ਇਟਲੀ ਦੀ ਨਾਂਹ, ਪਰ ਸਪੇਨ ਨੇ ਕੀਤਾ ਗੈਰ-ਕਾਨੂੰਨੀ ਪਰਵਾਸੀਆਂ ਦਾ ਸਵਾਗਤ

ਤਸਵੀਰ ਸਰੋਤ, EPA
ਭੂਮੱਧ-ਸਾਗਰ ਵਿੱਚ 20 ਘੰਟੇ ਚੱਕਰ ਕੱਟਣ ਤੋਂ ਬਾਅਦ 600 ਤੋਂ ਵੱਧ ਪਰਵਾਸੀ ਸਪੇਨ ਦੇ ਵਲੈਂਸ਼ੀਆ ਪਹੁੰਚ ਚੁੱਕੇ ਨੇ। ਇਨ੍ਹਾਂ ਨੂੰ ਇਟਲੀ ਅਤੇ ਮਾਲਟਾ ਤੋਂ ਵਾਪਸ ਮੋੜ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸਪੇਨ ਵਿੱਚ ਸ਼ਰਨ ਮਿਲ ਗਈ ਹੈ।
ਸ਼ਰਨਾਰਥੀਆਂ ਨੂੰ ਸਿਹਤ ਸਹੂਲਤਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ ਅਤੇ ਵਿਆਖਿਆਕਾਰ ਵੀ ਮਦਦ ਕਰਨ ਲਈ ਮੌਕੇ 'ਤੇ ਮੌਜੂਦ ਹਨ।
ਇਨ੍ਹਾਂ ਵਿੱਚ ਜ਼ਿਆਦਾਤਰ ਅਫਰੀਕੀ ਹਨ ਪਰ ਕੁਝ ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਵੀ ਹਨ।
ਇਸ ਹਫ਼ਤੇ ਹੀ ਪ੍ਰਧਾਨ ਮੰਤਰੀ ਪੈਡਰੋ ਸਨੈਥ ਨੇ ਕਿਹਾ ਸੀ, "ਇਹ ਸਾਡੀ ਜ਼ਿੰਮੇਵਾਰੀ ਹੈ ਕਿ ਮਨੁੱਖੀ ਤਬਾਹੀ ਨੂੰ ਰੋਕਿਆ ਜਾਵੇ ਅਤੇ ਇਨ੍ਹਾਂ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾਵੇ।"
ਇਹ ਪਰਵਾਸੀ ਕੌਣ ਹਨ?
ਇਨ੍ਹਾਂ ਪਰਵਾਸੀਆਂ ਨੇ ਲੋੜ ਤੋਂ ਵੱਧ ਭਰੀਆਂ ਹੋਈਆਂ ਰਬੜ ਦੀਆਂ ਕਿਸ਼ਤੀਆਂ ਵਿੱਚ 20 ਘੰਟੇ ਦਾ ਸਫ਼ਰ ਕੀਤਾ। ਬਚਾਅ ਜਹਾਜ਼ ਵਿੱਚ ਇਹ ਲੋਕ ਤਕਰੀਬਨ ਇੱਕ ਹਫ਼ਤਾ ਖਾਰੇ ਸਮੁੰਦਰ ਵਿੱਚ ਘੁੰਮਦੇ ਰਹੇ। ਕਈ ਲੋਕਾਂ ਨੂੰ ਸਮੁੰਦਰੀ ਸਫ਼ਰ ਤੋਂ ਪਰਹੇਜ਼ ਵੀ ਸੀ।

ਤਸਵੀਰ ਸਰੋਤ, Reuters
ਬਚਾਅ ਸੰਸਥਾ ਐੱਸਓਐੱਸ ਮੈਡੀਟਰੇਨੀ ਦੀ ਮੈਂਬਰ ਸੋਫ਼ੀ ਬਿਊ ਨੇ ਬੀਬੀਸੀ ਨੂੰ ਦੱਸਿਆ, "ਬਦਕਿਸਮਤੀ ਨਾਲ ਮੌਸਮ ਬਹੁਤ ਖਰਾਬ ਸੀ ਅਤੇ ਸਮੁੰਦਰ ਵੀ ਖਾਰਾ ਸੀ। "
"ਇਸ ਕਾਰਨ ਲੋਕ ਮਾੜੀ ਹਾਲਤ ਵਿੱਚ ਹਨ ਅਤੇ ਇਸ ਵੇਲੇ ਸੁਰੱਖਿਅਤ ਥਾਂ 'ਤੇ ਪਹੁੰਚ ਕੇ ਕਾਫ਼ੀ ਬਿਹਤਰ ਮਹਿਸੂਸ ਕਰ ਰਹੇ ਹਨ।"
ਮੈਡੀਕਲ ਚੈਰਿਟੀ ਮੈਡੀਸੀਨਜ਼ ਮੁਤਾਬਕ ਇਹ ਪਰਵਾਸੀ 26 ਦੇਸਾਂ ਤੋਂ ਆਏ ਹਨ। ਇੰਨ੍ਹਾਂ ਵਿੱਚੋਂ 629 ਅਫਰੀਕਾ ਦੇ ਹਨ ਪਰ ਬਾਕੀ ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਹਨ।
ਅਧਿਕਾਰੀਆਂ ਮੁਤਾਬਕ ਬਚਾਏ ਗਏ ਪਰਵਾਸੀਆਂ ਵਿੱਚ 123 ਬੱਚੇ ਹਨ, 11 ਬੱਚੇ 13 ਸਾਲ ਤੋਂ ਘੱਟ ਹਨ ਅਤੇ 7 ਗਰਭਵਤੀ ਔਰਤਾਂ ਹਨ।
ਐਕੁਏਰੀਅਜ਼ ਲਈ ਇਹ ਹਾਲਾਤ ਕਿਉਂ ਬਣੇ?
ਦਰਅਸਲ ਇਟਲੀ ਨੇ ਖਾਸ ਤੌਰ ਅੰਦਰੂਨੀ ਮਾਮਲਿਆਂ ਦੇ ਮੰਤਰੀ ਤੇ ਸੱਜੇ ਪੱਖੀ ਪਾਰਟੀ ਦੇ ਆਗੂ ਮੈਟਿਊ ਸਾਲਵਿਨੀ ਨੇ ਸਖ਼ਤੀ ਅਪਣਾਉਂਦੇ ਹੋਏ ਪਰਵਾਸੀਆਂ ਨੂੰ ਉੱਥੇ ਉਤਾਰਨ ਤੋਂ ਮਨ੍ਹਾ ਕਰ ਦਿੱਤਾ।

ਤਸਵੀਰ ਸਰੋਤ, AFP
ਸਾਲਵਿਨੀ ਦਾ ਕਹਿਣਾ ਹੈ ਕਿ ਯੂਰਪੀ ਯੂਨੀਅਨ ਦੇ ਅਗਲੀ ਕਤਾਰ ਵਾਲੇ ਦੇਸਾਂ ਨੇ ਹੀ ਪਰਵਾਸੀਆਂ ਦਾ ਬੋਝ ਝੱਲਣਾ ਹੈ।
ਮਾਲਟਾ ਨੂੰ ਐਕੁਏਰੀਅਜ਼ ਨੂੰ ਥਾਂ ਦੇਣੀ ਚਾਹੀਦੀ ਸੀ ਪਰ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਇਹ ਇਟਲੀ ਦੇ ਅਧਿਕਾਰ ਖੇਤਰ ਹੇਠ ਆਉਂਦਾ ਹੈ।
ਜਹਾਜ਼ ਨੂੰ ਸੁਰੱਖਿਅਤ ਥਾਂ ਦੇਣ ਵਾਲੇ ਵਲੇਂਸ਼ੀਆ ਦੇ ਮੇਅਰ ਜੌਨ ਰੀਬੋ ਨੇ ਇਟਲੀ ਦੇ ਇਸ ਫੈਸਲੇ ਨੂੰ ਗੈਰ-ਮਨੁੱਖੀ ਕਰਾਰ ਦਿੱਤਾ।
ਉਨ੍ਹਾਂ ਬੀਬੀਸੀ ਨੂੰ ਕਿਹਾ ਕਿ ਉਨ੍ਹਾਂ ਦੀ ਇਹ ਕਾਰਵਾਈ 'ਬਿਜਲੀ ਦੇ ਝਟਕੇ' ਵਾਂਗ ਕੰਮ ਕਰੇਗੀ ਅਤੇ ਯੂਰਪ ਦੀਆਂ ਪਰਵਾਸ ਸਬੰਧੀ ਨੀਤੀਆਂ ਵਿੱਚ ਬਦਲਾਅ ਕਰੇਗੀ।
ਪਰਵਾਸੀਆਂ ਦੀ ਮਦਦ ਕਿਵੇਂ ਹੋ ਰਹੀ ਹੈ?
ਇਟਲੀ ਦੀ ਖ਼ਬਰ ਏਜੰਸੀ ਅੰਸਾ ਮੁਤਾਬਕ ਇਟਲੀ ਦਾ ਕੰਢੀ ਰੱਖਿਅਕ ਜਹਾਜ਼ ਡਟਿੱਲੋ ਵਲੇਂਸ਼ੀਆ ਵਿੱਚ 6 ਵਜ ਕੇ 20 ਮਿੰਟ 'ਤੇ ਦਾਖਿਲ ਹੋਇਆ। ਇਸ ਵਿੱਚ 274 ਪਰਵਾਸੀ ਸਵਾਰ ਸਨ।

ਤਸਵੀਰ ਸਰੋਤ, EPA
ਵਲੇਂਸ਼ੀਆ ਦੇ ਕੰਢੇ 'ਤੇ 1000 ਰੈੱਡ ਕਰਾਸ ਦੇ ਵਰਕਰ ਪਰਵਾਸੀਆਂ ਦੀ ਮਦਦ ਲਈ ਮੌਜੂਦ ਸਨ। ਖਾਸ ਤੌਰ 'ਤੇ ਪੁਲਿਸ ਅਧਿਕਾਰੀ ਵੀ ਤੈਨਾਤ ਕਰ ਦਿੱਤੇ ਗਏ ਹਨ।
ਇਟਲੀ ਦਾ ਦੂਜਾ ਜਹਾਜ਼ ਓਰੀਅਨ ਅਤੇ ਐਕੁਏਰੀਅਜ਼ ਬਾਕੀ ਲੋਕਾਂ ਨੂੰ ਲੈ ਕੇ ਪਹੁੰਚ ਰਹੇ ਹਨ।
ਹੁਣ ਪਰਵਾਸੀਆਂ ਦਾ ਕੀ ਹੋਏਗਾ?
ਰੈੱਡ ਕਰਾਸ ਦੇ ਅਧਾਕਿਰੀ ਪੈਡਰੋ ਰੈਡਨ ਮੁਤਾਬਕ ਪਰਵਾਸੀਆਂ ਨੂੰ ਖਾਣਾ ਅਤੇ ਸਾਫ਼-ਸਫ਼ਾਈ ਦੀ ਕਿਟ ਦਿੱਤੀ ਜਾਵੇਗੀ। ਇਸ ਤੋਂ ਹੋਰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਉਹ ਮੁਹੱਈਆ ਕਰਵਾਈ ਜਾਵੇਗੀ।
ਗਰਭਵਤੀ ਔਰਤਾਂ ਦਾ ਚੈੱਕਅਪ ਕਰਵਾਇਆ ਜਾਵੇਗਾ। ਬੋਰਡ 'ਤੇ ਮੌਜੂਦ ਹਰ ਸ਼ਖ਼ਸ ਨੂੰ ਮਾਨਸਿਕ ਮਦਦ ਦਿੱਤੀ ਜਾਵੇਗੀ ਅਤੇ ਸਪੇਨ ਦੀ ਸਰਕਾਰ ਨੇ ਉਨ੍ਹਾਂ ਨੂੰ ਮੁਫ਼ਤ ਮੈਡੀਕਲ ਮਦਦ ਦੇਣ ਦਾ ਵਾਅਦਾ ਕੀਤਾ ਹੈ।

ਤਸਵੀਰ ਸਰੋਤ, Reuters
ਪੁਲਿਸ ਲੋਕਾਂ ਦੀ ਪਛਾਣ ਕਰੇਗੀ ਅਤੇ ਪਰਵਾਸ ਪ੍ਰਕਿਰਿਆ ਸ਼ੁਰੂ ਕਰਨ ਲਈ ਪੁਲਿਸ ਸਟੇਸ਼ਨ ਲੈ ਕੇ ਜਾਵੇਗੀ।
ਪਰਵਾਸੀਆਂ ਦੀ ਮਦਦ ਲਈ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਨ ਦੀ ਸਰਕਾਰ ਸਪੇਨ ਨਾਲ ਕੰਮ ਕਰੇਗੀ।
ਸਪੇਨ ਦੇ ਉਪ ਪ੍ਰਧਾਨ ਮੰਤਰੀ ਕੈਰਮੈਨ ਕਾਲਵੋ ਦਾ ਦਾਅਵਾ ਹੈ ਕਿ ਕੋਈ ਵੀ ਪਰਵਾਸੀ ਜੋ ਕਿ ਫਰਾਂਸ ਜਾਣ ਦਾ ਇਛੁੱਕ ਹੈ ਜੇ ਉਸ ਕੋਲ ਸ਼ਰਨ ਦੇ ਕਾਨੂੰਨੀ ਅਧਿਕਾਰ ਹਨ ਤਾਂ ਉਸ ਨੂੰ ਇਜਾਜ਼ਤ ਦਿੱਤੀ ਜਾਵੇਗੀ।












