ਕੀ ਕੱਚੀ ਉਮਰ 'ਚ ਸਿਆਣਪ ਦਾ ਮਤਲਬ ਬੱਚੀਆਂ ਦੇ ਜਿਨਸੀ ਸ਼ੋਸ਼ਣ ਦਾ ਖਤਰਾ ਵਧਿਆ

ਗੁੱਡੀ

ਤਸਵੀਰ ਸਰੋਤ, BBC/GETTY IMAGES

    • ਲੇਖਕ, ਸਿੰਡੀ ਲਾਮੋਥ
    • ਰੋਲ, ਬੀਬੀਸੀ ਫਿਊਚਰ

ਮੈਨੂੰ ਅੱਜ ਵੀ ਯਾਦ ਹੈ, ਜਦੋਂ ਇੱਕ ਅਜਨਬੀ ਨੇ ਮੇਰੀਆਂ ਨੰਗੀਆਂ ਲੱਤਾਂ ਨੂੰ ਬੁਰੀ ਨਜ਼ਰ ਨਾਲ ਘੂਰਿਆ ਸੀ। ਇਹ ਘਟਨਾ ਉਸ ਵੇਲੇ ਦੀ ਹੈ, ਜਦੋਂ ਗਰਮੀਆਂ ਦੇ ਦਿਨ ਸਨ ਅਤੇ ਮੇਰੀ ਉਮਰ 11 ਸਾਲ ਵੀ ਨਹੀਂ ਸੀ।

ਮੈਂ ਘਰ ਦੇ ਕੋਲ ਹੀ ਇੱਕ ਕਰਿਆਨੇ ਦੀ ਦੁਕਾਨ 'ਤੇ ਗਈ ਸੀ। ਉਹ ਆਦਮੀ ਮੇਰੇ ਅਤੇ ਮੇਰੀ ਮਾਂ ਦੇ ਪਿੱਛੇ ਲਾਈਨ ਵਿੱਚ ਖੜਾ ਸੀ।

ਉਹ ਮੈਨੂੰ ਲਗਾਤਾਰ ਉਤੋਂ ਲੈ ਕੇ ਥੱਲੇ ਤੱਕ ਘੂਰ ਰਿਹਾ ਸੀ। ਉਹ ਆਦਮੀ ਮੇਰੇ ਪਿਤਾ ਦੀ ਉਮਰ ਦਾ ਹੋਣਾ, ਪਰ ਉਸਦੀਆਂ ਨਜ਼ਰਾਂ ਬਿਲਕੁਲ ਵੀ ਦੋਸਤਾਨਾ ਨਹੀਂ ਲੱਗੀਆਂ।

ਮੈਂ ਆਪਣੇ ਹੋਰ ਦੋਸਤਾਂ ਦੇ ਮੁਕਾਬਲੇ ਛੇਤੀ ਵੱਡੀ ਹੋ ਗਈ ਸੀ। ਮੇਰੇ ਅੰਗ ਘੱਟ ਉਮਰ ਵਿੱਚ ਹੀ ਵਿਕਸਿਤ ਹੋ ਗਏ ਸਨ ਅਤੇ ਮੈਂ ਆਪਣੇ ਹਾਣ ਦੇ ਬੱਚਿਆਂ ਨਾਲੋਂ ਵੱਡੀ ਲੱਗਣ ਲੱਗੀ ਸੀ।

ਗੁੱਡੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਸੂਮ ਦਿਮਾਗ਼ ਅਜਿਹੇ ਬਾਲਗ਼ਾਂ ਵਾਲੇ ਮਾੜੇ ਕੰਮੈਂਟਾਂ ਨਾਲ ਜਖ਼ਮੀ ਹੋ ਜਾਂਦਾ ਹੈ।

ਮੇਰਾ ਜ਼ਿਹਨ, ਸਰੀਰ ਵਿੱਚ ਆਏ ਇਨ੍ਹਾਂ ਬਦਲਾਵਾਂ ਨਾਲ ਤਾਲਮੇਲ ਬਿਠਾਉਣ 'ਚ ਮੁਸ਼ਕਿਲ ਮਹਿਸੂਸ ਕਰ ਰਿਹਾ ਸੀ।

ਵਡੇਰੀ ਉਮਰ ਦੇ ਮਰਦਾਂ ਦੀਆਂ ਘੂਰਦੀਆਂ ਨਜ਼ਰਾਂ ਮੈਨੂੰ ਪ੍ਰੇਸ਼ਾਨ ਕਰਦੀਆਂ ਸਨ। ਮੈਂ ਪ੍ਰੇਸ਼ਾਨ ਹੋ ਜਾਂਦੀ ਸੀ ਅਤੇ ਅਸੁਰੱਖਿਅਤ ਮਹਿਸੂਸ ਕਰਦੀ ਸੀ।

ਮੇਰੇ ਕੋਲੋਂ ਲੰਘਦੇ ਅਜਨਬੀ ਜਦੋਂ ਵੀ ਚੁੰਮਣ ਵਾਲੀ ਆਵਾਜ਼ ਕੱਢਦੇ ਤਾਂ ਮੇਰਾ ਦਿਲ ਤੇਜ਼-ਤੇਜ਼ ਧੜਕਣ ਲਗਦਾ ਸੀ ਅਤੇ ਜੀਅ ਘਬਰਾ ਜਾਂਦਾ ਸੀ।

ਅੱਜ ਵੀ ਜੇਕਰ ਮੈਂ ਆਪਣੀਆਂ ਅੱਖਾਂ ਬੰਦ ਕਰ ਲਵਾਂ ਤਾਂ ਨੇੜਿਓਂ ਲੰਘਦੀਆਂ ਗੱਡੀਆਂ 'ਚੋਂ ਆਉਂਦੀਆਂ ਉਹ ਅਸ਼ਲੀਲ ਅਤੇ ਭੱਦੀਆਂ ਆਵਾਜ਼ਾਂ ਮੈਨੂੰ ਸੁਣਾਈ ਦਿੰਦੀਆਂ ਹਨ।

ਮੈਂ ਮੁੜ ਉਹੀ 10 ਸਾਲ ਦੀ ਬੱਚੀ ਬਣ ਜਾਂਦੀ ਹਾਂ, ਜੋ ਸਾਰਿਆਂ ਸਾਹਮਣੇ ਛੋਟੇ ਕੱਪੜੇ ਪਾਉਣ ਤੋਂ ਡਰਦੀ ਹੋਵੇ।

ਮਾੜੇ ਕਮੈਂਟ ਝੱਲਣਾ, ਖ਼ੁਦ ਨੂੰ ਘੂਰੇ ਜਾਣ ਦਾ ਤਜਰਬਾ ਫੇਰ ਵੀ ਦੂਜੇ ਜਿਨਸੀ ਅਪਰਾਧਾਂ ਦੇ ਮੁਕਾਬਲੇ ਛੋਟਾ ਲਗਦਾ ਹੈ।

ਫੇਰ ਵੀ ਸਾਰਾ ਅਧਿਅਨ ਦੱਸਦਾ ਹੈ ਕਿ ਇਹ ਕਿਸੇ ਬੱਚੇ ਲਈ ਬੇਹੱਦ ਤਕਲੀਫ਼ ਭਰਿਆ ਹੋ ਸਕਦਾ ਹੈ।

ਉਨ੍ਹਾਂ ਨੂੰ ਮਨੋਵਿਗਿਆਨਕ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਜੋਖ਼ਿਮ ਚੁੱਕਣ ਲਈ ਮਜਬੂਰ ਹੋਣਾ ਪੈ ਸਕਦਾ ਹੈ। ਇਸ ਦਾ ਅਸਰ ਉਨ੍ਹਾਂ ਦੇ ਜ਼ਿਹਨ 'ਤੇ ਪੂਰੀ ਜ਼ਿੰਦਗੀ ਰਹਿ ਸਕਦਾ ਹੈ।

ਅੱਜ #MeToo ਵਰਗੀ ਮੁਹਿੰਮ ਚਲਾ ਕੇ ਕੰਮਕਾਜੀ ਔਰਤਾਂ ਜਿਨਸੀ ਸ਼ੋਸ਼ਣ ਪ੍ਰਤੀ ਆਵਾਜ਼ ਬੁਲੰਦ ਕਰ ਰਹੀਆਂ ਹਨ।

ਪਰ ਬੱਚਿਆਂ ਦਾ ਜਿਨਸੀ ਸ਼ੋਸ਼ਣ ਅੱਜ ਵੀ ਵਧੇਰੇ ਚਰਚਾ ਦਾ ਵਿਸ਼ਾ ਨਹੀਂ ਹੈ। ਜਦਕਿ ਅੱਜ ਮੁੱਦਾ ਇੰਨਾ ਅਹਿਮ ਹੋ ਗਿਆ ਹੈ ਕਿ ਇਸ 'ਤੇ ਚਰਚਾ ਦੀ ਸਖ਼ਤ ਲੋੜ ਹੈ।

ਗੁੱਡੀਆਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2011 ਦੇ ਇੱਕ ਅਧਿਅਨ ਮੁਤਾਬਕ ਅਮਰੀਕਾ 'ਚ ਬੱਚੀਆਂ ਦੇ ਅੰਗਾਂ ਦੇ ਵਿਕਾਸ ਦੀ ਔਸਤ ਉਮਰ ਘਟ ਕੇ 9 ਸਾਲ ਰਹਿ ਗਈ ਹੈ।

ਕਾਰਨ ਸਾਫ਼ ਹੈ, ਅੱਜ ਕੱਲ੍ਹ ਕੁੜੀਆਂ ਬੜੀ ਘੱਟ ਉਮਰ ਵਿੱਚ ਸਿਆਣੀਆਂ ਹੋ ਰਹੀਆਂ ਹਨ। ਸਿਆਣੇ ਹੋਣ ਤੋਂ ਭਾਵ ਇਹ ਕਿ ਕੁੜੀਆਂ ਦੇ ਪੀਰੀਅਡ ਬਹੁਤ ਘੱਟ ਉਮਰ ਆ ਜਾਂਦੇ ਹਨ।

ਉਨ੍ਹਾਂ ਦਾ ਸਰੀਰਕ ਵਿਕਾਸ ਬਹੁਤ ਤੇਜ਼ੀ ਨਾਲ ਕੱਚੀ ਉਮਰ ਵਿੱਚ ਹੀ ਹੋਣ ਲੱਗ ਗਿਆ ਹੈ।

ਜਿਵੇਂ ਕਿ 1970 ਦੇ ਦਹਾਕੇ ਵਿੱਚ ਅਮਰੀਕਾ ਵਿੱਚ ਬੱਚੀਆਂ ਦੀ ਛਾਤੀ ਦੇ ਵਿਕਾਸ ਦੀ ਔਸਤ ਉਮਰ 12 ਸਾਲ ਹੁੰਦੀ ਸੀ।

2011 ਦੇ ਇੱਕ ਅਧਿਅਨ ਮੁਤਾਬਕ ਅੱਜ ਅਮਰੀਕਾ ਵਿੱਚ ਬੱਚੀਆਂ ਦੇ ਅੰਗਾਂ ਦੇ ਵਿਕਾਸ ਦੀ ਔਸਤ ਉਮਰ ਘਟ ਕੇ 9 ਸਾਲ ਰਹਿ ਗਈ ਹੈ।

ਇੱਕ ਖੋਜ ਤੋਂ ਪਤਾ ਲੱਗਿਆ ਹੈ ਕਿ ਅਮਰੀਕਾ ਵਿੱਚ 18 ਫੀਸਦ ਗੋਰੀਆਂ, 43 ਫੀਸਦ ਅਮਰੀਕੀ ਮੂਲ ਦੇ ਅਫਰੀਕੀ (ਨਾਨ-ਹਿਸਪੈਨਿਕ) ਅਤੇ 31 ਫੀਸਦ ਹਿਸਪੈਨਿਕ ਕੁੜੀਆਂ ਨੂੰ ਪੀਰੀਅਡ ਨੌਵੇਂ ਜਨਮਦਿਨ ਆਉਣ ਤੱਕ ਸ਼ੁਰੂ ਹੋ ਜਾਂਦੇ ਹਨ।

ਹੁਣ ਇਸ ਦਾ ਕੀ ਕਾਰਨ ਹੈ, ਇਸ 'ਤੇ ਖੋਜ ਅਜੇ ਵੀ ਹੋ ਰਹੀ ਹੈ।

ਬੱਚੀਆਂ ਦੇ ਜਿਨਸੀ ਸ਼ੋਸ਼ਣ ਦਾ ਖ਼ਤਰਾ ਵਧਿਆ

ਘੱਟ ਉਮਰ ਵਿੱਚ ਬੱਚੀਆਂ ਦੇ ਸਰੀਰ ਦਾ ਵਿਕਾਸ ਹੋਣ ਦੇ ਕਾਰਨ ਅੱਜ 6 ਤੋਂ 8 ਸਾਲ ਦੀ ਬੱਚੀਆਂ ਦੇ ਜਿਨਸੀ ਸ਼ੋਸ਼ਣ ਦੀ ਖ਼ਤਰਾ ਵੱਧ ਗਿਆ ਹੈ।

ਜੋ ਕੁੜੀਆਂ ਘੱਟ ਉਮਰ ਵਿੱਚ ਸਿਆਣੀਆਂ ਹੋ ਜਾਂਦੀਆਂ ਹਨ, ਉਨ੍ਹਾਂ ਦੇ ਜਿਨਸੀ ਸ਼ੋਸ਼ਣ ਦਾ ਖ਼ਤਰਾ ਹਾਣ ਦੇ ਮੁੰਡਿਆਂ ਦੇ ਮੁਕਾਬਲੇ ਵੱਧ ਜਾਂਦਾ ਹੈ, ਜਿਨ੍ਹਾਂ ਦੇ ਅੰਗਾਂ ਦਾ ਵਿਕਾਸ ਦੇਰ ਨਾਲ ਹੁੰਦਾ ਹੈ।

ਘੱਟ ਉਮਰ ਵਿੱਚ ਸਿਆਣੀਆਂ ਹੋਣ ਵਾਲੀਆਂ ਕੁੜੀਆਂ 'ਤੇ ਉਨ੍ਹਾਂ ਦੇ ਹਾਣ ਦੇ ਮੁੰਡਿਆਂ ਦੀਆਂ ਨਜ਼ਰਾਂ ਵੀ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ ਉਮਰ ਵਿੱਚ ਵੱਡੇ ਆਦਮੀਆਂ ਦੀ ਵੀ ਨਜ਼ਰਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਕਈ ਵਾਰ ਅਜਿਹੀਆਂ ਬੱਚੀਆਂ ਨੂੰ ਜਾਨਬੁਝ ਨਿਸ਼ਾਨਾ ਬਣਾਇਆ ਜਾਂਦਾ ਹੈ।

ਕੁੜੀਆਂ ਜਾਂ ਮੁੰਡੇ, ਦੋਵੇਂ ਹੀ ਜੇਕਰ ਸਮੇਂ ਤੋਂ ਪਹਿਲਾਂ ਜਵਾਨ ਹੋਣ ਲਗਦੇ ਹਨ ਤਾਂ ਉਨ੍ਹਾਂ ਦੇ ਜਿਨਸੀ ਸ਼ੋਸ਼ਣ ਦਾ ਖ਼ਤਰਾ ਵੱਧ ਜਾਂਦਾ ਹੈ।

ਗੁੱਡੀਆਂ

ਤਸਵੀਰ ਸਰੋਤ, getty images

ਤਸਵੀਰ ਕੈਪਸ਼ਨ, ਕੁੜੀਆਂ-ਮੁੰਡਿਆਂ, ਦੋਵੇਂ ਹੀ ਜੇਕਰ ਸਮੇਂ ਤੋਂ ਪਹਿਲਾਂ ਜਵਾਨ ਹੋਣ ਲਗਦੇ ਹਨ ਤਾਂ ਉਨ੍ਹਾਂ ਦੇ ਜਿਨਸੀ ਸ਼ੋਸ਼ਣ ਦਾ ਖ਼ਤਰਾ ਵੱਧ ਜਾਂਦਾ ਹੈ

ਬ੍ਰਿਟੇਨ ਵਿੱਚ ਬੀਬੀਸੀ ਦੀ ਇੱਕ ਖੋਜ ਤੋਂ ਪਤਾ ਲੱਗਿਆ ਕਿ 6 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਸਟੇਸ਼ਨਾਂ ਅਤੇ ਰੇਲ ਗੱਡੀਆਂ ਵਿੱਚ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਗਿਆ ਹੈ।

ਅਮਰੀਕਾ ਦੇ ਓਰੇਗਨ ਦੀ ਰਹਿਣ ਵਾਲੀ ਕੈਰੀ ਜੁਏਗਰੇਸ ਨੂੰ ਅੱਜ ਵੀ 11 ਸਾਲ ਦੀ ਉਮਰ ਵਿੱਚ ਵਾਪਰਿਆ ਹਾਦਸਾ ਯਾਦ ਹੈ। ਉਦੋਂ ਉਹ ਆਪਣੇ ਪਰਿਵਾਰ ਨਾਲ ਇੱਕ ਵਾਟਰ ਪਾਰਕ ਗਈ ਸੀ।

ਇੱਕ ਉਮਰ-ਦਰਾਜ ਵਿਅਕਤੀ ਨੇ ਕੈਰੀ ਦਾ ਪਿੱਛਾ ਇੱਕ ਹੌਟ ਟੱਬ ਤੱਕ ਕੀਤਾ। ਉਸ ਨੇ ਟੱਬ ਵਿੱਚ ਆਪਣਾ ਹੱਥ ਕੈਰੀ ਦੇ ਠੀਕ ਪਿੱਛੇ ਰੱਖਿਆ।

ਫੇਰ ਉਹ ਕੈਰੀ ਨਾਲ ਗੱਲਾਂ ਕਰਨ ਲੱਗਾ। ਪੁੱਛਣ ਲੱਗਾ ਕਿ 'ਤੂੰ ਕਿੰਨੇ ਸਾਲਾਂ ਦੀ ਹੈ, ਕਿਹੜੇ ਸਕੂਲ ਜਾਂਦੀ ਹੈ।'

ਕੈਰੀ ਦੱਸਦੀ ਹੈ ਕਿ ਉਹ ਉਸ ਵਿਅਕਤੀ ਤੋਂ ਬਚਣ ਲਈ ਵਾਟਰ ਪਾਰਕ ਦੇ ਸਾਰੇ ਹਿੱਸੇ ਵਿੱਚ ਭੱਜਣ ਲੱਗੀ ਪਰ ਆਦਮੀ ਉਸ ਦਾ ਪਿੱਛਾ ਕਰਦਾ ਰਿਹਾ ਅਤੇ ਉਸ ਨੂੰ ਕੁਤਕੁਤਾਰੀਆਂ ਕੱਢਣ ਦੀ ਕੋਸ਼ਿਸ਼ ਕਰਦਾ ਰਿਹਾ।

ਕੈਰੀ ਦੱਸਦੀ ਹੈ, "ਮੈਨੂੰ ਨਹੀਂ ਪਤਾ ਸੀ ਕਿ ਉਸ ਦਾ ਸਾਹਮਣਾ ਕਿਵੇਂ ਕਰਾਂ ਕਿਉਂਕਿ ਕੁੜੀਆਂ ਨੂੰ ਤਾਂ ਸਦਾ ਹਲੀਮੀ ਨਾਲ ਰਹਿਣਾ ਹੀ ਸਿਖਾਇਆ ਜਾਂਦਾ ਹੈ।"

ਕੈਰੀ ਮੁਤਾਬਕ, "ਮੈਂ ਅੱਜ ਵੀ ਉਸ ਦਿਨ ਆਪਣੇ ਜ਼ਿਹਨ ਵਿੱਚ ਆਈ ਗੱਲ ਨੂੰ ਯਾਦ ਕਰਦੀ ਹਾਂ। ਉਦੋਂ ਮੈਨੂੰ ਲੱਗਾ ਕਿ ਔਰਤ ਬਣਨ ਦਾ ਇਹੀ ਮਤਲਬ ਹੈ ਤਾਂ ਮੈਨੂੰ ਔਰਤ ਨਹੀਂ ਬਣਨਾ।"

ਵੈਸੇ ਤਾਂ ਹਰ ਬੱਚੀ ਨੂੰ ਮਹਾਂਵਾਰੀ ਸ਼ੁਰੂ ਹੋਣ ਅਤੇ ਛਾਤੀ ਦੇ ਵਿਕਾਸ ਦੌਰਾਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਬਹੁਤ ਘੱਟ ਉਮਰ ਵਿੱਚ ਸਿਆਣੀਆਂ ਹੋਣ ਵਾਲੀਆਂ ਕੁੜੀਆਂ ਲਈ ਤਾਂ ਇਹ ਹੋਰ ਵੀ ਵੱਡੀ ਚੁਣੌਤੀ ਹੈ।

ਹਾਲ ਵਿੱਚ 14 ਸਾਲ ਦੀ ਉਮਰ ਵਾਲੇ ਕਰੀਬ 7 ਹਜ਼ਾਰ ਬੱਚਿਆਂ 'ਤੇ ਇੱਕ ਖੋਜ ਕੀਤੀ ਗਈ। ਪਤਾ ਲੱਗਿਆ ਕਿ ਪਹਿਲੀ ਮਹਾਂਵਾਰੀ ਦੇ ਨਾਲ ਹੀ ਅਜਿਹੀਆਂ ਕੁੜੀਆਂ ਵਿੱਚ ਤਣਾਅ ਪੈਦਾ ਹੋਣ ਲਗਦਾ ਹੈ।

ਗੁੱਡੀਆਂ

ਤਸਵੀਰ ਸਰੋਤ, BBC/getty images

ਖਾਣ ਦੀਆਂ ਆਦਤਾਂ ਬਦਲਣ ਲਗਦੀਆਂ ਹਨ। ਵੱਡੇ ਹੋਣ 'ਤੇ ਵੀ ਅਜਿਹੀਆਂ ਬੱਚੀਆਂ ਵਿੱਚ ਡਿਪ੍ਰੈਸ਼ਨ, ਖਾਣ-ਪੀਣ ਦੀਆਂ ਦਿੱਕਤਾਂ ਅਤੇ ਅਸਮਾਜਿਕ ਵਿਹਾਰ ਦੇਖਣ ਨੂੰ ਮਿਲਦਾ ਹੈ।

ਮਾਨਸਿਕ ਸਿਹਤ 'ਤੇ ਅਸਰ

ਅਮਰੀਕਾ ਦੀ ਕਾਰਨੈਲ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੇ ਪ੍ਰੋਫੈਸਰ ਜੈਨ ਮੈਂਡਲ ਨੇ ਪੀਰੀਅਡ ਦੇ ਮਨੋਵਿਗਿਆਨਕ ਪਹਿਲੂਆਂ ਬਾਰੇ ਕਾਫੀ ਖੋਜ ਕੀਤੀ ਹੈ।

ਪ੍ਰੋਫੈਸਰ ਮੈਂਡਲ ਕਹਿੰਦੀ ਹੈ, "ਛੇਤੀ ਪੀਰੀਅਡ ਸ਼ੁਰੂ ਹੋਣ ਦੇ ਮਨੋਵਿਗਿਆਨਕ ਸਿਹਤ 'ਤੇ ਬੁਰੇ ਅਸਰ ਦੀਆਂ ਗੱਲਾਂ ਦੁਨੀਆਂ ਦੇ ਵਧੇਰੇ ਦੇਸਾਂ ਵਿੱਚ ਖੋਜ ਦੌਰਾਨ ਸਾਹਮਣੇ ਆਈਆਂ ਹਨ।"

ਇਸ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਅਜਿਹੀਆਂ ਕੁੜੀਆਂ ਮਰਦਾਂ ਦੀਆਂ ਘੂਰਦੀਆਂ ਨਜ਼ਰਾਂ ਦਾ ਸ਼ਿਕਾਰ ਵੱਧ ਹੁੰਦੀਆਂ ਹਨ। ਸਰੀਰ ਦੇ ਉਭਰਦੇ ਅੰਗਾਂ ਬਾਰੇ ਮਾੜੀਆਂ ਗੱਲਾਂ ਸੁਣਨ ਨੂੰ ਮਿਲ ਜਾਂਦੀਆਂ ਹਨ, ਜੋ ਦਿਮਾਗ਼ 'ਤੇ ਬੁਰਾ ਅਸਰ ਪਾਉਂਦੀਆਂ ਹਨ।

ਸਿਆਣਪਤਾ ਛੇਤੀ ਆਉਣ ਨਾਲ ਕੁੜੀਆਂ ਦਾ ਸਰੀਰ ਤਾਂ ਔਰਤਾਂ ਵਾਂਗ ਵਿਕਸਿਤ ਹੋਣ ਲਗਦਾ ਹੈ। ਪਰ ਉਨ੍ਹਾਂ ਦੀ ਸੋਚ ਤਾਂ ਬੱਚਿਆਂ ਵਾਲੀ ਹੀ ਰਹਿੰਦੀ ਹੈ।

ਕਿਸੇ ਬੱਚੇ ਦੀ ਛਾਤੀ ਘੱਟ ਉਮਰ ਵਿੱਚ ਵਿਕਸਿਤ ਹੋ ਗਈ ਹੈ ਤਾਂ ਉਸ ਦਾ ਦਿਮਾਗ਼ ਤਾਂ ਬਚਪਨ ਵਾਲਾ ਹੀ ਹੁੰਦਾ ਹੈ।

ਮਾਸੂਮ ਦਿਮਾਗ਼ ਅਜਿਹੇ ਬਾਲਗ਼ਾਂ ਵਾਲੇ ਮਾੜੇ ਕੰਮੈਂਟਾਂ ਨਾਲ ਜਖ਼ਮੀ ਹੋ ਜਾਂਦਾ ਹੈ।

ਬੱਚੀ

ਤਸਵੀਰ ਸਰੋਤ, iStock

ਪ੍ਰੋਫਾਸਰ ਜੈਨ ਮੈਂਡਲੀ ਕਹਿੰਦੀ ਹੈ, "ਕੁੜੀਆਂ ਦੇ ਸਰੀਰ ਦਾ ਵਿਕਾਸ, ਸਭ ਨੂੰ ਦਿਖਦਾ ਹੈ। ਪਤਾ ਲੱਗ ਜਾਂਦਾ ਹੈ।"

10 ਸਾਲ ਦੀ ਉਮਰ ਵਿੱਚ ਮੇਰਾ ਮਨਪਸੰਦ ਕੰਮ ਗੁੱਡੀਆਂ ਨਾਲ ਖੇਡਣਾ ਅਤੇ ਛੋਟੇ ਭਰਾ ਨਾਲ ਡਿਜ਼ਨੀ ਚੈਨਲ ਦੇਖਣਾ ਸੀ।

ਜਜ਼ਬਾਤੀ ਤੌਰ 'ਤੇ ਮੈਂ ਖ਼ੁਦ ਮਰਦਾਂ ਦੀਆਂ ਨਜ਼ਰਾਂ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਸੀ।

ਜਿਨ੍ਹਾਂ ਦੇਸਾਂ ਵਿੱਚ ਕੁੜੀਆਂ ਨੂੰ ਸਿਆਣੀਆਂ ਹੋਣ ਯਾਨਿ ਕਿ ਪੀਰੀਅਡ ਆਉਣ ਨੂੰ ਵਿਆਹ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਉੱਥੇ ਤਾਂ ਹਾਲਾਤ ਹੋਰ ਗੰਭੀਰ ਹੋ ਜਾਂਦੇ ਹਨ।

ਯੂਨੀਸੈਫ ਦੀ ਰਿਪੋਰਟ ਮੁਤਾਬਕ ਦੁਨੀਆਂ ਭਰ ਦੀਆਂ ਕਰੀਬ 25 ਕਰੋੜ ਕੁੜੀਆਂ ਦਾ ਵਿਆਹ 15 ਸਾਲ ਦੀ ਉਮਰ ਤੋਂ ਪਹਿਲਾਂ ਕਰ ਦਿੱਤਾ ਜਾਂਦਾ ਹੈ।

ਇਹ ਹਾਲਾਤ ਸਿਰਫ਼ ਵਿਕਾਸਸ਼ੀਲ ਦੇਸਾਂ ਦੇ ਹੀ ਨਹੀਂ ਹਨ, ਬਲਕਿ ਅਮਰੀਕਾ ਵਰਗੇ ਵਿਕਸਿਤ ਦੇਸਾਂ ਵਿੱਚ ਵੀ ਦੇਖਣ ਨੂੰ ਮਿਲਦੇ ਹਨ।

ਵਧੇਰੇ ਅਮਰੀਕੀ ਸੂਬਿਆਂ ਵਿੱਚ ਨਾਬਾਲਗਾਂ ਦਾ ਵਿਆਹ ਕੁਝ ਖ਼ਾਸ ਹਾਲਾਤ ਵਿੱਚ ਕਰਨ ਦੇ ਕਾਨੂੰਨ ਹਨ। ਕਈ ਸੂਬਿਆਂ ਵਿੱਚ ਤਾਂ 13 ਸਾਲ ਤੋਂ ਵੀ ਘੱਟ ਉਮਰ ਵਿੱਚ ਵਿਆਹ ਕਰਨ ਦੀ ਇਜਾਜ਼ਤ ਹੈ।

ਪਹਿਲੇ ਪੀਰੀਅਡ ਤੋਂ ਬਾਅਦ ਹੀ ਵਿਆਹ

ਇੱਕ ਸਮਾਜਸੇਵੀ ਸੰਸਥਾ 'ਅਨਚੇਨਡ ਅਟ ਏ ਗਲਾਂਸ' ਮੁਤਾਬਕ ਸਾਲ 200 ਤੋਂ 2010 ਵਿਚਾਲੇ ਅਮਰੀਕਾ ਵਿੱਚ ਕਰੀਬ ਦੋ ਲੱਖ 48 ਹਜ਼ਾਰ ਬੱਚਿਆਂ ਦੇ ਵਿਆਹ 12 ਸਾਲ ਤੱਕ ਹੀ ਉਮਰ ਵਿੱਚ ਹੀ ਹੋ ਗਏ ਸਨ।

ਗੁੱਡੀ

ਤਸਵੀਰ ਸਰੋਤ, BBC/getty images

ਬੰਗਲਾਦੇਸ਼ ਦੇ ਕਬਾਇਲੀ ਇਲਾਕਿਆਆਂ ਵਿੱਚ ਪੀਰੀਅਡ ਆਉਣ ਤੋਂ ਬਾਅਦ ਹੀ ਵਿਆਹ ਕਰ ਦਿੱਤਾ ਜਾਂਦਾ ਹੈ।

ਛੇਤੀ ਵਿਆਹ ਕਰਨ ਦੇ ਨਤੀਜੇ ਬਹੁਤ ਖ਼ਰਾਬ ਅਤੇ ਲੰਬੇ ਸਮੇਂ ਤੱਕ ਰਹਿਣ ਵਾਲੇ ਹੁੰਦੇ ਹਨ। ਸਭ ਤੋਂ ਪਹਿਲਾਂ ਤਾਂ ਅਜਿਹੀਆਂ ਬੱਚੀਆਂ ਦੀ ਪੜ੍ਹਾਈ ਛੁੱਟ ਜਾਂਦੀ ਹੈ।

ਦੂਜਾ ਉਹ ਪੂਰੀ ਤਰ੍ਹਾਂ ਸਰੀਰ ਵਿਕਸਿਤ ਹੋਣ ਤੋਂ ਪਹਿਲਾਂ ਹੀ ਗਰਭਵਤੀ ਹੋ ਜਾਂਦੀਆਂ ਹਨ।

ਅਜਿਹੀਆਂ ਹਰੇਕ 110 ਕੁੜੀਆਂ ਵਿਚੋਂ ਇੱਕ ਦੀ ਮਾਂ ਬਣਨ ਵੇਲੇ ਮੌਤ ਦਾ ਖਦਸ਼ਾ ਰਹਿੰਦਾ ਹੈ। ਉਹ ਜੋਖ਼ਿਮ 20 ਤੋਂ 24 ਸਾਲ ਦੀ ਉਮਰ ਵਿੱਚ ਮਾਂ ਬਣਨ ਨਾਲੋਂ 5 ਗੁਣਾ ਵੱਧ ਹੈ।

ਇਥਿਓਪੀਆ ਵਰਗੇ ਦੇਸਾਂ ਵਿੱਚ ਤਾਂ 10 ਸਾਲ ਦੀ ਉਮਰ ਵਿੱਚ ਵਿਆਹ ਨੂੰ ਸਿੱਧਾ ਕੁੜੀਆਂ ਦੀ ਖ਼ੁਦਕੁਸ਼ੀਆਂ ਨਾਲ ਦੇਖਿਆ ਗਿਆ ਹੈ।

ਸਮੱਸਿਆ ਇਹ ਹੈ ਕਿ ਕੁੜੀ ਜਿਵੇਂ ਹੀ ਵੱਡੀ ਹੋਣ ਲਗਦੀ ਹੈ ਤਾਂ ਉਸ ਦੇ ਘਰ ਵਾਲਿਆਂ ਨੂੰ ਡਰ ਸਤਾਉਣ ਲਗਦਾ ਹੈ ਕਿ ਕਿਤੇ ਉਹ ਕਿਸੇ ਨਾਲ ਜਿਨਸੀ ਸੰਬੰਧ ਨਾ ਬਣਾ ਲਵੇ।

ਨਤੀਜਾ ਇਹ ਹੁੰਦਾ ਹੈ ਕਿ ਕਈ ਵਾਰ ਤਾਂ ਕੁੜੀਆਂ ਦਾ ਵਿਆਹ ਪੀਰੀਅਡ ਸ਼ੁਰੂ ਤੋਂ ਪਹਿਲਾਂ ਹੀ ਇੱਜ਼ਤ ਬਚਾਉਣ ਦੇ ਨਾਮ 'ਤੇ ਕਰ ਦਿੱਤਾ ਜਾਂਦਾ ਹੈ।

ਵਿਕਾਸਸ਼ੀਲ ਦੇਸ ਜਿਵੇਂ ਨੇਪਾਲ ਅਤੇ ਬੰਗਲਾਦੇਸ਼ ਵਿੱਚ ਕੁੜੀਆਂ ਬਾਰੇ ਇਹ ਸੋਚ ਆਮ ਹੈ ਕਿ ਉਹ ਮਾਪਿਆਂ ਦੇ ਘਰ ਇੱਕ ਅਜਨਬੀ ਮਰਦ ਦੀ ਅਮਾਨਤ ਹੁੰਦੀਆਂ ਹਨ।

ਲਿਹਾਜ਼ਾ ਮਾਪੇ ਛੇਤੀ ਤੋਂ ਛੇਤੀ ਅਮਾਨਤ ਦੇ ਦਾਅਵੇਦਾਰ ਨੂੰ ਲੱਭ ਕੇ ਉਸ ਨੂੰ ਸੌਂਪ ਦੇਣਾ ਚਾਹੁੰਦੇ ਹਨ। ਨੇਪਾਲ ਅਤੇ ਬੰਗਲਾਦੇਸ਼ ਵਿੱਚ ਵੱਡੇ ਪੈਮਾਨੇ 'ਤੇ ਅਜਿਹਾ ਹਾਲਾਤ ਦੇਖਣ ਨੂੰ ਮਿਲਦੇ ਹਨ।

ਕੁੜੀਆਂ ਦੀ ਸੈਕਸੁਆਲਿਟੀ ਦੀ ਚਿੰਤਾ

ਇੱਕ ਸਮਾਜਸੇਵੀ ਸੰਸਥਾ 'ਕੇਅਰ' ਨਾਲ ਜੁੜੀ ਜੈਂਡਰ ਸਪੈਸ਼ਲਿਸਟ ਨਿਦਾਲ ਕਰੀਮ ਦਾ ਕਹਿਣਾ ਹੈ ਕਿ ਕੁੜੀਆਂ ਦੀ ਸੈਕਸੁਆਲਿਟੀ ਕੁੜੀਆਂ ਨੂੰ ਛੱਡ ਕੇ ਸਾਰੇ ਜ਼ਮਾਨੇ ਲਈ ਚਿੰਤਾ ਦਾ ਵਿਸ਼ਾ ਹੈ।

ਗੁੱਡਾ

ਤਸਵੀਰ ਸਰੋਤ, BBC/getty images

ਉਨ੍ਹਾਂ ਨੂੰ ਜ਼ਮਾਨੇ ਤੋਂ ਬਚਾਉਣ ਦੀ ਕੋਸ਼ਿਸ਼ ਤਾਂ ਕੀਤੀ ਜਾਂਦੀ ਹੈ। ਪਰ ਕੁੜੀਆਂ ਨੂੰ ਇਹ ਨਹੀਂ ਸਮਝਾਇਆ ਜਾਂਦਾ ਹੈ ਕਿ ਹੁਣ ਉਹ ਜ਼ਿੰਦਗੀ ਦੇ ਕਿਹੜੇ ਰਸਤਿਆਂ ਤੋਂ ਨਿਕਲਣਗੀਆਂ ਅਤੇ ਉਨ੍ਹਾਂ ਨੂੰ ਖ਼ੁਦ ਆਪਣੀ ਹਿਫ਼ਾਜ਼ਤ ਕਿਵੇਂ ਕਰਨੀ ਹੈ।

ਜਿਨ੍ਹਾਂ ਦੇਸਾਂ ਵਿੱਚ ਬਾਲ ਵਿਆਹ ਆਮ ਗੱਲ ਨਹੀਂ ਹੈ, ਉੱਥੇ ਵੀ ਕੁੜੀਆਂ ਦੇ ਪੀਰੀਅਡ ਛੇਤੀ ਸ਼ੁਰੂ ਹੋਣਾ ਵੱਡੀ ਸਮੱਸਿਆ ਹੈ।

ਅਮਰੀਕਾ ਦੀ ਰਹਿਣ ਵਾਲੀ ਪਾਉਲੀਨ ਕੈਂਪੋਸ ਫ੍ਰੀਲਾਂਸ ਲੇਖਕਾ ਹੈ। ਉਹ ਬਚਪਨ ਵਿੱਚ ਜਿਨਸੀ ਸ਼ੋਸ਼ਣ ਦੀ ਸ਼ਿਕਾਰ ਹੋਈ ਸੀ।

ਪਾਉਲੀਨ ਕਹਿੰਦੀ ਹੈ ਕਿ 8 ਸਾਲ ਦੀ ਉਮਰ ਵਿੱਚ ਹੀ ਉਹ ਬੀ-ਕਪ ਸਾਈਜ਼ ਵਾਲੀ ਬ੍ਰਾਅ ਪਹਿਨਣ ਲੱਗੀ ਸੀ ਅਤੇ ਢਿੱਲੇ ਕੱਪੜੇ ਪਹਿਨ ਕੇ ਆਪਣੇ ਉਭਾਰਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੀ ਸੀ।

ਉਨ੍ਹਾਂ ਮੁਤਾਬਕ, "ਮੈਨੂੰ ਅਜੀਬ ਮਹਿਸੂਸ ਹੁੰਦਾ ਸੀ। ਮੇਰਾ ਸਰੀਰ ਤਾਂ ਤੇਜ਼ੀ ਨਾਲ ਵਧ ਰਿਹਾ ਸੀ , ਪਰ ਮੇਰਾ ਦਿਮਾਗ਼ ਇਸ ਦੇ ਨਾਲ ਤਾਲ-ਮੇਲ ਨਹੀਂ ਬਿਠਾ ਰਿਹਾ ਸੀ।"

2016 ਦੇ ਇੱਕ ਅਧਿਅਨ ਮੁਤਾਬਕ 11 ਤੋਂ 13 ਸਾਲ ਦੀ ਉਮਰ ਵਿੱਚ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਬੱਚੀਆਂ ਵਿੱਚ ਆਪਣੇ ਸਰੀਰ ਪ੍ਰਤੀ ਨਫ਼ਰਤ, ਤਣਾਅ ਅਤੇ ਖ਼ੁਦ ਨੂੰ ਖ਼ਤਮ ਕਰਨ ਵਾਲਾ ਅਹਿਸਾਸ ਫੁੱਟਣ ਲੱਗਾ ਸੀ।

ਵੱਧਦੇ ਸਰੀਰ ਅਤੇ ਉਭਰਦੇ ਬਦਨ ਦਾ ਡੂੰਘਾ ਮਨੋਵਿਗਿਆਨਕ ਅਸਰ ਹੁੰਦਾ ਹੈ। ਕੁੜੀਆਂ ਖ਼ੁਦ ਨੂੰ ਇੱਕ 'ਚੀਜ਼' ਸਮਝਣ ਦੀ ਮਨੋਵਿਗਿਆਨਕ ਚੁਣੌਤੀ ਦਾ ਸਾਹਮਣਾ ਕਰਨ ਲੱਗੀ ਹੈ। ਕਈ ਵਾਰ ਉਹ ਡਿਪ੍ਰੈਸ਼ਨ ਵਿੱਚ ਚਲੀਆਂ ਜਾਂਦੀਆਂ ਹਨ।

ਸਮਾਜਸ਼ਾਸਤਰੀ ਸੀਲੀਆ ਰੌਬਰਟ ਦਾ ਕਹਿਣਾ ਹੈ ਕਿ ਜਿਨਸੀ ਸ਼ੋਸ਼ਣ ਕਿਸੇ ਵੀ ਬੱਚੇ ਨੂੰ ਦੂਜਿਆਂ ਦੇ ਹੱਥ ਦਾ ਖਿਡੌਣਾ ਹੋਣ ਦਾ ਅਹਿਸਾਸ ਕਰਾਉਂਦਾ ਹੈ।

ਜਿਨਸੀ ਸ਼ੋਸ਼ਣ

ਤਸਵੀਰ ਸਰੋਤ, RinoCdZ/GETTY IMAGES

ਜਦ ਕਿ ਜਿਹੜੇ ਬੱਚਿਆਂ ਨੇ ਇਸ ਤਜਰਬੇ ਨੂੰ ਨਹੀਂ ਹੰਢਾਇਆ ਹੈ ਉਨ੍ਹਾਂ ਨੂੰ ਬਾਲਗਾਂ ਦੀ ਦੁਨੀਆਂ ਸਮਝਣ ਅਤੇ ਵੱਖ ਨਜ਼ਰੀਏ ਨਾਲ ਦੇਖਣ ਦਾ ਮੌਕਾ ਦਿੰਦਾ ਹੈ।

ਬੱਚਿਆਂ ਨਾਲ ਜਿਨਸੀ ਸ਼ੋਸ਼ਣ ਵਧੇਰੇ ਸਕੂਲ ਵਰਗੀਆਂ ਸੁਰੱਖਿਅਤ ਥਾਵਾਂ 'ਤੇ ਹੀ ਜ਼ਿਆਦਾ ਹੁੰਦਾ ਹੈ। ਕਈ ਕੇਸਾਂ ਵਿੱਚ ਦੇਖਿਆ ਗਿਆ ਹੈ ਕਿ ਬੱਚਿਆਂ ਦੇ ਸਾਥੀ ਸਮੂਹ ਵਿੱਚ ਹੀ ਉਨ੍ਹਾਂ ਨੂੰ ਸ਼ਿਕਾਰ ਬਣਾਇਆ ਗਿਆ ਹੈ।

ਅਮਰੀਕਾ ਵਿੱਚ ਹੋਈ ਰਿਸਰਚ ਦੱਸਦੀ ਹੈ ਕਿ 56 ਫੀਸਦ ਕਿਸ਼ੌਰ ਕੁੜੀਆਂ ਅਤੇ 40 ਫੀਸਦ ਕਿਸ਼ੌਰ ਮੁੰਡਿਆਂ ਨੇ ਸਕੂਲ ਵਿੱਚ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਕੀਤੀ।

ਇਹ ਸਿਲਸਿਲਾ ਉਨ੍ਹਾਂ ਦੇ 6ਵੀ ਕਲਾਸ ਤੱਕ ਪਹੁੰਚਣ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ, ਜਦ ਕਿ ਉਦੋਂ ਉਨ੍ਹਾਂ ਦੀ ਉਮਰ 11 ਤੋਂ 12 ਸਾਲ ਰਹੀ ਹੋਵੇਗੀ।

ਅਮਰੀਕਾ ਵਿੱਚ ਇਸ ਉਮਰ ਦੀਆਂ ਇੱਕ ਤਿਹਾਈ ਕੁੜੀਆਂ ਦਾ ਜਿਨਸੀ ਸ਼ੋਸ਼ਣ ਉਨ੍ਹਾਂ ਦੇ ਸਾਥੀ ਮੁੰਡਿਆਂ ਵੱਲੋਂ ਕੀਤਾ ਗਿਆ ਹੈ।

ਜੈਨ ਮੈਂਡਲ ਕਹਿੰਦੀ ਹੈ ਕਿ ਕਈ ਵਾਰ ਹਾਣ ਕਿਸੇ ਮੁੰਡੇ ਦੇ ਸਰੀਰ ਵਿੱਚ ਆ ਰਹੇ ਬਦਲਾਅ ਪ੍ਰਤੀ ਉਤਸੁਕ ਹੁੰਦੇ ਹਨ। ਪਰ ਕਈ ਵਾਰ ਉਹ ਬਦਨੀਤੀ ਨਾਲ ਵੀ ਬਹੁਤ ਸਾਰੀਆਂ ਸ਼ੈਤਾਨੀਆਂ ਕਰ ਜਾਂਦੇ ਹਨ।

ਪੀਰੀਅਡ ਸ਼ੁਰੂ ਹੋਂ ਤੋਂ ਲੈ ਕੇ ਛਾਤੀਆਂ ਦੇ ਵਿਕਾਸ ਤੱਕ ਕੁੜੀਆਂ ਦਾ ਸਾਹਮਣੇ ਬਹੁਤ ਸਾਰੀਆਂ ਮਨੋਵਿਗਿਆਨਕ ਚੁਣੌਤੀਆਂ ਹੁੰਦੀਆਂ ਹਨ। ਉਨ੍ਹਾਂ ਨਹੀਂ ਪਤਾ ਹੁੰਦਾ ਹੈ ਕਿ ਉਨ੍ਹਾਂ ਦਾ ਕਿਰਦਾਰ, ਉਨ੍ਹਾਂ ਦੀ ਪਛਾਣ ਕੀ ਹੋਵੇਗੀ।

ਟ੍ਰਾਂਸਜੈਂਡਰ-ਲੈਸਬੀਅਨ ਨਾਲ ਵੀ ਜਿਨਸੀ ਸ਼ੋਸ਼ਣ

ਅਕਸਰ ਟ੍ਰਾਂਸਜੈਂਡਰ ਨੌਜਵਾਨ ਅਤੇ ਲੈਸਬੀਅਨ ਕੁੜੀਆਂ ਵੀ ਸਰੀਰਕ ਵਿਕਾਸ ਕਾਰਨ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ।

ਗੁੱਡਾ-ਗੁੱਡੀ

ਤਸਵੀਰ ਸਰੋਤ, BBC/getty images

ਅਮਰੀਕਾ ਵਿੱਚ ਇੱਕ ਖੋਜ ਤੋਂ ਪਤਾ ਲੱਗਾ ਹੈ ਕਿ 81 ਫੀਸਦ ਟ੍ਰਾਂਸਜੈਂਡਰ ਅਤੇ 72 ਫੀਸਦ ਲੈਸਬੀਅਨ ਕੁੜੀਆਂ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈਆਂ। ਅਫਰੀਕੀ ਮੂਲ ਦੀਆਂ ਅਮਰੀਕਨ ਕੁੜੀਆਂ ਨੂੰ ਪਤਾ ਹੋਰ ਵੀ ਜਿਨਸੀ ਸ਼ੋਸ਼ਣ ਝੱਲਣਾ ਪੈਂਦਾ ਹੈ

ਸਮੱਸਿਆ ਇਹ ਨਹੀਂ ਕਿ ਕੁੜੀਆਂ ਘੱਚ ਉਮਰ ਵਿੱਚ ਜਵਾਨ ਦਿਖਣ ਲੱਗਦੀਆਂ ਹਨ। ਬਲਕਿ ਸਮਾਜ ਦੀ ਸੋਚ ਗ਼ਲਤ ਹੈ।

ਸਵੀਡਨ ਦੀ ਯੂਨੀਵਰਸਟੀ ਆਫ ਗੋਥੇਨਬਰਗ ਵਿੱਚ ਮਨੋਵਿਗਿਆਨ ਦੀ ਪ੍ਰੋਫੈਸਰ ਥੇਰੇਸਾ ਸਕੂਲ ਦਾ ਕਹਿਣਾ ਹੈ ਕਿ ਅਜਿਹੇ ਜਾਗਰੂਕਤਾ ਪ੍ਰੋਗਰਾਮ ਸ਼ੁਰੂ ਕਰਨ ਦੀ ਲੋੜ ਹੈ ਜਿਨ੍ਹਾਂ ਰਾਹੀਂ ਲੋਕਾਂ ਨੂੰ ਸਮਾਜ ਵਿੱਚ ਸੱਭਅਕ ਤਰੀਕੇ ਨਾਲ ਰਹਿਣ ਦਾ ਸਲੀਕਾ ਸਿਖਾਇਆ ਜਾਵੇ।

ਉਸ ਤੋਂ ਵੀ ਵੱਧ ਜ਼ਰੂਰੀ ਹੈ ਬੱਚਿਆਂ ਨੂੰ ਸੈਕਸ ਏਜੂਕੇਸ਼ਨ ਦੇਣਾ। ਉਹ ਸਿਆਣੇ ਹੋਣ ਤੋਂ ਪਹਿਲਾਂ ਸਮਝ ਸਕਣ ਕਿ ਕੌਣ ਉਨ੍ਹਾਂ ਨੂੰ ਕਿਸ ਨਜ਼ਰ ਨਾਲ ਦੇਖ ਰਿਹਾ ਹੈ। ਤਾਂ ਜੋ ਉਹ ਦੁਲਾਰ ਅਤੇ ਹਵਸ ਵਿੱਚ ਫਰਕ ਸਮਝ ਸਕਣ।

ਅਤੇ ਹਾਂ, ਜਿਨਸੀ ਸ਼ੋਸ਼ਣ ਪ੍ਰਤੀ 'ਜ਼ੀਰੋ ਟੌਲਰੈਂਸ' ਦੀ ਨੀਤੀ ਨਾਲ ਵੀ ਕਾਫੀ ਫਰਕ ਪਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)