ਰੂਪੀ ਕੌਰ: ਵ੍ਹਾਈਟ ਹਾਊਸ ਦਾ ਦੀਵਾਲੀ ਸੱਦਾ ਠੁਕਰਾਉਣ ਵਾਲੀ ਪੰਜਾਬਣ ਜੋ ਕਿਸਾਨ ਅੰਦੋਲਨ ਦੇ ਹੱਕ ’ਚ ਵੀ ਬੋਲੀ ਸੀ

ਤਸਵੀਰ ਸਰੋਤ, Rupi Kaur/FB
ਪੰਜਾਬੀ ਮੂਲ ਦੀ ਕੈਨੇਡੀਅਨ ਕਵਿੱਤਰੀ ਰੂਪੀ ਕੌਰ, ਜੋਅ ਬਾਇਡਨ ਸਰਕਾਰ ਵੱਲੋਂ ਵ੍ਹਾਈਟ ਹਾਊਸ ਵਿਖੇ ਦੀਵਾਲੀ ਸਮਾਗਮ ਦਾ ਸੱਦਾ ਠੁਕਰਾਉਣ ਨੂੰ ਲੈ ਕੇ ਚਰਚਾ ਵਿੱਚ ਹਨ।
ਰੂਪੀ ਕੌਰ ਮੁਤਾਬਕ, ਉਨ੍ਹਾਂ ਨੇ ਇਹ ਫੈਸਲਾ ਇਜ਼ਰਾਈਲ-ਹਮਾਸ ਯੁੱਧ ਪ੍ਰਤੀ ਬਾਇਡਨ ਪ੍ਰਸ਼ਾਸਨ ਦੇ ਰੁਖ਼ ਦੇ ਵਿਰੋਧ ਵਿੱਚ ਲਿਆ ਹੈ।
ਰੂਪੀ ਨੇ ਇਸ ਸਬੰਧੀ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵੀ ਸਾਂਝਾ ਕੀਤੀ ਹੈ। ਇਸ ਵਿੱਚ ਰੂਪੀ ਨੇ ਕਿਹਾ ਹੈ ਕਿ ਉਹ ''ਕੋਈ ਵੀ ਅਜਿਹੀ ਸੰਸਥਾ ਜੋ ਨਾਗਰਿਕਾਂ ਦੀ ਸਮੂਹਿਕ ਸਜ਼ਾ ਦਾ ਸਮਰਥਨ ਕਰੇ, ਦੇ ਸੱਦੇ ਨੂੰ ਠੁਕਰਾਉਂਦੇ ਹਨ।'
ਉਨ੍ਹਾਂ ਹੋਰ ਦੱਖਣੀ ਏਸ਼ੀਆਈਆਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਅਮਰੀਕੀ ਸਰਕਾਰ ਨੂੰ ਜਵਾਬਦੇਹੀ ਲਈ ਕਿਹਾ ਜਾਵੇ।
ਬਾਇਡਨ ਸਰਕਾਰ ਵੱਲੋਂ ਇਹ ਦੀਵਾਲੀ ਸਮਾਗਮ 8 ਨਵੰਬਰ ਨੂੰ ਹੋਣ ਵਾਲਾ ਹੈ ਅਤੇ ਇਸ ਦੀ ਮੇਜ਼ਬਾਨੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਕਰਨਗੇ।

ਤਸਵੀਰ ਸਰੋਤ, Rupi Kaur/FB
ਰੂਪੀ ਕੌਰ ਨੇ ਹੋਰ ਕੀ-ਕੀ ਕਿਹਾ
ਭਾਰਤੀ ਪੰਜਾਬ ਵਿੱਚ ਪੈਦਾ ਹੋਏ ਰੂਪੀ ਨੇ ਇਸ ਪੂਰੇ ਮਾਮਲੇ 'ਤੇ ਅੱਗੇ ਲਿਖਿਆ ਕਿ "ਹੈਰਾਨ ਹਾਂ ਕਿ ਇਸ ਪ੍ਰਸ਼ਾਸਨ ਨੂੰ ਦੀਵਾਲੀ ਮਨਾਉਣਾ ਠੀਕ ਲੱਗ ਰਿਹਾ ਹੈ" - ਰੋਸ਼ਨੀ ਵਾਲਾ ਹਿੰਦੂ ਤਿਉਹਾਰ - ਜਦਕਿ ਇਹ ਤਿਉਹਾਰ "ਝੂਠ ਉੱਤੇ ਸੱਚ ਅਤੇ ਅਗਿਆਨਤਾ ਉੱਤੇ ਗਿਆਨ ਦੀ ਜਿੱਤ ਦਾ ਜਸ਼ਨ ਹੈ।"
ਉਨ੍ਹਾਂ ਇਲਜ਼ਾਮ ਲਗਾਇਆ ਕਿ ਅਮਰੀਕੀ ਸਰਕਾਰ "ਫਲਸਤੀਨੀਆਂ ਵਿਰੁੱਧ ਨਸਲਕੁਸ਼ੀ" ਨੂੰ ਜਾਇਜ਼ ਠਹਿਰਾਉਂਦੀ ਹੈ।
ਇਸ ਦੇ ਨਾਲ ਹੀ ਰੂਪੀ ਨੇ ਰਾਸ਼ਟਰਪਤੀ ਜੋਅ ਬਾਇਡਨ ਦੁਆਰਾ ਮਾਨਵਤਾਵਾਦੀ ਜੰਗਬੰਦੀ ਦਾ ਸਮਰਥਨ ਕਰਨ ਤੋਂ ਇਨਕਾਰ ਕਰਨ ਦੀ ਵੀ ਆਲੋਚਨਾ ਕੀਤੀ।
ਉਨ੍ਹਾਂ ਕਿਹਾ, "ਇੱਕ ਸਿੱਖ ਮਹਿਲਾ ਹੋਣ ਦੇ ਨਾਤੇ, ਮੈਂ ਪ੍ਰਸ਼ਾਸਨ ਦੀਆਂ ਕਾਰਵਾਈਆਂ 'ਤੇ ਪਰਦਾ ਪਾਉਣ ਲਈ ਆਪਣੇ ਅਕਸ ਦੀ ਵਰਤੋਂ ਨਹੀਂ ਹੋਣ ਦਿਆਂਗੀ।"

ਤਸਵੀਰ ਸਰੋਤ, Rupi Kaur/FB

ਤਸਵੀਰ ਸਰੋਤ, Rupi Kaur/FB
ਬਾਇਡਨ ਪ੍ਰਸ਼ਾਸ਼ਨ ਇਜ਼ਰਾਈਲ-ਫਲਸਤੀਨ ਵਿਵਾਦ
ਟੋਰਾਂਟੋ ਤੋਂ ਬੀਬੀਸੀ ਪਤਰਕਾਰ ਨਦੀਨ ਯੂਸਫ਼ ਮੁਤਾਬਕ, ਵ੍ਹਾਈਟ ਹਾਊਸ ਦੇ ਰੀਡਆਊਟ ਅਨੁਸਾਰ, ਰਾਸ਼ਟਰਪਤੀ ਜੋਅ ਬਾਇਡਨ ਨੇ ਸੋਮਵਾਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਇੱਕ ਕਾਲ 'ਤੇ ਇਜ਼ਰਾਈਲ ਲਈ ਆਪਣੇ ਸਮਰਥਨ ਨੂੰ ਦੁਹਰਾਇਆ।
ਹਾਲਾਂਕਿ ਇਸ ਦੇ ਨਾਲ ਹੀ ਜੋਅ ਬਾਇਡਨ ਨੇ "ਫਲਸਤੀਨੀ ਨਾਗਰਿਕਾਂ ਦੀ ਰੱਖਿਆ ਕਰਨ ਅਤੇ ਫੌਜੀ ਕਾਰਵਾਈਆਂ ਦੇ ਦੌਰਾਨ ਨਾਗਰਿਕਾਂ ਦੇ ਨੁਕਸਾਨ ਨੂੰ ਘਟਾਉਣ" 'ਤੇ ਵੀ ਜ਼ੋਰ ਦਿੱਤਾ।
ਪ੍ਰਸ਼ਾਸਨ ਨੇ ਇਜ਼ਰਾਈਲ ਨੂੰ 14 ਬਿਲੀਅਨ ਡਾਲਰ ਤੋਂ ਵੱਧ ਦੀ ਸਹਾਇਤਾ ਪ੍ਰਦਾਨ ਕਰਨ ਦੀ ਵੀ ਗੱਲ ਕਹੀ ਹੈ।
ਇਸ ਤੋਂ ਪਹਿਲਾਂ ਬਾਇਡਨ ਪ੍ਰਸ਼ਾਸ਼ਨ ਵੱਲੋਂ ਗਾਜ਼ਾ ਅਤੇ ਵੈਸਟ ਬੈਂਕ ਵਿੱਚ ਫਲਸਤੀਨੀਆਂ ਨੂੰ 100 ਮਿਲੀਅਨ ਡਾਲਰ ਦੀ ਸਹਾਇਤਾ ਦਾ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ:-

ਤਸਵੀਰ ਸਰੋਤ, Rupi Kaur/FB
ਚਰਚਾ ਵਿੱਚ ਰੂਪੀ ਕੌਰ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰੂਪੀ ਕੌਰ ਚਰਚਾ ਵਿੱਚ ਆਏ ਹੋਣ। ਇਸ ਤੋਂ ਪਹਿਲਾਂ ਉਹ ਆਪਣੀ ਕਿਤਾਬ ਨੂੰ ਲੈ ਕੇ ਚਰਚਾ ਵਿੱਚ ਆ ਚੁੱਕੇ ਹਨ, ਜਿਸ ਵਿੱਚ ਉਨ੍ਹਾਂ ਨੇ 1984 ਦੇ ਸਿੱਖ ਕਤਲੇਆਮ ਬਾਰੇ ਗੱਲ ਕੀਤੀ ਹੈ।
ਰੂਪੀ ਕਿਸਾਨ ਅੰਦੋਲਨ ਵੇਲੇ ਵੀ ਕਿਸਾਨਾਂ ਪ੍ਰਤੀ ਆਪਣੇ ਸਮਰਥਨ ਨੂੰ ਲੈ ਕੇ ਚਰਚਾ ਵਿੱਚ ਰਹੇ।
ਉਸ ਸਮੇਂ ਬੀਬੀਸੀ ਪੰਜਾਬੀ ਦੇ ਪੱਤਰਕਾਰ ਤਨੀਸ਼ਾ ਚੌਹਾਨ ਨੇ ਰੂਪੀ ਕੌਰ ਨਾਲ ਗੱਲਬਾਤ ਕਰਕੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ, ਉਸ ਰਿਪੋਰਟ ਦੇ ਹਵਾਲੇ ਨਾਲ ਜਾਣਦੇ ਹਾਂ ਰੂਪੀ ਕੌਰ ਬਾਰੇ ਕੁਝ ਹੋਰ ਖ਼ਾਸ ਗੱਲਾਂ:
ਕੌਣ ਹਨ ਰੂਪੀ ਕੌਰ

ਤਸਵੀਰ ਸਰੋਤ, Rupi Kaur/FB
ਪੰਜਾਬ ਦੇ ਹੁਸ਼ਿਆਰਪੁਰ ਵਿੱਚ ਜੰਮੀ ਰੂਪੀ ਕੌਰ ਅੱਜ ਕੱਲ ਕੈਨੇਡਾ ਦੇ ਮਸ਼ਹੂਰ ਕਵਿੱਤਰੀ, ਲੇਖਕਾ ਅਤੇ ਇਲੈਸਟ੍ਰੇਟਰ ਹਨ।
ਤੁਸੀਂ ਇਨ੍ਹਾਂ ਦੇ ਹਰਮਨ ਪਿਆਰੇ ਹੋਣ ਦਾ ਅੰਦਾਜ਼ਾ ਇਸ ਤੋਂ ਲਗਾ ਸਕਦੇ ਹੋ ਕਿ ਇੰਸਟਾਗ੍ਰਾਮ 'ਤੇ ਉਨ੍ਹਾਂ ਦੇ 4.1 ਮਿਲੀਅਨ ਫੌਲੋਅਰਜ਼ ਹਨ।
ਹੁਣ ਤੱਕ ਉਨ੍ਹਾਂ ਦੀਆਂ ਕਵਿਤਾਵਾਂ ਦੀਆਂ ਚਾਰ ਕਿਤਾਬਾਂ ਆ ਚੁੱਕੀਆਂ ਹਨ ਜੋ ਇੱਕ ਤੋਂ ਬਾਅਦ ਇੱਕ ਬੈਸਟਸੇਲਰ ਸਾਬਿਤ ਰਹੀਆਂ ਹਨ।
ਉਨ੍ਹਾਂ ਨੇ ਆਪਣੀ ਤੀਜੀ ਕਿਤਾਬ ਹੈ ਹੋਮ ਬੌਡੀ ਵਿੱਚ ਆਪਣੇ ਘਰ ਯਾਨਿ ਭਾਰਤ ਵਿੱਚ 1984 ਦੇ ਸਿੱਖ ਕਤਲੇਆਮ ਤੋਂ ਲੈ ਕੇ ਕੈਨੇਡਾ ਵਿੱਚ ਪਰਵਾਸੀਆਂ ਦੇ ਦਰਦ ਨੂੰ ਬਿਆਨ ਕੀਤਾ ਹੈ।
ਕਿਸਾਨ ਅੰਦੋਲਨ ਦਾ ਸਮਰਥਨ

ਤਸਵੀਰ ਸਰੋਤ, Rupi Kaur/IG
ਦਿੱਲੀ ਦੀਆਂ ਬਰੂਹਾਂ 'ਤੇ ਖੇਤੀ ਕਾਨੂੰਨਾਂ ਦਾ ਵਿਰੋਧ ਵਿੱਚ ਚੱਲੇ ਕਿਸਾਨਾਂ ਦੇ ਅੰਦੋਲਨ ਦੇ ਹੱਕ ਵਿੱਚ ਰੂਪੀ ਕੌਰ ਪਹਿਲੇ ਦਿਨ ਤੋਂ ਹੀ ਆਵਾਜ਼ ਚੁੱਕਦੇ ਰਹੇ ਸੀ।
ਉਹ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਗਾਤਾਰ ਕਿਸਾਨਾਂ ਦੇ ਸਮਰਥਨ ਵਿੱਚ ਲਿਖਦੇ ਹੁੰਦੇ ਸਨ।
ਉਸ ਵੇਲੇ ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਸੀ, "ਪੰਜਾਬ ਵਿੱਚ ਜ਼ਿਆਦਾਤਰ ਕਿਸਾਨ ਛੋਟੇ ਕਿਸਾਨ ਹਨ, ਜਿਨ੍ਹਾਂ ਕੋਲ ਬਹੁਤ ਘੱਟ ਜ਼ਮੀਨ ਹੈ। ਸਾਨੂੰ ਉਨ੍ਹਾਂ ਦੀ ਆਵਾਜ਼ ਬਣਨਾ ਚਾਹੀਦਾ ਹੈ। ਜੇਕਰ ਅਸੀਂ ਅੱਜ ਨਹੀਂ ਬੋਲਾਂਗੇ ਤਾਂ ਵੇਲਾ ਨਿਕਲ ਜਾਵੇਗਾ।"
"ਅਸੀਂ ਦੇਸ਼-ਵਿਦੇਸ਼ਾਂ ਵਿੱਚ ਬੈਠ ਕੇ ਸਭ ਦੇਖ ਰਹੇ ਹਾਂ ਅਤੇ ਆਪਣੀ ਆਵਾਜ਼ ਚੁੱਕ ਰਹੇ ਹਾਂ। ਸਰਕਾਰ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹ ਸਭ ਗੱਲਾਂ ਇਤਿਹਾਸ ਵਿੱਚ ਲਿਖੀਆਂ ਜਾਣਗੀਆਂ।"
ਪਰਵਾਸੀ ਹੋਣ ਦਾ ਦਰਦ

ਤਸਵੀਰ ਸਰੋਤ, Rupi Kaur/FB
ਕੈਨੇਡਾ ਵਿੱਚ ਪਰਵਾਸੀ ਵਜੋਂ ਰਹਿਣ ਦੇ ਦਰਦ ਨੂੰ ਰੂਪੀ ਕੌਰ ਭੁੱਲੇ ਨਹੀਂ ਹਨ। ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, "ਕਿਸੇ ਨੂੰ ਮਾਈਗ੍ਰੈਂਟ, ਰਫਿਊਜੀ ਜਾਂ ਪਰਵਾਸੀ ਕਹਿੰਦਿਆਂ ਹੋਇਆ ਸ਼ਾਇਦ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਸ਼ਬਦ ਉਨ੍ਹਾਂ ਨੂੰ ਕਿੰਨੇ ਚੁਭਦੇ ਹਨ।"
"ਜੋ ਲੋਕ ਆਪਣੇ ਘਰਾਂ ਅਤੇ ਪਰਿਵਾਰਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਛੱਡ ਕੇ ਦੂਰ ਵਿਦੇਸ਼ਾਂ ਵਿੱਚ ਵਸਦੇ ਹੋਣਗੇ, ਪਤਾ ਨਹੀਂ ਉਹ ਕਿਹੋ-ਜਿਹੇ ਅਹਿਸਾਸਾਂ ਵਿੱਚੋਂ ਲੰਘਦੇ ਹੋਣਗੇ। ਖ਼ਾਸ ਕਰ ਉਦੋਂ ਜਦੋਂ ਇੰਝ ਜਾਣਾ ਉਨ੍ਹਾਂ ਦੀ ਇੱਛਾ ਨਹੀਂ ਮਜਬੂਰੀ ਰਹੀ ਹੋਵੇ।"
ਉਨ੍ਹਾਂ ਦੀ ਕਿਤਾਬ 'ਹੋਮ ਬੌਡੀ' ਵਿੱਚ ਇੱਕ ਕਵਿਤਾ ਹੈ, 'ਏ ਲਾਈਫਟਾਈਮ ਆਨ ਦਿ ਰੋਡ'।
ਰੂਪੀ ਨੇ ਇਹ ਕਵਿਤਾ ਆਪਣੇ ਪਿਤਾ 'ਤੇ ਲਿਖੀ ਹੈ ਜੋ ਕੈਨੇਡਾ ਵਿੱਚ ਟਰੱਕ ਡਰਾਈਵਰ ਸਨ। ਦਿਨ-ਰਾਤ ਸੜਕਾਂ 'ਤੇ ਗੁਜ਼ਾਰਨ ਕਰਕੇ ਰੂਪੀ ਆਪਣੇ ਪਿਤਾ ਨੂੰ ਦੇਖਣ ਲਈ ਤਰਸ ਜਾਂਦੇ ਸਨ।
ਰੂਪੀ ਕੌਰ ਇਸ ਕਵਿਤਾ ਵਿੱਚ ਦੱਸਦੇ ਹਨ ਕਿ ਕਿਵੇਂ ਇੱਕ ਰਫਿਊਜੀ ਹੋਣ ਕਰਕੇ ਤੁਹਾਨੂੰ ਦੂਜਿਆਂ ਨਾਲੋਂ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਅਤੇ ਦੂਜਿਆਂ ਤੋਂ ਜ਼ਿਆਦਾ ਜ਼ਿੱਲਤ ਸਹਿਣੀ ਪੈਂਦੀ ਹੈ।
ਰੂਪੀ ਕੌਰ ਦੀਆਂ ਕਵਿਤਾਵਾਂ ਦਾ ਦਾਇਰਾ ਵੀ ਬਹੁਤ ਵੱਡਾ ਨਜ਼ਰ ਆਉਂਦਾ ਹੈ, ਇੱਕ ਪਾਸੇ ਉਹ ਸਮਾਜਿਕ ਮੁੱਦਿਆਂ ਅਤੇ ਭਾਈਚਾਰਕ ਮੁੱਦਿਆਂ 'ਤੇ ਕਿਹੜੇ ਹਨ ਤਾਂ ਦੂਜੇ ਪਾਸੇ ਪਿਆਰ, ਦਰਦ, ਡਿਪਰੈਸ਼ਨ ਅਤੇ ਸੈਕਸ਼ੂਅਲ ਫੀਲਿੰਗ ਨੂੰ ਕਵਿਤਾ ਦਾ ਜਾਮਾ ਪਹਿਨਾਉਂਦੇ ਹਨ।
ਪਹਿਲੀ ਕਿਤਾਬ ਨੂੰ ਰੂਪੀ ਨੇ ਖ਼ੁਦ ਪਬਲਿਸ਼ ਕੀਤਾ

ਤਸਵੀਰ ਸਰੋਤ, Rupi Kaur/FB
ਆਪਣੀ ਪਹਿਲੀ ਕਿਤਾਬ ਨੂੰ ਖ਼ੁਦ ਪਬਲਿਸ਼ ਕਰਨ ਦਾ ਕਿੱਸਾ ਵੀ ਖ਼ਾਸ ਹੈ। ਰੂਪੀ ਕੌਰ ਨੇ ਅਜੇ ਆਪਣੀ ਡਿਗਰੀ ਖ਼ਤਮ ਹੀ ਕੀਤੀ ਸੀ ਅਤੇ ਕਵਿਤਾਵਾਂ ਦੀ ਕਿਤਾਬ ਤਿਆਰ ਕਰ ਲਈ।
ਇਸ ਤੋਂ ਬਾਅਦ ਉਹ ਕਈ ਪਬਲਿਸ਼ਰਾਂ ਕੋਲ ਗਏ ਪਰ ਕੋਈ ਪ੍ਰਕਾਸ਼ਕ ਕਿਤਾਬ ਨੂੰ ਛਾਪਣ ਲਈ ਤਿਆਰ ਨਹੀਂ ਹੋਇਆ।
ਰੂਪੀ ਨੇ ਆਪਣੇ ਅਧਿਆਪਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਇੰਨੀ ਛੇਤੀ ਕੋਈ ਕਿਤਾਬ ਨਹੀਂ ਛਾਪਦਾ, ਤੁਸੀਂ ਪਹਿਲਾ ਜਨਰਲ ਜਾਂ ਮੈਗ਼ਜ਼ੀਨ ਵਿੱਚ ਆਪਣੀਆਂ ਕਵਿਤਾਵਾਂ ਭੇਜੋ।
ਜਦੋਂ ਰੂਪੀ ਨੇ ਆਪਣੀਆਂ ਇੱਕ-ਇੱਕ ਕਰਕੇ ਕਵਿਤਾਵਾਂ ਨੂੰ ਕੱਢਿਆ ਅਤੇ ਵੱਖ-ਵੱਖ ਮੈਗ਼ਜ਼ੀਨਾਂ, ਅਖ਼ਬਾਰਾਂ ਅਤੇ ਜਰਨਲਸ ਵਿੱਚ ਛਪਵਾਉਣਾ ਸ਼ੁਰੂ ਕੀਤਾ ਤਾਂ ਉਸ ਨੂੰ ਲੱਗੇ ਜਿਵੇਂ ਉਹ ਤਸਵੀਰਾਂ ਦੇ ਰੰਗਾਂ ਨੂੰ ਵੱਖ-ਵੱਖ ਕਰ ਕੇ ਸੁੱਟ ਰਹੀ ਹੈ।
ਬਸ ਫਿਰ ਕੀ ਸੀ, ਰੂਪੀ ਆਪਣੀ ਜ਼ਿੱਦ 'ਤੇ ਅੜ੍ਹ ਗਏ ਕਿ ਖ਼ੁਦ ਕਿਤਾਬ ਪਬਲਿਸ਼ ਕਰਨੀ ਹੈ ਤਾਂ ਜੋ ਪੜ੍ਹਨ ਵਾਲੇ ਉਸੇ ਕ੍ਰਮ ਵਿੱਚ ਉਨ੍ਹਾਂ ਦੀਆਂ ਕਵਿਤਾਵਾਂ ਪੜ੍ਹ ਸਕਣ, ਜਿਸ ਅੰਦਾਜ਼ ਵਿੱਚ ਉਨ੍ਹਾਂ ਨੇ ਲਿਖਿਆ ਹੈ।
ਇਹ ਜੋਖ਼ਮ ਲੈਣਾ ਬੇਕਾਰ ਨਹੀਂ ਗਿਆ, ਸਾਲ 2014 ਵਿੱਚ ਛਪਣ ਤੋਂ ਬਾਅਦ ਉਨ੍ਹਾਂ ਦੀ ਕਿਤਾਬ 'ਮਿਲਕ ਐਂਡ ਹਨੀ' ਦੀ ਚਰਚਾ ਹਰ ਪਾਸੇ ਸੀ।
ਇਸ ਤੋਂ ਬਾਅਦ ਉਨ੍ਹਾਂ ਦੀ ਕਿਤਾਬ 'ਦਿ ਸਨ ਐਂਡ ਹਰ ਫਲਾਵਰਸ' 2017 ਵਿੱਚ ਆਈ ਅਤੇ ਉਸ ਨੂੰ ਵੀ ਓਨਾਂ ਹੀ ਪਿਆਰ ਮਿਲਿਆ।
ਬੀਤੇ ਕੁਝ ਸਾਲਾਂ ਵਿੱਚ ਰੂਪੀ ਦੇਸ਼ਾਂ-ਵਿਦੇਸ਼ਾਂ ਵਿੱਚ ਨਾ ਜਾਣੇ ਕਿੰਨੀਆਂ ਹੀ ਸਟੇਜਾਂ 'ਤੇ ਪਰਫਾਰਮ ਕਰ ਚੁਕੇ ਹਨ।
ਸ਼ਬਦਾਂ ਨਾਲ ਇਲੈਸਟ੍ਰੇਸ਼ਨ ਦੀ ਵਰਤੋਂ ਕਿਉਂ?

ਤਸਵੀਰ ਸਰੋਤ, Rupi Kaur/FB
ਰੂਪੀ ਦੀ ਕੋਈ ਵੀ ਕਿਤਾਬ ਲੈ ਲਓ, ਜ਼ਿਆਦਾਤਰ ਕਵਿਤਾਵਾਂ ਕੁਝ ਹੀ ਸ਼ਬਦਾਂ ਵਿੱਚ ਸਿਮਟੀਆਂ ਹਨ ਅਤੇ ਨਾਲ ਹੀ ਬਣਾਈ ਗਈ ਹੈ ਇਲੈਸਟ੍ਰੇਸ਼ਨ, ਜਿਵੇਂ ਕੁਝ ਹੋਰ ਸ਼ਬਦਾਂ ਨੂੰ ਨਾਲ ਜੋੜ ਰਹੀ ਹੋਵੇ।
ਇਸ ਬਾਰੇ ਰੂਪੀ ਨੇ ਦੱਸਿਆ ਕਿ ਉਬ ਮਹਿਜ਼ ਸਾਢੇ ਤਿੰਨ ਸਾਲ ਦੇ ਸਨ ਜਦੋਂ ਉਨ੍ਹਾਂ ਦੇ ਪਰਿਵਾਰ ਨੂੰ ਪੰਜਾਬ ਤੋਂ ਕੈਨੇਡਾ ਆਉਣਾ ਪਿਆ।
ਰਫਊਜੀ ਬਣਨ ਦੀ ਉਸ ਦੀ ਪੀੜਾ ਨੇ ਅਤੇ ਘਰ ਦੀਆਂ ਤਕਲੀਫ਼ਾ ਨੇ ਰੂਪੀ ਅੰਦਰ ਸ਼ਾਇਦ ਗੁੱਸਾ ਭਰ ਦਿੱਤਾ ਸੀ।
ਉਸ ਵੇਲੇ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਦੇ ਹੱਥ ਪੇਂਟਿੰਗ ਬ੍ਰਸ਼ ਦੇ ਦਿੱਤੇ ਅਤੇ ਕਿਹਾ ਕਿ ਜੋ ਮਨ ਵਿੱਚ ਆਵੇ ਬਣਾ ਲੈ ਤਾਂ ਬਸ ਇਹ ਸਫ਼ਰ ਉਥੋਂ ਹੀ ਸ਼ੁਰੂ ਹੁੰਦਾ ਹੈ।
ਰੂਪੀ ਵੱਲੋਂ ਬਣਾਈਆਂ ਗਈਆਂ ਤਸਵਾਰੀਂ 'ਪਰਫੈਕਟ ਆਰਟ' ਨਹੀਂ ਬਲਕਿ 'ਰੈਂਡਮ ਆਰਟ' ਹਨ।
ਯਾਨਿ ਟੇਡੀਆਂ-ਮੇਡੀਆਂ ਲਾਇਨਾਂ ਅਤੇ ਉਨ੍ਹਾਂ ਵਿੱਚ ਭਰਿਆ ਖੁੱਲ੍ਹਾ ਜਿਹਾ ਅਹਿਸਾਸ ਜੋ ਤੁਹਾਨੂੰ ਬੰਨ੍ਹ ਨਹੀਂ ਰਿਹਾ।
ਰੂਪੀ ਕੌਰ ਦੇ ਇੰਸਟਾਗ੍ਰਾਮ ਅਕਾਊਂਟ ਜਾਂ ਫੇਸਬੁੱਕ 'ਤੇ ਤੁਸੀਂ ਅਜਿਹੀਆਂ ਤਸਵੀਰਾਂ ਦੇਖ ਸਕਦੇ ਹੋ।
ਰੂਪੀ ਉਹੀ ਕੁੜੀ ਹੈ ਜਿਸ ਨੇ...

ਤਸਵੀਰ ਸਰੋਤ, Rupi Kaur/IG
ਉਂਝ ਰੂਪੀ ਕੌਰ ਉਹੀ ਕੁੜੀ ਹੈ ਜਿਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਸੀ ਜਿਸ ਵਿੱਚ ਕੱਪੜਿਆਂ 'ਤੇ ਪੀਰੀਅਡ ਵਾਲੇ ਖ਼ੂਨ ਦਾ ਦਾਗ਼ ਲੱਗਾ ਸੀ।
ਇਸ ਤਸਵੀਰ 'ਤੇ ਇੰਨੀ ਬਹਿਸ ਹੋਈ ਸੀ ਕਿ ਤਸਵੀਰ ਨੂੰ ਇੰਸਟਾਗ੍ਰਾਮ ਨੇ ਆਪਣੇ ਅਕਾਊਂਟ ਤੋਂ ਡਿਲੀਟ ਕਰ ਦਿੱਤਾ ਸੀ।
ਘਰ ਦੀਆਂ ਯਾਦਾਂ ਨਹੀਂ ਭੁੱਲੇ ਰੂਪੀ
ਕੈਨੇਡਾ ਵਿੱਚ ਰੂਪੀ ਬੀਤੇ 25 ਸਾਲਾਂ ਤੋਂ ਵੱਧ ਸਮੇਂ ਤੋਂ ਰਹਿ ਰਹੇ ਹਨ ਪਰ ਅੱਜ ਵੀ ਖ਼ੁਦ ਨੂੰ ਪੰਜਾਬ ਦਾ ਮੰਨਦੇ ਹਨ।
ਉਨ੍ਹਾਂ ਕਿਹਾ, "ਮੈਂ ਹਮੇਸ਼ਾ ਪੰਜਾਬ ਤੋਂ ਹੀ ਰਹਾਂਗੀ। ਪੰਜਾਬ ਮੇਰਾ ਘਰ ਹੈ ਜਿੱਥੇ ਮੇਰੇ ਲੋਕ ਹਨ, ਮੇਰਾ ਭਾਈਚਾਰਾ ਹੈ।"
ਰੂਪੀ ਕੌਰ ਇਹ ਵੀ ਦੱਸਦੀ ਹੈ ਕਿ ਉਨ੍ਹਾਂ ਦੇ ਭਾਈਚਾਰੇ ਨੇ ਜੋ ਅਨਿਆਂ ਸਿਹਾ ਹੈ, ਉਸੇ 'ਤੇ ਉਨ੍ਹਾਂ ਨੇ ਲਿਖਣ ਦੀ ਸ਼ੁਰੂਆਤ ਕੀਤੀ ਸੀ ਅੱਗੇ ਵੀ ਇਵੇਂ ਹੀ ਲਿਖਦੇ ਰਹਿਣਗੇ।

ਤਸਵੀਰ ਸਰੋਤ, Rupi Kaur/FB
1984 ਦਾ ਦਰਦ ਵੀ ਨਹੀਂ ਭੁੱਲੇ
ਸਾਲ 1984 ਵਿੱਚ ਹੋਏ ਸਿੱਖ ਕਤਲੇਆਮ ਕਾਰਨ ਜੋ ਉਨ੍ਹਾਂ ਦੇ ਪਰਿਵਾਰ ਨੂੰ ਸਹਿਣਾ ਪਿਆ, ਉਸ ਦਾ ਦਰਦ ਅੱਜ ਵੀ ਰੂਪ ਅੰਦਰ ਹੈ।
ਉਨ੍ਹਾਂ ਕਿਹਾ, "1984 ਦੇ ਕਤਲੇਆਮ ਤੋਂ ਬਾਅਦ ਸਰਕਾਰ ਨੇ ਸਾਡੀ ਪੀੜਾ ਨੂੰ ਮੰਨਣ ਤੋਂ ਇਨਕਾਰ ਕੀਤਾ। ਇਸ ਦਾ ਦਰਦ ਅੱਜ ਵੀ ਅਸੀਂ ਸਹਿ ਰਹੇ ਹਾਂ। ਸੈਂਕੜੇ ਨੌਜਵਾਨ ਅਤੇ ਔਰਤਾਂ ਮਾਰ ਦਿੱਤੀਆਂ ਗਈਆਂ ਅਤੇ ਕਈਆਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਾ।"
''ਮੈਨੂੰ ਲਗਦਾ ਹੈ ਕਿ ਇਹ ਦਰਦ ਕਦੇ ਨਹੀਂ ਜਾਵੇਗਾ, ਖ਼ਾਸ ਕਰਕੇ ਉਦੋਂ ਜਦੋਂ ਤੱਕ ਸਰਕਾਰ ਇਸ ਨੂੰ ਨਜ਼ਰ-ਅੰਦਾਜ਼ ਕਰਨਾ ਬੰਦ ਨਹੀਂ ਕਰ ਦਿੰਦੀ।"















