰ ਟੈਂਟ ਲਗਾ ਕੇ ਉਨ੍ਹਾਂ ਦੀ ਰਾਖੀ ਤੇ ਪਾਲਣ-ਪੋਸ਼ਣ ਕਰਦੇ ਹਨ।

ਮਧੂ ਮੱਖੀ
ਤਸਵੀਰ ਕੈਪਸ਼ਨ, ਮਧੂ ਮੱਖੀ ਪਾਲਣ ਦੀ ਟਰੇਨਿੰਗ ਮੁਫ਼ਤ ਦਿੱਤੀ ਜਾਂਦੀ ਹੈ।

ਅਪ੍ਰੈਲ, ਮਈ ਦੇ ਮਹੀਨੇ ਮਧੂ ਮੱਖੀ ਪਾਲਕ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੇ ਉੱਤਰ ਪ੍ਰਦੇਸ਼ ਦਾ ਰੁਖ ਕਰਦੇ ਹਨ।

ਡਾ. ਪ੍ਰਹਿਲਾਦ ਸਿੰਘ ਤੰਵਰ ਅਨੁਸਾਰ ਮੱਖੀ ਨੂੰ ਪੰਜਾਬ ਤੋਂ ਬਾਹਰੀ ਸੂਬਿਆਂ ਵਿੱਚ ਸ਼ਿਫਟ ਕਰਨ ਦੇ ਦੋ ਮੁੱਖ ਕਾਰਨ ਹਨ।

ਇਸ ਬਾਰੇ ਉਹ ਕਹਿੰਦੇ ਹਨ, ‘‘ਪਹਿਲਾਂ ਕਾਰਨ ਤਾਂ ਪੰਜਾਬ ਵਿੱਚ ਕਣਕ-ਝੋਨੇ ਦਾ ਫ਼ਸਲੀ ਚੱਕਰ ਹੋਣ ਕਾਰਨ ਫ਼ਸਲੀ ਵਭਿੰਨਤਾ ਦੀ ਅਣਹੋਂਦ ਹੈ ਤੇ ਦੂਜਾ ਕਾਰਨ ਮੱਖੀ ਬਹੁਤ ਹੀ ਸੰਵੇਦਨਸ਼ੀਲ ਜੀਵ ਹੈ। ਇਸ ਲਈ ਅੱਜ ਕੱਲ੍ਹ ਜ਼ਿਆਦਾ ਧੂੰਆਂ ਹੋਣ ਕਾਰਨ ਪੰਜਾਬ ਦਾ ਵਾਤਾਵਰਣ ਮੱਖੀਆਂ ਦੇ ਰਹਿਣ ਦੇ ਅਨੁਕੂਲ ਨਹੀਂ ਹੈ। ਇਹੀ ਕਾਰਨ ਹੈ ਕਿ ਕਿਸਾਨਾਂ ਨੂੰ ਮੱਖੀ ਨੂੰ ਪੰਜਾਬ ਤੋਂ ਬਾਹਰ ਸ਼ਿਫਟ ਕਰਨਾ ਹੀ ਪੈਂਦਾ ਹੈ।’’

ਉਨ੍ਹਾਂ ਅਨੁਸਾਰ ਧੂੰਏ ਕਾਰਨ ਮੱਖੀ ਬਕਸੇ ਤੋਂ ਬਾਹਰ ਨਹੀਂ ਨਿਕਲਦੀ ਜਿਸ ਕਾਰਨ ਮੱਖੀ ਮਰ ਜਾਂਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)