ਅਮਰੀਕਾ ਵੱਲ ਗੈਰ-ਕਾਨੂੰਨੀ ਪਰਵਾਸ ਦੇ ਤਿੰਨ ਮੁੱਖ ਕਾਰਨ

ਤਸਵੀਰ ਸਰੋਤ, Reuters
ਗੈਰ-ਕਾਨੂੰਨੀ ਪਰਵਾਸੀਆਂ ਨੂੰ ਉਨ੍ਹਾਂ ਦੇ ਬੱਚਿਆਂ ਤੋਂ ਵੱਖ ਕਰਨ 'ਤੇ ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਇਸ ਉੱਤੇ ਵੀ ਨਜ਼ਰ ਪਾਵਾਂਗੇ ਕਿ ਲੋਕ ਅਮਰੀਕਾ ਵੱਲ ਗੈਰ-ਕਾਨੂੰਨੀ ਤਰੀਕੇ ਨਾਲ ਪਰਵਾਸ ਕਰਨ ਨੂੰ ਮਜਬੂਰ ਕਿਉਂ ਹਨ?
ਪਹਿਲਾਂ ਅਮਰੀਕਾ ਦੇ ਹੋਮਲੈਂਡ ਸੈਕਰੇਟਰੀ ਕ੍ਰਿਸਟਨ ਨੈਲਸਨ ਅਤੇ ਹੁਣ ਵਾਈਟ ਹਾਊਸ ਦੀ ਪ੍ਰੈੱਸ ਸੈਕਰੇਟਰੀ ਸਾਰਾ ਸੈਂਡਰਸ ਨੂੰ ਰੈਸਟੋਰੈਂਟ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਕਾਰਨ ਸੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਕੰਮ ਕਰਨਾ।
ਵਰਜੀਨੀਆ ਦੇ ਰੈੱਡ ਹੈੱਨ ਰੈਸਟੋਰੈਂਟ ਨੇ ਸੈਂਡਰਸ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ। ਇਹ ਉਨ੍ਹਾਂ ਦਾ ਟਰੰਪ ਪ੍ਰਸ਼ਾਸਨ ਖਿਲਾਫ਼ ਪਰਵਾਸੀਆਂ ਪ੍ਰਤੀ ਅਪਣਾਈ ਗਈ ਨੀਤੀ ਦਾ ਵਿਰੋਧ ਦਾ ਤਰੀਕਾ ਸੀ।
ਰੈਸਟੋਰੈਂਟ ਦੇ ਸਟੀਫਨ ਵਿਲਕਿਨਸਨ ਦਾ ਕਹਿਣਾ ਹੈ ਉਨ੍ਹਾਂ ਨੇ ਇਹ ਕਦਮ ਆਪਣੇ ਸਟਾਫ਼ ਨਾਲ ਗੱਲਬਾਤ ਤੋਂ ਬਾਅਦ ਲਿਆ ਕਿਉਂਕਿ ਉਹ 'ਗੈਰ-ਮਨੁੱਖੀ ਅਤੇ ਅਨੈਤਿਕ' ਪ੍ਰਸ਼ਾਸਨ ਲਈ ਕੰਮ ਕਰਦੀ ਹੈ।

ਤਸਵੀਰ ਸਰੋਤ, Alex Wong/Getty Images
ਇਸ ਤੋਂ ਪਹਿਲਾਂ ਵਾਸ਼ਿੰਗਟਨ ਡੀਸੀ ਵਿੱਚ ਇੱਕ ਮੈਕਸੀਕਨ ਰੈਸਟੋਰੈਂਟ ਵਿੱਚੋਂ ਹੋਮਲੈਂਡ ਸੈਕਰੇਟਰੀ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਸੀ।
ਇਹ ਕਾਰਵਾਈਆਂ ਅਮਰੀਕੀ ਸਰਕਾਰ ਦੀ ਪਰਵਾਸੀ ਬੱਚਿਆਂ ਨੂੰ ਮਾਪਿਆਂ ਤੋਂ ਵੱਖ ਰੱਖਣ ਦੀ ਨੀਤੀ ਦੇ ਵਿਰੋਧ ਵਿੱਚ ਕੀਤੀਆਂ ਗਈਆਂ ਹਨ।
ਗੈਰ-ਕਾਨੂੰਨੀ ਪਰਵਾਸੀ 'ਤੇ ਕਾਰਵਾਈ ਕਰਦਿਆਂ 2300 ਬੱਚੇ ਮਈ ਅਤੇ ਜੂਨ ਵਿੱਚ ਮਾਪਿਆਂ ਤੋਂ ਵੱਖ ਕਰ ਦਿੱਤੇ ਗਏ।
ਹਾਲਾਂਕਿ ਰਾਸ਼ਟਰਪਤੀ ਟਰੰਪ ਨੇ ਪਰਿਵਾਰ ਤੋਂ ਬੱਚਿਆਂ ਨੂੰ ਵੱਖ ਕਰਨ ਦੀ ਨੀਤੀ 'ਤੇ ਰੋਕ ਲਾ ਦਿੱਤੀ ਹੈ ਪਰ ਉਨ੍ਹਾਂ ਦਾਅਵਾ ਕੀਤਾ ਹੈ ਕਿ ਉਹ 'ਜ਼ੀਰੋ ਟੋਲਰੈਂਸ' (ਬਿਲਕੁਲ ਬਰਦਾਸ਼ਤ ਨਾ ਕਰਨ) ਨੀਤੀ 'ਤੇ ਬਰਕਰਾਰ ਹਨ।
ਲੋਕ ਅਮਰੀਕਾ ਵਿੱਚ ਪਰਵਾਸ ਕਿਉਂ ਕਰ ਰਹੇ ਹਨ?
ਅਕਸਰ ਵਿਕਾਸਸ਼ੀਲ ਅਤੇ ਗਰੀਬ ਮੁਲਕਾਂ ਤੋਂ ਲੋਕ ਚੰਗੇ ਭਵਿੱਖ ਲਈ ਅਮੀਰ ਮੁਲਕਾਂ ਦਾ ਰੁਖ ਕਰਦੇ ਹਨ। ਪਰ ਅਮਰੀਕਾ ਦੀ ਸਰਹੱਦ ਵਿੱਚ ਮੈਕਸੀਕੋ ਬਾਰਡਰ ਤੋਂ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲਿਆਂ ਵਿੱਚ ਹਿਸਪੈਨਿਕ ਮੁਲਕਾਂ ਦੇ ਲੋਕ ਜ਼ਿਆਦਾ ਹਨ।
ਹਿਸਪੈਨਿਕ ਲੋਕ ਉਹ ਹੁੰਦੇ ਹਨ ਜਿਨ੍ਹਾਂ ਦਾ ਸਪੇਨ ਨਾਲ ਇਤਿਹਾਸਕ ਅਤੇ ਸੱਭਿਆਚਰਕ ਤੌਰ ਉੱਤੇ ਸਬੰਧ ਹੈ।
ਹਾਲਾਂਕਿ ਇਸ ਦੇ ਅੰਕੜੇ ਬਹੁਤ ਘੱਟ ਮੌਜੂਦ ਹਨ ਕਿ ਲੋਕ ਅਮਰੀਕਾ ਵਿੱਚ ਪਰਵਾਸ ਕਿਉਂ ਕਰਦੇ ਹਨ ਪਰ ਪਿਊ ਰਿਸਰਚ ਸੈਂਟਰ ਨੇ 2011 ਵਿੱਚ ਹਿਸਪੈਨਿਕ ਲੋਕਾਂ 'ਤੇ ਇੱਕ ਸਰਵੇਖਣ ਕੀਤਾ।

ਤਸਵੀਰ ਸਰੋਤ, Getty Images
ਵਿੱਤੀ ਕਾਰਨ
ਉਨ੍ਹਾਂ ਵਿੱਚੋਂ 55 ਫੀਸਦੀ ਲੋਕਾਂ ਨੇ ਕਿਹਾ ਕਿ ਵਿੱਤੀ ਮੌਕਿਆਂ ਕਾਰਨ ਉਹ ਅਮਰੀਕਾ ਜਾਂਦੇ ਹਨ ਜਦਕਿ 24 ਫੀਸਦੀ ਲੋਕਾਂ ਦੇ ਪਰਿਵਾਰਕ ਕਾਰਨ ਸਨ।
ਜੀਡੀਪੀ ਦੇ ਹਿਸਾਬ ਨਾਲ ਕੇਂਦਰੀ ਅਮਰੀਕੀ ਦੇਸ ਦੁਨੀਆਂ ਦੇ ਸਭ ਤੋਂ ਗਰੀਬ ਦੇਸ ਹਨ ਜਦਕਿ ਅਮਰੀਕਾ ਸਭ ਤੋਂ ਅਮੀਰ ਦੇਸ ਹੈ।
ਵਰਲਡ ਬੈਂਕ ਮੁਤਾਬਕ 60 ਫੀਸਦੀ ਤੋਂ ਜ਼ਿਆਦਾ ਹੋਂਡਿਊਰਸ ਦੇ ਲੋਕ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿੰਦੇ ਹਨ। ਹਰ ਪੰਜ ਲੋਕਾਂ ਵਿੱਚੋਂ ਇੱਕ ਬੇਹੱਦ ਗਰੀਬੀ ਵਿੱਚ ਰਹਿ ਰਿਹਾ ਹੈ।
ਦੇਸ ਵਿੱਚ ਹਿੰਸਾ
ਪਰਵਾਸ ਦਾ ਇੱਕ ਹੋਰ ਕਾਰਨ ਹੈ ਹਿੰਸਾ।
ਏਲ ਸੈਲਵਾਡੋਰ ਦੀ ਮਾਰਿਤਜ਼ਾ ਫਲੋਰਸ ਦਾ ਕਹਿਣਾ ਹੈ, "ਅਸੀਂ ਡਰ ਕਾਰਨ ਆਪਣਾ ਦੇਸ ਛੱਡਦੇ ਹਾਂ। ਅਸੀਂ ਆਪਣੇ ਘਰ, ਪਰਿਵਾਰ, ਦੋਸਤ ਸਭ ਪਿੱਛੇ ਛੱਡ ਆਏ ਹਾਂ।"
ਮਾਰਿਤਜ਼ਾ ਉਨ੍ਹਾਂ 1200 ਪਰਵਾਸੀਆਂ ਵਿੱਚ ਸ਼ੁਮਾਰ ਸੀ ਜੋ ਕਿ ਮੈਕਸੀਕੋ ਰਾਹੀਂ ਅਪ੍ਰੈਲ ਵਿੱਚ ਅਮਰੀਕੀ ਸਰਹੱਦ ਪਾਰ ਕਰ ਆਏ ਸਨ।

ਤਸਵੀਰ ਸਰੋਤ, LOREN ELLIOTT/AFP/Getty Images
"ਕਾਫ਼ੀ ਲੋਕਾਂ ਨੂੰ ਲਗਦਾ ਹੈ ਕਿ ਅਸੀਂ ਅਪਰਾਧੀ ਹਾਂ ਇਸ ਲਈ ਅਸੀਂ ਆਪਣਾ ਦੇਸ ਛੱਡ ਆਏ। ਅਸੀਂ ਅਪਰਾਧੀ ਨਹੀਂ ਸਗੋਂ ਉਹ ਲੋਕ ਹਾਂ ਜੋ ਕਿ ਡਰ ਦੇ ਕਾਰਨ ਆਪਣਾ ਦੇਸ ਛੱਡ ਆਏ। ਅਸੀਂ ਬਸ ਇੱਕ ਅਜਿਹੀ ਥਾਂ ਚਾਹੁੰਦੇ ਹਾਂ ਜਿੱਥੇ ਸਾਡੇ ਬੱਚੇ ਸੁਰੱਖਿਅਤ ਰਹਿਣ।"
ਗੈਂਗਵਾਰ
ਪਿਛਲੇ ਕੁਝ ਸਾਲਾਂ ਤੋਂ ਏਲ ਸੈਲਵਾਡੋਰ ਦੇ ਕੁਝ ਲੋਕ ਗੈਂਗਸਟਰਾਂ ਦੇ ਡਰ ਤੋਂ ਅਮਰੀਕਾ ਦਾ ਰੁਖ ਕਰ ਰਹੇ ਹਨ।
ਸਾਲ 2012 ਵਿੱਚ ਅਮਰੀਕਾ ਵਿੱਚ 13,880 ਅਰਜ਼ੀਆਂ ਡਰ ਕਾਰਨ ਆਈਆਂ ਸਨ ਜਦਕਿ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸਰਵਿਸਜ਼ ਮੁਤਾਬਕ ਪੰਜ ਸਾਲਾਂ ਵਿੱਚ ਪਰਵਾਸੀਆਂ ਦੀਆਂ 78,564 ਅਰਜ਼ੀਆਂ ਆਈਆਂ।
2017 ਵਿੱਚ ਜ਼ਿਆਦਾਤਰ ਡਰ ਕਾਰਨ ਅਰਜ਼ੀਆਂ ਗੁਆਟੇਮਾਲਾ, ਹੋਂਡਿਊਰਸ ਅਤੇ ਐਲ ਸੈਲਵਾਡੋਰ ਤੋਂ ਆਈਆਂ। ਇਨ੍ਹਾਂ ਤਿੰਨਾਂ ਦੇਸਾਂ ਵਿੱਚ ਗੈਂਗਵਾਰ ਵਧੀ ਹੈ।

ਤਸਵੀਰ ਸਰੋਤ, Scott Olson/Getty Images
ਹਾਲਾਂਕਿ ਡਰ ਕਾਰਨ ਪਰਵਾਸੀਆਂ ਦੀਆਂ ਅਰਜ਼ੀਆਂ ਵਿੱਚ ਵਾਧਾ ਹੋਇਆ ਹੈ ਉਨਾਂ ਹੀ ਵਾਧਾ ਅਮਰੀਕੀ ਸਰਹੱਦ 'ਤੇ ਪਰਵਾਸੀਆਂ ਨੂੰ ਹਿਰਾਸਤ ਵਿੱਚ ਲੈਣ 'ਤੇ ਹੋਇਆ ਹੈ।
ਅਪ੍ਰੈਲ 2018 ਵਿੱਚ 50,924 ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਜਾਂ ਫਿਰ ਸਰਹੱਦ ਪਾਰ ਕਰਨ ਤੋਂ ਰੋਕ ਦਿੱਤਾ ਗਿਆ ਸੀ। ਹਾਲਾਂਕਿ ਪਿਛਲੇ ਸਾਲ ਇਸੇ ਮਹੀਨੇ ਇਹ ਅੰਕੜਾ 15,776 ਸੀ।













