ਪਰਾਲੀ ਦਾ ਮਸਲਾ ਸਰਕਾਰਾਂ ਤੋਂ ਕਿਉਂ ਹੱਲ ਨਹੀਂ ਹੋ ਰਿਹਾ

ਤਸਵੀਰ ਸਰੋਤ, Getty Images
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਦੁਪਹਿਰ ਦੇ ਕਰੀਬ ਦੋ ਵਜੇ ਬਠਿੰਡਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਕਿਸਾਨ ਸੁਰਿੰਦਰ ਸਿੰਘ ਮਾਚਸ ਦੀ ਮਦਦ ਨਾਲ ਆਪਣੇ ਖੇਤਾਂ ਵਿੱਚ ਪਈ ਪਰਾਲੀ ਨੂੰ ਅੱਗ ਲਗਾਉਂਦਾ ਹੈ।
ਜਿਵੇਂ-ਜਿਵੇਂ ਸੂਰਜ ਦੀ ਤਪਸ਼ ਵਧਦੀ ਜਾਂਦੀ ਹੈ ਤਾਂ ਅੱਗ ਪੂਰੇ ਖੇਤ ਵਿੱਚ ਫੈਲ ਜਾਂਦੀ ਹੈ।
ਚਾਰੇ ਪਾਸੇ ਧੂੰਆਂ ਹੀ ਧੂੰਆਂ, ਕੁਝ ਸਮੇਂ ਲਈ ਤਾਂ ਦਿਖਾਈ ਦੇਣਾ ਵੀ ਬੰਦ ਹੋ ਜਾਂਦਾ ਹੈ।
ਸਥਿਤੀ ਅਜਿਹੀ ਕਿ ਖੇਤ ਅਤੇ ਇਸ ਦੇ ਆਸਪਾਸ ਦੇ ਇਲਾਕੇ ਵਿੱਚ ਖੜਾ ਹੋਣਾ ਵੀ ਮੁਸ਼ਕਿਲ ਹੋ ਜਾਂਦਾ ਹੈ।
ਖੁਦ ਕਿਸਾਨ ਸੁਰਿੰਦਰ ਸਿੰਘ ਅਤੇ ਬੀਬੀਸੀ ਦੀ ਟੀਮ ਨੂੰ ਸਾਹ ਲੈਣ ਵਿੱਚ ਦਿੱਕਤ ਹੁੰਦੀ ਹੈ, ਅੱਖਾਂ ਵਿੱਚ ਜਲਣ ਹੋਣੀ ਸ਼ੁਰੂ ਹੋ ਜਾਂਦੀ ਹੈ।
ਕਰੀਬ ਦੋ ਘੰਟੇ ਬਾਅਦ ਪੂਰਾ ਖੇਤ ਕਾਲਾ ਨਜ਼ਰ ਆਉਂਦਾ ਹੈ।
ਸੁਰਿੰਦਰ ਸਿੰਘ ਆਖਦੇ ਹਨ ਕਿ ਹੁਣ ਉਹ ਇਸ ਵਿੱਚ ਕਣਕ ਦੀ ਬਿਜਾਈ ਕਰਨਗੇ।

ਇਹ ਪੁੱਛਣ ਉਪਰ ਕਿ ਪਰਾਲੀ ਨੂੰ ਅੱਗ ਕਿਉਂ ਲਗਾਈ ਤਾਂ ਜਵਾਬ ਮਿਲਿਆ ਹੋਰ ਕੀ ਕਰੀਏ, ਸਰਕਾਰ ਤਾਂ ਆਖਦੀ ਹੈ ਕਿ ਇਸ ਨੂੰ ਖੇਤ ਵਿੱਚ ਹੀ ਟਰੈਕਟਰ ਦੀ ਮਦਦ ਨਾਲ ਵਹਾਅ ਦਿਓ ਪਰ ਇਹ ਇੰਨਾ ਸੌਖਾ ਨਹੀਂ।
"ਇਸ ਉੱਤੇ ਪ੍ਰਤੀ ਏਕੜ ਖਰਚਾ ਆਉਂਦਾ ਹੈ।"
ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਕੋਲ ਤਿੰਨ ਏਕੜ ਜ਼ਮੀਨ ਹੈ ਅਤੇ ਇਸ ਤੋਂ ਹੀ ਘਰ ਦਾ ਗੁਜ਼ਾਰਾ ਚਲਦਾ ਹੈ।
ਲੰਮਾ ਸਾਹ ਲੈ ਕੇ ਸੁਰਿੰਦਰ ਸਿੰਘ ਆਖਦੇ ਹਨ ਕਿ ਉਸ ਨੂੰ ਵੀ ਪਤਾ ਹੈ ਕਿ ਪਰਾਲੀ ਸਾੜਨ ਨਾਲ ਪ੍ਰਦੂਸ਼ਣ ਹੁੰਦਾ ਹੈ ਅਤੇ ਇਸ ਦਾ ਸਭ ਤੋਂ ਪਹਿਲਾਂ ਸ਼ਿਕਾਰ ਉਹ ਖ਼ੁਦ ਹੋਇਆ ਹੈ, ਫਿਰ ਪਿੰਡ।
ਐਨਾ ਕਹਿ ਕੇ ਉਹ ਪਰਾਲੀ ਦੀ ਰਾਖ ਵਿੱਚ ਡੰਡਾ ਫੇਰਨ ਲੱਗ ਜਾਂਦਾ ਹੈ।

ਦਿਨ ਸਮੇਂ ਹੀ ਰਾਤ ਜਿਹਾ ਮਹੌਲ
ਬਠਿੰਡਾ-ਚੰਡੀਗੜ੍ਹ ਹਾਈਵੇ ਤੱਕ ਦਾ ਸਫ਼ਰ ਕਰਦਿਆਂ ਤੁਹਾਨੂੰ ਰਸਤੇ ਵਿੱਚ ਕਿਸਾਨ ਪਰਾਲੀ ਨੂੰ ਬਿਨਾ ਕਿਸੇ ਰੋਕ ਦੇ ਅੱਗ ਲਗਾਉਂਦੇ ਨਜ਼ਰ ਆਉਣਗੇ।
ਖ਼ਾਸ ਤੌਰ ਉੱਤੇ ਸੰਗਰੂਰ ਜ਼ਿਲ੍ਹੇ ਵਿੱਚ ਪਰਾਲੀ ਨੂੰ ਲਗਾਈ ਗਈ ਅੱਗ ਕਾਰਨ ਪੈਦਾ ਹੋਏ ਪ੍ਰਦੂਸ਼ਣ ਨਾਲ ਸ਼ਾਮੀ ਪੰਜ ਵਜੇ ਤੋਂ ਬਾਅਦ ਸੜਕ ਉੱਤੇ ਦਿਖਾਈ ਦੇਣਾ ਵੀ ਮੁਸ਼ਕਿਲ ਹੋ ਜਾਂਦਾ ਹੈ।
ਕਿਸਾਨਾਂ ਵੱਲੋਂ ਅੱਗ ਰਾਤ ਸਮੇਂ ਵੀ ਲਗਾਈ ਜਾਂਦੀ ਹੈ।

ਤਸਵੀਰ ਸਰੋਤ, Getty Images
ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਨੂੰ ਲੱਗੀ ਅੱਗ ਉੱਤੇ ਨਜ਼ਰ ਰੱਖਣ ਲਈ ਇੱਕ ਕੰਟਰੋਲ ਰੂਮ ਬਣਾਇਆ ਗਿਆ।
ਕੰਟਰੋਲ ਰੂਮ ਦੇ ਇੰਚਾਰਜ ਦੀਪਕ ਵਸ਼ਿਸਟ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਜ਼ਿਆਦਾਤਰ ਅੱਗ ਦੁਪਹਿਰ ਇੱਕ ਵਜੇ ਤੋਂ ਸ਼ਾਮੀ ਚਾਰ ਵਜੇ ਦੇ ਵਿਚਕਾਰ ਲਗਾਈ ਜਾਂਦੀ ਹੈ।
ਇਸ ਦਾ ਕਾਰਨ ਹੈ ਉਸ ਸਮੇਂ ਧੁੱਪ ਕਾਰਨ ਪਰਾਲੀ ਵਿੱਚ ਨਮੀ ਦੀ ਮਾਤਰਾ ਘੱਟ ਜਾਂਦੀ ਹੈ ਅਤੇ ਬੜੀ ਤੇਜ਼ੀ ਨਾਲ ਇਹ ਸੜ ਜਾਂਦੀ ਹੈ।

ਪਰਾਲੀ ਕਾਰਨ ਕੀ ਮੁਸ਼ਕਲਾਂ ਹੋ ਰਹੀਆਂ
- ਪਰਾਲੀ ਨੂੰ ਅੱਗ ਲਗਾਉਣ ਦੇ ਕੇਸਾਂ ਵਿੱਚ ਲਗਾਤਾਰ ਵਾਧਾ
- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ਿਲ੍ਹਾ ਪਰਾਲੀ ਨੂੰ ਅੱਗ ਲਗਾਉਣ ਵਿੱਚ ਮੋਹਰੀ ਹੈ
- ਧੂਏ ਕਾਰਨ ਹਵਾ ਪ੍ਰਦੂਸ਼ਨ ਵਿੱਚ ਵਾਧਾ ਹੋਇਆ ਹੈ
- ਪੰਜਾਬ ਸਰਕਾਰ ਵੱਲੋਂ ਕੇਂਦਰ ਉਪਰ ਸਹਿਯੋਗ ਨਾ ਦੇਣ ਦਾ ਇਲਜ਼ਾਮ ਲਗਾਇਆ ਗਿਆ ਹੈ
- ਹਰਿਆਣਾ ਨੇ ਪਰਾਲੀ ਉਤੇ ਐੱਮਐੱਸਪੀ ਦੇਣ ਦੀ ਤਿਆਰੀ ਖਿੱਚੀ ਹੈ

ਕਿਸਾਨ ਕਿਉਂ ਪਰਾਲੀ ਨੂੰ ਅੱਗ ਲਗਾ ਰਹੇ ਹਨ?
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਕਿਸਾਨ ਇਸ ਦੇ ਬਾਵਜੂਦ ਬਿਨਾ ਕਿਸੇ ਡਰ ਦੇ ਪਰਾਲੀ ਨੂੰ ਅੱਗ ਲੱਗਾ ਰਹੇ ਹਨ।
ਕਿਸਾਨਾਂ ਦੇ ਹੌਸਲੇ ਕਿੰਨੇ ਬੁਲੰਦ ਹਨ ਇਸ ਦਾ ਅੰਦਾਜ਼ਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਕਲਾਲਾ ਵਿਖੇ ਮੰਗਲਵਾਰ ਨੂੰ ਵਾਪਰੀ ਘਟਨਾ ਤੋਂ ਲਗਾਇਆ ਜਾ ਸਕਦਾ ਹੈ।
ਪਿੰਡ ਵਿੱਚ ਇੱਕ ਕਿਸਾਨ ਨੇ ਜਦੋਂ ਪਰਾਲੀ ਨੂੰ ਅੱਗ ਲਗਾਈ ਤਾਂ ਉਸ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀ ਗੱਡੀ ਪਿੰਡ ਪਹੁੰਚੀ।
ਇਸ ਤੋਂ ਪਹਿਲਾਂ ਅੱਗ ਉੱਤੇ ਪਾਣੀ ਦੀ ਮਦਦ ਨਾਲ ਕਾਬੂ ਪਾਇਆ ਜਾਂਦਾ, ਕਿਸਾਨਾਂ ਨੇ ਫਾਇਰ ਬ੍ਰਿਗੇਡ ਦੀ ਗੱਡੀ ਉੱਤੇ ਹੀ ਕਬਜ਼ਾ ਕਰ ਲਿਆ।
ਮੌਕੇ ਉੱਤੇ ਮੌਜੂਦ ਇਲਾਕੇ ਦੇ ਨਾਇਬ ਤਹਿਸੀਲਦਾਰ, ਖੇਤੀਬਾੜੀ ਵਿਭਾਗ ਅਤੇ ਫਾਇਰ ਮਹਿਕਮੇ ਦੇ ਅਮਲੇ ਨੂੰ ਬੰਦੀ ਬਣਾ ਲਿਆ।
ਕਿਸਾਨਾਂ ਨੇ ਗੱਡੀ ਉੱਤੇ ਕਬਜ਼ਾ ਕਰ ਕੇ ਇਸ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਖੜਾ ਕਰ ਦਿੱਤਾ।
ਥੋੜ੍ਹੀ ਦੇਰ ਵਿੱਚ ਆਸ ਪਾਸ ਦੇ ਪਿੰਡਾਂ ਦੇ ਕਿਸਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬੈਨਰ ਹੇਠ ਇਕੱਠੇ ਹੋ ਗਏ।
ਕਿਸਾਨਾਂ ਨੇ ਖੇਤੀਬਾੜੀ ਮਹਿਕਮੇ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਉਦੋਂ ਹੀ ਛੱਡਿਆ ਜਦੋਂ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨ ਦੇ ਖ਼ਿਲਾਫ਼ ਕਾਰਵਾਈ ਨਾ ਕਰਨ ਦਾ ਭਰੋਸਾ ਮਿਲਿਆ।
ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਨੇ ਆਖਿਆ ਹੈ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੇ ਖ਼ਿਲਾਫ਼ ਕੋਈ ਕਾਰਵਾਈ ਕੀਤੀ ਤਾਂ ਇਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਤਸਵੀਰ ਸਰੋਤ, Getty Images
ਉਨ੍ਹਾਂ ਆਖਿਆ ਕਿ ਪਰਾਲੀ ਨੂੰ ਅੱਗ ਲਗਾਉਣਾ ਕਿਸਾਨ ਦੀ ਮਜਬੂਰੀ ਹੈ ਕਿਉਂਕਿ ਇੱਕ ਫ਼ਸਲ ਨੂੰ ਕੱਟ ਕੇ ਦੂਜੀ ਫ਼ਸਲ ਦੀ ਬਿਜਾਈ ਕਰਨ ਵਿੱਚ ਅੱਠ ਤੋਂ ਦਸ ਦਿਨ ਦਾ ਸਮਾਂ ਹੀ ਹੁੰਦਾ ਹੈ। ਇਸ ਲਈ ਕਿਸਾਨ ਪਰਾਲੀ ਨੂੰ ਖ਼ਤਮ ਕਰਨ ਲਈ ਅੱਗ ਲਗਾਉਂਦਾ ਹੈ।
ਉਨ੍ਹਾਂ ਆਖਿਆ ਕਿ ਸਰਕਾਰ ਵੱਲੋਂ ਜੋ ਮਸ਼ੀਨਰੀ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਉਹ ਬਹੁਤ ਘੱਟ ਹੈ।
"ਜੇਕਰ ਸਰਕਾਰ ਚਾਹੁੰਦੀ ਕਿ ਕਿਸਾਨ ਪਰਾਲੀ ਨੂੰ ਅੱਗ ਨਾ ਲਗਾਉਣ ਤਾਂ ਉਸ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ।"
ਬਰਨਾਲਾ ਦੇ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਕਾਨੂੰਨ ਵਿਵਸਥਾ ਨੂੰ ਆਪਣੇ ਹੱਥ ਵਿੱਚ ਨਹੀਂ ਲੈਣਾ ਚਾਹੀਦਾ।
ਉਨ੍ਹਾਂ ਆਖਿਆ ਪਰਾਲੀ ਨੂੰ ਅੱਗ ਲਗਾਉਣਾ ਕਿਸੇ ਦੇ ਵੀ ਹਿੱਤ ਵਿੱਚ ਨਹੀਂ ਹੈ।

ਇਹ ਵੀ ਪੜ੍ਹੋ-

ਉਨ੍ਹਾਂ ਸਰਕਾਰੀ ਕਰਮਚਾਰੀਆਂ ਨੂੰ ਬੰਧਕ ਬਣਾਉਣ ਦੀ ਘਟਨਾ ਨੂੰ ਮੰਦਭਾਗਾ ਦੱਸਿਆ ਅਤੇ ਪੂਰੀ ਘਟਨਾ ਦੀ ਪੜਤਲ ਕੀਤੇ ਜਾਣ ਦੀ ਗੱਲ ਆਖੀ।
ਨਾਲ ਹੀ ਉਨ੍ਹਾਂ ਸਪਸ਼ਟ ਕੀਤਾ ਕਿ ਪੜਤਲ ਤੋਂ ਬਾਅਦ ਅਜਿਹਾ ਕਰਨ ਵਾਲੇ ਕਿਸਾਨਾਂ ਦੇ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਕਿਸਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਉਣਾ ਚਾਹੁੰਦਾ।
"ਜੋ ਕਿਸਾਨ ਅੱਗ ਲੱਗਾ ਰਹੇ ਹਨ ਉਨ੍ਹਾਂ ਕੋਲ ਮਸ਼ੀਨਰੀ ਦੀ ਘਾਟ ਹੈ। ਜਿੱਥੇ ਮਸ਼ੀਨਰੀ ਹੈ, ਉੱਥੇ ਕਿਸਾਨ ਪਰਾਲੀ ਨੂੰ ਅੱਗ ਨਹੀਂ ਲੱਗਾ ਰਹੇ।"
ਉਨ੍ਹਾਂ ਆਖਿਆ ਕਿ ਸਰਕਾਰ ਵੱਲੋਂ ਹੈਪੀ ਸੀਡਰ ਅਤੇ ਹੋਰ ਮਸ਼ੀਨਾਂ ਉੱਤੇ ਸਬਸਿਡੀ ਦਿੱਤੀ ਜਾ ਰਹੀ ਹੈ ਪਰ ਇਸ ਦਾ ਫ਼ਾਇਦਾ ਪੰਜ ਏਕੜ ਤੋਂ ਜ਼ਿਆਦਾ ਜ਼ਮੀਨ ਵਾਲੇ ਕਿਸਾਨਾਂ ਨੂੰ ਹੈ, ਛੋਟੇ ਕਿਸਾਨਾਂ ਨੂੰ ਇਸ ਦਾ ਫ਼ਾਇਦਾ ਨਹੀਂ ਮਿਲਦਾ। ਕਿਉਂਕਿ ਹੈਪੀ ਸੀਡਰ ਨੂੰ ਚਲਾਉਣ ਲਈ ਟਰੈਕਟਰ ਵੀ ਵੱਡਾ ਚਾਹੀਦਾ ਹੈ ਜੋ ਹਰ ਕਿਸਾਨ ਦੇ ਵਿੱਤ ਵਿੱਚ ਨਹੀਂ ਹੈ।
ਅਮਰਜੀਤ ਸਿੰਘ ਮੁਤਾਬਕ ਸਰਕਾਰ ਨੂੰ ਪਰਾਲੀ ਇਕੱਠਾ ਕਰਨ ਵਾਲੀ ਮਸ਼ੀਨਰੀ ਉੱਤੇ ਸਬਸਿਡੀ ਦੇਣੀ ਚਾਹੀਦੀ ਹੈ ਤਾਂ ਹੀ ਪਰਾਲੀ ਦਾ ਹੱਲ ਹੋ ਸਕਦਾ ਹੈ।

ਤਸਵੀਰ ਸਰੋਤ, Getty Images
ਪਰਾਲੀ ਸਾੜਨ ਵਿੱਚ ਸੰਗਰੂਰ ਜ਼ਿਲ੍ਹਾ ਮੋਹਰੀ
ਜੇਕਰ ਜ਼ਿਲ੍ਹਾ ਵਾਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜ਼ਿਲ੍ਹਾ ਪਰਾਲੀ ਨੂੰ ਅੱਗ ਲਗਾਉਣ ਵਿੱਚ ਮੋਹਰੀ ਹੈ।
ਪੰਜਾਬ ਦੇ ਖੇਤੀਬਾੜੀ ਵਿਭਾਗ ਵੱਲੋਂ ਇੱਕ ਕੰਟਰੋਲ ਰੂਮ ਬਣਾਇਆ ਗਿਆ ਹੈ ਜਿਸ ਰਾਹੀਂ ਪੂਰੇ ਪੰਜਾਬ ਵਿੱਚ ਜਿੱਥੇ-ਜਿੱਥੇ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ, ਉਸ ਉੱਤੇ ਨਜ਼ਰ ਰੱਖੀ ਜਾ ਰਹੀ ਹੈ।
ਕੰਟਰੋਲ ਰੂਮ ਦੇ ਇੰਚਾਰਜ ਪ੍ਰਦੀਪ ਵਸ਼ਿਸਟ ਨੇ ਦੱਸਿਆ ਕਿ ਇੱਕ ਨਵੰਬਰ ਤੱਕ ਦੇ ਅੰਕੜਿਆਂ ਮੁਤਾਬਕ ਸੰਗਰੂਰ ਵਿੱਚ ਇਸ ਸਮੇਂ ਸਭ ਤੋਂ ਵੱਧ ਕਿਸਾਨਾਂ ਵੱਲੋਂ ਅੱਗ ਲਗਾਈ ਜਾ ਰਹੀ ਹੈ।
ਮੰਗਲਵਾਰ ਨੂੰ ਸੰਗਰੂਰ ਵਿੱਚ 345 ਕਿਸਾਨਾਂ ਨੇ ਪਰਾਲੀ ਨੂੰ ਅੱਗ ਲਗਾਈ।
ਇਸ ਤੋਂ ਬਾਅਦ ਫ਼ਿਰੋਜ਼ਪੁਰ ਜ਼ਿਲ੍ਹਾ ਹੈ ਜਿੱਥੇ 229 ਕਿਸਾਨਾਂ ਨੇ ਪਰਾਲੀ ਨੂੰ ਅੱਗ ਲਗਾਈ।

ਤੀਜੇ ਨੰਬਰ ਉਪਰ ਬਠਿੰਡਾ ਜ਼ਿਲ੍ਹਾ ਆਉਂਦਾ ਹੈ ਜਿੱਥੇ 160 ਕਿਸਾਨਾਂ ਨੇ ਖੇਤਾਂ ਵਿੱਚ ਪਈ ਪਰਾਲੀ ਨੂੰ ਅੱਗ ਲਗਾਈ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਪਠਾਨਕੋਟ ਪੰਜਾਬ ਦਾ ਇਕਲੌਤਾ ਅਜਿਹਾ ਜ਼ਿਲ੍ਹਾ ਹੈ ਜਿੱਥੇ ਹੁਣ ਤੱਕ ਪਰਾਲੀ ਨੂੰ ਅੱਗ ਲੱਗਣ ਦੀ ਇੱਕ ਵੀ ਘਟਨਾ ਨਹੀਂ ਵਾਪਰੀ।
ਪੰਜਾਬ 'ਚ ਹਵਾ ਦੀ ਘੱਟਦੀ ਗੁਣਵੱਤਾ
ਜੇਕਰ ਪੰਜਾਬ ਦੀ ਹਵਾ ਦੀ ਗੁਣਵੱਤਾ ਦੀ ਗੱਲ ਕਰੀਏ ਤਾਂ ਪਟਿਆਲਾ ਜ਼ਿਲ੍ਹੇ ਵਿੱਚ ਇੱਕ ਨਵੰਬਰ ਦੁਪਹਿਰ ਇੱਕ ਵਜੇ ਤੱਕ ਹਵਾ ਦੀ ਗੁਣਵੱਤਾ 234 ਮਾਪੀ ਗਈ ਜੋ ਕਿ ਖ਼ਰਾਬ ਮੰਨੀ ਜਾਂਦੀ ਹੈ।
ਅਸਲ ਵਿੱਚ ਪੰਜਾਬ ਵਿੱਚ ਅੱਠ ਜ਼ਿਲਿਆਂ ਵਿੱਚ ਹਵਾ ਦੀ ਗੁਣਵੱਤਾ ਚੈੱਕ ਕਰਨ ਦੀ ਵਿਵਸਥਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕੀਤੀ ਜਾਂਦੀ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਇੱਕ ਨਵੰਬਰ ਤੱਕ ਦੇ ਅੰਕੜਿਆਂ ਮੁਤਾਬਕ ਲੁਧਿਆਣਾ ਅਤੇ ਜਲੰਧਰ ਵਿੱਚ ਹਵਾ ਦੀ ਗੁਣਵੱਤਾ ਕ੍ਰਮਵਾਰ 264 ਅਤੇ 180 ਰਿਕਾਰਡ ਕੀਤੀ ਗਈ।

ਤਸਵੀਰ ਸਰੋਤ, Getty Images
ਪਰਾਲੀ ਨੂੰ ਲੈ ਕੇ ਪੰਜਾਬ ਸਰਕਾਰ ਕੀ ਕਰ ਰਹੀ ਹੈ?
ਪੰਜਾਬ ਖੇਤੀਬਾੜੀ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਸੂਬੇ ਨੂੰ ਪ੍ਰਦੂਸ਼ਨ ਮੁਕਤ ਕਰਨ ਲਈ ਸਰਕਾਰ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਲਈ ਕਿਸਾਨਾਂ ਨੂੰ 1.20 ਲੱਖ ਮਸ਼ੀਨਾਂ 50 ਫ਼ੀਸਦੀ ਸਬਸਿਡੀ 'ਤੇ ਦਿੱਤੀਆਂ ਗਈਆਂ ਹਨ।
ਬੀਬੀਸੀ ਪੰਜਾਬੀ ਨਾਲ ਕੁਝ ਦਿਨ ਪਹਿਲਾਂ ਗੱਲ ਕਰਦਿਆਂ ਸੂਬੇ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਖ਼ੁਦ ਮੰਨਿਆ ਸੀ ਕਿ ਪਰਾਲੀ ਪੰਜਾਬ ਸਰਕਾਰ ਲਈ ਵੱਡੀ ਚੁਣੌਤੀ ਹੈ।
ਉਹਨਾਂ ਕਿਹਾ ਸੀ ਕਿ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਕਿਸਾਨ ਅੱਗ ਨਾ ਲਗਾਉਣ।
ਉਨ੍ਹਾਂ ਦਾਅਵਾ ਕੀਤਾ ਹੈ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਕਿਸਾਨ ਜਾਗਰੂਕ ਹੋਏ ਹਨ ਅਤੇ ਅੱਗਾਂ ਘੱਟ ਲੱਗਾ ਰਹੇ ਹਨ।
ਉਨ੍ਹਾਂ ਸਪਸ਼ਟ ਕੀਤਾ ਸੀ ਕਿ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸੇ ਵੀ ਕਿਸਾਨ ਦੇ ਖ਼ਿਲਾਫ਼ ਕੋਈ ਵੀ ਕਾਨੂੰਨੀ ਕਾਰਵਾਈ ਜਾਂ ਜ਼ਮੀਨ ਦੇ ਰਿਕਾਰਡ ਵਿੱਚ ਰੈੱਡ ਐਂਟਰੀ ਨਹੀਂ ਕੀਤੀ ਜਾ ਰਹੀ।
ਧਾਲੀਵਾਲ ਨੇ ਸਪਸ਼ਟ ਕੀਤਾ ਜਿੰਨਾ ਕਿਸਾਨਾਂ ਦੇ ਖ਼ਿਲਾਫ਼ ਕਾਰਵਾਈ ਹੋਈ ਹੈ ਉਹ ਐਨਜੀਟੀ ਦੇ ਆਦੇਸ਼ ਉੱਤੇ ਡਿਪਟੀ ਕਮਿਸ਼ਨਰਾਂ ਵੱਲੋਂ ਕੀਤੀ ਗਈ ਹੈ।

ਕਿਉਂ ਨਹੀਂ ਹੋ ਰਿਹਾ ਪਰਾਲੀ ਦਾ ਹੱਲ?
ਪੰਜਾਬ ਵਿੱਚ ਇਸ ਵਾਰ ਕਰੀਬ 30 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਕਾਸ਼ਤ ਕਿਸਾਨਾਂ ਵੱਲੋਂ ਕੀਤੀ ਗਈ ਹੈ।
ਇਸ ਵਿਚੋਂ 2 ਕਰੋੜ ਟਨ ਝੋਨੇ ਦੀ ਪਰਾਲੀ ਪੈਦਾ ਹੁੰਦੀ ਹੈ।
ਬਾਸਮਤੀ ਚੌਲਾਂ ਨੂੰ ਛੱਡ ਕੇ ਝੋਨੇ ਦੀਆਂ ਹੋਰ ਕਿਸਮਾਂ ਦੀ ਮਸ਼ੀਨੀ ਕਟਾਈ ਕੀਤੀ ਜਾਂਦੀ ਹੈ ਜਿਸ ਨਾਲ ਪਿੱਛੇ ਬਚੀ ਪਰਾਲੀ ਦਾ ਪ੍ਰਬੰਧਨ ਕਰਨ ਵਿੱਚ ਕਿਸਾਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਦਾ ਹੈ।
ਖੇਤੀਬਾੜੀ ਅਤੇ ਆਰਥਿਕ ਮਾਮਲਿਆਂ ਦੇ ਜਾਣਕਾਰ ਰਣਜੀਤ ਸਿੰਘ ਘੁੰਮਣ ਦਾ ਕਹਿਣਾ ਹੈ ਕਿ ਪਰਾਲੀ ਦੀ ਸਮੱਸਿਆ ਦਾ ਹੱਲ ਕਰਨ ਦੇ ਲਈ ਠੋਸ ਅਤੇ ਲੰਮੀ ਨੀਤੀ ਬਣਾਉਣ ਦੀ ਲੋੜ ਹੈ।
ਉਨ੍ਹਾਂ ਆਖਿਆ ਕਿ ਸਰਕਾਰ ਕਹਿਦੀ ਹੈ ਕਿ ਉਹ ਮਸ਼ੀਨਾਂ ਸਬਸਿਡੀ ਉੱਤੇ ਕਿਸਾਨਾਂ ਨੂੰ ਦੇ ਰਹੀ ਹੈ ਪਰ ਇਸ ਨਾਲ ਸਮੱਸਿਆ ਦਾ ਹੱਲ ਨਹੀਂ ਹੋਣਾ।

ਤਸਵੀਰ ਸਰੋਤ, Getty Images
ਰਣਜੀਤ ਸਿੰਘ ਘੁੰਮਣ ਅਨੁਸਾਰ ਕਿਸਾਨ ਜੇਕਰ ਪਰਾਲੀ ਦਾ ਹੱਲ ਕਰਦਾ ਹੈ ਤਾਂ ਉਸ ਉੱਤੇ ਖਰਚਾ ਆਉਂਦਾ ਹੈ, ਜਿਸ ਕਰਕੇ ਉਹ ਸਰਕਾਰ ਤੋਂ ਮੁਆਵਜ਼ਾ ਮੰਗਦਾ ਹੈ।
ਉਨ੍ਹਾਂ ਕਿਹਾ ਕਿ ਜਿੰਨੇ ਵੱਡੇ ਪੱਧਰ ਉੱਤੇ ਪੰਜਾਬ ਵਿੱਚ ਪਰਾਲੀ ਪੈਦਾ ਹੁੰਦੀ ਹੈ ਉਸ ਹਿਸਾਬ ਨਾਲ ਮਸ਼ੀਨਾਂ ਕਿਸਾਨਾਂ ਕੋਲ ਨਹੀਂ ਹਨ, ਇਸ ਕਰ ਕੇ ਕਿਸਾਨ ਮਜਬੂਰ ਹੋ ਕੇ ਇਸ ਨੂੰ ਅੱਗ ਲਗਾਉਂਦਾ ਹੈ।
ਘੁੰਮਣ ਮੁਤਾਬਕ ਪਰਾਲੀ ਦੇ ਹੱਲ ਲਈ ਬਾਓਮਾਸ ਪਲਾਂਟ ਅਤੇ ਪਰਾਲੀ ਦੀ ਮਦਦ ਨਾਲ ਬਿਜਲੀ ਪੈਦਾ ਕਰਨ ਵਾਲੇ ਪਲਾਂਟ ਪੰਜਾਬ ਵਿੱਚ ਲਗਾਉਣੇ ਹੋਣਗੇ।
ਪਰਾਲੀ ਨੂੰ ਲੈ ਕੇ ਹੈ ਹਰਿਆਣਾ ਸਰਕਾਰ ਦੀ ਨੀਤੀ
ਹਰਿਆਣਾ ਸਰਕਾਰ ਪਰਾਲੀ ਨੂੰ ਐੱਮਐੱਸਪੀ ਉੱਤੇ ਖ਼ਰੀਦਣ ਦੀ ਯੋਜਨਾ ਬਣਾ ਰਹੀ ਹੈ।
ਹਰਿਆਣਾ ਸਰਕਾਰ ਮੁਤਾਬਕ ਇਸ ਨਾਲ ਕਿਸਾਨ ਨੂੰ ਪਰਾਲੀ ਤੋਂ ਵਾਧੂ ਆਮਦਨੀ ਹੋਵੇਗੀ।
ਸਰਕਾਰ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ 1000 ਰੁਪਏ ਪ੍ਰਤੀ ਏਕੜ ਉਤਸ਼ਾਹਿਤ ਰਾਸ਼ੀ ਦੇ ਰਹੀ ਹੈ।
ਇਸ ਤੋਂ ਇਲਾਵਾ ਪਰਾਲੀ ਨੂੰ ਸੰਭਾਲਣ ਵਾਲੀ ਮਸ਼ੀਨਰੀ ਉੱਤੇ 50 ਤੋਂ 80 ਫ਼ੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ।
ਹਰਿਆਣਾ ਸਰਕਾਰ ਵੱਲੋਂ ਇਸ ਸਾਲ 600 ਬੇਲਿੰਗ ਯੂਨਿਟ ਕਿਸਾਨਾਂ ਨੂੰ ਪ੍ਰਦਾਨ ਕੀਤੇ ਜਾ ਰਹੇ ਹਨ।
ਇਸ ਤੋਂ ਇਲਾਵਾ ਬਾਇਓਮਾਸ ਪਲਾਂਟ ਸੂਬੇ ਵਿੱਚ ਸਥਾਪਤ ਕੀਤੇ ਜਾ ਰਹੇ ਹਨ।
ਪਰਾਲੀ ਨੂੰ ਲੈ ਕੇ ਰਾਜਨੀਤੀ
ਪਰਾਲੀ ਨੂੰ ਲੈ ਕੇ ਕੇਂਦਰ ਅਤੇ ਹਰਿਆਣਾ ਦੀਆਂ ਸਰਕਾਰਾਂ ਪੰਜਾਬ ਸਰਕਾਰ ਨੂੰ ਘੇਰ ਰਹੀਆਂ ਹਨ।
ਹਰਿਆਣਾ ਸਰਕਾਰ ਦਾ ਦਾਅਵਾ ਹੈ ਕਿ ਸੂਬੇ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿੱਚ ਕਮੀ ਆਈ ਹੈ। ਸਰਕਾਰ ਮੁਤਾਬਕ ਪੰਜਾਬ ਵਿੱਚ ਕਿਸਾਨਾਂ ਵੱਲੋਂ ਜ਼ਿਆਦਾ ਅੱਗ ਲਗਾਈ ਜਾ ਰਹੀ ਹੈ।
ਹਰਿਆਣਾ ਸਰਕਾਰ ਦੇ ਅੰਕੜਿਆਂ ਮੁਤਾਬਕ 30 ਅਕਤੂਬਰ ਤੱਕ ਪੰਜਾਬ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀਆਂ 13,873 ਘਟਨਾਵਾਂ ਸਾਹਮਣੇ ਆਈਆਂ ਜਦੋਂਕਿ ਇਸ ਅਰਸੇ ਦੌਰਾਨ ਹਰਿਆਣਾ ਵਿੱਚ ਸਿਰਫ਼ 1925 ਮਾਮਲੇ ਸਾਹਮਣੇ ਆਏ।

ਤਸਵੀਰ ਸਰੋਤ, Getty Images
ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਪ੍ਰਦੂਸ਼ਣ ਦੇ ਮੁੱਦੇ ਉੱਤੇ ਰਾਜਨੀਤੀ ਕਰ ਰਹੀ ਹੈ।
ਮਾਨ ਨੇ ਕਿਹਾ ਕਿ ਉਹਨਾਂ ਨੇ ਕੇਂਦਰ ਸਰਕਾਰ ਨੂੰ 1500 ਰੁਪਏ ਮੁਆਵਜ਼ਾ ਦੇਣ ਬਾਰੇ ਲਿਖਿਆ ਸੀ ਪਰ ਉਸ ਉੱਤੇ ਕੇਂਦਰ ਸਰਕਾਰ ਨੇ ਕੁਝ ਨਹੀਂ ਕੀਤਾ।
ਮੁੱਖ ਮੰਤਰੀ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਬਾਇਓਗੈੱਸ ਪਲਾਂਟ ਨੂੰ ਮਨਜ਼ੂਰੀ ਦੇਣ ਲਈ ਕਿਹਾ ਗਿਆ ਸੀ ਪਰ ਕੇਂਦਰ ਸਰਕਾਰ ਨੇ ਇਹ ਗੱਲ ਵੀ ਨਹੀਂ ਮੰਨੀ।
ਉਨ੍ਹਾਂ ਆਖਿਆ ਕਿ ਦਿੱਲੀ ਅਤੇ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਬਦਨਾਮ ਕਰ ਰਹੀ ਹੈ ਜਦੋਂਕਿ ਰਾਜਸਥਾਨ, ਹਰਿਆਣਾ ਵਿੱਚ ਪ੍ਰਦੂਸ਼ਣ ਕਾਰਨ ਆਬੋ ਹਵਾ ਪੰਜਾਬ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਖ਼ਰਾਬ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਕਿਸਾਨ ਅੰਦੋਲਨ ਵਿੱਚ ਪੰਜਾਬ ਦੇ ਕਿਸਾਨਾਂ ਦੀ ਭਾਗੀਦਾਰੀ ਹੋਣ ਕਾਰਨ ਕੇਂਦਰ ਸਰਕਾਰ ਪੰਜਾਬ ਨਾਲ ਕਿੜ ਕੱਢ ਰਹੀ ਹੈ ਜਿਸ ਨੂੰ ਪੰਜਾਬ ਦੇ ਕਿਸਾਨ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।

ਇਹ ਵੀ ਪੜ੍ਹੋ-













