ਇਜ਼ਰਾਈਲ-ਹਮਾਸ ਜੰਗ: ਚਾਰ ਹਫ਼ਤਿਆਂ ਵਿੱਚ ਇਹ 5 ਨਵੇਂ ਸੱਚ ਸਾਹਮਣੇ ਆਏ

ਤਸਵੀਰ ਸਰੋਤ, Reuters
- ਲੇਖਕ, ਜੇਰੇਮੀ ਬੋਵੇਨ ਮਨੋਨੀਤ
- ਰੋਲ, ਅੰਤਰਰਾਸ਼ਟਰੀ ਸੰਪਾਦਕ
- ...ਤੋਂ, ਦੱਖਣੀ ਇਜ਼ਰਾਈਲ
ਹਮਾਸ ਹਮਲੇ ਬਾਰੇ 7 ਅਕਤੂਬਰ ਤੋਂ ਹੋ ਰਹੀ ਰਿਪੋਰਟਿੰਗ, ਵਿਸ਼ਲੇਸ਼ਣ ਜਾਂ ਟਿੱਪਣੀਆਂ ਬਾਰੇ ਇੱਕ ਗੱਲ ਇਹ ਹੈ ਕਿ ਕਿਸੇ ਕੋਲ ਵੀ ਪੂਰੀ ਕਹਾਣੀ ਨਹੀਂ ਹੈ।
ਜੰਗ ਦੇ ਮੈਦਾਨ ਵਿੱਚ ਕੀ ਹੋ ਰਿਹਾ ਹੈ, ਹਮੇਸ਼ਾ ਵਾਂਗ ਇਹ ਸਮਝਣਾ ਔਖਾ ਹੈ। ਇਜ਼ਰਾਈਲੀਆਂ ਅਤੇ ਫ਼ਲੀਸਤੀਨੀਆਂ ਵਿਚਕਾਰ ਸੰਘਰਸ਼ ਦਾ ਨਵਾਂ ਰੂਪ ਹਾਲੇ ਸਾਹਮਣੇ ਨਹੀਂ ਆਇਆ ਹੈ।
ਘਟਨਾਵਾਂ ਤੇਜ਼ੀ ਨਾਲ ਅੱਗੇ ਵਧ ਰਹੀਆਂ ਹਨ। ਜੰਗ ਦੇ ਹੋਰ ਫੈਲਣ ਦਾ ਡਰ ਅਸਲੀ ਹੈ।
ਮੱਧ ਪੂਰਬ ਵਿੱਚ ਨਵੀਆਂ ਸੰਭਾਵਨਾਵਾਂ ਮੌਜੂਦ ਹਨ, ਪਰ ਉਨ੍ਹਾਂ ਦਾ ਅਕਾਰ ਅਤੇ ਕੰਮ ਕਰਨ ਦਾ ਤਰੀਕਾ ਇਸ ‘ਤੇ ਨਿਰਭਰ ਕਰਦਾ ਹੈ ਕਿ ਆਉਂਦੇ ਸਮੇਂ ਵਿੱਚ ਜੰਗ ਦਾ ਕੀ ਰੂਪ ਰਹਿੰਦਾ ਹੈ।
ਕਈ ਚੀਜ਼ਾਂ ਹਨ, ਜੋ ਅਸੀਂ ਜਾਣਦੇ ਹਾਂ ਅਤੇ ਕਈ ਅਸੀਂ ਨਹੀਂ ਜਾਣਦੇ। ਸੂਚੀ ਪੂਰੀ ਨਹੀਂ ਹੈ।
ਕਈ ਲੋਕਾਂ ਨੇ ਸਾਲ 2003 ਵਿੱਚ ਇਰਾਕ ‘ਤੇ ਹਮਲੇ ਸਮੇਂ ਅਮਰੀਕੀ ਰੱਖਿਆ ਸਕੱਤਰ ਡੌਨਲਡ ਰਮਸਫਿਲਡ ਦਾ ਮਜ਼ਾਕ ਉਡਾਇਆ ਜਦੋਂ ਉਨ੍ਹਾਂ ਨੇ ‘ਅਣਜਾਣ- ਅਣਜਾਣ' ਦਾ ਜ਼ਿਕਰ ਕੀਤਾ।
ਪਰ ਕਿਸੇ ਵੀ ਹੋਰ ਦੁਨੀਆ ਵਾਂਗ, ਇਸ ਦੁਨੀਆ ਵਿੱਚ ਵੀ ਉਹ ਮੌਜੂਦ ਹਨ ਅਤੇ ਜਦੋਂ ਉਹ ਉੱਭਰਨਗੇ ਤਾਂ ਇੱਕ ਵੱਡਾ ਬਦਲਾਅ ਲਿਆ ਸਕਦੇ ਹਨ।

ਪਹਿਲਾ ਸੱਚ
ਇੱਕ ਸੰਭਾਵਨਾ ਇਹ ਹੈ ਕਿ ਇਜ਼ਰਾਈਲੀ ਗਾਜ਼ਾ ਵਿੱਚ ਹਮਾਸ ਅਤੇ ਉਸ ਦੇ ਜੂਨੀਅਰ ਪਾਰਟਨਰ ਇਸਲਾਮਿਕ ਜਿਹਾਦ ਦੀ ਤਾਕਤ ਕਮਜ਼ੋਰ ਕਰਨ ਲਈ ਮਿਲਟਰੀ ਦੀ ਮੁਹਿੰਮ ਦਾ ਸਮਰਥਨ ਕਰ ਰਹੇ ਹਨ।
ਉਨ੍ਹਾਂ ਦਾ ਗ਼ੁੱਸਾ ਹਮਾਸ ਦੇ ਹਮਲਿਆਂ ਤੋਂ ਮਿਲੇ ਸਦਮਿਆਂ, 1200 ਤੋਂ ਵੱਧ ਲੋਕਾਂ ਦੇ ਕਤਲ ਅਤੇ ਹਾਲੇ ਵੀ ਕਰੀਬ 240 ਲੋਕਾਂ ਦੇ ਬੰਧਕ ਹੋਣ ਦੇ ਤੱਥ ਤੋਂ ਪ੍ਰੇਰਿਤ ਹੈ।
ਮੈਂ ਇਜ਼ਰਾਈਲੀ ਫੌਜ ਦੇ ਇੱਕ ਸੇਵਾ ਮੁਕਤ ਜਨਰਲ ਨੋਆਮ ਟਿਬੋਨ ਨੂੰ ਮਿਲਿਆ, ਇਹ ਜਾਨਣ ਲਈ ਕਿ ਉਹ ਸੱਤ ਅਕਤੂਬਰ ਦੇ ਹਮਾਸ ਹਮਲੇ ਦੇ ਬਾਅਦ ਆਪਣੀ ਪਤਨੀ ਨਾਲ ਗਾਜ਼ਾ ਦੀ ਸਰਹੱਦ ‘ਤੇ ਕਿਬੁਤਜ਼, ਨਾਹਲ ਓਜ਼ ਤੱਕ ਕਿਵੇਂ ਪਹੁੰਚੇ।
ਉਹ ਆਪਣੇ ਬੇਟੇ, ਨੂੰਹ ਅਤੇ ਦੋ ਧੀਆਂ ਨੂੰ ਬਚਾਉਣ ਦੇ ਆਪਣੇ ਮਕਸਦ ਵਿੱਚ ਕਾਮਯਾਬ ਰਹੇ, ਜੋ ਕਿ ਹਮਾਸ ਦੇ ਬੰਦੂਕਧਾਰੀਆਂ ਦੇ ਬਾਹਰ ਘੁੰਮਣ ਦੀ ਭਿਣਕ ਲਗਦਿਆਂ ਆਪਣੇ ਸੁਰੱਖਿਅਤ ਕਮਰਿਆਂ ਵਿੱਚ ਸਨ।

ਤਸਵੀਰ ਸਰੋਤ, Reuters
ਟਿਬੋਨ ਭਾਵੇਂ ਰਿਟਾਇਰ ਹੋ ਚੁੱਕੇ ਹਨ ਪਰ 62 ਸਾਲ ਦੀ ਉਮਰ ਵਿੱਚ ਵੀ ਉਹ ਪੂਰੇ ਫਿੱਟ ਦਿਸਦੇ ਹਨ।
ਉਹ ਇੱਕ ਮ੍ਰਿਤਕ ਇਜ਼ਰਾਈਲੀ ਫੌਜੀ ਤੋਂ ਲਈ ਅਸਾਲਟ ਰਾਈਫਲ ਅਤੇ ਹੈਲਮੇਟ ਨਾਲ ਲੈਸ ਹੋ ਗਏ ਸੀ ਅਤੇ ਉਸ ਦਿਨ ਦੀ ਅਰਾਜਕਤਾ ਵਿੱਚ ਇਕੱਠੇ ਹੋਏ ਫੌਜੀਆਂ ਦੇ ਇੱਕ ਸਮੂਹ ਦੀ ਅਗਵਾਈ ਕੀਤੀ। ਕਿਬੁਤਜ਼ ਨੂੰ ਸਾਫ਼ ਕੀਤਾ ਅਤੇ ਆਪਣੇ ਪਰਿਵਾਰ ਸਮੇਤ ਕਈ ਹੋਰਾਂ ਦੀ ਜਾਨ ਬਚਾਈ।
ਜਨਰਲ ਪੁਰਾਣੇ ਵਿਚਾਰਾਂ ਵਾਲਾ, ਸਿੱਧੀ-ਸਪਸ਼ਟ ਗੱਲ ਕਰਨ ਵਾਲਾ ਅਧਿਕਾਰੀ ਸੀ।
“ਗਾਜ਼ਾ ਨੂੰ ਨੁਕਸਾਨ ਹੋਣ ਵਾਲਾ ਹੈ। ਕੋਈ ਵੀ ਦੇਸ਼ ਇਸ ਗੱਲ ਲਈ ਸਹਿਮਤ ਨਹੀਂ ਹੋਵੇਗਾ ਕਿ ਤੁਹਾਡਾ ਗੁਆਂਢੀ ਬੱਚਿਆਂ, ਮਹਿਲਾਵਾਂ ਜਾਂ ਲੋਕਾਂ ਦਾ ਕਤਲੇਆਮ ਕਰੇਗਾ। ਠੀਕ ਉਸੇ ਤਰ੍ਹਾਂ ਜਿਵੇਂ ਤੁਸੀਂ(ਬ੍ਰਿਟੇਨ ਨੇ) ਦੂਜੀ ਵਿਸ਼ਵ ਜੰਗ ਦੌਰਾਨ ਆਪਣੇ ਦੁਸ਼ਮਣ ਨੂੰ ਕੁਚਲ ਦਿੱਤਾ ਸੀ। ਗਾਜ਼ਾ ਵਿੱਚ ਸਾਨੂੰ ਇਹੀ ਕਰਨ ਦੀ ਲੋੜ ਹੈ। ਕੋਈ ਰਹਿਮ ਨਹੀਂ।”
ਮੈਂ ਪੁੱਛਿਆ ਫਿਰ ਬੇਕਸੂਰ ਫਲੀਸਤੀਨੀ ਨਾਗਰਿਕਾਂ ਦਾ ਕੀ ?
“ਜੋ ਹੋ ਰਿਹਾ ਹੈ, ਮੰਦਭਾਗਾ ਹੈ। ਅਸੀਂ ਇੱਕ ਕਠੋਰ ਗੁਆਂਢ ਵਿੱਚ ਰਹਿੰਦੇ ਹਾਂ ਅਤੇ ਖੁਦ ਜਿਉਂਦੇ ਰਹਿਣ ਲਈ, ਸਾਨੂੰ ਸਖ਼ਤ ਹੋਣਾ ਪਵੇਗਾ। ਸਾਡੇ ਕੋਲ ਕੋਈ ਰਾਹ ਨਹੀਂ ਹੈ।”
ਬਹੁਤ ਸਾਰੇ ਇਜ਼ਰਾਈਲੀ ਇਸ ਗੱਲ ਨਾਲ ਸਹਿਮਤ ਹਨ ਕਿ ਫਲੀਸਤੀਨੀ ਨਾਗਰਿਕਾਂ ਦੀ ਮੌਤ ਮੰਦਭਾਗੀ ਹੈ, ਪਰ ਉਹ ਹਮਾਸ ਦੇ ਕੰਮਾਂ ਕਰਕੇ ਮਾਰੇ ਜਾ ਰਹੇ ਹਨ।
ਦੂਜਾ ਸੱਚ
ਇਹ ਵੀ ਸਾਫ਼ ਹੈ ਕਿ ਹਮਾਸ ‘ਤੇ ਇਜ਼ਰਾਈਲ ਦੇ ਹਮਲੇ ਨਾਲ ਭਿਆਨਕ ਖ਼ੂਨ-ਖ਼ਰਾਬਾ ਹੋ ਰਿਹਾ ਹੈ।
ਹਮਾਸ ਵੱਲੋਂ ਚਲਾਏ ਜਾ ਰਹੇ ਗਾਜ਼ਾ ਦੇ ਸਿਹਤ ਵਿਭਾਗ ਮੁਤਾਬਕ ਫਲੀਸਤੀਨੀ ਮੌਤਾਂ ਦਾ ਘੱਟੋ-ਘੱਟ ਅੰਕੜਾ 9,000 ਤੋਂ ਵੱਧ ਹੋ ਗਿਆ ਹੈ। ਇਨ੍ਹਾਂ ਵਿੱਚ ਕਰੀਬ 65 ਫੀਸਦੀ ਮਹਿਲਾਵਾਂ ਅਤੇ ਬੱਚੇ ਹਨ।
ਇਹ ਸਪਸ਼ਟ ਨਹੀਂ ਹੈ ਕਿ ਮਾਰੇ ਗਏ ਲੋਕਾਂ ਵਿੱਚੋਂ ਕਿੰਨੇ ਨਾਗਰਿਕ ਸੀ ਜਾਂ ਕਿੰਨੇ ਹਮਾਸ ਜਾਂ ਇਸਲਾਮਿਕ ਜਿਹਾਦ ਲਈ ਲੜ ਰਹੇ ਸੀ।
ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਅਤੇ ਇਜ਼ਰਾਈਲੀਆਂ ਨੂੰ ਸਿਹਤ ਵਿਭਾਗ ਦੇ ਅੰਕੜਿਆਂ ’ਤੇ ਭਰੋਸਾ ਨਹੀਂ ਹੈ। ਪਰ ਪਿਛਲੇ ਵਿਵਾਦਾਂ ਵਿੱਚ, ਫਲੀਸਤੀਨੀਆਂ ਦੀਆਂ ਮੌਤਾਂ ਦਾ ਅੰਕੜਾ ਕੌਮਾਂਤਰੀ ਸੰਸਥਾਵਾਂ ਨੇ ਸਟੀਕ ਮੰਨਿਆ ਸੀ।
ਇੱਕ ਅਹਿਮ ਮੀਲ ਪੱਥਰ ਤੇਜ਼ੀ ਨਾਲ ਨੇੜੇ ਆ ਰਿਹਾ ਹੈ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ 21 ਮਹੀਨੇ ਪਹਿਲਾਂ ਦੇ ਰੂਸ ਹਮਲੇ ਤੋਂ ਲੈ ਕੇ ਹੁਣ ਤੱਕ ਯੂਕਰੇਨ ਵਿੱਚ 9700 ਨਾਗਰਿਕਾਂ ਦੀ ਜਾਨ ਜਾ ਚੁੱਕੀ ਹੈ।
ਮਾਰੇ ਗਏ ਫਲੀਸਤੀਨੀਆਂ ਵਿੱਚੋਂ ਕੁਝ ਹਮਾਸ ਦਾ ਹਿੱਸਾ ਰਹਿ ਚੁੱਕੇ ਹੋਣਗੇ।
ਭਾਵੇਂ ਇਹ ਅਨੁਪਾਤ 10 ਫੀਸਦੀ ਜਿਨ੍ਹਾਂ ਜ਼ਿਆਦਾ ਹੋਵੇ, ਜਿਸ ਦੀ ਕਿ ਸੰਭਾਵਨਾ ਕਾਫ਼ੀ ਘੱਟ ਹੈ, ਫਿਰ ਵੀ ਇਸ ਦਾ ਮਤਲਬ ਹੈ ਕਿ ਇਜ਼ਰਾਈਲ ਸਿਰਫ਼ ਇੱਕ ਮਹੀਨੇ ਵਿੱਚ ਹੀ ਓਨੇ ਫਲੀਸਤੀਨੀ ਨਾਗਰਿਕਾਂ ਨੂੰ ਮਾਰਨ ਦੇ ਅੰਕੜੇ ਤੱਕ ਪਹੁੰਚ ਰਿਹਾ ਹੈ, ਜਿੰਨੇ ਰੂਸ ਹਮਲੇ ਕਾਰਨ ਫ਼ਰਵਰੀ 2022 ਤੋਂ ਯੁਕਰੇਨ ਵਿੱਚ ਮਰੇ ਹਨ।

ਤਸਵੀਰ ਸਰੋਤ, Getty Images
ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫ਼ਤਰ ਨੇ ਕਿਹਾ ਹੈ ਕਿ ਇਜ਼ਰਾਈਲੀ ਹਵਾਈ ਹਮਲਿਆਂ ਵਿੱਚ ਇੰਨੇ ਨਾਗਰਿਕ ਮਾਰੇ ਗਏ ਅਤੇ ਜ਼ਖਮੀ ਹੋਏ ਹਨ ਕਿ ਉਨ੍ਹਾਂ ਨੂੰ ਜੰਗੀ ਅਪਰਾਧ ਹੋਣ ਦੀ ਗੰਭੀਰ ਚਿੰਤਾ ਹੈ।
ਹਮਾਸ ਦੇ ਹਮਲਿਆਂ ਬਾਅਦ ਪਹਿਲੇ ਦਿਨਾਂ ਤੋਂ, ਰਾਸ਼ਟਰਪਤੀ ਬਾਈਡਨ ਨੇ ਹਮਾਸ ਨੂੰ ਸੱਤਾਂ ਤੋਂ ਲਾਂਭੇ ਕਰਨ ਲਈ ਫ਼ੌਜੀ ਤਾਕਤ ਵਰਤਣ ਦੇ ਇਜ਼ਰਾਈਲ ਦੇ ਫ਼ੈਸਲੇ ਦਾ ਸਮਰਥਨ ਕੀਤਾ ਹੈ।
ਪਰ ਉਨ੍ਹਾਂ ਨੇ ਇਹ ਯੋਗਤਾ ਵੀ ਜੋੜ ਦਿੱਤੀ ਹੈ ਕਿ ਇਸ ਨੂੰ ਸਹੀ ਤਰੀਕੇ ਨਾਲ ਕੀਤੇ ਜਾਣਾ ਲਾਜ਼ਮੀ ਹੈ। ਉਨ੍ਹਾਂ ਦਾ ਮਤਲਬ ਸੀ ਕਿ ਇਜ਼ਰਾਈਲ ਨੂੰ ਯੁੱਧ ਦੇ ਉਨ੍ਹਾਂ ਕਾਨੂੰਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਜੋ ਆਮ ਨਾਗਰਿਕਾਂ ਦੀ ਰੱਖਿਆ ਕਰਦੇ ਹਨ।
ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਤਲ ਅਵੀਵ ਪਹੁੰਚੇ ਹਨ।
ਉਡਾਣ ਭਰਨ ਤੋਂ ਪਹਿਲਾਂ, ਉਨ੍ਹਾਂ ਨੇ ਕਿਹਾ, “ਜਦੋਂ ਮੈਂ ਇੱਕ ਢਹੀ ਹੋਈ ਇਮਾਰਤ ਦੇ ਮਲਬੇ ਤੋਂ ਕੱਢੇ ਇੱਕ ਫਲੀਸਤੀਨੀ ਬੱਚੇ ਨੂੰ ਦੇਖਦਾ ਹਾਂ ਤਾਂ ਮੈਨੂੰ ਉਨ੍ਹਾਂ ਹੀ ਦੁੱਖ ਲਗਦਾ ਹੈ, ਜਿਨ੍ਹਾਂ ਇਜ਼ਰਾਈਲ ਜਾਂ ਕਿਤੇ ਹੋਰ ਦੇ ਬੱਚੇ ਨੂੰ ਦੇਖ ਕੇ ਹੁੰਦਾ ਹੈ।”
ਮੈਂ ਪਿਛਲੇ ਤੀਹ ਸਾਲਾਂ ਵਿੱਚ ਇਜ਼ਰਾਈਲ ਦੀਆਂ ਸਾਰੀਆਂ ਜੰਗਾਂ ਬਾਰੇ ਰਿਪੋਰਟਿੰਗ ਕੀਤੀ ਹੈ।
ਮੈਨੂੰ ਯਾਦ ਨਹੀਂ ਹੈ ਕਿ ਕਿਸੇ ਅਮਰੀਕੀ ਪ੍ਰਸ਼ਾਸਨ ਨੇ ਇਸ ਤਰ੍ਹਾਂ ਜਨਤਕ ਰੂਪ ਵਿੱਚ ਕਿਹਾ ਹੋਵੇ ਕਿ ਇਜ਼ਰਾਈਲ ਨੂੰ ਯੁੱਧ ਕਾਨੂੰਨਾਂ ਦੀ ਪਾਲਣਾ ਕਰਨ ਦੀ ਲੋੜ ਹੈ।
ਬਲਿੰਕਨ ਦੀ ਯਾਤਰਾ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਜ਼ਰਾਈਲ ਬਾਈਡਨ ਦੀ ਸਲਾਹ ਨਹੀਂ ਮੰਨ ਰਿਹਾ ਹੈ।

ਤਸਵੀਰ ਸਰੋਤ, bbc
ਤੀਜਾ ਸੱਚ
ਇੱਕ ਹੋਰ ਗੱਲ ਜੋ ਅਸੀਂ ਨਿਸ਼ਚਿਤ ਰੂਪ ਵਿੱਚ ਜਾਣਦੇ ਹਾਂ ਉਹ ਇਹ ਹੈ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਾਨਯਾਹੂ ਭਾਰੀ ਦਬਾਅ ਹੇਠ ਹਨ।
ਇਜ਼ਰਾਈਲ ਦੇ ਸੁਰੱਖਿਆ ਅਤੇ ਸੈਨਾ ਮੁਖੀਆਂ ਦੇ ਉਲਟ, ਉਨ੍ਹਾਂ ਨੇ ਕਈ ਅਸਫ਼ਲਤਾਵਾਂ ਦੀ ਨਿੱਜੀ ਜ਼ਿੰਮੇਵਾਰੀ ਸਵੀਕਾਰ ਨਹੀਂ ਕੀਤੀ ਹੈ, ਜਿਨ੍ਹਾਂ ਕਰਕੇ ਸੱਤ ਅਕਤੂਬਰ ਨੂੰ ਇਜ਼ਰਾਈਲ ਦੇ ਸਰਹੱਦੀ ਲੋਕਾਂ ਨੂੰ ਲਗਭਗ ਅਸੁਰੱਖਿਅਤ ਛੱਡ ਦਿੱਤਾ ਗਿਆ ਸੀ।
29 ਅਕਤੂਬਰ ਨੂੰ ਉਨ੍ਹਾਂ ਨੇ ਖੁਫੀਆ ਏਜੰਸੀਆਂ ’ਤੇ ਇਲਜ਼ਾਮ ਲਗਾਉਂਦਿਆਂ ਇੱਕ ਟਵੀਟ ਕਰਕੇ ਵਿਵਾਦ ਛੇੜ ਦਿੱਤਾ। ਨੇਤਾਨਯਾਹੂ ਨੇ ਬਾਅਦ ਵਿੱਚ ਇਹ ਡਿਲੀਟ ਕੀਤਾ ਅਤੇ ਮਾਫ਼ੀ ਮੰਗੀ।
ਤਿੰਨ ਇਜ਼ਰਾਈਲੀਆਂ, ਇੱਕ ਸਾਬਕਾ ਸ਼ਾਂਤੀ ਵਾਰਤਾਕਾਰ, ਇੱਕ ਇਜ਼ਰਾਈਲ ਦੀ ਖੁਫੀਆ ਏਜੰਸੀ ਸ਼ਿਨ ਬੇਟ ਦੇ ਸਾਬਕਾ ਮੁਖੀ, ਅਤੇ ਇੱਕ ਟੈਕ ਕਾਰੋਬਾਰੀ ਨੇ ਫੌਰਨ ਅਫੇਅਰਜ਼ ਮੈਗਜ਼ੀਨ ਵਿੱਚ ਇੱਕ ਲੇਖ ਲਿਖਿਆ ਹੈ।

ਤਸਵੀਰ ਸਰੋਤ, Reuters
ਇਸ ਵਿੱਚ ਕਿਹਾ ਗਿਆ ਹੈ ਕਿ ਜੰਗ ਤੋਂ ਬਾਅਦ ਜੋ ਕੁਝ ਵੀ ਹੁੰਦਾ ਹੈ, ਨੇਤਾਨਯਾਹੂ ਨੂੰ ਉਸ ਵਿੱਚ ਹਿੱਸਾ ਨਹੀਂ ਲੈਣਾ ਚਾਹੀਦਾ।
ਇਜ਼ਰਾਈਲੀ ਪ੍ਰਧਾਨ ਮੰਤਰੀ ਕੋਲ ਵਫਾਦਾਰ ਸਮਰਥਕ ਹਨ, ਪਰ ਉਨ੍ਹਾਂ ਨੇ ਇਜ਼ਰਾਈਲੀ ਸੈਨਾ ਅਤੇ ਸੁਰੱਖਿਆ ਸੰਸਥਾਵਾਂ ਵਿੱਚ ਪ੍ਰਮੁਖ ਹਸਤੀਆਂ ਦਾ ਵਿਸ਼ਵਾਸ ਗਵਾ ਲਿਆ ਹੈ।
ਨੋਮ ਟਿਬੋਨ ਨੇ ਨੇਤਾਨਯਾਹੂ ਦੀ ਤੁਲਨਾ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇਵਿਲ ਚੇਂਬਰਲਿਨ ਨਾਲ ਕੀਤੀ, ਜਿਨ੍ਹਾਂ ਨੂੰ 1940 ਵਿੱਚ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਗਿਆ ਸੀ ਅਤੇ ਉਨ੍ਹਾਂ ਦੀ ਥਾਂ ਵਿੰਸਟਨ ਚਰਚਿਲ ਨੂੰ ਨਿਯੁਕਤ ਕੀਤਾ ਗਿਆ ਸੀ।
ਟਿਬੋਨ ਨੇ ਮੈਨੂੰ ਕਿਹਾ, “ਇਹ ਇਜ਼ਰਾਈਲ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਅਸਫਲਤਾ ਹੈ। ਇਹ ਇੱਕ ਫ਼ੌਜੀ ਅਸਫਲਤਾ ਸੀ।"
"ਇਹ ਇੱਕ ਖੂਫੀਆ ਅਸਫਲਤਾ ਸੀ ਅਤੇ ਇਹ ਸਰਕਾਰ ਦੀ ਅਸਫਲਤਾ ਸੀ ਜੋ ਅਸਲ ਵਿੱਚ ਇੰਚਾਰਜ ਸਨ ਅਤੇ ਜਿਨ੍ਹਾਂ ‘ਤੇ ਸਾਰਾ ਇਲਜ਼ਾਮ ਹੈ, ਉਹ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਾਨਯਾਹੂ ਹਨ। ਉਹ ਇਜ਼ਰਾਈਲ ਦੇ ਇਤਿਹਾਸ ਦੀ ਸਭ ਤੋਂ ਵੱਡੀ ਅਸਫ਼ਲਤਾ ਦੇ ਇੰਚਾਰਜ ਹਨ।"
ਚੌਥਾ ਸੱਚ
ਇਹ ਵੀ ਸਪਸ਼ਟ ਹੈ ਕਿ ਪੁਰਾਣੀ ਜਿਉਂ ਦੀ ਤਿਉਂ ਸਥਿਤੀ ਨੂੰ ਤੋੜ ਦਿੱਤਾ ਗਿਆ ਹੈ। ਇਹ ਨਾਪਸੰਦ ਅਤੇ ਖ਼ਤਰਨਾਕ ਸੀ, ਪਰ ਅਜਿਹਾ ਲੱਗ ਰਿਹਾ ਸੀ ਕਿ ਇਸ ਵਿੱਚ ਇੱਕ ਜਾਣੀ-ਪਛਾਣੀ ਸਥਿਰਤਾ ਹੈ।
2005 ਦੇ ਆਲੇ-ਦੁਆਲੇ ਪਿਛਲਾ ਫਲੀਸਤੀਨੀ ਵਿਦਰੋਹ ਸਮਾਪਤ ਹੋਣ ਦੇ ਬਾਅਦ ਤੋਂ ਇੱਕ ਪੈਟਰਨ ਉੱਭਰਿਆ ਹੈ, ਜਿਸ ਬਾਰੇ ਨੇਤਾਨਯਾਹੂ ਦਾ ਮੰਨਣਾ ਹੈ ਕਿ ਇਸ ਨੂੰ ਅਨਿਸ਼ਚਿਤਾ ਸਮੇਂ ਤੱਕ ਜਾਰੀ ਰੱਖਿਆ ਜਾ ਸਕਦਾ ਹੈ।
ਇਹ ਇੱਕ ਖ਼ਤਰਨਾਕ ਭੁਲੇਖਾ ਸੀ, ਫਲੀਸਤੀਨੀਆਂ ਦੇ ਨਾਲ-ਨਾਲ, ਇਜ਼ਰਾਈਲੀਆਂ ਲਈ ਵੀ।
ਤਰਕ ਇਹ ਦਿੱਤਾ ਗਿਆ ਕਿ ਫਲੀਸਤੀਨੀ ਹੁਣ ਇਜ਼ਰਾਈਲ ਲਈ ਖ਼ਤਰਾ ਨਹੀਂ ਹਨ।
ਇਸ ਦੀ ਬਜਾਇ, ਉਨ੍ਹਾਂ ਨੂੰ ਮੈਨੇਜ ਕਰਨਾ ਇੱਕ ਸਮੱਸਿਆ ਸੀ। ਉਪਲੱਭਧ ਸਮਾਨ ਵਿੱਚ ਸੋਟੀਆਂ, ਗਾਜਰਾਂ ਅਤੇ ‘ਵੰਡੋ ਅਤੇ ਰਾਜ ਕਰੋ’ ਦੀ ਪੁਰਾਣੀ ਨੀਤੀ ਸ਼ਾਮਲ ਹੈ।
ਸਾਲ 2009 ਤੋਂ ਵੱਧ ਸਮਾਂ ਪ੍ਰਧਾਨ ਮੰਤਰੀ ਰਹੇ ਨੇਤਾਨਯਾਹੂ ਨੇ 1996 ਅਤੇ 1999 ਦੇ ਵਿਚਕਾਰ ਪਹਿਲੇ ਕਾਰਜ-ਕਾਲ ਤੋਂ ਬਾਅਦ, ਲਗਾਤਾਰ ਤਰਕ ਦਿੱਤਾ ਹੈ ਕਿ ਇਜ਼ਰਾਈਲ ਦੇ ਕੋਲ ਸ਼ਾਂਤੀ ਲਈ ਕੋਈ ਹਿੱਸੇਦਾਰ ਨਹੀਂ ਹੈ।
ਸੰਭਾਵਿਤ ਤੌਰ ‘ਤੇ ਅਜਿਹਾ ਹੋਇਆ। ਫਲੀਸਤੀਨੀ ਅਥਾਰਟੀ ਜੋ ਹਮਾਸ ਦੀ ਮੁੱਖ ਵਿਰੋਧੀ ਹੈ, ਇੱਕ ਬੇਹੱਦ ਤਰੁੱਟੀਪੂਰਨ ਸੰਗਠਨ ਹੈ, ਅਤੇ ਇਸ ਦਾ ਸਮਰਥਨ ਕਰਨ ਵਾਲੇ ਕਈ ਲੋਕ ਮੰਨਦੇ ਹਨ ਕਿ ਇੱਥੋਂ ਦੇ ਵੱਡੀ ਉਮਰ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੂੰ ਪਾਸੇ ਹਟਣ ਦੀ ਲੋੜ ਹੈ।
ਪਰ ਇਸ ਨੇ 1990 ਦੇ ਦਹਾਕੇ ਵਿੱਚ ਇਜ਼ਰਾਈਲ ਦੇ ਨਾਲ ਫਲੀਸਤੀਨੀ ਰਾਜ ਦੀ ਸਥਾਪਨਾ ਦੇ ਵਿਚਾਰ ਨੂੰ ਸਵੀਕਾਰ ਕਰ ਲਿਆ।

ਤਸਵੀਰ ਸਰੋਤ, Reuters
ਨੇਤਾਨਯਾਹੂ ਲਈ ਵੰਡੋ ਅਤੇ ਰਾਜ ਕਰੋ ਦਾ ਮਤਲਬ ਫਲੀਸਤੀਨੀ ਅਥਾਰਟੀ ਦੀ ਕੀਮਤ ‘ਤੇ ਹਮਾਸ ਨੂੰ ਗਾਜ਼ਾ ਵਿੱਚ ਆਪਣੀ ਸੱਤਾ ਬਣਾਉਣ ਦੀ ਇਜਾਜ਼ਤ ਦੇਣਾ ਸੀ।
ਜਦਕਿ ਇਜ਼ਰਾਈਲ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਪ੍ਰਧਾਨ ਮੰਤਰੀ ਹਮੇਸ਼ਾ ਜਨਤਕ ਰੂਪ ਵਿੱਚ ਕੀ ਕਹਿੰਦੇ ਹਨ, ਇਸ ਬਾਰੇ ਸਾਵਧਾਨ ਰਹਿੰਦੇ ਹਨ, ਕਈ ਸਾਲਾਂ ਵਿੱਚ ਉਨ੍ਹਾਂ ਦੇ ਕੰਮਾਂ ਤੋਂ ਪਤਾ ਲਗਦਾ ਹੈ ਕਿ ਉਹ ਫਲੀਸਤੀਨੀਆਂ ਨੂੰ ਇੱਕ ਅਜ਼ਾਦ ਰਾਜ ਦੀ ਇਜਾਜ਼ਤ ਨਹੀਂ ਦੇਣਾ ਚਾਹੁੰਦੇ।
ਇਸ ਵਿੱਚ ਪੂਰਬੀ ਯੇਰੂਸਲਮ ਸਮੇਤ ਵੈਸਟ ਬੈਂਕ ਵਿੱਚ ਜ਼ਮੀਨ ਛੱਡਣਾ ਸ਼ਾਮਲ ਹੋਏਗਾ, ਜਿਸ ਨੂੰ ਇਜ਼ਰਾਈਲੀ ਸੱਜੇ ਪੱਖੀ ਮੰਨਦੇ ਹਨ ਕਿ ਇਹ ਯਹੂਦੀਆਂ ਦੀ ਹੈ।
ਸਮੇਂ-ਸਮੇਂ ‘ਤੇ ਨੇਤਾਨਯਾਹੂ ਦੇ ਐਲਾਨ ਲੀਕ ਹੋ ਜਾਂਦੇ ਸਨ। 2019 ਵਿੱਚ, ਕਈ ਇਜ਼ਰਾਈਲੀ ਸ੍ਰੋਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਲਿਕੁਡ ਸੰਸਦ ਮੈਂਬਰਾਂ ਦੇ ਇੱਕ ਗਰੁਪ ਨੂੰ ਕਿਹਾ ਕਿ ਜੇ ਉਹ ਫਲੀਸਤੀਨੀ ਰਾਜ ਦਾ ਵਿਰੋਧ ਕਰਦੇ ਹਨ ਤਾਂ ਉਨ੍ਹਾਂ ਨੂੰ ਗਾਜ਼ਾ ਵਿੱਚ ਪੈਸੇ ਬਣਾਉਣ ਦੀਆਂ ਯੋਜਨਾਵਾਂ ਦਾ ਸਮਰਥਨ ਕਰਨਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਗਾਜ਼ਾ ਵਿੱਚ ਹਮਾਸ ਅਤੇ ਵੈਸਟ ਬੈਂਕ ਵਿੱਚ ਫਲੀਸਤੀਨੀ ਅਥਾਰਿਟੀਜ਼ ਵਿਚਕਾਰ ਪਾੜਾ ਡੂੰਘਾ ਹੋਣ ਨਾਲ ਰਾਜ ਸਥਾਪਿਤ ਕਰਨਾ ਅਸੰਭਵ ਹੋ ਜਾਏਗਾ।
ਪੰਜਵਾਂ ਸੱਚ
ਇਹ ਵੀ ਸਪੱਸ਼ਟ ਹੈ ਕਿ ਅਮਰੀਕੀਆਂ ਵੱਲੋਂ ਸਮਰਥਨ ਹਾਸਲ ਇਜ਼ਰਾਈਲ ਉਸ ਸਮਝੌਤੇ ਨੂੰ ਬਰਦਾਸ਼ਤ ਨਹੀਂ ਕਰੇਗਾ ਜੋ ਹਮਾਸ ਨੂੰ ਸੱਤਾ ਵਿੱਚ ਬਣੇ ਰਹਿਣ ਦੀ ਇਜਾਜ਼ਤ ਦਿੰਦਾ ਹੈ। ਇਸ ਨਾਲ ਬਹੁਤ ਖ਼ੂਨ-ਖ਼ਰਾਬੇ ਦੀ ਸੰਭਾਵਨਾ ਹੈ।
ਇਸ ਨਾਲ ਇਹ ਵੀ ਵੱਡਾ ਸਵਾਲ ਉੱਠਦਾ ਹੈ ਕਿ ਉਨ੍ਹਾਂ ਦੀ ਥਾਂ ਕੌਣ ਲਵੇਗਾ ਜਾਂ ਕੌਣ ਕਰੇਗਾ, ਜਿਸ ਦਾ ਹੁਣ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ।
ਜਾਰਡਨ ਨਦੀ ਅਤੇ ਭੂਮੱਧ ਸਾਗਰ ਵਿਚਕਾਰ ਦੀ ਜ਼ਮੀਨ ‘ਤੇ ਕੰਟਰੋਲ ਲਈ ਅਰਬਾਂ ਅਤੇ ਯਹੂਦੀਆਂ ਵਿਚਕਾਰ ਸੰਘਰਸ਼ 100 ਸਾਲਾਂ ਤੋਂ ਵੱਧ ਸਮੇਂ ਤੋਂ ਚੱਲਿਆ ਆ ਰਿਹਾ ਹੈ। ਇਸ ਦੇ ਲੰਬੇ ਅਤੇ ਖੂਨੀ ਇਤਿਹਾਸ ਦਾ ਇੱਕ ਸਬਕ ਇਹ ਹੈ ਕਿ ਇਸ ਦਾ ਕੋਈ ਫੌਜੀ ਹੱਲ ਕਦੇ ਨਹੀਂ ਹੋਏਗਾ।
1990 ਦੇ ਦਹਾਕੇ ਵਿੱਚ ਓਸਲੋ ਸ਼ਾਂਤੀ ਪ੍ਰਕਿਰਿਆ ਦੀ ਸਥਾਪਨਾ ਇਜ਼ਰਾਈਲ ਦੇ ਨਾਲ ਪੂਰਬੀ ਯੇਰੂਸਲਮ ਵਿੱਚ ਇੱਕ ਰਾਜਧਾਨੀ ਦੇ ਨਾਲ ਫਲੀਸਤੀਨੀ ਰਾਜ ਦੀ ਸਥਾਪਨਾ ਕਰਕੇ ਸੰਘਰਸ਼ ਨੂੰ ਸਮਾਪਤ ਕਰਨ ਦੀ ਕੋਸ਼ਿਸ਼ ਲਈ ਕੀਤੀ ਗਈ ਸੀ।
ਸਾਲਾਂ ਤੱਕ ਚੱਲੀ ਗੱਲਬਾਤ ਬਾਅਦ, ਇਸ ਨੂੰ ਮੁੜ ਜੀਵਿਤ ਕਰਨ ਦੀ ਆਖ਼ਰੀ ਕੋਸ਼ਿਸ਼ ਓਬਾਮਾ ਸਰਕਾਰ ਦੌਰਾਨ ਹੋਈ।
ਇਹ ਇੱਕ ਦਹਾਕੇ ਪਹਿਲਾਂ ਅਸਫ਼ਲ ਹੋ ਗਿਆ ਸੀ ਅਤੇ ਉਦੋਂ ਤੋਂ ਸੰਘਰਸ਼ ਨੂੰ ਵਧਣ ਦਿੱਤਾ ਗਿਆ ਹੈ।

ਤਸਵੀਰ ਸਰੋਤ, Reuters
ਜਿਵੇਂ ਕਿ ਰਾਸ਼ਟਰਪਤੀ ਬਾਈਡਨ ਅਤੇ ਕਈ ਹੋਰ ਲੋਕਾਂ ਨੇ ਕਿਹਾ ਹੈ, ਜ਼ਿਆਦਾ ਜੰਗਾਂ ਤੋਂ ਬਚਣ ਦਾ ਇਕਲੌਤਾ ਸੰਭਾਵਿਤ ਮੌਕਾ ਇਜ਼ਰਾਈਲ ਦੇ ਨਾਲ ਇੱਕ ਫਲੀਸਤੀਨੀ ਰਾਜ ਦੀ ਸਥਾਪਨਾ ਕਰਨਾ ਹੈ।
ਦੋਵੇਂ ਪਾਸੇ ਦੇ ਮੌਜੂਦਾ ਨੇਤਾਵਾਂ ਦੇ ਰਹਿੰਦਿਆਂ ਇਹ ਸੰਭਵ ਨਹੀਂ ਹੋਏਗਾ।
ਇਜ਼ਰਾਈਲੀ ਅਤੇ ਫਲੀਸਤੀਨੀ ਦੋਵੇਂ ਹੀ ਕੱਟੜਪੰਥੀ ਇਸ ਵਿਚਾਰ ਨੂੰ ਖਤਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ, ਜਿਵੇਂ ਕਿ ਉਹ 1990 ਦੇ ਦਹਾਕੇ ਤੋਂ ਕਰਦੇ ਆ ਰਹੇ ਹਨ।
ਉਨ੍ਹਾਂ ਵਿੱਚੋਂ ਕੁਝ ਦਾ ਮੰਨਣਾ ਹੈ ਕਿ ਉਹ ਰੱਬ ਦੀ ਇੱਛਾ ਦੀ ਪਾਲਣਾ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ ਧਰਮ-ਨਿਰਪੱਖ ਸਮਝੌਤੇ ਨੂੰ ਸਵੀਕਾਰ ਕਰਨ ਲਈ ਰਾਜ਼ੀ ਕਰਨਾ ਅਸੰਭਵ ਹੋ ਜਾਂਦਾ ਹੈ।
ਪਰ ਜੇ ਇਹ ਜੰਗ ਗਹਿਰੇ ਪੱਖਪਾਤਾਂ ਨੂੰ ਤੋੜਨ ਅਤੇ ਦੋ ਰਾਜਾਂ ਦੇ ਵਿਚਾਰ ਨੂੰ ਵਿਹਾਰਕ ਬਣਾਉਣ ਲਈ ਝਟਕਾ ਨਹੀਂ ਦਿੰਦਾ, ਤਾਂ ਕੁਝ ਹੋਰ ਅਜਿਹਾ ਨਹੀਂ ਕਰ ਸਕੇਗਾ।
ਟਕਰਾਅ ਨੂੰ ਖਤਮ ਕਰਨ ਦੇ ਦੋਹਾਂ ਪਾਸਿਆਂ ਵੱਲੋਂ ਸਵੀਕਾਰਯੋਗ ਤਰੀਕਿਆਂ ਤੋਂ ਬਿਨ੍ਹਾਂ ਫਲ਼ਸੀਤੀਨੀਆਂ ਅਤੇ ਇਜ਼ਰਾਈਲੀਆਂ ਦੀਆਂ ਕਈ ਹੋਰ ਪੀੜ੍ਹੀਆਂ ਯੁੱਧ ਦੀ ਸਜ਼ਾ ਭੁਗਤਣਗੀਆਂ।
(ਇਹ ਰਿਪੋਰਟ 2/21/2024 ਨੂੰ ਅਪਡੇਟ ਕੀਤੀ ਗਈ ਹੈ)












