ਪ੍ਰੈੱਸ ਰਿਵੀਊ: ਭਾਰਤੀ ਵਿਦਿਆਰਥੀਆਂ ਲਈ ਸਖਤ ਰਹਿਣਗੇ ਇੰਗਲੈਂਡ ਦੇ ਵੀਜ਼ਾ ਨਿਯਮ

ਇੰਗਲੈਂਡ ਦਾ ਵੀਜ਼ਾ

ਤਸਵੀਰ ਸਰੋਤ, James D. Morgan/GETTYIMAGES

ਪ੍ਰੈੱਸ ਰਿਵੀਊ ਵਿੱਚ ਅੱਜ ਦੀਆਂ ਮੁਖ ਖਬਰਾਂ ਵਿੱਚ ਕਿਉਂ ਯੂਕੇ ਦਾ ਵੀਜ਼ਾ ਭਾਰਤੀ ਵਿਦਿਆਰਥੀਆਂ ਲਈ ਪ੍ਰੇਸ਼ਾਨੀ, ਮੀਂਹ ਕਰਕੇ ਰਾਹਤ, ਮਮਤਾ ਬੈਨਰਜੀ ਦਾ ਕੇਜਰੀਵਾਲ ਨੂੰ ਸਾਥ ਅਤੇ ਅਫਗਾਨ ਫੌਜ ਦੀ ਤਾਲੀਬਾਨ ਨਾਲ ਸੈਲਫੀ।

ਭਾਰਤੀ ਵਿਦਿਆਰਥੀਆਂ ਲਈ ਯੂਕੇ ਦਾ ਵੀਜ਼ਾ ਲੈਣਾ ਰਹੇਗਾ ਔਖਾ

ਦਿ ਟ੍ਰਿਬਿਊਨ ਦੀ ਖਬਰ ਮੁਤਾਬਕ ਯੂਕੇ ਦੀ ਸਰਕਾਰ ਨੇ 25 ਦੇਸਾਂ ਦੇ ਵਿਦਿਆਰਥੀਆਂ ਲਈ ਵੀਜ਼ਾ ਲੈਣ ਦੇ ਨਿਯਮਾਂ ਨੂੰ ਸੌਖਾ ਕੀਤਾ ਹੈ ਪਰ ਭਾਰਤ ਨੂੰ ਇਸ ਸੂਚੀ ਤੋਂ ਬਾਹਰ ਹੀ ਰੱਖਿਆ ਹੈ।

ਵਿਦਿਆਰਥੀਆਂ ਨੂੰ ਅਕਾਦਮਿਕ, ਆਰਥਿਕ ਅਤੇ ਅੰਗਰੇਜ਼ੀ ਭਾਸ਼ਾ ਦੇ ਮਾਮਲੇ ਵਿੱਚ ਢਿੱਲ ਦਿੱਤੀ ਗਈ ਹੈ।

ਆਪਣੀ ਇਮੀਗ੍ਰੇਸ਼ਨ ਪਾਲਿਸੀ ਵਿੱਚ ਬਦਲਾਅ ਕਰਦੇ ਹੋਏ ਬਰਤਾਨੀਆ ਦੀ ਸਰਕਾਰ ਨੇ ਟਿਅਰ-4 ਵੀਜ਼ਾ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ।

ਅਮਰੀਕਾ, ਕਨੇਡਾ, ਨਿਊਜ਼ੀਲੈਂਡ ਤਾਂ ਇਸ ਸੂਚੀ ਵਿੱਚ ਪਹਿਲਾਂ ਹੀ ਸਨ, ਹੁਣ ਚੀਨ, ਬਹਿਰੀਨ ਅਤੇ ਸਰਬੀਆ ਵਰਗੇ ਦੇਸ਼ ਵੀ ਜੁੜ ਗਏ ਹਨ।

ਯੂਕੇ ਕਾਉਂਸਲ ਦੇ ਕੌਮਾਂਤਰੀ ਸਟੂਡੈਂਟ ਅਫੇਅਰਜ਼ ਦੇ ਮੁਖੀ ਕਰਨ ਬਿਲਮੋਰੀਆ ਨੇ ਇਸਨੂੰ ਭਾਰਤ ਦੀ ਬੇਇਜ਼ੱਤੀ ਕਰਾਰ ਦਿੱਤਾ ਕਿਉਂਕਿਂ ਭਾਰਤ ਪਹਿਲੇ ਤਿੰਨ ਦੇਸਾਂ 'ਚੋਂ ਹੈ ਜਿੱਥੋਂ ਵਿਦਿਆਰਥੀ ਪੜ੍ਹਣ ਲਈ ਜਾਂਦੇ ਹਨ।

ਮੀਂਹ

ਤਸਵੀਰ ਸਰੋਤ, Getty Images

ਮੀਂਹ ਕਾਰਨ ਰਾਹਤ

ਹਿੰਦੁਤਸਾਨ ਟਾਈਮਜ਼ ਦੀ ਖਬਰ ਮੁਤਾਬਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਪਿਛਲੇ ਦੋ ਦਿਨਾਂ ਤੋਂ ਭਾਰੀ ਮੀਂਹ ਕਾਰਨ ਵਾਤਾਵਰਨ ਵਿੱਚੋਂ ਧੂੜ ਸਾਫ ਹੋ ਗਈ ਹੈ।

ਮਾਨਸੂਨ ਤੋਂ ਪਹਿਲਾਂ ਆਏ ਇਸ ਮੀਂਹ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਤਾਪਮਾਨ ਵੀ ਡਿੱਗਿਆ ਹੈ।

ਅਸਮਾਨ ਵਿੱਛ ਛਾਈ ਧੂੜ ਕਾਰਨ ਚੰਡੀਗੜ੍ਹ ਏਅਰਪੋਰਟ ਤੋਂ ਕਾਫੀ ਫਲਾਈਟਸ ਰੱਦ ਹੋਈਆਂ ਸਨ ਪਰ ਹੁਣ ਫੇਰ ਤੋਂ ਉਡਾਨਾਂ ਸ਼ੁਰੂ ਹੋ ਗਈਆਂ ਹਨ।

ਕੇਜਰੀਵਾਲ

ਤਸਵੀਰ ਸਰੋਤ, GettyImages

ਕੇਜਰੀਵਾਲ ਨੂੰ ਮਮਤਾ ਦਾ ਸਹਾਰਾ

ਦਿ ਇੰਡੀਅਨ ਐਕਸਪ੍ਰੈੱਸ ਦੀ ਖਬਰ ਮੁਤਾਬਕ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਦੇ ਆਈਏਐਸ ਅਫਸਰਾਂ ਦੀ ਹੜਤਾਲ ਦੇ ਖ਼ਿਲਾਫ ਪੱਛ ਬੰਦਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਸਾਥ ਮਿਲ ਗਿਆ ਹੈ।

ਮਮਤਾ ਦੇ ਨਾਲ ਕੇਰਲ, ਕਰਨਾਟਕ ਅਤੇ ਆਂਧਰ ਪ੍ਰਦੇਸ਼ ਦੇ ਸੀਐਮ ਨੇ ਦਿੱਲੀ ਦੇ ਮੌਜੂਦਾ ਹਾਲਾਤ ਬਾਰੇ ਕੇਜਰੀਵਾਲ ਨਾਲ 2 ਘੰਟੇ ਦੀ ਬੈਠਕ ਕੀਤੀ।

ਕੇਜਰੀਵਾਲ ਪਿਛਲੇ ਛੇ ਦਿਨਾਂ ਤੋਂ ਦਿੱਲੀ ਦੇ ਰਾਜਪਾਲ ਦਫਤਰ ਵਿੱਚ ਦੋ ਹੋਰ ਮੰਤਰੀਆਂ ਨਾਲ ਧਰਨਾ ਦੇ ਰਹੇ ਹਨ।

ਅਫਗਾਨਿਸਤਾਨ ਵਿੱਚ ਤਾਲਿਬਾਨ ਨੇ ਈਦ ਕਰਕੇ ਗੋਲੀਬੰਦੀ ਕੀਤੀ ਹੋਈ ਹੈ ਜਿਸ ਕਰਕੇ ਉੱਥੋਂ ਦੇ ਲੋਕਾਂ ਵਿੱਚ ਈਦ ਨੂੰ ਲੈ ਕੇ ਉਤਸ਼ਾਹ ਹੈ।

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਅਫਗਾਨਿਸਤਾਨ ਵਿੱਚ ਤਾਲਿਬਾਨ ਨੇ ਈਦ ਕਰਕੇ ਗੋਲੀਬੰਦੀ ਕੀਤੀ ਹੋਈ ਹੈ ਜਿਸ ਕਰਕੇ ਉੱਥੋਂ ਦੇ ਲੋਕਾਂ ਵਿੱਚ ਈਦ ਨੂੰ ਲੈ ਕੇ ਉਤਸ਼ਾਹ ਹੈ।

ਜਦ ਅਫਗਾਨ ਫੌਜਾਂ ਨੇ ਲਾਇਆ ਤਾਲੀਬਾਨ ਨੂੰ ਗਲੇ

ਈਦ ਦੇ ਮੌਕੇ ਅਫਗਾਨਿਸਤਾਨ ਦੀ ਫੌਜ ਅਤੇ ਪੁਲਿਸ ਨੇ ਸੀਜ਼ਫਾਇਰ ਦੌਰਾਨ ਤਾਲਿਬਾਨੀਆਂ ਨੂੰ ਗਲ ਲਾਇਆ।

ਦੋਹਾਂ ਧਿਰਾਂ ਇੱਕ ਦੂਜੇ ਨੂੰ ਜੱਫੀਆਂ ਪਾਈਆਂ ਅਤੇ ਸੈਲਫੀਆਂ ਵੀ ਲਈਆਂ।

ਤਾਲੀਬਾਨ ਨੇ ਖ਼ਬਰ ਏਜੰਸੀ ਏਐਫਪੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਬੇਹੱਦ ਚੰਗਾ ਲੱਗਿਆ ਅਤੇ ਉਹ ਜੰਗ ਤੋਂ ਥੱਕ ਗਏ ਹਨ।

ਉਹ ਚਾਹੁੰਦੇ ਹਨ ਕਿ ਇਹ ਸੀਜ਼ਫਾਇਰ ਚੱਲਦਾ ਹੀ ਰਹੇ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਜਦੋਂ ਤੱਕ ਅਮਰੀਕਾ ਅਫਗਾਨਿਸਤਾਨ ਤੋਂ ਚਲਿਆ ਨਹੀਂ ਜਾਂਦਾ, ਓਦੋਂ ਤੱਕ ਕੁਝ ਵੀ ਠੀਕ ਨਹੀਂ ਹੋ ਸਕਦਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)