ਇਜ਼ਰਾਈਲ ਹਮਾਸ ਜੰਗ: ਹਮਾਸ ਨੇ ਇਜ਼ਰਾਈਲੀ ਬੰਧਕ ਰਿਹਾਅ ਕੀਤੇ, ਰੈੱਡ ਕਰਾਸ ਨੇ ਵੀ ਕੀਤੀ ਪੁਸ਼ਟੀ

ਫਲਸਤੀਨੀ
ਤਸਵੀਰ ਕੈਪਸ਼ਨ, ਇਜ਼ਰਾਈਲੀ ਜੇਲ੍ਹਾਂ ਵਿੱਚ ਬੰਦ ਫਲਸਤੀਨੀਆਂ ਨੂੰ ਲੈਣ ਲਈ ਬੈਤੂਨੀਆ ਚੈੱਕਪੁਆਇੰਟ 'ਤੇ ਇਕੱਠੇ ਹੋਏ ਲੋਕ

ਇਜ਼ਰਾਈਲ ਅਤੇ ਹਮਾਸ ਵਿਚਾਲੇ ਅਸਥਾਈ ਤੌਰ 'ਤੇ ਜੰਗਬੰਦੀ ਦੇ ਚੌਥੇ ਦਿਨ 33 ਹੋਰ ਬੰਧਕਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।

33 ਬੰਧਕਾਂ ਨੂੰ ਰਿਹਾਅ ਕੀਤੇ ਜਾਣ ਦਾ ਮਤਲਬ ਹੈ ਕਿ ਸ਼ੁੱਕਰਵਾਰ ਤੋਂ ਹੁਣ ਤੱਕ 150 ਫਲਸਤੀਨੀਆਂ ਨੂੰ ਰਿਹਾਅ ਕੀਤਾ ਗਿਆ ਹੈ।

ਦਰਅਸਲ 24 ਨਵੰਬਰ ਸ਼ੁੱਕਰਵਾਰ ਤੋਂ ਹੀ ਦੋਵਾਂ ਪਾਸਿਓਂ ਇੱਕ ਦੂਜੇ ਦੇ ਬੰਧਕ ਰਿਹਾਅ ਕੀਤੇ ਜਾ ਰਹੇ ਹਨ।

ਸਮਝੌਤੇ ਮੁਤਾਬਕ ਹਮਾਸ ਵੱਲੋਂ 51 ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕੀਤਾ ਗਿਆ ਹੈ, ਇਹਨਾਂ ਵਿੱਚ 3 ਸਾਲ ਦੀਆਂ ਜੁੜਵਾ ਭੈਣਾਂ ਵੀ ਹਨ।

ਕਤਰ ਨੇ ਕਿਹਾ ਹੈ ਕਿ ਜੰਗ ਵਿੱਚ ਆਏ ਵਿਰਾਮ ਨੂੰ ਦੋ ਹੋਰ ਦਿਨਾਂ ਲਈ ਅੱਗੇ ਤੋਰਿਆ ਗਿਆ ਹੈ, ਹਾਲਾਂਕਿ ਇਸ ਬਾਰੇ ਇਜ਼ਰਾਈਲ ਨਾ ਤਾਂ ਪੁਸ਼ਟੀ ਕੀਤੀ ਹੈ ਅਤੇ ਨਾ ਹੀ ਇਸ ਬਾਰੇ ਇਨਕਾਰ ਕੀਤਾ ਹੈ।

ਤਾਜ਼ਾ ਰਿਹਾਅ ਹੋਣ ਵਾਲੇ ਫਲਸਤੀਨੀਆਂ ਦੇ ਇੱਕ ਗਰੁੱਪ ਬਾਰੇ ਕੁਝ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਇਹ ਜੰਗਬੰਦੀ ਪਿਛਲੇ ਸੱਤ ਹਫ਼ਤਿਆਂ ਤੋਂ ਸ਼ੁਰੂ ਹੋਏ ਯੁੱਧ ਵਿੱਚ ਪਹਿਲਾ ਵਿਰਾਮ ਹੈ।

ਇਸ ਅਸਥਾਈ ਜੰਗਬੰਦੀ ਤਹਿਤ ਹਮਾਸ ਵੱਲੋਂ ਬੰਦੀ ਬਣਾਏ ਗਏ 50 ਔਰਤਾਂ ਅਤੇ ਬੱਚੇ ਰਿਹਾਅ ਹੋਣਗੇ। ਬਦਲੇ ਵਿੱਚ ਇਜ਼ਰਾਈਲ 150 ਫਲਸਤੀਨੀ ਔਰਤਾਂ ਅਤੇ ਨੌਜਵਾਨ ਬੱਚਿਆਂ ਨੂੰ ਰਿਹਾ ਕਰੇਗਾ।

ਜੰਗਬੰਦੀ ਨਾਲ ਗਾਜ਼ਾ ਪੱਟੀ ਵਿੱਚ ਰਹਿੰਦੇ 2.2 ਮਿਲੀਅਨ ਲੋਕਾਂ ਨੂੰ ਰਾਹਤ ਮਿਲੇਗੀ।

ਇਜ਼ਰਾਈਲ

ਤਸਵੀਰ ਸਰੋਤ, HOSTAGES AND MISSING FAMILIES FORUM

ਤਸਵੀਰ ਕੈਪਸ਼ਨ, ਰਿਹਾਅ ਹੋਏ ਬੰਧਕਾ ਵਿੱਚ ਡੇਨਿਅਲੀ ਇਲੋਨੀ ਅਤੇ ਉਨ੍ਹਾਂ ਦੀ ਛੇ ਸਾਲ ਦੀ ਬੇਟੀ ਵੀ ਸ਼ਾਮਲ ਹਨ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਸੀ ਕਿ ਲੜਾਈ ਵਿੱਚ ਚਾਰ ਦਿਨਾਂ ਦੇ ਵਿਰਾਮ ਦੌਰਾਨ ਬੰਧਕਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ।

ਇਸ ਸਮਝੌਤੇ ਦੇ ਤਹਿਤ, ਵਾਧੂ ਦਸ ਬੰਧਕਾਂ ਦੀ ਰਿਹਾਈ 'ਤੇ ਜੰਗਬੰਦੀ ਨੂੰ ਇੱਕ ਹੋਰ ਦਿਨ ਲਈ ਵਧਾ ਦਿੱਤਾ ਜਾਵੇਗਾ।

ਇਜ਼ਰਾਈਲ ਦੀ ਕੈਬਨਿਟ ਨੇ ਮੰਗਲਵਾਰ ਸ਼ਾਮ ਨੂੰ ਸ਼ੁਰੂ ਹੋਈ ਲੰਬੀ ਮੀਟਿੰਗ ਤੋਂ ਬਾਅਦ ਇਸ ਸਮਝੌਤੇ ਨੂੰ ਮਨਜ਼ੂਰੀ ਦਿੱਤੀ ਸੀ। ਮੰਤਰੀ ਮੰਡਲ ਦੀ ਬੈਠਕ ਬੁੱਧਵਾਰ ਸਵੇਰ ਤੱਕ ਜਾਰੀ ਰਹੀ ਸੀ।

ਕੈਬਨਿਟ ਮੀਟਿੰਗ ਤੋਂ ਪਹਿਲਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਸੀ ਕਿ ਬੰਧਕਾਂ ਦੀ ਰਿਹਾਈ ਲਈ ਸਮਝੌਤੇ ਤੋਂ ਬਾਅਦ ਵੀ ਹਮਾਸ ਨਾਲ ਜੰਗ ਜਾਰੀ ਰਹੇਗੀ।

ਹਮਾਸ ਨੇ 7 ਅਕਤੂਬਰ ਨੂੰ ਇਜ਼ਰਾਈਲ 'ਤੇ ਹਮਲਾ ਕੀਤਾ ਸੀ। ਇਸ ਹਮਲੇ ਵਿੱਚ 1200 ਤੋਂ ਵੱਧ ਇਜ਼ਰਾਈਲੀ ਮਾਰੇ ਗਏ ਸਨ ਅਤੇ 200 ਤੋਂ ਵੱਧ ਨੂੰ ਬੰਧਕ ਬਣਾ ਲਿਆ ਗਿਆ ਸੀ।

ਇਸ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਗਾਜ਼ਾ 'ਚੋਂ ਹਮਾਸ ਨੂੰ ਖ਼ਤਮ ਕਰਨ ਦੇ ਮਕਸਦ ਨਾਲ ਗਾਜ਼ਾ 'ਤੇ ਹਮਲੇ ਸ਼ੁਰੂ ਕਰ ਦਿੱਤੇ ਸਨ।

ਗਾਜ਼ਾ 'ਤੇ ਇਜ਼ਰਾਈਲੀ ਹਮਲੇ 46 ਦਿਨਾਂ ਤੋਂ ਜਾਰੀ ਹਨ ਅਤੇ ਇਜ਼ਰਾਈਲੀ ਫੌਜ ਵੀ ਗਾਜ਼ਾ 'ਚ ਵੱਡੀ ਜ਼ਮੀਨੀ ਫੌਜੀ ਕਾਰਵਾਈ ਕਰ ਰਹੀ ਹੈ।

ਹਮਾਸ ਨੇ ਕੀ ਦੱਸਿਆ?

ਪ੍ਰਦਰਸ਼ਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੰਧਕਾਂ ਵਿੱਚ ਇੱਕ 4 ਸਾਲ ਦਾ ਅਮਰੀਕੀ ਬੱਚਾ ਵੀ ਸ਼ਾਮਲ ਹੈ

ਹਮਾਸ ਦੁਆਰਾ ਚਲਾਏ ਜਾ ਰਹੇ ਸਿਹਤ ਮੰਤਰਾਲੇ ਦੇ ਮੁਤਾਬਕ, ਇਜ਼ਰਾਈਲ ਦੀ ਫੌਜੀ ਮੁਹਿੰਮ ਵਿੱਚ ਹੁਣ ਤੱਕ 14,000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ 5,000 ਤੋਂ ਵੱਧ ਬੱਚੇ ਸ਼ਾਮਲ ਹਨ।

ਇਸ ਦੌਰਾਨ ਹਮਾਸ ਨੇ ਕਿਹਾ ਹੈ ਕਿ ਇਜ਼ਰਾਈਲੀ ਬੰਧਕਾਂ ਦੇ ਬਦਲੇ 150 ਫਲਸਤੀਨੀਆਂ ਨੂੰ ਇਜ਼ਰਾਈਲੀ ਜੇਲਾਂ ਤੋਂ ਰਿਹਾਅ ਕੀਤਾ ਜਾਵੇਗਾ।

ਫਲਸਤੀਨੀ ਸੂਚਨਾ ਕੇਂਦਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ 150 ਫਲਸਤੀਨੀਆਂ ਦੇ ਬਦਲੇ 50 ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕੀਤਾ ਜਾਵੇਗਾ।

ਇਸ ਸਮਝੌਤੇ ਤਹਿਤ ਰਾਹਤ ਸਮੱਗਰੀ ਅਤੇ ਦਵਾਈਆਂ ਲੈ ਕੇ ਜਾਣ ਵਾਲੇ ਸੈਂਕੜੇ ਟਰੱਕਾਂ ਨੂੰ ਗਾਜ਼ਾ ਵਿੱਚ ਦਾਖ਼ਲ ਹੋਣ ਦਿੱਤਾ ਜਾਵੇਗਾ। ਹਮਾਸ ਦੇ ਮੁਤਾਬਕ, ਗਾਜ਼ਾ ਵਿੱਚ ਤੇਲ ਨੂੰ ਵੀ ਲੈ ਜਾਇਆ ਜਾਣ ਦਿੱਤਾ ਜਾਵੇਗਾ।

ਹਮਾਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਜ਼ਰਾਈਲ ਜੰਗਬੰਦੀ ਦੌਰਾਨ ਗਾਜ਼ਾ ਵਿੱਚ ਨਾ ਤਾਂ ਹਮਲਾ ਕਰੇਗਾ ਅਤੇ ਨਾ ਹੀ ਕਿਸੇ ਨੂੰ ਗ੍ਰਿਫਤਾਰ ਕਰੇਗਾ।

ਹਮਾਸ ਮੁਤਾਬਕ ਜੰਗਬੰਦੀ ਦੌਰਾਨ ਦੱਖਣੀ ਗਾਜ਼ਾ 'ਤੇ ਹਵਾਈ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ, ਜਦਕਿ ਉੱਤਰੀ ਗਾਜ਼ਾ 'ਤੇ ਹਵਾਈ ਆਵਾਜਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।

ਇਹ ਵੀ ਪੜ੍ਹੋ-
ਬੰਧਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੰਧਕਾਂ ਦੀਆਂ ਤਸਵੀਰਾਂ

ਭਵਿੱਖ ਵਿੱਚ ਵੀ ਬੰਧਕਾਂ ਦੀ ਰਿਹਾਈ ਲਈ ਰਾਹ ਸਾਫ਼ ਹੋ ਜਾਵੇਗਾ

ਯੇਰੂਸ਼ਲਮ ਵਿੱਚ ਬੀਬੀਸੀ ਦੇ ਮੱਧ ਪੂਰਬ ਦੇ ਪੱਤਰਕਾਰ ਯੋਲੈਂਡੇ ਨੇਲ ਵਲੋਂ ਦਿੱਤੀ ਜਾਣਕਾਰੀ ਮੁਤਾਬਕ, ਸਮਝੌਤਾ ਹੋਰ ਬੰਧਕਾਂ ਦੀ ਰਿਹਾਈ ਲਈ ਰਾਹ ਪੱਧਰਾ ਕਰਨ ਵਿੱਚ ਸਹਾਈ ਹੋਵੇਗਾ।

ਸਮਝੌਤੇ ਦੇ ਤਹਿਤ, ਹਮਾਸ ਸ਼ੁਰੂ ਵਿੱਚ 50 ਔਰਤਾਂ ਤੇ ਬੰਧਕ ਬਣਾਏ ਬੱਚਿਆਂ ਨੂੰ ਵੱਖਰੇ ਤੌਰ 'ਤੇ ਰਿਹਾਅ ਕਰੇਗਾ।

ਇਜ਼ਰਾਈਲੀ ਸਰਕਾਰ ਦਾ ਕਹਿਣਾ ਹੈ ਕਿ ਰਿਹਾਅ ਕੀਤੇ ਗਏ ਹਰ ਵਾਧੂ ਦਸ ਬੰਧਕਾਂ ਲਈ, ਯੁੱਧ ਵਿੱਚ ਇੱਕ ਦਿਨ ਦਾ ਵਿਰਾਮ ਹੋਵੇਗਾ।

ਕਈ ਬੰਧਕਾਂ ਦੇ ਪਰਿਵਾਰ ਇਸ ਸ਼ਰਤ ਨੂੰ ਅਹਿਮ ਮੰਨ ਰਹੇ ਹਨ।

ਬੀਬੀਸੀ ਪੱਤਰਕਾਰ ਨਾਲ ਗੱਲ ਕਰਦਿਆਂ ਕੁਝ ਬੰਧਕਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਕੋਈ ਅੰਸ਼ਕ ਸਮਝੌਤਾ ਨਹੀਂ ਚਾਹੁੰਦੇ ਹਨ।

ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜਿਨ੍ਹਾਂ 50 ਬੰਧਕਾਂ ਨੂੰ ਰਿਹਾਅ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿੱਚ ਉਹ ਲੋਕ ਸ਼ਾਮਲ ਹੋਣਗੇ ਜੋ ਇਜ਼ਰਾਈਲ ਦੇ ਨਾਗਰਿਕ ਹਨ ਜਾਂ ਜਿਨ੍ਹਾਂ ਕੋਲ ਦੋਹਰੀ ਨਾਗਰਿਕਤਾ ਹੈ।

ਇਜ਼ਰਾਈਲ ਹਮਾਸ ਜੰਗ

ਅਮਰੀਕਾ ਨੇ ਵੀ ਬੰਧਕਾਂ ਦੀ ਰਿਹਾਈ ਨੂੰ ਲੈ ਕੇ ਆਸ ਜਤਾਈ ਸੀ।

ਅਮਰੀਕਾ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪੰਜਾਹ ਤੋਂ ਵੱਧ ਬੰਧਕਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ।

ਅਮਰੀਕਾ ਮੁਤਾਬਕ ਚਾਰ ਸਾਲਾ ਅਮਰੀਕੀ ਬੰਧਕ ਨੂੰ ਵੀ ਰਿਹਾਅ ਕੀਤੇ ਜਾਣ ਦੀ ਉਮੀਦ ਹੈ।

ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਸ ਹੈ ਕਿ ਸੌਦੇ ਦੇ ਤਹਿਤ ਘੱਟੋ-ਘੱਟ ਤਿੰਨ ਅਮਰੀਕੀ ਬੰਧਕਾਂ ਨੂੰ ਰਿਹਾਅ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਚਾਰ ਸਾਲ ਦੀ ਬੱਚੀ ਵੀ ਸ਼ਾਮਲ ਹੈ।

ਮੀਡੀਆ ਨਾਲ ਗੱਲ ਕਰਦਿਆਂ ਇੱਕ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਅਬੀਗੇਲ, ਜੋ ਸ਼ੁੱਕਰਵਾਰ ਨੂੰ ਚਾਰ ਸਾਲ ਦੀ ਹੋ ਜਾਵੇਗੀ, ਨੂੰ ਵੀ ਰਿਹਾਅ ਕੀਤਾ ਜਾ ਰਿਹਾ ਹੈ। ਅਬੀਗੇਲ ਦੇ ਮਾਤਾ-ਪਿਤਾ ਹਮਾਸ ਦੇ ਹਮਲੇ ਵਿੱਚ ਮਾਰੇ ਗਏ ਸਨ।

ਅਮਰੀਕੀ ਅਧਿਕਾਰੀਆਂ ਮੁਤਾਬਕ ਚਾਰ ਤੋਂ ਪੰਜ ਦਿਨਾਂ ਦੇ ਅੰਦਰ ਬੰਧਕਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ।

ਬੈਂਜਾਮਿਨ ਨੇਤਨਯਾਹੂ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਬਾਈਡਨ ਪਿਛਲੇ ਮਹੀਨੇ ਇਜ਼ਰਾਈਲ ਗਏ ਸਨ ਅਤੇ ਬੈਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਕਰਕੇ ਇਜ਼ਰਾਈਲ ਪ੍ਰਤੀ ਇੱਕਜੁਟਤਾ ਦਾ ਪ੍ਰਗਟਾਵਾ ਕੀਤਾ ਸੀ।

ਅਮਰੀਕਾ ਨੇ ਅਹਿਮ ਭੂਮਿਕਾ ਨਿਭਾਈ

ਅਮਰੀਕੀ ਵਿਦੇਸ਼ ਵਿਭਾਗ 'ਤੇ ਨਜ਼ਰ ਰੱਖਣ ਵਾਲੇ ਬੀਬੀਸੀ ਪੱਤਰਕਾਰ ਬਾਰਬਰਾ ਪਲੈਟ ਅਸ਼ਰ ਮੁਤਾਬਕ ਇਸ ਸਮਝੌਤੇ ਨੂੰ ਤਿਆਰ ਕਰਨ 'ਚ ਅਮਰੀਕਾ ਨੇ ਵੱਡੀ ਭੂਮਿਕਾ ਨਿਭਾਈ ਹੈ।

ਇਹ ਸਮਝੌਤਾ ਕਰਵਾਉਣ ਵਿੱਚ ਅਮਰੀਕਾ ਦੇ ਵਿਦੇਸ਼ ਮੰਤਰੀ ਏਂਟਨੀ ਬਲਿੰਕਨ, ਸੀਆਈਏ ਮੁਖੀ ਅਤੇ ਰਾਸ਼ਟਰਪਤੀ ਜੋਅ ਬਾਇਡਨ ਖੁਦ ਸ਼ਾਮਲ ਰਹੇ ਹਨ।

ਅਮਰੀਕੀ ਆਗੂਆਂ ਨੇ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਕਤਰ ਅਤੇ ਇਜ਼ਰਾਈਲ ਨਾਲ ਲਗਾਤਾਰ ਗੱਲਬਾਤ ਕੀਤੀ।

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਬਾਇਡਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਸ਼ਰਤਾਂ ਵਿੱਚ ਸੁਧਾਰ ਕੀਤਾ ਹੈ ਤਾਂ ਜੋ 'ਹੋਰ ਬੰਧਕਾਂ ਨੂੰ ਘੱਟ ਕੀਮਤ 'ਤੇ ਰਿਹਾਅ ਕਰਵਾਇਆ ਜਾ ਸਕੇ।

ਇਸ ਸਮਝੌਤੇ ਨਾਲ ਅਮਰੀਕਾ ਦੇ ਆਪਣੇ ਹਿੱਤ ਵੀ ਜੁੜੇ ਹੋਏ ਹਨ। ਦਸ ਅਮਰੀਕੀ ਲਾਪਤਾ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਬੰਧਕ ਬਣਾਇਆ ਗਿਆ ਹੋ ਸਕਦਾ ਹੈ।

ਅਮਰੀਕਾ ਗਾਜ਼ਾ ਜਾਣ ਵਾਲੀ ਰਾਹਤ ਸਮੱਗਰੀ ਨੂੰ ਵਧਾਉਣ 'ਤੇ ਵੀ ਜ਼ੋਰ ਦੇ ਰਿਹਾ ਸੀ, ਇਸ ਵਿੱਚ ਈਂਧਨ ਵੀ ਸ਼ਾਮਲ ਹੈ।

ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਸ ਹੈ ਕਿ ਜੰਗ ਰੁਕਣ ਨਾਲ ਗਾਜ਼ਾ ਨੂੰ ਪਹੁੰਚਣ ਵਾਲੀ ਮਨੁੱਖਤਾਵਾਦੀ ਸਹਾਇਤਾ ਵੀ ਵਧੇਗੀ।

ਬੈਂਜਾਮਿਨ ਨੇਤਨਯਾਹੂ

ਤਸਵੀਰ ਸਰੋਤ, @netanyahu

ਤਸਵੀਰ ਕੈਪਸ਼ਨ, ਬੈਂਜਾਮਿਨ ਨੇਤਨਯਾਹੂ ਬੰਧਕਾਂ ਦੀਆਂ ਤਸਵੀਰਾਂ ਦੇਖਦੇ ਹੋਏ

ਇਜ਼ਰਾਈਲ ਸਰਕਾਰ ਨੇ ਕੀ ਕਿਹਾ?

ਇਜ਼ਰਾਈਲ ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਜ਼ਰਾਈਲ ਸਰਕਾਰ ਸਾਰੇ ਬੰਧਕਾਂ ਨੂੰ ਵਾਪਸ ਲਿਆਉਣ ਲਈ ਵਚਨਬੱਧ ਹੈ।

ਬਿਆਨ ਵਿੱਚ ਕਿਹਾ ਗਿਆ ਹੈ, "ਇਜ਼ਰਾਈਲ ਦੀ ਸਰਕਾਰ, ਆਈਡੀਐੱਫ (ਫੌਜ), ਅਤੇ ਸੁਰੱਖਿਆ ਸੇਵਾਵਾਂ ਜੰਗ ਜਾਰੀ ਰੱਖਣਗੀਆਂ ਤਾਂ ਕਿ ਸਾਰੇ ਬੰਧਕਾਂ ਨੂੰ ਵਾਪਸ ਲਿਆਇਆ ਜਾ ਸਕੇ ਅਤੇ ਹਮਾਸ ਦੇ ਮੁਕੰਮਲ ਵਿਨਾਸ਼ ਨੂੰ ਯਕੀਨੀ ਬਣਾਇਆ ਜਾ ਸਕੇ।”

“ਜੰਗ ਜਾਰੀ ਰਹੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਇਜ਼ਰਾਈਲ ਕਦੇ ਵੀ ਗਾਜ਼ਾ ਨੂੰ ਕੰਟਰੋਲ ਕਰਨ ਦੇ ਯੋਗ ਨਹੀਂ ਰਹੇਗਾ ਅਤੇ ਕੋਈ ਖ਼ਤਰਾ ਨਹੀਂ ਹੋਵੇਗਾ।"

ਬੰਧਕਾਂ ਦੀ ਰਿਹਾਈ ਲਈ ਇਜ਼ਰਾਈਲ ਅਤੇ ਹਮਾਸ ਵਿਚਾਲੇ ਹੋਏ ਇਸ ਸਮਝੌਤੇ ਨਾਲ ਜੁੜੀ ਜਾਣਕਾਰੀ ਕਈ ਦਿਨਾਂ ਤੋਂ ਮੀਡੀਆ 'ਚ ਆ ਰਹੀ ਸੀ।

ਹੁਣ ਇਜ਼ਰਾਈਲ ਸਰਕਾਰ ਨੇ ਇਸ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ 46 ਦਿਨਾਂ ਬਾਅਦ ਗਾਜ਼ਾ ਵਿੱਚ ਹਿੰਸਾ ਰੁਕਣ ਦਾ ਰਸਤਾ ਸਾਫ਼ ਹੋ ਗਿਆ ਹੈ।

ਇਸ ਦੌਰਾਨ, ਮੰਗਲਵਾਰ ਨੂੰ, ਬ੍ਰਿਕਸ ਦੇਸ਼ਾਂ ਨੇ, ਇੱਕ ਅਸਾਧਾਰਣ ਵਰਚੁਅਲ ਕਾਨਫਰੰਸ ਵਿੱਚ, ਗਾਜ਼ਾ ਵਿੱਚ ਜੰਗਬੰਦੀ ਨੂੰ ਫੌਰਨ ਲਾਗੂ ਕਰਨ ਦੀ ਅਪੀਲ ਕੀਤੀ ਸੀ।

ਇਸ ਜੰਗ ਵਿੱਚ ਹੋਈ ਭਾਰੀ ਤਬਾਹੀ ਅਤੇ ਵੱਡੀ ਗਿਣਤੀ ਵਿੱਚ ਆਮ ਨਾਗਰਿਕਾਂ ਦੇ ਮਾਰੇ ਜਾਣ ਕਾਰਨ ਇਜ਼ਰਾਈਲ ਉੱਤੇ ਜੰਗ ਨੂੰ ਰੋਕਣ ਲਈ ਕੌਮਾਂਤਰੀ ਦਬਾਅ ਵੱਧ ਰਿਹਾ ਸੀ।

ਇਸ ਦੌਰਾਨ ਮੰਗਲਵਾਰ ਨੂੰ ਐੱਮਐੱਸਐੱਫ਼ (ਡਾਕਟਰਸ ਵਿਦਾਊਟ ਬਾਰਡਰਜ਼) ਨੇ ਕਿਹਾ ਕਿ ਉੱਤਰੀ ਗਾਜ਼ਾ ਦੇ ਅਲ-ਉਦਾ ਹਸਪਤਾਲ 'ਤੇ ਹੋਏ ਹਮਲੇ 'ਚ ਉਸ ਨਾਲ ਕੰਮ ਕਰਨ ਵਾਲੇ ਤਿੰਨ ਡਾਕਟਰ ਮਾਰੇ ਗਏ ਹਨ।

ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਇੱਕ ਹੋਰ ਹਮਲੇ ਵਿੱਚ ਉਨ੍ਹਾਂ ਦੇ ਇੱਕ ਨੌਜਵਾਨ ਕਰਮਚਾਰੀ ਦੀ ਉਸਦੇ ਪਰਿਵਾਰ ਸਣੇ ਮੌਤ ਹੋ ਗਈ ਹੈ।

ਲੇਬਨਾਨ ਦੇ ਟੀਵੀ ਚੈਨਲ ਅਲ-ਮਯਾਦੀਨ ਦਾ ਕਹਿਣਾ ਹੈ ਕਿ ਲੇਬਨਾਨ-ਇਜ਼ਰਾਈਲ ਸਰਹੱਦ 'ਤੇ ਹਵਾਈ ਹਮਲੇ ਵਿੱਚ ਉਸ ਦੇ ਦੋ ਪੱਤਰਕਾਰ ਮਾਰੇ ਗਏ ਹਨ।

ਇਜ਼ਰਾਈਲ-ਹਮਾਸ ਜੰਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 50 ਤੋਂ ਵੱਧ ਪੱਤਰਕਾਰ ਮਾਰੇ ਜਾ ਚੁੱਕੇ ਹਨ।

ਉਥੇ ਹੀ ਇਜ਼ਰਾਈਲ ਦੀ ਫ਼ੌਜ ਨੇ ਗਾਜ਼ਾ ਵਿੱਚ ਆਪਣੀ ਫੌਜੀ ਕਾਰਵਾਈ ਨੂੰ ਅੱਗੇ ਵਧਾਉਣ ਦਾ ਐਲਾਨ ਕੀਤਾ ਹੈ।

ਇਜ਼ਰਾਈਲ ਨੇ ਕਿਹਾ ਹੈ ਕਿ ਉਸ ਦੀ ਫੌਜ ਨੇ ਜਬੀਲਿਆ ਕੈਂਪ ਖੇਤਰ ਨੂੰ ਘੇਰ ਲਿਆ ਹੈ ਅਤੇ ਇੱਥੇ ਫੌਜੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)