ਪਰਾਲੀ ਨੂੰ ਸਾੜਨਾ: ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਹਵਾ ਹੋਈ ਪ੍ਰਦੂਸ਼ਿਤ, ਬਠਿੰਡਾ ਸਭ ਤੋਂ ਮੁਹਰੇ, ਜਾਣੋ ਸਿਹਤ ਕਿਵੇਂ ਬਚਾਉਣੀ ਹੈ

ਤਸਵੀਰ ਸਰੋਤ, Getty Images
- ਲੇਖਕ, ਗਗਨਦੀਪ ਸਿੰਘ ਜੱਸੋਵਾਲ
- ਰੋਲ, ਬੀਬੀਸੀ ਪੱਤਰਕਾਰ
ਨਵੰਬਰ ਮਹੀਨੇ ਦੀ ਸ਼ੁਰੁਆਤ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਅਚਾਨਕ ਵਾਧਾ ਹੋਣ ਨਾਲ ਸੰਘਣੀ ਧੁੰਦ ਨੇ ਵਾਤਾਵਰਨ ਨੂੰ ਗੰਧਲਾ ਕਰ ਦਿੱਤਾ ਹੈ।
ਨਤੀਜਾ ਹੈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਵਿੱਚ ਲਗਾਤਾਰ ਵਾਧਾ ਹੋਣਾ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਪੋਰਟਲ 'ਤੇ ਉਪਲਬਧ ਅੰਕੜਿਆਂ ਮੁਤਾਬਕ, ਬਠਿੰਡਾ ਸ਼ਹਿਰ ਵਿੱਚ ਹਵਾ ਦੀ ਗੁਣਵੱਤਾ ਸੂਬੇ ਭਰ ਵਿੱਚ ਸਭ ਤੋਂ ਖ਼ਰਾਬ ਹੈ। ਸ਼ਹਿਰ ਵਿੱਚ ਏਕਿਊਆਈ ਦਾ ਪੱਧਰ 349 ਤੱਕ ਪਹੁੰਚ ਗਿਆ ਹੈ, ਜਦੋਂ ਕਿ ਮੰਡੀ ਗੋਬਿੰਦਗੜ੍ਹ ਵਿੱਚ ਏਕਿਊਆਈ 274, ਲੁਧਿਆਣਾ 230, ਜਲੰਧਰ 272 ਅਤੇ ਅੰਮ੍ਰਿਤਸਰ ਵਿੱਚ 241 ਹੈ।
ਬਠਿੰਡਾ ਜ਼ਿਲ੍ਹੇ 'ਚ ਛਾਏ ਸੰਘਣੇ ਕਾਲੇ ਧੂੰਏਂ ਕਾਰਨ ਆਮ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦੇ ਡਾਕਟਰਾਂ ਨੇ ਲੋਕਾਂ ਨੂੰ ਘਰ ਅੰਦਰ ਰਹਿਣ ਅਤੇ ਬਾਹਰੀ ਗਤੀਵਿਧੀਆਂ ਦੌਰਾਨ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ।
ਇੰਨੀ ਦਿਨੀਂ ਬਠਿੰਡਾ ਸਥਿਤ ਏਮਜ਼ ਵਿੱਚ ਸਾਹ ਦੀ ਸਮੱਸਿਆ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਿੱਚ ਵੀ 20 ਫ਼ੀਸਦ ਤੱਕ ਵਾਧਾ ਹੋਇਆ ਹੈ।

ਤਸਵੀਰ ਸਰੋਤ, Getty Images
ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਅੰਕੜਿਆਂ ਮੁਤਾਬਕ ਪੰਜਾਬ ਵਿੱਚ 3 ਨਵੰਬਰ ਤੱਕ ਪਰਾਲੀ ਸਾੜਨ ਦੇ ਕੁੱਲ 12,813 ਮਾਮਲੇ ਸਾਹਮਣੇ ਆਏ ਹਨ।
ਸੰਗਰੂਰ ਜ਼ਿਲ੍ਹੇ ਵਿੱਚ 3 ਨਵੰਬਰ ਨੂੰ ਸਭ ਤੋਂ ਵੱਧ ਪਰਾਲੀ ਸਾੜਨ ਦੇ ਮਾਮਲੇ ਦਰਜ ਕੀਤੇ ਗਏ ਸਨ। ਸੰਗਰੂਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜੱਦੀ ਜ਼ਿਲ੍ਹਾ ਹੈ।
ਪੰਜਾਬ ਸਰਕਾਰ ਦੇ ਅੰਕੜੇ ਦੱਸਦੇ ਹਨ ਕਿ ਸੰਗਰੂਰ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੇ 1,907 ਮਾਮਲੇ ਸਨ, ਜਦੋਂ ਕਿ ਤਰਨਤਾਰਨ ਵਿੱਚ ਤਕਰੀਬਨ 1469, ਫਿਰੋਜ਼ਪੁਰ ਵਿੱਚ 1353, ਅੰਮ੍ਰਿਤਸਰ ’ਚ 1353 ਅਤੇ ਪਟਿਆਲਾ ਵਿੱਚ ਹੁਣ ਤੱਕ 1043 ਮਾਮਲੇ ਦਰਜ ਕੀਤੇ ਗਏ ਹਨ।
ਇਨ੍ਹਾਂ ਅੰਕੜਿਆਂ ਮੁਤਾਬਕ 2022 ਦੌਰਾਨ ਪਰਾਲੀ ਸਾੜਨ ਦੇ ਤਕਰੀਬਨ 49,922 ਮਾਮਲੇ ਸਾਹਮਣੇ ਆਏ ਸਨ, ਜਦੋਂ ਕਿ 2021 ਵਿੱਚ 71,304 ਮਾਮਲੇ ਦਰਜ ਕੀਤੇ ਗਏ ਸਨ।
ਬੀਤੇ ਵਰ੍ਹੇ 2022 ਵਿੱਚ ਸੰਗਰੂਰ ਵਿੱਚ ਵੀ ਪਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਸਨ, ਜਿਸ ਤੋਂ ਬਾਅਦ ਬਠਿੰਡਾ ਜ਼ਿਲ੍ਹੇ ਅਤੇ ਫ਼ਿਰੋਜ਼ਪੁਰ ਜ਼ਿਲ੍ਹਾ ਆਉਂਦੇ ਸਨ।

ਇਸ ਪ੍ਰਦੂਸ਼ਣ ਤੋਂ ਕਿਵੇਂ ਬਚੀਏ?
- ਅਜਿਹੇ ਪ੍ਰਦੂਸ਼ਣ ਵਿੱਚ ਬਾਹਰ ਖੇਡਣਾ, ਸੈਰ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ।
- ਜੇਕਰ ਤੁਹਾਨੂੰ ਸਾਹ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਫ਼ੌਰਨ ਡਾਕਟਰ ਦੀ ਸਲਾਹ ਲਓ।
- ਜੇਕਰ ਤੁਸੀਂ ਘਰ ਦੀ ਕੋਈ ਖਿੜਕੀ ਖੁੱਲ੍ਹੀ ਰੱਖਦੇ ਹੋ ਤਾਂ ਉਸ ਨੂੰ ਤੁਰੰਤ ਬੰਦ ਕਰ ਦਿਓ |
- ਜੇ ਤੁਹਾਡੇ ਕੋਲ ਅਜਿਹਾ ਏਸੀ ਹੈ ਜੋ ਬਾਹਰਲੀ ਹਵਾ ਖਿੱਚਦਾ ਹੈ, ਤਾਂ ਉਸ ਦੀ ਵਰਤੋਂ ਬੰਦ ਕਰ ਦਿਓ
- ਅਗਰਬੱਤੀਆਂ, ਮੋਮਬੱਤੀਆਂ ਜਾਂ ਕਿਸੇ ਕਿਸਮ ਦੀ ਲੱਕੜ ਨਾ ਸਾੜੋ, ਇਸ ਨਾਲ ਪ੍ਰਦੂਸ਼ਣ ਹੋਰ ਵਧੇਗਾ |
- ਘਰ ਵਿੱਚ ਵੈਕਿਊਮ ਕਲੀਨਿੰਗ ਦੀ ਵਰਤੋਂ ਨਾ ਕਰੋ। ਧੂੜ ਮਿੱਟੀ ਨੂੰ ਸਾਫ਼ ਕਰਨ ਲਈ ਹਮੇਸ਼ਾ ਪੋਚੇ ਦੀ ਵਰਤੋਂ ਕਰੋ
- ਧੂੜ, ਮਿੱਟੀ ਅਤੇ ਧੂੰਏ ਤੋਂ ਬਚਣ ਲਈ ਮਾਸਕ ਤੁਹਾਡੀ ਮਦਦ ਨਹੀਂ ਕਰੇਗਾ।
- ਸਿਰਫ਼ ਐੱਨ-95 ਜਾਂ ਪੀ-100 ਮਾਸਕ ਦੀ ਵਰਤੋਂ ਕਰੋ। ਇਸ ਕਿਸਮ ਦੇ ਮਾਸਕ ਵਿੱਚ ਛੋਟੇ ਤੋਂ ਛੋਟੇ ਕਣਾਂ ਨਾਲ ਵੀ ਲੜਨ ਦੀ ਸਮਰੱਥਾ ਹੁੰਦੀ ਹੈ।

ਏਮਜ਼ ਦੇ ਡਾਕਟਰ ਕੀ ਸਲਾਹ ਦਿੰਦੇ ਹਨ?
ਆਲ ਇੰਡੀਆ ਮੈਡੀਕਲ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੇ ਪਲਮਨਰੀ ਵਿਭਾਗ ਦੇ ਐਸੋਸੀਏਟ ਪ੍ਰੋਫ਼ੈਸਰ ਡਾਕਟਰ ਰਾਮਨਿਵਾਸ ਕਹਿੰਦੇ ਹਨ ਕਿ ਮੌਜੂਦਾ ਹਵਾ ਗੁਣਵੱਤਾ ਸੂਚਕਾਂਕ 300 ਤੋਂ ਵੱਧ ਹੋ ਗਈ ਹੈ ਜੋ ਕਿ ਖਤਰਨਾਕ ਸ਼੍ਰੇਣੀ ਵਿੱਚ ਆਉਂਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਦਾ ਸਿਹਤ 'ਤੇ ਬਹੁਤ ਪ੍ਰਭਾਵ ਪੈਂਦਾ ਹੈ, ਖ਼ਾਸ ਕਰਕੇ ਫੇਫੜਿਆਂ ਉੱਤੇ, ਜੋ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ।
ਇਹ ਫੇਫੜਿਆਂ ਅਤੇ ਉਨ੍ਹਾਂ ਦੀਆਂ ਧਮਨੀਆਂ ਵਿੱਚ ਸੋਜਿਸ਼ ਪੈਦਾ ਕਰਦਾ ਹੈ, ਜਿਸ ਨਾਲ ਖੰਘ ਅਤੇ ਸਾਹ ਦੀਆਂ ਹੋਰ ਬਿਮਾਰੀਆਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਡਾਕਟਰ ਰਾਮਨਿਵਾਸ ਨੇ ਅੱਗੇ ਕਿਹਾ ਕਿ ਕਿ ਫੇਫੜਿਆਂ ਤੋਂ ਇਲਾਵਾ, ਅਜਿਹੀ ਹਵਾ ਵਿੱਚ ਬਹੁਤ ਛੋਟੇ ਕਣ ਅਤੇ ਗੈਸਾਂ ਜਿਵੇਂ ਕਿ ਕਾਰਬਨ ਮੋਨੋਆਕਸਾਈਡ ਜਾਂ ਅਸਥਿਰ ਜੈਵਿਕ ਮਿਸ਼ਰਣ ਹੁੰਦੇ ਹਨ। ਇਹ ਛੋਟੇ ਕਣ ਫੇਫੜਿਆਂ ਰਾਹੀਂ ਖ਼ੂਨ ਵਿੱਚ ਦਾਖਲ ਹੋ ਸਕਦੇ ਹਨ, ਜਿਸ ਨਾਲ ਹਾਈਪਰਟੈਨਸ਼ਨ ਜਾਂ ਦਿਲ ਦਾ ਦੌਰਾ ਵੀ ਪੈ ਸਕਦਾ ਹੈ।

ਡਾਕਟਰ ਰਾਮਨਿਵਾਸ ਨੇ ਦੱਸਿਆ ਕਿ ਆਮ ਤੌਰ 'ਤੇ ਹਰ ਸਾਲ ਪਰਾਲੀ ਸਾੜਨ ਦੇ ਸਮੇਂ ਦੌਰਾਨ ਮਰੀਜ਼ਾਂ ਦੀ ਗਿਣਤੀ ਵਿੱਚ 10 ਤੋਂ 20 ਫ਼ੀਸਦੀ ਵਾਧਾ ਹੁੰਦਾ ਹੈ।
ਕੁਝ ਮਰੀਜ਼ਾਂ ਨੂੰ ਗਲ਼ੇ ਦੀ ਜਲਣ ਵਰਗੀਆਂ ਛੋਟੀਆਂ-ਮੋਟੀਆਂ ਸਮੱਸਿਆਵਾਂ ਹੁੰਦੀਆਂ ਹਨ, ਜਦੋਂ ਕਿ ਕਈ ਮਰੀਜ਼ ਸਾਹ ਦੀਆਂ ਗੰਭੀਰ ਬਿਮਾਰੀਆਂ ਜਿਵੇਂ ਕਿ ਦਮਾ ਜਾਂ ਟੀਬੀ ਆਦਿ ਤੋਂ ਪੀੜਤ ਹੁੰਦੇ ਹਨ। ਇਸ ਤਰ੍ਹਾਂ ਦੇ ਹਵਾ ਪ੍ਰਦੂਸ਼ਣ ਦੌਰਾਨ ਅਜਿਹੇ ਮਰੀਜ਼ਾਂ ਦੀ ਸੰਵੇਦਨਸ਼ੀਲਤਾ ਵੱਧ ਜਾਂਦੀ ਹੈ।
ਡਾਕਟਰ ਰਾਮਨਿਵਾਸ ਨੇ ਦੱਸਿਆ ਕਿ ਉਹ ਮੁੱਖ ਤੌਰ 'ਤੇ ਬਾਲਗ ਮਰੀਜ਼ਾਂ ਨੂੰ ਦੇਖਦੇ ਹਨ ਪਰ ਪ੍ਰਦੂਸ਼ਿਤ ਹਵਾ ਨਾਲ ਬਜ਼ੁਰਗ ਵਧੇਰੇ ਪ੍ਰਭਾਵਿਤ ਹੁੰਦੇ ਹਨ।
ਬੱਚੇ ਅਤੇ ਬਜ਼ੁਰਗ ਬਹੁਤ ਸੰਵੇਦਨਸ਼ੀਲ ਹੁੰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਪ੍ਰਦੂਸ਼ਣ ਕਾਰਨ ਸਿਹਤ ਨਾਲ ਜੁੜੀਆਂ ਦਿੱਕਤਾਂ ਆਉਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।

ਤਸਵੀਰ ਸਰੋਤ, Getty Images
ਹਵਾ ਪ੍ਰਦੂਸ਼ਣ ਦੌਰਾਨ ਕਿਹੜੀਆਂ ਸਾਵਧਾਨੀਆਂ ਵਰਤੀਆਂ ਜਾਣ
ਉਨ੍ਹਾਂ ਅੱਗੇ ਸਲਾਹ ਦਿੱਤੀ ਕਿ ਲੋਕਾਂ ਨੂੰ ਬਾਹਰ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਅਤੇ ਜੇਕਰ ਘਰਾਂ ਅੰਦਰ ਰਹਿਕੇ ਕਸਰਤ ਕਰਨੀ ਚਾਹੀਦੀ ਹੈ। ਵਧੇਰੇ ਪ੍ਰਦੂਸ਼ਣ ਵਾਲੇ ਦਿਨਾਂ ਵਿੱਚ ਸਵੇਰ ਦੀ ਸੈਰ ਤੋਂ ਵੀ ਪ੍ਰਹੇਜ਼ ਕਰਨਾ ਚਾਹੀਦਾ ਹੈ।
ਜੇ ਹੋ ਸਕੇ ਤਾਂ ਲੋਕ ਘਰਾਂ ਦੇ ਏਅਰ ਪਿਊਰੀਫ਼ਾਇਰ ਦੀ ਵਰਤੋਂ ਕਰ ਸਕਦੇ ਹਨ।
ਉਨ੍ਹਾਂ ਸਿਫ਼ਾਰਸ਼ ਕੀਤੀ ਕਿ ਸਾਹ ਦੀ ਸਮੱਸਿਆ ਵਾਲੇ ਕਿਸੇ ਵੀ ਵਿਅਕਤੀ ਨੂੰ ਨਿਯਮਤ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਆਮ ਲੋਕਾਂ ਨੂੰ ਘਰਾਂ ਤੋਂ ਬਾਹਰ ਜਾਣ ਵਾਲੇ ਐੱਨ95 ਮਾਸਕ ਪਹਿਨਣੇ ਚਾਹੀਦੇ ਹਨ।
ਡਾਕਟਰ ਰਾਮਨਿਵਾਸ ਨੇ ਅੱਗੇ ਕਿਹਾ ਕਿ ਗਰਭ ਅਵਸਥਾ ਦੌਰਾਨ ਔਰਤਾਂ ਦੀ ਬਿਮਾਰੀਆਂ ਪ੍ਰਤੀ ਪ੍ਰਤੀਰੋਧਕ ਸ਼ਕਤੀ ਬਹੁਤ ਘੱਟ ਜਾਂਦੀ ਹੈ, ਜਿਸ ਕਾਰਨ ਉਹ ਪ੍ਰਦੂਸ਼ਣ ਕਾਰਨ ਇਨਫੈਕਸ਼ਨ, ਖ਼ਾਸ ਕਰਕੇ ਸਾਹ ਦੀ ਨਾਲੀ ਦੀਆਂ ਲਾਗਾਂ ਲਈ ਵਧੇਰੇ ਸੰਵੇਦਨਸ਼ੀਲ ਬਣ ਜਾਂਦੀਆਂ ਹਨ।
ਪ੍ਰਦੂਸ਼ਣ ਮਾਂ ਦੀ ਸਿਹਤ ਤੋਂ ਇਲਾਵਾ ਭਰੂਣ ਦੇ ਵਿਕਾਸ ਨੂੰ ਵੀ ਪ੍ਰਭਾਵਿਤ ਕਰਦਾ ਹੈ।

ਤਸਵੀਰ ਸਰੋਤ, Getty Images
ਬਠਿੰਡਾ ਵਾਸੀਆਂ ਨੇ ਕੀ ਕਿਹਾ?
ਬਠਿੰਡਾ ਵਿੱਚ ਜਵੈਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਮਨਮੋਹਨ ਸਿੰਘ ਕੁੱਕੂ ਨੇ ਦੱਸਿਆ ਕਿ ਹਵਾ ਪ੍ਰਦੂਸ਼ਣ ਕਾਰਨ ਉਹ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਖੰਘ ਅਤੇ ਹੋਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਹ ਦੱਸਦੇ ਹਨ ਕਿ ਪਿਛਲੇ ਕੁਝ ਦਿਨਾਂ ਦੌਰਾਨ ਉਨ੍ਹਾਂ ਨੇ ਆਪਣੀ ਸੈਰ ਦੌਰਾਨ ਹਵਾ ਪ੍ਰਦੂਸ਼ਣ ਦੇ ਪ੍ਰਭਾਵਾਂ ਦਾ ਅਨੁਭਵ ਕੀਤਾ।
ਉਨ੍ਹਾਂ ਲੋਕਾਂ ਨੂੰ ਪ੍ਰਦੂਸ਼ਣ ਦੀ ਸਮੱਸਿਆ ਨਾਲ ਮਿਲ ਕੇ ਨਜਿੱਠਣ ਦੀ ਅਪੀਲ ਕੀਤੀ।
ਕੁੱਕੂ ਕਹਿੰਦੇ ਹਨ ਕਿ ਸ਼ਹਿਰ ਵਾਲੀ ਪਹਿਲਾਂ ਹੀ ਵਾਹਨਾਂ ਦੇ ਪ੍ਰਦੂਸ਼ਣ ਨਾਲ ਜੂਝ ਰਹੇ ਹਨ ਅਤੇ ਪਰਾਲੀ ਸਾੜਨ ਨਾਲ ਸਮੱਸਿਆ ਹੋਰ ਵਧ ਰਹੀ ਹੈ।

ਬਠਿੰਡਾ ਵਾਸੀ ਜਸਵਿੰਦਰ ਸ਼ਰਮਾ ਨੇ ਦੱਸਿਆ ਕਿ ਪਿਛਲੇ ਹਫ਼ਤੇ ਖ਼ਰਾਬ ਹਵਾ ਕਾਰਨ ਸ਼ਹਿਰ ਵਿੱਚ ਵਾਤਾਵਰਨ ਬਹੁਤ ਖ਼ਰਾਬ ਹੋ ਗਿਆ ਸੀ।
ਉਹ ਕਹਿੰਦੇ ਹਨ ਕਿ,“ਸਵੇਰ ਦੀ ਸੈਰ ਦੌਰਾਨ, ਅੱਖਾਂ ਵਿੱਚ ਜਲਣ ਮਹਿਸੂਸ ਹੋਣ ਲੱਗੀ। ਧੂੰਏਂ ਨੇ ਸਰੀਰਿਕ ਸਿਹਤ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ।”
ਸ਼ਰਮਾ ਮੁਤਾਬਕ ਉਨ੍ਹਾਂ ਦੇ ਪਰਿਵਾਰ ਦੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)












