ਪੰਜਾਬ 'ਚ ਪਰਾਲੀ ਸਿਰਫ਼ ਸਾੜੀ ਹੀ ਨਹੀਂ ਜਾ ਰਹੀ, ਉਸਦੀ ਮਦਦ ਨਾਲ ਬਿਜਲੀ ਵੀ ਪੈਦਾ ਹੋ ਰਹੀ ਹੈ, ਇਹ ਹੈ ਪ੍ਰਕਿਰਿਆ

ਵੀਡੀਓ ਕੈਪਸ਼ਨ, ਪਰਾਲੀ ਦੀ ਮਦਦ ਨਾਲ ਬਿਜਲੀ ਪੈਦਾ ਹੋ ਰਹੀ ਹੈ, ਜਾਣੋ ਕਿਵੇਂ
    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

"ਮੈਂ ਜਦੋਂ ਪਰਾਲੀ ਨੂੰ ਅੱਗ ਲੱਗੀ ਦੇਖਦਾ ਹਾਂ ਤਾਂ ਮੈਨੂੰ ਬਹੁਤ ਦੁੱਖ ਹੁੰਦਾ ਹੈ ਅਤੇ ਸੋਚਦਾ ਹਾਂ ਕਿ ਇਹ ਪਰਾਲੀ ਨੂੰ ਨਹੀਂ ਬਲਕਿ ਪੈਸੇ ਨੂੰ ਅੱਗ ਲੱਗੀ ਹੋਈ ਹੈ।"

ਇਹ ਕਹਿਣਾ ਹੈ ਕਿ ਪਰਾਲੀ ਤੋਂ ਬਿਜਲੀ ਪੈਦਾ ਕਰ ਕੇ ਆਪਣੀ ਫ਼ੈਕਟਰੀ ਚਲਾਉਣ ਵਾਲੇ ਸ੍ਰੀ ਗਣੇਸ਼ ਐਡੀਬਲਜ਼ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਐੱਮਡੀ ਹੰਸ ਰਾਜ ਗਰਗ ਦਾ।

ਸ੍ਰੀ ਗਣੇਸ਼ ਐਡੀਬਲਜ਼ ਪ੍ਰਾਈਵੇਟ ਲਿਮਟਿਡ ਕੰਪਨੀ ਖਾਣ ਵਾਲਾ ਤੇਲ ਤਿਆਰ ਕਰਦੀ ਹੈ ਅਤੇ ਇਹ ਪਲਾਂਟ ਪੰਜਾਬ ਦੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਅਮਲੋਹ ਇਲਾਕੇ ਦੇ ਸ਼ਾਹਪੁਰ ਪਿੰਡ ਵਿੱਚ ਸਥਾਪਤ ਹੈ।

ਇਸ ਪਲਾਂਟ ਨੂੰ ਚਲਾਉਣ ਲਈ ਜੋ ਬਿਜਲੀ ਵਰਤੀ ਜਾਂਦੀ ਹੈ ਉਸ ਨੂੰ ਪੈਦਾ ਕਰਨ ਲਈ ਪਰਾਲੀ ਨੂੰ ਬਾਲਣ ਦੇ ਤੌਰ 'ਤੇ ਵਰਤਿਆ ਜਾਂਦਾ ਹੈ।

ਕੰਪਨੀ ਦਾ ਦਾਅਵਾ ਹੈ ਕਿ ਇਸ ਨਾਲ ਉਨ੍ਹਾਂ ਦੀ ਪੈਸੇ ਦੀ ਤਾਂ ਬਚਤ ਹੁੰਦੀ ਹੀ ਹੈ ਨਾਲ ਹੀ ਸਭ ਤੋਂ ਵੱਡਾ ਫ਼ਾਇਦਾ ਵਾਤਾਵਰਨ ਨੂੰ ਹੁੰਦਾ ਹੈ।

ਕਿਵੇਂ ਪੈਦਾ ਹੁੰਦੀ ਹੈ ਪਰਾਲੀ ਦੀ ਮਦਦ ਨਾਲ ਬਿਜਲੀ

ਸ੍ਰੀ ਗਣੇਸ਼ ਐਡੀਬਲਜ਼ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਐੱਮਡੀ ਹੰਸ ਰਾਜ ਗਰਗ ਨੇ ਦੱਸਿਆ ਕਿ ਉਹ ਪਿਛਲੇ ਅੱਠ ਸਾਲਾਂ ਤੋਂ ਪਰਾਲੀ ਦੀ ਮਦਦ ਨਾਲ ਤਿਆਰ ਕੀਤੀ ਗਈ ਬਿਜਲੀ ਰਾਹੀਂ ਆਪਣੇ ਪਲਾਂਟ ਚਲਾਉਂਦੇ ਹਨ।

ਪਰਾਲੀ ਸਾੜਨ

ਸ਼ੁਰੂ ਵਿੱਚ ਉਨ੍ਹਾਂ ਨੇ ਵਿਦੇਸ਼ੀ ਕੰਪਨੀ ਦੀ ਸਹਾਇਤਾ ਨਾਲ ਤਿੰਨ ਮੈਗਾਵਾਟ ਦਾ ਕੋ-ਜਨਰੇਸ਼ਨ ਪਾਵਰ ਪਲਾਂਟ ਸਥਾਪਤ ਕੀਤਾ ਸੀ ਅਤੇ ਹੁਣ ਇਸ ਦੀ ਸਮਰੱਥਾ ਵਧਾ ਕੇ 15 ਮੈਗਾਵਾਟ ਕਰ ਰਹੇ ਹਨ।

ਉਨ੍ਹਾਂ ਨੇ ਦੱਸਿਆ ਕਿ ਪਰਾਲੀ ਅਸਲ ਵਿੱਚ ਸਭ ਤੋਂ ਸਸਤਾ ਊਰਜਾ ਪੈਦਾ ਕਰਨ ਦਾ ਸਰੋਤ ਹੈ।

ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਬੁਆਇਲਰ ਵਿੱਚ ਇੱਕ ਕੰਟਰੋਲ ਤਾਪਮਾਨ ਵਿੱਚ ਸਾੜਿਆ ਜਾਂਦਾ ਹੈ।

ਇਸ ਤੋਂ ਜੋ ਭਾਫ਼ ਪੈਦਾ ਹੁੰਦੀ ਹੈ, ਉਹ ਟਰਬਾਇਨ ਦੇ ਬਲੇਡ ਨਾਲ ਟਕਰਾਉਂਦੀ ਹੈ ਅਤੇ ਫਿਰ ਜਦੋਂ ਟਰਬਾਇਨ ਘੁੰਮਦੀ ਹੈ ਤਾਂ ਇਸ ਤੋਂ ਬਿਜਲੀ ਪੈਦਾ ਹੁੰਦੀ ਹੈ।

ਬੀਬੀਸੀ
  • ਪਰਾਲੀ ਦੀ ਮਦਦ ਨਾਲ ਪੈਦਾ ਕੀਤੀ ਜਾ ਰਹੀ ਹੈ ਬਿਜਲੀ
  • ਪਰਾਲੀ ਦੀ ਮਦਦ ਨਾਲ ਪੈਦਾ ਹੋਈ ਬਿਜਲੀ ਗਰਿੱਡ ਦੀ ਬਿਜਲੀ ਨਾਲੋਂ ਸਸਤੀ
  • ਪੰਜਾਬ ਵਿੱਚ ਇਸ ਵਾਰ ਕਰੀਬ ਤਿੰਨ ਮਿਲੀਅਨ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਕਾਸ਼ਤ ਕੀਤੀ ਗਈ
  • ਇਸ ਵਿਚੋਂ 2 ਕਰੋੜ ਟਨ ਝੋਨੇ ਦੀ ਪਰਾਲੀ ਪੈਦਾ ਹੋਣ ਦੀ ਸੰਭਾਵਨਾ
ਬੀਬੀਸੀ

ਸੌਖਾ ਨਹੀਂ ਸੀ ਪਰਾਲੀ ਤੋਂ ਬਿਜਲੀ ਪੈਦਾ ਕਰਨ ਦਾ ਤਰੀਕਾ

ਹੰਸ ਰਾਜ ਗਰਗ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਫਿਊਲ ਦੀਆਂ ਕੀਮਤਾਂ ਵਧ ਜਾਣ ਕਾਰਨ ਪਲਾਂਟ ਨੂੰ ਚਲਾਉਣਾ ਵਿੱਤੀ ਤੌਰ ਉੱਤੇ ਬਹੁਤ ਔਖਾ ਹੋ ਰਿਹਾ ਸੀ।

ਉਸ ਸਮੇਂ ਉਨ੍ਹਾਂ ਨੇ ਸੋਚਿਆ ਕਿ ਅਜਿਹੀ ਚੀਜ਼ ਹੋਵੇ ਜਿਸ ਤੋਂ ਬਿਜਲੀ ਸਸਤੀ ਵੀ ਪੈਦਾ ਹੋ ਸਕੇ ਅਤੇ ਉਹ ਚੀਜ਼ ਮਿਲ ਵੀ ਆਰਾਮ ਨਾਲ ਜਾਵੇ।

ਫਿਰ ਉਸ ਸਮੇਂ ਉਨ੍ਹਾਂ ਨੇ ਪਰਾਲੀ ਤੋਂ ਬਿਜਲੀ ਪੈਦਾ ਕਰਨ ਦੀ ਤਕਨੀਕ ਬਾਰੇ ਸੋਚਿਆ।

ਪਰ ਇਸ ਵਿੱਚ ਸਭ ਤੋਂ ਵੱਡੀ ਦਿੱਕਤ ਸੀ ਪਰਾਲੀ ਇਕੱਠੀ ਕਿਵੇਂ ਕੀਤੀ ਜਾਵੇ। ਇਸ ਲਈ ਉਨ੍ਹਾਂ ਨੇ ਕਿਸਾਨਾਂ ਕੋਲ ਪਹੁੰਚ ਕੀਤੀ ਅਤੇ ਉਨ੍ਹਾਂ ਨੂੰ ਪਰਾਲੀ ਇਕੱਠੀ ਕਰਨ ਵਾਲੀਆਂ ਮਸ਼ੀਨਾਂ ਮੁਹੱਈਆ ਕਰਵਾਈਆਂ।

ਪਰਾਲੀ ਤੋਂ ਬਿਜਲੀ ਪੈਦਾ ਕਰਨਾ

ਪਹਿਲੇ ਦੋ ਸਾਲਾਂ ਵਿੱਚ ਕੋਈ ਖ਼ਾਸ ਸਫ਼ਲਤਾ ਨਹੀਂ ਮਿਲੀ ਪਰ ਹੌਲੀ-ਹੌਲੀ ਉਨ੍ਹਾਂ ਦੀ ਤਕਨੀਕ ਕਾਮਯਾਬ ਹੋ ਗਈ।

ਉਨ੍ਹਾਂ ਦੱਸਿਆ, "ਅਜੇ ਵੀ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਬਾਰੇ ਬਹੁਤ ਘੱਟ ਗਿਆਨ ਹੈ ਕਿ ਪਰਾਲੀ ਦਾ ਸਹੀ ਉਪਯੋਗ ਕਿਵੇਂ ਕਰਨਾ ਹੈ ਇਸੇ ਕਰਕੇ ਕਿਸਾਨ ਫ਼ਸਲ ਵੱਢਣ ਤੋਂ ਬਾਅਦ ਇਸ ਨੂੰ ਅੱਗ ਲੱਗਾ ਦਿੰਦੇ ਹਨ।"

ਉਨ੍ਹਾਂ ਆਖਿਆ, "ਆਮ ਲੋਕਾਂ ਲਈ ਪਰਾਲੀ ਇੱਕ ਬੇਕਾਰ ਚੀਜ਼ ਹੈ ਪਰ ਸਾਡੇ ਲਈ ਇਹ ਸੋਨੇ ਤੋਂ ਘੱਟ ਨਹੀਂ ਹੈ। ਪਰਾਲੀ ਦੀ ਮਦਦ ਨਾਲ ਊਰਜਾ ਪੈਦਾ ਕਰਨਾ ਇੱਕ ਬਹੁਤ ਹੀ ਸਸਤੀ ਅਤੇ ਕਾਰਗਰ ਹੈ।"

ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਬਿਜਲੀ ਪੈਦਾ ਹੋਣ ਨਾਲ ਵਾਤਾਵਰਨ ਸੁਰੱਖਿਅਤ ਰਹਿੰਦਾ ਹੈ ਨਾਲ ਦੀ ਨਾਲ ਲੋਕਾਂ ਨੂੰ ਇਸ ਵਿੱਚ ਰੋਜ਼ਗਾਰ ਵੀ ਮਿਲਦਾ ਹੈ।

ਪਰਾਲੀ ਤੋਂ ਬਿਜਲੀ ਪੈਦਾ ਕਰਨਾ
ਤਸਵੀਰ ਕੈਪਸ਼ਨ, ਤਿੰਨ ਮੈਗਾਵਾਟ ਕੋ-ਜਨਰੇਸ਼ਨ ਪਾਵਰ ਪਲਾਂਟ ਚਲਾਉਣ ਲਈ ਦੇ ਕਰੀਬ 40 ਹਜ਼ਾਰ ਟਨ ਪਰਾਲੀ ਦੀ ਖਪਤ ਹੁੰਦੀ ਹੈ

ਉਨ੍ਹਾਂ ਮੁਤਾਬਕ ਇਸ ਵਾਰ ਉਨ੍ਹਾਂ ਦਾ ਟੀਚਾ ਦੋ ਲੱਖ ਟਨ ਪਰਾਲੀ ਇਕੱਠਾ ਕਰਨ ਦਾ ਹੈ ਇਸ ਲਈ 400 ਟਰੈਕਟਰ ਟਰਾਲੀ ਦੀ ਵਰਤੋਂ ਹੋ ਰਹੀ ਹੈ।

ਟਰੈਕਟਰ ਦੇ ਡਰਾਈਵਰ ਤੋਂ ਇਲਾਵਾ ਪਰਾਲੀ ਨੂੰ ਇਕੱਠਾ ਕਰਨਾ ਅਤੇ ਫਿਰ ਇਸ ਨੂੰ ਸੰਭਾਲ਼ਨ ਲਈ ਮਜ਼ਦੂਰਾਂ ਦੀ ਲੋੜ ਪੈਂਦੀ ਹੈ।

ਇਸ ਕਰਕੇ ਪਰਾਲੀ ਸਾਡੇ ਲਈ ਅਤੇ ਇਲਾਕੇ ਲਈ ਬਹੁਤ ਗੁਣਕਾਰੀ ਹੈ।

ਉਨ੍ਹਾਂ ਦੱਸਿਆ, "ਜਿਸ ਕਿਸਾਨ ਦੇ ਖੇਤ ਵਿੱਚ ਪਰਾਲੀ ਇਕੱਠੀ ਕੀਤੀ ਜਾਂਦੀ ਹੈ ਉਸ ਨੂੰ ਅਸੀਂ ਪੈਸੇ ਨਹੀਂ ਦਿੰਦੇ ਪਰ ਕੰਪਨੀ ਦਾ ਜੋ ਠੇਕੇਦਾਰ ਪਰਾਲੀ ਇਕੱਠੀ ਕਰ ਕੇ ਸਾਨੂੰ ਸਪਲਾਈ ਕਰਦਾ ਹੈ ਉਸ ਨੂੰ 145 ਰੁਪਏ ਪ੍ਰਤੀ ਕਵਿੰਟਲ ਦੇ ਹਿਸਾਬ ਨਾਲ ਪੈਸੇ ਦਿੰਦੇ ਹਨ।"

ਹੰਸ ਰਾਜ ਗਰਗ ਨੇ ਦੱਸਿਆ ਕਿ ਤਿੰਨ ਮੈਗਾਵਾਟ ਦਾ ਪਲਾਂਟ ਸਥਾਪਤ ਕਰਨ ਦੇ ਲਈ ਕਰੀਬ 21 ਕਰੋੜ ਦਾ ਖ਼ਰਚ ਆਉਂਦਾ ਹੈ ਅਤੇ ਗਰਿੱਡ ਦੇ ਮੁਕਾਬਲੇ ਇਸ ਪਲਾਂਟ ਤੋਂ ਪੈਦਾ ਹੋਣ ਵਾਲੀ ਬਿਜਲੀ ਕਾਫ਼ੀ ਸਸਤੀ ਪੈਂਦੀ ਹੈ।

ਉਨ੍ਹਾਂ ਦੱਸਿਆ ਕਿ ਪਰਾਲੀ ਦੀ ਬਿਜਲੀ ਪੈਦਾ ਕਰ ਕੇ ਅਸੀਂ ਸਾਲਾਨਾ ਕਰੀਬ 8 ਕਰੋੜ ਰੁਪਏ ਦੀ ਬਚਤ ਕਰਦੇ ਹਾਂ।

ਪਰਾਲੀ ਤੋਂ ਬਿਜਲੀ ਪੈਦਾ ਕਰਨਾ
ਤਸਵੀਰ ਕੈਪਸ਼ਨ, ਪਰਾਲੀ ਇਕੱਠੀ ਕਰਨਾ ਇੱਕ ਵੱਡੀ ਚੁਣੌਤੀ ਹੈ

ਉਨ੍ਹਾਂ ਕਿਹਾ, "ਇਸ ਵਿੱਚ ਸਭ ਤੋਂ ਦਿੱਕਤ ਪਰਾਲੀ ਨੂੰ ਸਟੋਰ ਕਰਨ ਦੀ ਹੈ ਕਿਉਂਕਿ ਕਰੀਬ ਇੱਕ ਮਹੀਨੇ ਦੇ ਅੰਦਰ ਪੂਰੇ ਸਾਲ ਦੀ ਪਰਾਲੀ ਸਟੋਰ ਕਰਨੀ ਪੈਂਦੀ ਹੈ ਇਸ ਦੇ ਲਈ ਉਨ੍ਹਾਂ ਨੇ ਵੱਖ-ਵੱਖ ਥਾਵਾਂ ਉੱਤੇ ਜ਼ਮੀਨ ਲੀਜ਼ ਉੱਤੇ ਲੈ ਕੇ ਇਸ ਨੂੰ ਸਟੋਰ ਕੀਤਾ ਜਾਂਦਾ ਹੈ।"

ਹੰਸ ਰਾਜ ਮੁਤਾਬਕ ਜੇਕਰ ਪੰਜਾਬ ਸਰਕਾਰ ਇਸ ਤਕਨੀਕ ਨੂੰ ਉਤਸ਼ਾਹਿਤ ਕਰੇ ਤਾਂ ਆਉਣ ਵਾਲੇ ਤਿੰਨ ਤੋਂ ਚਾਰ ਸਾਲਾਂ ਵਿੱਚ ਪਰਾਲੀ ਨੂੰ ਕੋਈ ਵੀ ਕਿਸਾਨ ਅੱਗ ਨਹੀਂ ਲਗਾਏ ਉਲਟ ਉਸ ਨੂੰ ਇਸ ਤੋਂ ਆਮਦਨੀ ਹੋਵੇਗੀ।

ਹੰਸ ਰਾਜ ਗਰਗ ਨੇ ਦੱਸਿਆ ਕਿ ਤਿੰਨ ਮੈਗਾਵਾਟ ਕੋ-ਜਨਰੇਸ਼ਨ ਪਾਵਰ ਪਲਾਂਟ ਚਲਾਉਣ ਲਈ ਦੇ ਕਰੀਬ 40 ਹਜ਼ਾਰ ਟਨ ਪਰਾਲੀ ਦੀ ਖਪਤ ਹੁੰਦੀ ਹੈ ਅਤੇ ਹੁਣ ਪਲਾਂਟ ਉਹ ਵਧਾ ਕੇ 15 ਮੈਗਾਵਾਟ ਕਰਨ ਜਾ ਰਹੇ ਹਨ ਜਿਸ ਵਿੱਚ ਕਰੀਬ ਦੋ ਲੱਖ ਟਨ ਪਰਾਲੀ ਦੀ ਖਪਤ ਹੋਵੇਗੀ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

ਪਰਾਲੀ ਦੀ ਮਦਦ ਨਾਲ ਬਿਜਲੀ ਪੈਦਾ ਕਰਨ ਦੀ ਤਕਨੀਕ ਕਿੰਨੀ ਵਾਜਬ

ਪਰਾਲੀ ਨੂੰ ਬਾਲਣ ਦੀ ਥਾਂ ਵਰਤ ਕੇ ਬਿਜਲੀ ਪੈਦਾ ਕਰਨ ਦੀ ਤਕਨੀਕ ਬਾਰੇ ਬੀਸੀਸੀ ਪੰਜਾਬੀ ਨੇ ਪੰਜਾਬ ਪਾਵਰ ਕਾਰਪੋਰੇਸ਼ਨ ਦੇ ਸਾਬਕਾ ਡਿਪਟੀ ਚੀਫ਼ ਇੰਜੀਨੀਅਰ ਭੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ।

ਉਨ੍ਹਾਂ ਦੱਸਿਆ ਕਿ ਆਮ ਤੌਰ ਉੱਤੇ ਥਰਮਲ ਪਲਾਂਟਾਂ ਵਿੱਚ ਕੋਲੇ ਨੂੰ ਸਾੜ ਕੇ ਉਸ ਤੋਂ ਜੋ ਊਰਜਾ ਪੈਦਾ ਹੁੰਦੀ ਹੈ ਉਸ ਤੋਂ ਬਿਜਲੀ ਪੈਦਾ ਕੀਤੀ ਜਾਂਦੀ ਹੈ।

ਪਰ ਇੱਥੇ ਕੋਲੇ ਦੀ ਥਾਂ ਪਰਾਲੀ ਨੂੰ ਸਾੜ ਕੇ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਜੋ ਕਿ ਸਹੀ ਹੈ।

ਪੰਜਾਬ ਪਾਵਰ ਕਾਰਪੋਰੇਸ਼ਨ ਦੇ ਸਾਬਕਾ ਡਿਪਟੀ ਚੀਫ਼ ਇੰਜੀਨੀਅਰ ਭੁਪਿੰਦਰ ਸਿੰਘ
ਤਸਵੀਰ ਕੈਪਸ਼ਨ, ਭੁਪਿੰਦਰ ਸਿੰਘ ਮੁਤਾਬਕ ਥਰਮਲ ਪਲਾਂਟਾਂ ਵਿੱਚ ਕੋਲੇ ਨੂੰ ਸਾੜ ਕੇ ਉਸ ਤੋਂ ਜੋ ਊਰਜਾ ਪੈਦਾ ਹੁੰਦੀ ਹੈ ਉਸ ਤੋਂ ਬਿਜਲੀ ਪੈਦਾ ਕੀਤੀ ਜਾਂਦੀ ਹੈ

ਉਨ੍ਹਾਂ ਦੱਸਿਆ ਕਿ ਕੋਲੇ ਦੇ ਮੁਕਾਬਲੇ ਪਰਾਲੀ ਤੋਂ ਪੈਦਾ ਕੀਤੀ ਗਈ ਬਿਜਲੀ ਕਾਫ਼ੀ ਸਸਤੀ ਪੈਂਦੀ ਹੈ।

ਉਹ ਅੱਗੇ ਕਹਿੰਦ ਹਨ, "ਪੰਜਾਬ ਵਿੱਚ ਪਰਾਲੀ ਦੀ ਮਮਦ ਨਾਲ ਪੈਦਾ ਹੋਈ ਬਿਜਲੀ ਨਾਲ ਕੁਝ ਹੋਰ ਪਲਾਂਟ ਚੱਲ ਰਹੇ ਹਨ। ਇਸ ਵਿੱਚ ਕਈ ਦਿੱਕਤਾਂ ਵੀ ਹਨ।"

"ਸਭ ਤੋਂ ਵੱਡੀ ਦਿੱਕਤ ਕਰੀਬ ਇੱਕ ਮਹੀਨੇ ਦੇ ਵਕਤ ਵਿੱਚ ਪੂਰੇ ਸਾਲ ਦੀ ਪਰਾਲੀ ਇਕੱਠੀ ਕਰਨੀ ਅਤੇ ਫਿਰ ਇਸ ਨੂੰ ਸਟੋਰ ਕਰਨਾ ਸਭ ਤੋਂ ਵੱਡੀ ਚੁਣੌਤੀ ਹੈ। ਇਸ ਕਰਕੇ ਛੋਟਾ ਕਾਰੋਬਾਰੀ ਇਸ ਤਕਨੀਕ ਨੂੰ ਅਪਣਾਉਣ ਤੋਂ ਡਰਦਾ ਹੈ।"

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਵਾਤਾਵਰਨ ਇੰਜੀਨੀਅਰ ਅਨੁਰਾਧਾ ਸ਼ਰਮਾ
ਤਸਵੀਰ ਕੈਪਸ਼ਨ, ਅਨੁਰਾਧਾ ਸ਼ਰਮਾ ਮੁਤਾਬਕ ਇਸ ਨਾਲ ਵਾਤਾਵਰਨ ਦੂਸ਼ਿਤ ਨਹੀਂ ਹੁੰਦਾ

ਦੂਜੇ ਪਾਸੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਵਾਤਾਵਰਨ ਇੰਜੀਨੀਅਰ ਅਨੁਰਾਧਾ ਸ਼ਰਮਾ ਦਾ ਕਹਿਣਾ ਹੈ ਕਿ ਪਰਾਲੀ ਨੂੰ ਸਾੜ ਕੇ ਜੋ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਉਸ ਨਾਲ ਵਾਤਾਵਰਨ ਦੂਸ਼ਿਤ ਨਹੀਂ ਹੁੰਦਾ।

ਕਿਉਂਕਿ ਅਜਿਹੇ ਪਲਾਂਟਾਂ ਵਿੱਚ ਪਰਾਲੀ ਕੰਟਰੋਲ ਵਾਤਾਵਰਨ ਵਿੱਚ ਸਾੜੀ ਜਾਂਦੀ ਹੈ ਜਿਸ ਤੋਂ ਪ੍ਰਦੂਸ਼ਣ ਨਹੀਂ ਹੁੰਦਾ।

ਉਨ੍ਹਾਂ ਦੱਸਿਆ, "ਅਜਿਹੇ ਪਲਾਂਟ ਆਨ ਲਾਈਨ ਤਰੀਕੇ ਨਾਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਜੁੜੇ ਹੁੰਦੇ ਹਨ ਅਤੇ ਇਸ ਕਰ ਕੇ ਇਹਨਾਂ ਉੱਤੇ ਪੂਰੀ ਨਜ਼ਰ ਰੱਖੀ ਜਾਂਦੀ ਹੈ।"

"ਪਰਾਲੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਲਈ ਬਹੁਤ ਵੱਡੀ ਚੁਣੌਤੀ ਹੈ ਇਸ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਸ ਦਾ ਫ਼ਰਕ ਵੀ ਦੇਖਣ ਨੂੰ ਮਿਲ ਰਿਹਾ ਹੈ।"

ਕਿਸਾਨ ਕੀ ਕਹਿੰਦੇ

ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਕਿਸਾਨ ਸਤਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਪਹਿਲਾਂ ਪਰਾਲੀ ਨੂੰ ਅੱਗ ਲਗਾਉਂਦੇ ਸਨ ਕਿਉਂਕਿ ਇਸ ਦਾ ਕੋਈ ਹੱਲ ਨਹੀਂ ਸੀ ਅਤੇ ਉਨ੍ਹਾਂ ਆਖਿਆ ਕਿ ਪਰਾਲੀ ਨੂੰ ਅੱਗ ਲਗਾਉਣਾ ਕਿਸਾਨ ਦੀ ਮਜਬੂਰੀ ਹੈ।

ਕਿਸਾਨ ਸਤਵਿੰਦਰ ਸਿੰਘ
ਤਸਵੀਰ ਕੈਪਸ਼ਨ, ਕਿਸਾਨ ਸਤਵਿੰਦਰ ਸਿੰਘ ਪਹਿਲਾਂ ਪਰਾਲੀ ਨੂੰ ਅੱਗ ਲਾਉਂਦੇ ਸਨ ਪਰ ਹੁਣ ਨਹੀਂ

"ਕਿਸਾਨ ਨੂੰ ਇਸ ਗੱਲ ਦਾ ਇਲਮ ਹੈ ਕਿ ਪਰਾਲੀ ਨੂੰ ਸਾੜਨ ਨਾਲ ਪ੍ਰਦੂਸ਼ਣ ਹੁੰਦਾ ਅਤੇ ਇਸ ਦਾ ਸਭ ਤੋਂ ਪਹਿਲਾਂ ਸ਼ਿਕਾਰ ਉਹ ਖ਼ੁਦ ਹੈ। ਦੂਜਾ ਜਿਸ ਮਸ਼ੀਨਰੀ ਦੀ ਜ਼ਰੂਰਤ ਪਰਾਲੀ ਨੂੰ ਸੰਭਾਲਣ ਲਈ ਪੈਂਦੀ ਹੈ ਉਹ ਮਹਿੰਗੀ ਹੈ।"

"ਸਰਕਾਰ ਪਰਾਲੀ ਉੱਤੇ ਕਿਸਾਨ ਨੂੰ ਕੋਈ ਮੁਆਵਜ਼ਾ ਨਹੀਂ ਦੇ ਰਹੀ ਹੈ ਇਸ ਕਰ ਕੇ ਉਹ ਅੱਗ ਲੱਗਾ ਕੇ ਜ਼ਮੀਨ ਨੂੰ ਖ਼ਾਲੀ ਕਰ ਦਿੰਦਾ ਹੈ ਅਤੇ ਦੂਜੀ ਫ਼ਸਲ ਬੀਜ ਲੈਂਦਾ ਹੈ।"'

ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਸੰਭਾਲਣ ਦੇ ਲਈ ਪ੍ਰਤੀ ਏਕੜ ਕਰੀਬ 2-3 ਹਜ਼ਾਰ ਰੁਪਏ ਕਿਸਾਨ ਦਾ ਖ਼ਰਚ ਹੁੰਦਾ ਹੈ ਅਤੇ ਇਸ ਕਰ ਕੇ ਉਹ ਅੱਗ ਲੱਗਾ ਇਸ ਨੂੰ ਖ਼ਤਮ ਕਰ ਦਿੰਦਾ ਹੈ।

ਪਰਾਲੀ
ਤਸਵੀਰ ਕੈਪਸ਼ਨ, ਕਿਸਾਨ ਮੁਤਾਬਕ ਪਰਾਲੀ ਨੂੰ ਸੰਭਾਲਣ ਦੇ ਲਈ ਪ੍ਰਤੀ ਏਕੜ ਕਰੀਬ 2-3 ਹਜ਼ਾਰ ਰੁਪਏ ਕਿਸਾਨ ਦਾ ਖ਼ਰਚ ਹੁੰਦਾ ਹੈ

ਇਸ ਇਲਾਕੇ ਦੇ ਇੱਕ ਹੋਰ ਕਿਸਾਨ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਪਰਾਲੀ ਨੂੰ ਅੱਗ ਨਹੀਂ ਲਗਾਉਂਦੇ ਕਿਉਂਕਿ ਉਨ੍ਹਾਂ ਨੂੰ ਇਸ ਦਾ ਹੱਲ ਮਿਲ ਗਿਆ ਹੈ ਪਰ ਜ਼ਿਆਦਾਤਰ ਕਿਸਾਨਾਂ ਕੋਲ ਇਸ ਦਾ ਹੱਲ ਨਹੀਂ ਹੈ।

ਉਨ੍ਹਾਂ ਕਹਿੰਦੇ ਹਨ, "ਸਰਕਾਰ ਪਰਾਲੀ ਲਈ ਮਸ਼ੀਨਰੀ ਮੁਹੱਈਆ ਕਰਵਾ ਰਹੀ ਹੈ ਪਰ ਇਹ ਛੋਟੇ ਕਿਸਾਨ ਲਈ ਕਾਰਗਰ ਨਹੀਂ ਹੈ। ਇਸ ਮੁੱਦੇ ਉੱਤੇ ਸਰਕਾਰ ਨੂੰ ਕਿਸਾਨ ਦੀ ਬਾਂਹ ਫੜਨੀ ਚਾਹੀਦੀ ਹੈ।"

ਪਰਾਲੀ ਦੀ ਸਮੱਸਿਆ ਨਾਲ ਕਿਵੇਂ ਨਜਿੱਠ ਰਹੀ ਹੈ ਪੰਜਾਬ ਸਰਕਾਰ

ਪਰਾਲੀ ਨੂੰ ਸਾੜਨ ਨਾਲ ਹੋਣ ਵਾਲਾ ਪ੍ਰਦੂਸ਼ਣ ਇਕੱਲੇ ਇੱਕ ਸੂਬੇ ਦੀ ਸਮੱਸਿਆ ਨਹੀਂ ਹੈ, ਸਗੋਂ ਇਹ ਪੂਰੇ ਮੁਲਕ ਦੀ ਸਮੱਸਿਆ ਹੈ।

ਪਰਾਲੀ ਸਮਸਿਆ ਪੰਜਾਬ ਸਰਕਾਰ ਲਈ ਵੱਡੀ ਦਿੱਕਤ ਬਣ ਗਿਆ ਹੈ।

ਮੁੱਦੇ ਦੀ ਗੰਭੀਰਤਾ ਦਾ ਅੰਦਾਜ਼ਾ ਇਸੀ ਗੱਲ ਤੋਂ ਲਗਾਇਆ ਜਾ ਸਕਦਾ ਹੈ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਸਮਝਾਉਣ।

ਪਰਾਲੀ ਨੂੰ ਅੱਗ ਲਗਾਉਣ ਦਾ ਮੁੱਦਾ ਕੇਂਦਰ ਅਤੇ ਪੰਜਾਬ ਸਰਕਾਰ ਵਿਚਾਲੇ ਵੀ ਫਸਿਆ ਹੋਇਆ ਹੈ।

ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਨੂੰ ਪ੍ਰਤੀ ਏਕੜ 2500 ਰੁਪਏ ਮੁਆਵਜ਼ਾ ਦੇਣ ਦੀ ਤਜਵੀਜ਼ ਭੇਜੀ ਸੀ।

ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਨੂੰ ਪ੍ਰਤੀ ਏਕੜ 2500 ਰੁਪਏ ਮੁਆਵਜ਼ਾ ਦੇਣ ਦੀ ਤਜਵੀਜ਼ ਭੇਜੀ ਸੀ
ਤਸਵੀਰ ਕੈਪਸ਼ਨ, ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਨੂੰ ਪ੍ਰਤੀ ਏਕੜ 2500 ਰੁਪਏ ਮੁਆਵਜ਼ਾ ਦੇਣ ਦੀ ਤਜਵੀਜ਼ ਭੇਜੀ ਸੀ

ਇਸ ਵਿੱਚ 1500 ਰੁਪਏ ਕੇਂਦਰ ਨੂੰ ਪਾਉਣ ਅਤੇ 500 ਰੁਪਏ ਦਿੱਲੀ ਸਰਕਾਰ ਅਤੇ 500 ਰੁਪਏ ਪੰਜਾਬ ਸਰਕਾਰ ਨੇ ਪਾਉਣੀ ਸੀ। ਪਰ ਕੇਂਦਰ ਸਰਕਾਰ ਨੇ ਕੋਈ ਵੀ ਪੈਸਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਕਹਿਣ ਹੈ ਕਿ ਪੰਜਾਬ ਸਰਕਾਰ ਪਰਾਲੀ ਦੀ ਸਮੱਸਿਆ ਨਾਲ ਨਜਿੱਠਣ ਦੇ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ ਪਰ ਕੇਂਦਰ ਇਸ ਮੁੱਦੇ ਉੱਤੇ ਪੰਜਾਬ ਦਾ ਸਾਥ ਨਹੀਂ ਦੇ ਰਿਹਾ।

ਕੁਲਦੀਪ ਸਿੰਘ ਧਾਲੀਵਾਲ ਦੇ ਮੁਤਾਬਕ ਖੇਤੀ ਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਛੁੱਟੀਆਂ 7 ਨਵੰਬਰ ਤੱਕ ਬੰਦ ਕਰ ਦਿੱਤੀਆਂ ਗਈਆਂ ਹਨ।

ਇਸ ਤੋਂ ਇਲਾਵਾ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਉੱਤੇ ਨਜ਼ਰ ਰੱਖਣ ਦੇ ਲਈ ਖੇਤੀਬਾੜੀ ਵਿਭਾਗ ਵੱਲੋਂ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ।

ਉਨ੍ਹਾਂ ਕਿਹਾ, "ਪਰਾਲੀ ਨੂੰ ਅੱਗ ਲੱਗਣ ਤੋਂ ਰੋਕਣਾ ਸੂਬਾ ਸਰਕਾਰ ਲਈ ਵੱਡੀ ਚੁਣੌਤੀ ਹੈ ਅਤੇ ਇਸ ਨਾਲ ਹੋਣ ਵਾਲੇ ਪ੍ਰਦੂਸ਼ਣ ਦਾ ਮੁੱਦਾ ਕੌਮੀ ਅਤੇ ਕੌਮਾਂਤਰੀ ਪੱਧਰ ਉੱਤੇ ਉਜਾਗਰ ਕੀਤਾ ਜਾ ਰਿਹਾ ਜਿਸ ਨਾਲ ਪੰਜਾਬ ਦੀ ਬਦਨਾਮੀ ਹੋ ਰਹੀ ਹੈ।"

ਪਰਾਲੀ
ਤਸਵੀਰ ਕੈਪਸ਼ਨ, ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਉੱਤੇ ਨਜ਼ਰ ਰੱਖਣ ਦੇ ਲਈ ਖੇਤੀਬਾੜੀ ਵਿਭਾਗ ਵੱਲੋਂ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ

ਉਨ੍ਹਾਂ ਮੁਤਾਬਕ ਖੇਤੀਬਾੜੀ ਵਿਭਾਗ ਵੱਲੋਂ ਹੈਪੀ ਸੀਡਰ ਉੱਤੇ ਹੋਰ ਮਸ਼ੀਨਰੀ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ।

ਪੰਜਾਬ ਦੇ ਵਾਤਾਵਰਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਪ੍ਰਬੰਧਨ ਵਾਸਤੇ 90 ਹਜ਼ਾਰ ਤੋਂ ਵੱਧ ਮਸ਼ੀਨਾਂ ਵੱਡੀ ਸਬਸਿਡੀ ਉੱਤੇ ਮੁਹੱਈਆ ਕਾਰਵਾਈਆਂ ਗਈਆਂ ਹਨ।

32 ਹਜ਼ਾਰ ਤੋਂ ਵੱਧ ਹੋਰ ਮਸ਼ੀਨਾਂ ਕਿਸਾਨਾਂ ਨੂੰ ਦੇਣ ਦਾ ਟੀਚਾ ਮਿਥਿਆ ਹੈ।

ਇਸ ਤੋਂ ਇਲਾਵਾ ਪਰਾਲੀ ਨੂੰ ਬਾਲਣ ਵਜੋਂ ਇਸਤੇਮਾਲ ਕਰਨ ਲਈ ਬਿਜਲੀ, ਬਾਇਓ ਗੈੱਸ ਆਦਿ ਪਲਾਂਟ ਸਥਾਪਤ ਕਰਨ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ।

ਇੱਟਾਂ ਦੇ ਭੱਠਿਆਂ ਲਈ 20 ਫ਼ੀਸਦੀ ਬਾਲਣ ਵਜੋਂ ਪਰਾਲੀ ਦੀ ਵਰਤੋਂ ਲਾਜ਼ਮੀ ਕੀਤੀ ਜਾ ਰਹੀ ਹੈ।

ਕਿੰਨੀ ਪਰਾਲੀ ਪੈਦਾ ਹੁੰਦੀ ਹੈ ਪੰਜਾਬ ਵਿੱਚ

ਪੰਜਾਬ ਵਿੱਚ ਇਸ ਵਾਰ ਕਰੀਬ ਤਿੰਨ 30 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਕਾਸ਼ਤ ਕਿਸਾਨਾਂ ਵੱਲੋਂ ਕੀਤੀ ਗਈ ਹੈ ਇਸ ਵਿਚੋਂ 20 ਮਿਲੀਅਨ ਟਨ ਝੋਨੇ ਦੀ ਪਰਾਲੀ ਪੈਦਾ ਹੁੰਦੀ ਹੈ।

ਬਾਸਮਤੀ ਚੌਲਾਂ ਨੂੰ ਛੱਡ ਕੇ ਝੋਨੇ ਦੀਆਂ ਹੋਰ ਕਿਸਮਾਂ ਦੀ ਮਸ਼ੀਨੀ ਕਟਾਈ ਕੀਤੀ ਜਾਂਦੀ ਹੈ ਜਿਸ ਨਾਲ ਪਿੱਛੇ ਬਚੀ ਪਰਾਲੀ ਦਾ ਪ੍ਰਬੰਧਨ ਕਰਨ ਵਿੱਚ ਕਿਸਾਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਦਾ ਹੈ।

ਪਰਾਲੀ ਸਾੜਨ
ਤਸਵੀਰ ਕੈਪਸ਼ਨ, ਪੈਸੇ ਬਚਾਉਣ ਦੇ ਲਈ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਨੂੰ ਤਰਜੀਹ ਦਿੰਦੇ ਹਨ

ਇੱਕ ਏਕੜ ਵਿਚੋਂ ਅੰਦਾਜ਼ਨ 20 ਕੁਵਿੰਟਲ ਦੇ ਆਸ ਪਾਸ ਪਰਾਲੀ ਪੈਦਾ ਹੁੰਦੀ ਹੈ।

ਕਿਸਾਨਾਂ ਨੂੰ ਸੰਭਾਲਣ ਲਈ ਪੈਸਾ ਖ਼ਰਚ ਕਰਨੇ ਪੈਂਦੇ ਹਨ ਇਸ ਕਰ ਕੇ ਉਹ ਪੈਸੇ ਬਚਾਉਣ ਦੇ ਲਈ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਨੂੰ ਤਰਜੀਹ ਦਿੰਦੇ ਹਨ ਜਿਸ ਨਾਲ ਪ੍ਰਦੂਸ਼ਣ ਤਾਂ ਪੈਦਾ ਹੁੰਦਾ ਹੀ ਹੈ ਪਰ ਨਾਲ ਹੀ ਧਰਤੀ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ।

ਨਵੰਬਰ ਮਹੀਨੇ ਵਿੱਚ ਦਿੱਲੀ ਵਿੱਚ ਪ੍ਰਦੂਸ਼ਣ ਬਹੁਤ ਜ਼ਿਆਦਾ ਹੋ ਜਾਂਦਾ ਹੈ ਅਤੇ ਇਸ ਦਾ ਇਕ ਕਾਰਨ ਪਰਾਲੀ ਨੂੰ ਲੱਗੀ ਅੱਗ ਵੀ ਮੰਨਿਆ ਜਾਂਦਾ ਹੈ।

ਹਾਲਾਂਕਿ, ਪ੍ਰਦੂਸ਼ਣ ਕੰਟਰੋਲ ਬੋਰਡ ਜੋ ਕਿਸਾਨ ਪਰਾਲੀ ਨੂੰ ਅੱਗ ਲਗਾਉਂਦੇ ਹਨ ਉਹਨਾਂ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾਂਦੀ ਹੈ ਪਰ ਕਿਸਾਨ ਇਸ ਦੇ ਬਾਵਜੂਦ ਅੱਗ ਲਗਾ ਕੇ ਪਰਾਲੀ ਆਪਣੇ ਖੇਤਾਂ ਵਿੱਚ ਖ਼ਤਮ ਕਰਨ ਵਿੱਚ ਲੱਗੇ ਹੋਏ ਹਨ।

ਬੀਬੀਸੀ

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)