ਅਮਰੀਕਾ 'ਚ ਫੜੇ ਗਏ 'ਟੌਲੀਵੁੱਡ' ਸੈਕਸ ਰੈਕੇਟ ਦੀ ਪੂਰੀ ਕਹਾਣੀ

ਤਸਵੀਰ ਸਰੋਤ, Getty Images
- ਲੇਖਕ, ਪ੍ਰਿਥਵੀਰਾਜ
- ਰੋਲ, ਬੀਬੀਸੀ ਪੱਤਰਕਾਰ
ਅਮਰੀਕੀ ਪੁਲਿਸ ਵੱਲੋਂ ਸੈਕਸ ਰੈਕੇਟ ਚਲਾਉਣ ਵਾਲੇ ਇੱਕ ਤੇਲੁਗੂ ਜੋੜੇ ਨੂੰ ਹਿਰਾਸਤ ਵਿੱਚ ਲਏ ਜਾਣ ਦਾਅਵਾ ਕੀਤਾ ਗਿਆ ਹੈ। ਇਲਜ਼ਾਮ ਹੈ ਕਿ ਉਹ ਅਮਰੀਕਾ ਦੇ ਸ਼ਿਕਾਗੋ ਵਿੱਚ ਤੇਲੁਗੂ ਫਿਲਮ ਇੰਡਸਟ੍ਰੀ ਨਾਲ ਸੰਬੰਧਤ ਔਰਤਾਂ ਅਤੇ ਕੁੜੀਆਂ ਨੂੰ ਬੁਲਾ ਕੇ ਉਨ੍ਹਾਂ ਨੂੰ ਦੇਹ ਵਪਾਰ ਵਿੱਚ ਪਾਉਂਦੇ ਸਨ।
ਅਮਰੀਕੀ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਇੱਥੇ ਕਈ ਤੇਲੁਗੂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਦੇ ਨਾਮ 'ਤੇ ਤੇਲੁਗੂ ਫਿਲਮ ਇੰਡਸਟ੍ਰੀ ਦੇ ਕਲਾਕਾਰ ਬੁਲਾਏ ਜਾਂਦੇ ਸਨ ਅਤੇ ਉਨ੍ਹਾਂ ਨੂੰ ਦੇਹ ਵਪਾਰ ਵਿੱਚ ਧੱਕ ਦਿੱਤਾ ਜਾਂਦਾ ਸੀ।
ਹੋਮਲੈਂਡ ਸਿਕਿਓਰਿਟੀ ਇਨਵੈਸਟੀਗੇਸ਼ਨ (HIS) ਦੀ ਸਪੈਸ਼ਲ ਏਜੰਟ ਬ੍ਰਾਇਨ ਜਿਨ ਮੁਤਾਬਕ, "34 ਸਾਲਾਂ ਕਿਸ਼ਨ ਮੋਦੁਗੁਮੁਡੀ ਇਸ ਸੈਕਸ ਰੈਕਟ ਦਾ ਮਾਸਟਰ ਮਾਈਂਡ ਹੈ ਅਤੇ ਉਸ ਦੀ ਪਤਨੀ ਚੰਦਰਕਲਾ ਮੋਦੁਗੁਮੁਡੀ ਉਸ ਵਿੱਚ ਭਾਗੀਦਾਰ ਹੈ।"
ਉਨ੍ਹਾਂ ਨੇ ਇਲਿਨੋਇਸ ਕੋਰਟ ਦੇ ਉੱਤਰੀ ਜ਼ਿਲ੍ਹੇ ਵਿੱਚ ਇਸ ਸੰਬੰਧੀ ਇੱਕ ਪਟੀਸ਼ਨ ਵੀ ਪਾਈ।

ਤਸਵੀਰ ਸਰੋਤ, Getty Images
ਉਨ੍ਹਾਂ ਨੇ ਦੱਸਿਆ ਕਿ ਕਿਸ਼ਨ ਨੂੰ ਉਸ ਦੇ ਛੋਟੇ ਨਾਮ ਸ੍ਰੀ ਰਾਜ ਚੇਨੂਪਤੀ ਅਤੇ ਚੰਦਰਕਲਾ ਨੂੰ ਵਿਭਾ ਤੇ ਵਿਭਾ ਜਇਮ ਵਜੋਂ ਵੀ ਜਾਣਿਆ ਜਾਂਦਾ ਸੀ।
ਬੀਬੀਸੀ ਨੂੰ 42 ਪੰਨਿਆਂ ਦੀ ਇੱਕ ਅਪਰਾਧਿਕ ਪਟੀਸ਼ਨ ਵੀ ਪ੍ਰਾਪਤ ਹੋਈ ਹੈ। ਜਿਸ ਵਿੱਚ ਇਸ ਰੈਕੇਟ ਦੀਆਂ ਪੀੜਤ ਭਾਰਤੀ ਔਰਤਾਂ ਦੇ ਬਿਆਨ ਦਰਜ ਹਨ। ਹਾਲਾਂਕਿ ਪਟੀਸ਼ਨ ਵਿੱਚ ਇਨ੍ਹਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ। ਸਿਰਫ ਏ, ਬੀ, ਸੀ, ਡੀ ਕਰਕੇ ਹੀ ਬਿਆਨ ਦਰ ਕੀਤੇ ਗਏ ਹਨ।
ਜਾਂਚ ਅਧਿਕਾਰੀਆਂ ਨੇ ਪੀੜਤਾਂ ਅਤੇ ਗਾਹਕਾਂ ਨੂੰ ਵੀ ਸਵਾਲ-ਜਵਾਬ ਕੀਤੇ ਹਨ। ਅਧਿਕਾਰੀਆਂ ਨੇ ਪਟੀਸ਼ਨ ਵਿੱਚ ਦੱਸਿਆ ਹੈ ਕਿ ਵੇਸ਼ਵਾਵ੍ਰਿਤੀ ਨਾਲ ਸੰਬੰਧਤ ਦਸਤਾਵੇਜ਼ ਅਤੇ ਡਾਇਰੀਆਂ ਮੁਲਜ਼ਮਾਂ ਦੇ ਘਰੋਂ ਬਰਾਮਦ ਹੋਈਆਂ ਹਨ।
ਇਸ ਦੇ ਨਾਲ ਹੀ ਪਟੀਸ਼ਨ ਮੁਤਾਬਕ ਅਧਿਕਾਰੀਆਂ ਵੱਲੋਂ 16 ਫਰਵਰੀ ਨੂੰ ਘਰ ਦੀ ਤਲਾਸ਼ੀ ਦੌਰਾਨ 70 ਕੰਡੋਮ, ਫਰਜ਼ੀ ਰਿਹਾਇਸ਼ੀ ਕਾਰਡ, ਅਮਰੀਕਾ ਤੇਲੁਗੂ ਐਸੋਸੀਏਸ਼ਨ ਦੇ ਫਰਜ਼ੀ ਲੈਟਰ, ਵਿਜ਼ਿਟਿੰਗ ਕਾਰਡ, ਡਾਇਰੀਆਂ ਅਤੇ ਹੋਰ ਦਸਤਾਵੇਜ਼ ਮਿਲੇ।
ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਕਾਗਜ਼ਾਤਾਂ ਵਿੱਚ ਕਲਾਕਾਰਾਂ ਅਤੇ ਗਾਹਕਾਂ ਦੇ ਨਾਵਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਅਤੇ ਇਨ੍ਹਾਂ ਲਈ ਤੈਅ ਕੀਤੀ ਰਕਮ ਦਾ ਵੇਰਵਾ ਵੀ ਸ਼ਾਮਿਲ ਹੈ।
ਕਿਵੇਂ ਹੋਇਆ ਖੁਲਾਸਾ ?
ਸਪੈਸ਼ਲ ਏਜੰਟ ਬ੍ਰਾਇਨ ਜਿਨ ਵੱਲੋਂ ਦਿੱਤੇ ਗਏ ਹਲਫਨਾਮੇ ਮੁਤਾਬਕ 20 ਨਵੰਬਰ 2017 ਨੂੰ ਦਿੱਲੀ ਤੋਂ ਆਈ ਇੱਕ ਔਰਤ ਸ਼ਿਕਾਗੋ ਪਹੁੰਚੀ। ਉਸ ਕੋਲ ਬੀ1/ਬੀ2 ਟੂਰਿਸਟ ਵੀਜ਼ਾ ਸੀ।

ਜਦੋਂ ਉਸ ਨੇ ਏਅਰਪੋਰਟ 'ਤੇ ਆਪਣੇ ਇਮੀਗ੍ਰੇਸ਼ਨ ਦਸਤਾਵੇਜ਼ ਦਿਖਾਏ ਤਾਂ ਕਿਹਾ ਕਿ ਉਹ ਤੇਲੁਗੂ ਐਸੋਸੀਏਸ਼ਨ ਆਫ ਸਾਊਥਰਨ ਕੈਲੀਫੋਰਨੀਆ ਵਿੱਚ 18 ਨਵੰਬਰ ਨੂੰ ਹੋਣ ਵਾਲੇ ਇੱਕ ਪ੍ਰੋਗਰਾਮ 'ਚ ਹਿੱਸਾ ਲੈਣ ਆਈ ਹੈ।
ਦਸਤਾਵੇਜ਼ ਇਹ ਵੀ ਕਹਿ ਰਹੇ ਸਨ ਕਿ ਉਹ ਕੈਲੀਫੋਰਨੀਆ ਵਿੱਚ ਤੇਲਗੂ ਐਸੋਸੀਏਸ਼ਨ ਸਟਾਰ ਨਾਈਟ ਦਾ ਹਿੱਸਾ ਬਣਨ ਲਈ ਆਈ ਹੈ ਅਤੇ ਉਹ 10 ਦਿਨ ਤੱਕ ਰਹੇਗੀ।
ਜਾਂਚ ਅਧਿਕਾਰੀ ਨੂੰ ਸ਼ੱਕ ਹੋਇਆ ਕਿਉਂਕਿ ਉਹ ਦਸਤਾਵੇਜ਼ਾਂ ਮੁਤਾਬਕ ਉਹ 18 ਨੂੰ ਹੋਣ ਵਾਲੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਆਈ ਹੈ, ਪਰ ਉਹ 2 ਦਿਨ ਬਾਅਦ ਯਾਨਿ 20 ਨਵੰਬਰ ਨੂੰ ਸ਼ਿਕਾਗੋ ਪਹੁੰਚੀ।
ਜਦੋਂ ਉਸ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਨੌਰਥ ਅਮਰੀਕਾ ਤੇਲੁਗੂ ਸੁਸਾਇਟੀ ਦੇ ਪ੍ਰਗੋਰਾਮਾਂ ਵਿੱਚ ਹਿੱਸਾ ਲੈਣ ਆਈ ਹੈ।
ਉਸ ਨੇ ਇਮੀਗ੍ਰੇਸ਼ਨ ਅਫ਼ਸਰਾਂ ਨੂੰ ਇੱਕ ਪੱਤਰ ਸੌਂਪਿਆ ਜਿਸ ਵਿੱਚ ਕਿਹਾ ਗਿਆ ਹੈ ਕਿ ਉਹ 25 ਨਵੰਬਰ, 2017 ਨੂੰ ਇਲੀਨੋਇਸ ਦੇ ਸ਼ੋਮਬਰਗ ਵਿੱਚ ਇੱਕ ਕਾਨਫਰੰਸ ਵਿੱਚ ਮਹਿਮਾਨ ਵਜੋਂ ਹਿੱਸਾ ਲੈ ਰਹੀ ਹੈ।
'ਕਲਾਕਾਰ ਨੂੰ ਨਹੀਂ ਜਾਣਦੇ'
ਜਦੋਂ ਤੇਲੁਗੂ ਐਸੋਈਏਸ਼ਨ ਦੇ ਪ੍ਰਧਾਨ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ''18 ਨਵੰਬਰ ਨੂੰ ਕੈਲੀਫੋਰਨੀਆਂ ਵਿੱਚ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਸੀ, ਪਰ ਉਸ ਅਦਾਕਾਰਾ ਨੂੰ ਨਹੀਂ ਜਾਣਦੇ।''

ਤਸਵੀਰ ਸਰੋਤ, Getty Images
ਉਸ ਤੋਂ ਬਾਅਦ ਅਧਿਕਾਰੀਆਂ ਨੇ ਨੌਰਥ ਅਮਰੀਕਾ ਤੇਲੁਗੂ ਸੁਸਾਇਟੀ ਕੋਲੋਂ ਪੁੱਛਿਆ ਤਾਂ ਉਨ੍ਹਾਂ ਨੇ ਵੀ ਇਹੀ ਜਵਾਬ ਦਿੱਤਾ ਕਿ ਉਹ ਉਸ ਔਰਤ ਨੂੰ ਨਹੀਂ ਜਾਣਦੇ ਅਤੇ ਨਾ ਹੀ 25 ਨਵੰਬਰ ਨੂੰ ਕੋਈ ਪ੍ਰੋਗਰਾਮ ਹੈ।
ਪੁੱਛ ਪੜਤਾਲ ਦੇ ਆਧਾਰ 'ਤੇ ਅਧਿਕਾਰੀਆਂ ਨੇ ਉਸ ਔਰਤ ਕੋਲੋਂ ਆਉਣ ਦੇ ਅਸਲ ਕਾਰਨਾਂ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਨੌਰਥ ਅਮਰੀਕਾ ਤੇਲੁਗੂ ਸੁਸਾਇਟੀ ਅਤੇ ਤੇਲੁਗੂ ਐਸੋਈਏਸ਼ਨ ਦੀਆਂ ਚਿੱਠੀਆਂ ਰਾਜੂ ਰਾਹੀਂ ਮਿਲੀਆਂ ਹਨ ਜਿਸ ਨੂੰ ਉਹ ਭਾਰਤ ਵਿੱਚ ਮਿਲੀ ਸੀ।
ਉਸ ਨੇ ਦੱਸਿਆ ਉਸ ਦੀ ਟਿਕਟ ਅਤੇ ਹੋਟਲ ਦਾ ਕਿਰਾਇਆ ਵੀ ਰਾਜੂ ਨੇ ਹੀ ਭਰਿਆ ਹੈ ਅਤੇ ਉਸ ਨੇ ਈਮੇਲ ਰਾਹੀਂ ਇਸ ਦੇ ਪੇਪਰ ਵੀ ਭੇਜੇ ਸਨ।
ਉਸ ਨੇ ਇਹ ਵੀ ਦੱਸਿਆ ਕਿ ਉਹ ਉਸ ਨੂੰ ਏਅਰਪੋਰਟ 'ਤੇ ਲੈਣ ਵੀ ਆਉਣ ਵਾਲਾ ਸੀ।
ਔਰਤ ਮੁਤਾਬਕ ਉਹ ਇੱਕ ਸੰਸਥਾ ਲਈ ਕੰਮ ਕਰ ਰਿਹਾ ਹੈ ਅਤੇ ਉਸ ਨੇ ਉਸ ਨਾਲ ਸੰਪਰਕ ਕਰਨ ਲਈ ਇੱਕ ਨੰਬਰ ਅਤੇ ਈਮੇਲ ਆਈਡੀ ਵੀ ਦਿੱਤੀ ਹੈ।

ਤਸਵੀਰ ਸਰੋਤ, Getty Images
ਇਸੇ ਜਾਣਕਾਰੀ ਦੇ ਆਧਾਰ 'ਤੇ ਅਗਲੀ ਜਾਂਚ ਵਿੱਚ ਅਧਿਕਾਰੀਆਂ ਨੇ ਇੱਕ ਇੰਟਰਨੈਟ ਪੋਸਟ ਤੋਂ ਪੁਸ਼ਟੀ ਕੀਤੀ, ''ਕਿਸ਼ਨ ਹੀ ਸ੍ਰੀ ਰਾਜ ਚੈਨੂਪਤੀ ਨਾਂ ਨਾਲ ਅਮਰੀਕਾ ਵਿੱਚ ਸੈਕਸ ਰੈਕੇਟ ਚਲਾ ਰਿਹਾ ਹੈ ਅਤੇ ਤੇਲੁਗੂ ਫਿਲਮ ਇੰਡਸਟ੍ਰੀ ਦੀਆਂ ਔਰਤਾਂ ਨੂੰ ਫਰਜ਼ੀ ਵੀਜ਼ੇ ਰਾਹੀਂ ਸੱਦ ਦੇਹ ਵਪਾਰ ਵਿੱਚ ਪਾ ਰਿਹਾ ਹੈ।"
ਮੁਲਜ਼ਮਾਂ ਦੇ ਸੰਪਰਕ ਨੰਬਰਾਂ ਦੇ ਆਧਾਰ 'ਤੇ ਖੋਜ
ਉਸ ਔਰਤ ਨੂੰ ਵੀਜ਼ਾ ਨਹੀਂ ਮਿਲਿਆ ਅਤੇ ਉਸ ਵੱਲੋਂ ਦਿੱਤੇ ਗਏ ਫੋਨ ਨੰਬਰਾਂ ਅਤੇ ਈਮੇਲ ਆਈਡੀ ਦੇ ਆਧਾਰ 'ਤੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਉਹ ਨੰਬਰ ਕਿਸ਼ਨ ਦੇ ਹਨ ਅਤੇ ਉਸ ਦੀਆਂ ਹੋਰ ਵੀ ਈਮੇਲ ਆਈਡੀਜ਼ ਹਨ। ਇਨ੍ਹਾਂ ਦੇ ਆਧਾਰ 'ਤੇ ਉਸਦੇ ਸ਼ਿਕਾਗੋ ਵਾਲੇ ਘਰ ਦਾ ਪਤਾ ਲਗਾਇਆ ਗਿਆ ਹੈ।
ਨਿਊਯਾਰਕ ਇਅਰਪੋਰਟ 'ਤੇ ਇੱਕ ਹੋਰ ਅਦਾਕਾਰਾ
ਅਧਿਕਾਰੀ ਮੁਤਾਬਕ ਨਿਊਯਾਰਕ ਇੰਟਰਨੈਸ਼ਨਲ ਏਅਰਪੋਰਟ 'ਤੇ ਮੁੰਬਈ ਤੋਂ ਆਈ 26 ਦਸੰਬਰ 2017 ਨੂੰ ਇੱਕ ਹੋਰ ਔਰਤ ਕੋਲੋਂ ਪੁੱਛਗਿੱਛ ਹੋਈ ਸੀ।
ਪਟੀਸ਼ਨ ਮੁਤਾਬਕ ਵੀਜ਼ੇ ਤੋਂ ਜਾਣਕਾਰੀ ਮਿਲੀ ਕਿ ਉਹ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਅਮਰੀਕਾ ਆਈ ਸੀ ਅਤੇ 3 ਮਹੀਨੇ ਤੱਕ ਇੱਥੇ ਰਹਿਣਾ ਸੀ।

ਵੀਜ਼ੇ ਮੁਤਾਬਕ, "ਉਹ ਇੱਕ ਅਦਾਕਾਰਾ ਸੀ ਅਤੇ ਇੱਕ ਪ੍ਰੋਗਰਾਮ ਵਿੱਚ ਮਹਿਮਾਨ ਵਜੋਂ ਹਿੱਸਾ ਲੈਣ ਆਈ ਸੀ।"
ਟਰੈਵਲ ਦਸਤਾਵੇਜ਼ਾਂ ਮੁਤਾਬਕ ਉਹ 6 ਅਕਤੂਬਰ 2017 ਨੂੰ ਸ਼ਿਕਾਗੋ ਆਈ ਅਮਰੀਕਾ ਵਿੱਚ 17 ਨਵੰਬਰ 2017 ਤੱਕ ਰਹਿਣਾ ਸੀ।
ਏਅਰਪੋਰਟ 'ਤੇ ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ 'ਰਾਜੂ ਗਾਰੂ' ਨੇ ਉਸ ਨੂੰ ਵੀਜ਼ਾ ਦਿਵਾਉਣ ਵਿੱਚ ਮਦਦ ਕੀਤੀ।
'ਦੇਹ ਵਪਾਰ ਵਿੱਚ ਜ਼ਬਰਦਸਤੀ ਧੱਕਿਆ'
ਕਲਾਕਾਰ ਨੇ ਦੱਸਿਆ ਕਿ ਉਹ 'ਰਾਜੂ ਗਾਰੂ' ਵੱਲੋਂ ਪ੍ਰਬੰਧਤ ਪੈਨਸਿਲਵੇਨਿਆ ਵਿੱਚ ਪ੍ਰੋਗਰਾਮ 'ਚ ਹਿੱਸਾ ਲੈਣ ਆਈ ਸੀ।
ਉਸ ਨੇ ਦੱਸਿਆ ਇਸ ਦੌਰਾਨ ਉਸ ਨੂੰ ਜ਼ਬਰਦਸਤੀ ਦੇਹ ਵਪਾਰ ਵਿੱਚ ਪਾਇਆ ਗਿਆ।
ਉਸ ਨੇ ਦੱਸਿਆ ਕਿ ਉਹ ਇਸ ਵਪਾਰ ਵਿੱਚ ਸ਼ਾਮਿਲ ਨਹੀਂ ਸੀ ਪਰ ਉਸ ਨੇ ਕੁਝ ਸਮਾਂ ਗਾਹਕ ਨਾਲ ਬਿਤਾਉਣ ਮਗਰੋਂ ਉਸ ਕੋਲੋਂ ਉਥੋਂ ਨਿਕਲਣ 'ਚ ਮਦਦ ਕਰਨ ਲਈ ਬੇਨਤੀ ਕੀਤੀ।
ਗਾਹਕ ਨੇ ਉਸ ਨੂੰ ਸੁਝਾਇਆ ਕਿ ਉਹ ਵਿਭਾ ਨੂੰ ਫੋਨ ਕਰੇ ਅਤੇ ਕਹੇ ਕਿ ਉਸ ਦਾ ਕੰਮ ਖ਼ਤਮ ਹੋ ਗਿਆ ਹੈ ਅਤੇ ਉਸ ਨੂੰ ਵਾਪਸੀ ਦੀਆਂ ਟਿਕਟਾਂ ਦਿੱਤੀਆਂ ਜਾਣ।
ਉਸ ਨੇ ਦੱਸਿਆ ਕਿ ਉਹ ਆਪਣੀ ਪਿਛਲੀ ਫੇਰੀ ਦੌਰਾਨ ਵਿਭਾ ਨਾਲ 4 ਵੱਖ-ਵੱਖ ਸ਼ਹਿਰਾਂ ਵਿੱਚ ਵੀ ਗਈ ਅਤੇ ਗਾਹਕਾਂ ਹਵਾਲੇ ਕੀਤਾ ਗਿਆ।

ਤਸਵੀਰ ਸਰੋਤ, Getty Images
ਮਹਿਲਾ ਨੇ ਦੱਸਿਆ ਕਿ ਪਿਛਲੀ ਫੇਰੀ ਦੌਰਾਨ ਉਸ ਨੂੰ ਸ਼ਿਕਾਗੋ ਦੇ ਇੱਕ ਘਰ ਵਿੱਚ ਬੰਦ ਰੱਖਿਆ ਜਾਂਦਾ ਸੀ।
ਪੀੜਤਾਂ ਨੂੰ ਧਮਕੀਆਂ
ਨਵੀਂ ਦਿੱਲੀ ਵਿੱਚ ਅਮਰੀਕਾ ਦੇ ਸੁਰੱਖਿਆ ਕੂਟਨੀਤਕਾਂ ਨੇ ਜਾਂਚ ਦੌਰਾਨ ਇਸ ਔਰਤ ਨਾਲ ਪੁੱਛਗਿੱਛ ਕੀਤੀ। ਉਸ ਨੇ ਤਸਵੀਰ ਵਿੱਚ ਕਿਸ਼ਨ ਨੂੰ ਰਾਜੂ ਵਜੋਂ ਪਛਾਣਿਆ।
ਉਸ ਨੇ ਜਾਂਚ ਦੌਰਾਨ ਦੱਸਿਆ ਕਿ ਜਦੋਂ ਉਸ ਨੂੰ ਵੀਜ਼ਾ ਨਹੀਂ ਮਿਲਿਆ ਤਾਂ ਉਸ ਨੇ ਉਸ ਨੂੰ ਧਮਕਾਇਆ ਕਿ ਉਹ ਇਸ ਕੰਮ ਬਾਰੇ ਕਿਸੇ ਨੂੰ ਨਾ ਦੱਸੇ ਨਹੀਂ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ।
ਪਟੀਸ਼ਨ 'ਚ ਹੋਰ ਪੀੜਤਾਂ ਦੀ ਜਾਣਕਾਰੀ
ਪੀੜਤਾਂ ਨੂੰ ਵੀਜ਼ਾਂ ਅਰਜ਼ੀ ਲਈ ਦੋ ਹੋਰ ਚਿੱਠੀਆਂ ਦਿੱਤੀਆਂ ਗਈਆਂ ਸਨ। ਇਹ ਤੇਲੰਗਾਨਾ ਪੀਪਲਜ਼ ਐਸੋਸੀਏਸ਼ਨ ਆਫ ਡੱਲਾਸ (ਟੀਪੀਏਡੀ) ਅਤੇ ਤੇਲੁਗੂ ਐਸੋਸੀਏਸ਼ਨ ਆਫ ਨੌਰਥ ਅਮਰੀਕਾ (ਟੀਏਐਨਏ) ਵੱਲੋਂ ਸੱਦੇ ਪੱਤਰ ਸਨ। ਦੋਵਾਂ ਐਸੋਸੀਏਸ਼ਨਾਂ ਨੇ ਇਨ੍ਹਾਂ ਸੱਦਾ ਪੱਤਰਾਂ ਨੂੰ ਫਰਜ਼ੀ ਦੱਸਿਆ।

ਪਟੀਸ਼ਨ ਵਿੱਚ 2016-17 ਦੀ ਜਾਂਚ ਮੁਤਾਬਕ ਕੁਝ ਹੋਰ ਪੀੜਤ ਵੀ ਕਿਸ਼ਨ ਰਾਹੀਂ ਅਮਰੀਕਾ ਪਹੁੰਚੇ ਸਨ।
ਇੱਕ ਔਰਤ 24 ਦਸੰਬਰ 2017 ਨੂੰ ਸ਼ਿਕਾਗੋ ਗਈ ਅਤੇ 8 ਜਨਵਰੀ 2018 ਉੱਥੋਂ ਵਾਪਸ ਆਈ।
ਕਿਸ਼ਨ ਅਤੇ ਵਿਭਾ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਵੀ ਅਮਰੀਕਾ ਵਿੱਚ ਹੀ ਹਨ।
ਕਿਸ਼ਨ ਤੇਲੁਗੂ ਫਿਲਮਾਂ ਵਿੱਚ ਨਿਰਦੇਸ਼ਕ ਨਹੀਂ ਹੈ ਪਰ ਕੁਝ ਫਿਲਮਾਂ ਵਿੱਚ ਸਹਿ-ਨਿਰਦੇਸ਼ਕ ਰਿਹਾ ਹੈ।
ਪਟੀਸ਼ਨ ਮੁਤਾਬਕ ਉਸ ਨੇ 2014 ਵਿੱਚ ਦੋ ਵਾਰ ਵੀਜ਼ਾ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਦਸਤਾਵੇਜ਼ ਫਰਜ਼ੀ ਹੋਣ ਕਾਰਨ ਉਸ ਦਾ ਵੀਜ਼ਾ ਰਿਜੈਕਟ ਹੋ ਗਿਆ ਸੀ।

ਫੇਰ ਉਸ ਨੂੰ 2015 ਅਪ੍ਰੈਲ ਵਿੱਚ 6 ਮਹੀਨਿਆਂ ਦਾ ਵੀਜ਼ਾ ਮਿਲਿਆ ਅਤੇ ਉਹ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਵੀ ਉੱਥ ਹੀ ਰਿਹਾ ਅਤੇ ਵਾਪਸ ਨਹੀਂ ਆਇਆ।
ਇਸੇ ਤਰ੍ਹਾਂ ਚੰਦਰਕਲਾ ਨੂੰ ਅਗਸਤ 2015 ਵਿੱਚ ਵੀਜ਼ਾ ਮਿਲਿਆ ਜੋ 10 ਫਰਵਰੀ 2016 ਤੱਕ ਸੀ ਤੇ ਫੇਰ ਉਸ ਨੇ ਵੀਜ਼ਾ ਅਗਸਤ ਤੱਕ ਵਧਾ ਲਿਆ। ਅਧਿਕਾਰੀਆਂ ਮੁਤਾਬਕ ਉਸ ਨੇ ਵੀਜ਼ੇ ਨੂੰ ਵਧਾਉਣ ਲਈ ਅਰਜ਼ੀ ਲਗਾਈ ਪਰ ਉਸ ਰਿਜੈਕਟ ਹੋ ਗਈ।
ਇਹ ਪਟੀਸ਼ਨ ਇਸ ਸਾਲ 23 ਜਨਵਰੀ ਨੂੰ ਸਾਹਮਣੇ ਆਈ ਜਦੋਂ ਕਿਸ਼ਨ ਅਤੇ ਚੰਦਰਕਲਾ ਨੂੰ ਅਮਰੀਕੀ ਪੁਲਿਸ ਨੇ ਗ਼ੈਰ-ਕਾਨੂੰਨੀ ਢੰਗ ਨਾਲ ਰਹਿਣ ਕਰਕੇ ਟਿਫਿਨ ਦੇ ਓਹੀਓ ਵਿਚੋਂ ਹਿਰਾਸਤ ਵਿੱਚ ਲਿਆ ਸੀ।
23 ਫਰਵਰੀ ਨੂੰ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਅਤੇ ਨਵੰਬਰ ਵਿੱਚ ਹੋਣ ਵਾਲੀ ਜਾਂਚ ਵਿੱਚ ਹਿੱਸਾ ਲੈਣਾ ਪਵੇਗਾ।












